Home ਰਾਸ਼ਟਰੀ ਖ਼ਬਰਾਂ ਇੱਕ ਕੀੜੀ ਦੀ ਕੀਮਤ 21 ਹਜ਼ਾਰ ਰੁਪਏ, ਇਨ੍ਹਾਂ ਕੀੜੀਆਂ ਦਾ ਤਸਕਰ ਕੀ...

ਇੱਕ ਕੀੜੀ ਦੀ ਕੀਮਤ 21 ਹਜ਼ਾਰ ਰੁਪਏ, ਇਨ੍ਹਾਂ ਕੀੜੀਆਂ ਦਾ ਤਸਕਰ ਕੀ ਕਰਦੇ ਹਨ

20
0

Source :- BBC PUNJABI

ਕੀੜੀਆਂ

ਤਸਵੀਰ ਸਰੋਤ, Dino Martins

ਇਸ ਸਮੇਂ ਕੀਨੀਆ ਵਿੱਚ ਕੀੜੀਆਂ ਉੱਡ ਰਹੀਆਂ ਹਨ।

ਇਸ ਬਰਸਾਤ ਦੇ ਮੌਸਮ ਦੌਰਾਨ ਕੀਨੀਆ ਦੀ ਰਿਫਟ ਵੈਲੀ ਵਿੱਚ ਸਥਿਤ ਇੱਕ ਸ਼ਾਂਤ ਖੇਤੀਬਾੜੀ ਪ੍ਰਧਾਨ ਸ਼ਹਿਰ ਗਿਲਗਿਲ ਅਤੇ ਉਸ ਦੇ ਆਸਪਾਸ ਦੇ ਹਜ਼ਾਰਾਂ ਕੀੜੀਆਂ ਵਾਲੇ ਟਿੱਲਿਆਂ ਤੋਂ ਕੀੜੀਆਂ ਦੇ ਝੁੰਡ ਨਿਕਲਦੇ ਹੋਏ ਦੇਖੇ ਜਾ ਸਕਦੇ ਹਨ, ਜੋ ਇੱਕ ਫਲਦੇ-ਫੁੱਲਦੇ ਗੈਰ ਕਾਨੂੰਨੀ ਵਪਾਰ ਦੇ ਕੇਂਦਰ ਦੇ ਰੂਪ ਵਿੱਚ ਉੱਭਰਿਆ ਹੈ।

ਪ੍ਰਜਨਨ ਦੇ ਸਮੇਂ ਦੌਰਾਨ ਖੰਭ ਵਾਲੇ ਨਰ ਕੀੜੇ ਆਲ੍ਹਣੇ ਤੋਂ ਨਿਕਲ ਕੇ ਰਾਣੀ ਕੀੜੀਆਂ ਨੂੰ ਗਰਭ ਧਾਰਨ ਕਰਾਉਂਦੇ ਹਨ ਅਤੇ ਰਾਣੀ ਕੀੜੀਆਂ ਵੀ ਇਸੇ ਸਮੇਂ ਉਡਾਣ ਭਰਦੀਆਂ ਹਨ।

ਇਹ ਰਾਣੀ ਕੀੜੀਆਂ ਦਾ ਸ਼ਿਕਾਰ ਕਰਨ ਅਤੇ ਉਨ੍ਹਾਂ ਨੂੰ ਤਸਕਰਾਂ ਨੂੰ ਵੇਚਣ ਦਾ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ, ਜੋ ਵਧਦੇ ਆਲਮੀ ਕਾਲੇ ਬਾਜ਼ਾਰ ਦੇ ਕੇਂਦਰ ਵਿੱਚ ਹੈ।

ਇਹ ਕਾਲਾ ਬਾਜ਼ਾਰ ਕੀੜੀਆਂ ਨੂੰ ਪਾਲਤੂ ਜਾਨਵਰ ਦੇ ਰੂਪ ਵਿੱਚ ਰੱਖਣ ਦੇ ਸ਼ੌਕ ਦਾ ਫਾਇਦਾ ਉਠਾਉਂਦਾ ਹੈ, ਜਿਸ ਵਿੱਚ ਪਾਰਦਰਸ਼ੀ ਪਿੰਜਰਿਆਂ ਵਿੱਚ ਕੀੜੀਆਂ ਨੂੰ ਰੱਖ ਕੇ ਉਨ੍ਹਾਂ ਨੂੰ ਕਾਲੋਨੀ ਬਣਾਉਂਦੇ ਹੋਏ ਦੇਖਿਆ ਜਾਂਦਾ ਹੈ।

ਵਿਸ਼ਾਲ ਅਫ਼ਰੀਕੀ ਹਾਰਵੈਸਟਰ ਕੀੜੀਆਂ ਦੀਆਂ ਰਾਣੀਆਂ, ਜੋ ਆਕਾਰ ਵਿੱਚ ਵੱਡੀਆਂ ਅਤੇ ਰੰਗ ਵਿੱਚ ਲਾਲ ਹੁੰਦੀਆਂ ਹਨ, ਇਹ ਅੰਤਰਰਾਸ਼ਟਰੀ ਕੀੜੀਆਂ ਇਕੱਠੇ ਕਰਨ ਵਾਲਿਆਂ ਵੱਲੋਂ ਸਭ ਤੋਂ ਜ਼ਿਆਦਾ ਕੀਮਤੀ ਮੰਨੀਆਂ ਜਾਂਦੀਆਂ ਹਨ।

ਇਨ੍ਹਾਂ ਵਿੱਚੋਂ ਇੱਕ ਰਾਣੀ ਆਨਲਾਈਨ ਚੱਲਣ ਵਾਲੀ ਮਾਰਕੀਟ ਵਿੱਚ 170 ਪੌਂਡ (220 ਡਾਲਰ) ਤੱਕ ਵਿੱਚ ਵਿਕ ਸਕਦੀ ਹੈ।

ਇੱਕ ਇਕੱਲੀ ਗਰਭਵਤੀ ਰਾਣੀ ਕੀੜੀ ਪੂਰੀ ਕਾਲੋਨੀ ਬਣਾ ਸਕਦੀ ਹੈ ਅਤੇ ਕਈ ਸਾਲਾਂ ਤੱਕ ਜ਼ਿੰਦਾ ਰਹਿ ਸਕਦੀ ਹੈ। ਇਸਨੂੰ ਪਾਰਸਲ ਕਰਨਾ ਵੀ ਆਸਾਨ ਹੁੰਦਾ ਹੈ, ਕਿਉਂਕਿ ਏਅਰਪੋਰਟ ਸਕੈਨਰ ਆਮ ਤੌਰ ‘ਤੇ ਜਿਉਂਦੇ ਜੀਵਾਂ ਨੂੰ ਪਕੜ ਨਹੀਂ ਸਕਦੇ।

ਨਾਂ ਨਾ ਦੱਸਣ ਦੀ ਸ਼ਰਤ ‘ਤੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਉਸ ਨੇ ਇੱਕ ਵਾਰ ਦਲਾਲ ਦੇ ਰੂਪ ਵਿੱਚ ਕੰਮ ਕੀਤਾ ਸੀ, ਉਹ ਵਿਦੇਸ਼ੀ ਖਰੀਦਦਾਰਾਂ ਨੂੰ ਸਥਾਨਕ ਕੀੜੀਆਂ ਇਕੱਤਰ ਕਰਨ ਵਾਲੇ ਨੈੱਟਵਰਕ ਨਾਲ ਜੋੜਦਾ ਸੀ। ਉਸ ਨੇ ਕਿਹਾ, “ਸ਼ੁਰੂਆਤ ਵਿੱਚ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹ ਗੈਰ ਕਾਨੂੰਨੀ ਹੈ।”

ਮੈਸਰ ਸੇਫਾਲੋਟਸ ਦੇ ਨਾਮ ਨਾਲ ਵੀ ਜਾਣੀਆਂ ਜਾਣ ਵਾਲੀਆਂ ਇਹ ਕੀੜੀਆਂ ਪੂਰਬੀ ਅਫ਼ਰੀਕਾ ਦੀਆਂ ਮੂਲ ਨਿਵਾਸੀ ਹਨ ਅਤੇ ਆਪਣੇ ਵਿਸ਼ੇਸ਼ ਬੀਜ ਇਕੱਠੇ ਕਰਨ ਦੇ ਵਿਵਹਾਰ ਲਈ ਜਾਣੀਆਂ ਜਾਂਦੀਆਂ ਹਨ, ਜਿਸ ਨਾਲ ਉਹ ਕੀੜੀਆਂ ਇਕੱਤਰ ਕਰਨ ਵਾਲਿਆਂ ਵਿਚਕਾਰ ਹਰਮਨਪਿਆਰੀਆਂ ਹੋ ਜਾਂਦੀਆਂ ਹਨ।

ਸਾਬਕਾ ਦਲਾਲ ਨੇ ਕਿਹਾ, “ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਇੱਕ ਵਿਦੇਸ਼ੀ ਰਾਣੀ ਕੀੜੀਆਂ ਲਈ ਚੰਗੀ ਖ਼ਾਸੀ ਕੀਮਤ ਦੇ ਰਿਹਾ ਸੀ, ਉਨ੍ਹਾਂ ਵੱਡੀਆਂ ਲਾਲ ਕੀੜੀਆਂ ਲਈ ਜੋ ਇੱਥੇ ਆਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ।”

”ਤੁਸੀਂ ਖੁੱਲ੍ਹੇ ਖੇਤਾਂ ਕੋਲੋਂ ਕੀੜੀਆਂ ਨੂੰ ਤਲਾਸ਼ ਸਕਦੇ ਹੋ। ਆਮ ਤੌਰ ‘ਤੇ ਇਹ ਸਵੇਰੇ-ਸਵੇਰੇ, ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੁੰਦੀਆਂ ਹਨ। ਵਿਦੇਸ਼ੀ ਕਦੇ ਖੁਦ ਖੇਤਾਂ ਵਿੱਚ ਨਹੀਂ ਆਉਂਦੇ ਸਨ। ਉਹ ਸ਼ਹਿਰ ਵਿੱਚ ਕਿਸੇ ਗੈਸਟ ਹਾਊਸ ਜਾਂ ਕਾਰ ਵਿੱਚ ਇੰਤਜ਼ਾਰ ਕਰਦੇ ਸਨ ਅਤੇ ਅਸੀਂ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਛੋਟੀਆਂ ਨਲੀਆਂ ਜਾਂ ਸਰਿੰਜਾਂ ਵਿੱਚ ਕੀੜੀਆਂ ਨੂੰ ਭਰ ਕੇ ਉਨ੍ਹਾਂ ਕੋਲ ਲੈ ਜਾਂਦੇ ਸੀ।”

ਕੀਨੀਆ

ਤਸਵੀਰ ਸਰੋਤ, Getty Images

ਯੂਰਪ ਅਤੇ ਏਸ਼ੀਆ ਵਿੱਚ ਵੇਚਿਆ

ਕੀਨੀਆ ਵਿੱਚ ਗ਼ੈਰ-ਕਾਨੂੰਨੀ ਵਪਾਰ ਦਾ ਮਾਮਲਾ ਪਿਛਲੇ ਸਾਲ ਉਸ ਵੇਲੇ ਸਾਹਮਣੇ ਆਇਆ ਜਦੋਂ ਗਿਲਗਿਲ ਦੇ ਆਸਪਾਸ ਤੋਂ ਇਕੱਠੀਆਂ ਕੀਤੀਆਂ ਗਈਆਂ 5,000 ਵੱਡੇ ਆਕਾਰ ਦੀਆਂ ਕੀੜੀਆਂ ਦੀਆਂ ਰਾਣੀਆਂ ਮਿਲੀਆਂ ਸਨ।

ਇਹ ਰਾਣੀ ਕੀੜੀਆਂ ਸੈਲਾਨੀਆਂ ਵਿੱਚ ਕਾਫ਼ੀ ਹਰਮਨਪਿਆਰੀ ਝੀਲ ਦੇ ਕਿਨਾਰੇ ਸਥਿਤ ਸ਼ਹਿਰ ਨੈਵਾਸ਼ਾ ਦੇ ਇੱਕ ਗੈਸਟ ਹਾਊਸ ਵਿੱਚ ਜਿਉਂਦੀਆਂ ਮਿਲੀਆਂ ਸਨ।

ਕੀਨੀਆ ਵਾਈਲਡਲਾਈਫ ਸਰਵਿਸ (ਕੇਡਬਲਯੂਐੱਸ) ਮੁਤਾਬਕ ਬੈਲਜੀਅਮ, ਵੀਅਤਨਾਮ ਅਤੇ ਕੀਨੀਆ ਦੇ ਸ਼ੱਕੀਆਂ ਨੇ ਟੈਸਟ ਟਿਊਬਾਂ ਅਤੇ ਸਿਰਿੰਜਾਂ ਨੂੰ ਨਮੀ ਵਾਲੀ ਰੂਈ ਨਾਲ ਭਰ ਦਿੱਤਾ ਸੀ, ਤਾਂ ਜੋ ਹਰ ਕੀੜੀ ਦੋ ਮਹੀਨੇ ਤੱਕ ਜਿਉਂਦੀ ਰਹਿ ਸਕੇ।

ਯੋਜਨਾ ਇਹ ਸੀ ਕਿ ਇਨ੍ਹਾਂ ਨੂੰ ਯੂਰਪ ਅਤੇ ਏਸ਼ੀਆ ਲੈ ਜਾ ਕੇ ਵੇਚਿਆ ਜਾਵੇ।

ਕੀੜੀਆਂ ਦੇ ਇਸ ਵਪਾਰ ਨੇ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ।

ਪੂਰਬੀ ਅਫਰੀਕੀ ਦੇਸ਼ ਆਮ ਤੌਰ ‘ਤੇ ਹਾਥੀਆਂ ਦੇ ਦੰਦ ਅਤੇ ਗੈਂਡਿਆਂ ਦੇ ਸਿੰਗਾਂ ਨਾਲ ਜੁੜੇ ਉੱਚ-ਪ੍ਰੋਫ਼ਾਈਲ ਜੰਗਲੀ ਜੀਵ ਅਪਰਾਧਾਂ ਲਈ ਜਾਣੇ ਜਾਂਦੇ ਹਨ।

ਕੀਨੀਆ ਵਿੱਚ ਰਹਿੰਦੇ ਜੀਵ ਵਿਗਿਆਨੀ ਡਿਨੋ ਮਾਰਟਿੰਸ ਨੇ ਬੀਬੀਸੀ ਨੂੰ ਦੱਸਿਆ, “ਇੱਕ ਕੀਟ ਵਿਗਿਆਨੀ ਹੋਣ ਦੇ ਨਾਤੇ ਵੀ ਮੈਂ ਇਸ ਖੁੱਲ੍ਹੇ ਵਪਾਰ ਦੀ ਹੱਦ ਦੇਖ ਕੇ ਹੈਰਾਨ ਹਾਂ।”

ਕੀਨੀਆ ਵਿੱਚ ਲਗਭਗ 600 ਕਿਸਮਾਂ ਦੀਆਂ ਕੀੜੀਆਂ ਮਿਲਦੀਆਂ ਹਨ।

ਕੀੜੀਆਂ

ਉਹ ਕਹਿੰਦੇ ਹਨ ਕਿ ਪੂਰਬੀ ਅਫਰੀਕਾ ਦੀ ਹਾਰਵੈਸਟਰ ਕੀੜੀ ਪ੍ਰਤੀ ਲੋਕਾਂ ਦਾ ਆਕਰਸ਼ਣ ਸਮਝਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ‘ਸੰਸਥਾਪਕ ਰਾਣੀ’ ਵੱਲੋਂ ਬਣਾਈਆਂ ਕਾਲੋਨੀਆਂ ਹੁੰਦੀਆਂ ਹਨ, ਜੋ 25 ਮਿਲੀਮੀਟਰ ਤੱਕ ਵੱਧ ਸਕਦੀਆਂ ਹਨ ਅਤੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਆਂਡੇ ਦਿੰਦੀਆਂ ਰਹਿੰਦੀਆਂ ਹਨ।

“ਇਹ ਕੀੜੀਆਂ ਸਭ ਤੋਂ ਦਿਲਚਸਪ ਪ੍ਰਜਾਤੀਆਂ ਵਿੱਚੋਂ ਇੱਕ ਹਨ। ਇਹ ਵੱਡੀਆਂ ਕਾਲੋਨੀਆਂ ਬਣਾਉਂਦੀਆਂ ਹਨ, ਦਿਲਚਸਪ ਵਿਹਾਰ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਪਾਲਣਾ ਵੀ ਆਸਾਨ ਹੁੰਦਾ ਹੈ। ਇਹ ਆਕਰਮਕ ਨਹੀਂ ਹੁੰਦੀਆਂ।”

ਉਨ੍ਹਾਂ ਮੁਤਾਬਕ ਝੁੰਡ ਬਣਾਉਣ ਦੌਰਾਨ ਰਾਣੀਆਂ ਕਈ ਨਰ ਕੀੜੀਆਂ ਨਾਲ ਸੰਭੋਗ ਕਰਦੀਆਂ ਹਨ।

ਕੀਟ ਵਿਗਿਆਨੀ ਕਹਿੰਦੇ ਹਨ, “ਫਿਰ ਨਰ ਕੀੜੀਆਂ ਦਾ ਕੰਮ ਖ਼ਤਮ ਹੋ ਜਾਂਦਾ ਹੈ…ਉਨ੍ਹਾਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਸ਼ਿਕਾਰ ਬਣ ਜਾਂਦੀਆਂ ਹਨ ਜਾਂ ਮਰ ਜਾਂਦੀਆਂ ਹਨ।”

ਉਹ ਦੱਸਦੇ ਹਨ ਕਿ ਇਸ ਤੋਂ ਬਾਅਦ ਰਾਣੀ ਕੀੜੀ ਜਲਦੀ ਨਾਲ ਇੱਕ ਛੋਟਾ ਖੱਡਾ ਖੋਦਦੀ ਹੈ ਅਤੇ ਆਪਣੇ ਸਾਮਰਾਜ ਦੀ ਸ਼ੁਰੂਆਤ ਲਈ ਅੰਡੇ ਦੇਣ ਲੱਗ ਪੈਂਦੀ ਹੈ।

ਉਸ ਦੀਆਂ ਵਰਕਰ ਅਤੇ ਸੈਨਿਕ ਕੀੜੀਆਂ, ਜੋ ਭੌਣ ਦੀ ਰੱਖਿਆ ਕਰਦੀਆਂ ਹਨ, ਸਾਰੀਆਂ ਮਾਦਾ ਹੁੰਦੀਆਂ ਹਨ ਅਤੇ ਆਖ਼ਿਰਕਾਰ ਉਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੋ ਜਾਂਦੀ ਹੈ।

ਮਾਰਟਿੰਸ ਕਹਿੰਦੇ ਹਨ, “ਇਨ੍ਹਾਂ ਕੀੜੀਆਂ ਦੇ ਭੌਣ 50 ਸਾਲ ਤੋਂ ਵੀ ਵੱਧ, ਸ਼ਾਇਦ 70 ਸਾਲ ਤੱਕ ਜੀਊਂਦੇ ਰਹਿ ਸਕਦੇ ਹਨ। ਮੈਂ ਨੈਰੋਬੀ ਦੇ ਨੇੜੇ ਇੱਕ ਅਜਿਹਾ ਭੌਣ ਜਾਣਦਾ ਹਾਂ ਜੋ ਘੱਟੋ-ਘੱਟ 40 ਸਾਲ ਪੁਰਾਣਾ ਹੈ।”

ਇਸ ਦਾ ਮਤਲਬ ਹੈ ਕਿ ਰਾਣੀ ਕੀੜੀਆਂ ਵੀ ਲੰਬੀ ਉਮਰ ਜਿਉਂਦੀਆਂ ਹਨ, ਕਿਉਂਕਿ ਜਿਵੇਂ ਹੀ ਉਹ ਮਰਦੀਆਂ ਹਨ, ਕਾਲੋਨੀ ਖ਼ਤਮ ਹੋ ਜਾਂਦੀ ਹੈ ਅਤੇ ਬਚੀਆਂ ਵਰਕਰ ਕੀੜੀਆਂ ਨਵਾਂ ਭੌਣ ਲੱਭਣ ਲੱਗ ਪੈਂਦੀਆਂ ਹਨ।

ਜਿਨ੍ਹਾਂ ਕੀਨੀਆਈ ਲੋਕਾਂ ਨੂੰ ਆਪਣੀਆਂ ਫਸਲਾਂ ‘ਤੇ ਕੀੜੀਆਂ ਦੇ ਹਮਲੇ ਜਾਂ ਘਰਾਂ ਵਿੱਚ ਉਨ੍ਹਾਂ ਦੀ ਘੁਸਪੈਠ ਦਾ ਸਾਹਮਣਾ ਕਰਨਾ ਪਿਆ ਹੈ, ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ।

ਕੀੜੀਆਂ ਟੈਸਟ ਟਿਊਬਾਂ ਅਤੇ ਟਿਸ਼ੂ ਰੋਲ ਵਿੱਚ ਪੈਕ

ਕਿਸੇ ਕਾਲੋਨੀ ਤੋਂ ਛੁਟਕਾਰਾ ਪਾਉਣ ਲਈ ਆਮ ਤੌਰ ‘ਤੇ ਰਾਣੀ ਕੀੜੀ ਨੂੰ ਲੱਭਣਾ ਪੈਂਦਾ ਹੈ, ਜੋ ਅਕਸਰ ਟਿੱਲੇ ਦੀਆਂ ਸੁਰੰਗਾਂ ਵਿੱਚ ਗਹਿਰਾਈ ਨਾਲ ਛੁਪੀ ਹੁੰਦੀ ਹੈ।

ਇੱਕ ਸਾਬਕਾ ਦਲਾਲ ਨੇ ਦੱਸਿਆ ਕਿ ਟਿੱਲੇ ਨੂੰ ਹੌਲੀ ਹਿਲਾ ਕੇ ਅਤੇ ਭੱਜਦੀਆਂ ਕੀੜੀਆਂ ਨੂੰ ਇਕੱਠਾ ਕਰਕੇ ਵੀ ਉਨ੍ਹਾਂ ਨੂੰ ਫੜਿਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ, “ਜਦੋਂ ਮੈਂ ਖ਼ਬਰਾਂ ਵਿੱਚ ਗ੍ਰਿਫ਼ਤਾਰੀਆਂ ਦੇਖੀਆਂ, ਤਾਂ ਮੈਨੂੰ ਸਮਝ ਆਈ ਕਿ ਮੈਂ ਕੀ ਕਰ ਰਿਹਾ ਸੀ ਅਤੇ ਮੈਂ ਤੁਰੰਤ ਇਹ ਕੰਮ ਛੱਡ ਦਿੱਤਾ।”

ਇਹ ਕੀੜੀਆਂ ਟੈਸਟ ਟਿਊਬਾਂ ਅਤੇ ਟਿਸ਼ੂ ਰੋਲ ਵਿੱਚ ਪੈਕ ਕੀਤੀਆਂ ਗਈਆਂ ਸਨ।

ਝੇਂਗਯਾਂਗ ਵਾਂਗ, ਜੋ ਖੋਜਕਾਰ ਦੀ ਉਸ ਟੀਮ ਦਾ ਹਿੱਸਾ ਸੀ ਜਿਸ ਨੇ 2023 ਵਿੱਚ ਚੀਨ ‘ਤੇ ਕੇਂਦਰਿਤ ਕੀੜੀਆਂ ਦੇ ਵਪਾਰ ‘ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਲਈ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਾਲ ਸਥਾਨਕ ਈਕੋ ਸਿਸਟਮ ਵਿੱਚ ‘ਭਾਰੀ ਤਬਾਹੀ’ ਮਚ ਸਕਦੀ ਹੈ।

ਸਿਚੁਆਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਵਾਂਗ ਨੇ ਬੀਬੀਸੀ ਨੂੰ ਦੱਸਿਆ, “ਸ਼ੁਰੂਆਤ ਵਿੱਚ, ਜਦੋਂ ਸਾਨੂੰ ਪਤਾ ਲੱਗਿਆ ਕਿ ਕਈ ਲੋਕਾਂ ਨੇ ਕੀੜੀਆਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਹੈ ਤਾਂ ਅਸੀਂ ਬਹੁਤ ਉਤਸ਼ਾਹਿਤ ਹੋਏ ਸੀ।”

“ਪਾਲਤੂ ਕੀੜੀਆਂ ਦੀ ਇੱਕ ਕਾਲੋਨੀ ਨੂੰ ਅਕਸਰ ਇੱਕ ਫਾਰਮਿਕੇਰੀਅਮ (ਕੀੜੀਆਂ ਦਾ ਘਰ) ਵਿੱਚ ਰੱਖਿਆ ਜਾਂਦਾ ਹੈ ਜੋ ਮੂਲ ਰੂਪ ਵਿੱਚ ਇੱਕ ਪਾਰਦਰਸ਼ੀ ਪਲਾਸਟਿਕ ਦਾ ਡੱਬਾ ਹੁੰਦਾ ਹੈ ਤਾਂ ਕਿ ਰਖਵਾਲੇ ਕਾਲੋਨੀ ਨੂੰ ਕੰਮ ਕਰਦੇ ਹੋਏ ਦੇਖ ਸਕਣ, ਜਿਵੇਂ ਸੁਰੰਗ ਖੋਦਣੀ, ਭੋਜਨ ਇਕੱਠਾ ਕਰਨਾ ਅਤੇ ਆਪਣੀ ਰਾਣੀ ਦੀ ਰਾਖੀ ਕਰਨਾ।

“ਮੈਨੂੰ ਲੱਗਦਾ ਹੈ ਕਿ ਇਹ ਕਾਫ਼ੀ ਆਕਰਸ਼ਕ ਹੈ ਅਤੇ …ਕੀੜੀਆਂ ਅਤੇ ਉਨ੍ਹਾਂ ਦੇ ਵਿਵਹਾਰ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਦਾ ਇੱਕ ਚੰਗਾ ਤਰੀਕਾ ਹੋ ਸਕਦਾ ਹੈ।”

“ਪਰ ਫਿਰ ਸਾਨੂੰ ਅਹਿਸਾਸ ਹੋਇਆ, ਰੁਕੋ ਤੇ ਦੇਖੋ, ਕੀ ਆਕਰਮਕ ਪ੍ਰਜਾਤੀਆਂ ਨੂੰ ਰੱਖਣਾ ਬੇਹੱਦ ਖਤਰਨਾਕ ਨਹੀਂ ਹੈ?”

ਕੀੜੀਆਂ

ਤਸਵੀਰ ਸਰੋਤ, KWS

ਚੀਨ ਵਿੱਚ ਛੇ ਮਹੀਨੇ ਦੇ ਸਮੇਂ ਵਿੱਚ 58,000 ਤੋਂ ਜ਼ਿਆਦਾ ਕਾਲੋਨੀਆਂ ਦੀ ਆਨਲਾਈਨ ਵਿਕਰੀ ਦੀ ਨਿਗਰਾਨੀ ਕਰਦੇ ਹੋਏ,ਖੋਜਕਾਰਾਂ ਨੇ ਦੇਖਿਆ ਕਿ ਵਪਾਰ ਕੀਤੀਆਂ ਗਈਆਂ ਪ੍ਰਜਾਤੀਆਂ ਵਿੱਚੋਂ ਇੱਕ ਚੌਥਾਈ ਤੋਂ ਜ਼ਿਆਦਾ ਚੀਨ ਦੀਆਂ ਮੂਲ ਨਿਵਾਸੀ ਨਹੀਂ ਸਨ, ਬੇਸ਼ੱਕ ਉਨ੍ਹਾਂ ਦਾ ਦਰਾਮਦਗੀ ਕਰਨਾ ਗੈਰਕਾਨੂੰਨੀ ਹੈ।

ਵਾਂਗ ਨੇ ਕਿਹਾ, “ਜੇਕਰ ਆਕਰਮਕ ਕੀੜੀਆਂ ਦੇ ਵਪਾਰ ਦੀ ਮਾਤਰਾ ਵਧਦੀ ਰਹੀ, ਤਾਂ ਇਹ ਸਿਰਫ਼ ਸਮੇਂ ਦੀ ਗੱਲ ਹੈ ਕਿ ਕੁਝ ਕੀੜੀਆਂ ਆਪਣੇ ਬਾੜਿਆਂ ਤੋਂ ਨਿਕਲ ਕੇ ਜੰਗਲ ਵਿੱਚ ਫੈਲ ਜਾਣਗੀਆਂ।”

ਇਸ ਵਿੱਚ ਦੱਸਿਆ ਗਿਆ ਕਿ ਚੀਨ ਵਿੱਚ ਸਭ ਤੋਂ ਜ਼ਿਆਦਾ ਵਪਾਰ ਕੀਤੀਆਂ ਜਾਣ ਵਾਲੀਆਂ ਪ੍ਰਜਾਤੀਆਂ ਵਿੱਚੋਂ ਇੱਕ, ਵਿਸ਼ਾਲ ਅਫਰੀਕੀ ਹਾਰਵੈਸਟਰ ਦੇ ਮਾਮਲੇ ਵਿੱਚ ਕੀ ਹੋ ਸਕਦਾ ਹੈ, “ਉਦਾਹਰਨ ਲਈ, ਮੈਸਰ ਸੇਫਾਲੋਟਸ ਜੋ ਪੂਰਬੀ ਅਫਰੀਕਾ ਦੀ ਮੂਲ ਨਿਵਾਸੀ ਹੈ, ਦੁਨੀਆ ਦੇ ਸਭ ਤੋਂ ਵੱਡੇ ਬੀਜ ਹਾਰਵੈਸਟਰ ਵਿੱਚੋਂ ਇੱਕ ਹੈ ਅਤੇ ਦੱਖਣੀ-ਪੂਰਬੀ ਚੀਨ ਵਿੱਚ ਮੁੱਖ ਰੂਪ ਨਾਲ ਅਨਾਜ ਆਧਾਰਿਤ ਖੇਤੀਬਾੜੀ ਵਿੱਚ ਸੰਭਾਵਿਤ ਰੂਪ ਨਾਲ ਰੁਕਾਵਟ ਪਾ ਸਕਦੀ ਹੈ।”

ਕੀਨੀਆ ਵਿੱਚ ਵਾਤਾਵਰਣ ਸੰਬੰਧੀ ਨਤੀਜੇ ਚਿੰਤਾ ਦਾ ਵਿਸ਼ਾ ਹਨ।

ਮਾਰਟਿੰਸ ਦੱਸਦੇ ਹਨ, “ਹਾਰਵੈਸਟਰ ਕੀੜੀਆਂ ਪ੍ਰਮੁੱਖ ਪ੍ਰਜਾਤੀ ਹੋਣ ਦੇ ਨਾਲ ਨਾਲ ਈਕੋ ਸਿਸਟਮ ਦੇ ਇੰਜੀਨੀਅਰ ਵੀ ਹਨ। ਉਹ ਘਾਹ ਅਤੇ ਹੋਰ ਪੌਦਿਆਂ ਦੇ ਬੀਜ ਇਕੱਠਾ ਕਰਦੀਆਂ ਹਨ ਅਤੇ ਅਜਿਹਾ ਕਰਕੇ ਬੀਜਾਂ ਨੂੰ ਫੈਲਾਉਣ ਵਿੱਚ ਵੀ ਮਦਦ ਕਰਦੀਆਂ ਹਨ।”

ਉਹ ਅੱਗੇ ਦੱਸਦੇ ਹਨ, “ਇਹ ਕੀਟ ਜ਼ਿਆਦਾ ਸਿਹਤਵਰਧਕ ਅਤੇ ਮਜ਼ਬੂਤ ਘਾਹ ਦੇ ਮੈਦਾਨ ਦਾ ਨਿਰਮਾਣ ਕਰਦੇ ਹਨ।”

ਕੀਨੀਆ ਦੇ ਜੰਗਲੀ ਜੀਵ ਖੋਜ ਅਤੇ ਸਿਖਲਾਈ ਸੰਸਥਾਨ ਦੇ ਇੱਕ ਸੀਨੀਅਰ ਵਿਗਿਆਨੀ ਮੁਕੋਨੀ ਵਤਾਈ ਅਜਿਹੇ ਡਰ ਸਾਂਝੇ ਕਰਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਅਸਥਿਰ ਹਾਰਵੈਸਟਿੰਗ ਵਿਸ਼ੇਸ਼ ਤੌਰ ‘ਤੇ ਰਾਣੀ ਕੀੜੀਆਂ ਨੂੰ ਹਟਾਉਣਾ, ਕਾਲੋਨੀ ਦੇ ਪਤਨ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਈਕੋ ਸਿਸਟਮ ਵਿੱਚ ਰੁਕਾਵਟ ਪੈ ਸਕਦੀ ਹੈ ਅਤੇ ਜੈਵ ਵਿਭਿੰਨਤਾ ਨੂੰ ਖਤਰਾ ਹੋ ਸਕਦਾ ਹੈ।”

ਕੀਨੀਆ ਵਿੱਚ ਵਿਭਿੰਨ ਅੰਤਰਰਾਸ਼ਟਰੀ ਸੰਧੀਆਂ ਦੇ ਅਨੁਸਾਰ, ਇੱਕ ਵਿਸ਼ੇਸ਼ ਪਰਮਿਟ ਨਾਲ ਕਾਨੂੰਨੀ ਰੂਪ ਨਾਲ ਕੀੜੀਆਂ ਦਾ ਸੰਗ੍ਰਹਿ ਕਰਨਾ ਸੰਭਵ ਹੈ, ਜਿਸ ਲਈ ਖਰੀਦਦਾਰ ਨੂੰ ਸੰਬੰਧਿਤ ਸਥਾਨਕ ਭਾਈਚਾਰੇ ਨਾਲ ਲਾਭ ਸਾਂਝਾ ਕਰਨ ਦੇ ਸਮਝੌਤੇ ‘ਤੇ ਹਸਤਾਖਰ ਕਰਨ ਦੀ ਲੋੜ ਹੋਵੇਗੀ ਤਾਂ ਕਿ ਕਿਸੇ ਵੀ ਲਾਭ ਨੂੰ ਸਾਂਝਾ ਕੀਤਾ ਜਾ ਸਕੇ।

ਪਰ ਕੇਡਬਲਯੂਐੱਸ ਦੇ ਅਨੁਸਾਰ, ਅਜੇ ਤੱਕ ਕਿਸੇ ਨੇ ਵੀ ਇਸ ਲਈ ਅਰਜ਼ੀ ਨਹੀਂ ਦਿੱਤੀ ਅਤੇ ਕਾਗਜ਼ੀ ਕਾਰਵਾਈ ਵਿੱਚ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਕਿੰਨੀਆਂ ਕੀੜੀਆਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਮੰਜ਼ਿਲ ਕੀ ਹੈ।

ਕੁਝ ਕੰਜ਼ਰਵੇਟਰਜ਼ ਹੁਣ ਕੁਝ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੇ ਅੰਤਰਰਾਸ਼ਟਰੀ ਵਪਾਰ ‘ਤੇ ਸੰਮੇਲਨ (ਸਾਈਟਸ) ਤਹਿਤ ਕੀੜੀਆਂ ਦੀਆਂ ਸਾਰੀਆਂ ਪ੍ਰਜਾਤੀਆਂ ਲਈ ਵੱਧ ਵਪਾਰ ਕੰਟ੍ਰੋਲ ਦੀ ਮੰਗ ਕਰ ਰਹੇ ਹਨ, ਜੋ ਆਲਮੀ ਜੰਗਲੀ ਜੀਵ ਵਪਾਰ ਸੰਧੀ ਹੈ।

ਆਲਮੀ ਕੀੜੀਆਂ ਦੇ ਵਪਾਰ ‘ਤੇ ਖੋਜ ਕਰਨ ਵਾਲੇ ਸਰਜਿਆ ਹੇਨਰੀਕੇਸ ਨੇ ਬੀਬੀਸੀ ਨੂੰ ਦੱਸਿਆ, “ਅਸਲੀਅਤ ਇਹ ਹੈ ਕਿ ਮੌਜੂਦਾ ਸਮੇਂ ਕੋਈ ਵੀ ਕੀੜੀ ਪ੍ਰਜਾਤੀ ਸੀਆਈਟੀਈਐੱਸ ਤਹਿਤ ਸੂਚੀਬੱਧ ਨਹੀਂ ਹੈ।”

ਕੀੜੀਆਂ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਕਿਹਾ, “ਇਨ੍ਹਾਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਵਾਲੀਆਂ ਅੰਤਰਰਾਸ਼ਟਰੀ ਸੰਧੀਆਂ ਦੀ ਅਣਹੋਂਦ ਵਿੱਚ ਵਪਾਰ ਦਾ ਪੱਧਰ ਨੀਤੀ ਨਿਰਮਾਤਾਵਾਂ ਅਤੇ ਆਲਮੀ ਭਾਈਚਾਰੇ ਲਈ ਕਾਫ਼ੀ ਹੱਦ ਤੱਕ ਅਦ੍ਰਿਸ਼ ਬਣਿਆ ਰਹਿੰਦਾ ਹੈ।”

ਪਰ ਕੇਡਬਲਯੂਐੱਸ ਲਈ ਅਸਲੀ ਸਮੱਸਿਆ ਕਾਫ਼ੀ ਵੱਧ ਤੁਰੰਤ ਹੈ, ‘ਘੱਟ ਰਿਪੋਰਟ ਕੀਤੇ ਗਏ’ ਕੀਟ ਤਸਕਰੀ ਦੀ ਨਿਗਰਾਨੀ ਅਤੇ ਉਸ ‘ਤੇ ਨਕੇਲ ਕੱਸਣੀ। ਏਜੰਸੀ ਦਾ ਸੁਝਾਅ ਹੈ ਕਿ ਹਵਾਈ ਅੱਡਿਆਂ ਅਤੇ ਹੋਰ ਸੀਮਾ ਬਿੰਦੂਆਂ ‘ਤੇ ਬਿਹਤਰ ਨਿਗਰਾਨੀ ਉਪਕਰਨ ਇੱਕ ਚੰਗੀ ਸ਼ੁਰੂਆਤ ਹੋਵੇਗੀ।

ਮਾਰਟਿੰਸ ਵੀ ਇਸ ਗੱਲ ਨਾਲ ਸਹਿਮਤ ਹੈ, “ਸੰਭਾਵੀ ਤੌਰ ‘ਤੇ ਵਪਾਰ ਕੀਤੀਆਂ ਜਾ ਰਹੀਆਂ ਕੀੜੀਆਂ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹੀ ਫੜਿਆ ਜਾ ਰਿਹਾ ਹੈ, ਇਸ ਲਈ ਫਿਲਹਾਲ ਇਸ ਦੇ ਪੱਧਰ ਦਾ ਸਿਰਫ਼ ਅਨੁਮਾਨ ਹੀ ਲਗਾਇਆ ਜਾ ਸਕਦਾ ਹੈ।”

ਪੱਤਰਕਾਰ ਚਾਰਲਸ ਓਨਯਾਂਗੋ-ਓਬੋ ਦਾ ਤਰਕ ਹੈ ਕਿ ਕੀਨੀਆ ਆਲਮੀ ਮਾਲੀਏ ਦੇ ਇੱਕ ਮਹੱਤਵਪੂਰਨ ਮੌਕੇ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।

ਉਨ੍ਹਾਂ ਨੇ ਹਾਲ ਹੀ ਵਿੱਚ ਕੀਨੀਆ ਦੇ ‘ਡੇਲੀ ਨੇਸ਼ਨ’ ਅਖ਼ਬਾਰ ਵਿੱਚ ਲਿਖਿਆ, “ਕੀੜੀਆਂ ਸੋਨੇ ਜਾਂ ਹੀਰੇ ਵਰਗੀਆਂ ਸੀਮਤ ਵਸਤੂਆਂ ਨਹੀਂ ਹਨ। ਉਹ ਜੈਵਿਕ ਜਾਇਦਾਦ ਹਨ ਜਿਨ੍ਹਾਂ ਦਾ ਪ੍ਰਜਨਨ ਅਤੇ ਪਾਲਣ-ਪੋਸ਼ਣ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਉਤਪਾਦਨ ਰੋਜ਼ਾਨਾ ਹਜ਼ਾਰਾਂ ਤੱਕ ਵਧਾਇਆ ਜਾ ਸਕਦਾ ਹੈ। ਫਿਰ ਵੀ ਅਸੀਂ ਉਨ੍ਹਾਂ ਨਾਲ ਚੋਰੀ ਦੀਆਂ ਕਲਾਕ੍ਰਿਤੀਆਂ ਵਰਗਾ ਵਿਵਹਾਰ ਕਰਦੇ ਹਾਂ।”

ਦਰਅਸਲ, ਕੀਨੀਆ ਦੇ ਮੰਤਰੀ ਮੰਡਲ ਨੇ ਪਿਛਲੇ ਸਾਲ ਜੰਗਲੀ ਜੀਵ ਅਰਥਵਿਵਸਥਾ ਦੇ ਵਪਾਰੀਕਰਨ ਦੇ ਉਦੇਸ਼ ਨਾਲ ਨੀਤੀਗਤ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿੱਚ ਕੀੜੀਆਂ ਦਾ ਵਪਾਰ ਵੀ ਸ਼ਾਮਲ ਹੈ।

ਵਤਾਈ ਨੇ ਕਿਹਾ, “ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਕੀੜੀਆਂ ਵਰਗੀਆਂ ਜੰਗਲੀ ਪ੍ਰਜਾਤੀਆਂ ਦੇ ਟਿਕਾਊ ਉਪਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਸਾਰੇ ਦੇਸ਼ਾਂ ਵਿੱਚ ਰੋਜ਼ਗਾਰ, ਧਨ ਅਤੇ ਭਾਈਚਾਰਕ ਜੀਵਿਕਾ ਪੈਦਾ ਹੋ ਸਕੇ।”

ਸਾਵਧਾਨੀਪੂਰਵਕ ਨਿਗਰਾਨੀ ਪ੍ਰਣਾਲੀ ਲਾਗੂ ਹੋਣ ਨਾਲ ਇਹ ਸੰਭਵ ਹੈ ਕਿ ਗਿਲਗਿਲ ਦੇ ਆਸਪਾਸ ਦੇ ਭਵਿੱਖ ਦੇ ਕਿਸਾਨ ਆਪਣੀ ਜ਼ਮੀਨ ‘ਤੇ ਵਿਸ਼ੇਸ਼ ਕੀੜੀਆਂ ਦੇ ਘਰ ਬਣਾਉਣ। ਇਸ ਨਾਲ ਸਬਜ਼ੀਆਂ ਅਤੇ ਫਲਾਂ ਨਾਲ ਭਰੇ ਖੇਤਾਂ ਅਤੇ ਬਾਗਾਂ ਤੋਂ ਹੋਣ ਵਾਲੀ ਪੈਦਾਵਾਰ ਵਿੱਚ ਲਾਭਦਾਇਕ ਰਾਣੀ ਕੀੜੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕੇਗਾ।

ਪਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੌਕੀਨ ਤੌਰ ‘ਤੇ ਕੀੜੀਆਂ ਇਕੱਠੀਆਂ ਕਰਨ ਵਾਲਿਆਂ ਵੱਲੋਂ ਕੀੜੀਆਂ ਦੇ ਬਰਾਮਦਗੀ ਦੇ ਖ਼ਤਰਿਆਂ ‘ਤੇ ਚਰਚਾ ਅਜੇ ਵੀ ਅਣਸੁਲਝੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI