Source :- BBC PUNJABI

- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
-
19 ਅਪ੍ਰੈਲ 2025, 11:47 IST
ਅਪਡੇਟ 8 ਘੰਟੇ ਪਹਿਲਾਂ
ਸੁਪਰੀਤ ਚੀਮਾ, ਚੰਡੀਗੜ੍ਹ ਦੇ ਜੰਮ-ਪਲ ਹਨ। ਉਨ੍ਹਾਂ ਦੇ ਪਿਤਾ ਪੁਲਿਸ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੇ ਮਾਂ ਨੇ ਕਈ ਸਾਲ ਆਪਣਾ ਬੁਟੀਕ (ਬੀਬੀਆਂ ਦੇ ਕੱਪੜਿਆਂ ਦੀ ਸਿਲਾਈ-ਕਢਾਈ ਦੀ ਦੁਕਾਨ) ਚਲਾਇਆ। ਸੁਪਰੀਤ ਨੇ ਫੈਸ਼ਨ ਡਿਜ਼ਾਈਨਿੰਗ ਕਮ ਟੈਕਸਟਾਈਲ ਡਿਜ਼ਾਈਨਿੰਗ ਵਿੱਚ ਗ੍ਰੈਜੁਏਸ਼ਨ ਕੀਤੀ ਹੈ।
ਸੁਪਰੀਤ, ਬਚਪਨ ਤੋਂ ਹੀ ਵਕੀਲ ਜਾਂ ਗਾਇਨਾਕੌਲੋਜਿਸਟ ਬਣਨਾ ਚਾਹੁੰਦੀ ਸੀ। ਪਰ ਉਹ ਆਪਣੀ ਇੱਕ ਆਂਟੀ ਤੋਂ ਬਹੁਤ ਪ੍ਰਭਾਵਿਤ ਸੀ, ਅਤੇ ਉਨ੍ਹਾਂ ਨੇ ਉਸ ਨੂੰ ਫੈਸ਼ਨ ਡਿਜ਼ਾਇਨਿੰਗ ਦੀ ਸਲਾਹ ਦਿੱਤੀ।
ਸੁਪਰੀਤ ਨੇ ਕਿਹਾ, “ਮੇਰੇ ਮੰਮੀ ਦਾ ਵੀ ਬੁਟੀਕ ਸੀ, ਇਸ ਲਈ ਵੀ ਮੇਰਾ ਫੈਸ਼ਨ ਡਿਜ਼ਾਈਨਿੰਗ ਵੱਲ ਝੁਕਾਅ ਹੋ ਗਿਆ।”
ਆਯੁਸ਼ਮਾਨ ਖੁਰਾਨਾ ਦੇ ਪਿਤਾ ਦੀ ਅਸਿਸਟੈਂਟ ਵਜੋਂ ਨੌਕਰੀ

ਤਸਵੀਰ ਸਰੋਤ, Supreet cheema
ਸੁਪਰੀਤ ਨੇ ਦੱਸਿਆ ਕਿ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਪੂਰੀ ਹੋਣ ਬਾਅਦ, ਮਾਪੇ ਚਾਹੁੰਦੇ ਸੀ ਕਿ ਉਹ ਕੋਈ ਨੌਕਰੀ ਕਰੇ।
ਸੁਪਰੀਤ ਨੂੰ ਫੈਸ਼ਨ ਇੰਡਸਟਰੀ ਵਿੱਚ ਉਸ ਵੇਲੇ ਨੌਕਰੀ ਦੇ ਬਹੁਤੇ ਬਦਲ ਨਹੀਂ ਮਿਲ ਰਹੇ ਸੀ, ਫਿਰ ਉਨ੍ਹਾਂ ਨੇ ਮਸ਼ਹੂਰ ਜੋਯਤਸ਼ੀ ਅਤੇ ਅਦਾਕਾਰ ਆਯੂਸ਼ਮਾਨ ਖੁਰਾਨਾ ਦੇ ਪਿਤਾ ਪੀ. ਖੁਰਾਨਾ ਦੀ ਅਸਿਸਟੈਂਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ।
ਉਸ ਤੋਂ ਬਾਅਦ, ਸੁਪਰੀਤ ਨੇ ਕੁਝ ਸਮਾਂ ਇੱਕ ਨਿੱਜੀ ਟੀਵੀ ਚੈਨਲ ਨਾਲ ਕੰਮ ਕਰਨਾ ਸ਼ੁਰੂ ਕੀਤਾ।
ਉਸੇ ਚੈਨਲ ਦੀ ਇੱਕ ਦਸਤਾਵੇਜ਼ੀ ਫ਼ਿਲਮ ਲਈ ਪ੍ਰੋਡਿਊਸਰਾਂ ਨਾਲ ਮੀਟਿੰਗਾਂ ਦੌਰਾਨ ਸੁਪਰੀਤ ਨੂੰ ਫ਼ਿਲਮ ਸਨਅਤ ਵਿੱਚ ਕਾਸਟਿਊਮ ਡਿਜ਼ਾਈਨਰ ਵਜੋਂ ਕੰਮ ਕਰਨ ਦਾ ਵਿਚਾਰ ਆਇਆ।
ਸੁਪਰੀਤ ਕਹਿੰਦੇ ਹਨ, “ਇਸ ਤੋਂ ਪਹਿਲਾਂ ਤੱਕ ਮੈਨੂੰ ਸਿਰਫ਼ ਫੈਸ਼ਨ ਡਿਜ਼ਾਈਨਿੰਗ ਬਾਰੇ ਹੀ ਪਤਾ ਸੀ, ਕਾਸਟਿਊਮ ਡਿਜ਼ਾਈਨਿੰਗ ਵੀ ਕੋਈ ਪੇਸ਼ਾ ਹੈ, ਇਸ ਬਾਰੇ ਪਤਾ ਨਹੀਂ ਸੀ।”
ਸੁਪਰੀਤ, ਨੌਕਰੀ ਕਰੇ ਇਹ ਤਾਂ ਉਸ ਦਾ ਪਰਿਵਾਰ ਚਾਹੁੰਦਾ ਸੀ, ਪਰ ਫ਼ਿਲਮ ਸਨਅਤ ਵਿੱਚ ਕੰਮ ਕਰੇ ਇਹ ਸਵੀਕਾਰ ਕਰਨਾ ਉਨ੍ਹਾਂ ਲਈ ਥੋੜ੍ਹਾ ਔਖਾ ਸੀ।
ਸੁਪਰੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਫ਼ਿਲਮ ਸਨਅਤ ਵਿੱਚ ਕੰਮ ਕਰਨ ਦੇ ਖ਼ਿਲਾਫ਼ ਸਨ, ਪਰ ਸੁਪਰੀਤ ਸਾਹਮਣੇ ਕਈ ਸ਼ਰਤਾਂ ਰੱਖ ਕੇ ਉਨ੍ਹਾਂ ਨੇ ਇਸ ਕੰਮ ਲਈ ਸਹਿਮਤੀ ਦਿੱਤੀ ਸੀ।
ਦਸੰਬਰ 2012 ਤੋਂ ਸੁਪਰੀਤ, ਫ਼ਿਲਮ ਸਨਅਤ ਵਿੱਚ ਬਤੌਰ ਕਾਸਟਿਊਮ ਡਿਜ਼ਾਈਨਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਫ਼ਿਲਮ ‘ਦਿਲ ਮੇਰਾ ਲੁੱਟਿਆ ਗਿਆ’ ਤੋਂ ਸ਼ੁਰੂਆਤ ਕੀਤੀ ਸੀ।
ਸੁਪਰੀਤ ਦੱਸਦੇ ਹਨ ਕਿ ਹੁਣ ਤੱਕ 40-45 ਤੋਂ ਵੱਧ ਫ਼ਿਲਮਾਂ ਲਈ ਕੰਮ ਕਰ ਚੁੱਕੇ ਹਨ।
ਕੀ ਹੁੰਦਾ ਹੈ ਫ਼ਿਲਮਾਂ ਵਿੱਚ ਕਾਸਟਿਊਮ ਡਿਜ਼ਾਈਨਰ ਦਾ ਕੰਮ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਹਰ ਫ਼ਿਲਮ ਲਈ ਕਾਸਟਿਊਮ ਡਿਜ਼ਾਈਨਿੰਗ ਬਹੁਤ ਅਹਿਮ ਪਹਿਲੂ ਹੁੰਦਾ ਹੈ।
ਉਨ੍ਹਾਂ ਦਾ ਕੰਮ ਕਿਰਦਾਰ ਦੇ ਮੁਤਾਬਕ, ਫ਼ਿਲਮ ਦੇ ਹਰ ਅਦਾਕਾਰ ਦੇ ਕਾਸਟਿਊਮ ਤਿਆਰ ਕਰਨ ਦਾ ਹੁੰਦਾ ਹੈ।
ਸੁਪਰੀਤ ਨੇ ਦੱਸਿਆ ਕਿ ਕਿਸੇ ਅਦਾਕਾਰ ਲਈ ਕਾਸਟਿਊਮ ਤਿਆਰ ਕਰਨ ਵੇਲੇ ਕਹਾਣੀ ਤੇ ਕਿਰਦਾਰ ਦੇ ਨਾਲ-ਨਾਲ ਲੋਕੇਸ਼ਨ, ਰੰਗ ਚਾਰਟ ਸਣੇ ਹੋਰ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ।
ਸੁਪਰੀਤ ਚੀਮਾ ਨੇ ਦੱਸਿਆ ਕਿ ਜੇ ਇੱਕ ਫਰੇਮ ਵਿੱਚ ਚਾਰ ਅਦਾਕਾਰ ਹਨ ਤਾਂ ਹਰ ਕਿਸੇ ਦੀ ਦਿੱਖ ਉਨ੍ਹਾਂ ਦੇ ਕਿਰਦਾਰ ਮੁਤਾਬਕ ਵੱਖਰੀ ਉੱਭਰੇ ਇਹ ਯਕੀਨੀ ਬਣਾਉਣ ਦਾ ਕੰਮ ਕਾਸਟਿਊਮ ਡਿਜ਼ਾਈਨਰ ਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕਾਸਟਿਊਮ ਡਿਜ਼ਾਈਨਰ ਨੂੰ ਸਕ੍ਰਿਪਟ ਸੁਣਾਈ ਜਾਂਦੀ ਹੈ। ਇਸ ਤੋਂ ਬਾਅਦ ਡਾਇਰੈਕਟਰ ਆਪਣੇ ਵਿਚਾਰ ਰੱਖਦਾ ਹੈ।
ਕਾਸਟਿਊਮ ਡਿਜ਼ਾਈਨਰ ਆਪਣੇ ਲੇਅ-ਆਊਟ, ਉਦਾਹਰਣਾਂ, ਸਕੈਚ ਵਗੈਰਾ ਦਿਖਾਉਂਦੇ ਹਨ। ਫਿਰ ਡਾਇਰੈਕਟਰ ਅਤੇ ਡਿਜ਼ਾਈਨਰ ਦੀ ਸਹਿਮਤੀ ਨਾਲ ਫ਼ਾਈਨਲ ਲੁਕ ਤੈਅ ਕੀਤੀ ਜਾਂਦੀ ਹੈ।
ਸੁਪਰੀਮ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੱਕ ਰੰਗਾਂ ਦਾ ਚਾਰਟ ਦਿੱਤਾ ਜਾਂਦਾ ਹੈ, ਜਿਸ ਵਿੱਚ ਰਹਿ ਕੇ ਕਾਸਟਿਊਮ ਤਿਆਰ ਕਰਨੇ ਹੁੰਦੇ ਹਨ।

ਕਲਾਕਾਰਾਂ ਦਾ ਵੀ ਪੱਖ ਜਾਣਿਆ ਜਾਂਦਾ ਹੈ। ਫਿਰ ਪ੍ਰੋਡਿਊਸਰ ਨਾਲ ਕਾਸਟਿਊਮ ਦੇ ਬਜਟ ਬਾਰੇ ਚਰਚਾ ਹੁੰਦੀ ਹੈ।
ਜਦੋਂ ਸ਼ੂਟ ਸ਼ੁਰੂ ਹੁੰਦਾ ਹੈ ਤਾਂ ਹਰ ਸੀਨ ਮੁਤਾਬਕ, ਕਲਾਕਾਰ ਤੱਕ ਸਮੇਂ ਸਿਰ ਕੱਪੜੇ ਪਹੁੰਚਾਉਣਾ, ਜ਼ਰੂਰਤ ਪੈਣ ‘ਤੇ ਕੱਪੜੇ ਭੀੜੇ-ਖੁੱਲ੍ਹੇ ਕਰਵਾਉਣਾ ਵਗੈਰਾ ਵੀ ਕਾਸਟਿਊਮ ਡਿਜ਼ਾਈਨਰ ਦੀ ਡਿਊਟੀ ਹੁੰਦੀ ਹੈ।
ਸ਼ੂਟ ਖ਼ਤਮ ਹੋਣ ਬਾਅਦ ਵੀ ਕੁਝ ਤੈਅ ਸਮੇਂ ਤੱਕ ਕਾਸਟਿਊਮ ਡਿਪਾਰਟਮੈਂਟ ਕੱਪੜੇ ਸੰਭਾਲ ਕੇ ਰੱਖਦਾ ਹੈ ਤਾਂ ਕਿ ਫ਼ਿਲਮ ਦੇ ਪੈਚ-ਵਰਕ ਦੌਰਾਨ ਜ਼ਰੂਰਤ ਪੈਣ ‘ਤੇ ਵਰਤੇ ਜਾ ਸਕਣ।
ਸੁਪਰੀਤ ਨੇ ਕਿਹਾ, “ਫ਼ਿਲਮ ਦਾ ਸ਼ੂਟ ਮੁਕੰਮਲ ਹੋ ਜਾਣ ਮਗਰੋਂ ਉਹ ਸਾਰੇ ਕੱਪੜੇ ਪ੍ਰੋਡਕਸ਼ਨ ਟੀਮ ਨੂੰ ਸੌਂਪ ਦਿੰਦੇ ਹਾਂ।”
ਸੁਪਰੀਤ ਕਹਿੰਦੇ ਹਨ, “ਇੱਕ ਸਹੀ ਕਾਸਟਿਊਮ ਹੀ ਅਦਾਕਾਰ ਦਾ ਕਿਰਦਾਰ ਹੋਰ ਨਿਖਾਰਦਾ ਹੈ।”
ਸੁਪਰੀਤ ਕਹਿੰਦੇ ਹਨ ਕਿ ਹਰ ਫ਼ਿਲਮ ਲਈ ਕਾਸਟਿਊਮ ਡਿਜ਼ਾਈਨਿੰਗ ਬੇਹੱਦ ਅਹਿਮ ਹੈ, ਪਰ ਕਈ ਵਾਰ ਉਨ੍ਹਾਂ ਨੂੰ ਬਣਦੀ ਇੱਜ਼ਤ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਦੱਸਿਆ, “ਅਜਿਹਾ ਵੀ ਹੁੰਦਾ ਹੈ ਜਦੋਂ ਕਈ ਕਲਾਕਾਰ ਸਾਡੇ ਮੁਤਾਬਕ ਕਾਸਟਿਊਮ ਪਾਉਣ ਦੀ ਬਜਾਇ, ਆਪਣੀ ਮਰਜ਼ੀ ਦੇ ਕਾਸਟਿਊਮ ਦੀ ਮੰਗ ਕਰਦੇ ਹਨ। ਅਜਿਹੇ ਮਾਮਲਿਆਂ ਵਿੱਚ ਜੇਕਰ ਡਾਇਰੈਕਟਰ ਵੀ ਸਾਨੂੰ ਸਹਿਯੋਗ ਨਹੀਂ ਦਿੰਦੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ।”

ਸ਼ੁਰੂਆਤੀ ਦਿਨਾਂ ਦੀਆਂ ਚੁਣੌਤੀਆਂ
ਸੁਪਰੀਤ ਖ਼ੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਫ਼ਿਲਮ ਸਨਅਤ ਵਿੱਚ ਉਨ੍ਹਾਂ ਨੂੰ ਚੰਗੇ ਲੋਕਾਂ ਨਾਲ ਕੰਮ ਕਰਨ ਅਤੇ ਸਿੱਖਣ ਦਾ ਮੌਕਾ ਮਿਲਿਆ।
ਉਹ ਕਹਿੰਦੇ ਹਨ ਕਿ ਬਚਪਨ ਤੋਂ ਹੀ ਅੰਤਰਮੁਖੀ ਸੁਭਾਅ ਹੋਣ ਕਰਕੇ ਉਹ ਜ਼ਿਆਦਾ ਲੋਕਾਂ ਨਾਲ ਗੱਲ ਕਰਨ ਤੋਂ ਝਿਜਕਦੇ ਸਨ, ਪਰ ਕਰੀਅਰ ਦੀ ਸ਼ੁਰੂਆਤ ਵਿੱਚ ਮਿਲੇ ਰਾਣਾ ਰਣਬੀਰ, ਜਿਵਿਧਾ ਆਸਥਾ ਵਰਗੇ ਲੋਕਾਂ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ।
ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਸੁਪਰੀਤ ਕਹਿੰਦੇ ਹਨ, “ਮੈਨੂੰ ਨਹੀਂ ਪਤਾ ਸੀ ਕਿ ਕਾਸਟਿਊਮ ਲਿਜਾਣ ਦੇ ਲਈ ਟੀਮ ਹੁੰਦੀ ਹੈ, ਮੈਂ ਖੁਦ ਹੀ ਕਾਸਟਿਊਮ ਢੋਅ ਰਹੀ ਹੁੰਦੀ ਸੀ।”
ਕਰੀਅਰ ਦੀ ਸ਼ੁਰੂਆਤ ਦਾ ਹੀ ਇੱਕ ਹੋਰ ਕਿੱਸਾ ਸੁਪਰੀਤ ਸਾਂਝਾ ਕਰਦੇ ਹਨ ਜਦੋਂ ਉਹ ਕਿਸੇ ਸ਼ੂਟ ਲਈ ਚੰਡੀਗੜ੍ਹ ਤੋਂ ਜਲੰਧਰ ਗਏ ਸਨ।
ਉਨ੍ਹਾਂ ਦੱਸਿਆ, “ਪ੍ਰੋਡਕਸ਼ਨ ਵਾਲਿਆਂ ਨੇ ਮੈਨੂੰ ਇੱਕ ਬੇਹੱਦ ਮਾੜੇ ਹਾਲਾਤ ਵਾਲੇ ਹੋਟਲ ਵਿੱਚ ਠਹਿਰਾਇਆ ਸੀ । ਮੈਂ ਅਤੇ ਮੇਰੇ ਟੇਲਰ ਮਾਸਟਰ (ਦਰਜ਼ੀ) ਨੇ ਇੱਕ ਕਮਰੇ ਵਿੱਚ ਜਾਗ ਕੇ ਰਾਤ ਕੱਟੀ ਸੀ।”
“ਉਸ ਵੇਲੇ ਮੈਂ ਘਰ ਵਾਲਿਆਂ ਨੂੰ ਵੀ ਦੱਸ ਨਹੀਂ ਸਕਦੀ ਸੀ, ਕਿਉਂਕਿ ਜੇ ਦੱਸਦੀ ਤਾਂ ਉਹ ਇਸ ਖੇਤਰ ਨੂੰ ਛੱਡਣ ਲਈ ਕਹਿੰਦੇ।”
ਸੁਪਰੀਤ ਕਹਿੰਦੇ ਹਨ ਕਿ ਹੁਣ ਸਮੇਂ ਦੇ ਨਾਲ ਮੈਨੂੰ ਵੀ ਤਰੀਕਾ ਆ ਗਿਆ ਹੈ ਅਤੇ ਫ਼ਿਲਮ ਇੰਡਸਟਰੀ ਵਿੱਚ ਵੀ ਕਾਫ਼ੀ ਚੰਗੇ ਬਦਲਾਅ ਆਏ ਹਨ, ਇਸ ਦਾ ਇੱਕ ਕਾਰਨ ਫ਼ਿਲਮਾਂ ਦੇ ਵਧੇ ਬਜਟ ਅਤੇ ਪੇਸ਼ੇਵਾਰਤਾ ਵੀ ਹਨ।

‘ਆਪਣੇ ਹੀ ਪੈਸਿਆਂ ਲਈ ਇੰਝ ਕਹਿਣਾ ਪੈਂਦਾ ਜਿਵੇਂ ਉਧਾਰ ਮੰਗਦੇ ਹੋਈਏ’
ਸੁਪਰੀਤ ਦੱਸਦੇ ਹਨ ਕਿ ਫ਼ਿਲਮ ਸਨਅਤ ਵਿੱਚ ਕਾਸਟਿਊਮ ਡਿਜ਼ਾਈਨਰ ਵਜੋਂ ਕੰਮ ਕਰਕੇ ਹਰ ਕੋਈ ਚੰਗੀ ਆਮਦਨ ਕਰ ਸਕਦਾ ਹੈ, ਪਰ ਲੋਕਾਂ ਨੂੰ ਕੁਝ ਗੱਲਾਂ ਸਮਝ ਕੇ ਇਸ ਖੇਤਰ ਵਿੱਚ ਆਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਅਜ਼ਾਦ ਤੌਰ ‘ਤੇ ਕੰਮ ਕਰਨ ਵਾਲੇ ਕਾਸਟਿਊਮ ਡਿਜ਼ਾਈਨਰਾਂ ਨੂੰ ਪ੍ਰੋਜੈਕਟ ਦੇ ਹਿਸਾਬ ਨਾਲ ਅਦਾਇਗੀ ਹੁੰਦੀ ਹੈ।
ਉਹ ਕਹਿੰਦੇ ਹਨ, “ਕਈ ਵਾਰ ਲਗਾਤਾਰ ਕਈ ਪ੍ਰੋਜੈਕਟ ਆ ਜਾਂਦੇ ਹਨ, ਪਰ ਕਈ ਵਾਰ ਤੁਸੀਂ ਪੂਰੀ ਤਰ੍ਹਾਂ ਵਿਹਲੇ ਹੁੰਦੇ ਹੋ। ਤੁਹਾਡੇ ਨਿੱਜੀ ਖ਼ਰਚੇ ਤਾਂ ਹੋ ਹੀ ਰਹੇ ਹੁੰਦੇ ਹਨ, ਉਸ ਵੇਲੇ ਆਮਦਨੀ ਨਾ ਆਉਣ ਨਾਲ ਕਈ ਵਾਰ ਮੁਸ਼ਕਿਲ ਹੋ ਜਾਂਦੀ ਹੈ।”
ਸੁਪਰੀਤ ਦੱਸਦੇ ਹਨ, “ਪੰਜਾਬੀ ਫ਼ਿਲਮ ਸਨਅਤ ਵਿੱਚ ਪੈਸੇ ਸਮੇਂ ਸਿਰ ਨਹੀਂ ਮਿਲਦੇ। ਕਈ ਵਾਰ ਆਪਣੇ ਹੀ ਪੈਸੇ ਲੈਣ ਲਈ ਵਾਰ-ਵਾਰ ਕਹਿਣਾ ਪੈਂਦਾ ਹੈ ਜਿਵੇਂ ਕਿਸੇ ਤੋਂ ਉਧਾਰ ਲੈ ਰਹੀਏ ਹੋਈਏ।”
“ਵਾਰ-ਵਾਰ ਸੁਨੇਹੇ ਦੇਣ ਤੋਂ ਬਾਅਦ ਵੀ ਕਿਸ਼ਤਾਂ ਵਿੱਚ ਪੈਸੇ ਮਿਲਦੇ ਹਨ।”
ਸੁਪਰੀਤ ਮੁਤਾਬਕ, ਇਨ੍ਹਾਂ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਇਸ ਖੇਤਰ ਵਿੱਚ ਪੈਰ ਰੱਖਣਾ ਚਾਹੀਦਾ ਹੈ।
ਉਹ ਕਹਿੰਦੇ ਹਨ, “ਇਨ੍ਹਾਂ ਦੋ ਚੀਜ਼ਾਂ ਤੋਂ ਇਲਾਵਾ ਬਾਕੀ ਤਾਂ ਸਭ ਠੀਕ ਹੈ।”

ਤਸਵੀਰ ਸਰੋਤ, Supreet cheema
‘ਜਿੱਥੇ ਸਮਝੌਤੇ ਦੀ ਨੌਬਤ ਆਈ, ਮੈਂ ਪ੍ਰੋਜੈਕਟ ਛੱਡੇ’
ਸੁਪਰੀਤ ਚੀਮਾ ਖੁਦ ਨੂੰ ਖੁਸ਼-ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਖੇਤਰ ਵਿੱਚ ਕੰਮ ਕਰਦਿਆਂ ਲਿੰਗ ਭੇਦ ਦਾ ਵੱਡੇ ਪੱਧਰ ‘ਤੇ ਸਾਹਮਣਾ ਨਹੀਂ ਕਰਨਾ ਪਿਆ।
ਉਹ ਕਹਿੰਦੇ ਹਨ ਕਿ ਕਾਸਟਿਊਮ ਵਿੱਚ ਕੁੜੀਆਂ ਉੱਤੇ ਭਰੋਸਾ ਕੀਤਾ ਜਾਂਦਾ ਹੈ, ਹੋਰ ਖੇਤਰਾਂ ਦੀ ਤਰ੍ਹਾਂ ਉਨ੍ਹਾਂ ਨਾਲ ਲਿੰਗ-ਭੇਦ ਨਹੀਂ ਦੇਖਣ ਨੂੰ ਮਿਲਦਾ।
ਉਹ ਕਹਿੰਦੇ ਹਨ ਕਿ ਸਾਰਿਆਂ ਵਿੱਚੋਂ ਕੋਈ ਇੱਕ-ਅੱਧਾ ਆਪਣੀ ਸੋਚ ਕਾਰਨ ਤੁਹਾਡੇ ‘ਤੇ ਬੇ-ਭਰੋਸਗੀ ਜਤਾਵੇ ਤਾਂ ਇਹ ਤਾਂ ਹੋ ਜਾਂਦਾ ਹੈ, ਪਰ ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ।
ਸੁਪਰੀਤ ਨੇ ਇਹ ਵੀ ਦੱਸਿਆ ਕਿ ਜੇ ਕਿਤੇ ਬਾਹਰ ਅਸੁਰੱਖਿਅਤ ਹਾਲਾਤ ਵਿੱਚ ਕੰਮ ਕਰ ਰਹੇ ਹੋਈਏ ਤਾਂ ਟੀਮ ਕੁੜੀਆਂ ਦੀ ਸੁਰੱਖਿਆ ਦਾ ਧਿਆਨ ਰੱਖਦੀ ਹੈ।
ਪਰ ਨਾਲ ਹੀ ਉਹ ਕਹਿੰਦੇ ਹਨ ਕਿ ਸਿਰਫ਼ ਫ਼ਿਲਮਾਂ ਵਿੱਚ ਹੀ ਨਹੀਂ, ਹਰ ਕਿੱਤੇ ਵਿੱਚ ਕੁੜੀਆਂ ਨੂੰ ਕੁਝ ਸਮੱਸਿਆਵਾਂ ਆਉਂਦੀਆਂ ਹਨ, ਤੁਹਾਡੇ ਅੰਦਰ ਸਪੱਸ਼ਟਤਾ ਚਾਹੀਦੀ ਹੈ ਕਿ ਤੁਸੀਂ ਕਿਵੇਂ ਕੰਮ ਕਰਨਾ ਚਾਹੁੰਦੇ ਹੋ।
ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਸਪੱਸ਼ਟ ਸਨ ਕਿ ਉਹ ਕਦੇ ਵੀ ਕੋਈ ਛੋਟਾ ਰਾਹ ਨਹੀਂ ਅਪਣਾਉਣਗੇ ਜਾਂ ‘ਸਮਝੌਤਾ’ ਨਹੀਂ ਕਰਨਗੇ।
ਸੁਪਰੀਤ ਨੇ ਕਿਹਾ, “ਮੇਰੇ ਲਈ ਜਿੱਥੇ ਵੀ ਸਮਝੌਤੇ ਦੀ ਨੌਬਤ ਆਈ, ਮੈਂ ਪ੍ਰੋਜੈਕਟ ਛੱਡੇ ਹਨ। ਇੱਕ ਗੀਤ ਸੀ ਜਿਸ ਦੌਰਾਨ ਮੈਨੂੰ ਇੱਕ ਸ਼ਖਸ ਦਾ ਰਵੱਈਆ ਗ਼ੈਰ-ਵਾਜਬ ਲੱਗਿਆ, ਤਾਂ ਮੈਂ ਉਹ ਪ੍ਰੋਜੈਕਟ ਹੀ ਛੱਡ ਦਿੱਤਾ ਸੀ। ਮੈਂ ਉਸ ਸ਼ਖਸ ਨਾਲ ਹੁਣ ਤੱਕ ਕਦੇ ਕੰਮ ਨਹੀਂ ਕੀਤਾ।”
ਸੁਪਰੀਤ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦਾ ਪ੍ਰੋਜੈਕਟ ਚੱਲ ਰਿਹਾ ਹੁੰਦਾ ਹੈ, ਉਦੋਂ ਤੱਕ ਉਹ ਹਰ ਸਮੇਂ ਟੀਮ ਦੇ ਫੋਨ-ਮੈਸੇਜ ਦਾ ਜਵਾਬ ਦਿੰਦੇ ਹਨ ਪਰ ਜਿਵੇਂ ਹੀ ਪ੍ਰੋਜੈਕਟ ਖਤਮ ਹੁੰਦਾ ਹੈ ਤਾਂ ਉਹ ਬਿਨ੍ਹਾਂ ਮਤਲਬ ਕਿਸੇ ਨਾਲ ਰਾਬਤਾ ਨਹੀਂ ਰੱਖਦੇ।
ਚੀਮਾ ਨੇ ਕਿਹਾ ਕਿ ਅੰਤ ਵਿੱਚ ਹਰ ਕਿਸੇ ਨੂੰ ਤੁਹਾਡੇ ਤੋਂ ਕੰਮ ਚਾਹੀਦਾ ਹੈ। ਜੇ ਕੋਈ ਤੁਹਾਡੇ ਤੋਂ ਕਾਸਟਿਊਮ ਬਣਵਾਉਣ ਦਾ ਪੰਜ-ਦਸ ਜਾਂ ਉਸ ਤੋਂ ਵੱਧ ਬਜਟ ਰੱਖ ਰਹੇ ਹਨ, ਤਾਂ ਉਹ ਤੁਹਾਡੇ ਕੰਮ ਕਰਕੇ ਨਿਵੇਸ਼ ਕਰ ਰਿਹਾ ਹੈ।
ਉਹ ਕਹਿੰਦੇ ਹਨ, “ਜੇ ਤੁਸੀਂ ਸਮੇਂ ਸਿਰ ਸਹੀ ਕੰਮ ਕਰ ਕੇ ਦਿਓਗੇ ਤਾਂ ਤੁਹਾਨੂੰ ਦੁਬਾਰਾ ਕੰਮ ਦਿੱਤਾ ਜਾਏਗਾ, ਕੰਮ ਮਿਲਣਾ ਨਾ ਮਿਲਣਾ ਤੁਹਾਡੇ ਰਵੱਈਏ ਅਤੇ ਕੰਮ ਉੱਤੇ ਨਿਰਭਰ ਕਰਦਾ ਹੈ।”
‘ਉਸ ਖਤਰਨਾਕ ਰਾਤ ਨੇ ਮੈਨੂੰ ਬਹੁਤ ਡਰਾ ਦਿੱਤਾ ਸੀ…’

ਸੁਪਰੀਤ ਨੇ 2017 ਦਾ ਇੱਕ ਕਿੱਸਾ ਸੁਣਾਇਆ ਜਦੋਂ ਉਹ ‘ਰੇਡੂਆ’ ਨਾਮ ਦੀ ਇੱਕ ਫ਼ਿਲਮ ਕਰ ਰਹੇ ਸੀ।
ਸ਼ੂਟ ਤੋਂ ਪਰਤਣ ਵੇਲੇ ਰਾਤ ਦੇ 2-3 ਵੱਜ ਚੁੱਕੇ ਸਨ ਅਤੇ ਉਨ੍ਹਾਂ ਨੇ ਪਹਿਲਾਂ ਆਪਣੀ ਟੀਮ ਨੂੰ ਉਨ੍ਹਾਂ ਦੇ ਘਰਾਂ ਵਿੱਚ ਛੱਡਿਆ ਅਤੇ ਬਾਅਦ ਵਿੱਚ ਡਰਾਈਵਰ ਸੁਪਰੀਤ ਨੂੰ ਛੱਡਣ ਜਾ ਰਿਹਾ ਸੀ।
ਸੁਪਰੀਤ ਮੁਤਾਬਕ, ਮੋਹਾਲੀ ਦੇ ਸੱਤ ਫੇਜ਼ ਨੇੜੇ ਇੱਕ ਗੱਡੀ ਉਨ੍ਹਾਂ ਦੇ ਪਿੱਛੇ ਲੱਗ ਗਈ ਜਿਸ ਵਿੱਚ ਪੰਜ-ਛੇ ਆਦਮੀ ਸਨ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ।
ਉਨ੍ਹਾਂ ਦੱਸਿਆ, ” ਉਹ ਸਾਡੇ ਵੱਲ ਬੋਤਲਾਂ ਸੁੱਟ ਰਹੇ ਸਨ ਅਤੇ ਡਰਾਈਵਰ ਨੂੰ ਕਹਿ ਰਹੇ ਸੀ ਕਿ ਤੂੰ ਇਸ ਕੁੜੀ ਨੂੰ ਛੱਡ ਜਾ ਅਤੇ ਖੁਦ ਚਲਾ ਜਾ। ਉਹ ਸਾਡੀ ਕਾਰ ਨੂੰ ਟੱਕਰ ਵੀ ਮਾਰ ਰਹੇ ਸੀ।”
“ਮੈਂ ਉਸ ਡਰਾਈਵਰ ਦੀ ਸ਼ੁਕਰਗੁਜ਼ਾਰ ਹਾਂ ਜਿਸ ਨੇ ਗੱਡੀ ਨਹੀਂ ਰੋਕੀ। ਕਾਫ਼ੀ ਦੇਰ ਤੱਕ ਉਹ ਸਾਡਾ ਪਿੱਛਾ ਕਰਦੇ ਰਹੇ। ਫਿਰ ਸਾਨੂੰ ਪੁਲਿਸ ਦੀ ਪੈਟਰੋਲਿੰਗ ਟੀਮ ਮਿਲ ਗਈ ਜਿਨ੍ਹਾਂ ਨੇ ਸਾਨੂੰ ਘਰ ਤੱਕ ਛੱਡਿਆ।”
ਸੁਪਰੀਤ ਕਹਿੰਦੇ ਹਨ, “ਉਹ ਇੱਕ ਖਤਰਨਾਕ ਰਾਤ ਸੀ ਜਿਸ ਦਾ ਖ਼ਿਆਲ ਬਹੁਤ ਸਾਲਾਂ ਤੱਕ ਡਰਾਉਂਦਾ ਰਿਹਾ।”
“ਬਹੁਤ ਸਮੇਂ ਤੱਕ ਉਹ ਰਾਤ ਮੈਨੂੰ ਡਰਾਉਂਦੀ ਰਹੀ। ਉਸ ਦੇ ਬਾਅਦ ਤੋਂ ਪਹਿਲਾਂ ਟੀਮ ਮੈਨੂੰ ਮੇਰੇ ਘਰ ਛੱਡਦੀ ਸੀ, ਫਿਰ ਉਹ ਆਪਣੇ ਘਰ ਜਾਂਦੇ ਸਨ। ਜਾਂ ਫਿਰ ਮੈਂ ਜ਼ਿਆਦਾ ਦੇਰ ਰਾਤ ਤੱਕ ਸ਼ੂਟ ‘ਤੇ ਨਹੀਂ ਰੁਕਦੀ ਸੀ।”
ਹੁਣ ਤੱਕ ਦੇ ਕਰੀਅਰ ਦੇ ਤਜਰਬਿਆਂ ਵਿੱਚੋਂ ਸੁਪਰੀਤ ਇੱਕ ਹੋਰ ਘਟਨਾ ਸਾਂਝੀ ਕਰਦੇ ਹਨ ਜੋ ਕਿ ਬਹੁਤੀ ਪੁਰਾਣੀ ਨਹੀਂ ਹੈ।
ਸੁਪਰੀਤ ਦੱਸਦੇ ਹਨ ਕਿ ਉਨ੍ਹਾਂ ਦੀ ਨਿਮਰਤਾ ਨਾਲ ਬੋਲਣ ਦੀ ਆਦਤ ਨੂੰ ਕਈ ਵਾਰ ਲੋਕ ਹਲਕੇ ਵਿੱਚ ਲੈ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਇੱਕ ਪ੍ਰੋਜੈਕਟ ਦੌਰਾਨ ਇੱਕ ਸ਼ਖਸ ਨੇ ਉਨ੍ਹਾਂ ਨਾਲ ਇੰਨੀ ਉੱਚੀ ਗੱਲ ਕੀਤੀ ਕੇ ਮਨ ਨੂੰ ਬਹੁਤ ਠੇਸ ਪਹੁੰਚੀ।
ਸੁਪਰੀਤ ਕਹਿੰਦੇ ਹਨ ਕਿ ਕਈ ਵਾਰ ਇਸ ਤਰ੍ਹਾਂ ਦੇ ਇਨਸਾਨਾਂ ਕਾਰਨ ਕੰਮ ਕਰਨ ਤੋਂ ਮਨ ਉੱਠ ਜਾਂਦਾ ਹੈ।
‘ਮੇਰਾ ਕਰੀਅਰ ਹੀ ਮੇਰੀ ਪਛਾਣ ਸੀ’

ਭਾਵੇਂ ਅੱਜਕਲ੍ਹ ਕੁੜੀਆਂ ਹਰ ਖੇਤਰ ਵਿੱਚ ਮੁਕਾਮ ਹਾਸਲ ਕਰ ਰਹੀਆਂ ਹਨ, ਪਰ ਕਈ ਕਿੱਤਿਆਂ ਵਿੱਚ ਕੁੜੀਆਂ ਲਈ ਘਰ-ਪਰਿਵਾਰ ਅਤੇ ਕਰੀਅਰ ਵਿਚਕਾਰ ਤਾਲਮੇਲ ਬਿਠਾਉਣਾ ਬਹੁਤ ਔਖਾ ਹੋ ਜਾਂਦਾ ਹੈ।
ਸੁਪਰੀਤ ਕਹਿੰਦੇ ਹਨ ਕਿ ਵਿਆਹ ਤੋਂ ਪਹਿਲਾਂ ਕੰਮ ਕਰਨਾ ਫਿਰ ਵੀ ਸੌਖਾ ਹੈ, ਪਰ ਵਿਆਹ ਤੋਂ ਬਾਅਦ ਜੇਕਰ ਸਹਿਯੋਗ ਦੇਣ ਵਾਲਾ ਪਤੀ ਜਾਂ ਪਰਿਵਾਰ ਨਹੀਂ ਮਿਲਦਾ ਤਾਂ ਕਈ ਕੁੜੀਆਂ ਨੂੰ ਕਰੀਅਰ ਉੱਥੇ ਹੀ ਖ਼ਤਮ ਕਰਨਾ ਪੈ ਜਾਂਦਾ ਹੈ।
ਸੁਪਰੀਤ ਚੀਮਾ ਤਲਾਕਸ਼ੁਦਾ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਤਲਾਕ ਦੇ ਕਈ ਕਾਰਨਾਂ ਵਿੱਚ ਇੱਕ ਕਾਰਨ ਉਨ੍ਹਾਂ ਦਾ ਆਪਣੇ ਕਰੀਅਰ ਨੂੰ ਤਵੱਜੋ ਦੇਣਾ ਵੀ ਸੀ।
ਸੁਪਰੀਤ ਮੁਤਾਬਕ, ਉਨ੍ਹਾਂ ਦੇ ਸਹੁਰਾ ਪਰਿਵਾਰ ਨੂੰ ਫ਼ਿਲਮ ਇੰਡਸਟਰੀ ਵਿੱਚ ਉਨ੍ਹਾਂ ਦਾ ਕੰਮ ਕਰਨਾ ਪਸੰਦ ਨਹੀਂ ਸੀ। ਇਸ ਕਾਰਨ ਉਨ੍ਹਾਂ ਨੇ 2018 ਵਿੱਚ ਕੰਮ ਛੱਡ ਦਿੱਤਾ ਸੀ ਅਤੇ ਫਿਰ 2021 ਤੋਂ ਮੁੜ ਸ਼ੁਰੂ ਕੀਤਾ।
ਉਨ੍ਹਾਂ ਕਿਹਾ, “ਮੇਰਾ ਕਰੀਅਰ ਹੀ ਮੇਰੀ ਪਛਾਣ ਸੀ, ਮੈਂ ਇਸ ਨੂੰ ਨਹੀਂ ਛੱਡ ਸਕਦੀ ਸੀ।”
ਕਾਸਟਿਊਮ ਡਿਜ਼ਾਈਨਿੰਗ ਵਿੱਚ ਖ਼ੁਦ ਲਈ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਸੁਪਰੀਤ ਕਹਿੰਦੇ ਹਨ ਕਿ ਪੰਜਾਬੀ ਦੇ ਨਾਲ-ਨਾਲ ਉਹ ਬਾਲੀਵੁੱਡ ਵਿੱਚ ਕੰਮ ਕਰ ਸਕਦੇ ਹਨ ਪਰ ਹੁਣ ਉਨ੍ਹਾਂ ਦੀ ਇੱਛਾ ਹੈ ਕਿ ਕਾਰੋਬਾਰ ਵਿੱਚ ਵੀ ਆਪਣੀ ਕਿਸਮਤ ਅਜ਼ਮਾਉਣ।
ਸੁਪਰੀਤ ਕਹਿੰਦੇ ਹਨ ਕਿ ਉਹ ਖ਼ੁਦ ਦਾ ਇੱਕ ਫੈਸ਼ਨ ਬਰੈਂਡ ਬਣਾਉਣਾ ਚਾਹੁੰਦੇ ਹਨ ਤਾਂ ਜੋ ਉਹ ਵਿੱਤੀ ਪੱਖੋਂ ਮਜ਼ਬੂਤ ਹੋ ਸਕਣ।
ਕੈਮਰੇ ਪਿੱਛੇ ਕੰਮ ਕਰਦੀਆਂ ਔਰਤਾਂ ਦੀਆਂ ਕਹਾਣੀਆਂ ਬਾਰੇ ਬੀਬੀਸੀ ਪੰਜਾਬੀ ਦੀ ਲੜੀ ਤਹਿਤ ਇੰਟਰਵਿਊ ਕੀਤੇ ਜਾਣ ਬਾਰੇ ਸੁਪਰੀਤ ਕਹਿੰਦੇ ਹਨ, “ਅਸੀਂ ਕੈਮਰੇ ਪਿੱਛੇ ਕਿੰਨੀ ਮਿਹਨਤ ਕਰਦੇ ਹਾਂ, ਕੋਈ ਨੋਟਿਸ ਹੀ ਨਹੀਂ ਕਰਦਾ। ਭਾਵੇਂ ਪਿੱਛੇ ਰਹਿਣਾ ਅਸੀਂ ਚੁਣਿਆ ਹੈ, ਪਰ ਪਤਾ ਤਾਂ ਹੋਣਾ ਚਾਹੀਦਾ ਹੈ ਕਿ ਕੈਮਰੇ ਦੇ ਪਿੱਛੇ ਰਹਿਣ ਵਾਲਿਆਂ ਦੀ ਕਿੰਨੀ ਮਿਹਨਤ ਲਗਦੀ ਹੈ।”
“ਖ਼ਾਸ ਕਰਕੇ ਇੱਕ ਔਰਤ ਜਦੋਂ ਆਪਣਾ ਘਰ ਛੱਡ ਕੇ ਕੰਮ ਕਰਨ ਲਈ ਨਿਕਲਦੀ ਹੈ ਤਾਂ ਕਿੰਨਾ ਸੋਚ ਸਮਝ ਕੇ ਨਿਕਲਦੀ ਹੈ, ਪਰ ਜੇ ਤੁਸੀਂ ਉਸ ਦੇ ਕੰਮ ਨੂੰ ਨੋਟਿਸ ਨਾ ਕਰੋ ਜਾਂ ਹਲਕੇ ਵਿੱਚ ਲਓ ਤਾਂ ਦਿਲ ਟੁੱਟਦਾ ਹੈ। ਪਰ ਕੰਮ ਬਹੁਤ ਹੌਸਲਾ ਵੀ ਦਿੰਦਾ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI