Source :- BBC PUNJABI

ਤਸਵੀਰ ਸਰੋਤ, Getty Images
ਭਾਰਤ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 17 ਮਈ ਨੂੰ ਮੁੜ ਸ਼ੁਰੂ ਹੋ ਗਿਆ ਹੈ।
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ, ਇਸੇ ਕਾਰਨ ਆਈਪੀਐੱਲ ਟੂਰਨਾਮੈਂਟ ਨੂੰ ਵੀ ਵਿੱਚ ਹੀ ਰੋਕ ਦਿੱਤਾ ਗਿਆ ਸੀ।
ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਮਗਰੋਂ ਹੁਣ ਦੁਬਾਰਾ ਆਈਪੀਐੱਲ ਕੁਝ ਨਵੇਂ ਨਿਯਮਾਂ ਤੇ ਨਵੇਂ ਖਿਡਾਰੀਆਂ ਨਾਲ ਸ਼ੁਰੂ ਹੋ ਗਿਆ।
ਉਥੇ ਹੀ ਕੁਝ ਅੰਤਰਰਾਸ਼ਟਰੀ ਖਿਡਾਰੀ ਆਪਣੇ ਵਤਨ ਚਲੇ ਗਏ ਜਾਂ ਕੁਝ ਜਾਣ ਲਈ ਤਿਆਰ ਹਨ।
ਇਸ ਦੇ ਮੱਦੇਨਜ਼ਰ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ ਯਾਨੀ ਬੀਸੀਸੀਆਈ ਨੇ ਆਈਪੀਐੱਲ ਦੀਆਂ ਟੀਮਾਂ ਲਈ ਕੁਝ ਨਵੇਂ ਨਿਯਮ ਲਿਆਂਦੇ ਹਨ।
ਕੀ ਹਨ ਨਵੇਂ ਨਿਯਮ

ਤਸਵੀਰ ਸਰੋਤ, Getty Images
ਇਸ ਵਾਰ ਦੇ ਆਈਪੀਐੱਲ ਸੀਜ਼ਨ ਵਿੱਚ ਸਭ ਕੁਝ ਪਹਿਲੇ ਵਰਗਾ ਆਮ ਨਹੀਂ ਹੈ। ਹੁਣ ਤੱਕ ਕਈ ਫੇਰਬਦਲ ਦੇਖਣ ਨੂੰ ਮਿਲ ਚੁੱਕੇ ਹਨ। ਮੁੜ ਤੋਂ ਸ਼ੁਰੂ ਹੋਏ ਆਈਪੀਐੱਲ ਲਈ ਬੀਸੀਸੀਆਈ ਨੇ ਨਵੇਂ ਨਿਯਮ ਲਿਆਂਦੇ ਹਨ।
ਪਹਿਲ ਇਹ ਕਿ ਹੁਣ ਟੀਮਾਂ ਸੀਜ਼ਨ ਦੇ ਵਿੱਚ ਖਿਡਾਰੀ ਨੂੰ ਬਦਲ ਸਕਦੀਆਂ ਹਨ। ਇਸ ਦੇ ਨਾਲ ਹੀ ਕੋਈ ਵੀ ਖਿਡਾਰੀ ਸਾਈਨ ਹੋ ਸਕਦਾ। ਇਸ ਵਿੱਚ ਇਹ ਹੋਵੇਗਾ ਕਿ ਜਿਸ ਖਿਡਾਰੀ ਨੇ ਆਕਸ਼ਨ ਵਿੱਚ ਖੁਦ ਨੂੰ ਰਜਿਸਟਰ ਕਰਵਾਇਆ ਸੀ, ਉਸ ਨੂੰ ਟੀਮਾਂ ਸਾਈਨ ਕਰ ਸਕਦੀਆਂ ਹਨ।
ਆਈਪੀਐੱਲ ਦੇ ਵਿੱਚ ਪਹਿਲਾਂ ਇਹ ਨਿਯਮ ਸਨ ਕਿ ਜੇ ਕਿਸੇ ਖਿਡਾਰੀ ਦੇ ਕੋਈ ਸੱਟ ਲੱਗਦੀ ਜਾਂ ਇੰਜਰੀ ਆਉਂਦੀ ਹੈ ਜਾਂ ਸੀਜ਼ਨ ਵਿੱਚ ਨਹੀਂ ਖੇਡ ਸਕਦਾ ਸੀ, ਉਦੋਂ ਹੀ ਉਸ ਖਿਡਾਰੀ ਨੂੰ ਬਾਹਰ ਕੀਤਾ ਜਾਂਦਾ ਸੀ ਤੇ ਦੂਜੇ ਖਿਡਾਰੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ।
ਪਰ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਟੀਮਾਂ ਖਿਡਾਰੀ ਨੂੰ ਸੱਟ ਲੱਗਣ ਤੋਂ ਬਿਨਾਂ ਵੀ ਰਿਪਲੇਸ ਕਰ ਸਕਣਗੀਆਂ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇ ਤੁਹਾਡਾ ਖਿਡਾਰੀ ਸੀਜ਼ਨ ਖੇਡਣ ਲਈ ਮੌਜੂਦ ਨਹੀਂ ਹੈ ਤਾਂ ਤੁਸੀਂ ਉਸ ਦੀ ਹੁਣ ਰਿਪਲੇਸਮੈਂਟ ਕਰ ਸਕਦੇ ਹੋ।
ਦੂਜਾ ਅਹਿਮ ਨਿਯਮ ਇਹ ਹੈ ਕਿ ਟੀਮਾਂ ਇਸ ਸੀਜ਼ਨ ਵਿੱਚ ਤਾਂ ਖਿਡਾਰੀਆਂ ਨੂੰ ਖਿਡਾ ਸਕਦੀਆਂ ਹਨ ਪਰ ਸਸਪੈਸ਼ਨ ਤੋਂ ਬਾਅਦ ਸਾਈਨ ਕੀਤਾ ਨਵਾਂ ਖਿਡਾਰੀ ਰਿਟੇਨ ਨਹੀਂ ਹੋਵੇਗਾ।
ਅਸਾਨ ਭਾਸ਼ਾ ਵਿੱਚ ਸਮਝੀਏ ਤਾਂ ਮੰਨ ਲਵੋ ਪੰਜਾਬ ਟੀਮ ਦੇ ਖਿਡਾਰੀ ਮਾਰਕ ਜੌਨਸਨ ਦੀ ਥਾਂ ਕਿਸੇ ਦੂਜੇ ਖਿਡਾਰੀ ਨੂੰ ਸਾਈਨ ਕਰ ਕੇ ਖਿਡਾਇਆ ਜਾਂਦਾ ਹੈ ਤਾਂ ਸੀਜ਼ਨ ਖਤਮ ਹੋਣ ਤੋਂ ਬਾਅਦ ਟੀਮ ਉਸ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ।
ਮਤਲਬ ਇਹ ਕਿ ਟੀਮ ਨੇ ਜਿਸ ਖਿਡਾਰੀ ਨੂੰ ਰਿਪਲੇਸਮੈਂਟ ਕਰ ਕੇ ਲਿਆ ਸੀ, ਉਹ ਖਿਡਾਰੀ ਆਈਪੀਐੱਲ ਸੀਜ਼ਨ ਖਤਮ ਹੋਣ ਬਾਅਦ ਰਿਲੀਜ਼ ਹੋ ਜਾਵੇਗਾ।
ਪੰਜਾਬ ਕਿੰਗਜ਼ ਲਈ ਚੁਣੌਤੀਆਂ

ਤਸਵੀਰ ਸਰੋਤ, Getty Images
ਇਸ ਸਭ ਦੇ ਵਿਚਾਲੇ ਇਹ ਵੀ ਖਬਰਾਂ ਆਈਆਂ ਕਿ ਆਈਪੀਐੱਲ ਟੀਮਾਂ ਦੇ ਦਿੱਗਜ ਕੌਮਾਂਤਰੀ ਖਿਡਾਰੀ ਅੰਤ ਤੱਕ ਇਹ ਸੀਜ਼ਨ ਨਹੀਂ ਖੇਡ ਸਕਣਗੇ ਪਰ ਇਨ੍ਹਾਂ ਖਬਰਾਂ ਵਿੱਚ ਹਾਲੇ ਕੋਈ ਸਪੱਸ਼ਟਤਾ ਨਹੀਂ ਆਈ ਹੈ।
ਅਜਿਹੀਆਂ ਰਿਪੋਰਟਾਂ ਪੰਜਾਬ ਕਿੰਗਜ਼ ਦੇ ਗੇਂਦਬਾਜ਼ ਮਾਰਕੋ ਜਾਨਸਨ ਬਾਰੇ ਵੀ ਹਨ। ਈਐੱਸਪੀਐੱਨ ਕ੍ਰਿਕਇਨਫੋ ਦੀ ਇੱਕ ਰਿਪੋਰਟ ਮੁਤਾਬਕ ਲੀਗ ਦੇ ਅੰਤ ਤੱਕ ਪੰਜਾਬ ਕਿੰਗਜ਼ ਦੀ ਟੀਮ ਨੂੰ ਸਾਊਥ ਅਫਰੀਕਨ ਖਿਡਾਰੀ ਮਾਰਕੋ ਜਾਨਸਨ ਤੋਂ ਇਲਾਵਾ ਹੀ ਖੇਡਣਾ ਪਵੇਗਾ।
ਉਥੇ ਹੀ ਜੋਸ਼ ਇੰਗਲਿਸ ਨੇ ਪੰਜਾਬ ਦੇ ਲਈ ਵਾਪਸੀ ਕਰਨ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਮਾਰਕਸ ਸਟੋਨਿਸ ਬਾਰੇ ਵੀ ਹਾਲੇ ਕੁਝ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਆਈਪੀਐੱਲ ਵਿੱਚ ਪੰਜਾਬ ਲਈ ਵਾਪਸੀ ਕਰਨਗੇ ਜਾਂ ਨਹੀਂ।
ਜੇ ਇਹ ਕੌਮਾਂਤਰੀ ਖਿਡਾਰੀ ਆਈਪੀਐੱਲ ਵਿੱਚ ਵਾਪਸੀ ਨਹੀਂ ਕਰਦੇ ਤਾਂ ਪੰਜਾਬ ਲਈ ਪਲੇਅਆਫ ਵਿੱਚ ਥਾਂ ਬਣਾਉਣ ਦਾ ਰਾਹ ਕੁਝ ਔਖਾ ਹੋ ਸਕਦਾ ਹੈ।
ਹਾਲਾਂਕਿ ਪੰਜਾਬ ਨੇ ਗਲੇਨ ਮੈਕਸਵਲ ਦੀ ਥਾਂ ‘ਤੇ ਮਿਸ਼ੇਲ ਓਵਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਇਸ ਵਾਰ ਦੇ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਸੀਜ਼ਨ ਪੰਜਾਬ ਦੀ ਟੀਮ ਲਈ ਜਿਥੇ ਹੁਣ ਤੱਕ ਚੰਗਾ ਜਾ ਰਿਹਾ, ਉਥੇ ਹੀ ਧਰਮਸ਼ਾਲਾ ਮੈਚ ਦੇ ਰੱਦ ਹੋਣ ਤੋਂ ਬਾਅਦ ਪੰਜਾਬ ਦੀ ਮਿਹਨਤ ਉਪਰ ਪਾਣੀ ਵੀ ਫਿਰਿਆ।

ਧਰਮਸ਼ਾਲਾ ਵਿੱਚ 8 ਮਈ ਨੂੰ ਦਿੱਲੀ ਨਾਲ ਖੇਡੇ ਜਾ ਰਹੇ ਮੈਚ ਵਿੱਚ ਪੰਜਾਬ ਨੇ 10 ਓਵਰਾਂ ਵਿੱਚ ਹੀ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ 122 ਦੌੜਾਂ ਬਣਾ ਦਿੱਤੀਆਂ ਸਨ, ਜਿਸ ਤੋਂ ਇਹ ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਵੀ ਦਿੱਲੀ ਉਪਰ ਪੰਜਾਬ ਦੀ ਜਿੱਤ ਤੈਅ ਹੈ।
ਪਰ ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਸੁਰੱਖਿਆ ਕਾਰਨਾਂ ਕਰਕੇ ਇਹ ਮੈਚ ਰੱਦ ਕਰ ਦਿੱਤਾ ਗਿਆ, ਜਿਸ ਨਾਲ ਪੰਜਾਬ ਅੰਕਾਂ ਦੀ ਸੂਚੀ ਵਿੱਚ ਟੌਪ ਉਪਰ ਪਹੁੰਚਣ ਤੋਂ ਖੁੰਝ ਗਿਆ।
ਸਾਬਕਾ ਕ੍ਰਿਕਟਰ ਤੇ ਖੇਡ ਮਾਹਿਰ ਸ਼ਰਨਦੀਪ ਸਿੰਘ ਨੇ ਬੀਬੀਸੀ ਨਾਲ ਆਈਪੀਐੱਲ ਬਾਰੇ ਗੱਲਬਾਤ ਕੀਤੀ ਹੈ।
ਉਹ ਮੰਨਦੇ ਹਨ ਕਿ ਪੰਜਾਬ ਦੀ ਟੀਮ ਨੂੰ ਅੰਤਰਰਾਸ਼ਟਰੀ ਖਿਡਾਰੀਆਂ ਦੇ ਜਾਣ ਨਾਲ ਕੋਈ ਖਾਸਾ ਫਰਕ ਨਹੀਂ ਪਵੇਗਾ।
ਉਹ ਕਹਿੰਦੇ ਹਨ, “ਪੰਜਾਬ ਦੀ ਟੀਮ ਕਾਫੀ ਮਜ਼ਬੂਤ ਹੈ, ਉਸ ਦੇ ਆਪਣੇ ਭਾਰਤੀ ਖਿਡਾਰੀ ਹੀ ਇਸ ਸੀਜ਼ਨ ਵਿੱਚ ਖੂਬ ਧਮਾਲ ਪਾ ਰਹੇ ਹਨ। ਓਪਨਰ ਪ੍ਰਭਸਿਮਰਨ ਤੇ ਪ੍ਰਿਯਾਂਸ਼ ਆਰਿਆ ਦਾ ਇਸ ਸੀਜ਼ਨ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਪੰਜਾਬ ਕੋਲ ਬੱਲੇਬਾਜ਼ੀ ਦੇ ਨਾਲ-ਨਾਲ ਯੁਜ਼ਵਿੰਦਰ ਚਾਹਲ ਅਤੇ ਅਰਸ਼ਦੀਪ ਸਿੰਘ ਵਰਗੇ ਆਪਣੇ ਭਾਰਤੀ ਗੇਂਦਬਾਜ਼ ਵੀ ਹਨ। ਪੰਜਾਬ ਦੀ ਟੀਮ ਬਾਹਰਲੇ ਖਿਡਾਰੀਆਂ ‘ਤੇ ਨਿਰਭਰ ਨਹੀਂ ਹੈ।”
“26 ਮਈ ਤੱਕ ਪੰਜਾਬ ਦੇ ਕੌਮਾਂਤਰੀ ਖਿਡਾਰੀ ਆਈਪੀਐੱਲ ‘ਚ ਬਣੇ ਰਹਿਣਗੇ ਤੇ ਉਸ ਤੋਂ ਬਾਅਦ ਕੁਝ ਖਿਡਾਰੀ ਚਲੇ ਜਾਣਗੇ ਪਰ ਪੰਜਾਬ ਨੂੰ ਇਸ ਨਾਲ ਕੋਈ ਖਾਸ ਫਰਕ ਨਹੀਂ ਪਵੇਗਾ ਕਿਉਂਕਿ ਉਸ ਦੇ ਆਪਣੇ ਭਾਰਤੀ ਖਿਡਾਰੀ ਚੰਗੀ ਫਾਰਮ ਵਿੱਚ ਹਨ।”
ਪੰਜਾਬ ਦੀ ਪਲੇਅਆਫ ‘ਚ ਸਥਿਤੀ

ਤਸਵੀਰ ਸਰੋਤ, Getty Images
ਅੰਕਾਂ ਦੀ ਸੂਚੀ ਵਿੱਚ ਪੰਜਾਬ ਇਸ ਵੇਲੇ 11 ਮੈਚ ਖੇਡ ਕੇ 15 ਪੁਆਇੰਟਾਂ ਨਾਲ ਤੀਜੇ ਸਥਾਨ ‘ਤੇ ਹੈ।
ਹੁਣ ਮੁੜ ਤੋਂ ਸ਼ੁਰੂ ਹੋਏ ਆਈਪੀਐੱਲ ਸੀਜ਼ਨ 2025 ਵਿੱਚ ਪੰਜਾਬ ਦੇ ਲੀਗ ਦੇ ਤਿੰਨ ਮੈਚ ਉਸ ਦੇ ਹੋਮ ਗਰਾਊਂਡ ਦੀ ਥਾਂ ਜੈਪੁਰ ਵਿੱਚ ਹੋਣ ਜਾ ਰਹੇ ਹਨ।
ਇਨ੍ਹਾਂ ਪ੍ਰਸਥਿਤੀਆਂ ਵਿਚਾਲੇ ਪੰਜਾਬ ਸਾਹਮਣੇ ਕਈ ਚੁਣੌਤੀਆਂ ਆਣ ਖੜ੍ਹੀਆਂ ਹਨ।
ਪਹਿਲਾਂ ਤਾਂ ਇਹ ਕਿ ਪੰਜਾਬ ਦੇ ਕਈ ਅੰਤਰਰਾਸ਼ਟਰੀ ਖਿਡਾਰੀਆਂ ਦੀ ਵਾਪਸੀ ਬਾਰੇ ਫਿਲਹਾਲ ਕੋਈ ਤਾਜ਼ਾ ਅਪਡੇਟ ਨਹੀਂ ਹੈ ਕਿ ਉਹ ਇਸ ਸੀਜ਼ਨ ਦੇ ਅੰਤ ਤੱਕ ਪੰਜਾਬ ਲਈ ਖੇਡਣਗੇ ਜਾਂ ਨਹੀਂ।
ਦੂਜਾ ਇਹ ਕਿ ਮੁੜ ਸ਼ੁਰੂ ਹੋਏ ਆਈਪੀਐੱਲ ਵਿੱਚ ਪੰਜਾਬ ਦਾ ਪਹਿਲਾਂ ਹੀ ਮੈਚ ਰਾਜਸਥਾਨ ਨਾਲ ਉਸ ਦੇ ਹੀ ਹੋਮ ਗਰਾਊਂਡ ਵਿੱਚ ਹੋ ਰਿਹਾ ਹੈ। ਇਸ ਤੋਂ ਪਹਿਲਾਂ ਖੇਡੇ ਗਏ ਮੈਚ ਵਿੱਚ ਰਾਜਸਥਾਨ ਪੰਜਾਬ ਨੂੰ ਹਰਾ ਚੁੱਕਿਆ ਹੈ।
ਹਾਲਾਂਕਿ ਰਾਜਸਥਾਨ ਆਪਣੇ ਹੋਮ ਗਰਾਊਂਡ ‘ਚ ਕੋਈ ਚੰਗਾ ਕਮਾਲ ਨਹੀਂ ਦਿਖਾ ਸਕਿਆ ਹੈ।
ਆਪਣੇ ਹੋਮ ਗਰਾਊਂਡ ਤੋਂ ਬਾਹਰ ਖੇਡਣ ‘ਤੇ ਪੰਜਾਬ ਦੇ ਪ੍ਰਦਰਸ਼ਨ ਬਾਰੇ ਸ਼ਰਨਦੀਪ ਕਹਿੰਦੇ ਹਨ, “ਪੰਜਾਬ ਇੱਕ ਮਜ਼ਬੂਤ ਟੀਮ ਹੈ। ਉਸ ਨੇ ਇੰਨਾ ਚੰਗਾ ਪ੍ਰਦਰਸ਼ਨ ਆਪਣੇ ਹੋਮ ਗਰਾਊਂਡ ‘ਚ ਨਹੀਂ ਕੀਤਾ, ਜਿੰਨਾ ਘਰ ਤੋਂ ਬਾਹਰ ਕੀਤਾ ਹੈ।”
“ਪੰਜਾਬ ਦੀ ਟੀਮ ਲਈ ਰਾਜਸਥਾਨ ਦਾ ਮੈਦਾਨ ਕਾਫੀ ਚੰਗਾ ਸਾਬਤ ਹੋਵੇਗਾ। ਪੰਜਾਬ ਦੀ ਟੀਮ ਦਾ ਰਿਕਾਰਡ ਰਿਹਾ ਕਿ ਉਹ ਘਰ ਤੋਂ ਬਾਹਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ।”
ਪਲੇਅਆਫ ਵਿੱਚ ਪੰਜਾਬ ਦੀ ਦਾਅਵੇਦਾਰੀ ਬਾਰੇ ਸ਼ਰਨਦੀਪ ਕਹਿੰਦੇ ਹਨ, “ਪੰਜਾਬ ਦੀ ਟੀਮ ਪੁਆਇੰਟ ਟੇਬਲ ਵਿੱਚ ਹੁਣ 15 ਅੰਕਾਂ ਨਾਲ ਤੀਜੇ ਸਥਾਨ ਉਪਰ ਹੈ। ਹੁਣ ਤਿੰਨਾਂ ਮੈਚਾਂ ਵਿੱਚੋਂ ਪੰਜਾਬ ਨੂੰ ਦੋ ਜਿੱਤਾਂ ਕਰਨੀਆਂ ਜ਼ਰੂਰੀ ਹਨ। ਜੇ ਦਿੱਲੀ ਵਾਲਾ ਪਿਛਲੇ ਮੈਚ ਰੱਦ ਨਾ ਹੁੰਦਾ ਤਾਂ ਪੰਜਾਬ ਨੇ ਉਹ ਵੀ ਜਿੱਤ ਲੈਣਾ ਸੀ।”
“ਜੇ ਪੰਜਾਬ ਇੱਕ ਮੈਚ ਵੀ ਜਿੱਤਦੀ ਹੈ ਤਾਂ 17 ਅੰਕਾਂ ਨਾਲ ਵੀ ਉਹ ਪਲੇਅਆਫ ਵਿੱਚ ਮਜ਼ਬੂਤ ਦਾਅਵੇਦਾਰ ਹੋਵੇਗੀ। ਹੁਣ ਸਥਿਤੀ ਕੁਝ ਅਜਿਹੀ ਹੈ ਕਿ ਬਾਕੀ ਟੀਮਾਂ ਵੀ ਜੇ ਹਾਰਦੀਆਂ ਹਨ ਤਾਂ ਉਹ ਬਾਹਰ ਜਾਂਦੀਆਂ ਰਹਿਣਗੀਆਂ। ਪੰਜਾਬ ਨੂੰ ਦਿੱਲੀ ਟੱਕਰ ਦੇ ਸਕਦੀ ਹੈ।”
ਸ਼ਰਨਦੀਪ ਸਿੰਘ ਪੰਜਾਬ ਦੀ ਟੀਮ ਬਾਰੇ ਕਹਿੰਦੇ ਹਨ ਕਿ ਇਸ ਵਾਰ ਪੰਜਾਬ ਕਿੰਗਜ਼ ਆਈਪੀਐੱਲ ਟਰਾਫੀ ਲਈ ਮਜ਼ਬੂਤ ਦਾਅਵੇਦਾਰ ਹੈ।
ਟੀਮਾਂ ਨੇ ਕਿਹੜੇ ਨਵੇਂ ਖਿਡਾਰੀ ਕੀਤੇ ਸ਼ਾਮਲ

ਤਸਵੀਰ ਸਰੋਤ, Getty Images
ਆਈਪੀਐੱਲ ਸੀਜ਼ਨ 2025 ਭਾਰਤ-ਪਾਕਿਸਤਾਨ ਦੇ ਤਣਾਅ ਕਾਰਨ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਕਾਰਨ ਜੋ ਫਾਈਨਲ 25 ਮਈ ਨੂੰ ਹੋਣਾ ਸੀ, ਹੁਣ ਆਈਪੀਐੱਲ ਦਾ ਫਾਈਨਲ ਮੁਕਾਬਲਾ 3 ਜੂਨ ਨੂੰ ਹੋਣ ਜਾ ਰਿਹਾ।
ਇਸੇ ਕਾਰਨ ਕਈ ਖਿਡਾਰੀਆਂ ਨੇ ਹੁਣ ਆਈਪੀਐੱਲ ਵਿੱਚ ਸ਼ਾਮਲ ਨਾ ਹੋਣ ਦੀ ਗੱਲ ਆਖੀ ਹੈ। ਕੌਮਾਂਤਰੀ ਖਿਡਾਰੀਆਂ ਵੱਲੋਂ ਆਈਪੀਐੱਲ ਵਿੱਚ ਸ਼ਾਮਲ ਨਾ ਹੋਣ ਦੀ ਮੁੱਖ ਵਜ੍ਹਾ ਨੈਸ਼ਨਲ ਵਜਨਬੱਧਤਾ ਦੱਸੀ ਗਈ ਹੈ।
ਇਥੇ ਦੱਸ ਦੇਈਏ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਆਗਾਜ਼ ਹੋਣ ਜਾ ਰਿਹਾ ਹੈ, ਉਥੇ ਹੀ ਇੰਗਲੈਂਡ ਬਨਾਮ ਵੈਸਟ ਇੰਡੀਜ਼ ਦੀ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ।
ਇਸ ਵਿਚਾਲੇ ਕਈ ਕੌਮਾਂਤਰੀ ਖਿਡਾਰੀਆਂ ਦਾ ਆਈਪੀਐੱਲ ਦੇ ਇਸ ਸੀਜ਼ਨ ਵਿੱਚ ਬਣੇ ਰਹਿਣਾ ਮੁਸ਼ਕਲ ਦਿਖਾਈ ਦੇ ਰਿਹਾ।
ਇਨ੍ਹਾਂ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਕਈ ਟੀਮਾਂ ਨੇ ਖਿਡਾਰੀਆਂ ਦੇ ਰਿਪਲੈਸਮੈਂਟ ਦਾ ਐਲਾਨ ਵੀ ਕੀਤਾ ਹੈ।
ਪੰਜਾਬ ਕਿੰਗਜ਼, ਗੁਜਰਾਤ ਟਾਈਟਨਜ਼ ਅਤੇ ਲਖਨਊ ਸੁਪਰ ਜਾਇੰਟਸ ਨੇ ਖਿਡਾਰੀਆਂ ਦੇ ਰਿਪਲੈਸਮੈਂਟ ਦਾ ਐਲਾਨ ਕੀਤਾ ਹੈ।
ਪੰਜਾਬ ਕਿੰਗਜ਼ ਨੇ ਲੋਕੀ ਫਰਗੂਸਨ ਦੀ ਥਾਂ ‘ਤੇ ਕਾਈਲ ਜੈਮੀਸਨ ਨੂੰ ਚੁਣਿਆ ਹੈ। ਉਨ੍ਹਾਂ ਦੇ ਟਾਟਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦੇ ਬਾਹਰ ਹੋਣ ਦੀ ਵਜ੍ਹਾ ਹੈਮਸਟਰਿੰਗ ਦੀ ਸੱਟ ਨੂੰ ਦੱਸਿਆ ਗਿਆ ਹੈ।
ਪੰਜਾਬ ਦੀ ਟੀਮ ਨੇ ਸੱਜੇ ਹੱਥ ਦੇ ਕੀਵੀ ਤੇਜ਼ ਗੇਂਦਬਾਜ਼ ਨੂੰ ਦੋ ਕਰੋੜ ਵਿੱਚ ਟੀਮ ‘ਚ ਸ਼ਾਮਲ ਕੀਤਾ ਹੈ।
ਗੁਜਰਾਤ ਟਾਈਟਨਜ਼ ਨੂੰ ਜੋਸ ਬਟਲਰ ਦੇ ਰੂਪ ਵਿੱਚ ਵੱਡਾ ਝਟਕਾ ਲੱਗਾ ਹੈ। ਗੁਜਰਾਤ ਨੇ ਜੋਸ ਬਟਲਰ ਦੇ ਥਾਂ ‘ਤੇ ਕੁਸਲ ਮੈਂਡਿਸ ਨੂੰ ਚੁਣਿਆ ਹੈ।
ਬਟਲਰ 25 ਮਈ ਨੂੰ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਗੁਜਰਾਤ ਵੱਲੋਂ ਲੀਗ ਸਟੇਜ ਦਾ ਮੁਕਾਬਲਾ ਖੇਡਣ ਤੋਂ ਬਾਅਦ 26 ਮਈ ਨੂੰ ਨੈਸ਼ਨਲ ਡਿਊਟੀਜ਼ ਲਈ ਆਪਣੇ ਵਤਨ ਰਵਾਨਾ ਹੋਣਗੇ। ਇਹ ਰਿਪਲੇਸਮੈਂਟ 26 ਮਈ ਤੋਂ ਲਾਗੂ ਹੋਵੇਗੀ।
ਗੁਜਰਾਤ ਨੇ ਮੇਂਡਿਸ ਨੂੰ 75 ਲੱਖ ਰੁਪਏ ਵਿੱਚ ਸ਼ਾਮਲ ਕੀਤਾ ਹੈ।
ਉਥੇ ਹੀ ਲਖਨਊ ਸੁਪਰ ਜਾਇੰਟਜ਼ (ਐੱਲਐੱਸਜੀ) ਨੇ ਨਵੇਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਮਯੰਕ ਯਾਦਵ ਦੀ ਥਾਂ ‘ਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਵਿਲੀਅਮ ਓ’ਰੂਰਕੇ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਯਾਦਵ ਨੂੰ ਪਿੱਠ ਵਿੱਚ ਸੱਟ ਲੱਗੀ ਹੈ, ਜਿਸ ਕਾਰਨ ਉਹ ਇਸ ਸੀਜ਼ਨ ਤੋਂ ਬਾਹਰ ਹੋ ਗਏ ਹਨ।
ਲਖਨਊ ਨੇ ਵਿਲੀਅਮ ਓ’ਰੂਰਕੇ ਨੂੰ ਤਿੰਨ ਕਰੋੜ ਰੁਪਏ ਦੇ ਰਿਜ਼ਰਵ ਮੁੱਲ ‘ਤੇ ਟੀਮ ਵਿੱਚ ਸ਼ਾਮਲ ਕੀਤਾ ਹੈ।
ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਜੈਕ ਫਰੇਜਰ ਮੈਕਗਰਕ ਦੀ ਥਾਂ ਮੁਸਤਫਿਜੁਰ ਰਹਿਮਾਨ ਨੂੰ ਸ਼ਾਮਲ ਕੀਤਾ ਹੈ।
ਦਿੱਲੀ ਨੇ ਜੈਕ ਫਰੇਜਰ ਵੱਲੋਂ ਨਿੱਜੀ ਕਾਰਨਾਂ ਕਰ ਕੇ ਆਈਪੀਐੱਲ ‘ਚੋਂ ਹਟਣ ਕਰ ਕੇ ਮੁਸਤਫਿਜੁਰ ਰਹਿਮਾਨ ਨੂੰ ਚੁਣਿਆ ਹੈ।
ਰਹਿਮਾਨ ਨੇ ਹੁਣ ਤੱਕ ਆਈਪੀਐੱਲ ਦੇ 57 ਮੈਚ ਖੇਡੇ ਹਨ ਅਤੇ 61 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਬੰਗਲਾਦੇਸ਼ ਲਈ 106 ਟੀ20 ਮੈਚ ਖੇਡੇ ਹਨ, ਜਿਸ ਵਿੱਚ 132 ਵਿਕਟਾਂ ਆਪਣੇ ਨਾਮ ਕੀਤੀਆਂ ਹਨ।
ਦਿੱਲੀ ਨੇ ਖੱਬੇ ਹੱਥ ਦੇ ਇਸ ਗੇਂਦਬਾਜ਼ ਨੂੰ 6 ਕਰੋੜ ਵਿੱਚ ਟੀਮ ‘ਚ ਸ਼ਾਮਲ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI