Source :- BBC PUNJABI
ਤਸਵੀਰ ਸਰੋਤ, Getty Images
28 ਮਾਰਚ ਨੂੰ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਕ੍ਰਿਕਟ ਦੇ ‘ਮਹਾਕੁੰਭ’ ਮੰਨੇ ਜਾਂਦੇ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਐੱਲ ਦਾ ਆਗਾਜ਼ ਹੋਣ ਜਾ ਰਿਹਾ ਹੈ।
ਆਈਪੀਐੱਲ ਦੇ ਇਸ 19ਵੇਂ ਸੀਜ਼ਨ ਦੀ ਸ਼ੁਰੂਆਤ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪਿਛਲੀ ਵਾਰ ਦੀ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ ਦੇ ਮੁਕਾਬਲੇ ਨਾਲ ਹੋਵੇਗੀ।
ਬੋਰਡ ਆਫ ਕੰਟ੍ਰੋਲ ਫਾਰ ਕ੍ਰਿਕਟ ਇਨ ਇੰਡੀਆ (ਬੀਸੀਸੀਆਈ) ਨੇ ਫਿਲਹਾਲ ਇਸ ਸੀਜ਼ਨ ਦੇ ਪਹਿਲੇ ਫੇਜ਼ ਦਾ ਸ਼ਡਿਊਲ ਜਾਰੀ ਕੀਤਾ ਹੈ, ਜੋ ਕਿ 28 ਮਾਰਚ ਤੋਂ 12 ਅਪ੍ਰੈਲ ਤੱਕ ਦਾ ਹੈ।
ਇਹ ਸੀਜ਼ਨ ਆਪਣੇ ਪਿਛਲੇ 18 ਸਾਲਾਂ ਦੇ ਇਤਿਹਾਸ ਤੋਂ ਕੁਝ ਵੱਖਰਾ ਹੋਣ ਜਾ ਰਿਹਾ ਹੈ।
ਇਸ ਵਾਰ ਦੇ ਸੀਜ਼ਨ ਵਿੱਚ ਕੀ-ਕੀ ਨਵਾਂ ਹੋਵੇਗਾ, ਕਿੱਥੇ ਮੈਚ ਹੋਣਗੇ ਤੇ ਕਿਹੜਾ ਖਿਡਾਰੀ ਸਭ ਤੋਂ ਮਹਿੰਗਾ ਵਿਕਿਆ, ਇਸ ਰਿਪੋਰਟ ਵਿੱਚ ਜਾਣਾਂਗੇ।
1. ਹੁਣ ਤੱਕ ਦਾ ਸਭ ਤੋਂ ਲੰਬਾ ਸੀਜ਼ਨ
ਤਸਵੀਰ ਸਰੋਤ, Getty Images
ਬੀਸੀਸੀਆਈ ਵੱਲੋਂ ਫਿਲਹਾਲ ਸਿਰਫ 15 ਦਿਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਵਿੱਚ 28 ਮਾਰਚ ਤੋਂ 12 ਅਪ੍ਰੈਲ ਤੱਕ ਕੁੱਲ 20 ਮੈਚ ਖੇਡੇ ਜਾਣਗੇ।
ਬੀਸੀਸੀਆਈ ਮੁਤਾਬਕ ਟੂਰਨਾਮੈਂਟ ਦਾ ਪੂਰਾ ਸ਼ਡਿਊਲ ਦੇਸ਼ ਦੇ ਤਿੰਨ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਜਾਰੀ ਕੀਤਾ ਜਾਵੇਗਾ।
ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਇਸ ਸੀਜ਼ਨ ਦਾ ਫਾਈਨਲ ਮੁਕਾਬਲਾ 31 ਮਈ ਨੂੰ ਖੇਡਿਆ ਜਾਣਾ ਹੈ।
ਇਹ ਸੀਜ਼ਨ ਆਪਣੇ ਪਿਛਲੇ 18 ਸੀਜ਼ਨਾਂ ਨਾਲੋਂ ਸਭ ਤੋਂ ਵੱਡਾ ਹੋਣ ਜਾ ਰਿਹਾ ਹੈ, ਜਿਸ ਵਿੱਚ 10 ਟੀਮਾਂ ਵਿਚਾਲੇ ਕੁੱਲ 84 ਮੈਚ ਖੇਡੇ ਜਾਣਗੇ। ਹੁਣ ਤੱਕ ਸਭ ਤੋਂ ਜ਼ਿਆਦਾ 74 ਮੈਚ ਖੇਡੇ ਗਏ ਹਨ।
ਤਸਵੀਰ ਸਰੋਤ, Getty Images
2. ਕਿੱਥੇ-ਕਿੱਥੇ ਹੋਣਗੇ ਮੈਚ
19ਵੇਂ ਸੀਜ਼ਨ ਵਿੱਚ ਪਹਿਲੇ ਫੇਜ਼ ਦੌਰਾਨ ਹੋਣ ਵਾਲੇ ਪਹਿਲੇ 20 ਮੈਚ 10 ਵੱਖ-ਵੱਖ ਸ਼ਹਿਰਾਂ ਵਿੱਚ ਖੇਡੇ ਜਾਣਗੇ।
ਇਹ ਮੁਕਾਬਲੇ ਬੰਗਲੁਰੂ, ਮੁੰਬਈ, ਗੁਹਾਟੀ, ਨਿਊ ਚੰਡੀਗੜ੍ਹ, ਲਖਨਊ, ਕੋਲਕਾਤਾ, ਚੇੱਨਈ, ਦਿੱਲੀ, ਅਹਿਮਦਾਬਾਦ ਅਤੇ ਹੈਦਰਾਬਾਦ ਵਿੱਚ ਹੋਣਗੇ।
ਇਸ ਤੋਂ ਇਲਾਵਾ ਪੂਰੇ ਟੂਰਨਾਮੈਂਟ ਦੇ ਮੈਚ ਦੇਸ਼ ਦੇ ਵੱਖ-ਵੱਖ 13 ਸ਼ਹਿਰਾਂ ਵਿੱਚ ਖੇਡੇ ਜਾਣਗੇ।
ਤਸਵੀਰ ਸਰੋਤ, Getty Images
3. ਪੰਜਾਬ ‘ਚ ਕਿਹੜੇ-ਕਿਹੜੇ ਹੋਣਗੇ ਮੈਚ
ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਪੰਜਾਬ ਕਿੰਗਜ਼ ਦੀ ਟੀਮ ਪਿਛਲੇ ਸੀਜ਼ਨ ਵਿੱਚ ਰਨਰਅੱਪ ਰਹੀ ਹੈ।
ਇਸ ਵਾਰ ਵੀ ਪੰਜਾਬ ਕਿੰਗਜ਼ ਆਪਣਾ ਪਹਿਲਾ ਖਿਤਾਬ ਹਾਸਲ ਕਰਨ ਲਈ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉਤਰੇਗੀ।
ਪਹਿਲੇ ਫੇਜ਼ ਦੇ ਸ਼ਡਿਊਲ ਅਨੁਸਾਰ ਇਸ ਸੀਜ਼ਨ ਦੇ ਚੌਥੇ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਗੁਜਰਾਤ ਟਾਈਟਨਜ਼ ਨਾਲ ਆਪਣੇ ਟੂਰਨਾਮੈਂਟ ਦੀ ਸ਼ੁਰੂਆਤ ਕਰੇਗੀ।
ਇਹ ਮੁਕਾਬਲਾ 31 ਮਾਰਚ ਨੂੰ ਨਿਊ ਚੰਡੀਗੜ੍ਹ ਦੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਇਸ ਤੋਂ ਇਲਾਵਾ 11 ਅਪ੍ਰੈਲ ਨੂੰ ਇਸੇ ਮੈਦਾਨ ਵਿੱਚ ਪੰਜਾਬ ਕਿੰਗਜ਼ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ।
ਪਹਿਲੇ ਫੇਜ਼ ਵਿੱਚ ਪੰਜਾਬ ਕਿੰਗਜ਼ ਦੇ ਹੋਰ ਦੋ ਮੈਚ ਹਨ। ਪੰਜਾਬ ਆਪਣਾ ਅਗਲਾ ਮੈਚ 3 ਅਪ੍ਰੈਲ ਨੂੰ ਚੇੱਨਈ ਸੁਪਰ ਕਿੰਗਜ਼ ਨਾਲ ਉਨ੍ਹਾਂ ਦੇ ਹੋਮ ਗਰਾਊਂਡ ਚੇੱਨਈ ਵਿੱਚ ਖੇਡੇਗੀ ਅਤੇ 6 ਅਪ੍ਰੈਲ ਨੂੰ ਈਡਨ ਗਾਰਡਨਜ਼, ਕੋਲਕਾਤਾ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਮੁਕਾਬਲਾ ਹੋਵੇਗਾ।
ਤਸਵੀਰ ਸਰੋਤ, Getty Images
4. ਸਭ ਤੋਂ ਮਹਿੰਗੇ ਕੈਪਡ ਤੇ ਅਨਕੈਪਡ ਖਿਡਾਰੀ
ਆਈਪੀਐੱਲ 2026 ਵਿੱਚ 215.45 ਕਰੋੜ ਦੀ ਕੁੱਲ ਬੋਲੀ ਲੱਗੀ।
ਇਸ ਵਾਰ ਦੇ ਸੀਜ਼ਨ ਵਿੱਚ ਸਭ ਤੋਂ ਮਹਿੰਗੀ ਬੋਲੀ ਜਿਨ੍ਹਾਂ ਖਿਡਾਰੀਆਂ ਦੀ ਲੱਗੀ, ਉਨ੍ਹਾਂ ਵਿੱਚ ਕੋਲਕਾਤਾ ਦੇ ਕੈਮਰਨ ਗ੍ਰੀਨ (25.2 ਕਰੋੜ), ਕੋਲਕਾਤਾ ਦੇ ਹੀ ਮਥੀਸ਼ਾ ਪਥੀਰਾਣਾ (18 ਕਰੋੜ), ਚੇੱਨਈ ਦੇ ਕਾਰਤਿਕ ਸ਼ਰਮਾ (14.2 ਕਰੋੜ), ਚੇੱਨਈ ਦੇ ਹੀ ਪ੍ਰਸ਼ਾਂਤ ਵੀਰ (14.2 ਕਰੋੜ) ਅਤੇ ਹੈਦਰਾਬਾਦ ਦੇ ਲਿਆਮ ਲਿਵਿੰਗਸਟੋਨ (13 ਕਰੋੜ) ਸ਼ਾਮਲ ਹਨ।
ਇਸ ਵਾਰ ਅਨਕੈਪਡ ਭਾਰਤੀ ਖਿਡਾਰੀਆਂ ਨੇ ਵੀ ਵੱਡੀਆਂ ਰਕਮਾਂ ਹਾਸਲ ਕੀਤੀਆਂ। ਪ੍ਰਸ਼ਾਂਤ ਵੀਰ ਅਤੇ ਕਾਰਤਿਕ ਸ਼ਰਮਾ ਆਈਪੀਐੱਲ ਇਤਿਹਾਸ ਦੇ ਸਭ ਤੋਂ ਮਹਿੰਗੇ ਅਨਕੈਪਡ ਖਿਡਾਰੀ ਬਣੇ।
ਚੇੱਨਈ ਦੇ ਪ੍ਰਸ਼ਾਂਤ ਵੀਰ 14.2 ਕਰੋੜ, ਕਾਰਤਿਕ ਸ਼ਰਮਾ 14.2 ਕਰੋੜ, ਦਿੱਲੀ ਦੇ ਅਕੀਬ ਨਬੀ 8.4 ਕਰੋੜ, ਬੇਂਗਲੁਰੂ ਦੇ ਮਨਗੇਸ਼ ਯਾਦਵ 5.2 ਕਰੋੜ ਅਤੇ ਲਖਨਊ ਦੇ ਤੇਜਸਵੀ ਦਹੀਆ 3 ਕਰੋੜ ਵਿੱਚ ਵਿਕੇ।
ਇਸੇ ਤਰ੍ਹਾਂ ਕੈਮਰਨ ਗ੍ਰੀਨ ਨੇ ਆਈਪੀਐੱਲ ਇਤਿਹਾਸ ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣ ਕੇ ਆਪਣੇ ਨਾਮ ਰਿਕਾਰਡ ਦਰਜ ਕਰ ਲਿਆ ਹੈ। ਉਨ੍ਹਾਂ ਨੂੰ ਕੇਕੇਆਰ ਨੇ 25.20 ਕਰੋੜ ਵਿੱਚ ਖਰੀਦਿਆ ਹੈ।
ਕੈਮਰਨ ਤੋਂ ਪਹਿਲਾਂ ਮਿਚੇਲ ਸਟਾਰਕ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਸਨ, ਜਿਨ੍ਹਾਂ ਨੂੰ ਕੇਕੇਆਰ ਨੇ ਹੀ 24.75 ਕਰੋੜ ਵਿੱਚ ਖਰੀਦਿਆ ਸੀ।
5. ਕਿਹੜੀ-ਕਿਹੜੀ ਟੀਮ ਦੀ ਜਰਸੀ ਬਦਲੀ
ਆਈਪੀਐੱਲ ਦੇ 19ਵੇਂ ਸੀਜ਼ਨ ਵਿੱਚ ਸਾਰੀਆਂ ਟੀਮਾਂ ਨੇ ਆਪਣੀ-ਆਪਣੀ ਜਰਸੀ ਬਦਲੀ ਹੈ।
ਪੰਜਾਬ ਕਿੰਗਜ਼ ਨੇ ਜਰਸੀ ਵਿੱਚ ਕਿਹੜੇ ਬਦਲਾਅ ਕੀਤੇ
ਨਵੀਂ ਜਰਸੀ ਵਿੱਚ ਪੰਜਾਬ ਕਿੰਗਜ਼ ਦੇ ਸਿਗਨੇਚਰ ਲਾਲ ਅਤੇ ਨੀਲੇ ਰੰਗ ਵਰਤੇ ਗਏ ਹਨ, ਜੋ ਟੀਮ ਦੀ ਊਰਜਾ, ਮਾਣ ਅਤੇ ਨਿਡਰ ਸੁਭਾਅ ਨੂੰ ਦਰਸਾਉਂਦੇ ਹਨ।
ਇਸ ਅਪਡੇਟ ਡਿਜ਼ਾਈਨ ਵਿੱਚ ਇੱਕ ਖ਼ਾਸ ਪੈਟਰਨ ਦਿੱਤਾ ਗਿਆ ਹੈ, ਜੋ ਵਿਚਕਾਰ ਸ਼ੇਰ ਦੇ ਮੋਟੀਫ ਤੋਂ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਕੱਪੜੇ ‘ਤੇ ਡਾਇਮੰਡ ਆਕਾਰ ਦੇ ਐਲਿਮੈਂਟਸ ਵਿੱਚ ਤਬਦੀਲ ਹੋ ਜਾਂਦਾ ਹੈ।
ਇਹ ਡਿਜ਼ਾਈਨ ਟੀਮ ਅਤੇ ਖਿਡਾਰੀਆਂ ਦੀ ਯਾਤਰਾ ਨੂੰ ਦਰਸਾਉਂਦਾ ਹੈ।
ਰਵਾਇਤ ਅਤੇ ਆਧੁਨਿਕ ਡਿਜ਼ਾਈਨ ਦਾ ਮਿਲਾਪ ਕਰਦੀ ਇਹ ਜਰਸੀ ਪੰਜਾਬ ਕਿੰਗਜ਼ ਦੇ ਵਫ਼ਾਦਾਰ ਫੈਨਜ਼ ਅਤੇ ਵਧ ਰਹੇ ਗਲੋਬਲ ਦਰਸ਼ਕਾਂ ਨਾਲ ਜੋੜ ਬਣਾਉਣ ਲਈ ਤਿਆਰ ਕੀਤੀ ਗਈ ਹੈ।
ਸ਼ੇਰ ਟੀਮ ਦੀ ਪ੍ਰਕਿਰਤੀ, ਆਕਰਮਕਤਾ ਅਤੇ ਕਾਬਲੀਅਤ ਦਾ ਪ੍ਰਤੀਕ ਹੈ, ਜਦਕਿ ਡਾਇਮੰਡ ਇਹ ਦਿਖਾਉਂਦੇ ਹਨ ਕਿ ਇਹ ਕਾਬਲੀਅਤ ਤਿਆਰੀ, ਉੱਚ ਪੱਧਰੀ ਪ੍ਰਦਰਸ਼ਨ ਪ੍ਰਣਾਲੀਆਂ ਅਤੇ ਵੱਡੇ ਮੁਕਾਬਲਿਆਂ ਦੇ ਦਬਾਅ ਹੇਠ ਕਿਵੇਂ ਨਿਖਰਦੀ ਹੈ।
ਗੁਜਰਾਤ ਟਾਈਟਨਜ਼ ਨੇ ਜਰਸੀ ‘ਚ ਕੀ ਬਦਲਾਅ ਕੀਤੇ
ਇਸ ਕਿੱਟ ਦੀ ਸਭ ਤੋਂ ਖ਼ਾਸ ਪਛਾਣ ਖੱਬੇ ਪਾਸੇ ਟੀਮ ਦੇ ਲੋਗੋ ਦੇ ਉੱਪਰ ਬਣਿਆ ਇੱਕ ਸਿਤਾਰਾ ਹੈ, ਜੋ ਉਨ੍ਹਾਂ ਦੇ ਪਹਿਲੇ ਹੀ ਸੀਜ਼ਨ ਵਿੱਚ ਜਿੱਤੇ ਗਏ ਇਕਲੌਤੇ ਆਈਪੀਐੱਲ ਖਿਤਾਬ ਦੀ ਯਾਦ ਦਿਵਾਉਂਦਾ ਹੈ।
ਗੁਜਰਾਤ ਟਾਈਟਨਜ਼ ਨੇ ਆਪਣੀ ਨਵੀਂ ਜਰਸੀ ਵਿੱਚ ਰਵਾਇਤੀ ਗੂੜ੍ਹਾ ਨੀਲਾ ਰੰਗ ਬਰਕਰਾਰ ਰੱਖਿਆ ਹੈ, ਜਿਸ ਦੇ ਮੋਢਿਆਂ ਅਤੇ ਬਾਂਹਾਂ ‘ਤੇ ਸੁਨਹਿਰੀ ਡੀਟੇਲਿੰਗ ਕੀਤੀ ਗਈ ਹੈ।
ਤਸਵੀਰ ਸਰੋਤ, @KKRiders/X
ਕੋਲਕਾਤਾ ਨਾਈਟ ਰਾਈਡਰਜ਼ ਦੀ ਜਰਸੀ
ਕੋਲਕਾਤਾ ਨਾਈਟ ਰਾਈਡਰਜ਼ ਦੀ 2026 ਜਰਸੀ ਵਿੱਚ ਟੀਮ ਦਾ ਪਰਪਲ ਬੇਸ ਰੰਗ ਬਰਕਰਾਰ ਹੈ, ਜਿਸ ਦੇ ਕਿਨਾਰਿਆਂ ‘ਤੇ ਗੋਲਡ ਪੈਨਲ ਦਿੱਤੇ ਗਏ ਹਨ। ਜਰਸੀ ਦੇ ਅਗਲੇ ਹਿੱਸੇ ‘ਤੇ ਆਕਰਸ਼ਕ ਜਿਆਮਿਤੀ ਡਿਜ਼ਾਈਨ ਬਣਿਆ ਹੋਇਆ ਹੈ, ਜਦਕਿ ਕਾਲਰ ਅਤੇ ਮੋਢਿਆਂ ‘ਤੇ ਸੁਨਹਿਰੀ ਬਾਰੀਕੀਆਂ ਇਸ ਨੂੰ ਪ੍ਰੀਮੀਅਮ ਲੁੱਕ ਦਿੰਦੀਆਂ ਹਨ।
ਇਸ ਜਰਸੀ ਦੀ ਸਭ ਤੋਂ ਖਾਸ ਗੱਲ ਟੀਮ ਦੇ ਲੋਗੋ ਦੇ ਉੱਪਰ ਬਣੇ ਤਿੰਨ ਸਿਤਾਰੇ ਹਨ, ਜੋ ਕੇਕੇਆਰ ਵੱਲੋਂ ਜਿੱਤੇ ਗਏ ਤਿੰਨ ਆਈਪੀਐੱਲ ਖਿਤਾਬਾਂ ਨੂੰ ਦਰਸਾਉਂਦੇ ਹਨ।
ਚੇਨੱਈ ਸੁਪਰ ਕਿੰਗਜ਼ ਦੀ ਜਰਸੀ
ਚੇਨੱਈ ਸੁਪਰ ਕਿੰਗਜ਼ ਦੀ ਟੀਮ ਇਸ ਸੀਜ਼ਨ ਵਿੱਚ ਵੀ ਆਪਣੀ ਪਛਾਣ ਬਣ ਚੁੱਕੇ ਪੀਲੇ ਰੰਗ ਦੇ ਨਾਲ ਹੀ ਮੈਦਾਨ ਵਿੱਚ ਉਤਰੇਗੀ। ਜਰਸੀ ਦੇ ਮੋਢਿਆਂ ਅਤੇ ਬਾਹਾਂ ‘ਤੇ ਗੂੜ੍ਹੇ ਨੀਲੇ ਰੰਗ ਦੇ ਜਿਗ-ਜ਼ੈਗ ਗ੍ਰਾਫਿਕਸ ਇਸਨੂੰ ਵੱਖਰਾ ਲੁੱਕ ਦਿੰਦੇ ਹਨ।
ਇਸ ਕਿੱਟ ਦੀ ਸਭ ਤੋਂ ਵੱਡੀ ਖ਼ਾਸੀਅਤ ਟੀਮ ਦੇ ਲੋਗੋ ਦੇ ਉੱਪਰ ਚਮਕਦੇ ਪੰਜ ਸਿਤਾਰੇ ਹਨ, ਜੋ ਟੀਮ ਵੱਲੋਂ ਜਿੱਤੇ ਗਏ ਪੰਜ ਆਈਪੀਐੱਲ ਖਿਤਾਬਾਂ ਨੂੰ ਦਰਸਾਉਂਦੇ ਹਨ।
ਲਖਨਊ ਸੁਪਰ ਜਾਇੰਟਸ ਨੇ ਜਰਸੀ ਬਦਲੀ
ਲਖਨਊ ਸੁਪਰ ਜਾਇੰਟਸ ਦੀ 2026 ਦੀ ਜਰਸੀ ਪੂਰੀ ਤਰ੍ਹਾਂ ਬਦਲੀ ਹੋਈ ਹੈ। ਪੁਰਾਣੀ ਨੀਲੀ ਕਿੱਟ ਨੂੰ ਛੱਡਦੇ ਹੋਏ ਨਵੀਂ ਜਰਸੀ ਵਿੱਚ ਚਮਕੀਲਾ ਲਾਲ ਰੰਗ ਵਰਤਿਆ ਗਿਆ ਹੈ, ਜਿਸ ਦੇ ਅਗਲੇ ਹਿੱਸੇ ‘ਤੇ ਨੀਲੀਆਂ ਖੜ੍ਹੀਆਂ ਧਾਰੀਆਂ ਦਿੱਤੀਆਂ ਗਈਆਂ ਹਨ। ਇਹ ਡਿਜ਼ਾਈਨ ਇਸਨੂੰ ਹੋਰ ਆਕਰਸ਼ਕ ਬਣਾਉਂਦਾ ਹੈ।
ਮੁੰਬਈ ਇੰਡੀਅਨਜ਼ ਦੀ ਜਰਸੀ
ਮੁੰਬਈ ਇੰਡਿਅਨਜ਼ ਦੀ ਜਰਸੀ ਵਿੱਚ ਟੀਮ ਦਾ ਸਿਗਨੇਚਰ ਡਾਰਕ ਬਲੂ ਬੇਸ ਬਰਕਰਾਰ ਹੈ। ਮੋਢੇ ‘ਤੇ ਗੋਲਡ ਫੋਇਲ ਅਤੇ ਸਲੀਵਜ਼ ‘ਤੇ ਗੋਲਡ ਟੇਪ ਦਿੱਤੀ ਗਈ ਹੈ, ਜੋ ਊਰਜਾ ਦੀਆਂ ਲਹਿਰਾਂ ਦਾ ਪ੍ਰਤੀਕ ਹੈ।
ਜਰਸੀ ਦੇ ਅੱਗੇ ‘M’ ਮੋਟੀਫ ਪੈਟਰਨ ਦੁਹਰਾਇਆ ਗਿਆ ਹੈ, ਜੋ ਟੀਮ ਦੀ ਪਛਾਣ ਨੂੰ ਦਰਸਾਉਂਦਾ ਹੈ। ਖੱਬੇ ਪਾਸੇ ‘ਤੇ ਕਲੱਬ ਦਾ ਕਰੈਸਟ ਹੈ ਅਤੇ ਉਸ ਦੇ ਉੱਪਰ ਪੰਜ ਸਿਤਾਰੇ ਬਣੇ ਹਨ, ਜੋ ਮੁੰਬਈ ਇੰਡੀਅਨਜ਼ ਦੇ ਪੰਜ ਆਈਪੀਐੱਲ ਖਿਤਾਬਾਂ ਨੂੰ ਦਰਸਾਉਂਦੇ ਹਨ।
ਦਿੱਲੀ ਕੈਪੀਟਲਸ ਦੀ ਜਰਸੀ ਵਿੱਚ ਨਵਾਂ ਕੀ
ਦਿੱਲੀ ਕੈਪੀਟਲਜ਼ ਦੀ ਜਰਸੀ ਨੂੰ ਸ਼ਹਿਰ, ਟੀਮ ਦੀ ਪਹਿਚਾਣ ਅਤੇ ਨਿਡਰ ਸੋਚ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ।
ਡੀਸੀ ਦੀ ਨਵੀਂ ਜਰਸੀ ਵਿੱਚ ਡੀਪ ਰੋਇਲ ਬਲੂ ਬੇਸ ਦੇ ਨਾਲ ਹੇਠਲੇ ਹਿੱਸੇ ‘ਤੇ ਲਾਲ ਰੰਗ ਦੀਆਂ ਟਾਈਗਰ-ਸਟ੍ਰਾਈਪ ਗ੍ਰੇਡੀਐਂਟ ਦਿੱਤੀਆਂ ਗਈਆਂ ਹਨ, ਜੋ ਇਸਨੂੰ ਵੱਖਰਾ ਲੁੱਕ ਦਿੰਦੀਆਂ ਹਨ।
ਜਰਸੀ ‘ਤੇ ਬਣੇ ਹਲਕੇ ਟੋਨ ਵਾਲੇ ਪੈਟਰਨ ਇਸ ਵਿੱਚ ਟੈਕਸਚਰ ਜੋੜਦੇ ਹਨ, ਜਦਕਿ ਤਿੱਖੇ ਲਾਲ ਕਾਲਰ ਅਤੇ ਸਲੀਵਜ਼ ਦੀ ਡੀਟੇਲਿੰਗ ਇਸ ਦੇ ਕੰਟ੍ਰਾਸਟ ਨੂੰ ਹੋਰ ਉਭਾਰਦੀ ਹੈ।
ਤਸਵੀਰ ਸਰੋਤ, @DelhiCapitals/X
ਰਾਜਸਥਾਨ ਰਾਇਲਜ਼ ਨੇ ਆਈਪੀਐੱਲ 2026 ਲਈ ਜਰਸੀ ਵਿੱਚ ਡੁਅਲ-ਟੋਨ ਲੁੱਕ ਚੁਣਿਆ ਹੈ, ਜਿਸ ਵਿੱਚ ਨੇਵੀ ਬਲੂ ਅਤੇ ਪਿੰਕ ਦਾ ਗ੍ਰੇਡੀਐਂਟ ਡਿਜ਼ਾਈਨ ਹੈ। ਜਰਸੀ ਦਾ ਉਪਰਲਾ ਹਿੱਸਾ ਗੂੜ੍ਹੇ ਰੰਗ ਦਾ ਹੈ ਜੋ ਹੌਲੀ-ਹੌਲੀ ਹੇਠਾਂ ਵੱਲ ਪਿੰਕ ਵਿੱਚ ਬਦਲ ਜਾਂਦਾ ਹੈ।
ਇਸ ‘ਤੇ ਬਹੁਤ ਬਾਰੀਕ ਗ੍ਰਾਫਿਕ ਡੀਟੇਲਿੰਗ ਕੀਤੀ ਗਈ ਹੈ। ਇਹ ਕਿੱਟ ਟੀਮ ਦੀ ਪਿੰਕ ਪਛਾਣ ਨੂੰ ਕਾਇਮ ਰੱਖਦੇ ਹੋਏ ਆਧੁਨਿਕ ਲੁੱਕ ਵੀ ਦਿੰਦੀ ਹੈ।
ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਜਰਸੀ
ਡਿਫੈਂਡਿੰਗ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ 2026 ਜਰਸੀ ਵਿੱਚ ਟੀਮ ਦਾ ਰਵਾਇਤੀ ਲਾਲ ਬੇਸ ਹੈ, ਜਿਸ ਨਾਲ ਕਾਲੇ ਪੈਨਲ ਅਤੇ ਸੁਨਹਿਰੀ ਡੀਟੇਲਿੰਗ ਜੋੜੀ ਗਈ ਹੈ।
ਨਵੀਂ ਜਰਸੀ ਵਿੱਚ ਟੀਮ ਦੇ ਕਰੈਸਟ ਦੇ ਉੱਪਰ ਇੱਕ ਨਵਾਂ ਸਿਤਾਰਾ ਵੀ ਜੋੜਿਆ ਗਿਆ ਹੈ, ਜੋ ਪਿਛਲੇ ਸੀਜ਼ਨ ਵਿੱਚ ਜਿੱਤੇ ਗਏ ਉਨ੍ਹਾਂ ਦੇ ਪਹਿਲੇ ਆਈਪੀਐੱਲ ਖਿਤਾਬ ਨੂੰ ਦਰਸਾਉਂਦਾ ਹੈ।
ਸਨਰਾਈਜ਼ਰਜ਼ ਹੈਦਰਾਬਾਦ ਜਰਸੀ
ਸਨਰਾਈਜ਼ਰਜ਼ ਹੈਦਰਾਬਾਦ ਦੀ 2026 ਜਰਸੀ ਵਿੱਚ ਟੀਮ ਦਾ ਵਾਇਬ੍ਰੈਂਟ ਕੇਸਰੀ ਰੰਗ ਬੇਸ ਵਜੋਂ ਵਰਤਿਆ ਗਿਆ ਹੈ, ਜੋ ਟੀਮ ਦੀ ‘ਆਰੈਂਜ ਆਰਮੀ’ ਪਹਿਚਾਣ ਨੂੰ ਦਰਸਾਉਂਦਾ ਹੈ।
ਇਹ ਜਰਸੀ ਨਵੇਂ ਅਭਿਆਨ ਦੀ ‘Play with Fire’ ਥੀਮ ਨੂੰ ਦਰਸਾਉਂਦੀ ਹੈ। ਅਗਲੇ ਹਿੱਸੇ ‘ਤੇ ਕਾਲੇ ਪੈਟਰਨ ਦਿੱਤੇ ਗਏ ਹਨ, ਜੋ ਅੱਗ ਦੀਆਂ ਲਪਟਾਂ ਵਰਗਾ ਲੁੱਕ ਦਿੰਦੇ ਹਨ।
ਨਾਲ ਹੀ ਕਾਲਾ ਪੋਲੋ-ਸਟਾਈਲ ਕਾਲਰ ਅਤੇ ਮੋਢਿਆਂ ਦੀ ਡੀਟੇਲਿੰਗ ਇਸ ਡਿਜ਼ਾਈਨ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ।
ਤਸਵੀਰ ਸਰੋਤ, Getty Images
6. ਕਿਹੜੇ ਦਿੱਗਜ ਭਾਰਤੀ ਖਿਡਾਰੀ ਦਿਖਾ ਸਕਦੇ ਜਲਵਾ
ਟੀ-20 ਕ੍ਰਿਕਟ ਵਿੱਚ ਵੈਸੇ ਤਾਂ ਕਿਸੇ ਖਿਡਾਰੀ ਬਾਰੇ ਦਾਅਵਾ ਕੀਤਾ ਨਹੀਂ ਜਾ ਸਕਦਾ, ਪਰ ਫਿਰ ਅਸੀਂ ਉਨ੍ਹਾਂ ਕੁਝ ਖਿਡਾਰੀਆਂ ਦੇ ਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਜੋ ਆਈਪੀਐੱਲ 2026 ਵਿੱਚ ਜਲਵਾ ਦਿਖਾ ਸਕਦੇ ਹਨ।
ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਮਹਿੰਦਰ ਸਿੰਘ ਧੋਨੀ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਕੇ ਐੱਲ ਰਾਹੁਲ।
7. ਕਿਸ ਨੇ ਸ਼ੁਰੂ ਕੀਤਾ ਸੀ ਆਈਪੀਐੱਲ?
ਆਈਪੀਐੱਲ ਦੀ ਸ਼ੁਰੂਆਤ 2008 ਵਿੱਚ ਹੋਈ ਸੀ। ਆਈਪੀਐੱਲ ਦੀ ਸ਼ੁਰੂਆਤ ਬੀਸੀਸੀਆਈ ਵੱਲੋਂ ਕੀਤੀ ਗਈ ਸੀ। ਇਹ ਦੁਨੀਆ ਦੀ ਸਭ ਤੋਂ ਵੱਡੀ ਫਰੈਂਚਾਇਜ਼ੀ ਟੀ-20 ਲੀਗ ਹੈ, ਜਿਸ ਵਿੱਚ ਹਰ ਸੀਜ਼ਨ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਦੇ ਟੌਪ ਖਿਡਾਰੀ ਹਿੱਸਾ ਲੈਂਦੇ ਹਨ।
8. ਮੈਚਾਂ ਦੀਆਂ ਟਿਕਟਾਂ ਕਿਵੇਂ ਖਰੀਦੀਆਂ ਜਾ ਸਕਦੀਆਂ ਹਨ?
ਆਈਪੀਐੱਲ ਦੀਆਂ ਸਾਰੀਆਂ 10 ਫ੍ਰੈਂਚਾਈਜ਼ੀਆਂ ਆਪਣੇ ਘਰੇਲੂ ਮੈਚਾਂ ਲਈ ਵੱਖ-ਵੱਖ ਟਿਕਟਿੰਗ ਹਿੱਸੇਦਾਰਾਂ ਨਾਲ ਕੰਮ ਕਰਦੀਆਂ ਹਨ। ਘਰੇਲੂ ਮੈਚਾਂ ਲਈ ਆਫਲਾਈਨ ਟਿਕਟਾਂ ਵੀ ਨਿਰਧਾਰਤ ਬੁਕਿੰਗ ਕਾਊਂਟਰਾਂ ‘ਤੇ ਉਪਲਬਧ ਹਨ।
ਆਈਪੀਐੱਲ 2026 ਲਈ ਟਿਕਟਾਂ ਦੀ ਵਿਕਰੀ ਪੜਾਵਾਂ ਵਿੱਚ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਉਪਲਬਧਤਾ ਅਤੇ ਕੀਮਤਾਂ ਟੀਮਾਂ ਅਤੇ ਪਲੇਟਫਾਰਮਾਂ ਮੁਤਾਬਕ ਵੱਖ-ਵੱਖ ਹਨ।
ਟੀਮਾਂ ਵਿੱਚੋਂ ਗੁਜਰਾਤ ਟਾਈਟਨਜ਼, ਕੋਲਕਾਤਾ ਨਾਈਟ ਰਾਈਡਰਜ਼, ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਨੇ ਆਪਣੀਆਂ ਟਿਕਟਾਂ ਬੁੱਕਮਾਈਸ਼ੋ ਰਾਹੀਂ ਉਪਲਬਧ ਕਰਵਾਈਆਂ ਹਨ, ਜਦਕਿ ਦਿੱਲੀ ਕੈਪਿਟਲਜ਼, ਪੰਜਾਬ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਨੇ ਆਪਣੇ ਮੈਚਾਂ ਲਈ ਡਿਸਟ੍ਰਿਕਟ ਬਾਏ ਜੋਮੈਟੋ ਪਲੇਟਫਾਰਮ ਚੁਣਿਆ ਹੈ।
9. ਕਿੱਥੇ-ਕਿੱਥੇ ਦੇਖਿਆ ਜਾ ਸਕਦਾ ਮੈਚ?
ਆਈਪੀਐੱਲ ਦੇ ਮੈਚਾਂ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਵਰਗੇ ਚੈਨਲਾਂ ‘ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਓਟੀਟੀ ਪਲੇਟਫਾਰਮ ਜੀਓ ਹੌਟਸਟਾਰ ਉੱਤੇ ਵੀ ਆਈਪੀਐੱਲ ਮੈਚਾਂ ਦੀ ਲਾਈਵ ਸਟ੍ਰੀਮਿੰਗ ਹੋਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



