Source :- BBC PUNJABI
ਤਸਵੀਰ ਸਰੋਤ, EPA/Shutterstock
ਅਪਡੇਟ ਇੱਕ ਘੰਟਾ ਪਹਿਲਾਂ
ਪੜ੍ਹਨ ਦਾ ਸਮਾਂ: 7 ਮਿੰਟ
ਈਰਾਨ ਦੇ ਸਰਕਾਰੀ ਟੀਵੀ ਨੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।
ਖਾਮਨੇਈ ਦੀ ਮੌਤ ਦਾ ਐਲਾਨ ਕਰਦੇ ਹੋਏ ਸਰਕਾਰੀ ਟੀਵੀ ਪ੍ਰੀਜ਼ੈਂਟਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੇਸ਼ ਵਿੱਚ 40 ਦਿਨਾਂ ਦਾ ਸੋਗ ਰਹੇਗਾ।
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਦਾਅਵਾ ਕੀਤਾ ਸੀ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਹੋ ਚੁੱਕੀ ਹੈ।
ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਕਈ ਸ਼ਹਿਰਾਂ ‘ਤੇ ਹਮਲੇ ਕੀਤੇ ਸਨ ਅਤੇ ਐਤਵਾਰ ਤੜਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੁੱਥ ਸੋਸ਼ਲ ‘ਤੇ ਖਾਮੇਨਈ ਦੀ ਮੌਤ ਨੂੰ ਲੈ ਕੇ ਦਾਅਵਾ ਕੀਤਾ ਸੀ।
ਟਰੰਪ ਨੇ ਟਰੁੱਥ ਸੋਸ਼ਲ ‘ਤੇ ਲਿਖਿਆ ਹੈ, “ਇਤਿਹਾਸ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਖਾਮੇਨਈ ਹੁਣ ਮਰ ਚੁੱਕੇ ਹਨ।”
ਹਾਲਾਂਕਿ ਈਰਾਨ ਦੀ ਨਿਊਜ਼ ਏਜੰਸੀ ਫਾਰਸ ਨੇ ਪਹਿਲਾਂ ਕਿਹਾ ਸੀ ਕਿ ਜਾਣਕਾਰ ਸਰੋਤਾਂ ਨੇ ਦੱਸਿਆ ਹੈ ਕਿ ਅਲੀ ਖਾਮੇਨਈ ਦੀ ਮੌਤ ਦੀ ਖ਼ਬਰ ਝੂਠੀ ਹੈ ਅਤੇ ਇਹ ਅਮਰੀਕੀ ਮਨੋਵਿਗਿਆਨਿਕ ਜੰਗ ਦਾ ਨਤੀਜਾ ਹੈ। ਪਰ ਹੁਣ ਈਰਾਨ ਦੇ ਸਰਕਾਰੀ ਟੀਵੀ ਨੇ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।
ਰੇਵੋਲਿਊਸ਼ਨਰੀ ਗਾਰਡਜ਼ ਦੀ ਕਰੀਬੀ ਮੰਨੀ ਜਾਣ ਵਾਲੀ ਫਾਰਸ ਨਿਊਜ਼ ਏਜੰਸੀ ਨੇ ਪਹਿਲਾਂ ਇਸ ਖ਼ਬਰ ਦਾ ਖੰਡਨ ਕਰਦੇ ਹੋਏ ਲਿਖਿਆ ਸੀ, “ਟਰੰਪ ਦਾ ਝੂਠੀਆਂ ਅਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦਾ ਲੰਮਾ ਇਤਿਹਾਸ ਰਿਹਾ ਹੈ। ਇਸ ਤਰ੍ਹਾਂ ਦੇ ਵਿਵਹਾਰ ਦੇ ਪਿਛਲੇ ਉਦਾਹਰਣਾਂ ਵਿੱਚੋਂ ਇੱਕ ਮਸ਼ਹਦ ਸ਼ਹਿਰ ਦੇ ਪਤਨ ਬਾਰੇ ਉਹਨਾਂ ਦਾ ਦਾਅਵਾ ਹੈ, ਜੋ ਕੁਝ ਸਮੇਂ ਬਾਅਦ ਬੇਬੁਨਿਆਦ ਸਾਬਤ ਹੋਇਆ ਅਤੇ ਸਿਰਫ਼ ਮੀਡੀਆ ਦਾ ਸਨਸਨੀਖੇਜ਼ ਪ੍ਰਚਾਰ ਸੀ।”
ਈਰਾਨ ਦੀ ਚੇਤਾਵਨੀ- ‘ਇਤਿਹਾਸ ਦਾ ਸਭ ਤੋਂ ਖ਼ਤਰਨਾਕ ਹਮਲਾ ਕੁਝ ਹੀ ਪਲਾਂ ਵਿੱਚ’
ਤਸਵੀਰ ਸਰੋਤ, Getty Images
ਈਰਾਨ ਦੀ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਟਿਕਾਣਿਆਂ ਅਤੇ ਇਜ਼ਰਾਈਲ ‘ਤੇ ਹਮਲਾ ਕਰੇਗਾ।
ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ “ਇਸਲਾਮਿਕ ਰਿਪਬਲਿਕ ਆਫ਼ ਈਰਾਨ ਦੀ ਆਰਮਡ ਫੋਰਸ ਦੇ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਹਮਲਾ ਕੁਝ ਹੀ ਪਲਾਂ ਵਿੱਚ ਕਬਜ਼ੇ ਵਾਲੇ ਇਲਾਕਿਆਂ ਅਤੇ ਅਮਰੀਕੀ ਅੱਤਵਾਦੀ ਅੱਡਿਆਂ ਵੱਲ ਸ਼ੁਰੂ ਹੋਵੇਗਾ।”
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ ਦੇ ਸਰਕਾਰੀ ਮੀਡੀਆ ਚੈਨਲ ਨੇ ਕਿਹਾ ਹੈ ਕਿ ਈਰਾਨ ਦੇ ਸੁhjrc ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਹੋ ਚੁੱਕੀ ਹੈ।
ਟਰੰਪ ਨੇ ਖਾਮੇਨਈ ਦੀ ਮੌਤ ਬਾਰੇ ਕੀ ਕਿਹਾ?
ਤਸਵੀਰ ਸਰੋਤ, Reuters
ਡੌਨਲਡ ਟਰੰਪ ਨੇ ਟਰੁੱਥ ਸੋਸ਼ਲ ਪਲੇਟਫ਼ਾਰਮ ‘ਤੇ ਲਿਖਿਆ, “ਖਾਮੇਨਈ, ਜੋ ਇਤਿਹਾਸ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਸਨ, ਹੁਣ ਮਰ ਚੁੱਕੇ ਹਨ। ਇਹ ਸਿਰਫ਼ ਈਰਾਨ ਦੇ ਲੋਕਾਂ ਲਈ ਹੀ ਨਿਆਂ ਨਹੀਂ ਹੈ, ਸਗੋਂ ਉਨ੍ਹਾਂ ਮਹਾਨ ਅਮਰੀਕੀਆਂ ਅਤੇ ਦੁਨੀਆ ਦੇ ਕਈ ਦੇਸ਼ਾਂ ਦੇ ਉਨ੍ਹਾਂ ਲੋਕਾਂ ਲਈ ਵੀ ਨਿਆਂ ਹੈ, ਜਿਨ੍ਹਾਂ ਨੂੰ ਖਾਮੇਨਈ ਅਤੇ ਉਨ੍ਹਾਂ ਦੇ ਖੂਨੀ ਗਿਰੋਹ ਨੇ ਮਾਰ ਦਿੱਤਾ ਜਾਂ ਜ਼ਖ਼ਮੀ ਕਰ ਦਿੱਤਾ।”
“ਉਹ ਸਾਡੀਆਂ ਖੁਫ਼ੀਆ ਅਤੇ ਅਤਿਆਧੁਨਿਕ ਟ੍ਰੈਕਿੰਗ ਪ੍ਰਣਾਲੀਆਂ ਤੋਂ ਬਚ ਨਹੀਂ ਸਕੇ, ਅਤੇ ਇਜ਼ਰਾਈਲ ਦੇ ਨਾਲ ਮਿਲ ਕੇ ਕੀਤੇ ਗਏ ਅਭਿਆਨ ਵਿੱਚ, ਨਾ ਤਾਂ ਉਹ ਅਤੇ ਨਾ ਹੀ ਉਨ੍ਹਾਂ ਦੇ ਨਾਲ ਮਾਰੇ ਗਏ ਹੋਰ ਆਗੂ ਕੁਝ ਕਰ ਸਕੇ।”
“ਇਹ ਇਰਾਨ ਦੇ ਲੋਕਾਂ ਲਈ ਆਪਣੇ ਦੇਸ਼ ਨੂੰ ਵਾਪਸ ਲੈਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੌਕਾ ਹੈ। ਸਾਨੂੰ ਸੁਣਨ ਵਿੱਚ ਆ ਰਿਹਾ ਹੈ ਕਿ ਉਨ੍ਹਾਂ ਦੇ ਕਈ ਆਈਆਰਜੀਸੀ, ਫੌਜੀ ਅਧਿਕਾਰੀ ਅਤੇ ਹੋਰ ਸੁਰੱਖਿਆ ਅਤੇ ਪੁਲਿਸ ਬਲ ਹੁਣ ਲੜਨਾ ਨਹੀਂ ਚਾਹੁੰਦੇ ਅਤੇ ਸਾਡੇ ਕੋਲੋਂ ਸੁਰੱਖਿਆ (ਇਮਿਊਨਿਟੀ) ਮੰਗ ਰਹੇ ਹਨ। ਜਿਵੇਂ ਕਿ ਮੈਂ ਕੱਲ੍ਹ ਰਾਤ ਕਿਹਾ ਸੀ – ‘ਅਜੇ ਉਹ ਸੁਰੱਖਿਆ ਪ੍ਰਾਪਤ ਕਰ ਸਕਦੇ ਹਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸਿਰਫ਼ ਮੌਤ ਮਿਲੇਗੀ’।”
“ਉਮੀਦ ਹੈ ਕਿ ਆਈਆਰਜੀਸੀ ਤੇ ਪੁਲਿਸ ਸ਼ਾਂਤੀਪੂਰਨ ਈਰਾਨ ਦੇ ਦੇਸ਼ ਭਗਤਾਂ ਨਾਲ ਮਿਲ ਜਾਣਗੇ ਅਤੇ ਇੱਕ ਇਕਾਈ ਵਾਂਗ ਦੇਸ਼ ਨੂੰ ਉਸ ਮਹਾਨਤਾ ਤੱਕ ਵਾਪਿਸ ਲੈ ਜਾਣਗੇ, ਜਿਸਦੇ ਉਹ ਲਾਇਕ ਹਨ। ਇਹ ਪ੍ਰਤੀਕਿਰਿਆ ਛੇਤੀ ਹੀ ਸ਼ੁਰੂ ਹੋਣੀ ਚਾਹੀਦੀ ਹੈ, ਕਿਉਂਕਿ ਸਿਰਫ਼ ਖਾਮਨੇਈ ਦੀ ਮੌਤ ਹੀ ਨਹੀਂ, ਸਗੋਂ ਦੇਸ਼ ਇੱਕ ਹੀ ਦਿਨ ਵਿੱਚ ਬਹੁਤ ਹੱਦ ਤੱਕ ਬਰਬਾਦ ਇੱਥੋਂ ਤੱਕ ਕਿ ਲਗਭਗ ਮਿਟ ਚੁੱਕਿਆ ਹੈ।”
“ਹਾਲਾਂਕਿ, ਭਾਰੀ ਅਤੇ ਸਟੀਕ ਬੰਬਾਰੀ ਪੂਰੇ ਹਫ਼ਤੇ ਜਾਂ ਜਿੰਨਾ ਸਮਾਂ ਜ਼ਰੂਰੀ ਹੋਵੇ, ਬਿਨਾਂ ਰੁਕੇ ਜਾਰੀ ਰਹੇਗੀ, ਤਾਂ ਜੋ ਅਸੀਂ ਪੂਰੇ ਮੱਧ ਪੂਰਬ ਵਿੱਚ ਅਤੇ ਅਸਲ ਵਿੱਚ ਦੁਨੀਆ ਵਿੱਚ ਸ਼ਾਂਤੀ ਦੇ ਆਪਣੇ ਟੀਚੇ ਨੂੰ ਹਾਸਲ ਕਰ ਸਕੀਏ।”
ਦੂਜੇ ਪਾਸੇ, ਖਾਮੇਨਈ ਦੀ ਮੌਤ ਦੀਆਂ ਖਬਰਾਂ ਤੋਂ ਬਾਅਦ ਈਰਾਨ ਦੇ ਕਰਾਜ ਸ਼ਹਿਰ ਵਿੱਚ ਕਥਿਤ ਤੌਰ ‘ਤੇ ਜਸ਼ਨ ਮਨਾਏ ਜਾਂਦੇ ਦੇਖਿਆ ਗਿਆ।
ਇੱਕ ਸੋਸ਼ਲ ਮੀਡੀਆ ਵੀਡੀਓ, ਜਿਸ ਨੂੰ ਐਕਸ ‘ਤੇ ਸਾਂਝਾ ਕੀਤਾ ਗਿਆ ਅਤੇ ਉਸ ਨੂੰ ਬੀਬੀਸੀ ਫ਼ਾਰਸੀ ਨੇ ਵੈਰੀਫਾਈ ਵੀ ਕੀਤਾ ਹੈ, ਉਸ ਵਿੱਚ ਕੁਝ ਈਰਾਨੀਆਂ ਨੂੰ ਕਰਾਜ ਵਿੱਚ ਖਾਮੇਨਈ ਦੀ ਮੌਤ ਦੀ ਰਿਪੋਰਟ ਤੋਂ ਬਾਅਦ ਜਸ਼ਨ ਮਨਾਉਂਦੇ ਦੇਖਿਆ ਗਿਆ ਹੈ। ਹਾਲਾਂਕਿ ਇਹ ਸਭ ਟਰੰਪ ਦੇ ਐਕਸ ‘ਤੇ ਪੋਸਟ ਕਰਨ ਤੋਂ ਪਹਿਲਾਂ ਹੋਇਆ ਸੀ।
ਖਮੇਨਈ ਦੀ ਧੀ, ਜਵਾਈ ਅਤੇ ਪੋਤੇ ਦੇ ਮਾਰੇ ਜਾਣ ਦੀ ਰਿਪੋਰਟ
ਤਸਵੀਰ ਸਰੋਤ, Getty Images
ਬੀਬੀਸੀ ਫਾਰਸੀ ਸੇਵਾ ਦੇ ਪੱਤਰਕਾਰ ਘੋਂਚੇਹ ਹਬੀਬੀਯਾਜ਼ਾਦ ਦੀ ਰਿਪੋਰਟ ਮੁਤਾਬਕ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੀ ਫਾਰਸ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਾਮੇਨਈ ਦੀ ਧੀ, ਜਵਾਈ ਅਤੇ ਦੋਹਤੇ ਹਮਲਿਆਂ ਵਿੱਚ ਮਾਰੇ ਗਏ ਹਨ।
ਏਜੰਸੀ ਨੇ ਇਹ ਵੀ ਰਿਪੋਰਟ ਦਿੱਤੀ ਕਿ “ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਖਾਮੇਨਈ ਦੀ ਇੱਕ ਨੂੰਹ ਦੀ ਵੀ ਮੌਤ ਹੋ ਗਈ ਹੈ।”
ਪਹਿਲਾਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਉਨ੍ਹਾਂ ਦੀ ਨੂੰਹ ਅਤੇ ਜਵਾਈ ਦੀ ਮੌਤ ਹੋ ਗਈ ਹੈ, ਪਰ ਬਾਅਦ ਵਿੱਚ ਇਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ।
ਭਾਰਤ ਵਿੱਚ ਸ਼੍ਰੀਨਗਰ ‘ਚ ਵਿਰੋਧ ਪ੍ਰਦਰਸ਼ਨ
ਤਸਵੀਰ ਸਰੋਤ, ANI
ਆਯਤੁੱਲਾ ਅਲੀ ਖਾਮਨੇਈ ਦੀ ਮੌਤ ਤੋਂ ਬਾਅਦ ਭਾਰਤ ‘ਚ ਸ਼੍ਰੀਨਗਰ ਦੇ ਸੈਦਾ ਕਦਲ ਇਲਾਕੇ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਹਨ।
ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ, ਸ਼੍ਰੀਨਗਰ ਦੇ ਲਾਲ ਚੌਕ ‘ਤੇ ਵੀ ਕਸ਼ਮੀਰੀ ਸ਼ੀਆ ਮੁਸਲਮਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
‘ਇਸਲਾਮਿਕ ਰਿਪਬਲਿਕ ਦਾ ਪ੍ਰਭਾਵ ਖ਼ਤਮ ਹੋ ਗਿਆ’ – ਰਜ਼ਾ ਪਹਿਲਵੀ
ਤਸਵੀਰ ਸਰੋਤ, Getty Images
ਈਰਾਨ ਦੇ ਆਖ਼ਰੀ ਸ਼ਾਹ (ਰਾਜਾ) ਦੇ ਜਲਾਵਤਨ ਪੁੱਤਰ ਰਜ਼ਾ ਪਹਿਲਵੀ ਨੇ ਸੁਪ੍ਰੀਮ ਲੀਡਰ ਆਯਤੁੱਲਾ ਅਲੀ ਖਾਮੇਨਈ ਦੀ ਮੌਤ ਦੀ ਖਬਰ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਖਾਮੇਨਈ, ਜਿਨ੍ਹਾਂ ਨੇ ਹਜ਼ਾਰਾਂ ਈਰਾਨੀਆਂ ਨੂੰ ਮਾਰਿਆ, ਹੁਣ ਇਤਿਹਾਸ ਦਾ ਹਿੱਸਾ ਬਣ ਗਏ ਹਨ।”
ਰਜ਼ਾ ਪਹਿਲਵੀ ਨੇ ਕਿਹਾ ਕਿ “ਉਨ੍ਹਾਂ ਦੀ ਮੌਤ ਨਾਲ ਇਸਲਾਮਿਕ ਰਿਪਬਲਿਕ ਦਾ ਪ੍ਰਭਾਵ ਖ਼ਤਮ ਹੋ ਗਿਆ ਹੈ।”
ਉਨ੍ਹਾਂ ਨੇ ਈਰਾਨੀ ਅਧਿਕਾਰੀਆਂ ਨੂੰ ਕਿਸੇ ਨਵੇਂ ਆਗੂ ਦੀ ਚੋਣ ਨਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਫੌਜ ਅਤੇ ਪੁਲਿਸ ਕੋਲ ਹੁਣ ਜਨਤਾ ਨਾਲ ਜੁੜਨ ਦਾ ‘ਆਖ਼ਰੀ ਮੌਕਾ’ ਹੈ।
ਉਨ੍ਹਾਂ ਲਿਖਿਆ, “ਇਹ ਸਾਡੇ ਵੱਡੇ ਰਾਸ਼ਟਰੀ ਜਸ਼ਨ ਦੀ ਸ਼ੁਰੂਆਤ ਹੈ, ਪਰ ਇਹ ਅੰਤ ਨਹੀਂ ਹੈ।”
ਰਜ਼ਾ ਪਹਿਲਵੀ 1979 ਦੀ ਕ੍ਰਾਂਤੀ ਤੋਂ ਬਾਅਦ ਆਪਣੇ ਪਰਿਵਾਰ ਨਾਲ ਦੇਸ਼ ਛੱਡ ਕੇ ਅਮਰੀਕਾ ਵਿੱਚ ਵੱਸ ਗਏ ਸਨ ਅਤੇ ਉਦੋਂ ਤੋਂ ਉੱਥੇ ਹੀ ਰਹਿ ਰਹੇ ਹਨ।
ਈਰਾਨ ‘ਤੇ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਨੂੰ ਲੈ ਕੇ ਚੀਨ ਨੇ ਕੀ ਕਿਹਾ?
ਤਸਵੀਰ ਸਰੋਤ, Getty Images
ਚੀਨ ਦੇ ਡਿਪਲੋਮੈਟ ਫੂ ਕੋਂਗ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਐਮਰਜੈਂਸੀ ਬੈਠਕ ਵਿੱਚ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ‘ਤੇ ਕੀਤੇ ਗਏ ਹਮਲਿਆਂ ਨਾਲ ਉਨ੍ਹਾਂ ਦਾ ਦੇਸ਼ ਗਹਿਰੀ ਚਿੰਤਾ ਵਿੱਚ ਹੈ।
ਉਨ੍ਹਾਂ ਨੇ ਨਾਗਰਿਕਾਂ ਦੀਆਂ ਮੌਤਾਂ ਦੀਆਂ ਰਿਪੋਰਟਾਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।
ਉਨ੍ਹਾਂ ਨੇ ਖੇਤਰ ਵਿੱਚ ਸ਼ਾਂਤੀ ਅਤੇ ਵਧਦੀ ਹਿੰਸਾ ਨੂੰ ਰੋਕਣ ਲਈ ਤੁਰੰਤ ਫੌਜੀ ਕਾਰਵਾਈ ਬੰਦ ਕਰਨ ਦੀ ਅਪੀਲ ਕੀਤੀ।
ਫੂ ਕੋਂਗ ਨੇ ਕਿਹਾ, “ਹਥਿਆਰਬੰਦ ਸੰਘਰਸ਼ ਵਿੱਚ ਨਾਗਰਿਕਾਂ ਦੀ ਸੁਰੱਖਿਆ ਲਈ ਹਮੇਸ਼ਾ ਸੀਮਾ ਰੇਖਾ ਦੀ ਉਲੰਘਣਾ ਨਹੀਂ ਹੋਣੀ ਚਾਹੀਦਾ ਅਤੇ ਅੰਨ੍ਹੇਵਾਹ ਤਾਕਤ ਦਾ ਪ੍ਰਯੋਗ ਅਸਵੀਕਾਰਯੋਗ ਹੈ।”
ਉਨ੍ਹਾਂ ਨੇ ਸਾਰੇ ਪੱਖਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਮਾਨਵੀ ਕਾਨੂੰਨ ਤਹਿਤ ਆਪਣੇ ਫ਼ਰਜ਼ ਨਿਭਾਉਣ ਲਈ ਕਿਹਾ।
ਉਨ੍ਹਾਂ ਇਹ ਵੀ ਕਿਹਾ ਕਿ ਚੀਨ ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਜਲਦ ਤੋਂ ਜਲਦ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਦੇ ਯਤਨਾਂ ਵਿੱਚ ਕੰਮ ਕਰਨ ਲਈ ਤਿਆਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



