Home ਰਾਸ਼ਟਰੀ ਖ਼ਬਰਾਂ ਅਮਰੀਕਾ ਨੇ ਈਰਾਨ ਨਾਲ ਸੰਘਰਸ਼ ਦੇ ਮੱਦੇਨਜ਼ਰ ਇਨ੍ਹਾਂ ਮੁਲਕਾਂ ਤੋਂ ਆਪਣੇ ਨਾਗਰਿਕਾਂ...

ਅਮਰੀਕਾ ਨੇ ਈਰਾਨ ਨਾਲ ਸੰਘਰਸ਼ ਦੇ ਮੱਦੇਨਜ਼ਰ ਇਨ੍ਹਾਂ ਮੁਲਕਾਂ ਤੋਂ ਆਪਣੇ ਨਾਗਰਿਕਾਂ ਨੂੰ ਤੁਰੰਤ ਨਿਕਲਣ ਲਈ ਕਿਹਾ

8
0

Source :- BBC PUNJABI

ਅਮਰੀਕੀ ਵਿਦੇਸ਼ ਮੰਤਰੀ ਦੀ ਤਸਵੀਰ

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

ਪੜ੍ਹਨ ਦਾ ਸਮਾਂ: 5 ਮਿੰਟ

ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਇੱਕ ਸਲਾਹ ਜਾਰੀ ਕੀਤੀ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਉਹ ਹਮਲੇ ਦੇ ਖ਼ਤਰੇ ਦੇ ਮੱਦੇਨਜ਼ਰ ਜਿੰਨੀ ਜਲਦੀ ਹੋ ਸਕੇ ਉੱਥੋਂ ਨਿਕਲ ਜਾਣ।

ਇਨ੍ਹਾਂ ਦੇਸਾਂ ਵਿੱਚ ਬਹਿਰੀਨ, ਮਿਸਰ, ਇਰਾਨ, ਇਰਾਕ, ਇਜ਼ਰਾਈਲ, ਵੈਸਟ ਬੈਂਕ, ਗਾਜ਼ਾ, ਜਾਰਡਨ, ਕੁਵੈਤ, ਲੇਬਨਾਨ, ਓਮਾਨ, ਕਤਰ, ਸਾਊਦੀ ਅਰਬ, ਸੀਰੀਆ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਸ਼ਾਮਲ ਹਨ।

ਈਰਾਨ ਮੱਧ ਪੂਰਬੀ ਦੇਸਾਂ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮੱਦੇ ਨਜ਼ਰ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ।

ਇਸ ਤੋਂ ਪਹਿਲਾ ਇਜ਼ਰਾਇਲ ਅਤੇ ਅਮਰੀਕਾ ਨੇ ਸ਼ਨਿੱਚਰਵਾਰ ਨੂੰ ਈਰਾਨ ਉੱਤੇ ਹਮਲਾ ਕੀਤਾ ਸੀ।

‘ਮਨੁੱਖੀ ਸਿਧਾਂਤਾਂ ਦੀ ਸ਼ਰੇਆਮ ਉਲੰਘਣਾ’- ਈਰਾਨੀ ਰਾਸ਼ਟਰਪਤੀ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ

ਤਸਵੀਰ ਸਰੋਤ, Getty Images

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ‘ਮਨੁੱਖੀ ਸਿਧਾਂਤਾਂ ਦੀ ਸ਼ਰੇਆਮ ਉਲੰਘਣਾ’ ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, “ਹਸਪਤਾਲਾਂ ‘ਤੇ ਹਮਲੇ ਜ਼ਿੰਦਗੀ ‘ਤੇ ਹਮਲੇ ਹਨ। ਸਕੂਲਾਂ ‘ਤੇ ਹਮਲੇ ਕਿਸੇ ਦੇਸ ਦੇ ਭਵਿੱਖ ਨੂੰ ਨਿਸ਼ਾਨਾ ਬਣਾਉਂਦੇ ਹਨ। ਮਰੀਜ਼ਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਮਨੁੱਖੀ ਸਿਧਾਂਤਾਂ ਦੀ ਸਪੱਸ਼ਟ ਉਲੰਘਣਾ ਹੈ।”

ਪੇਜ਼ੇਸ਼ਕੀਅਨ ਨੇ ਕਿਹਾ, “ਦੁਨੀਆ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਮੈਂ ਆਪਣੇ ਸੋਗ ਵਿੱਚ ਡੁੱਬੇ ਦੇਸ ਦੇ ਨਾਲ ਖੜ੍ਹਾ ਹਾਂ। ਈਰਾਨ ਇਨ੍ਹਾਂ ਅਪਰਾਧਾਂ ‘ਤੇ ਨਾ ਤਾਂ ਚੁੱਪ ਰਹੇਗਾ ਅਤੇ ਨਾ ਹੀ ਝੁਕੇਗਾ।”

ਈਰਾਨੀ ਅਧਿਕਾਰੀਆਂ ਦੇ ਮੁਤਾਬਕ, ਈਰਾਨ ਵਿੱਚ ਇੱਕ ਸਕੂਲ ‘ਤੇ ਹੋਏ ਹਵਾਈ ਹਮਲੇ ਵਿੱਚ ਕਈ ਬੱਚਿਆਂ ਸਮੇਤ 153 ਜਣਿਆਂ ਦੀ ਜਾਨ ਗਈ ਸੀ।

‘ਆਪ੍ਰੇਸ਼ਨ ਐਪਿਕ ਫਿਊਰੀ’ ਬਾਰੇ ਕੀ ਬੋਲੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ?

ਰਾਸ਼ਟਰਪਤੀ ਟਰੰਪ ਨੇ ਸਮਾਗਮ ਦੀ ਸ਼ੁਰੂਆਤ “ਆਪ੍ਰੇਸ਼ਨ ਐਪਿਕ ਫਿਊਰੀ” ਬਾਰੇ ਇੱਕ “ਸੰਖੇਪ ਜਾਣਕਾਰੀ” ਨਾਲ ਕੀਤੀ।

ਰਾਸ਼ਟਰਪਤੀ ਦਾ ਕਹਿਣਾ ਹੈ ਕਿ ਅਮਰੀਕਾ ਇਰਾਨੀ ਹਕੂਮਤ ਵੱਲੋਂ ਪੈਦਾ ਕੀਤੇ ਖ਼ਤਰਿਆਂ ਨੂੰ ਖ਼ਤਮ ਕਰਨ ਲਈ ਇਰਾਨ ਵਿੱਚ “ਵੱਡੇ ਪੱਧਰ ‘ਤੇ ਜੰਗੀ ਕਾਰਵਾਈਆਂ” ਜਾਰੀ ਰੱਖ ਰਿਹਾ ਹੈ।

ਉਨ੍ਹਾਂ ਕਿਹਾ ਕਿ ਈਰਾਨ ਨੇ ਅਮਰੀਕੀ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ “ਪਰਮਾਣੂ ਹਥਿਆਰਾਂ ਦੀ ਆਪਣੀ ਦੌੜ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ”।

ਡੌਲਨਡ ਟਰੰਪ

ਤਸਵੀਰ ਸਰੋਤ, Getty Images

ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਇਰਾਨ ਦੇ ਮਿਜ਼ਾਈਲ ਪ੍ਰੋਗਰਾਮ ਦਾ ਮਕਸਦ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਸੁਰੱਖਿਆ ਕਵਚ ਪ੍ਰਦਾਨ ਕਰਨਾ ਸੀ।

ਟਰੰਪ ਨੇ ਕਿਹਾ ਕਿ ਹਾਲਾਂਕਿ ਅਮਰੀਕਾ ਉਹ ਦੇਸ ਸੀ ਜੋ ਇਸ ਨੂੰ ਰੋਕਣਾ ਚਾਹੁੰਦਾ ਸੀ, ਪਰ “ਹਰ ਕੋਈ ਸਾਡੀ ਹਮਾਇਤ ਵਿੱਚ ਸੀ”।

ਉਨ੍ਹਾਂ ਦਾ ਕਹਿਣਾ ਹੈ ਕਿ ਪਰਮਾਣੂ ਹਥਿਆਰਾਂ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਲੈਸ ਇਰਾਨੀ ਹਕੂਮਤ ਮੱਧ ਪੂਰਬ ਦੇ ਨਾਲ-ਨਾਲ ਅਮਰੀਕੀ ਲੋਕਾਂ ਲਈ ਵੀ ਇੱਕ “ਅਸਹਿ ਖ਼ਤਰਾ” ਹੋਵੇਗੀ।

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਸ਼ੰਘਰਸ਼ ਸ਼ੁਰੂ ਕਰਨ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਇਹ “ਹਮਲਾ ਕਰਨ ਦਾ ਸਾਡਾ ਆਖਰੀ ਅਤੇ ਸਭ ਤੋਂ ਵਧੀਆ ਮੌਕਾ” ਸੀ ਤਾਂ ਜੋ “ਇਸ ਬਿਮਾਰ ਅਤੇ ਭ੍ਰਿਸ਼ਟ ਹਕੂਮਤ ਦੁਆਰਾ ਪੈਦਾ ਕੀਤੇ ਗਏ ਅਸਹਿ ਖ਼ਤਰਿਆਂ” ਨੂੰ ਖ਼ਤਮ ਕੀਤਾ ਜਾ ਸਕੇ।

ਟਰੰਪ ਨੇ ਕਿਹਾ ਕਿ ਇਰਾਨ ਵਿੱਚ ਚਲਾਏ ਜਾ ਰਹੇ ਆਪ੍ਰੇਸ਼ਨ ਦੇ ਉਦੇਸ਼ “ਸਪਸ਼ਟ” ਹਨ, ਜਿਸ ਵਿੱਚ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੇ ਨਾਲ-ਨਾਲ “ਇਰਾਨ ਦੀਆਂ ਮਿਜ਼ਾਈਲ ਸਮਰੱਥਾਵਾਂ ਨੂੰ ਤਬਾਹ ਕਰਨਾ” ਅਤੇ “ਉਨ੍ਹਾਂ ਦੀ ਜਲ ਸੈਨਾ ਦਾ ਸਫਾਇਆ ਕਰਨਾ” ਸ਼ਾਮਲ ਹੈ।

ਉਨ੍ਹਾਂ ਅੱਗੇ ਕਿਹਾ ਕਿ ਈਰਾਨ ਆਪਣੀਆਂ ਸਰਹੱਦਾਂ ਤੋਂ ਬਾਹਰ “ਅੱਤਵਾਦੀ ਫੌਜਾਂ ਨੂੰ ਹਥਿਆਰ ਦੇਣਾ, ਫੰਡ ਦੇਣਾ ਅਤੇ ਹਦਾਇਤਾਂ ਦੇਣਾ ਜਾਰੀ ਨਹੀਂ ਰੱਖ ਸਕਦਾ”।

ਸਮੁੰਦਰੀ ਮਾਲਵਾਹਕ ਜਹਾਜ਼

ਤਸਵੀਰ ਸਰੋਤ, Reuters

ਟਰੰਪ ਨੇ ਕਿਹਾ ਕਿ ਅੱਜ ਦੇਸ ਉਨ੍ਹਾਂ ਚਾਰ ਅਮਰੀਕੀ ਸੈਨਿਕਾਂ ਲਈ ਸੋਗ ਮਨਾ ਰਿਹਾ ਹੈ ਜੋ ਜੰਗ ਦੌਰਾਨ ਮਾਰੇ ਗਏ ਸਨ।

ਰਾਸ਼ਟਰਪਤੀ ਨੇ ਕਿਹਾ, “ਉਨ੍ਹਾਂ ਦੀ ਯਾਦ ਵਿੱਚ, ਅਸੀਂ ਇਸ ਅੱਤਵਾਦੀ ਹਕੂਮਤ ਵੱਲੋਂ ਅਮਰੀਕੀ ਲੋਕਾਂ ‘ਤੇ ਪਾਏ ਗਏ ਖ਼ਤਰੇ ਨੂੰ ਕੁਚਲਣ ਲਈ ਬੇਹੱਦ ਸਖ਼ਤ ਅਤੇ ਅਟੱਲ ਇਰਾਦੇ ਨਾਲ ਇਸ ਮਿਸ਼ਨ ਨੂੰ ਜਾਰੀ ਰੱਖਾਂਗੇ।”

ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਪਹਿਲਾਂ ਹੀ ਆਪਣੇ ਅਨੁਮਾਨਿਤ ਸਮੇਂ ਤੋਂ “ਕਾਫੀ ਅੱਗੇ” ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ਨੇ ਚਾਰ-ਪੰਜ ਹਫ਼ਤਿਆਂ ਦਾ ਅੰਦਾਜ਼ਾ ਲਗਾਇਆ ਸੀ, ਪਰ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਕੋਲ “ਕਿਤੇ ਲੰਬੇ ਸਮੇਂ ਤੱਕ ਚੱਲਣ ਦੀ ਸਮਰੱਥਾ” ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕੀ ਸੈਨਿਕਾਂ ਦਾ ਧੰਨਵਾਦ ਕੀਤਾ, ਜਿਸ ‘ਤੇ ‘ਈਸਟ ਰੂਮ’ ਵਿੱਚ ਖੂਬ ਤਾੜੀਆਂ ਵੱਜੀਆਂ।

ਸਾਊਦੀ ਅਰਬ ਦੇ ਰਿਆਦ ਸਥਿਤ ਅਮਰੀਕੀ ਦੂਤਾਵਾਸ ‘ਤੇ ਡਰੋਨ ਹਮਲਾ

ਰਿਆਦ ਸਥਿਤ ਅਮਰੀਕੀ ਦੂਤਘਰ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Getty Images

ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਰਾਜਧਾਨੀ ਰਿਆਦ ਸਥਿਤ ਅਮਰੀਕੀ ਦੂਤਾਵਾਸ ‘ਤੇ ਦੋ ਡਰੋਨਾਂ ਰਾਹੀਂ ਹਮਲਾ ਕੀਤਾ ਗਿਆ ਹੈ।

ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਸ ਹਮਲੇ ਕਾਰਨ ਮਾਮੂਲੀ ਅੱਗ ਲੱਗ ਗਈ ਅਤੇ ਇਮਾਰਤ ਦਾ ਥੋੜ੍ਹਾ ਨੁਕਸਾਨ ਹੋਇਆ ਹੈ।

ਸਾਊਦੀ ਅਰਬ ਵਿੱਚ ਅਮਰੀਕੀ ਮਿਸ਼ਨ ਨੇ ਜੇਦਾਹ, ਰਿਆਦ ਅਤੇ ਧਹਰਾਨ ਵਿੱਚ ਰਹਿਣ ਵਾਲੇ ਲੋਕਾਂ ਨੂੰ ‘ਘਰਾਂ ਦੇ ਅੰਦਰ ਹੀ ਸੁਰੱਖਿਅਤ ਰਹਿਣ’ ਦੀ ਸਲਾਹ ਦਿੱਤੀ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਕੁਵੈਤ ਵਿੱਚ ਅਮਰੀਕੀ ਦੂਤਾਵਾਸ ਦੇ ਅੰਦਰੋਂ ਜਾਂ ਉਸ ਦੇ ਨੇੜਿਓਂ ਧੂੰਆਂ ਉੱਠਦਾ ਦੇਖਿਆ ਗਿਆ ਸੀ।

ਇਸ ਤੋਂ ਬਾਅਦ ਦੂਤਾਵਾਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੂਤਾਵਾਸ ਨਾ ਆਉਣ ਅਤੇ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਰਹਿਣ।

ਇਜ਼ਰਾਇਲ ਅਤੇ ਅਮਰੀਕਾ ਨੇ ਸ਼ਨੀਵਾਰ ਨੂੰ ਈਰਾਨ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਈਰਾਨ ਅਤੇ ਇਜ਼ਰਾਇਲ ਵੱਲੋਂ ਇੱਕ-ਦੂਜੇ ‘ਤੇ ਹਮਲੇ ਜਾਰੀ ਹਨ।

ਦੂਜੇ ਪਾਸੇ, ਇਰਾਨ ਮੱਧ ਪੂਰਬੀ ਦੇਸ਼ਾਂ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ (ਮਿਲਟਰੀ ਬੇਸ) ਨੂੰ ਨਿਸ਼ਾਨਾ ਬਣਾ ਰਿਹਾ ਹੈ।

ਓਮਾਨ: ਤੇਲ ਟੈਂਕਰ ‘ਤੇ ਹੋਏ ਡਰੋਨ ਹਮਲੇ ਵਿੱਚ ਇੱਕ ਭਾਰਤੀ ਦੀ ਮੌਤ

ਤੇਲ ਦੀ ਇੱਕ ਤਸਵੀਰ

ਤਸਵੀਰ ਸਰੋਤ, Getty Images

ਓਮਾਨ ਦੀ ਖਾੜੀ ਵਿੱਚ ਇੱਕ ਤੇਲ ਟੈਂਕਰ ‘ਤੇ ਵਿਸਫੋਟਕਾਂ ਨਾਲ ਲੈਸ ਡਰੋਨ ਦੁਆਰਾ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਜਹਾਜ਼ ‘ਤੇ ਸਵਾਰ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ ਹੈ।

ਇਸ ਘਟਨਾ ‘ਤੇ ਮਸਕਟ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਬਿਆਨ ਜਾਰੀ ਕੀਤਾ ਹੈ।

ਭਾਰਤੀ ਦੂਤਾਵਾस ਨੇ ‘ਐਮਕੇਡੀ ਵਿਓਮ’ ਜਹਾਜ਼ ‘ਤੇ ਭਾਰਤੀ ਨਾਗਰਿਕ ਦੀ ਹੋਈ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੂਤਾਵਾਸ ਨੇ ਕਿਹਾ ਹੈ ਕਿ ਉਹ ਓਮਾਨ ਦੇ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ, ਤਾਂ ਜੋ ਜਹਾਜ਼ ‘ਤੇ ਮੌਜੂਦ (ਬਾਕੀ) ਭਾਰਤੀਆਂ ਦੀ ਸੁਰੱਖਿਅਤ ਅਤੇ ਜਲਦ ਵਾਪਸੀ ਯਕੀਨੀ ਬਣਾਈ ਜਾ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI