Source :- BBC PUNJABI
ਤਸਵੀਰ ਸਰੋਤ, Getty Images
‘ਸ਼੍ਰੇਅਸ ਅਈਅਰ ਦਾ ਰਵੱਈਆ ਜਿਵੇਂ ਦਾ ਗਰਾਊਂਡ ‘ਤੇ ਹੈ ਉਹ ਦੇਖ ਕੇ ਚੰਗਾ ਲੱਗਦਾ ਹੈ ਤੇ ਅਸੀਂ ਵੀ ਉਸੇ ਤਰ੍ਹਾਂ ਦਾ ਰਵੱਈਆ ਰੱਖੀਏ, ਕਿਉਂਕਿ ਅਸੀਂ ਸਿਰਫ਼ ਜਿੱਤਣਾ ਹੈ। ਜਦੋਂ ਉਹ ਬੱਲੇਬਾਜ਼ੀ ਕਰਨ ਜਾਂਦੇ ਹਨ ਤਾਂ ਉਨ੍ਹਾਂ ਦੀ ਤੋਰ ਤੋਂ ਲੱਗਦਾ ਹੈ ਕਿ ਉਹ ਜਿਤਾਉਣ ਗਿਆ ਹੈ।’
ਇਹ ਸ਼ਬਦ ਹਨ ਪੰਜਾਬ ਕਿੰਗਜ਼ ਦੇ ਓਪਨਿੰਗ ਬੱਲੇਬਾਜ਼ ਪ੍ਰਿਯਾਂਸ਼ ਆਰਿਆ ਦੇ ਜਿਨ੍ਹਾਂ ਨੇ ਇਹ ਸ਼ਬਦ ਖੇਡ ਚੈਨਲ ਸਟਾਰ ਸਪੋਰਟ ‘ਤੇ ਗੱਲਬਾਤ ਕਰਦਿਆਂ ਆਪਣੇ ਕਪਤਾਨ ਸਰਪੰਚ ਯਾਨੀ ਸ਼੍ਰੇਅਸ ਅਈਅਰ ਲਈ ਵਰਤੇ ਹਨ।
ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਆਪਣੇ ਪ੍ਰਦਰਸ਼ਨ ਨਾਲ ਸਿਰਫ਼ ਪੰਜਾਬੀਆਂ ਦੀ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਰਹਿੰਦੇ ਕ੍ਰਿਕਟ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਸਰਪੰਚ ਦੇ ਨਾਮ ਨਾਲ ਪ੍ਰਸਿੱਧ ਹੋਏ ਸ਼੍ਰੇਅਸ ਅਈਅਰ ਆਈਪੀਐੱਲ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਆ ਰਹੇ ਹਨ।
ਇਸ ਲਈ ਸ਼੍ਰੇਅਸ ਅਈਅਰ ਨੂੰ ਭਾਰਤੀ ਟੀ-20 ਕ੍ਰਿਕਟ ਟੀਮ ਦਾ ਕਪਤਾਨ ਬਣਾਉਣ ਦੀ ਮੰਗ ਵੀ ਉੱਠ ਰਹੀ ਹੈ।
ਇਸ ਰਿਪੋਰਟ ਵਿੱਚ ਗੱਲ ਕਰਾਂਗੇ ਸ਼੍ਰੇਅਸ ਅਈਅਰ ਵੱਲੋਂ ਬਤੌਰ ਕਪਤਾਨ ਕੀਤੇ ਪ੍ਰਦਰਸ਼ਨ ਅਤੇ ਉਨ੍ਹਾਂ ਵੱਲੋਂ ਬਣਾਏ ਗਏ ਰਿਕਾਰਡਾਂ ਦੀ।
ਸ਼੍ਰੇਅਸ ਅਈਅਰ ਵੱਲੋਂ ਪੰਜਾਬ ਕਿੰਗਜ਼ ਦੀ ਕਪਤਾਨੀ ਦਾ ਦੂਜਾ ਸਾਲ
ਤਸਵੀਰ ਸਰੋਤ, Getty Images
ਸ਼੍ਰੇਅਸ ਅਈਅਰ ਵੱਲੋਂ ਪੰਜਾਬ ਕਿੰਗਜ਼ ਦੀ ਕਪਤਾਨੀ ਦਾ ਲਗਾਤਾਰ ਦੂਜਾ ਸਾਲ ਹੈ। ਸ਼੍ਰੇਅਸ ਦੀ ਕਪਤਾਨੀ ਵਿੱਚ ਪੰਜਾਬ ਕਿੰਗਜ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ।
ਬੀਤੇ ਸੀਜ਼ਨ ਵਿੱਚ ਸ਼੍ਰੇਅਸ ਦੀ ਕਤਪਾਨੀ ਵਿੱਚ ਪੰਜਾਬ ਕਿੰਗਜ਼ ਦੀ ਟੀਮ 11 ਸਾਲ ਮਗਰੋਂ ਫਾਈਨਲ ਵਿੱਚ ਪੁੱਜੀ ਸੀ।
19ਵੇਂ ਸੀਜ਼ਨ ਵਿੱਚ ਵੀ ਪਹਿਲੇ ਸੱਤ ਮੈਚਾਂ ਵਿੱਚੋਂ 6 ਮੈਚ ਜਿੱਤਣ ਵਾਲੀ ਪੰਜਾਬ ਕਿੰਗਜ਼ ਟਾਪ ਉੱਤੇ ਹੈ।
ਇੱਕ ਮੈਚ ਕੋਲਕਾਤਾ ਨਾਈਡਰਜ਼ ਨਾਲ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ। ਹਾਲਾਂਕਿ 28 ਅਪ੍ਰੈਲ ਨੂੰ ਮੁਲਾਂਪੁਰ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੂੰ ਰਾਜਸਥਾਨ ਹੱਥੋਂ ਪਹਿਲੀ ਹਾਰ ਮਿਲੀ। ਰਾਜਸਥਾਨ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ।
ਹਾਲਾਂਕਿ ਟੀਮ ਕਿਸੇ ਵੀ ਹਾਲਾਤ ਵਿੱਚ ਹੋਵੇ, ਸ਼੍ਰੇਅਸ ਅਈਅਰ ਦੇ ਚਿਹਰੇ ‘ਤੇ ਕਦੇ ਵੀ ਨਿਰਾਸ਼ਾ ਨਜ਼ਰ ਨਹੀਂ ਆਉਂਦੀ।
ਭਾਵੇਂ ਉਹ ਬੱਲੇਬਾਜ਼ੀ ਕਰ ਰਹੇ ਹੋਣ ਅਤੇ ਭਾਵੇਂ ਫੀਲਡਿੰਗ। ਸ਼੍ਰੇਅਸ ਅਈਅਰ ਦੀ ਇਸ ਖਾਸੀਅਤ ਦੀ ਉਨ੍ਹਾਂ ਦੇ ਸਾਥੀ ਖਿਡਾਰੀ ਵੀ ਤਾਰੀਫ਼ ਕਰਦੇ ਹਨ।
ਸਟਾਰ ਸਪੋਰਟਸ ਨਾਲ ਗੱਲਬਾਤ ਕਰਦਿਆਂ ਪ੍ਰਿਆਂਸ਼ ਆਰਿਆ ਨੇ ਕਿਹਾ, “ਮੈਨੂੰ ਉਨ੍ਹਾਂ ਦਾ ਮਾਈਂਡਸੈੱਟ ਬਹੁਤ ਚੰਗਾ ਲੱਗਦਾ ਹੈ। ਮੈਂ ਕਦੇ ਵੀ ਉਨ੍ਹਾਂ ਦੇ ਮੂੰਹੋਂ ਨਕਾਰਾਤਮਕ ਗੱਲ ਨਹੀਂ ਸੁਣੀ।
ਪ੍ਰਿਯਾਂਸ਼ ਕਹਿੰਦੇ ਹਨ ਕਿ ਜਿਵੇਂ ਉਨ੍ਹਾਂ ਦਾ ਗੇਮ ਸੈਂਸ ਹੈ ਮੈਚ ਜਿਤਾਉਣ ਵਾਲਾ, ਉਹ ਕਾਫ਼ੀ ਪ੍ਰਭਾਵਿਤ ਕਰਦਾ ਹੈ। ਪ੍ਰਿਯਾਂਸ਼ ਅੱਗੇ ਕਹਿੰਦੇ ਹਨ ਕਿ ਮੈਂ ਬੀਤੇ ਸਾਲ ਤੋਂ ਜਿਵੇਂ ਉਨ੍ਹਾਂ ਨੂੰ ਦੇਖਿਆ ਹੈ ਉਹ ਹਮੇਸ਼ਾ ਖੇਡ ਨੂੰ ਖ਼ਤਮ ਕਰਕੇ ਆਉਂਦੇ ਹਨ।”
ਸ਼੍ਰੇਅਸ ਅਈਅਰ ਦਾ ਆਈਪੀਐੱਲ 2026 ਵਿੱਚ ਪ੍ਰਦਰਸ਼ਨ
ਤਸਵੀਰ ਸਰੋਤ, Getty Images
ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਵਿੱਚ ਲਾਜਵਾਬ ਪ੍ਰਦਰਸ਼ਨ ਕੀਤਾ ਹੀ ਹੈ ਪਰ ਸ਼੍ਰੇਅਸ ਅਈਅਰ ਨੇ ਵੀ ਬਤੌਰ ਬੱਲੇਬਾਜ਼ ਕਮਾਲ ਕੀਤੀ ਹੈ।
ਸ਼੍ਰੇਅਸ ਅਈਅਰ ਨੇ ਪਹਿਲੇ 8 ਮੈਚਾਂ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 309 ਦੌੜਾਂ ਬਣਾਈਆਂ ਹਨ।
ਜਿਸ ਵਿੱਚ ਚਾਰ ਅਰਧ ਸੈਂਕੜੇ ਵੀ ਸ਼ਾਮਿਲ ਹਨ। ਇਹ ਚਾਰੇ ਅਰਧ ਸੈਂਕੜੇ ਸ਼੍ਰੇਅਸ ਅਈਅਰ ਨੇ ਚੇਜ਼ ਕਰਦੇ ਹੋਏ ਬਣਾਏ ਹਨ।
ਚੇਨੱਈ ਸੁਪਰਕਿੰਗਜ਼ ਖ਼ਿਲਾਫ਼ 29 ਗੇਂਦਾਂ ਵਿੱਚ 50, ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 33 ਗੇਂਦਾਂ ਵਿੱਚ 69,
ਮੁੰਬਈ ਇੰਡੀਅਨਜ਼ ਵਿਰੁੱਧ 35 ਗੇਂਦਾਂ ਵਿੱਚ 65 ਤੇ ਦਿੱਲੀ ਕੈਪੀਟਲਜ਼ ਖਿਲਾਫ਼ 36 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਸ਼੍ਰੇਅਰ ਅਈਅਰ ਦਾ ਸਟ੍ਰਾਈਕ ਰੇਟ 186 ਦਾ ਹੈ।

‘ਸ਼੍ਰੇਅਸ ਅਈਅਰ ਚੇਜ਼ ਮਾਸਟਰ’
ਤਸਵੀਰ ਸਰੋਤ, Getty Images
ਸ਼੍ਰੇਅਸ ਅਈਅਰ ਵੱਲੋਂ ਆਈ ਪੀ ਐੱਲ ਵਿੱਚ ਚਾਰੇ ਅਰਧ ਸੈਂਕੜੇ ਚੇਜ਼ ਕਰਦਿਆਂ ਬਣਾਉਣ ਮਗਰੋਂ ਉਨ੍ਹਾਂ ਦੀ ਤੁਲਨਾ ਵਿਰਾਟ ਕੋਹਲੀ ਨਾਲ ਕੀਤੀ ਜਾ ਰਹੀ ਹੈ।
ਵਿਰਾਟ ਕੋਹਲੀ ਨੂੰ ਚੇਜ਼ ਮਾਸਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਉਂਕਿ ਕੋਹਲੀ ਦਾ ਪ੍ਰਦਰਸ਼ਨ ਚੇਜ਼ ਦੌਰਾਨ ਹੋਰ ਵੀ ਨਿਖਰ ਕੇ ਆਉਂਦਾ ਹੈ।
ਇਸ ਤਰ੍ਹਾਂ ਸ਼੍ਰੇਅਸ ਆਈਅਰ ਲਈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਗੱਲ ਕਰਦਿਆਂ ਭਾਰਤ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਕਿਹਾ ਕਿ ਜੇਕਰ ਕੋਹਲੀ ਤੋਂ ਬਾਅਦ ਚੇਜ਼ ਮਾਸਟਰ ਦਾ ਖਿਤਾਬ ਕਿਸੇ ਨੂੰ ਦੇਣਾ ਹੋਵੇ ਤਾਂ ਉਹ ਸ਼੍ਰੇਅਸ ਅਈਅਰ ਨੂੰ ਦੇਣਾ ਚਾਹੀਦਾ ਹੈ।
ਇਰਫਾਨ ਪਠਾਨ ਨੇ ਕਿਹਾ ਕਿ ਸ਼੍ਰੇਅਸ ਦੀ ਖਾਸੀਅਤ ਹੈ ਕਿ ਇੱਕ ਤਾਂ ਉਹ ਬਹੁਤ ਸ਼ਾਂਤ ਰਹਿੰਦੇ ਹਨ, ਭਾਵੇਂ ਜਿੰਨੇ ਮਰਜ਼ੀ ਰਨ ਚੇਜ਼ ਕਰਨੇ ਹੋਣ। ਦੂਜਾ ਉਹ ਲਗਾਤਾਰ ਉਸੇ ਹਮਲਾਵਰ ਅੰਦਾਜ਼ ਵਿੱਚ ਖੇਡਦੇ ਹਨ ਜਿਸ ਦੀ ਟੀਮ ਨੂੰ ਜ਼ਰੂਰਤ ਹੁੰਦੀ ਹੈ। ਪਠਾਨ ਨੇ ਅੱਗੇ ਕਿਹਾ ਚੇਜ਼ ਕਰਦਿਆਂ ਇਹ ਅੰਕੜੇ ਦੱਸਦੇ ਹਨ ਕਿ ਉਹ ਇੱਕ ਸ਼ਾਨਦਾਰ ਬੱਲੇਬਾਜ਼ ਹਨ।
ਤਸਵੀਰ ਸਰੋਤ, Getty Images
‘ਟਰਾਫੀ ਜਿੱਤਣ ਦਾ ਮਿਸ਼ਨ’
ਸ਼੍ਰੇਅਸ ਅਈਅਰ ਨੇ ਕੁਝ ਦਿਨ ਪਹਿਲਾਂ ਸਟਾਰ ਸਪੋਰਟਸ ਚੈਨਲ ’ਤੇ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨਾਲ ਇੱਕ ਇੰਟਰਵਿਊ ਕੀਤਾ।
ਇਸ ਵਿੱਚ ਉਨ੍ਹਾਂ ਕਿਹਾ ਕਿ ਹਮੇਸ਼ਾ ਮਿਸ਼ਨ ਟਰਾਫੀ ਜਿੱਤਣ ਦਾ ਹੁੰਦਾ ਹੈ। ਇਰਫਾਨ ਪਠਾਨ ਨੇ ਜਦੋਂ ਸ਼੍ਰੇਅਸ ਨੂੰ ਉਨ੍ਹਾਂ ਦੀ ਕਪਤਾਨੀ ਦੌਰਾਨ ਕਾਮਯਾਬੀ ਬਾਰੇ ਪੁੱਛਿਆ ਤਾਂ ਜਵਾਬ ਵਿੱਚ ਕਿਹਾ, “ਮੈਂ ਹਮੇਸ਼ਾਂ ਆਪਣੇ ਸਾਥੀ ਖਿਡਾਰੀਆਂ ਨੂੰ ਕਹਿੰਦਾ ਹਾਂ ਕਿ ਮੈਚ ਆਖਰੀ ਗੇਂਦ ਤੱਕ ਅਤੇ ਆਖਰੀ ਸਕੋਰ ਤੱਕ ਚੱਲੇਗਾ, ਇਸ ਲਈ ਕਦੇ ਵੀ ਹੌਸਲਾ ਨਹੀਂ ਛੱਡਣਾ, ਕਿਉਂਕਿ ਬਹੁਤ ਵਾਰੀ ਹੋਇਆ ਕਿ ਮੈਚ ਅੰਤ ਵਿੱਚ ਜਾ ਕੇ ਫਸ ਜਾਂਦਾ ਹੈ ਤੇ ਤੁਸੀਂ ਜਿੱਤ ਜਾਂਦੇ ਹੋ।”
ਇਰਫਾਨ ਪਠਾਨ ਨੇ ਪੁੱਛਿਆ ਕਿ ਤੁਸੀਂ ਜੋ ਕਦੇ ਵੀ ਗਿਵ ਅਪ ਨਹੀਂ ਕਰਦੇ ਇਹ ਭਾਵਨਾ ਕਿੱਥੋਂ ਆਉਂਦੀ ਹੈ। ਇਸ ਸਵਾਲ ਦੇ ਜਵਾਬ ਵਿੱਚ ਸ਼੍ਰੇਅਸ ਨੇ ਕਿਹਾ, “ਇਨਸਾਨ ਰਿਜੈਕਸ਼ਨ ਤੋਂ ਕਾਫ਼ੀ ਕੁਝ ਸਿੱਖਦਾ ਹੈ।
ਬਚਪਨ ਵਿੱਚ ਜਿੰਨੇ ਵੀ ਮੈਚ ਹੋਏ ਅਤੇ ਕਈ ਵਾਰ ਸਿਲੈਕਸ਼ਨ ਦੌਰਾਨ ਵਧੀਕੀ ਹੋਈ। ਉਨ੍ਹਾਂ ਅੱਗੇ ਕਿਹਾ ਕਿ ਉਤਾਰ ਚੜਾਅ ਹਰੇਕ ਦੀ ਜ਼ਿੰਦਗੀ ਵਿੱਚ ਰਹਿੰਦੇ ਹਨ।
ਸ਼੍ਰੇਅਸ ਅੱਗੇ ਕਹਿੰਦੇ ਹਨ ਕਿ ਇਸ ਸਮੇਂ ਦੌਰਾਨ ਖੁਦ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ, ਲੋਕ ਤਾਂ ਤੁਹਾਨੂੰ ਹੇਠਾਂ ਡਿਗਾਉਣ ਵਿੱਚ ਲੱਗੇ ਰਹਿਣਗੇ।”
ਕੀ ਭਾਰਤੀ ਟੀਮ ਦੀ ਅਗਵਾਈ ਕਰਨ ਲਈ ਸ਼੍ਰੇਅਸ ਤਿਆਰ ਹਨ?
ਤਸਵੀਰ ਸਰੋਤ, Sarandeep/Insta
ਜਿਸ ਤਰ੍ਹਾਂ ਨਾਲ ਸ਼੍ਰੇਅਸ ਅਈਅਰ ਟੀ-20 ਕ੍ਰਿਕਟ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਇਸ ਲਈ ਖੇਡ ਦੇ ਕਈ ਮਾਹਿਰ ਉਨ੍ਹਾਂ ਨੂੰ ਭਾਰਤੀ ਟੀਮ ਦਾ ਕਪਤਾਨ ਬਣਨ ਦੇ ਦਾਅਵੇਦਾਰ ਮੰਨ ਰਹੇ ਹਨ।
ਇਸ ਬਾਰੇ ਸਾਬਕਾ ਭਾਰਤੀ ਕ੍ਰਿਕਟਰ ਸਰਨਦੀਪ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕੀਤੀ। ਸਰਨਦੀਪ ਸਿੰਘ ਕਹਿੰਦੇ ਹਨ ਕਿ ਸਰਪੰਚ ਸ਼੍ਰੇਅਸ ਅਈਅਰ ਲਗਾਤਾਰ ਟੀ-20 ਕ੍ਰਿਕਟ ਵਿੱਚ ਲੰਬੇ ਸਮੇਂ ਤੋਂ ਚੰਗਾ ਪ੍ਰਦਰਸ਼ਨ ਕਰਦੇ ਆ ਰਹੇ ਹਨ।
ਸਰਨਦੀਪ ਸਿੰਘ ਕਹਿੰਦੇ ਹਨ, “ਸ਼੍ਰੇਅਸ ਨੇ ਆਪਣੇ ਪ੍ਰਦਰਸ਼ਨ ਨਾਲ ਕਪਤਾਨ ਬਣਨ ਦੀ ਕਾਬਲੀਅਤ ਨੂੰ ਸਾਬਤ ਕਰ ਦਿੱਤਾ ਹੈ।
ਸਰਨਦੀਪ ਕਹਿੰਦੇ ਹਨ ਕਿ ਸੂਰਿਆਕੁਮਾਰ ਯਾਦਵ ਦਾ ਪ੍ਰਦਰਸ਼ਨ ਬੀਤੇ ਸਮੇਂ ਤੋਂ ਖ਼ਾਸ ਨਹੀਂ ਰਿਹਾ ਤੇ ਆਈ ਪੀ ਐੱਲ ਦੇ ਇਸ ਸੀਜ਼ਨ ਵਿੱਚ ਵੀ ਕੁਝ ਚੰਗਾ ਨਹੀਂ ਕਰ ਸਕੇ।
ਸਰਨਦੀਪ ਕਹਿੰਦੇ ਹਨ ਕਿ ਭਾਰਤੀ ਕ੍ਰਿਕਟ ਟੀਮ ਭਾਵੇਂ ਟੀ-20 ਵਿਸ਼ਵ ਕੱਪ ਜਿੱਤ ਗਈ ਸੀ ਪਰ ਉਸ ਵਿੱਚ ਸੂਰਿਆਕੁਮਾਰ ਯਾਦਵ ਨੇ ਬੱਲੇ ਨਾਲ ਕੁਝ ਖ਼ਾਸ ਨਹੀਂ ਕੀਤਾ ਸੀ।
ਉਨ੍ਹਾਂ ਸ਼੍ਰੇਅਸ ਅਈਅਰ ਨੂੰ ਸੂਰਿਆਕੁਮਾਰ ਯਾਦਵ ਨਾਲੋਂ ਮਿਡਲ ਆਰਡਰ ਦਾ ਬਿਹਤਰ ਬੱਲੇਬਾਜ਼ ਦੱਸਿਆ।”
7 ਮੈਚਾਂ ਵਿੱਚ ਸੂਰਿਆਕੁਮਾਰ ਯਾਦਵ ਨੇ ਸਿਰਫ਼ 142 ਦੀ ਸਟ੍ਰਾਈਕ ਰੇਟ ਨਾਲ 157 ਦੌੜਾਂ ਬਣਾਈਆਂ ਹਨ। ਇਸ ਵਿੱਚ ਕੇਵਲ ਇੱਕ ਅਰਧ ਸੈਂਕੜਾ ਸ਼ਾਮਿਲ ਹੈ।
ਉਹ ਵੀ ਦਿੱਲੀ ਖ਼ਿਲਾਫ਼ ਉਨ੍ਹਾਂ 51 ਦੌੜਾਂ ਦੀ ਪਾਰੀ ਖੇਡੀ ਸੀ।
ਸ਼੍ਰੇਅਸ ਅਈਅਰ ਦੇ ਨਾਮ ਕਿਹੜੇ ਰਿਕਾਰਡ
ਸ਼੍ਰੇਅਸ ਅਈਅਰ ਆਈਪੀਐੱਲ ਵਿੱਚ 140 ਤੋਂ ਵੱਧ ਮੈਚ ਖੇਡ ਚੁੱਕੇ ਹਨ ਅਤੇ ਇਨ੍ਹਾਂ ਵਿੱਚ 4 ਹਜ਼ਾਰ ਤੋਂ ਵੱਧ ਸਕੋਰ ਬਣਾ ਚੁੱਕੇ ਹਨ।
ਸ਼੍ਰੇਅਸ ਅਈਅਰ ਆਈ ਪੀ ਐੱਲ ਦੇ ਇਤਿਹਾਸ ਵਿੱਚ ਇਕੱਲੇ ਕਪਤਾਨ ਹਨ ਜਿਨ੍ਹਾਂ ਨੇ 3 ਟੀਮਾਂ ਨੂੰ ਫਾਈਨਲ ਤੱਕ ਪਹੁੰਚਾਇਆ।
ਜਿਸ ਵਿੱਚ ਕੋਲਕਾਤਾ ਨਾਈਟਰਾਈਡਰ ਨੂੰ ਖਿਤਾਬ ਵੀ ਜਿਤਾ ਚੁੱਕੇ ਹਨ। ਇਸ ਤੋਂ ਬਿਨ੍ਹਾਂ ਦਿੱਲੀ ਤੇ ਪੰਜਾਬ ਨੂੰ ਫਾਈਨਲ ਤੱਕ ਪਹੁੰਚਾ ਚੁੱਕੇ ਹਨ।
ਪੰਜਾਬ ਕਿੰਗਜ਼ ਦੇ ਨਾਮ ਆਈਪੀਐੱਲ ਇਤਿਹਾਸ ਦਾ ਸਭ ਤੋਂ ਵੱਡਾ 265 ਦੌੜਾਂ ਦਾ ਰਨ ਚੇਜ਼ ਦਾ ਰਿਕਾਰਡ ਦਰਜ ਹੈ। ਜੋ ਉਨ੍ਹਾਂ ਇਸੇ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਦੇ ਖ਼ਿਲਾਫ਼ ਬਣਾਇਆ ਸੀ।
ਇਸ ਤੋਂ ਪਹਿਲਾਂ ਵੀ 262 ਚੇਜ਼ ਕਰਨ ਦਾ ਰਿਕਾਰਡ ਪੰਜਾਬ ਦੇ ਨਾਮ ਦਰਜ ਸੀ। ਇਹ ਦੋਨੋਂ ਰਿਕਾਰਡ ਪੰਜਾਬ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਹਾਸਲ ਕੀਤੇ।
ਜੇਕਰ ਕਪਤਾਨ ਦੇ ਤੌਰ ‘ਤੇ ਗੱਲ ਕਰੀਏ ਤਾਂ ਸ਼੍ਰੇਅਸ ਅਈਅਰ ਦੇ ਨਾਮ ਵਿਨਿੰਗ ਪਰਸਨਟੇਜ 50 ਤੋਂ ਵੱਧ ਹੈ।
ਸ਼੍ਰੇਅਸ ਅਈਅਰ ਆਈਪੀਐੱਲ ਦੇ ਇਤਿਹਾਸ ਵਿੱਚ ਪਹਿਲੇ ਕਪਤਾਨ ਬਣ ਗਏ ਹਨ ਜੋ ਇੱਕ ਸੀਜ਼ਨ ਦੇ ਪਹਿਲੇ ਸੱਤ ਮੈਚਾਂ ਵਿੱਚ ਅਜੇਤੂ ਰਹੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



