Home ਰਾਸ਼ਟਰੀ ਖ਼ਬਰਾਂ ਇੱਕ ਔਰਤ ਦੇ ਇੱਕੋ ਸਮੇਂ ਦੋ ਵੱਖ-ਵੱਖ ਮਰਦਾਂ ਤੋਂ ਗਰਭਵਤੀ ਹੋਣ ਦਾ...

ਇੱਕ ਔਰਤ ਦੇ ਇੱਕੋ ਸਮੇਂ ਦੋ ਵੱਖ-ਵੱਖ ਮਰਦਾਂ ਤੋਂ ਗਰਭਵਤੀ ਹੋਣ ਦਾ ਮਾਮਲਾ, ਕੀ ਜੌੜੇ ਬੱਚਿਆਂ ਦੇ ਵੱਖ-ਵੱਖ ਪਿਤਾ ਹੋ ਸਕਦੇ ਹਨ?

25
0

Source :- BBC PUNJABI

ਗਰਭਵਤੀ ਔਰਤ

ਤਸਵੀਰ ਸਰੋਤ, Getty Images

2018 ਵਿੱਚ, ਇੱਕ ਔਰਤ ਕੋਲੰਬੀਆ ਦੀ ਨੈਸ਼ਨਲ ਯੂਨੀਵਰਸਿਟੀ ਦੇ ਪੋਪੂਲੇਸ਼ਨ ਜੈਨੇਟਿਕਸ ਅਤੇ ਪਛਾਣ ਲੈਬੋਰਟਰੀ ਵਿੱਚ ਇੱਕ ਬੇਨਤੀ ਨਾਲ ਪਹੁੰਚੀ। ਉਸਦੇ ਦੋ ਸਾਲ ਪਹਿਲਾਂ ਜੌੜੇ ਪੁੱਤਰ ਹੋਏ ਸਨ ਅਤੇ ਉਹ ਉਨ੍ਹਾਂ ਦੇ ਪਿਤਾ ਦੀ ਪੁਸ਼ਟੀ ਕਰਵਾਉਣਾ ਚਾਹੁੰਦੀ ਸੀ।

ਉਨ੍ਹਾਂ ਨੇ ਰੁਟੀਨ ਟੈਸਟ ਕੀਤਾ ਪਰ ਨਤੀਜਾ ਇੰਨਾ ਹੈਰਾਨ ਕਰਨ ਵਾਲਾ ਸੀ ਕਿ ਉਹ ਪੂਰੀ ਤਰ੍ਹਾਂ ਯਕੀਨੀ ਹੋਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਦੁਬਾਰਾ ਇਹ ਟੈਸਟ ਦੁਹਰਾਏ, ਜਿਸ ਵਿੱਚ ਜੌੜੇ ਬੱਚਿਆਂ ਦੀ ਮਾਂ ਤਾਂ ਇੱਕੋ ਸੀ ਪਰ ਪਿਤਾ ਵੱਖ-ਵੱਖ ਸਨ।

ਇਹ ਇੱਕ ਬਹੁਤ ਹੀ ਦੁਰਲਭ ਘਟਨਾ ਹੈ, ਜਿਸਨੂੰ “ਹੈਟਰੋਪੈਟਰਨਲ ਸੁਪਰਫੀਕੰਡੇਸ਼ਨ” ਕਿਹਾ ਜਾਂਦਾ ਹੈ। ਦੁਨੀਆ ਭਰ ਵਿੱਚ ਇਸਦੇ ਲਗਭਗ 20 ਮਾਮਲੇ ਵਿਗਿਆਨਕ ਲੇਖਾਂ ਵਿੱਚ ਦਰਜ ਕੀਤੇ ਗਏ ਹਨ।

ਹਾਲਾਂਕਿ ਉਹ ਜਾਣਦੇ ਸਨ ਕਿ ਅਜਿਹਾ ਕੁਝ ਹੋ ਸਕਦਾ ਹੈ, ਪਰ ਨੈਸ਼ਨਲ ਯੂਨੀਵਰਸਿਟੀ ਦੇ ਮਾਹਰਾਂ ਨੇ ਕਦੇ ਵੀ ਇਸ ਤਰ੍ਹਾਂ ਦਾ ਮਾਮਲਾ ਆਪਣੇ ਸਾਹਮਣੇ ਨਹੀਂ ਵੇਖਿਆ ਸੀ ਅਤੇ ਬੇਸ਼ਕ, ਇਸ ਨਾਲ ਉਨ੍ਹਾਂ ਦੀ ਵਿਗਿਆਨਕ ਦਿਲਚਸਪੀ ਜਾਗ ਪਈ।

ਉਨ੍ਹਾਂ ਨੇ ਇਹ ਕਿਵੇਂ ਪਤਾ ਲਗਾਇਆ?

ਕਿਸੇ ਵੀ ਵਿਅਕਤੀ ਦੇ ਪਿਤਾ ਹੋਣ ਦੀ ਪੁਸ਼ਟੀ ਕਰਨ ਲਈ, ਕੋਲੰਬੀਆ ਦੀ ਨੈਸ਼ਨਲ ਯੂਨੀਵਰਸਿਟੀ ਦੇ ਪੋਪੂਲੇਸ਼ਨ ਜੈਨੇਟਿਕਸ ਅਤੇ ਪਛਾਣ ਲੈਬੋਰਟਰੀ ਦੇ ਵਿਗਿਆਨੀ “ਮਾਈਕ੍ਰੋਸੈਟੇਲਾਈਟ ਮਾਰਕਰਜ਼” ਨਾਮ ਦੀ ਤਕਨਾਲੋਜੀ ਵਰਤਦੇ ਹਨ।

ਆਮ ਤੌਰ ‘ਤੇ, ਇਸ ਵਿੱਚ ਬੱਚੇ, ਮਾਂ ਅਤੇ ਦੱਸੇ ਗਏ ਪਿਤਾ ਦੇ ਡੀਐੱਨਏ ਦੇ ਛੋਟੇ-ਛੋਟੇ ਹਿੱਸਿਆਂ ਦਾ ਵਿਸ਼ਲੇਸ਼ਣ ਕਰਨਾ ਅਤੇ ਉਨ੍ਹਾਂ ਦੀ ਤੁਲਨਾ ਕਰਨੀ ਸ਼ਾਮਲ ਹੁੰਦੀ ਹੈ।

ਲੈਬੋਰਟਰੀ ਦੇ ਡਾਇਰੈਕਟਰ ਪ੍ਰੋਫੈਸਰ ਵਿਲੀਅਮ ਉਸਾਕੁਏਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਅਸੀਂ ਹਰੇਕ ਦੇ ਡੀਐੱਨਏ ਲੈਂਦੇ ਹਾਂ, 15 ਤੋਂ 22 ਤੱਕ ਬਿੰਦੂ ਵੇਖਦੇ ਹਾਂ, ਜਿਨ੍ਹਾਂ ਨੂੰ ਮਾਈਕ੍ਰੋਸੈਟੇਲਾਈਟ ਕਿਹਾ ਜਾਂਦਾ ਹੈ ਅਤੇ ਇੱਕ-ਇੱਕ ਕਰਕੇ ਉਨ੍ਹਾਂ ਦੀ ਤੁਲਨਾ ਕਰਦੇ ਹਾਂ,”

ਪਰ ਇਹ ਪ੍ਰਕਿਰਿਆ ਇੰਨੀ ਸੌਖੀ ਨਹੀਂ ਹੈ ਕਿ ਡੀਐੱਨਏ ਨੂੰ ਇੱਕ ਤਾਕਤਵਰ ਮਾਈਕ੍ਰੋਸਕੋਪ ਹੇਠ ਰੱਖ ਕੇ ਵੇਖ ਲਿਆ ਜਾਵੇ।

ਗਰਭਵਤੀ

ਤਸਵੀਰ ਸਰੋਤ, Getty Images

ਉਂਗਲੀ ਵਿੱਚ ਹਲਕੀ ਜਿਹੀ ਸੂਈ ਲਗਾ ਕੇ ਲਏ ਗਏ ਖੂਨ ਦੇ ਨਮੂਨੇ ਤੋਂ ਬਾਅਦ, ਵਿਗਿਆਨੀ ਇੱਕ ਰਸਾਇਣਕ ਪ੍ਰਕਿਰਿਆ ਕਰਦੇ ਹਨ ਤਾਂ ਜੋ ਡੀਐੱਨਏ ਨੂੰ ਹੋਰ ਚੀਜ਼ਾਂ ਤੋਂ ਵੱਖ ਕੀਤਾ ਜਾ ਸਕੇ।

ਫਿਰ ਉਹ ਇਸ ਬਹੁਤ ਹੀ ਛੋਟੇ ਡੀਐਨਏ ਨੂੰ ਖ਼ਾਸ ਉਪਕਰਨਾਂ ਵਿੱਚੋਂ ਕੱਢਦੇ ਹਨ ਤਾਂ ਜੋ ਇਸ ਨੂੰ ਵਧਾਇਆ ਜਾ ਸਕੇ।

ਤਿਆਰ ਹੋਇਆ ਤਰਲ ਚਮਕਦਾਰ ਤੱਤਾਂ ਨਾਲ ਮਿਲਾਇਆ ਜਾਂਦਾ ਹੈ ਤਾਂ ਜੋ 15 ਤੋਂ 22 ਬਿੰਦੂਆਂ (ਮਾਈਕ੍ਰੋਸੈਟੇਲਾਈਟਸ) ਦੀ ਨਿਸ਼ਾਨੇਦਹੀ ਕੀਤੀ ਜਾ ਸਕੇ, ਜਿਨ੍ਹਾਂ ਨੂੰ ਉਹ ਵੇਖਣਾ ਚਾਹੁੰਦੇ ਹਨ।

ਫਿਰ ਇਸ ਨੂੰ ਇਕ ਹੋਰ ਮਸ਼ੀਨ ਵਿਚੋਂ ਲੰਘਾਇਆ ਜਾਂਦਾ ਹੈ ਜੋ ਹਰ ਨਮੂਨੇ ਵਿੱਚ ਮਾਈਕ੍ਰੋਸੈਟੇਲਾਈਟਸ ਨੂੰ ਪੜ੍ਹ ਸਕਦੀ ਹੈ ਅਤੇ ਉਨ੍ਹਾਂ ਨੂੰ ਅੰਕਾਂ ਦੀ ਲੜੀ ਵਿੱਚ ਬਦਲ ਦਿੰਦੀ ਹੈ। ਇਸ ਪ੍ਰਕਿਰਿਆ ਨੂੰ ਇਲੈਕਟ੍ਰੋਫੋਰੇਸਿਸ ਕਿਹਾ ਜਾਂਦਾ ਹੈ।

ਅੰਤ ਵਿੱਚ, ਜਦੋਂ ਇਹ ਅੰਕਾਂ ਵਾਲੀਆਂ ਲੜੀਆਂ ਮਿਲ ਜਾਂਦੀਆਂ ਹਨ, ਤਾਂ ਖੋਜਕਾਰ ਸੰਭਾਵਨਾ ਦੇ ਆਧਾਰ ‘ਤੇ ਵਿਸ਼ਲੇਸ਼ਣ ਕਰਦੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਆਦਮੀ ਬੱਚੇ ਦਾ ਪਿਤਾ ਹੈ ਜਾਂ ਨਹੀਂ।

ਜਦੋਂ ਬੱਚੇ ਦੇ ਜੈਨੇਟਿਕ ਪ੍ਰੋਫ਼ਾਈਲ ਦਾ ਅੱਧਾ ਹਿੱਸਾ ਮਾਂ ਨਾਲ ਮਿਲਦਾ ਹੈ ਅਤੇ ਬਾਕੀ ਅੱਧਾ ਦੱਸੇ ਗਏ ਪਿਤਾ ਨਾਲ ਮਿਲਦਾ ਹੈ, ਤਾਂ ਪਿਤਾ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ।

ਇਲੈਕਟ੍ਰੋਫੋਰੇਸਿਸ

ਤਸਵੀਰ ਸਰੋਤ, Getty Images

ਇੱਕ ਅਸਧਾਰਨ ਨਤੀਜਾ

2018 ਵਿੱਚ ਮਿਲੇ ਵੱਖ-ਵੱਖ ਪਿਤਾ ਵਾਲੇ ਜੌੜਿਆਂ ਦੇ ਮਾਮਲੇ ਵਿੱਚ ਕੋਲੰਬੀਆ ਦੀ ਨੈਸ਼ਨਲ ਯੂਨੀਵਰਸਿਟੀ ਦੇ ਇੰਸਟੀਟਿਊਟ ਆਫ ਜੈਨੇਟਿਕਸ ਦੇ ਵਿਗਿਆਨੀਆਂ ਨੇ ਮਾਂ, ਦੋਵਾਂ ਬੱਚਿਆਂ ਅਤੇ ਟੈਸਟ ਲਈ ਆਏ ਦੱਸੇ ਗਏ ਪਿਤਾ ਦੇ ਡੀਐੱਨਏ ਵਿੱਚ 17 ਮਾਈਕ੍ਰੋਸੈਟੇਲਾਈਟਸ ਦਾ ਵਿਸ਼ਲੇਸ਼ਣ ਕੀਤਾ।

ਉਨ੍ਹਾਂ ਨੇ ਪਾਇਆ ਕਿ ਦੱਸੇ ਗਏ ਪਿਤਾ ਦਾ ਡੀਐੱਨਏ ਇੱਕ ਬੱਚੇ ਨਾਲ ਮਿਲਦਾ ਸੀ, ਪਰ ਦੂਜੇ ਨਾਲ ਨਹੀਂ ਮਿਲਦਾ ਸੀ।

ਹਰ ਤਰੀਕੇ ਨਾਲ, ਇਹ ਇੱਕ ਬਹੁਤ ਹੀ ਅਸਧਾਰਨ ਨਤੀਜਾ ਸੀ।

ਵਿਲੀਅਮ ਉਸਾਕੁਏਨ ਕਹਿੰਦੇ ਹਨ, “ਮੈਂ 26 ਸਾਲਾਂ ਤੋਂ ਇਸ ਲੈਬੋਰਟਰੀ ਦਾ ਡਾਇਰੈਕਟਰ ਹਾਂ ਅਤੇ ਇਹ ਪਹਿਲਾ ਮਾਮਲਾ ਹੈ ਜੋ ਅਸੀਂ ਵੇਖਿਆ ਹੈ ਅਤੇ ਹੁਣ ਤੱਕ ਇਹ ਇਕੱਲਾ ਹੀ ਹੈ।”

ਜੈਨੇਟਿਕਸ ਦੀ ਮਾਹਰ ਅਤੇ ਇੰਸਟੀਚਿਊਟ ਆਫ ਜੈਨੇਟਿਕਸ ਦੀ ਖੋਜਕਾਰ ਆਂਦ੍ਰੇਆ ਕਾਸਾਸ ਕਹਿੰਦੀ ਹੈ, “ਅਸੀਂ ਹੋਰ ਰਿਪੋਰਟਾਂ ਤੋਂ ਸੁਣਿਆ ਸੀ ਕਿ ਇਸ ਤਰ੍ਹਾਂ ਦੇ ਮਾਮਲੇ ਦੁਨੀਆ ਭਰ ਵਿੱਚ ਬਹੁਤ ਘੱਟ ਦਰ ‘ਤੇ ਵੇਖੇ ਗਏ ਹਨ।”

ਜਿਵੇਂ ਪ੍ਰੋਟੋਕੋਲ ਵਿੱਚ ਦਰਜ ਹੈ, ਉਨ੍ਹਾਂ ਨੇ ਟੈਸਟ ਨੂੰ ਸ਼ੁਰੂ ਤੋਂ ਦੁਬਾਰਾ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪ੍ਰਕਿਰਿਆ ਵਿੱਚ ਕੋਈ ਗ਼ਲਤੀ ਜਾਂ ਨਮੂਨਿਆਂ ਦੀ ਗ਼ਲਤ ਮਿਲਾਵਟ ਨਹੀਂ ਸੀ।

ਨਤੀਜਾ ਪਹਿਲੀ ਵਾਰ ਵਾਂਗ ਹੀ ਆਇਆ।

ਸਿੰਪਲੀ ਅਲੀਸੀਆ

ਤਸਵੀਰ ਸਰੋਤ, Netflix

ਇਹ ਇੰਨਾ ਦੁਰਲਭ ਕਿਉਂ ਹੈ?

2014 ਵਿੱਚ ਅਮਰੀਕਾ ਦੇ ਬਾਲਟੀਮੋਰ ਦੇ ਇੱਕ ਲੈਬੋਰਟਰੀ ਦੇ ਵਿਗਿਆਨੀਆਂ ਵੱਲੋਂ ਪ੍ਰਕਾਸ਼ਿਤ ਇੱਕ ਲੇਖ ਵਿੱਚ ਦਰਸਾਇਆ ਗਿਆ ਕਿ 39,000 ਪਿਤਾ ਹੋਣ ਦੀ ਪੁਸ਼ਟੀ ਵਾਲੇ ਟੈਸਟਾਂ ਦੀ ਜਾਣਕਾਰੀ ਵਾਲੇ ਡਾਟਾਬੇਸ ਵਿੱਚ ਸਿਰਫ਼ ਤਿੰਨ ਮਾਮਲੇ ਹੈਟਰੋਪੈਟਰਨਲ ਸੁਪਰਫੀਕੰਡੇਸ਼ਨ (ਵੱਖ-ਵੱਖ ਪਿਤਾ ਵਾਲੇ ਜੌੜਿਆਂ) ਦੇ ਮਿਲੇ।

ਪ੍ਰੋਫੈਸਰ ਵਿਲੀਅਮ ਉਸਾਕੁਏਨ ਸਮਝਾਉਂਦੇ ਹਨ ਕਿ ਇਹ ਜੀਵ ਵਿਗਿਆਨਕ ਘਟਨਾ ਇੰਨੀ ਘੱਟ ਕਿਉਂ ਹੁੰਦੀ ਹੈ, “ਸਭ ਤੋਂ ਪਹਿਲਾਂ, ਔਰਤ ਦੇ ਦੋ ਜਿਨਸੀ ਸਾਥੀ ਹੋਣੇ ਚਾਹੀਦੇ ਹਨ। ਦੂਜਾ, ਉਸਦਾ ਦੋਵਾਂ ਮਰਦਾਂ ਨਾਲ ਥੋੜ੍ਹੇ ਸਮੇਂ ਵਿੱਚ ਸੰਬੰਧ ਬਣਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਇੱਕੋ ਮਾਸਿਕ ਚੱਕਰ ਵਿੱਚ ਦੋ ਜਾਂ ਵੱਧ ਆਂਡਿਆਂ ਦਾ ਨਿਕਾਸ ਹੋਣਾ ਚਾਹੀਦਾ ਹੈ ਅਤੇ ਅਖੀਰ ਵਿੱਚ, ਦੋਵੇਂ ਵਾਰ ਗਰਭ ਠਹਿਰਣਾ ਲਾਜ਼ਮੀ ਹੈ।”

ਉਸਾਕੁਏਨ ਮਜ਼ਾਕ ਵਿੱਚ ਕਹਿੰਦੇ ਹਨ, “ਇੱਕ ਅਜੀਬ ਘਟਨਾ ਦੇ ਨਾਲ ਦੂਜੀ ਅਜੀਬ ਘਟਨਾ, ਫਿਰ ਹੋਰ ਇੱਕ ਅਜੀਬ ਘਟਨਾ ਅਤੇ ਫਿਰ ਇੱਕ ਹੋਰ ਅਜੀਬ ਘਟਨਾ। ਅਫਸੋਸ, ਅਸੀਂ ਲਾਟਰੀ ਨਹੀਂ ਖੇਡਦੇ।”

ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਕਿਸੇ ਵੀ ਹਾਲਤ ਵਿੱਚ ਵੱਖ-ਵੱਖ ਪਿਤਾ ਵਾਲੇ ਜੌੜੇ ਇਕੋ ਜਿਹੇ (ਇਡੈਂਟੀਕਲ) ਜੌੜੇ ਨਹੀਂ ਹੋ ਸਕਦੇ, ਕਿਉਂਕਿ ਉਹ ਇੱਕੋ ਆਂਡੇ ਅਤੇ ਇੱਕੋ ਸ਼ੁਕਰਾਣੂ ਤੋਂ ਬਣਦੇ ਹਨ।

ਔਰਤ ਅਤੇ ਮਰਦ

ਤਸਵੀਰ ਸਰੋਤ, Getty Images

ਵਿਅਕਤੀਗਤ ਨਿੱਜਤਾ

ਆਮ ਤੌਰ ‘ਤੇ, ਜਦੋਂ ਕਿਸੇ ਔਰਤ ਦੇ ਸਰੀਰ ਵਿੱਚ ਇੱਕ ਤੋਂ ਵੱਧ ਆਂਡੇ ਨਿਕਲਦੇ ਹਨ ਅਤੇ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਉਪਜਾਊ ਹੁੰਦਾ ਹੈ, ਤਾਂ ਬਾਕੀ ਆਂਡੇ ਜਲਦੀ ਹੀ ਪੁਰਾਣੇ ਹੋ ਕੇ ਖ਼ਤਮ ਹੋ ਜਾਂਦੇ ਹਨ।

ਇਸੇ ਲਈ ਸੁਪਰਫੀਕੰਡੇਸ਼ਨ ਵੀ ਦੁਰਲਭ ਹੁੰਦੀ ਹੈ ਕਿਉਂਕਿ ਦੂਜਾ ਗਰਭਧਾਰਨ ਗ਼ੈਰ-ਉਪਜਾਊ ਆਂਡੇ ਦੇ ਮਰਨ ਤੋਂ ਪਹਿਲਾਂ ਹੁੰਦਾ ਹੈ।

ਇੰਸਟੀਟਿਊਟ ਆਫ ਜੈਨੇਟਿਕਸ ਦੇ ਵਿਗਿਆਨੀਆਂ ਦੇ ਮੁਤਾਬਕ, ਦੋਵੇਂ ਗਰਭਧਾਰਨ 24 ਤੋਂ 36 ਘੰਟਿਆਂ ਦੇ ਅੰਦਰ ਹੋਣੇ ਚਾਹੀਦੇ ਹਨ, ਕਿਉਂਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਆਂਡੇ ਨਿਕਲਣ ਤੋਂ ਬਾਅਦ ਜੀਵਤ ਰਹਿੰਦੇ ਹਨ।

ਹਾਲਾਂਕਿ, ਆਂਦ੍ਰੇਆ ਕਾਸਾਸ ਸਮਝਾਉਂਦੀ ਹੈ, “ਲਾਜ਼ਮੀ ਨਹੀਂ ਕਿ ਆਂਡੇ ਇੱਕੋ ਸਮੇਂ ਨਿਕਲਣ।”

“ਕਈ ਵਾਰ, ਇੱਕ ਫੈਲੋਪੀਅਨ ਨਲੀ ਇੱਕ ਆਂਡਾ ਛੱਡਦੀ ਹੈ ਅਤੇ ਦੋ ਜਾਂ ਤਿੰਨ ਦਿਨ ਬਾਅਦ ਦੂਜਾ ਛੱਡਦੀ ਹੈ।” ਜਿਸ ਨਾਲ ਵੱਖ-ਵੱਖ ਸਮਿਆਂ ‘ਤੇ ਗਰਭਧਾਰਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਬੇਸ਼ਕ, ਇੱਕ ਹੋਰ ਕਾਰਨ ਇਹ ਵੀ ਹੈ ਕਿ ਵੱਖ-ਵੱਖ ਪਿਤਾ ਵਾਲੇ ਜੌੜਿਆਂ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਉਂਦੇ ਹਨ ਕਿਉਂਕਿ ਜ਼ਿਆਦਾਤਰ ਲੋਕ ਪਿਤਾ ਹੋਣ ਦੀ ਪੁਸ਼ਟੀ ਵਾਲਾ ਟੈਸਟ ਨਹੀਂ ਕਰਵਾਉਂਦੇ।

ਅਸਲ ਵਿੱਚ, ਵਿਗਿਆਨਕ ਲਿਖਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਇਹ ਇੰਨਾ ਅਸਧਾਰਣ ਨਹੀਂ ਰਹੇਗਾ, ਕਿਉਂਕਿ ਹੁਣ ਮੌਜੂਦਾ ਮੌਲੀਕੂਲਰ ਤਰੀਕੇ ਆਸਾਨੀ ਨਾਲ ਉਪਲਬਧ ਹਨ ਅਤੇ ਪਿਤਾ ਹੋਣ ਦੀ ਪੁਸ਼ਟੀ ਵਾਲੇ ਟੈਸਟਾਂ ਦੀ ਲੋਕਪ੍ਰਿਯਤਾ ਅਤੇ ਗਿਣਤੀ ਵੱਧ ਰਹੀ ਹੈ, ਜਿਵੇਂ ਕਿ ਇੰਸਟੀਟਿਊਟ ਆਫ ਜੈਨੇਟਿਕਸ ਦੇ ਵਿਗਿਆਨੀਆਂ ਨੇ ਆਪਣੇ ਪ੍ਰਕਾਸ਼ਿਤ ਲੇਖ ਵਿੱਚ ਦਰਸਾਇਆ ਹੈ।

ਭਾਵੇਂ ਕਿ ਵਿਗਿਆਨੀਆਂ ਲਈ ਇਹ ਜਾਣਨਾ ਦਿਲਚਸਪੀ ਵਾਲੀ ਗੱਲ ਹੋ ਸਕਦੀ ਹੈ ਕਿ ਹੈਟਰੋਪੈਟਰਨਲ ਸੁਪਰਫੀਕੰਡੇਸ਼ਨ ਕਿਹੜੇ ਹਾਲਾਤ ਵਿੱਚ ਹੋਈ, ਪਰ ਖੋਜ ਦੇ ਨੈਤਿਕ ਨਿਯਮ ਉਨ੍ਹਾਂ ਨੂੰ ਟੈਸਟ ਲਈ ਆਏ ਲੋਕਾਂ ਦੀ ਨਿੱਜੀ ਜ਼ਿੰਦਗੀ ਬਾਰੇ ਪੁੱਛਣ ਤੋਂ ਰੋਕਦੇ ਹਨ।

ਉਸਾਕੁਏਨ ਸਮਝਾਉਂਦੇ ਹਨ, “ਮਾਪੇ-ਬੱਚੇ ਦੇ ਸੰਬੰਧ ਦੀ ਜਾਂਚ ਹਮੇਸ਼ਾ ਵਿਅਕਤੀਆਂ ਦੀ ਇੱਜ਼ਤ ਅਤੇ ਨਿੱਜਤਾ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI