Home ਰਾਸ਼ਟਰੀ ਖ਼ਬਰਾਂ ‘ਸਾਡੀ ਚਮੜੀ ਝੜ ਰਹੀ ਹੈ ਅਤੇ ਕੋਈ ਸਾਨੂੰ ਦੱਸ ਨਹੀਂ ਸਕਦਾ ਕਿ...

‘ਸਾਡੀ ਚਮੜੀ ਝੜ ਰਹੀ ਹੈ ਅਤੇ ਕੋਈ ਸਾਨੂੰ ਦੱਸ ਨਹੀਂ ਸਕਦਾ ਕਿ ਅਜਿਹਾ ਕਿਉਂ ਹੋ ਰਿਹਾ ਹੈ’, ਜਾਣੋ ਚਮੜੀ ਦੀ ਇਹ ਸਮੱਸਿਆ ਕੀ ਹੈ

7
0

Source :- BBC PUNJABI

ਬੈਥਨੀ ਗੈਂਬਲ

ਤਸਵੀਰ ਸਰੋਤ, Bethany Gamble

ਬੈਥਨੀ ਗੈਂਬਲ ਨੂੰ ਦੋ ਸਾਲ ਦੀ ਉਮਰ ਤੋਂ ਹੀ ਸਟੇਰਾਇਡ ਕ੍ਰੀਮਾਂ ਦਿੱਤੀਆਂ ਜਾਣ ਲੱਗੀਆਂ ਸਨ, ਤਾਂ ਜੋ ਉਨ੍ਹਾਂ ਦੇ ਐਕਜ਼ੀਮਾ ਨੂੰ ਕਾਬੂ ਕੀਤਾ ਜਾ ਸਕੇ। ਇਹ ਕ੍ਰੀਮਾਂ ਕੰਮ ਵੀ ਕਰ ਰਹੀਆਂ ਸਨ। ਸਾਲਾਂ ਤੱਕ ਉਨ੍ਹਾਂ ਦੀ ਚਮੜੀ ਦੀ ਇਹ ਸਮੱਸਿਆ ਉਨ੍ਹਾਂ ਦੀ ਜ਼ਿੰਦਗੀ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਸੀ।

ਅਤੇ ਫਿਰ, ਅਚਾਨਕ ਸਭ ਕੁਝ ਬਦਲ ਗਿਆ।

18 ਸਾਲ ਦੀ ਉਮਰ ਵਿੱਚ ਬੈਥਨੀ ਨੂੰ ਮਹਿਸੂਸ ਹੋਣ ਲੱਗਿਆ ਕਿ ਕੁਝ ਤਾਂ ਗੜਬੜ ਹੈ। ਉਨ੍ਹਾਂ ਦੀਆਂ ਕੂਹਣੀਆਂ ਦੇ ਮੋੜ ਅਤੇ ਗੋਡਿਆਂ ਦੇ ਪਿੱਛੇ ਐਕਜ਼ੀਮਾ ਦੇ ਜੋ ਛੋਟੇ-ਛੋਟੇ ਚਕਤੇ ਸਨ, ਉਹ ਫੈਲਣ ਲੱਗ ਪਏ ਸਨ।

ਉਨ੍ਹਾਂ ਦੱਸਿਆ, “ਮੇਰੀ ਚਮੜੀ ਬਹੁਤ ਗਰਮ ਹੋ ਗਈ ਸੀ, ਇਸ ਵਿੱਚ ਬਹੁਤ ਜ਼ਿਆਦਾ ਸੋਜਸ਼ ਅਤੇ ਲਾਲੀ ਸੀ। ਇਸ ਵਿੱਚ ਤਰੇੜਾਂ ਪੈਣ ਲੱਗੀਆਂ ਅਤੇ ਇਸ ਵਿੱਚੋਂ ਰਿਸਾਅ ਹੋਣ ਲੱਗਿਆ, ਖੁਰਕ ਇੰਨੀ ਜ਼ਿਆਦਾ ਹੁੰਦੀ ਸੀ ਕਿ ਹੱਡੀਆਂ ਤੱਕ ਮਹਿਸੂਸ ਹੁੰਦੀ ਸੀ। ਇਸਨੇ ਮੇਰੇ ਪੂਰੇ ਸਰੀਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਫਿਰ ਇਸਨੇ ਮੇਰੀ ਪੂਰੀ ਜ਼ਿੰਦਗੀ ਨੂੰ ਹੀ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ।”

ਜਦੋਂ ਤੱਕ ਬੈਥਨੀ 20 ਸਾਲ ਦੇ ਹੋਏ, ਉਨ੍ਹਾਂ ਨੂੰ ਇੰਨਾ ਜ਼ਿਆਦਾ ਦਰਦ ਹੋ ਰਿਹਾ ਸੀ ਕਿ ਉਹ ਬਿਸਤਰੇ ਤੋਂ ਉੱਠ ਵੀ ਨਹੀਂ ਸਕਦੇ ਸੀ ਅਤੇ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਦੀ ਦੇਖਭਾਲ ਲਈ ਆਪਣੇ ਕੰਮ ਤੋਂ ਛੁੱਟੀ ਲੈਣੀ ਪਈ। ਉਹ ਆਪਣੇ ਆਪ ਖਾਣਾ ਵੀ ਨਹੀਂ ਖਾ ਸਕਦੇ ਸਨ।

ਪਰ, ਉਹ ਕਹਿੰਦੇ ਹਨ ਕਿ ਇਸ ਸਭ ਵਿੱਚ ਸਭ ਤੋਂ ਮਾੜੀ ਗੱਲ ਇਹ ਸੀ ਕਿ ਕੋਈ ਉਨ੍ਹਾਂ ਦੀ ਗੱਲ ‘ਤੇ ਵਿਸ਼ਵਾਸ ਹੀ ਨਹੀਂ ਕਰ ਰਿਹਾ ਸੀ।

ਬੈਥਨੀ ਗੈਂਬਲ

ਤਸਵੀਰ ਸਰੋਤ, Bethany Gamble

ਬਰਮਿੰਘਮ ਦੇ ਰਹਿਣ ਵਾਲੇ 21 ਸਾਲ ਦੀ ਬੈਥਨੀ ਕਹਿੰਦੇ ਹਨ, “ਡਾਕਟਰ ਲਗਾਤਾਰ ਮੈਨੂੰ ਇਹ ਅਹਿਸਾਸ ਦਿਵਾਉਂਦੇ ਰਹੇ ਕਿ ਮੈਨੂੰ ਕੋਈ ਭਰਮ ਹੋ ਰਿਹਾ ਹੈ। ਉਹ ਮੈਨੂੰ ਵਾਰ-ਵਾਰ ਕਹਿੰਦੇ ਰਹੇ ਕਿ ਇਹ ਸਿਰਫ਼ ਮੇਰਾ ਐਕਜ਼ੀਮਾ ਹੈ ਅਤੇ ਮੈਨੂੰ ਹੋਰ ਜ਼ਿਆਦਾ ਸਟੇਰਾਇਡ ਦਿੰਦੇ ਰਹੇ।”

“ਮੈਨੂੰ ਪੂਰੀ ਜ਼ਿੰਦਗੀ ਐਕਜ਼ੀਮਾ ਰਿਹਾ ਹੈ, ਪਰ ਇਹ ਕੁਝ ਵੱਖਰਾ ਸੀ।”

ਬੈਥਨੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਜੋ ਸੋਸ਼ਲ ਮੀਡੀਆ ‘ਤੇ ਆਪਣੇ ਤਜਰਬੇ ਸਾਂਝੇ ਕਰ ਰਹੇ ਹਨ।

ਉਹ ਇਸਦੇ ਲਈ #TSW ਹੈਸ਼ਟੈਗ ਵਰਤਦੇ ਹਨ, ਜਿਸਦਾ ਮਤਲਬ ਹੈ ‘ਟਾਪਿਕਲ ਸਟੇਰਾਇਡ ਵਿਡਰਾਲ’ । ਟਿੱਕਟੌਕ ‘ਤੇ #TSW ਨਾਲ ਜੁੜੇ ਵੀਡੀਓਜ਼ ਨੂੰ ਹੁਣ ਤੱਕ ਇੱਕ ਅਰਬ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਟੀਐਸਡਬਲਯੂ – ਟਾਪਿਕਲ ਸਟੇਰਾਇਡ ਵਿਡਰਾਲ

ਬੈਥਨੀ ਗੈਂਬਲ

ਤਸਵੀਰ ਸਰੋਤ, Bethany Gamble

ਇਸਨੂੰ ‘ਰੈਡ ਸਕਿਨ ਸਿੰਡਰੋਮ’ (ਲਾਲ ਚਮੜੀ ਸਿੰਡਰੋਮ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਟੀਐਸਡਬਲਯੂ ‘ਤੇ ਅਜੇ ਵੀ ਇੰਨੀ ਘੱਟ ਖੋਜ ਹੋਈ ਹੈ ਕਿ ਕੁਝ ਡਾਕਟਰ (ਜਨਰਲ ਪ੍ਰੈਕਟੀਸ਼ਨਰ) ਅਤੇ ਚਮੜੀ ਦੇ ਮਾਹਿਰ (ਡਰਮੈਟੋਲੋਜਿਸਟ) ਵੀ ਇਸਦਾ ਸਹੀ ਪਤਾ ਲਗਾਉਣ ਜਾਂ ਇਸਦਾ ਇਲਾਜ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ।

ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਟੇਰਾਇਡ ਕ੍ਰੀਮ ਦੇ ਇਸਤੇਮਾਲ ਨਾਲ ਹੋਣ ਵਾਲੀ ਇੱਕ ਗੰਭੀਰ ਪ੍ਰਤੀਕਿਰਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਯੂਕੇ ਵਿੱਚ ਐਕਜ਼ੀਮਾ ਨਾਲ ਪੀੜਤ ਲਗਭਗ 80 ਲੱਖ ਲੋਕਾਂ ਲਈ ਸਟੇਰਾਇਡ ਕ੍ਰੀਮ ਹੀ ਪਹਿਲਾ ਅਤੇ ਮੁੱਖ ਇਲਾਜ ਮੰਨਿਆ ਜਾਂਦਾ ਹੈ।

ਜਦਕਿ ਕੁਝ ਹੋਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਐਕਜ਼ੀਮਾ ਦਾ ਹੀ ਇੱਕ ਗੰਭੀਰ ਰੂਪ ਹੈ, ਜਾਂ ਫਿਰ ਚਮੜੀ ਨਾਲ ਜੁੜੀ ਕੋਈ ਹੋਰ ਖਾਸ ਸਮੱਸਿਆ ਹੈ। ਉਹ ਤਾਂ ਇੱਥੋਂ ਤੱਕ ਮੰਨਦੇ ਹਨ ਕਿ ਟੀਐਸਡਬਲਯੂ ਜਿਹੀ ਕੋਈ ਚੀਜ਼ ਅਸਲ ਵਿੱਚ ਹੈ ਹੀ ਨਹੀਂ।

ਹਾਲਾਂਕਿ ਟੀਐਸਡਬਲਯੂ ਨੂੰ ਇੱਕ ਦੁਰਲੱਭ ਸਮੱਸਿਆ ਮੰਨਿਆ ਜਾਂਦਾ ਹੈ, ਪਰ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਵਧਦੀ ਗਿਣਤੀ ਜਿਸ ਤਰ੍ਹਾਂ ਆਪਣੇ ਪੂਰੇ ਸਰੀਰ ‘ਤੇ ਲਾਲ, ਸੁੱਜੀ ਹੋਈ ਅਤੇ ਪਪੜੀਦਾਰ ਚਮੜੀ ਦੀਆਂ ਤਸਵੀਰਾਂ ਅਤੇ ਆਪਣੇ ਤਜਰਬੇ ਸਾਂਝੇ ਕਰ ਰਹੀ ਹੈ, ਉਸਨੂੰ ਦੇਖਦੇ ਹੋਏ ਯੂਕੇ ਵਿੱਚ ਇਸ ਸਬੰਧੀ ਸਬੰਧੀ ਪਹਿਲੀ ਖਾਸ ਰਿਸਰਚ ਸ਼ੁਰੂ ਕੀਤੀ ਗਈ ਹੈ।

ਕਿਹੋ-ਜਿਹੇ ਹੁੰਦੇ ਹਨ ਲੱਛਣ

ਬੈਥਨੀ ਗੈਂਬਲ

ਤਸਵੀਰ ਸਰੋਤ, Bethany Gamble

ਯੂਨੀਵਰਸਿਟੀ ਆਫ਼ ਈਡਨਬਰਗ ਵਿੱਚ ਕਨਸਲਟੈਂਟ ਡਰਮੈਟੋਲੋਜਿਸਟ ਪ੍ਰੋਫੈਸਰ ਸਾਰਾ ਬ੍ਰਾਊਨ ‘ਤੇ ਮਰੀਜ਼ਾਂ ਵਿੱਚ ਨਜ਼ਰ ਆਉਣ ਵਾਲੇ “ਸਮਝ ਤੋਂ ਪਰੇ” ਲੱਛਣਾਂ ਅਤੇ ਸੋਸ਼ਲ ਮੀਡੀਆ ਫੀਡਜ਼ ‘ਤੇ ਦਿੱਸਦੀਆਂ ਲੋਕਾਂ ਦੀ ਬੇਬਸੀ ਭਰੀਆਂ ਪੋਸਟਾਂ ਦਾ ਇੰਨਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਇਸ ਸਮੱਸਿਆ ਦੀ ਜੜ ਤੱਕ ਜਾਣ ਠਾਣ ਲਈ ਅਤੇ ਇਸਦੇ ਲਈ ਉਹ ‘ਨੈਸ਼ਨਲ ਐਕਜ਼ੀਮਾ ਸੋਸਾਇਟੀ’ ਤੋਂ ਫੰਡ ਹਾਸਲ ਕਰਨ ਵਿੱਚ ਵੀ ਸਫਲ ਹੋ ਗਏ ਹਨ।

ਉਹ ਕਹਿੰਦੇ ਹਨ, “ਸਾਨੂੰ ਟੀਐਸਡਬਲਯੂ ਵਿੱਚ ਕੁਝ ਅਜਿਹੇ ਪੈਟਰਨ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਨੂੰ ਐਕਜ਼ੀਮਾ ਬਾਰੇ ਹੁਣ ਤੱਕ ਮੌਜੂਦ ਜਾਣਕਾਰੀ ਦੇ ਆਧਾਰ ‘ਤੇ ਸਮਝਾਇਆ ਨਹੀਂ ਜਾ ਸਕਦਾ।”

ਉਹ ਅੱਗੇ ਦੱਸਦੇ ਹਨ, “ਇਨ੍ਹਾਂ ਲੱਛਣਾਂ ਵਿੱਚ ਚਮੜੀ ਦਾ ਮੋਟਾ ਅਤੇ ਢਿੱਲਾ ਹੋ ਜਾਣਾ (ਜਿਸਨੂੰ ਆਮ ਭਾਸ਼ਾ ਵਿੱਚ ‘ਹਾਥੀ ਵਰਗੀ ਚਮੜੀ’ ਜਾਂ ‘ਐਲੀਫੈਂਟ ਸਕਿਨ’ ਕਿਹਾ ਜਾਂਦਾ ਹੈ), ਚਮੜੀ ਦਾ ਬਹੁਤ ਜ਼ਿਆਦਾ ਝੜਨਾ, ਅਤੇ ਆਮ ਚਮੜੀ ਦੇ ਬਿਲਕੁਲ ਨੇੜੇ ਲਾਲ ਰੰਗ ਦੇ ਸਾਫ਼-ਸਾਫ਼ ਨਜ਼ਰ ਆਉਣ ਵਾਲੇ ਧੱਬੇ ਜਾਂ ਹਿੱਸੇ ਸ਼ਾਮਲ ਹਨ।”

ਉਨ੍ਹਾਂ ਅਤੇ ਉਨ੍ਹਾਂ ਦੇ ਸਹਿ-ਖੋਜਕਰਤਾ ਡਾਕਟਰ ਐਲਿਸ ਬਰਲੇ (ਜੋ ਟੀਐਸਡਬਲਯੂ ਮਰੀਜ਼ਾਂ ਦੇ ਇੱਕ ਸਮੂਹ ‘Scratch That’ (ਸਕ੍ਰੈਚ ਦੈਟ) ਨਾਲ ਜੁੜੇ ਹੋਏ ਹਨ, ਨੇ ਇਸ ਖੋਜ ਵਿੱਚ ਹਿੱਸਾ ਲੈਣ ਲਈ ਪੂਰੇ ਯੂਕੇ ਤੋਂ ਸੈਂਕੜਿਆਂ ਲੋਕਾਂ ਨੂੰ ਚੁਣਿਆ ਹੈ। ਉਹ ਇਨ੍ਹਾਂ ਲੋਕਾਂ ਦੇ ਲੱਛਣਾਂ, ਲਾਰ ਦੇ ਨਮੂਨਿਆਂ ਅਤੇ ਚਮੜੀ ਦੀ ਬਾਇਓਪਸੀ ਦੀ ਜਾਂਚ ਕਰ ਰਹੇ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੁਝ ਲੋਕਾਂ ਨੂੰ ਟੀਐਸਡਬਲਯੂ ਦੀ ਸਮੱਸਿਆ ਕਿਉਂ ਹੁੰਦੀ ਹੈ, ਜਦਕਿ ਹੋਰਾਂ ਨੂੰ ਨਹੀਂ ਹੁੰਦੀ।

“ਚਮੜੀ ਦੀ ਸਮੱਸਿਆ ਕਾਰਨ ਮੇਰੀ ਦੁਨੀਆਂ ਇੱਕ ਬਲੈਕ ਹੋਲ ਬਣ ਗਈ ਸੀ”

ਹੈਨਰੀ

ਤਸਵੀਰ ਸਰੋਤ, Henry Jones

ਹਾਈ ਵਾਇਕੋਮਬ ਦੇ ਰਹਿਣ ਵਾਲੇ 22 ਸਾਲਾ ਹੈਨਰੀ ਜੋਨਸ ਵੀ ਇਸ ਖੋਜ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਵਿੱਚੋਂ ਇੱਕ ਹਨ। ਉਹ ਉਨ੍ਹਾਂ ਲੋਕਾਂ ਦੀ ਵਧਦੀ ਗਿਣਤੀ ਵਿੱਚ ਸ਼ਾਮਲ ਹਨ ਜੋ ਟੀਐਸਡਬਲਯੂ ਦੇ ਲੱਛਣਾਂ ਬਾਰੇ ਦੱਸ ਰਹੇ ਹਨ। ਉਹ ਆਪਣੇ ਆਪ ਨੂੰ ਇੱਕ “ਟੀਐਸਡਬਲਯੂ ਯੋਧਾ” ਦੱਸਦੇ ਹਨ, ਕਿਉਂਕਿ ਉਹ ਇਸ ਬਿਮਾਰੀ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਉਹ ਦੱਸਦੇ ਹਨ ਕਿ ਇੱਕ ਕਿਸ਼ੋਰ ਵਜੋਂ ਉਹ ਆਪਣੇ ਐਕਜ਼ੀਮਾ ਨੂੰ ਕੰਟਰੋਲ ਕਰਨ ਲਈ ਸਟੇਰਾਇਡ ਕ੍ਰੀਮ ਦਾ ਇਸਤੇਮਾਲ ਕਰਦੇ ਸਨ। “ਕਦੇ-ਕਦੇ” ਅਜੇਹੇ ਭਿਆਨਕ ਲੱਛਣ ਮਹਿਸੂਸ ਹੋਣ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ਛੱਡਣੀ ਪਈ।

ਉਨ੍ਹਾਂ ਦੱਸਿਆ, “ਯੂਨੀਵਰਸਿਟੀ ਵਿੱਚ ਮੇਰੇ ਡਾਕਟਰ (ਜਨਰਲ ਪ੍ਰੈਕਟੀਸ਼ਨਰ) ਮੈਨੂੰ ਵਾਰ-ਵਾਰ ਕਹਿੰਦੇ ਰਹੇ ਕਿ ਇਹ ਸਿਰਫ਼ ਐਕਜ਼ੀਮਾ ਹੈ ਅਤੇ ਮੈਨੂੰ ਹੋਰ ਵੱਧ ਸਟੇਰਾਇਡ ਕ੍ਰੀਮ ਦਿੰਦੇ ਰਹੇ। ਪਰ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ।”

ਹੈਨਰੀ ਕਹਿੰਦੇ ਹਨ ਕਿ ਜਿਵੇਂ-ਜਿਵੇਂ ਉਹ ਕ੍ਰੀਮ ਲਗਾਉਂਦੇ ਗਏ, ਉਨ੍ਹਾਂ ਦੀ ਹਾਲਤ ਹੋਰ ਖਰਾਬ ਹੁੰਦੀ ਗਈ। “ਮੇਰਾ ਸਰੀਰ ਪੂਰਾ ਲਾਲ ਹੋ ਜਾਂਦਾ ਸੀ, ਮੇਰੀ ਚਮੜੀ ਬਹੁਤ ਆਕੜ ਜਾਂਦੀ ਸੀ, ਫਿਰ ਉਸ ਵਿੱਚੋਂ ਪਪੜੀ ਨਿਕਲਣ ਲੱਗਦੀ ਸੀ, ਫਿਰ ਉਸ ਵਿੱਚੋਂ ਪਾਣੀ ਵਰਗਾ ਕੁਝ ਰਿਸਣ ਲੱਗਦਾ ਸੀ ਅਤੇ ਫਿਰ ਇਹ ਸਿਲਸਿਲਾ ਮੁੜ ਸ਼ੁਰੂ ਹੋ ਜਾਂਦਾ ਸੀ।”

ਜਿਵੇਂ-ਜਿਵੇਂ ਐਕਜ਼ੀਮਾ ਦੇ ਚੱਕਤੇ ਉਨ੍ਹਾਂ ਦੇ ਪੂਰੇ ਸਰੀਰ ‘ਤੇ ਫੈਲਦੇ ਗਏ, ਉਨ੍ਹਾਂ ਨੂੰ ਹਿਲਣ-ਡੁੱਲਣ ਵਿੱਚ ਵੀ ਦਿੱਕਤ ਹੋਣ ਲੱਗੀ ਅਤੇ ਉਹ ਹੁਣ ਬਾਹਰ ਨਹੀਂ ਜਾ ਸਕਦੇ ਸਨ, ਨਾ ਹੀ ਕਿਸੇ ਨਾਲ ਮਿਲ ਸਕਦੇ ਸਨ ਅਤੇ ਨਾ ਹੀ ਪੜ੍ਹਾਈ ਕਰ ਸਕਦੇ ਸਨ। ਉਹ ਕਹਿੰਦੇ ਹਨ ਕਿ ਕਈ ਵਾਰ ਤਾਂ ਉਨ੍ਹਾਂ ਦੇ ਮਨ ਵਿੱਚ ਖ਼ੁਦਕੁਸ਼ੀ ਦਾ ਵੀ ਖ਼ਿਆਲ ਆਇਆ।

ਹੈਨਰੀ ਕਹਿੰਦੇ ਹਨ, “ਚਮੜੀ ਦੀ ਸਮੱਸਿਆ ਕਾਰਨ ਮੇਰੀ ਦੁਨੀਆਂ ਇੱਕ ਬਲੈਕ ਹੋਲ ਬਣ ਗਈ ਸੀ।”

ਜੇ ਤੁਸੀਂ ਵੀ ਇਸ ਲੇਖ ਵਿੱਚ ਦੱਸੇ ਗਏ ਕਿਸੇ ਵੀ ਮਸਲੇ ਨਾਲ ਪ੍ਰਭਾਵਿਤ ਹੋਏ ਹੋ, ਤਾਂ ਕਿਰਪਾ ਕਰਕੇ ਬੀਬੀਸੀ ਐਕਸ਼ਨ ਲਾਈਨ ‘ਤੇ ਜਾਓ।

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

”ਮੈਂ ਤਾਂ ਆਪਣੇ ਆਪ ਨੂੰ ਪਛਾਣ ਵੀ ਨਹੀਂ ਸਕਦੀ ਸੀ”

ਕਰਿਸ਼ਮਾ

ਤਸਵੀਰ ਸਰੋਤ, Karishma Leckraz

ਚਮੜੀ ਨਾਲ ਜੁੜੀਆਂ ਕਈ ਹੋਰ ਸਮੱਸਿਆਵਾਂ ਵਾਂਗ, ਟੀਐਸਡਬਲਯੂ ਵੀ ਵੱਖ-ਵੱਖ ਰੰਗ ਦੀ ਚਮੜੀ ‘ਤੇ ਵੱਖਰੇ ਤਰੀਕੇ ਨਾਲ ਦਿਖਾਈ ਦੇ ਸਕਦਾ ਹੈ। ਗੋਰੀ ਚਮੜੀ ‘ਤੇ ਇਹ ਗੂੜ੍ਹੇ ਲਾਲ ਰੰਗ ਦਾ ਨਜ਼ਰ ਆਉਂਦਾ ਹੈ, ਪਰ ਸਿਆਹਫਾਮ ਜਾਂ ਕਣਕਭਿੰਨੀ ਚਮੜੀ ‘ਤੇ ਇਹ ਅਕਸਰ ਗੂੜ੍ਹੇ ਬੈਂਗਣੀ, ਭੂਰੇ ਜਾਂ ਹਲਕੇ ਭੂਰੇ-ਸਲੇਟੀ ਰੰਗ ਦਾ ਦਿਖਾਈ ਦਿੰਦਾ ਹੈ, ਜਿਸ ਕਾਰਨ ਇਸਨੂੰ ਪਛਾਣਨਾ ਅਤੇ ਇਸਦਾ ਸਹੀ ਇਲਾਜ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।

ਕਰਿਸ਼ਮਾ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਸਮਝਣ ਵਿੱਚ ਕਾਫ਼ੀ ਸਮਾਂ ਲੱਗਾ ਕਿ ਉਨ੍ਹਾਂ ਵਿੱਚ ਟੀਐਸਡਬਲਯੂ ਦੇ ਲੱਛਣ ਦਿੱਸ ਰਹੇ ਹਨ, ਕਿਉਂਕਿ ਸਿਆਹਫਾਮ ਜਾਂ ਕਣਕਭਿੰਨੀ ਚਮੜੀ ‘ਤੇ ਇਸਦੇ ਲੱਛਣ ਵੱਖਰੇ ਤਰੀਕੇ ਨਾਲ ਦਿੱਸਦੇ ਹਨ।

ਕੇਂਟ ਦੇ ਰਹਿਣ ਵਾਲੇ ਕਰਿਸ਼ਮਾ ਲੇਕਰਾਜ ਦੱਸਦੇ ਹਨ ਕਿ ਉਨ੍ਹਾਂ ਨੇ ਕਈ ਸਾਲਾਂ ਤੱਕ ਇਸ ਗੱਲ ਨੂੰ ਮੰਨਣ ਤੋਂ ਹੀ ਇਨਕਾਰ ਕੀਤਾ। ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਉਨ੍ਹਾਂ ਨਾਲ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਗੋਰੇ ਲੋਕਾਂ ਦੀਆਂ ਜੋ ਤਸਵੀਰਾਂ ਦੇਖੀਆਂ ਸਨ, ਉਨ੍ਹਾਂ ਨਾਲ ਮੁਕਾਬਲੇ ਕਰਿਸ਼ਮਾ ਦੇ ਲੱਛਣ ਬਿਲਕੁਲ ਵੱਖਰੇ ਲੱਗ ਰਹੇ ਸਨ।

ਉਹ ਦੱਸਦੇ ਹਨ, “ਟੀਐਸਡਬਲਯੂ ਨੇ ਮੇਰੇ ਤੋਂ ਮੇਰਾ ਸਭ ਕੁਝ ਖੋਹ ਲਿਆ। ਮੈਨੂੰ ਬਹੁਤ ਲੰਬੇ ਸਮੇਂ ਤੱਕ ਦੁਨੀਆ ਤੋਂ ਲੁਕ ਕੇ ਰਹਿਣਾ ਪਿਆ। ਮੇਰੀ ਚਮੜੀ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਮੈਨੂੰ ਬਹੁਤ ਦਰਦ ਹੁੰਦਾ ਸੀ। ਮੈਂ ਸੌ ਨਹੀਂ ਸਕਦੀ ਸੀ, ਮੈਂ ਤਾਂ ਆਪਣੇ ਆਪ ਨੂੰ ਪਛਾਣ ਵੀ ਨਹੀਂ ਸਕਦੀ ਸੀ।”

32 ਸਾਲ ਦੇ ਕਰਿਸ਼ਮਾ ਨੇ ਪੰਜ ਸਾਲ ਪਹਿਲਾਂ ਸਟੇਰਾਇਡ ਕ੍ਰੀਮ ਦਾ ਇਸਤੇਮਾਲ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਕੀਤਾ। ਉਹ ਦੱਸਦੇ ਹਨ ਕਿ ਉਸ ਤੋਂ ਬਾਅਦ ਉਨ੍ਹਾਂ ਦੀ ਚਮੜੀ ਕਾਫ਼ੀ ਹੱਦ ਤੱਕ ਠੀਕ ਹੋ ਚੁੱਕੀ ਹੈ, ਪਰ ਮਾਨਸਿਕ ਤੌਰ ‘ਤੇ ਉਨ੍ਹਾਂ ਨੂੰ ਅਜੇ ਵੀ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ, “ਮੈਨੂੰ ਲੋਕਾਂ ਨਾਲ ਮਿਲਣ-ਜੁਲਣ ਵਿੱਚ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਹੈ।”

ਹੋਰ ਖੋਜ ਕਰਨ ਦੀ ਲੋੜ

ਨੈਸ਼ਨਲ ਐਕਜ਼ੀਮਾ ਸੋਸਾਇਟੀ ਦੇ ਐਂਡਰਿਊ ਪ੍ਰੋਕਟਰ ਕਹਿੰਦੇ ਹਨ ਕਿ ਇੱਕ ਪਾਸੇ ਜਿੱਥੇ ਸਟੇਰਾਇਡ ਕ੍ਰੀਮਾਂ ਜ਼ਿਆਦਾਤਰ ਲੋਕਾਂ ਲਈ ਅਜੇ ਵੀ ਬਹੁਤ ਅਸਰਦਾਰ ਹੋ ਸਕਦੀਆਂ ਹਨ, ਉੱਥੇ ਹੀ ਮਰੀਜ਼ “ਦੋ ਮੁਸ਼ਕਲਾਂ ਵਿਚਕਾਰ ਫਸੇ ਹੋਏ ਹਨ”।

“ਅਸੀਂ ਜਾਣਦੇ ਹਾਂ ਕਿ ਸਟੇਰਾਇਡ ਉਨ੍ਹਾਂ ਲੱਖਾਂ ਲੋਕਾਂ ਲਈ ਕੰਮ ਕਰਦੇ ਹਨ ਜੋ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ, ਪਰ ਸਾਡੇ ਸਾਹਮਣੇ ਇੱਕ ਅਜਿਹੀ ਸਥਿਤੀ ਵੀ ਹੈ ਜਿਸਨੂੰ ਫਿਲਹਾਲ ਸਮਝਾਇਆ ਨਹੀਂ ਜਾ ਸਕਦਾ।”

“ਇਸ ਕਰਕੇ ਲੋਕਾਂ ਵਿੱਚ ਸੱਚਮੁੱਚ ਡਰ ਪੈਦਾ ਹੋ ਰਿਹਾ ਹੈ ਅਤੇ ਇਹ ਗੱਲ ਪੂਰੀ ਤਰ੍ਹਾਂ ਸਮਝ ਵਿੱਚ ਆਉਂਦੀ ਹੈ। ਇਸ ਲਈ ਇਸ ‘ਤੇ ਹੋਰ ਜ਼ਿਆਦਾ ਖੋਜ ਕਰਨ ਦੀ ਬਹੁਤ ਲੋੜ ਹੈ।”

ਜਿਨ੍ਹਾਂ ਲੋਕਾਂ ਵਿੱਚ ਟੀਐਸਡਬਲਯੂ ਵਰਗੇ ਲੱਛਣ ਪਹਿਲਾਂ ਹੀ ਦਿੱਸ ਰਹੇ ਹਨ ਅਤੇ ਜੋ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਅਤੇ ਉਲਝਣ ਵਿੱਚ ਹਨ ਕਿ ਉਨ੍ਹਾਂ ਨੂੰ ਕਿਹੜੀ ਬਿਮਾਰੀ ਹੈ, ਉਨ੍ਹਾਂ ਲਈ ਇਲਾਜ ਪ੍ਰਾਪਤ ਕਰਨਾ ਇੱਕ ਹੋਰ ਵੱਡੀ ਰੁਕਾਵਟ ਬਣ ਸਕਦਾ ਹੈ।

ਜਨਰਲ ਪ੍ਰੈਕਟੀਸ਼ਨਰ (ਡਾਕਟਰ) ਮਰੀਜ਼ਾਂ ਨੂੰ ਵਿਸ਼ੇਸ਼ ਇਲਾਜ ਲਈ ਡਰਮੈਟੋਲੋਜਿਸਟ ਕੋਲ ਭੇਜ ਸਕਦੇ ਹਨ, ਪਰ ਇਸ ਲਈ ਬਹੁਤ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ, ਅਕਸਰ ਇੱਕ ਸਾਲ ਤੋਂ ਵੀ ਵੱਧ। ਜ਼ਿਆਦਾਤਰ ਲੋਕਾਂ ਲਈ ਸਟੇਰਾਇਡ ਕ੍ਰੀਮ ਹੀ ਅਕਸਰ ਇਕੱਲਾ ਵਿਕਲਪ ਹੁੰਦਾ ਹੈ।

ਡੂੰਘਾ ਸਰੀਰਕ ਤੇ ਮਾਨਸਿਕ ਪ੍ਰਭਾਵ

ਪ੍ਰੋਫੈਸਰ ਸਾਰਾ ਬ੍ਰਾਊਨ - ਕਨਸਲਟੈਂਟ ਡਰਮੈਟੋਲੋਜਿਸਟ, ਯੂਨੀਵਰਸਿਟੀ ਆਫ਼ ਈਡਨਬਰਗ

ਲੰਦਨ ਦੇ ਰੌਇਲ ਲੰਦਨ ਹਸਪਤਾਲ ਵਿੱਚ ਕਨਸਲਟੈਂਟ ਡਰਮੈਟੋਲੋਜਿਸਟ ਡਾਕਟਰ ਆਲੀਆ ਅਹਿਮਦ ਚਮੜੀ ਦੀਆਂ ਪੁਰਾਣੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਇੱਕ ਖ਼ਾਸ ਐਨਐਚਐਸ ਕਲੀਨਿਕ ਚਲਾਉਂਦੇ ਹਨ। ਇੱਥੇ ਮਨੋਵਿਗਿਆਨਕ ਮਦਦ, ਇਮਿਊਨੋਸਪ੍ਰੈਸੈਂਟਸ ਅਤੇ ਫੋਟੋਥੈਰੇਪੀ ਵਰਗੇ ਕਈ ਵਿਕਲਪ ਦਿੱਤੇ ਜਾਂਦੇ ਹਨ। ਇਨ੍ਹਾਂ ਸਭ ਦਾ ਮਕਸਦ ਸੋਜਸ਼ ਨੂੰ ਘਟਾਉਣਾ ਅਤੇ ਸਰੀਰ ਦੇ ਇਮਿਊਨ ਸਿਸਟਮ ਨੂੰ ਸ਼ਾਂਤ ਕਰਨਾ ਹੁੰਦਾ ਹੈ।

ਡਾਕਟਰ ਆਲੀਆ ਅਹਿਮਦ ਜੋ ‘ਬ੍ਰਿਟਿਸ਼ ਐਸੋਸੀਏਸ਼ਨ ਆਫ਼ ਡਰਮੈਟੋਲੋਜਿਸਟਸ’ ਦੇ ਮੈਂਬਰ ਹਨ, ਕਹਿੰਦੇ ਹਨ ਕਿ “ਇਸਦਾ ਮਨੋਵਿਗਿਆਨਕ ਅਸਰ, ਨਾਲ ਹੀ ਸਰੀਰਕ ਅਸਰ ਵੀ ਬਹੁਤ ਗਹਿਰਾ ਹੁੰਦਾ ਹੈ। ਅਸੀਂ ਮਰੀਜ਼ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਹੈ, ਤਾਂ ਜੋ ਅਸੀਂ ਉਨ੍ਹਾਂ ਲਈ ਸਭ ਤੋਂ ਠੀਕ ਇਲਾਜ ਦਾ ਤਰੀਕਾ ਸਮਝ ਸਕੀਏ।”

‘ਮੈਡੀਸਿਨਜ਼ ਐਂਡ ਹੈਲਥ ਰੈਗੂਲੇਟਰੀ ਅਥਾਰਟੀ’ (ਐਮਐਚਆਰਏ) ਜੋ ਯੂਕੇ ਵਿੱਚ ਦਵਾਈਆਂ ‘ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਹੈ, ਨੇ ਸਾਲ 2021 ਵਿੱਚ ਟੀਐਸਡਬਲਯੂ ਨੂੰ ਸਟੇਰਾਇਡ ਕ੍ਰੀਮ ਨਾਲ ਹੋਣ ਵਾਲੀ ਇੱਕ ਗੰਭੀਰ ਪ੍ਰਤੀਕਿਰਿਆ ਵਜੋਂ ਅਧਿਕਾਰਿਕ ਤੌਰ ‘ਤੇ ਮਾਨਤਾ ਦਿੱਤੀ ਸੀ। ਪਰ ਇਸਦਾ ਮੰਨਣਾ ਹੈ ਕਿ ਇਹ ਬਿਮਾਰੀ ਅਜੇ ਵੀ ਕਾਫ਼ੀ ਘੱਟ ਲੋਕਾਂ ਵਿੱਚ ਵੇਖੀ ਜਾਂਦੀ ਹੈ।

ਇਹ ਸੰਸਥਾ ਚੇਤਾਵਨੀ ਦਿੰਦੀ ਹੈ ਕਿ ਸਟੇਰਾਇਡ ਕ੍ਰੀਮ ਦਾ ਲੰਮੇ ਸਮੇਂ ਤੱਕ ਇਸਤੇਮਾਲ ਕਰਨ ਨਾਲ ਚਮੜੀ ਦਾ ਪਤਲਾ ਹੋਣਾ, ਐਡ੍ਰੇਨਲ ਗਲੈਂਡ ਦਾ ਠੀਕ ਤਰ੍ਹਾਂ ਕੰਮ ਨਾ ਕਰਨਾ (adrenal suppression), ਜਾਂ ਬਹੁਤ ਹੀ ਘੱਟ ਮਾਮਲਿਆਂ ਵਿੱਚ ‘ਕੁਸ਼ਿੰਗ ਸਿੰਡਰੋਮ’ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ‘ਕੁਸ਼ਿੰਗ ਸਿੰਡਰੋਮ’ ਇੱਕ ਦੁਰਲੱਭ ਬਿਮਾਰੀ ਹੈ, ਜੋ ਸਟੇਰਾਇਡ ਦੇ ਕਾਰਨ ਸਰੀਰ ਵਿੱਚ ਲੰਮੇ ਸਮੇਂ ਤੱਕ ਕੋਰਟੀਸੋਲ ਦਾ ਪੱਧਰ ਵੱਧ ਰਹਿਣ ਨਾਲ ਹੁੰਦੀ ਹੈ।

ਹੁਣ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਕ੍ਰੀਮ ਦੇ ਲੇਬਲ ‘ਤੇ ਵੱਖ-ਵੱਖ ਰੇਟਿੰਗ ਦਿੰਦੀਆਂ ਹਨ – ਹਲਕੀ ਅਸਰ ਵਾਲੀ ਤੋਂ ਲੈ ਕੇ ਬਹੁਤ ਜ਼ਿਆਦਾ ਅਸਰ ਵਾਲੀ ਤੱਕ – ਤਾਂ ਜੋ ਇਨ੍ਹਾਂ ਦਵਾਈਆਂ ਦੀ ਤਾਕਤ ਬਾਰੇ ਵੱਧ ਸਪਸ਼ਟ ਜਾਣਕਾਰੀ ਮਿਲ ਸਕੇ।

‘ਰੌਇਲ ਕਾਲਜ ਆਫ਼ ਜੀਪੀਜ਼’ ਦਾ ਕਹਿਣਾ ਹੈ ਕਿ ਸਟੇਰਾਇਡ ਕ੍ਰੀਮਾਂ “ਚਮੜੀ ਦੀਆਂ ਕਈ ਬਿਮਾਰੀਆਂ ਲਈ ਇੱਕ ਸੁਰੱਖਿਅਤ ਅਤੇ ਅਸਰਦਾਰ ਇਲਾਜ” ਹਨ। ਪਰ, “ਬਹੁਤ ਹੀ ਘੱਟ ਮਾਮਲਿਆਂ ਵਿੱਚ” ਲੋਕਾਂ ਨੂੰ “ਲੰਮੇ ਸਮੇਂ ਤੱਕ ਜਾਂ ਗਲਤ ਤਰੀਕੇ ਨਾਲ ਇਸਤੇਮਾਲ ਕਰਨ” ਕਾਰਨ ਕੁਝ ਪ੍ਰਤੀਕਿਰਿਆਵਾਂ (ਰੀਐਕਸ਼ਨ) ਹੋ ਸਕਦੀਆਂ ਹਨ।

ਇਹ ਸੰਸਥਾ ਮਰੀਜ਼ਾਂ ਨੂੰ ਸਲਾਹ ਦਿੰਦੀ ਹੈ ਕਿ ਜੇ ਉਨ੍ਹਾਂ ਨੂੰ ਆਪਣੇ ਇਲਾਜ ਬਾਰੇ ਕੋਈ ਚਿੰਤਾ ਹੈ, ਤਾਂ ਉਹ ਆਪਣੇ ਜਨਰਲ ਪ੍ਰੈਕਟੀਸ਼ਨਰ (ਡਾਕਟਰ) ਨਾਲ ਗੱਲ ਕਰਨ ਅਤੇ ਡਾਕਟਰੀ ਸਲਾਹ ਤੋਂ ਬਿਨਾਂ ਆਪਣੀਆਂ ਦਵਾਈਆਂ ਲੈਣੀਆਂ ਬੰਦ ਨਾ ਕਰਨ।

”ਮੇਰੀ ਚਮੜੀ ਹੀ ਮੇਰੀ “ਮਾਲਕ” ਬਣ ਗਈ”

ਰੇਬੇਕਾ ਐਬੇਜ

ਤਸਵੀਰ ਸਰੋਤ, Rebecca Ebbage

32 ਸਾਲ ਦੇ ਰੇਬੇਕਾ ਐਬੇਜ ਦੱਸਦੇ ਹਨ ਕਿ ਜਿਸ ਦਿਨ ਉਨ੍ਹਾਂ ਨੂੰ ਟੀਐਸਡਬਲਯੂ ਦੇ ਲੱਛਣ ਦਿਖਣੇ ਸ਼ੁਰੂ ਹੋਏ, ਉਸੇ ਦਿਨ ਤੋਂ ਉਨ੍ਹਾਂ ਦੀ ਚਮੜੀ ਹੀ ਉਨ੍ਹਾਂ ਦੀ “ਮਾਲਕ” ਬਣ ਗਈ।

ਜੁਲਾਈ 2022 ਵਿੱਚ ਜਦੋਂ ਸਟੇਰਾਇਡ ਕਾਰਨ ਉਨ੍ਹਾਂ ਦੀ ਚਮੜੀ ਦੀ ਸਮੱਸਿਆ ਬਹੁਤ ਵਧ ਗਈ, ਤਾਂ ਉਨ੍ਹਾਂ ਨੇ ਚਮੜੀ ‘ਤੇ ਲਗਾਉਣ ਵਾਲੇ ਅਤੇ ਖਾਣ ਵਾਲੇ ਦੋਵੇਂ ਤਰ੍ਹਾਂ ਦੇ ਸਟੇਰਾਇਡ ਲੈਣੇ ਬੰਦ ਕਰ ਦਿੱਤੇ।

ਉਨ੍ਹਾਂ ਦੱਸਿਆ, “ਮੇਰੀ ਚਮੜੀ ਹੀ ਇਹ ਤੈਅ ਕਰਦੀ ਹੈ ਕਿ ਮੈਂ ਕੀ ਕਰ ਸਕਦੀ ਹਾਂ, ਕੀ ਖਾ ਸਕਦੀ ਹਾਂ, ਇੱਥੋਂ ਤੱਕ ਕਿ ਮੈਂ ਕਿਹੋ-ਜਿਹੇ ਕੱਪੜੇ ਪਹਿਨ ਸਕਦੀ ਹਾਂ ਅਤੇ ਕੀ ਮੈਂ ਘਰ ਤੋਂ ਬਾਹਰ ਨਿਕਲ ਸਕਦੀ ਹਾਂ ਜਾਂ ਨਹੀਂ।”

ਉਨ੍ਹਾਂ ਨੇ ਡਰਮੈਟੋਲੋਜਿਸਟ ਨੂੰ ਮਿਲਣ ਲਈ ਇੱਕ ਸਾਲ ਤੱਕ ਇੰਤਜ਼ਾਰ ਕੀਤਾ ਅਤੇ ਇਸ ਮਗਰੋਂ ਉਨ੍ਹਾਂ ਨੂੰ ਕਈ ਵੱਖ-ਵੱਖ ਕਿਸਮ ਦੀਆਂ ਇਮਿਊਨੋਸਪ੍ਰੈਸੈਂਟ ਦਵਾਈਆਂ ਦਿੱਤੀਆਂ ਗਈਆਂ, ਜੋ ਉਨ੍ਹਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕਿ ਪਰ 18 ਮਹੀਨਿਆਂ ਦੇ ਦੌਰਾਨ “ਕੁਝ ਵੀ ਕੰਮ ਨਹੀਂ ਕਰ ਰਿਹਾ ਸੀ”।

ਆਖਿਰਕਾਰ, ਰੇਬੇਕਾ ਨੇ ਕਿਤੇ ਹੋਰ ਦਿਖਾਉਣ ਦਾ ਫੈਸਲਾ ਕੀਤਾ ਅਤੇ ਇਲਾਜ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ। ਇਸ ਇਲਾਜ ਦਾ ਖਰਚਾ 180 ਪੌਂਡ ਪ੍ਰਤੀ ਸੈਸ਼ਨ ਸੀ।

ਇਹ ਇਲਾਜ ਯੂਕੇ ਦੇ ਕੁਝ ਨਿੱਜੀ ਕਲੀਨਿਕਾਂ ਵਿੱਚੋਂ ਇੱਕ ਵਿੱਚ ਹੁੰਦਾ ਹੈ, ਜੋ ਕੋਲਡ ਐਟਮੋਸਫੇਰਿਕ ਪਲਾਜ਼ਮਾ (ਸੀਏਪੀ) ਥੈਰੇਪੀ ਦਿੰਦਾ ਹੈ। ਇਹ ਇੱਕ ਕਾਫ਼ੀ ਨਵੀਂ ਥੈਰੇਪੀ ਹੈ, ਜਿਸਨੂੰ ਐਨਐਚਐਸ ਨੇ ਅਜੇ ਅਧਿਕਾਰਿਕ ਤੌਰ ‘ਤੇ ਮਾਨਤਾ ਨਹੀਂ ਦਿੱਤੀ। ਇਸ ਵਿੱਚ ਚਾਰਜਡ ਗੈਸ ਪਾਰਟੀਕਲਜ਼ ਦੀ ਵਰਤੋਂ ਕਰਕੇ ਚਮੜੀ ਦੀ ਸੋਜਸ਼ ਘਟਾਉਣ ਅਤੇ ਬੈਕਟੀਰੀਆ ਨੂੰ ਮਾਰਣ ਵਿੱਚ ਮਦਦ ਕੀਤੀ ਜਾਂਦੀ ਹੈ, ਤਾਂ ਜੋ ਠੀਕ ਹੋਣ ਦੀ ਪ੍ਰਕਿਰਿਆ ਤੇਜ਼ ਹੋ ਸਕੇ।

ਲਗਭਗ ਇੱਕ ਸਾਲ ਤੱਕ ਸੀਏਪੀ ਥੈਰੇਪੀ ਲੈਣ ਤੋਂ ਬਾਅਦ ਰੇਬੇਕਾ ਕਹਿੰਦੇ ਹਨ ਕਿ ਹੁਣ ਉਹ ਠੀਕ ਹੋਣ ਲੱਗ ਪਏ ਹਨ ਪਰ ਉਹ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਇਹ ਕੋਈ ਪੱਕਾ ਇਲਾਜ ਨਹੀਂ ਹੈ।

“ਆਪਣੀ ਗੱਲ ‘ਤੇ ਯਕੀਨ ਦਿਵਾਉਣ ਲਈ ਲੜੋ”

ਇਸ ਦੌਰਾਨ ਹੈਨਰੀ, ਰੌਇਲ ਲੰਦਨ ਵਿੱਚ ਇੱਕ ਟੀਐਸਡਬਲਯੂ ਮਾਹਿਰ ਦੀ ਨਿਗਰਾਨੀ ਹੇਠ ਹਨ। ਇਸ ਬਿਮਾਰੀ ਨਾਲ ਤਿੰਨ ਸਾਲ ਤੱਕ ਜੂਝਣ ਤੋਂ ਬਾਅਦ, ਆਖਿਰਕਾਰ ਉਨ੍ਹਾਂ ਨੂੰ ਅਗਸਤ 2025 ਵਿੱਚ ਅਧਿਕਾਰਿਕ ਤੌਰ ‘ਤੇ ਬਿਮਾਰੀ ਦੀ ਪਛਾਣ ਹੋ ਗਈ। ਉਹ ਇਮਿਊਨੋਸਪ੍ਰੈਸੈਂਟ ਲੈ ਰਹੇ ਹਨ ਅਤੇ ਆਖਿਰਕਾਰ ਉਨ੍ਹਾਂ ਨੂੰ “ਫਿਰ ਤੋਂ ਨਾਰਮਲ” ਮਹਿਸੂਸ ਹੋ ਰਿਹਾ ਹੈ।

ਇੱਕ ਸਮਾਂ ਅਜਿਹਾ ਸੀ ਜਦੋਂ ਕਰਿਸ਼ਮਾ ਆਪਣੇ ਆਪ ਨੂੰ ਮੁਸ਼ਕਿਲ ਨਾਲ ਪਛਾਣ ਪਾਉਂਦੇ ਸਨ, ਪਰ ਹੁਣ ਉਹ ਆਪਣੇ ਆਪ ਨੂੰ ਸੋਸ਼ਲ ਮੀਡੀਆ ਅਤੇ ਬਿਲਬੋਰਡਾਂ ‘ਤੇ ਦੇਖਦੇ ਹਨ। ਉਹ ਚਮੜੀ ਦੀਆਂ ਗੰਭੀਰ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਵਾਲੀਆਂ ਕਈ ਮਾਰਕੀਟਿੰਗ ਮੁਹਿੰਮਾਂ ਦਾ ਚਿਹਰਾ ਹਨ।

ਉਹ ਕਹਿੰਦੇ ਹਨ, “ਮੈਂ ਦੁਨੀਆ ਭਰ ਵਿੱਚ ਹਜ਼ਾਰਾਂ ਲੋਕਾਂ ਨਾਲ ਉਨ੍ਹਾਂ ਦੀ ਚਮੜੀ ਦੀ ਬਿਮਾਰੀ ਬਾਰੇ ਗੱਲ ਕੀਤੀ ਹੈ। ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਵੀ ਉਸ ਦੌਰ ਤੋਂ ਲੰਘਣਾ ਪਵੇ, ਜਿਸ ਵਿੱਚੋਂ ਮੈਂ ਲੰਘੀ ਹਾਂ।”

ਸਾਲਾਂ ਤੱਕ ਸੰਘਰਸ਼ ਕਰਨ ਤੋਂ ਬਾਅਦ, ਬੈਥਨੀ ਹੁਣ ਬਾਇਓਲੌਜਿਕਸ ਲੈ ਰਹੇ ਹਨ। ਇਹ ਇੱਕ ਨਵੀਂ ਕਿਸਮ ਦੀ ਦਵਾਈ ਹੈ ਜੋ ਸੋਜਸ਼ ਨੂੰ ਘਟਾਉਂਦੀ ਹੈ।

ਹਾਲ ਹੀ ਵਿੱਚ ਬੈਥਨੀ ਨੂੰ ਆਪਣੀ ਪਹਿਲੀ ਨੌਕਰੀ ਵੀ ਮਿਲ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਆਖਿਰਕਾਰ ਉਨ੍ਹਾਂ ਨੂੰ ਆਪਣੀ “ਜ਼ਿੰਦਗੀ ਵਾਪਸ ਮਿਲ ਰਹੀ ਹੈ।”

ਉਹ ਦੱਸਦੇ ਹਨ ਕਿ ਪਹਿਲਾਂ ਕਈ ਵਾਰ ਉਨ੍ਹਾਂ ਨੂੰ ਇੰਝ ਲੱਗਦਾ ਸੀ ਕਿ ਜੋ ਵੀ ਉਨ੍ਹਾਂ ਨੂੰ ਇਹ ਕਹਿੰਦਾ ਸੀ ਕਿ ਸਿਰਫ਼ ਖੁਰਕ ਕਰਨੀ ਬੰਦ ਕਰ ਦਿਓ, ਉਸ ਨੂੰ ਮੁੱਕਾ ਮਾਰ ਦੇਵਾਂ। ਹੁਣ ਇਹ ਉਨ੍ਹਾਂ ਵੱਲੋਂ ਅਜਿਹੇ ਸਾਰੇ ਲੋਕਾਂ ਲਈ ਇੱਕ ਸਾਫ਼ ਸੰਦੇਸ਼ ਹੈ ਜੋ ਕਦੇ ਉਨ੍ਹਾਂ ਦੀ ਤਰ੍ਹਾਂ ਇਸ ਬਿਮਾਰੀ ਨਾਲ ਜੂਝ ਰਹੇ ਸਨ।

ਉਹ ਕਹਿੰਦੇ ਹਨ, “ਆਪਣੇ ਆਪ ਨੂੰ ਦੋਸ਼ੀ ਨਾ ਸਮਝੋ, ਇਹ ਨਾ ਸੋਚੋ ਕਿ ਇਸ ਵਿੱਚ ਤੁਹਾਡੀ ਕੋਈ ਗਲਤੀ ਹੈ ਅਤੇ ਆਪਣੀ ਗੱਲ ‘ਤੇ ਯਕੀਨ ਦਿਵਾਉਣ ਲਈ ਲੜੋ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI