Home ਰਾਸ਼ਟਰੀ ਖ਼ਬਰਾਂ 1973 ਦੀ ਅਰਬ-ਇਜ਼ਰਾਇਲ ਜੰਗ – ਜਦੋਂ ਸਾਊਦੀ ਅਰਬ ਨੇ ਲਗਾਈ ਅਮਰੀਕਾ ‘ਤੇ...

1973 ਦੀ ਅਰਬ-ਇਜ਼ਰਾਇਲ ਜੰਗ – ਜਦੋਂ ਸਾਊਦੀ ਅਰਬ ਨੇ ਲਗਾਈ ਅਮਰੀਕਾ ‘ਤੇ ਤੇਲ ਪਾਬੰਦੀ ਜਿਸ ਨਾਲ 4 ਗੁਣਾ ਵਧ ਗਏ ਸਨ ਭਾਅ

8
0

Source :- BBC PUNJABI

ਫੌਜੀ

ਤਸਵੀਰ ਸਰੋਤ, Getty Images

ਸਨ 1967 ਵਿੱਚ ਛੇ ਦਿਨਾਂ ਦੀ ਜੰਗ ਦੇ ਪਹਿਲੇ ਛੇ ਘੰਟਿਆਂ ਵਿੱਚ ਹੀ ਇਜ਼ਰਾਇਲੀ ਹਵਾਈ ਫੌਜ ਨੇ ਮਿਸਰ ਦੀ ਹਵਾਈ ਸੈਨਾ ਨੂੰ ਅਜਿਹੀ ਸੱਟ ਪਹੁੰਚਾਈ ਸੀ ਜਿਸ ਤੋਂ ਉਹ ਕਦੇ ਉਭਰ ਨਹੀਂ ਸਕੀ।

ਪੰਜ ਜੂਨ ਦੀ ਸਵੇਰ 7 ਵੱਜ ਕੇ 45 ਮਿੰਟ ‘ਤੇ ਇਜ਼ਰਾਇਲੀ ਜਹਾਜ਼ਾਂ ਨੇ ਮਿਸਰ ਦੇ ਕਈ ਹਵਾਈ ਅੱਡਿਆਂ ‘ਤੇ ਇਕੱਠੇ ਹਮਲਾ ਕੀਤਾ। ਮਿਸਰ ਦੇ ਪਾਇਲਟਾਂ ਦੇ ਜਹਾਜ਼ਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਿਸਰ ਦੇ ਜ਼ਿਆਦਾਤਰ ਜਹਾਜ਼ ਹਵਾਈ ਪੱਟੀਆਂ ‘ਤੇ ਹੀ ਨਸ਼ਟ ਹੋ ਗਏ।

ਥੋੜ੍ਹੀ ਦੇਰ ਬਾਅਦ ਇੱਕ ਹੋਰ ਹਮਲਾ ਕਰਕੇ ਇਜ਼ਰਾਇਲੀ ਜਹਾਜ਼ਾਂ ਨੇ ਉਨ੍ਹਾਂ ਹਵਾਈ ਪੱਟੀਆਂ ਨੂੰ ਵਰਤੋਂ ਲਾਇਕ ਨਹੀਂ ਛੱਡਿਆ। ਇਸ ਹਮਲੇ ਤੋਂ ਮਿਸਰ ਦੀ ਹਵਾਈ ਫੌਜ ਉਭਰ ਨਹੀਂ ਸਕੀ ਅਤੇ ਇਸ ਜੰਗ ਵਿੱਚ ਉਨ੍ਹਾਂ ਦੀ ਵੱਡੀ ਹਾਰ ਹੋਈ।

ਇੰਨਾ ਹੀ ਨਹੀਂ, ਇਜ਼ਰਾਇਲ ਦੀ ਥਲ ਸੈਨਾ ਨੇ ਸਿਨਾਈ ਰੇਗਿਸਤਾਨ ਦੇ ਵੱਡੇ ਹਿੱਸੇ ਅਤੇ ਸੀਰੀਆ ਦੀਆਂ ਗੋਲਾਨ ਹਾਈਟਸ ਦੀਆਂ ਪਹਾੜੀਆਂ ‘ਤੇ ਵੀ ਕਬਜ਼ਾ ਕਰ ਲਿਆ। ਇਸ ਹਮਲੇ ਵਿੱਚ ਇਜ਼ਰਾਇਲ ਦੀ ਫ਼ੈਸਲਾਕੁੰਨ ਜਿੱਤ ਤੋਂ ਬਾਅਦ ਮਿਸਰ ਅਤੇ ਸੀਰੀਆ ਆਪਣਾ ਗਵਾਚਿਆ ਹੋਇਆ ਇਲਾਕਾ ਵਾਪਸ ਲੈਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 6 ਅਕਤੂਬਰ 1973 ਦਾ ਦਿਨ ਚੁਣਿਆ।

ਇਤਿਹਾਸ ਦੀ ਅਧਿਆਪਿਕਾ ਅਤੇ ਪੁਲਿਤਜ਼ਰ ਇਨਾਮ ਲਈ ਨਾਮਜ਼ਦ ਅਮਰੀਕੀ ਪੱਤਰਕਾਰ ਐਲੇਨੋਰ ਬਰਕੇਟ ਨੇ ਇਜ਼ਰਾਇਲ ਦੀ ਤਤਕਾਲੀ ਪ੍ਰਧਾਨ ਮੰਤਰੀ ਗੋਲਡਾ ਮੇਅਰ ਦੀ ਜੀਵਨੀ ‘ਗੋਲਡਾ’ ਵਿੱਚ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ।

ਉਹ ਲਿਖਦੀ ਹੈ, “ਇਜ਼ਰਾਈਲ ਨੂੰ ਉਸ ਦੇ ਉੱਪਰ ਹੋਣ ਵਾਲੇ ਮਿਸਰ ਅਤੇ ਸੀਰੀਆ ਦੇ ਹਮਲੇ ਦਾ ਪਹਿਲਾ ਸੰਕੇਤ ਉਦੋਂ ਮਿਲਿਆ ਜਦੋਂ ਇਜ਼ਰਾਇਲ ਦੀ ਮਿਲਟਰੀ ਇੰਟੈਲੀਜੈਂਸ ਨੇ ਸੋਵੀਅਤ ਖ਼ੁਫ਼ੀਆ ਏਜੰਸੀ ਕੇਜੀਬੀ ਦੇ ਰੇਡੀਓ ਟਰਾਂਸਮਿਸ਼ਨ ਇੰਟਰਸੈਪਟ ਕੀਤੇ, ਜਿਸ ਵਿੱਚ ਨਿਰਦੇਸ਼ ਦਿੱਤੇ ਜਾ ਰਹੇ ਸਨ ਕਿ ਸੋਵੀਅਤ ਐਂਟਨੋਵ 22 ਐੱਮ ਜਹਾਜ਼ ਉਨ੍ਹਾਂ ਲੋਕਾਂ ਨੂੰ ਲੈਣ ਪਹੁੰਚਿਆ ਤਾਂ ਇਜ਼ਰਾਇਲੀਆਂ ਦੇ ਮਨ ਵਿੱਚ ਖ਼ਤਰੇ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ।”

“ਪ੍ਰਧਾਨ ਮੰਤਰੀ ਗੋਲਡਾ ਮੇਅਰ ਇਸ ਖ਼ਬਰ ਨਾਲ ਚਿੰਤਤ ਜ਼ਰੂਰ ਹੋਈ, ਪਰ ਉਨ੍ਹਾਂ ਦੇ ਜਨਰਲਾਂ ਨੇ ਇਸ ਨੂੰ ਖ਼ਾਸ ਤਵੱਜੋ ਨਹੀਂ ਦਿੱਤੀ। ਇਸ ਦੌਰਾਨ ਇਜ਼ਰਾਇਲੀ ਖ਼ੁਫ਼ੀਆ ਸਰੋਤਾਂ ਨੇ ਖ਼ਬਰ ਦਿੱਤੀ ਕਿ ਮਿਸਰ ਦੀ ਫੌਜ ਦੀ ਇੱਕ ਡਿਵੀਜ਼ਨ ਸੁਏਜ਼ ਨਹਿਰ ਵੱਲ ਵੱਧ ਰਹੀ ਹੈ।”

“ਅਤੇ ਉਸ ਨੇ ਕਰੀਬ ਇੱਕ ਲੱਖ ਵੀਹ ਹਜ਼ਾਰ ਰਿਜ਼ਰਵ ਸਿਪਾਹੀਆਂ ਨੂੰ ਡਿਊਟੀ ‘ਤੇ ਬੁਲਾ ਲਿਆ ਹੈ। ਇਸ ਦੇ ਬਾਵਜੂਦ ਇਜ਼ਰਾਇਲ ਦੇ ਰੱਖਿਆ ਮੰਤਰੀ ਮੋਸ਼ੇ ਦਾਯਾਨ ਦੀ ਸੋਚ ਸੀ ਕਿ ਮਿਸਰ ਸਿਰਫ਼ ਇੱਕ ਆਮ ਸੈਨਿਕ ਅਭਿਆਸ ਕਰ ਰਿਹਾ ਹੈ।”

6 ਅਕਤੂਬਰ 1973 ਯੋਮ ਕਿੱਪੁਰ ਦਾ ਦਿਨ ਸੀ, ਜਿਸਨੂੰ ਯਹੂਦੀਆਂ ਵਿੱਚ ਸਾਲ ਦਾ ਸਭ ਤੋਂ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਉਸ ਦਿਨ ਪੂਰੇ ਇਜ਼ਰਾਇਲ ਵਿੱਚ ਛੁੱਟੀ ਸੀ। ਇੱਥੋਂ ਤੱਕ ਕਿ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨ ਵੀ ਛੁੱਟੀ ਮਨਾ ਰਹੇ ਸਨ। ਇਜ਼ਰਾਇਲ ਦੀ ਫੌਜ ਦੇ ਤਿੰਨ ਚੌਥਾਈ ਸਿਪਾਹੀ ਛੁੱਟੀ ‘ਤੇ ਆਪਣੇ ਘਰ ਗਏ ਹੋਏ ਸਨ।

ਇਜ਼ਰਾਈਲ ਦੀ ਤਤਕਾਲੀ ਪ੍ਰਧਾਨ ਮੰਤਰੀ ਗੋਲਡਾ ਮਾਇਰ (ਸੱਜੇ)

ਤਸਵੀਰ ਸਰੋਤ, Getty Images

ਮਿਸਰ ਅਤੇ ਸੀਰੀਆ ਦਾ ਸਾਂਝਾ ਹਮਲਾ

ਐਲੇਨੋਰ ਬਰਕੇਟ ਗੋਲਡਾ ਮੇਅਰ ਦੀ ਜੀਵਨੀ ਵਿੱਚ ਲਿਖਦੀ ਹੈ, “ਸਵੇਰੇ 8 ਵਜੇ ਗੋਲਡਾ ਆਪਣੇ ਦਫ਼ਤਰ ਪਹੁੰਚ ਚੁੱਕੇ ਸਨ। ਉਹ ਆਪਣੇ ਫੌਜ ਮੁਖੀ ਡੇਵਿਡ ‘ਡਾਡੋ’ ਐਲਾਜ਼ਾਰ ਅਤੇ ਰੱਖਿਆ ਮੰਤਰੀ ਮੋਸ਼ੇ ਦਾਯਾਨ ਦੇ ਵਿਚਕਾਰ ਅਸਹਿਮਤੀਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡਾਡੋ ਚਾਹੁੰਦੇ ਸਨ ਕਿ ਇਸ ਤੋਂ ਪਹਿਲਾਂ ਕਿ ਮਿਸਰ ਇਜ਼ਰਾਇਲ ‘ਤੇ ਹਮਲਾ ਕਰੇ, ਇਜ਼ਰਾਇਲ ਉਸ ‘ਤੇ ਹਵਾਈ ਹਮਲਾ ਕਰਕੇ ਉਸ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦੇਵੇ।”

“ਦੂਜੇ ਪਾਸੇ ਮੋਸ਼ੇ ਦਾਯਾਨ ਇਸ ਗੱਲ ‘ਤੇ ਯਕੀਨੀ ਨਹੀਂ ਸਨ ਕਿ ਜੰਗ ਹੋਣ ਜਾ ਰਹੀ ਹੈ। ਉਨ੍ਹਾਂ ਨੇ ਪਹਿਲਾਂ ਹਵਾਈ ਹਮਲਾ ਕਰਨ ਦੇ ਵਿਚਾਰ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਅਮਰੀਕਾ ਨੂੰ ਇਜ਼ਰਾਇਲ ਦੀ ਇਹ ਕਾਰਵਾਈ ਪਸੰਦ ਨਹੀਂ ਆਏਗੀ।”

“ਦਾਯਾਨ ਨੇ ਜਨਰਲ ਡਾਡੋ ਦੇ ਰਿਜ਼ਰਵ ਸਿਪਾਹੀਆਂ ਨੂੰ ਬੁਲਾਉਣ ਦੀ ਬੇਨਤੀ ਨੂੰ ਵੀ ਬੇਲੋੜਾ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਰਿਜ਼ਰਵ ਸਿਪਾਹੀਆਂ ਨੂੰ ਉਦੋਂ ਹੀ ਬੁਲਾਉਂਦੇ ਹੋ ਜਦੋਂ ਪਹਿਲੀ ਗੋਲੀ ਚੱਲ ਚੁੱਕੀ ਹੁੰਦੀ ਹੈ।”

“ਮੰਨ ਲਓ ਜੇ ਲੜਾਈ ਨਹੀਂ ਹੋਈ ਤਾਂ ਅਸੀਂ ਉਨ੍ਹਾਂ ਰਿਜ਼ਰਵ ਸਿਪਾਹੀਆਂ ਤੋਂ ਕੀ ਕੰਮ ਕਰਵਾਵਾਂਗੇ? ਗੋਲਡਾ ਮੇਅਰ ਨੇ ਆਪਣੇ ਰੱਖਿਆ ਮੰਤਰੀ ਦਾ ਸਮਰਥਨ ਕਰਦੇ ਹੋਏ ਪਹਿਲਾਂ ਹਮਲਾ ਕਰਨ ਦੇ ਵਿਚਾਰ ਨੂੰ ਖ਼ਾਰਜ ਕਰ ਦਿੱਤਾ ਸੀ।”

ਦੁਪਹਿਰ ਦੇ ਦੋ ਵਜੇ ਅਚਾਨਕ ਪੂਰੇ ਇਜ਼ਰਾਇਲ ਵਿੱਚ ਖ਼ਤਰੇ ਦੇ ਸਾਇਰਨ ਵੱਜਣ ਲੱਗੇ। ਉੱਤਰ ਵਿੱਚ ਸੀਰੀਆ ਦੀ ਫੌਜ ਦੀਆਂ ਪੰਜ ਡਿਵੀਜ਼ਨਾਂ ਨੇ 1400 ਟੈਂਕਾਂ ਅਤੇ 1000 ਤੋਪਾਂ ਨਾਲ ਇਜ਼ਰਾਇਲ ਦੀਆਂ ਗੋਲਾਨ ਪਹਾੜੀਆਂ ‘ਤੇ ਤੈਨਾਤ ਦੋ ਬ੍ਰਿਗੇਡਾਂ ‘ਤੇ ਹਮਲਾ ਕਰ ਦਿੱਤਾ।

ਯੂਰੀ ਬਾਰ ਜੋਜ਼ੇਫ਼ ਆਪਣੀ ਕਿਤਾਬ ‘ਦਿ ਐਂਜਲ’ ਵਿੱਚ ਲਿਖਦੇ ਹਨ, “ਇਜ਼ਰਾਇਲ ਕੋਲ ਉਸ ਸਮੇਂ ਉਸ ਥਾਂ ‘ਤੇ ਸਿਰਫ਼ 177 ਟੈਂਕ ਸਨ। ਦੱਖਣ ਵਿੱਚ ਮਿਸਰ ਦੇ ਇੱਕ ਲੱਖ ਸਿਪਾਹੀ 1300 ਟੈਂਕਾਂ ਨਾਲ ਸਿਨਾਈ ਰੇਗਿਸਤਾਨ ਵਿੱਚ ਦਾਖ਼ਲ ਹੋ ਗਏ ਸਨ। ਹਮਲੇ ਦੇ ਪਹਿਲੇ ਪੜਾਅ ਵਿੱਚ ਮਿਸਰ ਦੇ 32,000 ਸਿਪਾਹੀਆਂ ਨੇ ਛੇ ਘੰਟਿਆਂ ਵਿੱਚ 720 ਬੇੜੀਆਂ ਰਾਹੀਂ ਸੁਏਜ਼ ਨਹਿਰ ਪਾਰ ਕੀਤੀ।”

“ਹਰ ਬੇੜੀ ਨੇ 12 ਵਾਰ ਆਉਣਾ-ਜਾਣਾ ਕੀਤਾ। ਮਿਸਰੀ ਸਿਪਾਹੀਆਂ ਦੇ ਸੁਏਜ਼ ਨਹਿਰ ਪਾਰ ਕਰਨ ਦਾ ਇਜ਼ਰਾਇਲੀ ਸਿਪਾਹੀਆਂ ਨੇ ਜ਼ਰਾ ਵੀ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਕੋਈ ਜਵਾਬੀ ਹਮਲਾ ਕੀਤਾ।”

ਦਿ ਐਂਜਲ ਕਿਤਾਬ

ਤਸਵੀਰ ਸਰੋਤ, Harper

ਮਿਸਰ ਨੂੰ ਸ਼ੁਰੂਆਤੀ ਕਾਮਯਾਬੀ

ਮਿਸਰ ਦੇ ਸਿਪਾਹੀਆਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਇਜ਼ਰਾਇਲ ਆਪਣੀ ਹਵਾਈ ਸੈਨਾ ‘ਤੇ ਬਹੁਤ ਵੱਧ ਨਿਰਭਰ ਕਰ ਰਿਹਾ ਸੀ।

ਅਮਰੀਕੀ ਵਿਦੇਸ਼ ਨੀਤੀ ਮਾਹਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਟੀਮ ਵਿੱਚ ਰਹੇ ਮਾਈਕਲ ਡੋਰਾਨ ਆਪਣੇ ਲੇਖ ‘ਦਿ ਹਿਡਨ ਕੈਲਕੁਲੇਸ਼ਨ ਬਿਹਾਇੰਡ ਯੋਮ ਕਿੱਪੁਰ ਵਾਰ’ ਵਿੱਚ ਲਿਖਦੇ ਹਨ, “ਇਜ਼ਰਾਇਲ ਦੇ ਪਾਇਲਟ ਸਤਿਹ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਸੈਮ ਮਿਜ਼ਾਈਲਾਂ ਲਈ ਬਿਲਕੁਲ ਵੀ ਤਿਆਰ ਨਹੀਂ ਸਨ।”

“ਸਨ 1967 ਵਿੱਚ ਉਨ੍ਹਾਂ ਦਾ ਮਿਸਰ ਦੇ ਹਵਾਈ ਖੇਤਰ ਵਿੱਚ ਪੂਰਾ ਦਬਦਬਾ ਸੀ। ਛੇ ਸਾਲ ਬਾਅਦ ਹਾਲਾਤ ਇਸ ਹੱਦ ਤੱਕ ਬਦਲ ਗਏ ਸਨ ਕਿ ਪਹਿਲੇ 24 ਘੰਟਿਆਂ ਵਿੱਚ ਹੀ ਉਨ੍ਹਾਂ ਦੇ 10 ਤੋਂ 30 ਫੀਸਦੀ ਜੰਗੀ ਜਹਾਜ਼ ਨਸ਼ਟ ਕਰ ਦਿੱਤੇ ਗਏ ਸਨ। ਇਜ਼ਰਾਇਲ ਦੀ ਸੈਨਿਕ ਅਗਵਾਈ ਪੂਰੀ ਤਰ੍ਹਾਂ ਹਿਲ ਗਈ ਸੀ।”

ਮਿਸਰੀ ਸਿਪਾਹੀ ਬਿਨ੍ਹਾਂ ਕਿਸੇ ਵਿਰੋਧ ਦੇ ਸੁਏਜ਼ ਨਹਿਰ ਪਾਰ ਕਰ ਗਏ। ਉਨ੍ਹਾਂ ਦੇ ਇੱਕ ਵੀ ਸਿਪਾਹੀ ਨੂੰ ਨੁਕਸਾਨ ਨਹੀਂ ਪਹੁੰਚਿਆ। ਜਦੋਂ ਇਜ਼ਰਾਇਲੀ ਟੈਂਕ ਆਪਣੀ ‘ਸਵਿਮ ਫਿਨਜ਼’ ਪੋਜ਼ੀਸ਼ਨ ‘ਤੇ ਪਹੁੰਚੇ, ਜਿੱਥੋਂ ਉਨ੍ਹਾਂ ਨੇ ਜਵਾਬੀ ਹਮਲਾ ਕਰਨਾ ਸੀ, ਤਾਂ ਉਨ੍ਹਾਂ ਨੇ ਵੇਖਿਆ ਕਿ ਉਸ ‘ਤੇ ਮਿਸਰੀ ਕਮਾਂਡੋਜ਼ ਦਾ ਕਬਜ਼ਾ ਹੋ ਚੁੱਕਾ ਸੀ। ਉਨ੍ਹਾਂ ਨੇ ਇਜ਼ਰਾਇਲੀ ਟੈਂਕਾਂ ਨੂੰ ਵੇਖਦੇ ਹੀ ਉਨ੍ਹਾਂ ‘ਤੇ ਐਂਟੀ-ਟੈਂਕ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ।

ਐਤਵਾਰ ਦੀ ਸ਼ਾਮ ਹੋਣ ਤੱਕ ਮਿਸਰ ਦੇ ਸਿਪਾਹੀਆਂ ਨੇ ਸੁਏਜ਼ ਨਹਿਰ ਦੇ ਪੂਰਬੀ ਕਿਨਾਰੇ ‘ਤੇ ਆਪਣਾ ਮੋਰਚਾ ਬਣਾ ਲਿਆ ਸੀ ਅਤੇ ਉਨ੍ਹਾਂ ਦਾ ਇੱਕ ਵੀ ਸਿਪਾਹੀ ਮਾਰਿਆ ਨਹੀਂ ਗਿਆ ਸੀ। ਇਸ ਦੇ ਨਾਲ ਹੀ ਮਿਸਰ ਦੇ 222 ਜੰਗੀ ਜੈੱਟ ਜਹਾਜ਼ਾਂ ਨੇ ਸੁਏਜ਼ ਨਹਿਰ ਪਾਰ ਕਰਕੇ ਇਜ਼ਰਾਇਲੀ ਟਿਕਾਣਿਆਂ ਅਤੇ ਰਡਾਰ ਸਟੇਸ਼ਨਾਂ ‘ਤੇ ਬੰਬਾਰੀ ਸ਼ੁਰੂ ਕਰ ਦਿੱਤੀ ਸੀ।

ਐਲੇਨੋਰ ਬਰਕੇਟ ਲਿਖਦੀ ਹਨ, “ਇਜ਼ਰਾਇਲੀ ਸਿਪਾਹੀ ਹੈਰਾਨ ਹੋ ਕੇ ਇਸ ਹਮਲੇ ਨੂੰ ਦੇਖ ਰਹੇ ਸਨ।”

“ਜਦੋਂ ਇਜ਼ਰਾਇਲੀ ਟੈਂਕ ਉਨ੍ਹਾਂ ਦਾ ਸਾਹਮਣਾ ਕਰਨ ਲਈ ਅੱਗੇ ਵਧੇ, ਤਾਂ ਮਿਸਰ ਦੇ ਸਿਪਾਹੀਆਂ ਨੇ ਉਸ ਦਾ ਜਵਾਬ ਨਾ ਸਿਰਫ਼ ਮੋਢੇ ‘ਤੇ ਰੱਖ ਕੇ ਚਲਾਏ ਜਾਣ ਵਾਲੇ ਰਾਕੇਟ ਪ੍ਰੋਪੈਲਡ ਗ੍ਰੇਨੇਡ ਲਾਂਚਰਾਂ ਨਾਲ ਦਿੱਤਾ, ਸਗੋਂ ਉਨ੍ਹਾਂ ਨੇ ਕੁਝ ਅਜਿਹੇ ਹਥਿਆਰ ਵੀ ਵਰਤੇ ਜਿਨ੍ਹਾਂ ਦਾ ਸਾਹਮਣਾ ਇਜ਼ਰਾਇਲੀ ਸਿਪਾਹੀਆਂ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ। ਜੰਗ ਦੇ 24 ਘੰਟੇ ਪੂਰੇ ਹੋਣ ਤੋਂ ਪਹਿਲਾਂ ਹੀ ਜੰਗ ਬਾਰੇ ਇਜ਼ਰਾਇਲ ਦੀ ਹਰ ਪੁਰਾਣੀ ਧਾਰਨਾ ਢਹਿ ਗਈ ਸੀ।”

ਯੋਮ ਕਿੱਪੁਰ ਯੁੱਧ ਦੌਰਾਨ ਮਿਸਰੀ ਟੈਂਕ (ਫਾਈਲ ਫੋਟੋ)

ਤਸਵੀਰ ਸਰੋਤ, Getty Images

ਪਰਮਾਣੂ ਹਥਿਆਰ ਵਰਤਣ ‘ਤੇ ਵਿਚਾਰ

ਮਿਸਰ ਦੇ ਇਸ ਹਮਲੇ ਨਾਲ ਇਜ਼ਰਾਇਲ ਦੇ ਵਾਰ ਹੀਰੋ ਰਹੇ ਰੱਖਿਆ ਮੰਤਰੀ ਇਸ ਕਦਰ ਘਬਰਾਏ ਕਿ ਉਨ੍ਹਾਂ ਦਾ ਨਰਵਸ ਬ੍ਰੇਕਡਾਊਨ ਹੋ ਗਿਆ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੇਅਰ ਦੇ ਸਾਹਮਣੇ ਮੰਨਿਆ ਕਿ ਹਾਲਾਤ ਨੂੰ ਸਮਝਣ ਵਿੱਚ ਉਨ੍ਹਾਂ ਤੋਂ ਵੱਡੀ ਗ਼ਲਤੀ ਹੋਈ ਹੈ।

ਉਨ੍ਹਾਂ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ, ਪਰ ਗੋਲਡਾ ਨੇ ਉਸ ‘ਤੇ ਵਿਚਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਮਾਈਕਲ ਡੋਰਾਨ ਲਿਖਦੇ ਹਨ, “ਮੋਸ਼ੇ ਦਾਯਾਨ ਨੇ ਪ੍ਰਧਾਨ ਮੰਤਰੀ ਨੂੰ ਇਹ ਤੱਕ ਸਿਫਾਰਸ਼ ਕੀਤੀ ਕਿ ਮਿਸਰ ਅਤੇ ਸੀਰੀਆ ਨੂੰ ਰੋਕਣ ਲਈ ਇਜ਼ਰਾਇਲ ਪਰਮਾਣੂ ਹਥਿਆਰਾਂ ਦਾ ਬਦਲ ਵਰਤਣ ਬਾਰੇ ਸੋਚੇ।”

ਇਸ ਦੀ ਪੁਸ਼ਟੀ ਕਰਦੇ ਹੋਏ ਗੋਲਡਾ ਮੇਅਰ ਦੀ ਜੀਵਨੀਕਾਰ ਐਲੇਨੋਰ ਬਰਕੇਟ ਲਿਖਦੀ ਹਨ, “ਕੁਝ ਸਰੋਤਾਂ ਦੇ ਮੁਤਾਬਕ ਕੁਝ ਸਮੇਂ ਲਈ ਗੋਲਡਾ ਵੀ ਬਹੁਤ ਪਰੇਸ਼ਾਨ ਹੋ ਗਏ ਸਨ ਅਤੇ ਉਨ੍ਹਾਂ ਨੇ ਦਾਯਾਨ ਦੀ ਬੇਨਤੀ ‘ਤੇ ਇਜ਼ਰਾਇਲ ਦੇ ਪਰਮਾਣੂ ਹਥਿਆਰਾਂ ਨੂੰ ਵਰਤਣ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਸੀ।”

ਯੋਮ ਕਿੱਪੁਰ ਜੰਗ ਵਿੱਚ ਇਜ਼ਰਾਇਲੀ ਟੈਂਕ ਡਿਵੀਜ਼ਨ ਦੀ ਅਗਵਾਈ ਕਰਨ ਵਾਲੇ ਅਤੇ ਬਾਅਦ ਵਿੱਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬਣੇ ਏਰੀਅਲ ਸ਼ੇਰੋਨ ਨੇ ਆਪਣੀ ਆਤਮਕਥਾ ‘ਵਾਰੀਅਰ’ ਵਿੱਚ ਲਿਖਿਆ ਸੀ, “ਮੈਂ ਪਹਿਲੀ ਵਾਰ ਇਜ਼ਰਾਇਲੀ ਸਿਪਾਹੀਆਂ ਦੇ ਚਿਹਰਿਆਂ ‘ਤੇ ਡਰ ਨਹੀਂ, ਸਗੋਂ ਹੈਰਾਨੀ ਦੀ ਝਲਕ ਦੇਖੀ ਸੀ।”

“ਅਚਾਨਕ ਉਨ੍ਹਾਂ ਨਾਲ ਉਹ ਸਭ ਕੁਝ ਹੋ ਰਿਹਾ ਸੀ ਜਿਸਦਾ ਤਜਰਬਾ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ। ਉਨ੍ਹਾਂ ਦੀ ਪੂਰੀ ਸੈਨਿਕ ਜ਼ਿੰਦਗੀ ਜਿੱਤ ਦੇ ਤਜਰਬੇ ਕਰਦੇ ਬੀਤੀ ਸੀ। ਉਹ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਕਰ ਸਕਦੇ ਸਨ ਕਿ ਉਨ੍ਹਾਂ ਦੇ ਸਾਹਮਣੇ ਹੀ ਮਿਸਰ ਦੇ ਸਿਪਾਹੀ ਸੁਏਜ਼ ਨਹਿਰ ਪਾਰ ਕਰ ਰਹੇ ਸਨ।”

ਇਜ਼ਰਾਈਲ ਦੇ ਤਤਕਾਲੀ ਰੱਖਿਆ ਮੰਤਰੀ ਮੋਸ਼ੇ ਦਾਯਾਨ (ਖੱਬੇ) ਅਤੇ ਪ੍ਰਧਾਨ ਮੰਤਰੀ ਗੋਲਡਾ ਮਾਇਰ (ਸੱਜੇ)

ਤਸਵੀਰ ਸਰੋਤ, Getty Images

ਇਜ਼ਰਾਇਲ ਨੇ ਰਿਜ਼ਰਵ ਸਿਪਾਹੀ ਬੁਲਾਏ

ਸ਼ਾਮ ਹੋਣ ਤੱਕ ਰਿਜ਼ਰਵ ਸਿਪਾਹੀਆਂ ਦੇ ਘਰਾਂ ‘ਤੇ ਸੈਨਿਕ ਮੁੱਖ ਦਫ਼ਤਰ ਤੋਂ ਫ਼ੋਨ ਆਉਣੇ ਸ਼ੁਰੂ ਹੋ ਗਏ ਸਨ।

ਯੇਰੂਸ਼ਲਮ ਵਿੱਚ ਆਪਣੇ ਤਜਰਬਿਆਂ ‘ਤੇ ਲਿਖਣ ਅਤੇ ਹੋਲੋਕਾਸਟ ‘ਤੇ ਖੋਜ ਕਰਨ ਵਾਲੀ ਡੈਬੀ ਸ਼ਪੀਰੋ ਆਪਣੇ ਲੇਖ ‘ਰਿਮੈਂਬਰਿੰਗ ਯੋਮ ਕਿੱਪੁਰ ਵਾਰ’ ਵਿੱਚ ਲਿਖਦੀ ਹੈ, “ਅੱਜ ਵੀ ਉਹ ਦ੍ਰਿਸ਼ ਯਾਦ ਕਰਕੇ ਮੇਰਾ ਦਿਲ ਕੰਬ ਜਾਂਦਾ ਹੈ ਜਦੋਂ ਬਹੁਤ ਸਾਰੇ ਲੋਕ ਘੁੱਟਣ ਤੱਕ ਸਫ਼ੈਦ ‘ਕਿਤੇਲ’ ਪਹਿਨੇ ਆਪਣੀ ਯੂਨਿਟ ਤੱਕ ਪਹੁੰਚਣ ਲਈ ਸੜਕਾਂ ‘ਤੇ ਲਗਭਗ ਦੌੜ ਰਹੇ ਸਨ।”

“ਉਨ੍ਹਾਂ ਦੇ ਪਿੱਛੇ ਸੈਂਡਵਿਚ ਅਤੇ ਥਰਮਸ ਵਿੱਚ ਗਰਮ ਕੌਫੀ ਲੈ ਕੇ ਉਨ੍ਹਾਂ ਦੀਆਂ ਪਤਨੀਆਂ ਵੀ ਦੌੜ ਰਹੀਆਂ ਸਨ। ਉਨ੍ਹਾਂ ਨੂੰ ਹੁਕਮ ਮਿਲੇ ਸਨ ਕਿ ਉਹ ਤੁਰੰਤ ਆਪਣਾ ਵਰਤ ਤੋੜ ਦੇਣ ਅਤੇ ਆਪਣੇ ਠਿਕਾਣਿਆਂ ਵੱਲ ਰਵਾਨਾ ਹੋ ਜਾਣ।”

“ਔਰਤਾਂ ਨੂੰ ਕਿਹਾ ਗਿਆ ਸੀ ਕਿ ਉਹ ਘਰ ਜਾ ਕੇ ਆਪਣੇ ਪਤੀਆਂ ਲਈ ਖਾਣਾ ਤਿਆਰ ਕਰਨ ਤਾਂ ਜੋ ਉਹ ਜਦੋਂ ਮੋਰਚੇ ‘ਤੇ ਜਾਣ ਤਾਂ ਭੁੱਖੇ ਨਾ ਰਹਿਣ। ਇਸ ਦੌਰਾਨ ਗੂੜ੍ਹੇ ਹਰੇ ਰੰਗ ਦੀਆਂ ਸੈਨਿਕ ਜੀਪਾਂ ਸੜਕਾਂ ‘ਤੇ ਦੌੜ ਰਹੀਆਂ ਸਨ ਤਾਂ ਜੋ ਉਹ ਰਿਜ਼ਰਵ ਸਿਪਾਹੀਆਂ ਨੂੰ ਸ਼ੂਲ (ਯਹੂਦੀ ਇਬਾਦਤਘਰ) ਤੋਂ ਸਿੱਧਾ ਮੋਰਚੇ ‘ਤੇ ਲੈ ਜਾ ਸਕਣ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਕਦੇ ਵੀ ਵਾਪਸ ਆਪਣੇ ਘਰ ਨਹੀਂ ਆਏ।”

ਇਜ਼ਰਾਈਲ ਸੀਰੀਆ ਜੰਗ

ਤਸਵੀਰ ਸਰੋਤ, Getty Images

ਸੀਰੀਆਈ ਮੋਰਚੇ ‘ਤੇ ਇਜ਼ਰਾਇਲ ਦਾ ਜਵਾਬੀ ਹਮਲਾ

ਉੱਥੇ ਗੋਲਾਨ ਹਾਈਟਸ ਦੇ ਮੋਰਚੇ ‘ਤੇ ਸੀਰੀਆਈ ਫੌਜ ਵੀ ਇਜ਼ਰਾਇਲ ‘ਤੇ ਹਮਲਾ ਕਰ ਰਹੀ ਸੀ।

ਉਨ੍ਹਾਂ ਦੀ ਪੂਰੀ ਕੋਸ਼ਿਸ਼ ਸੀ ਕਿ ਗੋਲਾਨ ਦੀਆਂ ਉਚਾਈਆਂ ‘ਤੇ ਉਨ੍ਹਾਂ ਦਾ ਕਬਜ਼ਾ ਹੋ ਜਾਵੇ। ਪਰ ਅਗਲੇ ਹੀ ਦਿਨ ਇਜ਼ਰਾਇਲ ਨੇ ਸੀਰੀਆ ‘ਤੇ ਜਵਾਬੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ। 7 ਅਕਤੂਬਰ ਦੀ ਸ਼ਾਮ ਹੋਣ ਤੱਕ ਇਜ਼ਰਾਇਲ ਨੇ ਸੀਰੀਆ ਦੀ ਪਹਿਲੀ ਰੱਖਿਆ ਲਾਈਨ ਨੂੰ ਤੋੜ ਦਿੱਤਾ ਸੀ।

ਇਜ਼ਰਾਇਲ ਦੀ ਹਵਾਈ ਫੌਜ ਨੇ ਸੀਰੀਆ ਦੇ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਵਿੱਚ ਰਾਜਧਾਨੀ ਦਮਿਸ਼ਕ ਦਾ ਹਵਾਈ ਅੱਡਾ ਵੀ ਸ਼ਾਮਲ ਸੀ। 9 ਅਕਤੂਬਰ ਤੱਕ ਇਜ਼ਰਾਇਲ ਦੇ ਸਿਪਾਹੀਆਂ ਨੇ ਸੀਰੀਆ ਦੇ ਸਿਪਾਹੀਆਂ ਨੂੰ 1967 ਦੀ ਜੰਗਬੰਦੀ ਲਾਈਨ ਦੇ ਪਿੱਛੇ ਜਾਣ ਲਈ ਮਜਬੂਰ ਕਰ ਦਿੱਤਾ ਸੀ।

10 ਅਕਤੂਬਰ ਖ਼ਤਮ ਹੋਣ ਤੱਕ ਇਜ਼ਰਾਇਲ ਦਾ ਸੀਰੀਆ ਦੇ ਹਵਾਈ ਖੇਤਰ ‘ਤੇ ਕਬਜ਼ਾ ਹੋ ਗਿਆ ਸੀ।

ਆਡ੍ਰੀ ਸ਼ੁਲ ਆਪਣੀ ਕਿਤਾਬ ‘ਦਿ ਯੋਮ ਕਿੱਪੁਰ ਵਾਰ’ ਵਿੱਚ ਲਿਖਦੀ ਹੈ, “ਸੀਰੀਆ ਨੇ ਘਬਰਾ ਕੇ ਹੋਰ ਅਰਬ ਦੇਸ਼ਾਂ ਇਰਾਕ, ਕੁਵੈਤ ਅਤੇ ਮੋਰੱਕੋ ਤੋਂ ਸੈਨਿਕ ਮਦਦ ਦੀ ਅਪੀਲ ਕੀਤੀ ਸੀ। ਅਗਲੇ ਦਿਨ ਇਹ ਮਦਦ ਪਹੁੰਚ ਵੀ ਗਈ ਸੀ। ਪਰ ਇਸ ਦੇ ਬਾਵਜੂਦ ਗੋਲਾਨ ਹਾਈਟਸ ਦੇ ਮੋਰਚੇ ‘ਤੇ ਇਜ਼ਰਾਇਲੀ ਸਿਪਾਹੀਆਂ ਦੀ ਅੱਗੇ ਵੱਧਣ ਦੀ ਗਤੀ ਜਾਰੀ ਰਹੀ।”

“11 ਅਕਤੂਬਰ ਨੂੰ ਇਜ਼ਰਾਇਲੀ ਸਿਪਾਹੀ ਸੀਰੀਆਈ ਸਰਹੱਦ ਤੋਂ ਸਾਢੇ ਨੌਂ ਕਿਲੋਮੀਟਰ ਅੰਦਰ ਤੱਕ ਦਾਖ਼ਲ ਹੋ ਗਏ ਸਨ। 15 ਅਕਤੂਬਰ ਤੱਕ ਇਜ਼ਰਾਇਲੀ ਸਿਪਾਹੀ ਦਮਿਸ਼ਕ ਦੇ ਨੇੜੇ ਸਾਸਾ ਪਿੰਡ ਤੱਕ ਪਹੁੰਚ ਗਏ ਸਨ। ਉੱਥੋਂ ਦਮਿਸ਼ਕ ਸਿਰਫ਼ 32 ਕਿਲੋਮੀਟਰ ਦੂਰ ਸੀ।”

ਇਸ ਲੜਾਈ ਵਿੱਚ ਸੀਰੀਆਈ ਸੈਨਿਕਾਂ ਨੇ ਆਤਮ ਸਮਰਪਣ ਕਰ ਦਿੱਤਾ

ਤਸਵੀਰ ਸਰੋਤ, Getty Images

ਇਜ਼ਰਾਇਲ ਨੇ ਬਾਜ਼ੀ ਪਲਟੀ

14 ਅਕਤੂਬਰ ਤੋਂ ਜੰਗ ਦਾ ਰੁਖ਼ ਬਦਲਣਾ ਸ਼ੁਰੂ ਹੋਇਆ ਕਿਉਂਕਿ ਉਸੇ ਦਿਨ ਤੋਂ ਅਮਰੀਕੀ ਹਥਿਆਰ ਇਜ਼ਰਾਇਲ ਪਹੁੰਚਣ ਲੱਗੇ ਸਨ।

ਜਨਰਲ ਐਲਾਜ਼ੇਰ ਨੇ ਉਸੇ ਰਾਤ ਪ੍ਰਧਾਨ ਮੰਤਰੀ ਮੇਅਰ ਨੂੰ ਸੁਨੇਹਾ ਭੇਜਿਆ, “ਗੋਲਡਾ, ਹਾਲਾਤ ਹੁਣ ਬਿਹਤਰ ਹੋ ਰਹੇ ਹਨ। ਸਾਡੀ ਫ਼ੌਰਮ ਵਾਪਸ ਆ ਰਹੀ ਹੈ ਅਤੇ ਅਰਬ ਮੁੜ ਆਪਣੇ ਪੁਰਾਣੀ ਲੀਹ ‘ਤੇ ਵਾਪਸ ਜਾ ਰਹੇ ਹਨ।”

14 ਅਕਤੂਬਰ ਨੂੰ ਮਿਸਰ ਦੀ ਤੀਜੀ ਆਰਮਰਡ ਬ੍ਰਿਗੇਡ ਨੇ 124 ਟੈਂਕਾਂ ਨਾਲ ‘ਮਿਤਲਾ ਪਾਸ’ ‘ਤੇ ਹਮਲਾ ਕੀਤਾ ਸੀ। ਅੱਠ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਦੇ 60 ਟੈਂਕ ਨਸ਼ਟ ਹੋ ਗਏ ਸਨ। ਇੱਥੋਂ ਬਾਜ਼ੀ ਪਲਟਣੀ ਸ਼ੁਰੂ ਹੋ ਗਈ ਸੀ।

ਏਰੀਅਲ ਸ਼ੇਰੋਨ ਨੇ ਮਿਸਰ ਦੀ ਤੀਜੀ ਆਰਮੀ ਨੂੰ ਸੁਏਜ਼ ਨਹਿਰ ਦੇ ਪੱਛਮੀ ਕਿਨਾਰੇ ‘ਤੇ ਚਾਰੋਂ ਪਾਸਿਆਂ ਤੋਂ ਘੇਰਨ ਦੀ ਯੋਜਨਾ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਗਲੇ ਪੰਜ ਦਿਨਾਂ ਵਿੱਚ ਦੋਵੇਂ ਪੱਖਾਂ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਭ ਤੋਂ ਵੱਡੀ ਟੈਂਕ ਜੰਗ ਲੜੀ ਗਈ ਸੀ।

ਸਭ ਤੋਂ ਭਿਆਨਕ ਲੜਾਈ 15 ਅਕਤੂਬਰ ਦੀ ਰਾਤ ‘ਚਾਈਨੀਜ਼ ਫਾਰਮ’ ਨਾਮ ਦੀ ਥਾਂ ‘ਤੇ ਹੋਈ ਸੀ।

ਏਰੀਅਲ ਸ਼ੇਰੋਨ ਨੇ ਉਸ ਲੜਾਈ ਦਾ ਵੇਰਵਾ ਦਿੰਦੇ ਹੋਏ ਆਪਣੀ ਆਤਮਕਥਾ ‘ਵਾਰਿਅਰ’ ਵਿੱਚ ਲਿਖਿਆ ਹੈ, “ਲੜਾਈ ਇੰਨੀ ਨੇੜਿਓਂ ਲੜੀ ਗਈ ਸੀ ਕਿ ਤੁਸੀਂ ਮਿਸਰ ਅਤੇ ਇਜ਼ਰਾਇਲ ਦੇ ਸਿਪਾਹੀਆਂ ਦੀਆਂ ਲਾਸ਼ਾਂ ਇੱਕ ਦੂਜੇ ਦੇ ਨਾਲ ਪਈਆਂ ਦੇਖ ਸਕਦੇ ਸੀ। ਦੋਵੇਂ ਪਾਸਿਆਂ ਦੇ ਸਿਪਾਹੀ ਸੜਦੇ ਹੋਏ ਟੈਂਕਾਂ ਤੋਂ ਛਾਲ ਮਾਰ ਕੇ ਨਿਕਲੇ ਸਨ ਅਤੇ ਇਕੱਠੇ ਹੀ ਮਾਰੇ ਗਏ ਸਨ।”

ਸ਼ੇਰੋਨ ਨੇ ਮਿਸਰ ਦੇ ਸਿਪਾਹੀਆਂ ‘ਤੇ ਦਬਾਅ ਜਾਰੀ ਰੱਖਿਆ ਅਤੇ ਇਜ਼ਰਾਇਲੀ ਫੌਜ ਸੁਏਜ਼ ਨਹਿਰ ਪਾਰ ਕਰਨ ਵਿੱਚ ਕਾਮਯਾਬ ਹੋ ਗਈ।

ਮਾਈਕਲ ਡੋਰਾਨ ਲਿਖਦੇ ਹਨ, “ਹਾਰ ਦੇ ਡਰ ਨਾਲ ਮਿਸਰ ਨੇ ਜੰਗਬੰਦੀ ਦੀ ਅਪੀਲ ਕੀਤੀ। ਅਮਰੀਕਾ ਅਤੇ ਸੋਵੀਅਤ ਸੰਘ ਦੇ ਦਬਾਅ ਹੇਠ ਇਜ਼ਰਾਇਲ ਨੇ ਅੱਗੇ ਵੱਧਣਾ ਰੋਕ ਦਿੱਤਾ। ਇਸ ਲੜਾਈ ਵਿੱਚ ਮਿਸਰ ਅਤੇ ਸੀਰੀਆ ਦੇ ਕੁੱਲ 15,600 ਸਿਪਾਹੀ ਮਾਰੇ ਗਏ ਅਤੇ ਕਰੀਬ 35,000 ਸਿਪਾਹੀ ਜ਼ਖ਼ਮੀ ਹੋਏ।”

”ਇਜ਼ਰਾਇਲ ਨੇ ਕੁੱਲ 2,569 ਸਿਪਾਹੀ ਗਵਾਏ ਅਤੇ ਉਨ੍ਹਾਂ ਦੇ 7,251 ਸਿਪਾਹੀ ਜ਼ਖ਼ਮੀ ਹੋਏ। ਇਸ ਜੰਗ ਵਿੱਚ ਅਰਬ ਦੇਸ਼ਾਂ ਦੇ 440 ਜੰਗੀ ਜਹਾਜ਼ ਨਸ਼ਟ ਹੋਏ ਜਦਕਿ ਇਜ਼ਰਾਇਲ ਨੇ 102 ਜਹਾਜ਼ ਗਵਾਏ।”

'ਵਾਰੀਅਰ' ਕਿਤਾਬ ਦਾ ਕਵਰ ਪੇਜ

ਤਸਵੀਰ ਸਰੋਤ, Simon & Schuster

ਮਿਸਰ ਅਤੇ ਇਜ਼ਰਾਇਲ ਜੰਗਬੰਦੀ ਲਈ ਹੋਏ ਰਾਜ਼ੀ

22 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ। ਉਸ ਵੇਲੇ ਤੱਕ ਇਜ਼ਰਾਇਲੀ ਫੌਜ ਦਾ ਸੁਏਜ਼ ਸ਼ਹਿਰ ਤੋਂ ਕਾਹਿਰਾ ਜਾਣ ਵਾਲੀ ਸੜਕ ‘ਤੇ ਕਬਜ਼ਾ ਹੋ ਚੁੱਕਾ ਸੀ।

ਆਡ੍ਰੀ ਸ਼ੁਲ ਲਿਖਦੀ ਹੈ, “ਸੋਵੀਅਤ ਸੰਘ ਅਤੇ ਅਮਰੀਕਾ ਦੋਵੇਂ ਚਾਹੁੰਦੇ ਸਨ ਕਿ ਇਸ ਜੰਗ ਵਿੱਚ ਇਜ਼ਰਾਇਲ ਦੀ ਪੂਰੀ ਜਿੱਤ ਨਾ ਹੋਵੇ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਜ਼ਰਾਇਲ ਦੀ ਜਿੱਤ ਨਾਲ ਨਾਰਾਜ਼ ਅਰਬ ਦੇਸ਼ ਤੇਲ ਉਤਪਾਦਨ ਵਿੱਚ ਵੱਡੀ ਕਮੀ ਕਰ ਸਕਦੇ ਹਨ।”

“ਇਜ਼ਰਾਇਲ ਇਸ ਜੰਗਵਿਰਾਮ ਨਾਲ ਖੁਸ਼ ਨਹੀਂ ਸੀ, ਕਿਉਂਕਿ ਉਸ ਦਾ ਮੰਨਣਾ ਸੀ ਕਿ ਉਸਨੂੰ ਉਸ ਵੇਲੇ ਰੋਕਿਆ ਗਿਆ ਜਦੋਂ ਉਹ ਫੈਸਲਾਕੁੰਨ ਜਿੱਤ ਵੱਲ ਵੱਧ ਰਿਹਾ ਸੀ।”

“23 ਅਕਤੂਬਰ ਨੂੰ ਇਜ਼ਰਾਇਲ ਨੇ ਸੁਏਜ਼ ਨਹਿਰ ਦੇ ਪੂਰਬੀ ਕਿਨਾਰੇ ‘ਤੇ ਮਿਸਰ ਦੀ ਤੀਜੀ ਫੌਜ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਹਜ਼ਾਰਾਂ ਸਿਪਾਹੀਆਂ ਨੂੰ ਕੈਦੀ ਬਣਾ ਲਿਆ। ਉਹ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਸਿਰਫ਼ 100 ਕਿਲੋਮੀਟਰ ਦੂਰ ਰਹਿ ਗਏ ਸਨ। ਮਿਸਰ ਨੇ ਘਬਰਾ ਕੇ ਸੋਵੀਅਤ ਸੰਘ ਤੋਂ ਮਦਦ ਮੰਗੀ, ਜਿਸ ਨੂੰ ਉਸ ਨੇ ਤੁਰੰਤ ਮਨਜ਼ੂਰ ਕਰ ਲਿਆ।”

26 ਅਕਤੂਬਰ ਨੂੰ ਦੋਵੇਂ ਮਹਾਸ਼ਕਤੀਆਂ ਦੇ ਯਤਨਾਂ ਨਾਲ ਇਜ਼ਰਾਇਲ ਅਤੇ ਮਿਸਰ ਜੰਗਬੰਦੀ ਲਈ ਰਾਜ਼ੀ ਹੋ ਗਏ।

ਮਿਸਰ ਦੇ ਤਤਕਾਲੀ ਰਾਸ਼ਟਰਪਤੀ ਅਨਵਰ ਸਾਦਾਤ

ਤਸਵੀਰ ਸਰੋਤ, Getty Images

ਤੇਲ ਨੂੰ ਹਥਿਆਰ ਵਾਂਗ ਵਰਤਿਆ ਗਿਆ

ਹਾਲਾਂਕਿ ਅਰਬ-ਇਜ਼ਰਾਇਲ ਜੰਗ 26 ਅਕਤੂਬਰ ਤੱਕ ਖ਼ਤਮ ਹੋ ਗਈ ਸੀ, ਪਰ ਇਸ ਨੇ ਮੱਧ-ਪੂਰਬ ਅਤੇ ਵਿਸ਼ਵ ਊਰਜਾ ਬਾਜ਼ਾਰ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ।

ਅਖੀਰ ਵਿੱਚ ਇਸ ਜੰਗ ਦਾ ਸਭ ਤੋਂ ਵੱਡਾ ਫ਼ਾਇਦਾ ਸਾਊਦੀ ਅਰਬ ਨੂੰ ਹੋਇਆ, ਜਿਸ ਨੇ ਅਮਰੀਕਾ ਵੱਲੋਂ ਜੰਗ ਦੌਰਾਨ ਇਜ਼ਰਾਇਲ ਨੂੰ ਦਿੱਤੇ ਗਏ ਸਮਰਥਨ ਦੇ ਜਵਾਬ ਵਿੱਚ ਉਸ ‘ਤੇ ਤੇਲ ਬਰਾਮਦਗੀ ‘ਤੇ ਪਾਬੰਦੀ ਲਗਾ ਦਿੱਤੀ।

ਸਾਬਕਾ ਸੀਆਈਏ ਅਧਿਕਾਰੀ ਬਰੂਸ ਰੀਡਲ ਨੇ ਆਪਣੇ ਲੇਖ ‘ਫਿਫਟੀ ਈਅਰਜ਼ ਏਗੋ ਸਾਊਦੀ ਅਰਬੀਆ ਵਾਜ਼ ਦਿ ਬਿਗੈਸਟ ਵਿਨਰ ਆਫ਼ ਦਿ ਯੋਮ ਕਿੱਪੁਰ ਵਾਰ’ ਵਿੱਚ ਲਿਖਿਆ, “ਸਨ 1814 ਵਿੱਚ ਬ੍ਰਿਟੇਨ ਵੱਲੋਂ ਵਾਸ਼ਿੰਗਟਨ ਨੂੰ ਸਾੜੇ ਜਾਣ ਤੋਂ ਬਾਅਦ ਕਿਸੇ ਹੋਰ ਦੇਸ਼ ਨੇ ਅਮਰੀਕਾ ਨੂੰ ਇੰਨਾ ਵੱਡਾ ਆਰਥਿਕ ਨੁਕਸਾਨ ਨਹੀਂ ਪਹੁੰਚਾਇਆ ਜਿੰਨਾ ਸਾਊਦੀ ਅਰਬ ਨੇ ਕੀਤਾ।”

“ਅਰਬ-ਇਜ਼ਰਾਇਲ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਗੁਪਤ ਮੀਟਿੰਗ ਵਿੱਚ ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਨੇ ਸਾਊਦੀ ਸ਼ਾਹ ਫੈਸਲ ਨੂੰ ਸਲਾਹ ਦਿੱਤੀ ਸੀ ਕਿ ਜ਼ਰੂਰਤ ਪੈਣ ‘ਤੇ ਉਹ ਤੇਲ ਨੂੰ ਹਥਿਆਰ ਵਜੋਂ ਵਰਤਣ ਲਈ ਤਿਆਰ ਰਹੇ।”

“17 ਅਕਤੂਬਰ ਨੂੰ ਸਾਊਦੀ ਵਿਦੇਸ਼ ਰਾਜ ਮੰਤਰੀ ਓਮਰ ਸਕਾਫ਼ ਨੇ ਰਾਸ਼ਟਰਪਤੀ ਨਿਕਸਨ ਨਾਲ ਮਿਲ ਕੇ ਸ਼ਾਹ ਫੈਸਲ ਦਾ ਇੱਕ ਪੱਤਰ ਉਨ੍ਹਾਂ ਨੂੰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇ ਅਮਰੀਕਾ ਨੇ ਦੋ ਦਿਨਾਂ ਵਿੱਚ ਇਜ਼ਰਾਇਲ ਨੂੰ ਹਥਿਆਰ ਦੇਣੇ ਬੰਦ ਨਾ ਕੀਤੇ ਤਾਂ ਸਾਊਦੀ ਅਮਰੀਕਾ ਨੂੰ ਤੇਲ ਭੇਜਣ ‘ਤੇ ਪਾਬੰਦੀ ਲਗਾ ਦੇਵੇਗਾ।”

“ਨਿਕਸਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਸਾਊਦੀ ਨੇ ਪਹਿਲਾਂ ਆਪਣੇ ਉਤਪਾਦਨ ਵਿੱਚ 10 ਫੀਸਦੀ ਦੀ ਕਟੌਤੀ ਕੀਤੀ ਅਤੇ ਫਿਰ ਅਮਰੀਕਾ ਨੂੰ ਤੇਲ ਭੇਜਣਾ ਬੰਦ ਕਰ ਦਿੱਤਾ।”

ਸਾਊਦੀ ਅਰਬ ਦੇ ਸ਼ਾਹ ਫੈਸਲ (ਖੱਬੇ) ਅਤੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ (ਸੱਜੇ)

ਤਸਵੀਰ ਸਰੋਤ, Getty Images

ਵਿਸ਼ਵ ਅਰਥਵਿਵਸਥਾ ਹਿੱਲ ਗਈ

ਅਮਰੀਕਾ ‘ਤੇ ਤੇਲ ਦੀ ਬਰਾਮਦਗੀ ‘ਤੇ ਪਾਬੰਦੀ ਲਗਾਏ ਜਾਣ ਦੇ ਨਤੀਜੇ ਕਾਫੀ ਵੱਡੇ ਸਾਹਮਣੇ ਆਏ।

ਜੁਲਾਈ 1973 ਵਿੱਚ ਜਿਸ ਤੇਲ ਦੀ ਕੀਮਤ 2.90 ਡਾਲਰ ਪ੍ਰਤੀ ਬੈਰਲ ਸੀ, ਉਹ ਦਸੰਬਰ 1973 ਵਿੱਚ ਵੱਧ ਕੇ 11.65 ਡਾਲਰ ਪ੍ਰਤੀ ਬੈਰਲ ਹੋ ਗਈ।

ਇਸ ਪਾਬੰਦੀ ਨੇ ਪੂਰੀ ਅਮਰੀਕੀ ਅਰਥਵਿਵਸਥਾ ਵਿੱਚ ਮੰਦੀ ਲਿਆ ਦਿੱਤੀ, ਜਿਸ ਨੇ ਲੱਖਾਂ ਅਮਰੀਕੀਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ।

1971 ਦੀ ਜੰਗ ਦੇ ਆਰਥਿਕ ਪ੍ਰਭਾਵਾਂ ਨਾਲ ਜੂਝ ਰਹੇ ਭਾਰਤ ਦਾ ਤੇਲ ਦਰਾਮਦਗੀ ਬਜਟ ਵੀ ਲਗਭਗ ਤਿੰਨ ਗੁਣਾ ਵੱਧ ਗਿਆ।

ਮਹਿੰਗਾਈ ਵਧਣ ਕਾਰਨ ਸਰਕਾਰ ਦੇ ਖ਼ਿਲਾਫ਼ ਅੰਦੋਲਨਾਂ ਦਾ ਹੜ੍ਹ ਆ ਗਿਆ, ਜਿਸ ਨੇ ਭਾਰਤ ਦੀ ਸਿਆਸਤ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI