Home ਰਾਸ਼ਟਰੀ ਖ਼ਬਰਾਂ ਪੰਜਾਬ ਵਿੱਚ ਕਬੂਤਰਬਾਜ਼ੀ ਦਾ ਸ਼ੌਕ- ਕਿਸੇ ਨੇ ਤਿੰਨ ਮੰਜ਼ਿਲਾ ਘਰ ਬਣਾਇਆ ਤੇ...

ਪੰਜਾਬ ਵਿੱਚ ਕਬੂਤਰਬਾਜ਼ੀ ਦਾ ਸ਼ੌਕ- ਕਿਸੇ ਨੇ ਤਿੰਨ ਮੰਜ਼ਿਲਾ ਘਰ ਬਣਾਇਆ ਤੇ ਕਿਸੇ ਨੇ ਕਬੂਤਰਾਂ ਦੀ ਕਮਾਈ ਤੋਂ ਵਿਦੇਸ਼ ਪੜ੍ਹਨ ਭੇਜੇ ਬੱਚੇ

4
0

Source :- BBC PUNJABI

ਕਬੂਤਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀਆਂ ਚੋਣ ਪ੍ਰਚਾਰ ਰੈਲੀਆਂ ਦੌਰਾਨ ਪੰਜਾਬ ਵਿੱਚ ਮੁੜ ਤੋਂ ਕਬੂਤਰਬਾਜ਼ੀ ਦੇ ਮੁਕਾਬਲੇ ਸ਼ੁਰੂ ਕਰਨ ਦੀ ਗੱਲ ਆਖ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਨੁਮਾਇੰਦਿਆਂ ਨੇ ਵੀ ਕਈ ਵਾਰੀ ਕਬੂਤਰਬਾਜ਼ੀ ਦੇ ਮੁਕਾਬਲਿਆਂ ਦੀ ਹਮਾਇਤ ਕੀਤੀ ਹੈ। ਕਈ ਪੰਜਾਬੀ ਗੀਤਾਂ ਵਿੱਚ ਕਬੂਤਰਾਂ ਅਤੇ ਕਬੂਤਰਬਾਜ਼ੀਆਂ ਦਾ ਜ਼ਿਕਰ ਵੀ ਹੁੰਦਾ ਹੈ।

ਕਬੂਤਰਬਾਜ਼ੀ ਨੂੰ ਲੈ ਕੇ ਸਿਆਸਤਦਾਨਾਂ ਦੇ ਇਹ ਬਿਆਨ, ਵਾਅਦੇ ਅਤੇ ਗੀਤਾਂ ਦੇ ਬੋਲ ਪੰਜਾਬ ਵਿੱਚ ਕਬੂਤਰਾਂ ਨੂੰ ਪਾਲਣ ਦੇ ਸ਼ੌਕ ਦੇ ਪੱਧਰ ਨੂੰ ਦਰਸਾਉਂਦੇ ਹਨ।

ਕਿਸੇ ਨੇ ਕਬੂਤਰਾਂ ਨੂੰ ਰੱਖਣ ਵਾਸਤੇ ਬਹੁ ਮੰਜ਼ਿਲਾ ਘਰ ਬਣਾਇਆ ਹੋਇਆ ਹੈ ਅਤੇ ਕਿਸੇ ਵਾਸਤੇ ਇਹ ਸ਼ੌਕ ਆਮਦਨ ਦਾ ਸਾਧਨ ਵੀ ਬਣਿਆ ਹੈ। ਕਿਸੇ ਨੂੰ ਇਸ ਸ਼ੌਕ ਨਾਲ ਪਛਾਣ ਅਤੇ ਪ੍ਰਸਿੱਧੀ ਮਿਲੀ ਹੈ।

ਪੰਜਾਬ ਦੇ ਰਿਵਾਇਤੀ ਖੇਡ ਸੱਭਿਆਚਾਰ ਬਾਰੇ ਜਾਣਕਾਰੀ ਰੱਖਣ ਵਾਲਿਆਂ ਮੁਤਾਬਕ ਕਬੂਤਰਬਾਜ਼ੀ ਪੰਜਾਬ ਦੀਆਂ ਰਿਵਾਇਤੀ ਲੋਕ ਖੇਡਾਂ ਦਾ ਹਿੱਸਾ ਹਨ।

ਖ਼ਾਸ ਸ਼ੌਕ ਵਾਸਤੇ ਖ਼ਾਸ ਘਰ

ਸਿੱਧਵਾਂ ਪਿੰਡ ਦੇ ਰਹਿਣ ਵਾਲੇ ਗੁਲਜ਼ਾਰ ਅਲੀ ਪਿਛਲੇ ਕਈ ਸਾਲਾਂ ਤੋਂ ਕਬੂਤਰਾਂ ਨੂੰ ਪਾਲ ਰਹੇ ਹਨ। ਜਦੋਂ ਪੰਜਾਬ ਵਿੱਚ ਕਬੂਤਰਬਾਜ਼ੀ ਦੇ ਮੁਕਾਬਲਿਆਂ ਦੀ ਇਜਾਜ਼ਤ ਸੀ ਤਾਂ ਉਨ੍ਹਾਂ ਨੇ ਅਨੇਕਾਂ ਮੁਕਾਬਲੇ ਜਿੱਤੇ। ਇਸ ਨਾਲ ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚ ਪਛਾਣ ਮਿਲੀ।

ਕਬੂਤਰਾਂ ਦਾ ਸ਼ੋਕ ਰੱਖਣ ਵਾਲੇ ਉਨ੍ਹਾਂ ਨੂੰ ਗੁਲਜ਼ਾਰ ਸਿੱਧਵਾਂ ਦੇ ਨਾਮ ਨਾਲ ਜਾਣਦੇ ਹਨ। ਰੋਜ਼ਾਨਾ ਉਨ੍ਹਾਂ ਦੇ ਘਰ ਕਬੂਤਰਾਂ ਦੇ ਸ਼ੌਕੀਨ ਆਉਂਦੇ ਹਨ।

ਗੁਲਜ਼ਾਰ ਦਾ ਸਾਰਾ ਦਿਨ ਕਬੂਤਰਾਂ ਦੀ ਦੇਖਭਾਲ ਵਿੱਚ ਲੰਘਦਾ ਹੈ। ਕਬੂਤਰਾਂ ਦੇ ਰਹਿਣ ਵਾਸਤੇ ਉਨ੍ਹਾਂ ਨੇ ਬਹੁਮੰਜ਼ਿਲਾ ਘਰ ਬਣਾ ਰੱਖਿਆ ਹੈ ਜੋ ਉਸਦੇ ਆਪਣੇ ਖੁਦ ਦੇ ਘਰ ਤੋਂ ਵੀ ਵੱਡਾ ਹੈ। ਕਬੂਤਰਾਂ ਵਾਸਤੇ ਇਹ ਖ਼ਾਸ ਘਰ ਉਨ੍ਹਾਂ ਆਪਣੇ ਘਰ ਦੇ ਨਾਲ ਹੀ ਬਣਾਇਆ ਹੈ।

“ਆਪਣਾ ਘਰ ਮੇਰਾ ਦੋ ਮੰਜ਼ਿਲਾ ਹੈ ਪਰ ਮੈਂ ਕਬੂਤਰਾਂ ਵਾਸਤੇ ਤਿੰਨ ਮੰਜ਼ਿਲਾ ਘਰ ਬਣਾਇਆ ਹੈ। ਹੋ ਸਕਦਾ ਹੈ ਸ਼ਾਇਦ ਮੈਂ ਇੱਕ ਹੋਰ ਮੰਜ਼ਿਲ ਬਣਾ ਦੇਵਾਂ। ਮੈਂ ਚਾਹੁੰਦਾ ਹਾਂ ਕਿ ਕਬੂਤਰ ਖੁੱਲ੍ਹੇ ਫਿਰਨ। ਇਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ। ਕਿਉਂਕਿ ਮੇਰਾ ਕਬੂਤਰਾਂ ਨਾਲ ਬਹੁਤ ਪਿਆਰ ਹੈ। ਮੈਂ ਸਵੇਰੇ ਕਬੂਤਰਾਂ ਕੋਲ ਆ ਜਾਨਾਂ ਹਾਂ ਅਤੇ ਰਾਤ ਨੂੰ ਵਾਪਸ ਜਾਂਦਾ ਹਾਂ।”

ਗੁਲਜ਼ਾਰ ਸਿੱਧਵਾਂ

ਕਬੱਡੀ ਤੋਂ ਕਬੂਤਰਾਂ ਤੱਕ

ਗੁਲਜ਼ਾਰ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਨੂੰ ਕਬੱਡੀ ਖੇਡਣ ਦਾ੍ ਸ਼ੌਕ ਦਾ ਹੁੰਦਾ ਸੀ ਅਤੇ ਇਸ ਦੌਰਾਨ ਹੀ ਉਨ੍ਹਾਂ ਵਿੱਚ ਕਬੂਤਰ ਪਾਲਣ ਦਾ ਸ਼ੌਕ ਜਾਗਿਆ ਸੀ। ਮਗਰੋਂ ਉਸ ਨੇ ਕਬੱਡੀ ਛੱਡ ਦਿੱਤੀ ਅਤੇ ਸਿਰਫ਼ ਕਬੂਤਰਾਂ ਉੱਤੇ ਧਿਆਨ ਕੇਂਦਰਿਤ ਕਰ ਲਿਆ।

ਉਹ ਕਹਿੰਦੇ ਹਨ, “ਇਸ ਸ਼ੌਕ ਬਹਾਨੇ ਦੋਸਤ ਇਕੱਠੇ ਹੋ ਜਾਂਦੇ ਹਨ। ਮੈਂ 35 ਸਾਲਾਂ ਤੋਂ ਵੱਧ ਸਮੇਂ ਤੋਂ ਕਬੂਤਰ ਪਾਲ ਰਿਹਾ ਹਾਂ। ਪਹਿਲਾਂ ਮੈਂ ਕਬੱਡੀ ਖੇਡਦਾ ਹੁੰਦਾ ਸੀ ਪਰ ਹੁਣ ਸਿਰਫ਼ ਕਬੂਤਰਾਂ ਨਾਲ ਸਮਾਂ ਬਤੀਤ ਕਰਦਾ ਹਾਂ।”

ਗੁਲਜ਼ਾਰ ਦਾਅਵਾ ਕਰਦੇ ਹਨ, “ਸ਼ਾਇਦ ਹੀ ਪੰਜਾਬ ਦਾ ਕੋਈ ਅਜਿਹਾ ਪਿੰਡ ਹੋਵੇਗਾ, ਜਿਸ ਦੇ ਕਿਸੇ ਇੱਕ ਘਰ ਵਿੱਚ ਵੀ ਕਬੂਤਰ ਨਾ ਹੋਣ। ਮੇਰੇ ਆਪਣੇ ਪਿੰਡ ਦੇ ਬਹੁਤ ਘਰਾਂ ਨੇ ਕਬੂਤਰ ਰੱਖੇ ਹੋਏ ਹਨ।”

ਗੁਲਜ਼ਾਰ ਨੇ ਕਿਹਾ, “ਕਬੂਤਰਾਂ ਨੂੰ ਪਾਲਣ ਦਾ ਸ਼ੋਕ ਪੁਰਾਣਾ ਹੈ। ਲੋਕ ਪਹਿਲਾਂ ਚਿੱਠੀਆਂ ਪਹੁੰਚਾਉਣ ਲਈ ਕਬੂਤਰਾਂ ਦੀ ਵਰਤੋਂ ਕਰਦੇ ਸਨ।

ਗੁਲਜ਼ਾਰ ਸਿੱਧਵਾਂ

ਜੱਦੀ ਸ਼ੌਕ ਕਮਾਈ ਦਾ ਸਾਧਨ ਕਿਵੇਂ ਬਣਿਆ

ਹਿੱਸੋਵਾਲ ਪਿੰਡ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਕਹਿੰਦੇ ਹਨ ਕਿ ਕਬੂਤਰਾਂ ਨੂੰ ਪਾਲਣਾ ਉਨ੍ਹਾਂ ਦਾ ਜੱਦੀ ਸ਼ੌਕ ਹੈ। ਛੋਟੇ ਕਿਸਾਨ ਹੋਣ ਕਰਕੇ ਇਹ ਸ਼ੌਕ ਉਨ੍ਹਾਂ ਵਾਸਤੇ ਕਮਾਈ ਦਾ ਸਾਧਨ ਵੀ ਹੈ।

ਇਸ ਸ਼ੌਕ ਰਾਹੀਂ ਹੀ ਹਿੱਸੋਵਾਲ ਦਾ ਹਰਪ੍ਰੀਤ ਸਿੰਘ ਆਪਣੇ ਦੋ ਬੱਚਿਆਂ ਦੀ ਉਚੇਰੀ ਪੜ੍ਹਾਈ ਦਾ ਖਰਚਾ ਕਰ ਸਕਿਆ ਹੈ। ਹਰਪ੍ਰੀਤ ਕੋਲ ਢਾਈ ਏਕੜ ਜ਼ਮੀਨ ਹੈ। ਪਰ ਹੁਣ ਕਬੂਤਰਬਾਜ਼ੀ ਬੰਦ ਹੋਣ ਕਰਕੇ ਉਨ੍ਹਾਂ ਦੀ ਇਹ ਆਮਦਨ ਬੰਦ ਹੋ ਗਈ ਹੈ।

ਹਰਪ੍ਰੀਤ ਸਿੰਘ ਉਰਫ਼ ਹੈਪੀ ਹਿਸੋਵਾਲ ਕਹਿੰਦੇ ਹਨ, “ਜਦੋਂ ਪੰਜਾਬ ਵਿੱਚ ਕਬੂਤਰਾਂ ਦੀ ਬਾਜ਼ੀ ਹੁੰਦੀ ਸੀ ਤਾਂ ਉਨ੍ਹਾਂ ਨੂੰ ਵਿਆਹ ਵਰਗਾ ਚਾਹ ਹੁੰਦਾ ਸੀ। ਮੈਨੂੰ ਇਸ ਸ਼ੌਂਕ ਨੇ ਹੀ ਪੈਰਾਂ ਉੱਤੇ ਖੜ੍ਹਾ ਕੀਤਾ ਹੈ। ਨਹੀਂ ਤਾਂ ਦੋ-ਢਾਈ ਏਕੜ ਜ਼ਮੀਨ ਨਾਲ ਕਿੱਥੇ ਗੁਜ਼ਾਰਾ ਹੁੰਦਾ ਹੈ।”

“ਮੇਰੇ ਧੀ ਅਤੇ ਪੁੱਤ ਦੀ ਪੜ੍ਹਾਈ ਦੀ ਖਰਚਾ ਕਬੂਤਰਾਂ ਦੇ ਸਿਰ ਉੱਤੇ ਹੀ ਹੋਇਆ ਹੈ। ਕਬੂਤਰਾਂ ਦੀ ਕਮਾਈ ਤੋਂ ਹੀ ਉਹ ਵਿਦੇਸ਼ ਪੜ੍ਹਨ ਗਏ ਹਨ।”

“ਕਬੂਤਰਾਂ ਦਾ ਸ਼ੌਕ ਮੈਨੂੰ ਆਪਣੇ ਪਰਿਵਾਰ ਤੋਂ ਮਿਲਿਆ ਹੈ। ਪਹਿਲਾਂ ਮੇਰੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਕਬੂਤਰ ਰੱਖੇ ਹੁੰਦੇ ਸਨ। ਪਰ ਹੁਣ ਸਿਰਫ਼ ਮੇਰੇ ਕੋਲ ਹੀ ਕਬੂਤਰ ਹਨ।”

ਹਰਪ੍ਰੀਤ ਮੁਤਾਬਕ ਉਹ ਕਬੂਤਰਾਂ ਦੀ ਖੁਰਾਕ ਦਾ ਵੀ ਖ਼ਾਸ ਧਿਆਨ ਰੱਖਦਾ ਹੈ। ਖੁਰਾਕ ਲਈ ਉਹ ਕਬੂਤਰਾਂ ਨੂੰ ਬਦਾਮ, ਕਣਕ, ਛੋਲੇ ਅਤੇ ਸਰੋਂ ਦਿੰਦਾ ਹੈ।

ਕਬੂਤਰਬਾਜ਼ੀ

ਰਿਵਾਇਤੀ ਲੋਕ ਖੇਡ

ਪੰਜਾਬ ਦੇ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਬੂਤਰਬਾਜ਼ੀ ਪੰਜਾਬ ਦੀਆਂ ਰਿਵਾਇਤੀ ਲੋਕ ਖੇਡਾਂ ਦਾ ਹਿੱਸਾ ਹੈ। ਇਸ ਕਰਕੇ ਲੋਕਾਂ ਵਿੱਚ ਕਬੂਤਰਾਂ ਨੂੰ ਪਾਲਣ ਦਾ ਸ਼ੌਕ ਪਿਆ ਸੀ।

ਉਹ ਕਹਿੰਦੇ ਹਨ ਕਿ ਕਬੂਤਰਾਂ ਨੂੰ ਪਾਲ ਕੇ ਲੋਕਾਂ ਨੇ ਅੱਜ ਵੀ ਇਹ ਸ਼ੌਕ ਜਿਊਂਦਾ ਰੱਖਿਆ ਹੋਇਆ ਹੈ।

ਕਬੂਤਰ

ਪੇਟਾ ਨੇ ਕਿੰਨੇ ਮੁਕਾਬਲੇ ਬੰਦ ਕਰਵਾਏ

ਪੀਪਲ ਫਾਰ ਦ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਜ਼ (ਪੇਟਾ) ਇੰਡੀਆ ਮੁਤਾਬਕ ਸਿਰਫ਼ ਸਾਲ 2025 ਵਿੱਚ ਹੀ ਉਨ੍ਹਾਂ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਬੂਤਰਬਾਜ਼ੀ ਦੇ 47 ਮੁਕਾਬਲੇ ਰੁਕਵਾਏ ਸੀ।

ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ (ਪੀਸੀਏ) ਐਕਟ, 1960 ਦੇ ਤਹਿਤ ਕਬੂਤਰਬਾਜ਼ੀ ਉੱਤੇ ਪਾਬੰਦੀ ਹੈ।

ਮੀਤ ਅਸ਼ਰ, ਕਾਨੂੰਨੀ ਸਲਾਹਕਾਰ ਅਤੇ ਕਰੂਐਲਟੀ ਰਿਸਪਾਂਸ ਦੇ ਨਿਰਦੇਸ਼ਕ, ਪੇਟਾ ਇੰਡੀਆ ਨੇ ਕਿਹਾ, “ਸੁਪਰੀਮ ਕੋਰਟ ਨੇ ਸਾਲ 2014 ਵਿੱਚ ਜਾਨਵਰਾਂ ਦੀਆਂ ਸਾਰੀਆਂ ਦੀਆਂ ਦੌੜਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ। ਕਬੂਤਰਾਂ ਦੀਆਂ ਦੌੜਾਂ ਨੂੰ ਕਬੂਤਰਬਾਜ਼ੀ ਕਿਹਾ ਜਾਂਦਾ ਹੈ।”

“ਇਸ ਲਈ ਇਸ ਫ਼ੈਸਲੇ ਨਾਲ ਕਬੂਤਰਬਾਜ਼ੀ ਉੱਤੇ ਵੀ ਪਾਬੰਦੀ ਲੱਗ ਗਈ ਸੀ। ਹਾਲਾਂਕਿ ਕਈ ਜਗ੍ਹਾ ਉੱਤੇ ਪਾਬੰਦੀ ਦੇ ਬਾਵਜੂਦ ਵੀ ਕਬੂਤਰਬਾਜ਼ੀ ਹੁੰਦੀ ਰਹੀ। ਪਰ ਅਸੀਂ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਇਹ ਮੁਕਾਬਲੇ ਬੰਦ ਕਰਵਾਉਂਦੇ ਰਹੇ।”

ਕਬੂਤਰ

ਅਧਿਕਾਰੀਆਂ ਨੇ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਨੇ ਕਈ ਵਾਰੀ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਕਬੂਤਰਬਾਜ਼ੀ ਦੇ ਮੁਕਾਬਲਿਆਂ ਦੀ ਇਜਾਜ਼ਤ ਹੈ। ਹਾਲਾਂਕਿ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਸਬੰਧੀ ਅਜੇ ਤੱਕ ਕੋਈ ਵੀ ਨੋਟੀਫ਼ਿਕੇਸ਼ਨ ਜਾਂ ਹੁਕਮ ਜਾਰੀ ਨਹੀਂ ਹੋਇਆ।

ਵਿਭਾਗ ਮੁਤਾਬਕ ਪੰਜਾਬ ਵਿੱਚ ਫਿਲਹਾਲ ਕਬੂਤਰਬਾਜ਼ੀ ਦੇ ਮੁਕਾਬਲਿਆਂ ਦੀ ਆਗਿਆ ਨਹੀਂ ਹੈ। ਪਰ ਪੰਜਾਬ ਸਰਕਾਰ ਨੇ ਇਹ ਮੁਕਾਬਲਾ ਕਰਵਾਉਣ ਵਾਸਤੇ ਇੱਕ ਬਿੱਲ ਪਾਸ ਕਰਕੇ ਆਖਰੀ ਪ੍ਰਵਾਨਗੀ ਲਈ ਰਾਸ਼ਟਰਪਤੀ ਨੂੰ ਭੇਜਿਆ ਹੋਇਆ ਹੈ।

ਵਿਭਾਗ ਦੇ ਲੁਧਿਆਣਾ ਤੋਂ ਡਿਪਟੀ ਡਾਇਰੈਕਟਰ ਅਮਰੀਕ ਸਿੰਘ ਕਹਿੰਦੇ ਹਨ, “ਫਿਲਹਾਲ ਪੰਜਾਬ ਵਿੱਚ ਕਬੂਤਰਬਾਜ਼ੀ ਦੇ ਮੁਕਾਬਲਿਆਂ ਦੀ ਇਜਾਜ਼ਤ ਨਹੀਂ ਹੈ। ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ (ਪੀਸੀਏ) ਐਕਟ, 1960 ਦੇ ਤਹਿਤ ਕਬੂਤਰਬਾਜ਼ੀ ਦੇ ਮੁਕਾਬਲਿਆਂ ਉੱਤੇ ਪਾਬੰਦੀ ਹੈ।”

“ਪੰਜਾਬ ਸਰਕਾਰ ਨੇ ਇਹ ਮੁਕਾਬਲੇ ਕਰਵਾਉਣ ਵਾਸਤੇ ਬਿੱਲ ਪਾਸ ਕਰਕੇ ਆਖ਼ਰੀ ਪ੍ਰਵਾਨਗੀ ਵਾਸਤੇ ਰਾਸ਼ਟਰਪਤੀ ਨੂੰ ਭੇਜਿਆ ਹੋਇਆ ਹੈ। ਜਦੋਂ ਇਹ ਪ੍ਰਵਾਨਗੀ ਮਿਲ ਜਾਵੇਗੀ ਤਾਂ ਮੁਕਾਬਲੇ ਸ਼ੁਰੂ ਹੋ ਸਕਣਗੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI