Source :- BBC PUNJABI

ਜਰਮਨੀ ਇਸ ਵੇਲੇ ਹੁਨਰਮੰਦ ਕਾਮਿਆਂ ਦੀ ਘਾਟ ਨਾਲ ਜੂਝ ਰਿਹਾ ਹੈ, ਕਿਉਂਕਿ ਬਜ਼ੁਰਗ ਮੁਲਾਜ਼ਮ ਰਿਟਾਇਰ ਹੋ ਰਹੇ ਹਨ ਅਤੇ ਉਨ੍ਹਾਂ ਦੀ ਥਾਂ ਭਰਨ ਲਈ ਨੌਜਵਾਨ ਉਮੀਦਵਾਰਾਂ ਦੀ ਕਮੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਜਰਮਨੀ ਹੁਣ ਵੱਡੀ ਗਿਣਤੀ ‘ਚ ਭਾਰਤੀ ਕਾਮਿਆਂ ਨੂੰ ਸੱਦ ਰਿਹਾ ਹੈ।
ਹੈਂਡਿਰਕ ਵਾਨ ਉਂਗਰਨ-ਸਟਰਨਬਰਗ ਨੂੰ ਫ਼ਰਵਰੀ 2021 ਵਿੱਚ ਇੱਕ ਮੇਲ ਆਈ। ਇਹ ਮੇਲ ਭਾਰਤ ਤੋਂ ਆਈ ਸੀ।
ਮੇਲ ‘ਚ ਲਿਖਿਆ ਸੀ, “ਸਾਡੇ ਕੋਲ ਬਹੁਤ ਸਾਰੇ ਅਜਿਹੇ ਨੌਜਵਾਨ ਹਨ ਜੋ ਵੋਕੇਸ਼ਨਲ ਟ੍ਰੇਨਿੰਗ ਲੱਭ ਰਹੇ ਹਨ। ਕੀ ਤੁਸੀਂ ਦਿਲਚਸਪੀ ਰੱਖਦੇ ਹੋ?”
ਉਸ ਸਮੇਂ ਵਾਨ ਉਂਗਰਨ-ਸਟਰਨਬਰਗ ਦੱਖਣ-ਪੱਛਮੀ ਜਰਮਨੀ ਵਿੱਚ ਫ੍ਰਾਈਬੁਰਗ ਚੈਂਬਰ ਆਫ ਸਕਿਲਡ ਕ੍ਰਾਫਟਸ ਵਿੱਚ ਕੰਮ ਕਰ ਰਹੇ ਸਨ ਜੋ ਮਿਸਤਰੀਆਂ, ਤਰਖਾਨਾਂ, ਕਸਾਈਆਂ ਅਤੇ ਬੇਕਰਸ ਵਰਗੇ ਹੁਨਰਮੰਦ ਕਾਮਿਆਂ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਵਾਲੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਦਾ ਸੀ।
ਇਹ ਈਮੇਲ ਬਿਲਕੁਲ ਸਹੀ ਸਮੇਂ ‘ਤੇ ਆਈ ਸੀ।
ਵਾਨ ਉਂਗਰਨ-ਸਟਰਨਬਰਗ ਕਹਿੰਦੇ ਹਨ, “ਸਾਡੇ ਕੋਲ ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਅਤੇ ਲੋਕ ਸਨ, ਜਿਨ੍ਹਾਂ ਨੂੰ ਕੰਮ ਕਰਨ ਲਈ ਕਾਮੇ ਨਹੀਂ ਮਿਲ ਰਹੇ ਸਨ। ਇਸ ਲਈ ਅਸੀਂ ਸੋਚਿਆ ਕਿ ਕਿਉਂ ਨਾ ਇਸ ਈਮੇਲ ‘ਤੇ ਗੌਰ ਕੀਤਾ ਜਾਵੇ।”
ਜਰਮਨੀ ਲਈ ਸੁੱਖ ਦਾ ਸਾਹ ਬਣੇ ਭਾਰਤੀ ਕਾਮੇ
ਉਨ੍ਹਾਂ ਦੀ ਪਹਿਲੀ ਕਾਲ ਸਥਾਨਕ ਕਸਾਈ ਯੂਨੀਅਨ ਦੇ ਮੁਖੀ ਨੂੰ ਗਈ, ਕਿਉਂਕਿ ਜਰਮਨੀ ਭਰ ਵਿੱਚ ਕਸਾਈਆਂ ਨੂੰ ਖਾਸ ਤੌਰ ‘ਤੇ ਬਹੁਤ ਮੁਸ਼ਕਿਲ ਆ ਰਹੀ ਸੀ। ਇਸ ਖੇਤਰ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਸੀ।
2002 ‘ਚ ਜਿੱਥੇ ਇਸ ਖੇਤਰ ਨਾਲ ਕਰੀਬ 19 ਹਜ਼ਾਰ ਛੋਟੇ-ਛੋਟੇ ਕਾਰੋਬਾਰੀ ਜੁੜੇ ਸਨ, 2021 ਤੱਕ ਇਨ੍ਹਾਂ ਦੀ ਗਿਣਤੀ 11 ਹਜ਼ਾਰ ਤੋਂ ਵੀ ਘੱਟ ਰਹਿ ਗਈ ਸੀ। ਇਸ ਖੇਤਰ ਨਾਲ ਜੁੜਿਆ ਕੰਮ ਸਿਖਾਉਣ ਲਈ ਨੌਜਵਾਨਾਂ ਨੂੰ ਲੱਭਣਾ ਕਾਰੋਬਾਰੀਆਂ ਲਈ ਲਗਭਗ ਨਾਮੁਮਕਿਨ ਹੋ ਗਿਆ ਸੀ।
ਕਸਾਈ ਯੂਨੀਅਨ ਦੇ ਮੁਖੀ ਯੋਆਖਿਮ ਲੇਡਰਰ ਕਹਿੰਦੇ ਹਨ, “ਕਸਾਈ ਦਾ ਕੰਮ ਕਾਫੀ ਮਸ਼ੱਕਤ ਭਰਿਆ ਹੁੰਦਾ ਹੈ। ਪਿਛਲੇ ਕਰੀਬ 25 ਸਾਲਾਂ ਤੋਂ ਨੌਜਵਾਨ ਹੋਰਨਾਂ ਖੇਤਰਾਂ ਵੱਲ ਮੁੜ ਗਏ ਹਨ।”
ਦੂਜੇ ਪਾਸੇ ਭਾਰਤ ਦੀ ਮੈਜਿਕ ਬਿਲੀਅਨ ਰੁਜ਼ਗਾਰ ਏਜੰਸੀ, ਜਿਸ ਨੇ ਸ਼ੁਰੂਆਤੀ ਮੇਲ ਭੇਜੀ ਸੀ, ਉਸ ਵੱਲੋਂ 13 ਅਜਿਹੇ ਨੌਜਵਾਨ ਵੀ ਲੱਭ ਲਏ ਗਏ ਜੋ 2022 ਦੀ ਪਤਝੜ ਰੁੱਤ ‘ਚ ਜਰਮਨੀ ਆਏ ਅਤੇ ਸਵਿਟਜ਼ਰਲੈਂਡ ਨਾਲ ਲੱਗਦੇ ਛੋਟੇ ਕਸਬਿਆਂ ‘ਚ ਪੜਾਈ ਦੇ ਨਾਲ-ਨਾਲ ਕਸਾਈ ਦੀ ਸਿਖਲਾਈ ਹਾਸਲ ਕਰਨੀ ਸ਼ੁਰੂ ਕਰ ਕੀਤੀ।
ਉਨ੍ਹਾਂ ਵਿੱਚੋਂ ਇੱਕ 21 ਸਾਲ ਦੀ ਭਾਰਤੀ ਲੜਕੀ ਵੀ ਸੀ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ। ਹੋਰਨਾਂ ਵਾਂਗ ਉਸਨੇ ਵੀ ਪਹਿਲੀ ਵਾਰ ਭਾਰਤ ਤੋਂ ਬਾਹਰ ਕਦਮ ਰੱਖਿਆ ਸੀ।
ਆਪਣੇ ਉਤਸ਼ਾਹ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, “ਮੈਂ ਦੁਨੀਆ ਦੇਖਣਾ ਚਾਹੁੰਦੀ ਸੀ। ਮੈਂ ਆਪਣੇ ਜੀਵਨ ਦਾ ਮਿਆਰ ਬਿਹਤਰ ਕਰਨਾ ਚਾਹੁੰਦੀ ਸੀ। ਮੈਂ ਆਪਣੇ ਲਈ ਚੰਗੀ ਸਮਾਜਿਕ ਸੁਰੱਖਿਆ ਕਾਇਮ ਕਰਨਾ ਚਾਹੁੰਦੀ ਸੀ।”
ਉਹ ਦੱਖਣ-ਪੱਛਮੀ ਜਰਮਨੀ ਦੇ ਦੁਰੇਡੇ ਇਲਾਕੇ ਵਾਇਲ ਐਮ ਰਾਈਨ ‘ਚ ਕੰਮ ਕਰਨ ਆਈ। ਇਹ ਇਲਾਕਾ ਸਵਿਟਜ਼ਰਲੈਂਡ ਅਤੇ ਫਰਾਂਸ ਦੀਆਂ ਸਰਹੱਦਾਂ ਨਾਲ ਲੱਗਦਾ ਸੀ।
ਤਿੰਨ ਸਾਲਾਂ ਬਾਅਦ ਬਹੁਤ ਕੁਝ ਬਦਲ ਗਿਆ। ਵਾਨ ਉਂਗਰਨ-ਸਟਰਨਬਰਗ ਹੁਣ ਉਸ ਚੈਂਬਰ ਵਿੱਚ ਕੰਮ ਨਹੀਂ ਕਰਦੇ। ਹੁਣ ਉਨ੍ਹਾਂ ਨੇ ਮੈਜਿਕ ਬਿਲੀਅਨ ਕੰਪਨੀ ਦੀ ਅਦਿਤੀ ਬੈਨਰਜੀ ਨਾਲ ਮਿਲਕੇ ਇੰਡੀਆ ਵਰਕਸ ਦੇ ਨਾਂਅ ਨਾਲ ਆਪਣੀ ਰੁਜ਼ਗਾਰ ਏਜੰਸੀ ਖੋਲ੍ਹ ਲਈ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਭਾਰਤੀ ਕਾਮਿਆਂ ਨੂੰ ਜਰਮਨੀ ਭੇਜਣ ‘ਚ ਮਦਦ ਕਰਨ ਸਕਣ।
ਹੁਣ ਜਰਮਨੀ ਦੀਆਂ ਕਸਾਈ ਦੀਆਂ ਦੁਕਾਨਾਂ ‘ਤੇ ਸ਼ੁਰੂਆਤੀ 13 ਭਾਰਤੀ ਨੌਜਵਾਨਾਂ ਦੀ ਗਿਣਤੀ ਵੱਧ ਕੇ ਹੁਣ 200 ਤੱਕ ਪਹੁੰਚ ਗਈ ਹੈ।
ਬੇਬੀ ਬੂਮਰਾਂ ਦੀ ਥਾਂ ਲੈਣ ਲਈ ਨੌਜਵਾਨਾਂ ਦੀ ਘਾਟ

ਜਰਮਨੀ ਜਨਸੰਖਿਆ ਸਬੰਧੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। 2024 ‘ਚ ਹੋਏ ਇੱਕ ਅਧਿਐਨ ਮੁਤਾਬਕ ਜਰਮਨੀ ਦੇ ਅਰਥਚਾਰੇ ਨੂੰ ਹਰ ਸਾਲ 2,88,000 ਵਿਦੇਸ਼ੀ ਕਾਮਿਆਂ ਦੀ ਲੋੜ ਹੈ। ਬਰਟੇਲਸਮਨ ਫਾਊਂਡੇਸ਼ਨ ਥਿੰਕ ਟੈਂਕ ਦੀ ਰਿਪੋਰਟ ਮੁਤਾਬਕ, ਅਜਿਹਾ ਨਾ ਹੋਣ ‘ਤੇ 2040 ਤੱਕ ਜਰਮਨੀ ‘ਚ ਕਾਮਿਆਂ ਦੀ ਗਿਣਤੀ 10 ਫੀਸਦ ਤੱਕ ਘੱਟ ਜਾਵੇਗੀ।
ਜਨਮ ਦਰ ਘੱਟ ਹੋਣ ਕਾਰਨ ਬੇਬੀ ਬੂਮਰ ਪੀੜ੍ਹੀ ਦੇ ਰਿਟਾਇਰ ਹੋਣ ‘ਤੇ ਉਨ੍ਹਾਂ ਦੀ ਥਾਂ ਲੈਣ ਲਈ ਨੌਜਵਾਨ ਕਾਮਿਆਂ ਦੀ ਕਮੀ ਹੈ। ਹਾਲਾਂਕਿ ਭਾਰਤ ‘ਚ ਨੌਜਵਾਨਾਂ ਦੀ ਵੱਡੀ ਆਬਾਦੀ ਹੈ।
ਅਦਿਤੀ ਬੈਨਰਜੀ ਕਹਿੰਦੇ ਹਨ, “ਭਾਰਤ ਵਿੱਚ 25 ਸਾਲ ਤੋਂ ਘੱਟ ਉਮਰ ਦੇ ਕਰੀਬ 60 ਕਰੋੜ ਲੋਕ ਹਨ ਪਰ ਹਰ ਸਾਲ ਸਿਰਫ਼ 1.2 ਕਰੋੜ ਹੀ ਵਰਕਫੋਰਸ ਵਿੱਚ ਦਾਖ਼ਲ ਹੁੰਦੇ ਹਨ। ਇਸ ਲਈ ਇੱਥੇ ਕਾਮੇ ਵੱਡੀ ਗਿਣਤੀ ‘ਚ ਉਪਲਬਧ ਹਨ।”
ਇਸ ਸਾਲ ਇੰਡੀਆ ਵਰਕਸ ਕੰਪਨੀ, 775 ਨੌਜਵਾਨ ਭਾਰਤੀਆਂ ਨੂੰ ਸਿਖਲਾਈ ਦੇਣ ਦੇ ਉਦੇਸ਼ ਨਾਲ ਜਰਮਨੀ ਭੇਜਣ ਦੀ ਤਿਆਰੀ ਕਰ ਰਹੀ ਹੈ। ਜਿਹੜੇ ਖੇਤਰਾਂ ‘ਚ ਉਹ ਟ੍ਰੇਨਿੰਗ ਲੈਣਗੇ, ਉਸਦੀ ਰੇਂਜ ਬਹੁਤ ਵੱਧ ਹੈ। ਸੜਕ ਬਣਾਉਣ ਤੋਂ ਲੈਕੇ ਮੈਕੇਨਿਕ, ਮਿਸਤਰੀ ਅਤੇ ਬੇਕਰ ਤੱਕ।

2022 ਵਿੱਚ ਭਾਰਤ ਅਤੇ ਜਰਮਨੀ ਵਿਚਾਲੇ ਮਾਈਗ੍ਰੇਸ਼ਨ ਐਂਡ ਮੋਬਿਲਟੀ ਪਾਰਟਨਰਸ਼ਿਪ ਸਮਝੌਤਾ ਸਾਈਨ ਹੋਣ ਤੋਂ ਬਾਅਦ ਭਾਰਤੀ ਕਾਮਿਆਂ ਲਈ ਜਰਮਨੀ ਆ ਕੇ ਕੰਮ ਕਰਨਾ ਆਸਾਨ ਹੋ ਗਿਆ ਹੈ। 2024 ਦੇ ਅੰਤ ਵਿੱਚ ਜਰਮਨੀ ਨੇ ਐਲਾਨ ਕੀਤਾ ਕਿ ਉਹ ਭਾਰਤੀਆਂ ਲਈ ਸਕਿਲਡ ਵਰਕ ਵੀਜ਼ਾ ਕੋਟਾ ਪ੍ਰਤੀ ਸਾਲ 20,000 ਤੋਂ ਵਧਾ ਕੇ 90,000 ਕਰ ਦੇਵੇਗਾ।
ਜਰਮਨੀ ਦੇ ਸਰਕਾਰੀ ਅੰਕਰਿਆਂ ਮੁਤਾਬਕ 2015 ‘ਚ 23,320 ਭਾਰਤੀ ਕਾਮਿਆਂ ਦੇ ਮੁਕਾਬਲੇ ਸਾਲ 2024 ‘ਚ ਇਨ੍ਹਾਂ ਦੀ ਗਿਣਤੀ ਵੱਧ ਕੇ 1,36,670 ਹੋ ਗਈ ਸੀ।
ਭਾਰਤ ਕੋਲ ਨੌਜਵਾਨ, ਜਰਮਨੀ ਕੋਲ ਨੌਕਰੀਆਂ
ਤਸਵੀਰ ਸਰੋਤ, AFP via Getty Images
ਜਰਮਨੀ ਵਿੱਚ ਕੰਮ ਕਰਨ ਵਾਲੇ ਭਾਰਤੀ ਨੌਜਵਾਨਾਂ ਦੇ ਕਾਰਨ ਇੱਕੋ ਜਿਹੇ ਹਨ—ਭਾਰਤ ਵਿੱਚ ਨੌਕਰੀਆਂ ਦੀ ਘਾਟ, ਯੂਰਪ ਵਿੱਚ ਵੱਧ ਤਨਖ਼ਾਹ ਅਤੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਕਰਨ ਦੀ ਖ਼ਾਹਿਸ਼।
ਉਦਾਹਰਣ ਵਜੋਂ, 20 ਸਾਲਾ ਈਸ਼ੂ ਗਾਰੀਆ, ਜੋ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਕੰਪਿਊਟਰ ਨਾਲ ਜੁੜੇ ਖੇਤਰ ‘ਚ ਯੂਨੀਵਰਸਿਟੀ ਡਿਗਰੀ ਹਾਸਲ ਕਰਨ ਅਤੇ ਫਿਰ ਨੌਕਰੀ ਕਰਨ ਬਾਰੇ ਵਿਚਾਰ ਕਰ ਰਹੇ ਸਨ।
ਉਹ ਕਹਿੰਦੇ ਹਨ, “ਪਰ ਮੈਂ ਡਿਗਰੀ ‘ਤੇ ਪੈਸੇ ਖਰਚਣ ਤੋਂ ਬਾਅਦ ਘੱਟ ਵਾਲੀ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ।”
ਇਸ ਲਈ ਉਸ ਨੇ ਦਿੱਲੀ ਛੱਡ ਜਰਮਨੀ ਦੇ ਬਲੈਕ ਫਾਰੈਸਟ ਸਥਿਤ ਇੱਕ ਛੋਟੇ ਜਿਹੇ ਪਿੰਡ ‘ਚ ਜਾਣ ਦਾ ਫੈਸਲਾ ਲਿਆ ਜਿੱਥੇ ਉਹ ਇੱਕ ਬੇਕਰ ਵੱਜੋਂ ਸਿਖਲਾਈ ਹਾਸਲ ਕਰ ਰਹੇ ਹਨ।
ਉਨ੍ਹਾਂ ਦੀ ਸ਼ਿਫਟ ਸਵੇਰੇ ਤਿੰਨ ਵਜੇ ਤੱਕ ਖਤਮ ਨਹੀਂ ਹੁੰਦੀ ਅਤੇ ਜਰਮਨੀ ਦੀ ਠੰਡ ਤੋਂ ਖੁਦ ਨੂੰ ਬਚਾਉਣ ਲਈ ਉਹ ਹਮੇਸ਼ਾ ਜੈਕਟ ਪਾਈ ਰੱਖਦੇ ਹਨ ਪਰ ਖੁਸ਼ ਹਨ।
ਉਹ ਕਹਿੰਦੇ ਹਨ, “ਸਾਨੂੰ ਇੱਥੇ ਚੰਗੀਆਂ ਤਨਖਾਹਾਂ ਮਿਲਦੀਆਂ ਹਨ। ਇਸ ਲਈ ਮੈਂ ਆਪਣੇ ਪਰਿਵਾਰ ਦੀ ਵਿੱਤੀ ਤੌਰ ‘ਤੇ ਮਦਦ ਕਰ ਸਕਦਾ ਹਾਂ।”
ਨਾਲ ਹੀ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਜਰਮਨੀ ਦੀ ਸਾਫ-ਸੁਥਰੀ ਹਵਾ ਨਾਲ ਪਿਆਰ ਹੈ।

ਹੈਦਰਾਬਾਦ ਤੋਂ ਜਰਮਨੀ ਆਏ 25 ਸਾਲ ਦੇ ਅਜੇ ਕੁਮਾਰ ਚੰਦਾਪਾਕਾ ਜੋ ਕਿ ਸਪੇਡੀਸ਼ਨ ਡੋਲਡ ਨਾਂਅ ਦੀ ਟਰਾਂਸਪੋਰਟ ਕੰਪਨੀ ਨਾਲ ਜੁੜ ਗਏ ਜੋ ਕਿ ਫ੍ਰਾਇਨਬੁਰਗ ਸ਼ਹਿਰ ਤੋਂ ਦੂਰ ਇੱਕ ਪਿੰਡ ‘ਚ ਸਥਿਤ ਹੈ। ਉਨ੍ਹਾਂ ਨੇ ਮਕੈਨੀਕਲ ਇੰਜੀਨਿਅਰਿੰਗ ‘ਚ ਬੈਚਲਰ ਡਿਗਰੀ ਹਾਸਲ ਕੀਤੀ ਹੋਈ ਹੈ।
ਉਹ ਕਹਿੰਦੇ ਹਨ, “ਮੇਰੇ ਲਈ ਭਾਰਤ ‘ਚ ਨੌਕਰੀ ਲੱਭਣਾ ਬਹੁਤ ਮੁਸ਼ਕਿਲ ਸੀ। ਇਸ ਲਈ ਮੈਂ ਸੋਚਿਆ ਕਿ ਜਰਮਨੀ ‘ਚ ਸਿਖਲਾਈ ਕਰਨਾ ਇੱਕ ਬਿਹਤਰ ਵਿਕਲਪ ਹੈ।”

ਲੇਡਰਰ, ਜਿਨ੍ਹਾਂ ਨੇ ਸ਼ੁਰੂਆਤੀ ਸਮੂਹ ਵਿੱਚੋਂ ਦੋ ਲੋਕਾਂ ਨੂੰ ਰੱਖਿਆ ਸੀ, ਹੁਣ ਉਨ੍ਹਾਂ ਕੋਲ ਸੱਤ ਭਾਰਤੀ ਨੌਜਵਾਨ ਕੰਮ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਨਵੇਂ ਕਾਮਿਆਂ ਨੇ ਉਨ੍ਹਾਂ ਦਾ ਕਾਰੋਬਾਰ ਬਚਾ ਲਿਆ ਹੈ।
ਉਹ ਕਹਿੰਦੇ ਹਨ, “ਜਦੋਂ ਮੈਂ 35 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਤਾਂ 10 ਕਿਲੋਮੀਟਰ ਦੇ ਘੇਰੇ ‘ਚ ਮੇਰੇ ਵਰਗੀਆਂ ਅੱਠ ਦੁਕਾਨਾਂ ਸਨ। ਹੁਣ ਸਿਰਫ਼ ਮੈਂ ਹੀ ਬਚਿਆ ਹਾਂ। ਭਾਰਤ ਤੋਂ ਬਿਨਾਂ ਮੈਂ ਅੱਜ ਇਸ ਕਾਰੋਬਾਰ ਵਿੱਚ ਨਹੀਂ ਹੁੰਦਾ।”
ਵਾਇਲ ਐਮ ਰਾਇਨ ਦੇ ਟਾਊਨ ਹਾਲ ਵਿੱਚ, ਮੇਅਰ ਡਾਇਨਾ ਸਟੋਕਰ, ਜੋ ਕਿ ਕੰਜ਼ਰਵੇਟਿਵ ਕ੍ਰਿਸਚਨ ਡੈਮੋਕ੍ਰੈਟਿਕ ਯੂਨੀਅਨ ਆਫ ਜਰਮਨੀ ਪਾਰਟੀ ਨਾਲ ਸੰਬੰਧਿਤ ਹਨ, ਵੀ ਹੁਣ ਭਾਰਤ ਤੋਂ ਕਰਮਚਾਰੀ ਭਰਤੀ ਕਰਨ ਵਾਲੇ ਹਨ।
ਨਗਰ ਪਾਲਿਕਾ ਨੇ ਦੋ ਅਜਿਹੇ ਨੌਜਵਾਨਾਂ ਦੀ ਪਛਾਣ ਕੀਤੀ ਹੈ ਜੋ ਇਸ ਸਾਲ ਦੇ ਅੰਤ ਤੱਕ ਜਰਮਨੀ ਆ ਕੇ ਕਿੰਡਰਗਾਰਟਨ ਅਧਿਆਪਕਾਂ ਵਜੋਂ ਕੰਮ ਕਰਨਗੇ।
ਉਹ ਕਹਿੰਦੇ ਹਨ, “ਅਸੀਂ ਪੂਰੇ ਜਰਮਨੀ ਵਿੱਚ ਅਧਿਆਪਕ ਲੱਭ ਰਹੇ ਹਾਂ ਪਰ ਉਨ੍ਹਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਹੈ।”
ਸਟੋਕਰ, ਜੋ ਪਹਿਲਾਂ ਜਰਮਨ ਬੁੰਡੇਸਟੈਗ ਦੇ ਮੈਂਬਰ ਰਹਿ ਚੁੱਕੇ ਹਨ, 2024 ‘ਚ ਮੇਅਰ ਚੁਣੇ ਗਏ ਸਨ। ਉਹ ਮੰਨਦੇ ਹਨ ਕਿ ਜਰਮਨੀ ਵਿੱਚ ਹਰ ਖੇਤਰ ਵਿੱਚ ਹੁਨਰਮੰਦ ਨੌਜਵਾਨਾਂ ਨੂੰ ਲੱਭਣਾ ਮੁਸ਼ਕਿਲ ਹੈ ਅਤੇ ਇਸਦਾ ਇੱਕੋ ਹੱਲ ਹੈ।
“ਸਾਨੂੰ ਵਿਦੇਸ਼ਾਂ ਵੱਲ ਰੁਖ਼ ਕਰਨਾ ਪਵੇਗਾ। ਹੁਣ ਇਹੀ ਇਕਲੌਤਾ ਬਦਲ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



