Home ਰਾਸ਼ਟਰੀ ਖ਼ਬਰਾਂ ਕੀ ਈਰਾਨ ਦੀਆਂ ਮਿਜ਼ਾਇਲਾਂ ਯੂਰਪ ਤੱਕ ਪਹੁੰਚ ਸਕਦੀਆਂ ਹਨ, ਈਰਾਨ ਦੇ ਮਿਜ਼ਾਇਲ...

ਕੀ ਈਰਾਨ ਦੀਆਂ ਮਿਜ਼ਾਇਲਾਂ ਯੂਰਪ ਤੱਕ ਪਹੁੰਚ ਸਕਦੀਆਂ ਹਨ, ਈਰਾਨ ਦੇ ਮਿਜ਼ਾਇਲ ਪ੍ਰੋਗਰਾਮ ਬਾਰੇ ਕੀ ਪਤਾ ਹੈ

5
0

Source :- BBC PUNJABI

ਈਰਾਨ ਤੋਂ ਦਾਗੀ ਗਈ ਮਿਜ਼ਾਇਲ ਦੀ ਤਸਵੀਰ

ਤਸਵੀਰ ਸਰੋਤ, Eyad Baba / AFP via Getty Images

ਈਰਾਨ ਨੇ ਹਿੰਦ ਮਹਾਸਾਗਰ ‘ਚ ਸਥਿਤ ਡਿਏਗੋ ਗਾਰਸਿਆ ਟਾਪੂ ‘ਤੇ ਮੌਜੂਦ ਅਮਰੀਕਾ-ਬ੍ਰਿਟੇਨ ਦੇ ਸੰਯੁਕਤ ਫੌਜੀ ਟਿਕਾਣੇ ਵੱਲ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ। ਈਰਾਨ ਦੀ ਇਸ ਕਾਰਵਾਈ ਨੂੰ ਮੱਧ ਪੂਰਬ ‘ਚ ਜਾਰੀ ਸੰਘਰਸ਼ ਦੇ ਵਧਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਨਿਸ਼ਾਨੇ ‘ਤੇ ਲਏ ਗਏ ਟਿਕਾਣਿਆਂ ‘ਤੇ ਹਮਲਾ ਨਹੀਂ ਹੋ ਸਕਿਆ ਪਰ ਇਜ਼ਰਾਇਲ ਡਿਫੈਂਸ ਫੋਰਸ ਦਾ ਕਹਿਣਾ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦੀਆਂ ਲੰਬੀ ਦੂਰੀ ਵਾਲੀਆਂ ਮਿਜ਼ਾਇਲਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਈਰਾਨ ਨੇ ਹੁਣ ਤੱਕ ਅਧਿਕਾਰਤ ਤੌਰ ‘ਤੇ ਮਿਜ਼ਾਇਲ ਦਾਗਣ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਈਰਾਨੀ ਮੀਡੀਆ ਨੇ ਆਪਣੀ ਰਿਪੋਰਟਿੰਗ ‘ਚ ਜ਼ਿਆਦਾਤਰ ਵਿਦੇਸ਼ੀ ਸਰੋਤਾਂ ਦਾ ਹਵਾਲਾ ਦਿੱਤਾ ਹੈ।

ਮਾਹਰ ਹੁਣ ਇਸ ਅਸਫਲ ਹਮਲੇ ਦੇ ਪ੍ਰਭਾਵਾਂ ਦਾ ਮੁਲਾਂਕਣ ਕਰ ਰਹੇ ਹਨ, ਜਿਸ ‘ਚ ਇਹ ਵੀ ਸ਼ਾਮਿਲ ਹੈ ਕਿ ਇਸ ਦਾ ਸੰਭਾਵੀ ਟੀਚਿਆਂ ਦੇ ਦਾਇਰੇ ‘ਤੇ ਕੀ ਅਸਰ ਪੈ ਸਕਦਾ ਹੈ।

ਕੀ ਲੰਡਨ ਵਰਗੇ ਯੂਰਪੀ ਸ਼ਹਿਰ ਵੀ ਨਿਸ਼ਾਨੇ ‘ਤੇ ਸੰਭਵ ?

ਬ੍ਰਿਟੇਨ ਦੇ ਇੱਕ ਕੈਬਨਿਟ ਮੰਤਰੀ ਨੇ ਕਿਹਾ ਹੈ ਆਈਡੀਐਫ ਦੇ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ “ਕੋਈ ਠੋਸ ਮੁਲਾਂਕਣ ਨਹੀਂ ਹੈ” ਕਿ ਈਰਾਨ ਕੋਲ ਲੰਡਨ ਤੱਕ ਪਹੁੰਚਣ ਵਾਲੀਆਂ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਹਨ।

ਈਰਾਨ ਨੇ ਆਪਣੀਆਂ ਮਿਜ਼ਾਇਲਾਂ ਦੀ ਮਾਰੂ ਸਮਰੱਥਾ (ਰੇਂਜ) ‘ਤੇ ਖੁਦ ਇੱਕ ਸੀਮਾ ਤੈਅ ਕਰ ਰੱਖੀ ਸੀ ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਹੁਣ ਇਸ ‘ਚ ਬਦਲਾਅ ਹੋ ਚੁੱਕਿਆ ਹੈ।

ਈਰਾਨ ਨੇ ਆਪਣੀਆਂ ਮਿਜ਼ਾਇਲਾਂ ਦੀ ਸੰਕੇਤਿਕ ਤਸਵੀਰ

ਤਸਵੀਰ ਸਰੋਤ, Reuters

ਬੀਬੀਸੀ ਨਿਊਜ਼ ਪਰਸ਼ੀਅਨ ਦੇ ਗੋਨਚੇਹ ਹਬੀਬਿਆਜ਼ਾਦ ਕਹਿੰਦੇ ਹਨ, “ਈਰਾਨ ਦਾ ਮਿਜ਼ਾਇਲ ਪ੍ਰੋਗਰਾਮ ਲੰਬੇ ਸਮੇਂ ਤੋਂ ਕੌਮਾਂਤਰੀ ਜਾਂਚ ਦਾ ਕੇਂਦਰ ਰਿਹਾ ਹੈ। ਈਰਾਨ ਇਸ ਗੱਲ ‘ਤੇ ਜ਼ੋਰ ਦਿੰਦਾ ਰਿਹਾ ਹੈ ਕਿ ਉਸਦਾ ਮਿਜ਼ਾਇਲ ਵਿਕਾਸ ਪ੍ਰੋਗਰਾਮ ਪੂਰੀ ਤਰ੍ਹਾਂ ਰੱਖਿਆਤਮਕ ਹੈ ਅਤੇ ਕੌਮੀ ਪ੍ਰਤੀਰੋਧ (ਡੇਟਰੈਂਸ) ਦੀ ਰਣਨੀਤੀ ‘ਤੇ ਆਧਾਰਿਤ ਹੈ। ਉਧਰ ਅਲੋਚਕਾਂ ਦਾ ਕਹਿਣਾ ਹੈ ਕਿ ਲੰਬੀ ਦੂਰੀ ਦੀ ਸਮਰੱਥਾ ‘ਚ ਇਹ ਵਾਧਾ ਖੇਤਰੀ ਸੁਰੱਖਿਆ ਸਮੀਕਰਨ ਨੂੰ ਬਦਲ ਸਕਦਾ ਹੈ।”

ਅਜੇ ਇੱਕ ਮਹੀਨਾ ਵੀ ਨਹੀਂ ਹੋਇਆ ਹੈ ਜਦੋਂ ਈਰਾਨ ਦੀ ਪਰਮਾਣੂ ਉਦੇਸ਼ਾਂ ਨੂੰ ਲੈਕੇ ਜਤਾਈਆਂ ਜਾ ਰਹੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਗੱਲਬਾਤ ਚੱਲ ਰਹੀ ਸੀ ਅਤੇ ਅੱਗੇ ਵੀ ਗੱਲਬਾਤ ਦੇ ਦੌਰ ਹੋਣ ਦੀ ਸੰਭਾਵਨਾ ਸੀ ਪਰ ਉਦੋਂ ਇਜ਼ਰਾਇਲ ਅਤੇ ਅਮਰੀਕਾ ਨੇ ਈਰਾਨ ‘ਤੇ ਹਮਲਾ ਸ਼ੁਰੂ ਕਰ ਦਿੱਤਾ।

ਚਾਗੋਸ ਟਾਪੂ ਸਮੂਹ, ਜਿਸ ‘ਚ ਡਿਏਗੋ ਗਾਰਸਿਆ ਸ਼ਾਮਿਲ ਹੈ, ਈਰਾਨ ਤੋਂ ਕਰੀਬ 3800 ਕਿਲੋਮੀਟਰ ਦੂਰ ਸਥਿਤ ਹੈ।

ਸਟੇਟ ਆਫ ਹੋਰਮੁਜ਼

‘ਵਾਲ ਸਟ੍ਰੀਟ ਜਰਨਲ’ ਅਤੇ ਸੀਐਨਐਨ ਨੇ ਅਣਪਛਾਤੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਬੈਲਿਸਟਿਕ ਮਿਜ਼ਾਇਲ ਦਾਗੇ ਜਾਣ ਦੀ ਖ਼ਬਰ ਦਿੱਤੀ ਪਰ ਕਿਹਾ ਕਿ ਕੋਈ ਵੀ ਹਥਿਆਰ ਆਪਣੇ ਟੀਚੇ ਤੱਕ ਨਹੀਂ ਪਹੁੰਚਿਆ।

ਰਿਪੋਰਟ ਮੁਤਾਬਿਕ, ਇੱਕ ਮਿਜ਼ਾਇਲ ਕਥਿਤ ਤੌਰ ‘ਤੇ ਉਡਾਣ ਦੇ ਦੌਰਾਨ ਹੀ ਫੇਲ੍ਹ ਹੋ ਗਈ ਜਦੋਂਕਿ ਦੂਜੀ ਨੂੰ ਇੱਕ ਅਮਰੀਕੀ ਜੰਗੀ ਬੇੜੇ ਨੇ ਵਿਚਾਲੇ ਹੀ ਮਾਰ ਡਿਗਾਇਆ। ਬੀਬੀਸੀ ਸਮਝਦਾ ਹੈ ਕਿ ਇਹ ਰਿਪੋਰਟਾਂ ਸਹੀ ਹਨ।

ਘਟਨਾ ਦੇ ਤੁਰੰਤ ਬਾਅਦ, ਇਜ਼ਰਾਇਲ ਡਿਫੈਂਸ ਫੋਰਸ ਨੇ ਕਿਹਾ ਕਿ ਹੁਣ ਯੂਰਪ, ਏਸ਼ੀਆ ਅਤੇ ਅਫਰੀਕਾ ਦੇ ਕਈ ਸ਼ਹਿਰ ਖ਼ਤਰੇ ‘ਚ ਹਨ। ਇਹ ਵੀ ਕਿਹਾ ਕਿ ਉਸਨੇ ਪਿਛਲੇ ਸਾਲ ਹੀ ਦੱਸ ਦਿੱਤਾ ਸੀ ਕਿ ਈਰਾਨ ਅਜਿਹੀਆਂ ਸਮਰੱਥਾਵਾਂ ਵਾਲੀਆਂ ਮਿਜ਼ਾਇਲਾਂ ਵਿਕਸਿਤ ਕਰਨ ਦਾ ਇਰਾਦਾ ਰੱਖਦਾ ਹੈ।

ਆਈਡੀਐਫ ਦੇ ਚੀਫ ਆਫ ਸਟਾਫ, ਲੈਫਟੀਨੈਂਟ ਜਨਰਲ ਏਯਾਲ ਜ਼ਮੀਰ ਨੇ ਚਾਗੋਸ ਟਾਪੂ ਸਮੂਹ ਵੱਲ ਮਿਜ਼ਾਇਲ ਦਾਗੇ ਜਾਣ ਤੋਂ ਬਾਅਦ ਇੱਕ ਵੀਡੀਓ ਸੁਨੇਹੇ ‘ਚ ਸਖਤ ਚਿਤਾਵਨੀ ਦਿੱਤੀ।

ਗੋਨਚੇਹ ਹਬੀਬਿਆਜ਼ਾਦ ਦਾ ਨਜ਼ਰੀਆ

ਉਨ੍ਹਾਂ ਨੇ ਕਿਹਾ, “ਈਰਾਨ ਨੇ 4,000 ਕਿਲੋਮੀਟਰ ਦੀ ਰੇਂਜ ਵਾਲੀਆਂ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਇਲ ਦਾਗੀਆਂ ਹਨ। ਇਨ੍ਹਾਂ ਮਿਜ਼ਾਇਲਾਂ ਦਾ ਟੀਚਾ ਇਜ਼ਾਇਰਲ ਨੂੰ ਨਿਸ਼ਾਨਾ ਬਣਾਉਣਾ ਨਹੀਂ ਸੀ। ਇਨ੍ਹਾਂ ਦੀ ਰੇਂਜ ਯੂਰਪ ਦੀਆਂ ਰਾਜਧਾਨੀਆਂ ਤੱਕ ਪਹੁੰਚਦੀ ਹੈ। ਬਰਲਿਨ, ਪੈਰਿਸ ਅਤੇ ਰੋਮ ਸਾਰੇ ਸਿੱਧੇ ਖਤਰੇ ਦੇ ਦਾਇਰੇ ‘ਚ ਹਨ।”

ਹੋਰਨਾਂ ਮਾਹਰਾਂ ਵਿੱਚ ਬ੍ਰਿਟੇਨ ਦੇ ਜੁਆਇੰਟ ਫੋਰਸਿਸ ਕਮਾਂਡ ਦੇ ਸਾਬਕਾ ਮੁਖੀ ਅਤੇ ਰੱਖਿਆ ਮਾਹਰ ਜਨਰਲ ਸਰ ਰਿਚਰਡ ਬੈਰਨਸ ਸ਼ਾਮਿਲ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਘਟਨਾ ਨੇ ਈਰਾਨ ਦੇ ਮਿਜ਼ਾਇਲ ਭੰਡਾਰ ਅਤੇ ਉਸਦੀ ਪਹੁੰਚ ਨੂੰ ਲੈਕੇ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਨੂੰ ਮਜਬੂਰ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ, “ਪਹਿਲਾਂ ਅਸੀਂ ਮੰਨਦੇ ਸੀ ਕਿ ਈਰਾਨ ਦੀਆਂ ਮਿਜ਼ਾਇਲਾਂ ਦੀ ਰੇਂਜ 2,000 ਕਿਲੋਮੀਟਰ ਹੈ ਜਦੋਂਕਿ ਡਿਏਗੋ ਗਾਰਸਿਆ 3800 ਕਿਲੋਮੀਟਰ ਦੂਰ ਹੈ।”

ਈਰਾਨ ਹੁਣ ਤੱਕ ਕਹਿੰਦਾ ਰਿਹਾ ਹੈ ਕਿ ਉਸ ਨੇ ਆਪਣੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ‘ਤੇ ਖੁਦ ਇੱਕ ਸੀਮਾ ਤੈਅ ਕਰ ਰੱਖੀ ਸੀ ਜਿਸ ਦੇ ਤਹਿਤ ਉਨ੍ਹਾਂ ਦੀ ਮਾਰੂ ਸਮਰੱਥਾ 1240 ਮੀਲ (2000 ਕਿਮੀ) ਤੱਕ ਸੀਮਿਤ ਸੀ।

ਇਸ ਦਾ ਮਤਲਬ ਸੀ ਕਿ ਈਰਾਨ ਦੀਆਂ ਮਿਜ਼ਾਇਲਾਂ ਦੀ ਪਹੁੰਚ ‘ਚ ਇਜ਼ਰਾਇਲ ਤਾਂ ਸੀ ਪਰ ਯੂਰਪ ਨਹੀਂ।

ਹਾਲ ਦੇ ਹਮਲਿਆਂ ‘ਚ ਮਾਰੇ ਗਏ ਅਯਾਤੁੱਲਾ ਅਲੀ ਖਾਮੇਨੇਈ ਨੇ 2021 ‘ਚ ਕਿਹਾ ਸੀ ਕਿ ਇਹ ਇੱਕ ਰਾਜਨੀਤਕ ਫੈਸਲਾ ਸੀ ਨਾ ਕਿ ਮਿਜ਼ਾਇਲ ਨਿਰਮਾਣ ‘ਚ ਕਿਸੇ ਤਕਨੀਕੀ ਰੁਕਾਵਟ ਕਾਰਨ ਅਤੇ ਇਹ ਫੈਸਲਾ ਫੌਜੀ ਲੀਡਰਾਂ ਅਤੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (ਆਈ) ਦੇ ਵਿਰੋਧ ਦੇ ਬਾਵਜੂਦ ਲਿਆ ਗਿਆ ਸੀ।

ਉਨ੍ਹਾਂ ਦਾ ਟੀਚਾ ਇਜ਼ਰਾਇਲ ਦੇ ਖਿਲਾਫ ਖਤਰੇ ਨੂੰ ਬਣਾਈ ਰੱਖਣਾ ਸੀ ਪਰ ਯੂਰਪ ਨੂੰ ਚਿੰਤਾ ‘ਚ ਪਾਉਣਾ ਨਹੀਂ ਸੀ ਕਿਉਂਕਿ ਯੂਰਪ ਤਹਿਰਾਨ ਦੇ ਨਿਸ਼ਾਨੇ ‘ਤੇ ਨਹੀਂ ਸੀ।

ਹਾਲਾਂਕਿ ਪਿਛਲੇ ਸਾਲ ਸਤੰਬਰ ‘ਚ ਇੱਕ ਈਰਾਨੀ ਸੰਸਦ ਮੈਂਬਰ ਨੇ ਸਰਕਾਰੀ ਟੀਵੀ ‘ਤੇ ਕਿਹਾ ਸੀ ਕਿ ਆਈਆਰਜੀਸੀ ਨੇ ਸਫਲਤਾਪੂਰਵਕ ਇੱਕ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ ਹਾਲਾਂਕਿ ਉਨ੍ਹਾਂ ਨੇ ਉਸਦੀ ਰੇਂਜ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।

ਮਿਜ਼ਾਇਲ ਰੇਂਜ ਸਮਰੱਥਾ

ਯੂਰਪੀ ਸ਼ਹਿਰਾਂ ਤੱਕ ਮਿਜ਼ਾਇਲ ਪਹੁੰਚਣ ਨੂੰ ਲੈਕੇ ਮਾਹਰ ਵੰਡੇ ਹੋਏ।

ਤਸਵੀਰ ਸਰੋਤ, Shomos Uddin via Getty Images

ਇਸ ਤੋਂ ਇਲਾਵਾ, ਅਮਰੀਕੀ ਅਧਿਕਾਰੀ ਲੰਬੇ ਸਮੇਂ ਤੋਂ ਇਹ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਈਰਾਨ ਨੇ ਪੁਲਾੜ ਪ੍ਰੋਗਰਾਮ ਜ਼ਰੀਏ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਉਹ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਇਲਾਂ ਬਣਾ ਸਕਦਾ ਹੈ।

‘ਟਾਈਮਜ਼ ਆਫ ਇਜ਼ਰਾਇਲ’ ਮੁਤਾਬਕ ਲੋੜ ਪੈਣ ‘ਤੇ ਈਰਾਨ ਇਸ ਤਕਨੀਕ ਦਾ ਇਸਤੇਮਾਲ ਕਰ ਸਕਦਾ ਹੈ।

ਕੁਝ ਮਾਹਰ ਵੀ ਇਸ ਨਾਲ ਸਹਿਮਤ ਹਨ। ਲੰਡਨ ਸਥਿਤ ਰੋਇਲ ਯੂਨਾਈਟੈੱਡ ਸਰਵਿਸਜ਼ ਇੰਸਟੀਚਿਊਟ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਕੈਰਿਨ ਵਾਨ ਹਿੱਪੇਨ ਨੇ ਬੀਬੀਸੀ ਨਿਊਜ਼ ਨੂੰ ਕਿਹਾ, “ਜੇਕਰ ਇਹ ਮੰਨਿਆ ਜਾਵੇ ਕਿ ਮਿਜ਼ਾਇਲਾਂ ਡਿਏਗੋ ਗਾਰਸਿਆ ਤੱਕ ਪਹੁੰਚ ਸਕਦੀਆਂ ਹਨ ਤਾਂ ਈਰਾਨ ਅਜਿਹੀ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਇਲਾਂ ਵੀ ਵਿਕਸਿਤ ਕਰ ਰਿਹਾ ਹੈ, ਜਿਨ੍ਹਾਂ ਦੀ ਰੇਂਜ 10,000 ਕਿਲੋਮੀਟਰ ਤੱਕ ਹੋ ਸਕਦੀ ਹੈ ਹਾਲਾਂਕਿ ਅਸੀਂ ਹੁਣ ਤੱਕ ਦੀ ਫੌਜੀ ਕਾਰਵਾਈ ‘ਚ ਇਨ੍ਹਾਂ ਨੂੰ ਨਹੀਂ ਦੇਖਿਆ ਹੈ।”

ਇਸ ਦਾ ਮਤਲਬ ਇਹ ਹੋਵੇਗਾ ਕਿ ਈਰਾਨ ਤੋਂ ਦਾਗੀਆਂ ਮਿਜ਼ਾਇਲਾਂ ਸੰਭਾਵੀ ਤੌਰ ‘ਤੇ ਅਮਰੀਕਾ ਦੇ ਮੁੱਖ ਭੂ-ਭਾਗ ਤੱਕ ਵੀ ਪਹੁੰਚ ਸਕਦੀਆਂ ਹਨ।

ਹੁਣ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਹਿੰਦ ਮਹਾਸਾਗਰ ‘ਚ ਪ੍ਰਸਤਾਵਿਤ ਹਮਲੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਈਰਾਨ ਵੱਲੋਂ ਪਹਿਲਾਂ ਜੋ ਸੀਮਾ ਤੈਅ ਕੀਤੀ ਗਈ ਸੀ, ਉਹ ਹੁਣ ਹਟਾ ਦਿੱਤੀ ਗਈ ਹੈ।

 ਸੰਕੇਤਿਕ ਤਸਵੀਰ

ਤਸਵੀਰ ਸਰੋਤ, Atta Kenare / AFP via Getty Images

ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸਨੂੰ ਲੈਕੇ ਸ਼ੰਕੇ ਹਨ ਕਿ ਮਿਜ਼ਾਇਲਾਂ ਆਪਣੇ ਨਿਰਧਾਰਤ ਟੀਚੇ ਤੱਕ ਪਹੁੰਚ ਪਾਉਂਦੀਆਂ, ਭਾਵ ਕਿ ਜੇ ਉਨ੍ਹਾਂ ਨੂੰ ਪਹਿਲਾਂ ਇੰਟਰਸੈਪਟ ਨਾ ਕੀਤਾ ਗਿਆ ਹੁੰਦਾ।

ਬ੍ਰਿਟੇਨ ਦੇ ਹਾਊਸਿੰਗ ਮੰਤਰੀ ਸਟੀਵ ਰੀਡ ਨੇ ਬੀਬੀਸੀ ਨੂੰ ਕਿਹਾ, “ਅਜਿਹਾ ਕੋਈ ਠੋਸ ਮੁਲਾਂਕਣ ਨਹੀਂ ਹੈ ਕਿ ਈਰਾਨ ਬ੍ਰਿਟੇਨ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਾਂ ਫਿਰ ਉਹ ਅਜਿਹਾ ਕਰਨਾ ਵੀ ਚਾਹੇ ਤਾਂ ਕੀ ਕਰ ਸਕਦਾ ਹੈ।”

ਅਹਿਮ ਸਵਾਲ ਇਹ ਹੈ ਕਿ ਕੀ ਈਰਾਨ ਨੇ ਇੰਨੀ ਲੰਬੀ ਦੂਰੀ ਦੇ ਹਮਲਿਆਂ ਨੂੰ ਅੰਜਾਮ ਦੇਣ ਲਈ ਲੋੜੀਂਦੀ ਆਪ੍ਰੇਸ਼ਨਲ ਤਕਨੀਕ ‘ਚ ਮਹਾਰਤ ਹਾਸਲ ਕਰ ਲਈ ਹੈ, ਜਿਸ ‘ਚ ਇੰਨੀ ਦੂਰੀ ‘ਤੇ ਮਿਜ਼ਾਇਲਾਂ ਨੂੰ ਕੰਟਰੋਲ ਅਤੇ ਡਾਇਰੈਕਟ ਕਰਨ ਦੀ ਸਮਰੱਥਾ ਸ਼ਾਮਿਲ ਹੈ।

ਇਸ ‘ਚ ਇੱਕ ਮਨੋਵਿਗਿਆਨਕ ਪਹਿਲੂ ਵੀ ਨਜ਼ਰ ਆਉਂਦਾ ਹੈ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਈਰਾਨ ਦਾ ਇਰਾਦਾ ਕਦੇ ਵੀ ਇਨ੍ਹਾਂ ਟੀਚਿਆਂ ‘ਤੇ ਹਮਲਾ ਕਰਨ ਦਾ ਨਹੀਂ ਸੀ ਬਲਿਕ ਤਹਿਰਾਨ ਇੱਕ ਸਪੱਸ਼ਟ ਚਿਤਾਵਨੀ ਅਤੇ ਪ੍ਰਤੀਰੋਧ (ਡੇਟਰੈਂਸ) ਦਾ ਸੁਨੇਹਾ ਦੇਣਾ ਚਾਹੁੰਦਾ ਸੀ।

ਬ੍ਰਿਟੇਨ ਦੇ ਹਾਊਸਿੰਗ ਮੰਤਰੀ ਸਟੀਵ ਰੀਡ ਦਾ ਬਿਆਨ

ਤੇਲ ਅਵੀਵ ਸਥਿਤ ਇੰਸਟੀਚਿਊਟ ਫਾਰ ਨੈਸ਼ਨਲ ਸਿਕਿਓਰਿਟੀ ਸਟੱਡੀਜ਼ ਨਾਲ ਜੁੜੇ ਅਤੇ ਇਜ਼ਰਾਇਲ ਦੀ ਫੌਜੀ ਖੂਫੀਆ ਏਜੰਸੀ ਦੇ ਸਾਬਕਾ ਅਧਿਕਾਰੀ ਡੈਨੀ ਸਿਟ੍ਰੀਨੋਵਿਚ ਨੇ ਲੰਡਨ ਦੇ ‘ਦਿ ਇੰਡੀਪੈਂਡੇਂਟ’ ਅਖਬਾਰ ਨੂੰ ਕਿਹਾ, “ਅਜਿਹਾ ਨਹੀਂ ਹੈ ਕਿ ਉਹ ਸੋਚਦੇ ਹਨ ਕਿ ਕੱਲ੍ਹ ਉਹ ਲੰਡਨ ਜਾਂ ਪੈਰਿਸ ‘ਤੇ ਹਮਲਾ ਕਰਨਗੇ ਪਰ ਮੇਰੇ ਵਿਚਾਰ ‘ਚ ਉਹ ਆਪਣੀ ਜਵਾਬੀ ਤਾਕਤ ਹੋਰ ਮਜਬੂਤ ਕਰਨਾ ਚਾਹੁੰਦੇ ਹਨ।”

ਇਸ ਹਫ਼ਤੇ ਹਿੰਦ ਮਹਾਸਾਗਰ ‘ਚ ਹੋਈਆਂ ਘਟਨਾਵਾਂ ‘ਤੇ ਇਜ਼ਰਾਇਲ ਦੀ ਪ੍ਰਤੀਕਿਰਿਆ ਨੂੰ ਵੀ ਇੱਕ ਤਰ੍ਹਾਂ ਦੀ ਲਾਮਬੰਦੀ ਦੀ ਅਪੀਲ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ।

ਯੂਰਪ ‘ਚ ਨਾਟੋ ਦੇ ਸਾਬਕਾ ਉਪ ਕਮਾਂਡਰ ਜਨਰਲ ਸਰ ਰਿਚਰਡ ਸ਼ਿਰਰੇਫ ਨੇ ਬੀਬੀਸੀ ਨੂੰ ਕਿਹਾ, “ਬੇਸ਼ੱਕ ਇਜ਼ਰਾਇਲ ਅਜਿਹਾ ਕਹੇਗਾ ਕਿਉਂਕਿ ਉਸ ਦੇ ਹਿੱਤ ‘ਚ ਹੈ ਕਿ ਜੰਗ ਦਾ ਦਾਇਰਾ ਵਧੇ ਅਤੇ ਅਮਰੀਕਾ ਅਤੇ ਇਜ਼ਰਾਇਲ ਦੇ ਨਾਲ ਵੱਧ ਤੋਂ ਵੱਧ ਹੋਰ ਮੁਲਕਾਂ ਨੂੰ ਇਸ ‘ਚ ਸ਼ਾਮਿਲ ਕੀਤਾ ਜਾਵੇ।”

ਉਨ੍ਹਾਂ ਨੇ ਅੱਗੇ ਕਿਹਾ, “ਸਾਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ। ਇਹ ਟਰੰਪ ਦੀ ਜੰਗ ਹੈ, ਜਿਸ ਦਾ ਕੋਈ ਸਪੱਸ਼ਟ ਅੰਤ ਜਾਂ ਰਣਨੀਤੀ ਨਹੀਂ ਹੈ ਅਤੇ ਇਹ ਇੱਕ ਦਲਦਲ ‘ਚ ਬਦਲਦਾ ਜਾ ਰਿਹਾ ਹੈ। ਸਾਨੂੰ ਦੱਸਿਆ ਗਿਆ ਸੀ ਕਿ ਛੇ ਮਹੀਨੇ ਪਹਿਲਾਂ ਪਰਮਾਣੂ ਸਮਰੱਥਾਵਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਵਾਸ਼ਿੰਗਟਨ ਤੋਂ ਆਉਣ ਵਾਲੀ ਕਿਸੇ ਵੀ ਗੱਲ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI