Home ਰਾਸ਼ਟਰੀ ਖ਼ਬਰਾਂ ਈਰਾਨ ਨੇ ਹਿੰਦ ਮਹਾਸਾਗਰ ਵਿੱਚ ਡਿਏਗੋ ਗਾਰਸਿਆ ‘ਤੇ ਦਾਗੀਆਂ ਮਿਜ਼ਾਇਲਾਂ, ਭਾਰਤ ਲਈ...

ਈਰਾਨ ਨੇ ਹਿੰਦ ਮਹਾਸਾਗਰ ਵਿੱਚ ਡਿਏਗੋ ਗਾਰਸਿਆ ‘ਤੇ ਦਾਗੀਆਂ ਮਿਜ਼ਾਇਲਾਂ, ਭਾਰਤ ਲਈ ਕਿੰਨੀ ਵੱਡੀ ਚੁਣੌਤੀ?

8
0

Source :- BBC PUNJABI

ਹਿੰਦ ਮਹਾਸਾਗਰ ਵਿੱਚ ਡਿਏਗੋ ਗਾਰਸਿਆ ਸਥਿਤ ਬ੍ਰਿਟਿਸ਼ ਸਾਵਰੇਨ ਬੇਸ

ਤਸਵੀਰ ਸਰੋਤ, US National Archives

ਈਰਾਨ ਨੇ ਹਿੰਦ ਮਹਾਸਾਗਰ ਵਿੱਚ ਡਿਏਗੋ ਗਾਰਸਿਆ ਸਥਿਤ ਬ੍ਰਿਟਿਸ਼ ਸਾਵਰੇਨ ਬੇਸ ਵੱਲ ਦੋ ਮਿਜ਼ਾਇਲਾਂ ਦਾਗੀਆਂ ਹਨ। ਹਾਲਾਂਕਿ, ਦੋਵਾਂ ਵਿੱਚੋਂ ਇੱਕ ਵੀ ਮਿਜ਼ਾਈਲ ਬੇਸ ਤੱਕ ਨਹੀਂ ਪਹੁੰਚ ਸਕੀ।

ਸ਼ੁੱਕਰਵਾਰ ਨੂੰ ਬ੍ਰਿਟੇਨ ਨੇ ਕਿਹਾ ਸੀ ਕਿ ਉਸਦੇ ਮਿਲਟਰੀ ਬੇਸ ਦਾ ਇਸਤੇਮਾਲ ਸਟ੍ਰੇਟ ਆਫ਼ ਹੋਰਮੁਜ਼ ‘ਤੇ ਈਰਾਨੀ ਹਮਲਿਆਂ ਨੂੰ ਰੋਕਣ ਲਈ ਕੀਤਾ ਜਾ ਸਕਦਾ ਹੈ। ਇਸ ਦੇ ਜਵਾਬ ਵਿੱਚ ਈਰਾਨ ਨੇ ਬ੍ਰਿਟੇਨ ਨੂੰ ਚੇਤਾਵਨੀ ਦਿੱਤੀ ਸੀ ਕਿ ਅਮਰੀਕਾ ਦੁਆਰਾ ਸ਼ਨੀਵਾਰ ਨੂੰ ਈਰਾਨ ਦੇ ‘ਅਸਫਲ’ ਮਿਜ਼ਾਈਲ ਹਮਲੇ ਦੇ ਨਾਲ ਹੀ ਕਈ ਸਵਾਲ ਖੜ੍ਹੇ ਹੋ ਗਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਈਰਾਨ ਅਤੇ ਮੱਧ-ਪੂਰਬ ਦੀ ਜੰਗ ਭਾਰਤ ਦੇ ਖੇਤਰ, ਭਾਵ ਹਿੰਦ ਮਹਾਸਾਗਰ ਤੱਕ ਪਹੁੰਚ ਗਈ ਹੈ… ਅਤੇ ਭਾਰਤ ਲਈ ਇਸਦਾ ਕੀ ਅਰਥ ਹੈ?

ਦੂਜਾ ਸਵਾਲ ਇਹ ਹੈ ਕਿ ਕੀ ਨਾ-ਨਾ ਕਰਦੇ ਹੋਏ ਬ੍ਰਿਟੇਨ ਵੀ ਇਸ ਜੰਗ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਕੀ ਇਸ ਨਾਲ ਇਸ ਯੁੱਧ ਦਾ ਦਾਇਰਾ ਹੋਰ ਵਧ ਜਾਵੇਗਾ?

ਇਨ੍ਹਾਂ ਹਾਲਾਤਾਂ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਮਾਹਿਰਾਂ ਨੇ ਬੀਬੀਸੀ ਹਿੰਦੀ ਨਾਲ ਗੱਲਬਾਤ ਵਿੱਚ ਕਿਹਾ ਕਿ ਭਾਰਤ ਲਈ ਇਸ ਘਟਨਾਕ੍ਰਮ ਨਾਲ ਕਈ ਚਿੰਤਾਵਾਂ ਪੈਦਾ ਹੁੰਦੀਆਂ ਹਨ, ਨਾਲ ਹੀ ਡਿਏਗੋ ਗਾਰਸਿਆ ‘ਤੇ ਹਮਲੇ ਨਾਲ ਇਸ ਜੰਗ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਵਧ ਗਈ ਹੈ।

ਈਰਾਨ ਦਾ ਹਮਲਾ

ਕੀਅਰ ਸਟਾਰਮਰ

ਤਸਵੀਰ ਸਰੋਤ, EPA

ਡਿਏਗੋ ਗਾਰਸਿਆ ਵੱਲ ਦਾਗੀਆਂ ਗਈਆਂ ਮਿਜ਼ਾਇਲਾਂ ਦੀ ਖ਼ਬਰ ਸਭ ਤੋਂ ਪਹਿਲਾਂ ‘ਵਾਲ ਸਟ੍ਰੀਟ ਜਰਨਲ’ ਨੇ ਦਿੱਤੀ ਸੀ, ਜਿਸ ਵਿੱਚ ਅਮਰੀਕਾ ਦੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਬੀਬੀਸੀ ਨੇ ਵੱਖ-ਵੱਖ ਸਰੋਤਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਇਸਦੀ ਪੁਸ਼ਟੀ ਕਰ ਦਿੱਤੀ।

ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਖੁਦ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਖੰਡਨ ਕੀਤਾ ਹੈ ਕਿ ਈਰਾਨ ਨੇ ਅੱਡੇ ਵੱਲ ਦੋ ਮਿਜ਼ਾਇਲਾਂ ਦਾਗੀਆਂ ਸਨ।

ਹਾਲਾਂਕਿ, ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੂਰੇ ਖੇਤਰ ਵਿੱਚ ਈਰਾਨ ਦੇ ਲਾਪਰਵਾਹ ਹਮਲੇ ‘ਬ੍ਰਿਟਿਸ਼ ਹਿੱਤਾਂ ਅਤੇ ਬ੍ਰਿਟੇਨ ਦੇ ਸਹਿਯੋਗੀਆਂ ਲਈ ਖ਼ਤਰਾ’ ਹਨ।

ਬ੍ਰਿਟੇਨ ਨੇ ਅਮਰੀਕੀ ਫੌਜ ਨੂੰ ਡਿਏਗੋ ਗਾਰਸਿਆ ਤੋਂ ਅਜਿਹੇ ਅਭਿਆਨਾਂ ਨੂੰ ਅੰਜਾਮ ਦੇਣ ਦੀ ਇਜਾਜ਼ਤ ਦਿੱਤੀ ਹੈ ਜਿਸਨੂੰ ਉਹ “ਰੱਖਿਆਤਮਕ ਬੰਬਾਰੀ ਮਿਸ਼ਨ” ਕਹਿੰਦਾ ਹੈ।

ਫਿਲਹਾਲ, ਅਜਿਹੀ ਕੋਈ ਖ਼ਬਰ ਨਹੀਂ ਹੈ ਕਿ ਅਮਰੀਕਾ ਨੇ ਹਿੰਦ ਮਹਾਸਾਗਰ ਵਿੱਚ ਸਥਿਤ ਇਸ ਬ੍ਰਿਟਿਸ਼ ਸਾਵਰੇਨ ਬੇਸ ਤੋਂ ਬੰਬਾਰੀ ਮਿਸ਼ਨ ਚਲਾਏ ਹੋਣ।

ਅਜੇ ਵੀ ਇਸ ਗੱਲ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਹੈ ਕਿ ਕੀ ਈਰਾਨ ਦੇ ਕੋਲ ਅਜਿਹੀਆਂ ਮਿਜ਼ਾਇਲਾਂ ਹਨ ਜੋ ਹਿੰਦ ਮਹਾਸਾਗਰ ਵਿੱਚ ਸਥਿਤ ਡਿਏਗੋ ਗਾਰਸਿਆ ਤੱਕ ਪਹੁੰਚ ਸਕਣ।

ਦਰਅਸਲ, ਇਹ ਬ੍ਰਿਟਿਸ਼ ਫੌਜੀ ਅੱਡਾ, ਜਿਸਦਾ ਇਸਤੇਮਾਲ ਅਕਸਰ ਅਮਰੀਕੀ ਹਵਾਈ ਫੌਜ ਦੇ ਲੰਮੀ ਦੂਰੀ ਦੇ ਬੰਬਾਰ ਕਰਦੇ ਹਨ, ਈਰਾਨ ਤੋਂ ਲਗਭਗ 3,800 ਮੀਲ ਦੂਰ ਹੈ।

ਹੁਣ ਤੱਕ ਮੰਨਿਆ ਜਾਂਦਾ ਰਿਹਾ ਹੈ ਕਿ ਈਰਾਨ ਕੋਲ ਮੱਧਮ ਦੂਰੀ ਦੀਆਂ ਬੈਲਿਸਟਿਕ ਮਿਜ਼ਾਇਲਾਂ ਹਨ, ਜਿਨ੍ਹਾਂ ਦੀ ਮਾਰਕ ਸਮਰੱਥਾ ਲਗਭਗ 2,000 ਕਿਲੋਮੀਟਰ ਤੱਕ ਹੈ।

ਹਾਲਾਂਕਿ, ਕੁਝ ਫੌਜੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਈਰਾਨ ਦੀ ਖੋਰਮਸ਼ਹਿਰ ਮਿਜ਼ਾਈਲ ਦੀ ਰੇਂਜ ਇਸ ਤੋਂ ਵੱਧ ਹੋ ਸਕਦੀ ਹੈ।

ਇਜ਼ਰਾਇਲ ਦੇ ਅਲਮਾ ਰਿਸਰਚ ਐਂਡ ਐਜੂਕੇਸ਼ਨ ਸੈਂਟਰ ਦੇ ਮੁਤਾਬਕ, ਈਰਾਨ ਦੀ ਖੋਰਮਸ਼ਹਿਰ ਮਿਜ਼ਾਈਲ ਦੀ ਮਾਰਕ ਸਮਰੱਥਾ 3,000 ਕਿਲੋਮੀਟਰ ਤੱਕ ਹੋ ਸਕਦੀ ਹੈ।

ਮੰਨਿਆ ਜਾਂਦਾ ਹੈ ਕਿ ਇਸਨੂੰ ਉੱਤਰ ਕੋਰੀਆ ਦੀ ਇੱਕ ਮੱਧਮ ਦੂਰੀ ਦੀ ਮਿਜ਼ਾਈਲ ਦੇ ਆਧਾਰ ‘ਤੇ ਵਿਕਸਿਤ ਕੀਤਾ ਗਿਆ ਹੈ।

ਭਾਰਤ ਲਈ ਚੁਣੌਤੀ

ਪ੍ਰੇਮਾਨੰਦ ਮਿਸ਼ਰਾ - ਅਸਿਸਟੈਂਟ ਪ੍ਰੋਫੈਸਰ, ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ

ਹਿੰਦ ਮਹਾਸਾਗਰ ਵਿੱਚ ਈਰਾਨ ਦੇ ਮਿਜ਼ਾਈਲ ਹਮਲੇ ਨਾਲ ਕੀ ਭਾਰਤ ਦੀ ਸਥਿਤੀ ‘ਤੇ ਕੋਈ ਫਰਕ ਪੈਂਦਾ ਹੈ?

ਬੀਬੀਸੀ ਹਿੰਦੀ ਦੇ ਇਸ ਸਵਾਲ ਦੇ ਜਵਾਬ ਵਿੱਚ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਪ੍ਰੇਮਾਨੰਦ ਮਿਸ਼ਰਾ ਕਹਿੰਦੇ ਹਨ, “ਡਿਏਗੋ ਗਾਰਸਿਆ ਸਭ ਤੋਂ ਸੁਰੱਖਿਅਤ ਇਲਾਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਜੇ ਉੱਥੇ ਈਰਾਨ ਦਾ ਹਮਲਾ ਹੋਇਆ ਹੈ, ਭਾਵੇਂ ਉਹ ਟਾਰਗੇਟ ਨੂੰ ਨਾ ਭੇਦ ਸਕਿਆ ਹੋਵੇ, ਪਰ ਜੇ ਓਪਰੇਸ਼ਨ ਸਫਲ ਹੈ ਤਾਂ ਉਹ ਭਵਿੱਖ ਲਈ ਇੱਕ ਖ਼ਤਰਾ ਹੈ। ਭਾਰਤ ਦੀ ਜੋ ਹਿੰਦ-ਪ੍ਰਸ਼ਾਂਤ ਰਣਨੀਤੀ ਹੈ, ਉਸਦੇ ਲਈ ਇਹ ਚਿੰਤਾ ਦੀ ਗੱਲ ਹੈ।”

“ਇਹ ਇਸ ਸਮੁੰਦਰੀ ਖੇਤਰ ਵਿੱਚ ਜਹਾਜ਼ਾਂ ਦੀ ਸੁਤੰਤਰ ਆਵਾਜਾਈ ਦੇ ਨਾਲ ਹੀ ਭਾਰਤ ਦੀ ਰਣਨੀਤਿਕ ਖੁਦਮੁਖਤਿਆਰੀ, ਖ਼ਾਸ ਕਰਕੇ ਮੈਰੀਟਾਈਮ ਸੁਰੱਖਿਆ ਦੀ ਪਾਲਿਸੀ ‘ਤੇ ਸਵਾਲੀਆ ਨਿਸ਼ਾਨ ਹੈ।”

ਪ੍ਰੋਫੈਸਰ ਪ੍ਰੇਮਾਨੰਦ ਮਿਸ਼ਰਾ ਇਹ ਵੀ ਕਹਿੰਦੇ ਹਨ, “ਜੇ ਕੱਲ੍ਹ ਨੂੰ ਇਹ ਜੰਗ ਵਧ ਜਾਂਦੀ ਹੈ ਅਤੇ ਚੀਨ-ਅਮਰੀਕਾ ਵਿਚਕਾਰ ਜੰਗ ਹੋ ਜਾਂਦੀ ਹੈ ਤਾਂ ਭਾਰਤ ਕੀ ਕਰੇਗਾ, ਜਾਂ ਕੀ ਕਰ ਸਕੇਗਾ? ਦਰਅਸਲ ਭਾਰਤ ਦੀ ਹਿੰਦ-ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਨਾਲ ਜੁੜੀ ਜੋ ਰਣਨੀਤਿਕ ਖੁਦਮੁਖਤਿਆਰੀ ਹੈ ਉਸਦੇ ਲਈ ਡਿਏਗੋ ਗਾਰਸਿਆ ਬਹੁਤ ਮਹੱਤਵਪੂਰਨ ਹੈ।”

“ਡਿਏਗੋ ਗਾਰਸਿਆ ਨੂੰ ਲੈ ਕੇ ਭਾਰਤ-ਅਮਰੀਕਾ ਵਿਚਕਾਰ ਇੱਕ ਤਰ੍ਹਾਂ ਦਾ ਸੰਬੰਧ ਰਿਹਾ ਹੈ। ਤਾਂ ਜੇ ਇਸ ਤਰ੍ਹਾਂ ਦਾ ਖ਼ਤਰਾ ਵਧਦਾ ਹੈ ਤਾਂ ਭਾਰਤ ਦੀ ਨਿਰਭਰਤਾ ਅਮਰੀਕਾ ‘ਤੇ ਵਧੇਗੀ, ਕਿਉਂਕਿ ਭਾਰਤ ਇਸ ਸਥਿਤੀ ਵਿੱਚ ਨਹੀਂ ਹੈ ਕਿ ਉਹ ਅਮਰੀਕਾ ਦੇ ਬਿਨਾਂ ਚੀਨ ਦੇ ਵਿਸਥਾਰਵਾਦ ਜਾਂ ਉਸ ਦੇ ਸਰਵੀਲਾਂਸ ‘ਤੇ ਸਵਾਲ ਚੁੱਕੇ।”

ਮਿਡਲ ਈਸਟ ਇਨਸਾਈਟਸ ਪਲੇਟਫਾਰਮ ਦੇ ਸੰਸਥਾਪਕ ਡਾਕਟਰ ਸ਼ੁਭਦਾ ਚੌਧਰੀ ਨੂੰ ਈਰਾਨ ਦਾ ਡਿਏਗੋ ਗਾਰਸਿਆ ‘ਤੇ ਮਿਜ਼ਾਈਲ ਹਮਲਾ ਭਾਰਤ ਲਈ ਬਹੁਤ ਹੀ ਚੁਣੌਤੀਪੂਰਨ ਲੱਗਦਾ ਹੈ, ਜਿਸ ਨੇ ਭਾਰਤ ਦੀਆਂ ਅਜਿਹੀਆਂ ਕਾਰਵਾਈਆਂ ਦੀਆਂ ਸਮਰੱਥਾਵਾਂ ਦੀ ਸੀਮਾ ਨੂੰ ਉਜਾਗਰ ਕੀਤਾ ਹੈ।

ਉਹ ਕਹਿੰਦੇ ਹਨ, “ਡਿਏਗੋ ਗਾਰਸਿਆ ਭਾਰਤ ਦੇ ਦੱਖਣੀ ਸਿਰੇ ਤੋਂ ਲਗਭਗ 4,000 ਕਿਲੋਮੀਟਰ ਦੂਰ ਸਥਿਤ ਹੈ, ਜੋ ਜ਼ਿਆਦਾਤਰ ਭਾਰਤੀ ਲੜਾਕੂ ਜਹਾਜ਼ਾਂ ਦੀ ਯੁੱਧ ਸੀਮਾ ਤੋਂ ਕਿਤੇ ਵੱਧ ਹੈ। ਕਈ ਵਾਰ ਹਵਾ ਵਿੱਚ ਬਿਨਾਂ ਈਂਧਨ ਭਰੇ ਇਹ ਸੰਭਵ ਨਹੀਂ ਹੈ ਅਤੇ ਭਾਰਤ ਦੀ ਇਸ ਖੇਤਰ ਵਿੱਚ ਸਮਰੱਥਾ ਬਹੁਤ ਸੀਮਿਤ ਹੈ।”

“ਇਸ ਤੋਂ ਇਲਾਵਾ, ਅਗਨੀ-III/IV/V ਵਰਗੀਆਂ ਲੰਮੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਇਲਾਂ, ਜੋ ਡਿਏਗੋ ਗਾਰਸਿਆ ਤੱਕ ਪਹੁੰਚ ਸਕਦੀਆਂ ਹਨ, ਪਰਮਾਣੂ ਰੋਕਥਾਮ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ, ਨਾ ਕਿ ਮਜ਼ਬੂਤ ਫੌਜੀ ਢਾਂਚਿਆਂ ‘ਤੇ ਸਟੀਕ ਰਿਵਾਇਤੀ ਹਮਲਿਆਂ ਲਈ।”

ਸ਼ੁਭਦਾ ਚੌਧਰੀ ਇਸ ਗੱਲ ਵੱਲ ਵੀ ਧਿਆਨ ਦਿਵਾਉਂਦੇ ਹਨ ਕਿ ਹਿੰਦ ਮਹਾਸਾਗਰ ਵਿੱਚ ਭਾਰਤ ਦੇ ਸਾਹਮਣੇ ਕੀ ਚੁਣੌਤੀਆਂ ਹਨ।

ਉਹ ਕਹਿੰਦੇ ਹਨ, “ਡਿਏਗੋ ਗਾਰਸਿਆ ਵਿੱਚ ਅਮਰੀਕੀ ਫੌਜੀ ਸੰਸਾਧਨ (ਸੰਪੱਤੀਆਂ) ਤਾਇਨਾਤ ਹਨ, ਜਿਨ੍ਹਾਂ ਵਿੱਚ ਕੈਰੀਅਰ ਸਟ੍ਰਾਈਕ ਗਰੁੱਪ, ਪੈਟ੍ਰਿਅਟ/ਥਾਡ ਸ਼੍ਰੇਣੀ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਇਲੈਕਟ੍ਰਾਨਿਕ ਯੁੱਧ ਸਮਰੱਥਾਵਾਂ ਸ਼ਾਮਲ ਹਨ, ਜੋ ਜ਼ਿਆਦਾਤਰ ਰਿਵਾਇਤੀ ਹਮਲਿਆਂ ਨੂੰ ਨਾਕਾਮ ਕਰ ਸਕਦੀਆਂ ਹਨ।”

“ਇਸ ਤੋਂ ਇਲਾਵਾ, ਅਮਰੀਕੀ ਅਤੇ ਬ੍ਰਿਟਿਸ਼ ਪਰਮਾਣੂ ਪਨਡੁੱਬੀਆਂ ਇਨ੍ਹਾਂ ਜਲ ਖੇਤਰਾਂ ਵਿੱਚ ਨਿਯਮਿਤ ਰੂਪ ਨਾਲ ਸੰਚਾਲਿਤ ਹੁੰਦੀਆਂ ਹਨ।

ਕੋਈ ਵੀ ਭਾਰਤੀ ਨੌਸੈਨਿਕ ਟਾਸਕ ਫੋਰਸ ਹਮਲੇ ਦੀ ਸੀਮਾ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਪਨਡੁੱਬੀ-ਰੋਧੀ ਯੁੱਧ ਦੇ ਗੰਭੀਰ ਖ਼ਤਰੇ ਦਾ ਸਾਹਮਣਾ ਕਰੇਗੀ।”

‘ਜੰਗ ਦੀ ਤੀਬਰਤਾ ਵਧੇਗੀ’

ਡਾਕਟਰ ਸ਼ੁਭਦਾ ਚੌਧਰੀ - ਮਿਡਲ ਈਸਟ ਇਨਸਾਈਟਸ ਪਲੇਟਫਾਰਮ ਦੇ ਸੰਸਥਾਪਕ

ਬ੍ਰਿਟੇਨ ਅਤੇ ਯੂਰਪ ਦੋਵੇਂ ਹੀ ਈਰਾਨ ਨਾਲ ਇਸ ਜੰਗ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਤੋਂ ਹਿਚਕਦੇ ਰਹੇ ਹਨ। ਪਰ ਕੀ ਡਿਏਗੋ ਗਾਰਸਿਆ ‘ਤੇ ਈਰਾਨ ਦੇ ਮਿਜ਼ਾਈਲ ਹਮਲੇ ਨਾਲ ਇਹ ਸਥਿਤੀ ਬਦਲ ਜਾਵੇਗੀ?

ਪ੍ਰੋਫੈਸਰ ਪ੍ਰੇਮਾਨੰਦ ਕਹਿੰਦੇ ਹਨ, “ਇਸ ਹਮਲੇ ਨਾਲ ਯੂਕੇ ਦੀ ਜੋ ਹਿਚਕ ਸੀ ਉਹ ਖ਼ਤਮ ਹੋ ਜਾਵੇਗੀ। ਜੇ ਡਿਏਗੋ ਗਾਰਸਿਆ ‘ਤੇ ਤੁਸੀਂ ਆਈਆਰਬੀਐਮ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਸਦਾ ਮਤਲਬ ਇਹ ਹੈ ਕਿ ਦੁਨੀਆ ਭਰ ਵਿੱਚ ਬ੍ਰਿਟੇਨ ਦੇ ਨੇਵਲ ਜਾਂ ਮਿਲਟਰੀ ਬੇਸ ਖ਼ਤਰੇ ਵਿੱਚ ਆ ਜਾਂਦੇ ਹਨ। ਇਸ ਲਈ ਯੂਰਪ ਅਤੇ ਘੱਟੋ-ਘੱਟ ਬ੍ਰਿਟੇਨ ਦੇ ਮਾਮਲੇ ਵਿੱਚ ਤਾਂ ਇਹ ਹਿਚਕ ਖ਼ਤਮ ਹੋਵੇਗੀ ਅਤੇ ਉਨ੍ਹਾਂ ਨੂੰ ਅਮਰੀਕਾ ਦੀ ਛਤਰੀ ਹੇਠ ਆਉਣਾ ਹੀ ਪਵੇਗਾ।”

ਉਹ ਕਹਿੰਦੇ ਹਨ, “ਇਸਦਾ ਯੂਰਪ ਲਈ ਵੀ ਸੰਕੇਤ ਹੈ ਕਿ ਉਨ੍ਹਾਂ ਦੇ ਵੀ ਫੌਜੀ ਟਿਕਾਣੇ ਸੁਰੱਖਿਅਤ ਨਹੀਂ ਹਨ ਅਤੇ ਈਰਾਨ ਵੱਲੋਂ ਹੋਇਆ ਇਹ ਹਮਲਾ ਇਸ ਜੰਗ ਦੀ ਤੀਬਰਤਾ ਨੂੰ ਹੋਰ ਵਧਾਏਗਾ ਹੀ।”

ਸ਼ੁਭਦਾ ਚੌਧਰੀ ਕਹਿੰਦੇ ਹਨ ਕਿ ਅਮਰੀਕਾ ਅਤੇ ਬ੍ਰਿਟੇਨ ਦਾ ‘ਵਿਸ਼ੇਸ਼ ਸਬੰਧ’ ਇੰਨਾ ਗਹਿਰਾ ਹੈ ਕਿ ਅਮਰੀਕਾ ਦੇ ਕਿਸੇ ਵੀ ਵੱਡੇ ਫੌਜੀ ਅਭਿਆਨ ਵਿੱਚ ਬ੍ਰਿਟੇਨ ਦੀ ਨਿਰਪੱਖਤਾ ਲਗਭਗ ਅਸੰਭਵ ਹੈ।

ਨਾਟੋ ਢਾਂਚੇ ਦੇ ਅੰਦਰ ਖੁਫ਼ੀਆ ਜਾਣਕਾਰੀ ਸਾਂਝਾ ਕਰਨ ਦੀ ਪ੍ਰਕਿਰਿਆ ਅਤੇ ਫੌਜੀ ਤਾਲਮੇਲ ਆਪਣੇ ਆਪ ਸਰਗਰਮ ਹੋ ਜਾਂਦੇ ਹਨ।

ਉਹ ਕਹਿੰਦੇ ਹਨ, “ਬ੍ਰਿਟੇਨ, ਫਾਈਵ ਆਈਜ਼ ਅਲਾਇੰਸ ਦਾ ਅਟੁੱਟ ਹਿੱਸਾ ਹੈ। ਈਰਾਨ ਨਾਲ ਜੁੜੇ ਕਿਸੇ ਵੀ ਸੰਘਰਸ਼ ਵਿੱਚ ਅਮਰੀਕਾ ਨਾਲ ਖੁਫ਼ੀਆ ਜਾਣਕਾਰੀ ਸਾਂਝੀ ਕਰਨਾ ਉਸਦੀ ਸੰਧੀ ਤਹਿਤ ਲਾਜ਼ਮੀ ਹੈ, ਭਾਵੇਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਚਾਹੁਣ ਜਾਂ ਨਾ ਚਾਹੁਣ।”

“ਇਸ ਤੋਂ ਇਲਾਵਾ, ਡਿਏਗੋ ਗਾਰਸਿਆ ਹਿੰਦ ਮਹਾਸਾਗਰ ਵਿੱਚ ਬ੍ਰਿਟਿਸ਼ ਖੇਤਰ (ਬੀਆਈਓਟੀ) ਹੈ, ਜਿਸਨੂੰ ਅਮਰੀਕਾ ਨੂੰ ਲੀਜ਼ ‘ਤੇ ਦਿੱਤਾ ਗਿਆ ਹੈ। ਮੱਧ-ਪੂਰਬ ਵਿੱਚ ਕਿਸੇ ਵੀ ਅਮਰੀਕੀ ਹਵਾਈ ਅਭਿਆਨ ਵਿੱਚ ਇਸ ਅੱਡੇ ਦਾ ਇਸਤੇਮਾਲ ਹੁੰਦਾ ਹੈ, ਜਿਸ ਨਾਲ ਬ੍ਰਿਟੇਨ ਆਪਣੇ ਆਪ ਭਾਗੀਦਾਰ ਬਣ ਜਾਂਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI