Home ਰਾਸ਼ਟਰੀ ਖ਼ਬਰਾਂ ਈਰਾਨ ਨਾਲ ਜੰਗ ਦਾ ਅਮਰੀਕਾ ਨੂੰ ਭਾਰੀ ਨੁਕਸਾਨ, ਹੁਣ ਤੱਕ 75 ਅਰਬ...

ਈਰਾਨ ਨਾਲ ਜੰਗ ਦਾ ਅਮਰੀਕਾ ਨੂੰ ਭਾਰੀ ਨੁਕਸਾਨ, ਹੁਣ ਤੱਕ 75 ਅਰਬ ਰੁਪਏ ਤੋਂ ਵੱਧ ਹੋਏ ਖਰਚ

16
0

Source :- BBC PUNJABI

ਅਮਰੀਕੀ ਫੌਜੀ ਟਿਕਾਣਿਆਂ ਨੂੰ ਪਹੁੰਚੇ ਨੁਕਸਾਨ ਦੀਆਂ ਸੈਟੇਲਾਈਟ ਤਸਵੀਰਾਂ

ਤਸਵੀਰ ਸਰੋਤ, Planet labs PBC and Airbus

ਮੱਧ ਪੂਰਬ ‘ਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ‘ਤੇ ਈਰਾਨ ਦੇ ਹਮਲਿਆਂ ਕਾਰਨ, ਜੰਗ ਦੇ ਪਹਿਲੇ ਦੋ ਹਫ਼ਤਿਆਂ ‘ਚ ਕਰੀਬ 800 ਮਿਲੀਅਨ ਡਾਲਰ (ਕਰੀਬ 75 ਅਰਬ 20 ਕਰੋੜ ਰੁਪਏ) ਦਾ ਨੁਕਸਾਨ ਹੋਇਆ। ਇੱਕ ਨਵੇਂ ਵਿਸ਼ਲੇਸ਼ਣ ‘ਚ ਇਹ ਸਾਹਮਣੇ ਆਇਆ ਹੈ।

ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (ਸੀਐਸਆਈਐਸ) ਦੀ ਰਿਪੋਰਟ ਅਤੇ ਬੀਬੀਸੀ ਦੇ ਵਿਸ਼ਲੇਸ਼ਣ ਮੁਤਾਬਕ, ਇਸ ਨੁਕਸਾਨ ਦਾ ਵੱਡਾ ਹਿੱਸਾ ਪਹਿਲੇ ਹਫ਼ਤੇ ‘ਚ ਈਰਾਨ ਵੱਲੋਂ ਕੀਤੇ ਗਏ ਜਵਾਬੀ ਹਮਲਿਆਂ ‘ਚ ਹੋਇਆ ਜਦੋਂ ਅਮਰੀਕਾ ਅਤੇ ਇਜ਼ਰਾਇਲ ਨੇ ਜੰਗ ਛੇੜੀ ਸੀ।

ਇਲਾਕੇ ‘ਚ ਅਮਰੀਕੀ ਸੰਪਤੀਆਂ ‘ਤੇ ਈਰਾਨੀ ਹਮਲਿਆਂ ਨਾਲ ਹੋਏ ਕੁੱਲ ਨੁਕਸਾਨ ਦੀ ਪੂਰੀ ਤਸਵੀਰ ਅਜੇ ਸਾਫ਼ ਨਹੀਂ ਹੈ ਪਰ ਅਮਰੀਕੀ ਫੌਜੀ ਟਿਕਾਣਿਆਂ ਨੂੰ ਅੰਦਾਜ਼ਨ 80 ਕਰੋੜ ਡਾਲਰ ਦਾ ਨੁਕਸਾਨ ਦਰਸਾਉਂਦਾ ਹੈ। ਜਿਵੇਂ-ਜਿਵੇਂ ਸੰਘਰਸ਼ ਲੰਬਾ ਖਿੱਚ ਰਿਹਾ ਹੈ, ਅਮਰੀਕਾ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।

ਇਸ ਅਧਿਐਨ ਦੇ ਸਹਿ-ਲੇਖਕ ਅਤੇ ਸੀਐਸਆਈਐਸ ਨਾਲ ਜੁੜੇ ਸੀਨੀਅਰ ਸਲਾਹਕਾਰ ਮਾਰਕ ਕੈਂਸੀਅਨ ਨੇ ਕਿਹਾ, “ਖੇਤਰ ‘ਚ ਅਮਰੀਕੀ ਟਿਕਾਣਿਆਂ ਨੂੰ ਪਹੁੰਚਿਆ ਨੁਕਸਾਨ ਘੱਟ ਦਰਸਾਇਆ ਗਿਆ ਹੈ ਜਦੋਂਕਿ ਇਹ ਕਾਫੀ ਵੱਡੇ ਪੱਧਰ ‘ਤੇ ਹੋਇਆ ਜਾਪਦਾ ਹੈ ਪਰ ਪੂਰੀ ਜਾਣਕਾਰੀ ਮਿਲਣ ਤੱਕ ਕੁੱਲ ਨੁਕਸਾਨ ਦਾ ਸਹੀ ਅੰਕੜਾ ਪਤਾ ਨਹੀਂ ਲੱਗ ਸਕੇਗਾ।”

ਟਿੱਪਣੀ ਮੰਗਣ ‘ਤੇ ਜਵਾਬ ਵਿੱਚ ਅਮਰੀਕੀ ਰੱਖਿਆ ਵਿਭਾਗ ਨੇ ਇਸ ਜੰਗ ਦੀ ਅਗਵਾਈ ਕਰ ਰਹੇ ਯੂਐਸ ਸੈਂਟਰਲ ਕਮਾਂਡ ਕੋਲ ਬੀਬੀਸੀ ਨੂੰ ਭੇਜਿਆ ਪਰ ਉੱਥੋਂ ਦੇ ਅਧਿਕਾਰੀਆਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਕਿੱਥੇ-ਕਿੱਥੇ ਨੁਕਸਾਨ ?

ਜੰਗ ਤੋਂ ਪਹਿਲਾਂ ਬਹਿਰੀਨ ਸਥਿਤ ਅਮਰੀਕੀ ਫੌਜੀ ਨੇਵੀ ਅੱਡੇ ਦੀ ਸੈਟੇਲਾਈਟ ਤਸਵੀਰ

ਤਸਵੀਰ ਸਰੋਤ, Source: Planet Labs PBC, 2026

ਈਰਾਨ ਦੇ ਜਵਾਬੀ ਹਮਲਿਆਂ ‘ਚ ਜੌਰਡਨ, ਸੰਯੁਕਤ ਅਰਬ ਅਮੀਰਾਤ ਅਤੇ ਮੱਧ ਪੂਰਬ ਦੇ ਹੋਰਨਾਂ ਦੇਸ਼ਾਂ ‘ਚ ਅਮਰੀਕੀ ਏਅਰ ਡਿਫੈਂਸ ਅਤੇ ਸੈਟੇਲਾਈਟ ਸੰਚਾਰ ਸਿਸਟਮ ਸਣੇ ਕਈ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਸਭ ਤੋਂ ਵੱਡਾ ਨੁਕਸਾਨ ਜੌਰਡਨ ਦੇ ਇੱਕ ਏਅਰਬੇਸ ‘ਤੇ ਥਾਡ ਮਿਜ਼ਾਈਲ ਡਿਫੈਂਸ ਸਿਸਟਮ ਲਈ ਇਸਤੇਮਾਲ ਹੋ ਰਹੇ ਅਮਰੀਕੀ ਰਡਾਰ ‘ਤੇ ਹਮਲੇ ਦੀ ਵਜ੍ਹਾ ਕਰਕੇ ਹੋਇਆ।

ਸੀਐਸਆਈਐਸ ਨੇ ਰੱਖਿਆ ਵਿਭਾਗ ਦੇ ਬਜਟ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਹੈ ਜਿਸ ਮੁਤਾਬਕ ਏਐਨ/ਟੀਪੀਵਾਈ-2 ਰਡਾਰ ਸਿਸਟਮ ਦੀ ਕੀਮਤ ਕਰੀਬ 485 ਮਿਲੀਅਨ ਡਾਲਰ ਹੈ। ਇਹ ਏਅਰ ਡਿਫੈਂਸ ਸਿਸਟਮ ਲੰਬੀ ਦੂਰੀ ਤੋਂ ਬੈਲਿਸਟਿਕ ਮਿਜ਼ਾਇਲਾਂ ਨੂੰ ਰੋਕਣ ਲਈ ਇਸਤੇਮਾਲ ਹੁੰਦੇ ਹਨ।

ਈਰਾਨ ਦੇ ਹਮਲਿਆਂ ਨਾਲ ਖੇਤਰ ‘ਚ ਅਮਰੀਕਾ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਫੌਜੀ ਟਿਕਾਣਿਆਂ ਦੀਆਂ ਇਮਾਰਤਾਂ, ਸਹੂਲਤਾਂ ਅਤੇ ਹੋਰਨਾਂ ਢਾਂਚਿਆਂ ਨੂੰ ਵਾਧੂ 310 ਮਿਲੀਅਨ ਡਾਲਰ ਦਾ ਅੰਦਾਜ਼ਨ ਨੁਕਸਾਨ ਹੋਇਆ।

ਬੀਬੀਸੀ ਵੈਰੀਫਾਈ ਨੇ ਸੈਟੇਲਾਈਟ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸਦੇ ਮੁਤਾਬਕ, ਈਰਾਨ ਨੇ ਘੱਟੋ-ਘੱਟ ਤਿੰਨ ਏਅਰਬੇਸ ‘ਤੇ ਕਈ ਵਾਰ ਹਮਲਾ ਕੀਤਾ ਹੈ। ਵਾਰ-ਵਾਰ ਹੋਏ ਇਹ ਹਮਲੇ ਦਿਖਾਉਂਦੇ ਹਨ ਕਿ ਈਰਾਨ ਖਾਸ ਅਮਰੀਕੀ ਸੰਪਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਰਿਪੋਰਟ ਮੁਤਾਬਕ ਰੂਸ ਨੇ ਖੇਤਰ ‘ਚ ਅਮਰੀਕੀ ਫੌਜੀ ਬਲਾਂ ਨਾਲ ਜੁੜੀਆਂ ਖੂਫੀਆ ਜਾਣਕਾਰੀਆਂ ਤਹਿਰਾਨ ਨਾਲ ਸਾਂਝੀਆਂ ਕੀਤੀਆਂ ਹਨ।

ਈਰਾਨ

ਸੈਟੇਲਾਈਟ ਤਸਵੀਰਾਂ ‘ਚ ਤਿੰਨ ਏਅਰਬੇਸਾਂ – ਕੁਵੈਤ ਦੇ ਅਲੀ ਅਲ-ਸਲੀਮ ਬੇਸ, ਕਤਰ ਦੇ ਅਲ-ਉਦੀਦ ਅਤੇ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ‘ਤੇ ਤਾਜ਼ਾ ਨੁਕਸਾਨ ਦਿਖਾਈ ਦਿੱਤੇ ਹਨ।

28 ਫਰਵਰੀ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਜ਼ਰਾਇਲ ਨਾਲ ਮਿਲ ਕੇ ਈਰਾਨ ‘ਤੇ ਹਮਲੇ ਸ਼ੁਰੂ ਕਰਨ ਤੋਂ ਬਾਅਦ ਹੁਣ ਤੱਕ ਅਮਰੀਕਾ ਦੇ 13 ਫੌਜੀਆਂ ਦੀ ਵੀ ਮੌਤ ਹੋ ਚੁੱਕੀ ਹੈ।

ਅਮਰੀਕਾ ਸਥਿਤ ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ (ਐਚਆਰਏਐਨਏ) ਮੁਤਾਬਕ ਕੁੱਲ ਮ੍ਰਿਤਕਾਂ ਦੀ ਗਿਣਤੀ ਕਰੀਬ 3200 ਤੱਕ ਪਹੁੰਚ ਗਈ ਹੈ ਜਿਸ ‘ਚ 1400 ਨਾਗਰਿਕ ਸ਼ਾਮਿਲ ਹਨ।

ਟਰੰਪ ਨੇ ਕਿਹਾ ਹੈ ਕਿ ਅਮਰੀਕਾ, ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ, ਉਸਦੀ ਰਵਾਇਤੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨ ਅਤੇ ਖੇਤਰ ‘ਚ ਪ੍ਰੋਕਸੀ ਸਮੂਹਾਂ ਨੂੰ ਦਿੱਤੇ ਜਾ ਰਹੇ ਸਮਰਥਨ ਨੂੰ ਰੋਕਣ ਦੇ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ‘ਚ ਅੱਗੇ ਵੱਧ ਰਿਹਾ ਹੈ।

ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਇੱਕ ਸਮਾਗਮ ‘ਚ ਕਿਹਾ, “ਅਸੀਂ ਈਰਾਨ ‘ਚ ਬੇਹੱਦ ਚੰਗਾ ਕਰ ਰਹੇ ਹਾਂ।”

ਪਰ ਜੰਗ ਨੇ ਹੋਰਮੂਜ਼ ਸਟ੍ਰੇਟ ਦੇ ਲਗਭਗ ਬੰਦ ਹੋਣ, ਸੰਘਰਸ਼ ਦੀ ਮਿਆਦ ਨੂੰ ਲੈਕੇ ਅਨਿਸ਼ਚਿਤਤਾ ਅਤੇ ਕੀ ਟਰੰਪ ਜ਼ਮੀਨੀ ਫੌਜ ਭੇਜਣਗੇ, ਇਨ੍ਹਾਂ ਸਵਾਲਾਂ ਨੇ ਕੌਮਾਂਤਰੀ ਅਰਥਵਿਵਸਥਾ ਨੂੰ ਝਟਕਾ ਦਿੱਤਾ ਹੈ।

ਰਡਾਰ ‘ਤੇ ਖਾਸ ਨਿਸ਼ਾਨਾ

ਬਹਿਰੀਨ ਸਥਿਤ ਅਮਰੀਕੀ ਫੌਜੀ ਨੇਵੀ ਅੱਡੇ ਤੋਂ ਉੱਠਦਾ ਧੂੰਆਂ

ਤਸਵੀਰ ਸਰੋਤ, Source: Planet Labs PBC, 2026

ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ‘ਚ ਅਮਰੀਕੀ ਕੰਪਨੀਆਂ ਵੱਲੋਂ ਇਨ੍ਹਾਂ ਤਸਵੀਰਾਂ ਦੇ ਜਾਰੀ ਕਰਨ ‘ਤੇ ਲਾਈਆਂ ਪਾਬੰਦੀਆਂ ਕਾਰਨ ਰੁਕਾਵਟਾਂ ਆਈਆਂ ਹਨ।

ਫਿਰ ਵੀ ਖੇਤਰ ‘ਚ ਅਮਰੀਕੀ ਫੌਜੀ ਹਿੱਤਾਂ ਖਿਲਾਫ ਈਰਾਨ ਦੀ ਜਵਾਬੀ ਕਾਰਵਾਈ ‘ਚ ਕੁਝ ਪੈਟਰਨ ਪਛਾਣੇ ਜਾ ਸਕਦੇ ਹਨ।

ਈਰਾਨ ਦੇ ਬਹਿਰੀਨ ‘ਚ ਅਮਰੀਕੀ ਫੌਜੀ ਨੇਵੀ ਅੱਡੇ ‘ਤੇ ਕੀਤੇ ਗਏ ਸ਼ੁਰੂਆਤੀ ਹਮਲਿਆਂ ਦੇ ਨਾਲ ਹੀ ਰਡਾਰ ਅਤੇ ਸੈਟੇਲਾਈਟ ਸਿਸਟਮ ਨਿਸ਼ਾਨੇ ‘ਤੇ ਆ ਗਏ ਸਨ। ਇਹ ਆਧੁਨਿਕ ਫੌਜੀ ਅਭਿਆਨਾਂ ਦੇ ਅੱਖ-ਨੱਕ ਵਾਂਗ ਕੰਮ ਕਰਦੇ ਹਨ।

ਸੈਟੇਲਾਈਟ ਤਸਵੀਰਾਂ ‘ਚ ਖਾਸ ਤੌਰ ‘ਤੇ ਦੋ ਰੇਡੋਮ (ਅਜਿਹੇ ਸੰਵੇਦਨਸ਼ੀਲ ਉਪਕਰਨਾਂ ਨੂੰ ਢੱਕਣ ਵਾਲੇ ਸੁਰੱਖਿਅਤ ਢਾਂਚੇ) ਦੇ ਤਬਾਹ ਹੋਣ ਦੀ ਪੁਸ਼ਟੀ ਹੋਈ ਹੈ। ਬਹੁਤ ਸੰਭਾਵਨਾ ਹੈ ਕਿ ਅਸਲੀ ਸਿਸਟਮ ਵੀ ਨੁਕਸਾਨੇ ਗਏ ਹੋਣ। ਹਾਲਾਂਕਿ ਨੁਕਸਾਨ ਦੀ ਹੱਦ ਦਾ ਮੁਲਾਂਕਣ ਸੰਭਵ ਨਹੀਂ ਹੈ।

ਈਰਾਨ

ਕੁਵੈਤ ‘ਚ ਅਮਰੀਕੀ ਫੌਜੀ ਸੁਵਿਧਾ ਕੈਂਪ ਅਰਿਫ਼ਜਾਨ ਅਤੇ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ‘ਤੇ ਰਡਾਰ ਸਾਈਟਸ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਅਮਰੀਕੀ ਜਹਾਜ਼ ਮੌਜੂਦ ਹਨ। ਬਾਅਦ ਦੀਆਂ ਤਸਵੀਰਾਂ ‘ਚ ਥਾਡ ਏਅਰ ਡਿਫੈਂਸ ਸਿਸਟਮ ਦੇ ਰਡਾਰ ਵਾਲੇ ਹਿੱਸੇ ਤੋਂ ਧੂੰਆਂ ਉੱਠਦਾ ਦਿਖਾਈ ਦਿੱਤਾ ਹੈ।

ਯੂਏਈ ਅਤੇ ਜੌਰਡਨ ‘ਚ ਅਮਰੀਕੀ ਟਿਕਾਣਿਆਂ ‘ਤੇ ਥਾਡ ਸਿਸਟਮ ਨੂੰ ਹੋਰ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਇਸਦੀ ਲਾਗਤ ਕਿੰਨੀ ਹੈ, ਇਹ ਸਪੱਸ਼ਟ ਨਹੀਂ ਹੈ। ਇਨ੍ਹਾਂ ਸਿਸਟਮ ਦੇ ਕਮਜ਼ੋਰ ਹੋਣ ਕਾਰਨ ਅਮਰੀਕਾ ਨੇ ਕਥਿਤ ਤੌਰ ‘ਤੇ ਦੱਖਣੀ ਕੋਰੀਆ ਤੋਂ ਥਾਡ ਦੇ ਕੁੱਝ ਹਿੱਸਿਆਂ ਨੂੰ ਮੱਧ ਪੂਰਬ ‘ਚ ਫਿਰ ਤੋਂ ਤੈਨਾਤ ਕੀਤਾ।

ਈਰਾਨ ਦੇ ਜਵਾਬੀ ਹਮਲਿਆਂ ਨਾਲ ਹੋਇਆ ਨੁਕਸਾਨ ਇਸ ਜੰਗ ‘ਚ ਅਮਰੀਕਾ ਦੇ ਕੁੱਲ ਖਰਚ ਦਾ ਸਿਰਫ ਇੱਕ ਹਿੱਸਾ ਹੈ।

ਰਿਪੋਰਟ ਮੁਤਾਬਕ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਾਂਗਰਸ ਨੂੰ ਦੱਸਿਆ ਕਿ ਜੰਗ ਦੇ ਪਹਿਲੇ ਛੇ ਦਿਨਾਂ ‘ਚ 11.3 ਅਰਬ ਡਾਲਰ ਦਾ ਖਰਚ ਆਇਆ।

ਸੀਐਸਆਈਐਸ ਮੁਤਾਬਕ ਪਹਿਲੇ 12 ਦਿਨਾਂ ‘ਚ ਇਹ ਖਰਚ 16.5 ਅਰਬ ਡਾਲਰ ਹੋ ਗਿਆ।

ਪੇਂਟਾਗਨ ਇਸ ਜੰਗ ਲਈ 200 ਅਰਬ ਡਾਲਰ ਦੀ ਵਾਧੂ ਫੰਡਿੰਗ ਦੀ ਮੰਗ ਕਰ ਰਿਹਾ ਹੈ। ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀਰਵਾਰ ਨੂੰ ਕਿਹਾ ਕਿ ਇਹ ਅੰਕੜਾ “ਬਦਲ ਸਕਦਾ ਹੈ। ਬੁਰੇ ਲੋਕਾਂ ਨੂੰ ਮਾਰਨ ਲਈ ਪੈਸੇ ਲੱਗਦੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI