Source :- BBC PUNJABI
ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਬਜਟ ਦੌਰਾਨ ਪੰਜਾਬ ਵਿੱਚ 16 ਮੈਡੀਕਲ ਬਣਾਉਣ ਦਾ ਐਲਾਨ ਕੀਤਾ ਸੀ। ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਸ਼ਾਸਨ ਦੌਰਾਨ ਅਜੇ ਤੱਕ ਇੱਕ ਵੀ ਮੈਡੀਕਲ ਕਾਲਜ ਤਿਆਰ ਨਹੀਂ ਹੋਇਆ ਹੈ।
ਹਾਲਾਂਕਿ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਸੱਤ ਨਵੇਂ ਕਾਲਜ ਸਥਾਪਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਸੱਤ ਕਾਲਜਾਂ ਵਿੱਚ ਇੱਕ ਕਾਲਜ ਦਾ ਉਸਾਰੀ ਕੰਮ ਇਸੇ ਮਹੀਨੇ (ਮਾਰਚ) ਸ਼ੁਰੂ ਹੋ ਜਾਵੇਗਾ।
ਪੰਜਾਬ ਵਿੱਚ ਪਿਛਲੇ 53 ਸਾਲਾਂ ਵਿੱਚ ਸਿਰਫ਼ ਇੱਕ ਸਰਕਾਰੀ ਮੈਡੀਕਲ ਕਾਲਜ ਖੋਲ੍ਹਿਆ ਹੈ। ਵਿਰੋਧੀ ਪਾਰਟੀਆਂ ਵੀ ਵਾਰ-ਵਾਰ ਪੰਜਾਬ ਸਰਕਾਰ ਨੂੰ ਮੈਡੀਕਲ ਕਾਲਜਾਂ ਦੇ ਮੁੱਦੇ ਉੱਤੇ ਘੇਰਦੀਆਂ ਹਨ।
ਹਾਲ ਹੀ ਵਿੱਚ ਖ਼ਤਮ ਹੋਏ ਬਜਟ ਸੈਸ਼ਨ ਵਿੱਚ ਵੀ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਮੈਡੀਕਲ ਦੇ ਮੁੱਦਿਆਂ ਉੱਤੇ ਘੇਰਿਆ ਸੀ।
ਪੰਜਾਬ ਵਿੱਚ ਮੌਜੂਦਾ ਸਮੇਂ ਸਿਰਫ਼ ਚਾਰ ਸਰਕਾਰੀ ਮੈਡੀਕਲ ਕਾਲਜ ਹਨ। ਇਹ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਅਤੇ ਮੁਹਾਲੀ ਵਿੱਚ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ 9 ਨਿੱਜੀ ਮੈਡੀਕਲ ਕਾਲਜ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਐਲਾਨ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ ਆਉਣ ਉਤੇ ਹਰ ਇੱਕ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ। ਇਨ੍ਹਾਂ ਕਾਲਜਾਂ ਵਿੱਚ 50% ਸੀਟਾਂ ਗਰੀਬਾਂ ਦੇ ਬੱਚਿਆਂ ਲਈ ਰਾਖਵੀਆਂ ਹੋਣਗੀਆਂ।
ਤਸਵੀਰ ਸਰੋਤ, Dr. Jaspal Singh
ਮੈਡੀਕਲ ਕਾਲਜਾਂ ਦੀ ਲੋੜ ਕਿਉਂ
ਪੰਜਾਬ ਦੀ ਕਈ ਜ਼ਿਲ੍ਹਿਆਂ ਵਿੱਚ ਬਤੌਰ ਸਿਵਲ ਸਰਜਨ ਤਾਇਨਾਤ ਰਹੇ ਡਾ. ਜਸਬੀਰ ਔਲਖ (ਸੇਵਾਮੁਕਤ) ਕਹਿੰਦੇ ਹਨ, “ਸਿਹਤ ਸੰਭਾਲ ਦੇ ਢਾਂਚੇ ਨੂੰ ਸੁਧਾਰਨ ਅਤੇ ਮਜ਼ਬੂਤ ਕਰਨ ਲਈ ਮੈਡੀਕਲ ਕਾਲਜ ਦਾ ਵੱਧਣਾ ਬਹੁਤ ਮਹੱਤਵਪੂਰਨ ਹੈ।”
“ਜਦੋਂ ਇੱਕ ਮੈਡੀਕਲ ਕਾਲਜ ਬਣਦਾ ਹੈ ਤਾਂ ਉਸ ਨਾਲ ਇੱਕ ਟਰਸ਼ਰੀ ਹੈਲਥਕੇਅਰ ਸੈਂਟਰ (ਤੀਜੇ ਦਰਜੇ ਦਾ ਸਿਹਤ ਸੰਭਾਲ ਕੇਂਦਰ ਜਿੱਥੇ ਵਿਸ਼ੇਸ਼ ਇਲਾਜ ਦੀਆਂ ਸਹੂਲਤਾਂ ਮੌਜੂਦ ਹੁੰਦੀਆਂ ਹਨ) ਵੀ ਸਥਾਪਿਤ ਹੁੰਦਾ ਹੈ। ਇਸ ਕੇਂਦਰ ਵਿੱਚ ਸਰਬਉੱਤਮ ਅਤੇ ਵਿਸ਼ੇਸ਼ ਪੱਧਰ ਦੀਆਂ ਸਿਹਤ ਸੰਭਾਲ ਅਤੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪ੍ਰਾਇਮਰੀ ਅਤੇ ਸੈਕੰਡਰੀ ਹਸਪਤਾਲਾਂ ਤੋਂ ਮਰੀਜ਼ਾਂ ਨੂੰ ਅਜਿਹੇ ਕੇਂਦਰਾਂ ਵਿੱਚ ਹੀ ਰੈਫਰ ਕੀਤਾ ਜਾਂਦਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਪੰਜਾਬ ਵਿੱਚ ਚਾਰ ਕਾਲਜ ਹੋਣ ਕਰਕੇ ਤੀਜੇ ਦਰਜੇ ਦੇ ਸਿਹਤ ਸੰਭਾਲ ਕੇਂਦਰ ਚਾਰ ਹੀ ਹਨ। ਤੀਜੇ ਦਰਜੇ ਦੇ ਸਿਹਤ ਸੰਭਾਲ ਕੇਂਦਰਾਂ ਦੀ ਘਾਟ ਕਰਕੇ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਜਾਂ ਦੂਰ-ਦੂਰਾਡੇ ਦੇ ਟਰਸ਼ਰੀ ਸੈਂਟਰਾਂ ਵਿੱਚ ਜਾਣਾ ਪੈਂਦਾ ਹੈ।”
“ਅਜਿਹੇ ਵਿੱਚ ਇੱਕ ਤਾਂ ਇਲਾਜ ਗਰੀਬ ਵਿਅਕਤੀ ਦੀ ਪਹੁੰਚ ਤੋਂ ਦੂਰ ਹੁੰਦਾ ਹੈ। ਦੂਸਰਾ ਮਰੀਜ਼ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ। ਮਰੀਜ਼ ਨੂੰ ਦੂਰ-ਦੁਰਾਡੇ ਦੇ ਸਰਕਾਰੀ ਟਰਸ਼ਰੀ ਹੈਲਥਕੇਅਰ ਸੈਂਟਰ ਵਿੱਚ ਲੈ ਕੇ ਜਾਣ ਵਿੱਚ ਜ਼ਰੂਰੀ ਸਮਾਂ ਬਰਬਾਦ ਹੋ ਜਾਂਦਾ ਹੈ। ਕਈ ਵਾਰੀ ਇਹ ਸਮਾਂ ਮਰੀਜ਼ ਦੇ ਇਲਾਜ ਲਈ ਫ਼ੈਸਲਾਕੁੰਨ ਹੁੰਦਾ ਹੈ।”
ਡਾ ਜਸਬੀਰ ਕਹਿੰਦੇ ਹਨ, “ਲੁਧਿਆਣਾ ਇੱਕ ਵੱਡਾ ਸ਼ਹਿਰ ਅਤੇ ਜ਼ਿਲ੍ਹਾ ਹੈ ਪਰ ਉੱਥੇ ਸਰਬਉੱਤਮ ਅਤੇ ਵਿਸ਼ੇਸ਼ ਪੱਧਰ ਦੀਆਂ ਸਿਹਤ ਸੰਭਾਲ ਅਤੇ ਡਾਕਟਰੀ ਸੇਵਾਵਾਂ ਦੇਣ ਦਾ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ। ਮਜਬੂਰੀ ਵੱਸ ਲੋਕਾਂ ਨੂੰ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ।”
“ਲੁਧਿਆਣੇ ਅਤੇ ਮਾਲਵੇ ਦੇ ਕਈ ਹੋਰ ਜ਼ਿਲ੍ਹਿਆਂ ਦੇ ਮਰੀਜ਼ਾਂ ਵੀ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿੱਚ ਆਉਂਦੇ ਹਨ।”

ਮਹਿੰਗੀ ਮੈਡੀਕਲ ਸਿੱਖਿਆ
ਡਾ. ਜਸਬੀਰ ਦੱਸਦੇ ਹਨ, “ਮੈਡੀਕਲ ਕਾਲਜਾਂ ਦੀ ਅਣਹੋਂਦ ਇਕੱਲੇ ਇਲਾਜ ਉੱਤੇ ਅਸਰ ਨਹੀਂ ਪਾਉਂਦੀ, ਸਗੋਂ ਇਲਾਜ ਕਰਨ ਵਾਲੇ ਡਾਕਟਰ ਪੈਦਾ ਕਰਨ ਉੱਤੇ ਵੀ ਅਸਰ ਪੈਂਦਾ ਹੈ। ਮੈਡੀਕਲ ਸਿੱਖਿਆ ਬਹੁਤ ਮਹਿੰਗੀ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ।”
ਉਹ ਕਹਿੰਦੇ ਹਨ, “ਮੈਡੀਕਲ ਕਾਲਜਾਂ ਦੀ ਘਾਟ ਕਰਕੇ ਸਰਕਾਰ ਕਾਲਜਾਂ ਵਿੱਚ ਸੀਟਾਂ ਸੀਮਤ ਹੁੰਦੀਆਂ ਹਨ। ਸਿੱਟੇ ਵਜੋਂ ਡਾਕਟਰ ਬਣਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਨਿੱਜੀ ਮੈਡੀਕਲ ਕਾਲਜਾਂ, ਸੂਬੇ ਅਤੇ ਦੇਸ਼ ਦੇ ਬਾਹਰ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣਾ ਪੈਂਦਾ ਹੈ।”
“ਨਿੱਜੀ ਮੈਡੀਕਲ ਕਾਲਜਾਂ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਦੇ ਮੁਕਾਬਲੇ ਫ਼ੀਸਾਂ ਬਹੁਤ ਵੱਧ ਹੁੰਦੀਆਂ ਹਨ। ਪੰਜਾਬ ਦੇ ਕਈ ਵਿਦਿਆਰਥੀ ਮੈਡੀਕਲ ਸਿੱਖਿਆ ਵਾਸਤੇ ਭਾਰਤ ਦੇ ਹੋਰਨਾਂ ਸੂਬਿਆਂ ਅਤੇ ਹੋਰਨਾਂ ਦੇਸ਼ਾਂ ਵਿੱਚ ਜਾਂਦੇ ਹਨ।”
ਉਹ ਦੱਸਦੇ ਹਨ, “ਰਸ਼ੀਆ-ਯੂਕਰੇਨ ਯੁੱਧ ਦੌਰਾਨ ਕਈ ਭਾਰਤੀ ਅਤੇ ਪੰਜਾਬ ਦੇ ਵਿਦਿਆਰਥੀ ਯੂਕਰੇਨ ਵਿੱਚ ਫਸ ਗਏ ਸਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਮੈਡੀਕਲ ਦੀ ਸਿੱਖਿਆ ਲੈਣ ਗਏ ਵਿਦਿਆਰਥੀਆਂ ਦੀ ਸੀ।”
ਤਸਵੀਰ ਸਰੋਤ, gmcpatiala.edu.in
ਸਰਕਾਰੀ ਮੈਡੀਕਲ ਕਾਲਜ, ਪਟਿਆਲਾ
ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੀ ਵੈਬਸਾਈਟ ਮੁਤਾਬਕ ਇਹ ਕਾਲਜ 29 ਸਤੰਬਰ, 1953 ਨੂੰ ਭਾਰਤ ਸਰਕਾਰ ਦੇ ਰਾਸ਼ਟਰਪਤੀ ਸ਼ਾਸਨ ਅਧੀਨ, ਪੈਪਸੂ ਰਾਜ ਦੀ ਰਾਜਧਾਨੀ, ਜੋ ਉਸ ਸਮੇਂ ਪੰਜਾਬ ਤੋਂ ਵੱਖਰਾ ਰਾਜ ਸੀ, ਪਟਿਆਲਾ ਵਿਖੇ ਸ਼ੁਰੂ ਹੋਇਆ ਸੀ।
ਇਹ ਪੈਪਸੂ ਰਾਜ ਦਾ ਪਹਿਲਾ ਮੈਡੀਕਲ ਕਾਲਜ ਸੀ। ਜਦੋਂ ਕਾਲਜ ਸ਼ੁਰੂ ਹੋਇਆ ਤਾਂ ਰਾਜਿੰਦਰਾ ਹਸਪਤਾਲ, ਪਟਿਆਲਾ ਨਿਰਮਾਣ ਅਧੀਨ ਸੀ। ਕਾਲਜ ਦੀ ਇਮਾਰਤ ਦਾ ਨੀਂਹ ਪੱਥਰ 21 ਦਸੰਬਰ 1953 ਨੂੰ ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦੁਆਰਾ ਰੱਖਿਆ ਗਿਆ ਸੀ।
ਰਾਜਿੰਦਰਾ ਹਸਪਤਾਲ, ਪਟਿਆਲਾ ਦਾ ਉਦਘਾਟਨ ਸਮਾਗਮ 1954 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਕੀਤਾ ਗਿਆ ਸੀ।
ਤਸਵੀਰ ਸਰੋਤ, www.gmc.edu.in
ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ
ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੀ ਵੈਬਸਾਈਟ ਮੁਤਾਬਕ, ਇਹ ਕਾਲਜ 1864 ਵਿੱਚ ਲਾਹੌਰ ਵਿੱਚ ਇੱਕ ਮੈਡੀਕਲ ਸਕੂਲ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਸੀ। ਇਹ ਸਕੂਲ ਅਣਵੰਡੇ ਪੰਜਾਬ ਦੀ ਰਾਜਧਾਨੀ ਵਿੱਚ 1920 ਵਿੱਚ ਅੰਮ੍ਰਿਤਸਰ ਵਿੱਚ ਤਬਦੀਲ ਹੋਣ ਤੱਕ ਕੰਮ ਕਰਦਾ ਰਿਹਾ।
ਸਕੂਲ ਨੂੰ 1943 ਵਿੱਚ ਮੈਡੀਕਲ ਕਾਲਜ ਦੇ ਦਰਜੇ ਵਿੱਚ ਅਪਗ੍ਰੇਡ ਕੀਤਾ ਗਿਆ ਸੀ, ਜਿਸਦਾ ਨੀਂਹ ਪੱਥਰ 1 ਫਰਵਰੀ, 1944 ਨੂੰ ਪੰਜਾਬ ਦੇ ਪ੍ਰੀਮੀਅਰ ਲੈਫਟੀਨੈਂਟ ਕਰਨਲ ਨਵਾਬ ਖਿਜਰ ਟਿਵਾਣਾ ਦੁਆਰਾ ਰੱਖਿਆ ਗਿਆ ਸੀ।
ਤਸਵੀਰ ਸਰੋਤ, ggsmch.org
ਫਰੀਦਕੋਟ ਅਤੇ ਮੁਹਾਲੀ ਵਿੱਚ ਮੈਡੀਕਲ ਕਾਲਜ ਕਦੋਂ ਸ਼ੁਰੂ ਹੋਏ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਸਥਾਪਨਾ ਸਾਲ 1973 ਵਿੱਚ ਹੋਈ ਸੀ। ਪੰਜਾਬ ਸਰਕਾਰ ਨੇ ਸਾਲ 2006 ਵਿੱਚ ਇਸ ਕਾਲਜ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਨੂੰ ਇਸਦੇ ਕਾਨਸੀਟਿਊਟ ਮੈਡੀਕਲ ਕਾਲਜ ਵਜੋਂ ਤਬਦੀਲ ਕਰ ਦਿੱਤਾ ਸੀ।
ਇਸੇ ਤਰ੍ਹਾਂ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ਮੋਹਾਲੀ) ਸਾਲ 2021 ਵਿੱਚ ਸ਼ੁਰੂ ਹੋਇਆ ਸੀ।
ਪੰਜਾਬ ਵਿੱਚ ਕਿੰਨੇ ਮੈਡੀਕਲ ਕਾਲਜ ਬਣਾਉਣ ਦੀ ਯੋਜਨਾ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਮੁਤਾਬਕ ਸੂਬੇ ਵਿੱਚ ਸੱਤ ਨਵੇਂ ਮੈਡੀਕਲ ਕਾਲਜ ਸਥਾਪਤ ਕੀਤੇ ਜਾ ਰਹੇ ਹਨ।
ਇਸ ਪ੍ਰੋਜੈਕਟ ਵਿੱਚ ਦੋ ਸਰਕਾਰੀ ਮੈਡੀਕਲ ਕਾਲਜ, ਦੋ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮੋਡ ਅਧੀਨ ਅਤੇ ਤਿੰਨ ਨਿੱਜੀ ਅਤੇ ਘੱਟ ਗਿਣਤੀ ਸੰਸਥਾਵਾਂ ਦੇ ਸਹਿਯੋਗ ਰਾਹੀਂ ਸਥਾਪਿਤ ਕੀਤੇ ਜਾ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਸੱਤ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ ਸੂਬੇ ਦੀ ਮੈਡੀਕਲ ਸਿੱਖਿਆ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ ਅਤੇ ਸਥਾਨਕ ਵਿਦਿਆਰਥੀਆਂ ਨੂੰ ਹੁਣ ਮੈਡੀਕਲ ਡਿਗਰੀਆਂ ਪ੍ਰਾਪਤ ਕਰਨ ਲਈ ਯੂਕਰੇਨ, ਚੀਨ ਜਾਂ ਨੇਪਾਲ ਵਰਗੇ ਦੇਸ਼ਾਂ ਵਿੱਚ ਨਹੀਂ ਜਾਣਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 1,900 ਐੱਮਬੀਬੀਐੱਸ ਸੀਟਾਂ ਵਾਲੇ 13 ਮੈਡੀਕਲ ਕਾਲਜ ਹਨ। ਇਨ੍ਹਾਂ ਨਵੇਂ ਕਾਲਜਾਂ ਨਾਲ, ਲਗਭਗ 600 ਹੋਰ ਸੀਟਾਂ ਵੱਧ ਜਾਣਗੀਆਂ।
ਤਸਵੀਰ ਸਰੋਤ, Gurminder Garewal/bbc
ਪਹਿਲਾਂ ਕਾਲਜ ਕਦੋਂ ਤੱਕ ਬਣੇਗਾ
ਪੰਜ ਮਾਰਚ ਨੂੰ ਇੱਕ ਪ੍ਰੈਸ ਰਿਲੀਜ਼ ਡਾ. ਬਲਬੀਰ ਸਿੰਘ ਨੇ ਕਿਹਾ, “ਹੁਸ਼ਿਆਰਪੁਰ ਵਿੱਚ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨਿਰਮਾਣ ਕਾਰਜ 20 ਮਾਰਚ ਨੂੰ ਸ਼ੁਰੂ ਹੋਣ ਵਾਲਾ ਹੈ, ਜਿਸਦੀ ਕੁੱਲ ਮਿਆਦ 24 ਮਹੀਨੇ ਹੈ। ਇਹ ਮਾਰਚ 2028 ਵਿੱਚ ਪੂਰਾ ਹੋਵੇਗਾ।”
“ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ₹274.75 ਕਰੋੜ ਦੀ ਪ੍ਰਸ਼ਾਸਕੀ ਪ੍ਰਵਾਨਗੀ ਮਿਲ ਗਈ ਹੈ। ਇਸ ਵਿੱਚ 300 ਬਿਸਤਰਿਆਂ ਵਾਲਾ ਹਸਪਤਾਲ ਦੇ ਨਾਲ-ਨਾਲ ਇੱਕ ਮੈਡੀਕਲ ਕਾਲਜ ਵੀ ਹੋਵੇਗਾ ਜਿਸ ਵਿੱਚ 100 ਸੀਟਾਂ ਵਾਲਾ ਸਾਲਾਨਾ ਐਮਬੀਬੀਐਸ ਦਾਖਲਾ ਹੋਵੇਗਾ।”
ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਨੇ ਪ੍ਰੋਜੈਕਟ ਲਾਗਤ ਨੂੰ ਸ਼ੁਰੂਆਤੀ 550 ਕਰੋੜ ਰੁਪਏ ਦੇ ਅਨੁਮਾਨ ਤੋਂ ਘਟਾ ਕੇ 274 ਕਰੋੜ ਰੁਪਏ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਨਾਲ ਲਗਭਗ 250 ਕਰੋੜ ਰੁਪਏ ਜਨਤਕ ਫੰਡਾਂ ਦੀ ਬਚਤ ਹੋਈ ਹੈ।”
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਪ੍ਰਾਜੈਕਟ ਵਿੱਚ ਪੰਜ ਮੰਜ਼ਿਲਾ ਹਸਪਤਾਲ ਦੀ ਇਮਾਰਤ ਅਤੇ ਇੱਕ ਤਿੰਨ ਮੰਜ਼ਿਲਾ ਮੈਡੀਕਲ ਕਾਲਜ ਦੀ ਇਮਾਰਤ ਸ਼ਾਮਲ ਹੋਵੇਗੀ।
“ਇਹ ਆਧੁਨਿਕ ਪ੍ਰਯੋਗਸ਼ਾਲਾਵਾਂ, ਇੱਕ ਲਾਇਬ੍ਰੇਰੀ ਅਤੇ ਇੱਕ 500 ਸੀਟਾਂ ਵਾਲਾ ਆਡੀਟੋਰੀਅਮ ਨਾਲ ਲੈਸ ਹੋਵੇਗੀ। ਕਲੀਨਿਕਲ ਬੁਨਿਆਦੀ ਢਾਂਚੇ ਵਿੱਚ ਆਈਸੀਯੂ, ਜਨਰਲ ਸਰਜਰੀ, ਆਰਥੋਪੈਡਿਕਸ ਅਤੇ ਮਨੋਵਿਗਿਆਨ ਸਮੇਤ ਐਮਆਰਆਈ ਅਤੇ ਸੀਟੀ ਸਕੈਨ ਵਰਗੇ ਉੱਨਤ ਡਾਇਗਨੌਸਟਿਕਸ ਸਹੂਲਤਾਂ ਸ਼ਾਮਲ ਹੋਣਗੀਆਂ।”

ਮੈਡੀਕਲ ਕਾਲਜ ਕਿੱਥੇ ਤੇ ਕਿਵੇਂ ਬਣਨਗੇ
ਡਾ. ਬਲਬੀਰ ਸਿੰਘ ਨੇ ਕਿਹਾ, “ਕਪੂਰਥਲਾ ਵਿੱਚ ਵੀ ਇੱਕ ਹੋਰ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ। ਇਸਦੀ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਉਸਾਰੀ ਜਲਦੀ ਹੀ ਸ਼ੁਰੂ ਹੋ ਜਾਵੇਗੀ। ਪੀਪੀਪੀ ਮੋਡ ਅਧੀਨ ਸਥਾਪਿਤ ਕੀਤੇ ਜਾਣ ਵਾਲੇ ਕਾਲਜ ਸੰਗਰੂਰ ਅਤੇ ਐਸਬੀਐਸ ਨਗਰ ਵਿੱਚ ਬਣਨਗੇ, ਜਿਨ੍ਹਾਂ ਦੀਆਂ ਟੈਂਡਰ ਪ੍ਰਕਿਰਿਆਵਾਂ ਚੱਲ ਰਹੀਆਂ ਹਨ।”
ਉਨ੍ਹਾਂ ਕਿਹਾ, “ਜੈਨ ਘੱਟ ਗਿਣਤੀ ਕਾਲਜ ਲਹਿਰਾਗਾਗਾ ਵਿੱਚ ਬਣ ਰਿਹਾ ਹੈ। ਇਸ ਲਈ ਸਰਕਾਰ ਨੇ ਇੱਕ ਐਮਓਯੂ ‘ਤੇ ਦਸਤਖਤ ਕਰਨ ਤੋਂ ਬਾਅਦ ਜ਼ਮੀਨ ਲੀਜ਼ ‘ਤੇ ਲਈ ਹੈ।ਮਲੇਰਕੋਟਲਾ ਵਿੱਚ ਸਥਾਪਤ ਹੋਣ ਵਾਲੇ ਮੁਸਲਿਮ ਘੱਟ ਗਿਣਤੀ ਕਾਲਜ ਬਾਰੇ ਡੀਪੀਆਰ (ਡੀਟੇਲਡ ਪ੍ਰਾਜੈਕਟ ਰਿਪੋਰਟ)ਕੇਂਦਰ ਸਰਕਾਰ ਨੂੰ ਜਮ੍ਹਾਂ ਕਰਵਾ ਦਿੱਤੀ ਹੈ। ਇਸੇ ਤਰ੍ਹਾ ਇੱਕ ਮੈਡੀਕਲ ਕਾਲਜ ਵੀ ਲੁਧਿਆਣਾ ਦੇ ਨੇੜੇ ਬਣ ਰਿਹਾ ਹੈ।”
ਤਸਵੀਰ ਸਰੋਤ, Getty Images
ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹੁਣ ਤੱਕ ਸੰਗਰੂਰ ਮੈਡੀਕਲ ਕਾਲਜ ਦਾ ਪਹਿਲਾ ਬੈਚ ਦੂਜੇ ਸਾਲ ਵਿੱਚ ਹੋ ਜਾਣਾ ਸੀ। ਪਰ ਹੁਣ ਜਗ੍ਹਾ ਬਦਲਣੀ ਪੈ ਰਹੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ 2022 ਵਿੱਚ ਸੰਗਰੂਰ ਵਿੱਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਪਰ ਕਾਲਜ ਲਈ ਚੁਣੀ ਗਈ ਜ਼ਮੀਨ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਈ ਸੀ।
ਉਨ੍ਹਾਂ ਕਿਹਾ, “ਦੂਜਾ ਕਾਲਜ ਲਹਿਰਾਗਾਗਾ ਵਿੱਚ ਜੈਨ ਭਾਈਚਾਰੇ ਨਾਲ ਮਿਲ ਕੇ ਬਣਾਇਆ ਜਾਵੇਗਾ। ਪੰਜਾਬ ਸਰਕਾਰ ਨੇ ਇਸ ਕਾਲਜ ਵਿੱਚ ਆਪਣੀਆਂ ਸੀਟਾਂ ਦਾ ਕੋਟਾ ਰੱਖਿਆ ਹੈ। ਇਹ ਕਾਲਜ ਬੰਦ ਪਏ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਵਿੱਚ ਬਣੇਗਾ।”
“ਦੋ ਕਾਲਜ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਬਣਨਗੇ। ਇਨ੍ਹਾਂ ਦੇ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ। ਇੱਕ ਮਲੇਰਕੋਟਲੇ ਵਿੱਚ ਬਣੇਗਾ। ਇਸ ਕਾਲਜ ਵਾਸਤੇ ਵੀ ਜਗ੍ਹਾ ਚੁਣ ਲਈ ਗਈ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


