Source :- BBC PUNJABI
ਤਸਵੀਰ ਸਰੋਤ, Getty Images
ਮਾਰਚ 1823 ਵਿੱਚ ਬਸੰਤ ਦੇ ਮੌਸਮ ਦੀਆਂ ਬਾਰਸ਼ਾਂ ਦੇਰ ਨਾਲ ਹੋਈਆਂ ਅਤੇ ਸਿੰਧੂ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਹੋ ਗਿਆ ਸੀ।
ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਹੁੰਡ ਪਿੰਡ ਦੇ ਨੇੜੇ ਉਸੇ ਇਤਿਹਾਸਕ ਘਾਟ ਤੋਂ ਦਰਿਆ ਪਾਰ ਕਰਨ ਦਾ ਫ਼ੈਸਲਾ ਕੀਤਾ, ਜਿਥੋਂ ਉਨ੍ਹਾਂ ਤੋਂ ਪਹਿਲਾਂ ਕਈ ਜਿੱਤਣ ਵਾਲੇ ਹਾਕਮ ਲੰਘ ਚੁੱਕੇ ਸਨ।
ਓਲਾਫ਼ ਕਾਰੋ ਨੇ ਆਪਣੀ ਕਿਤਾਬ ‘ਦਿ ਪਠਾਨਜ਼’ ਵਿੱਚ ਲਿਖਿਆ ਹੈ ਕਿ 18ਵੀਂ ਸਦੀ ਦੇ ਮੱਧ ਤੋਂ ਰਾਜ ਕਰ ਰਹੇ ਦੁਰ੍ਰਾਨੀ ਅਫ਼ਗ਼ਾਨਾਂ ਨੇ 1818 ਵਿੱਚ ਮੁਲਤਾਨ ਅਤੇ ਅਗਲੇ ਸਾਲ ਕਸ਼ਮੀਰ ਦੇ ਨਾਲ ਹੀ ਸਿੰਧੂ ਦਰਿਆ ਦੇ ਪੂਰਬ ਵਾਲੇ ਹਿੱਸੇ ਉੱਤੇ ਆਪਣਾ ਸਾਰਾ ਕਬਜ਼ਾ ਗੁਆ ਦਿੱਤਾ ਸੀ।
ਲਾਹੌਰ ਤੋਂ ਰਾਜ ਕਰਨ ਵਾਲੇ ਸਿੱਖ ਸ਼ਾਸਕ ਰਣਜੀਤ ਸਿੰਘ ਨੇ ਦਰਿਆ ਦੇ ਅਫ਼ਗ਼ਾਨਿਸਤਾਨ ਵਾਲੇ ਹਿੱਸੇ ਉੱਤੇ ਮਜ਼ਬੂਤ ਪਕੜ ਬਣਾ ਲਈ ਸੀ।
ਅਗਲੇ ਦੋ ਸਾਲਾਂ ਵਿੱਚ ਰਣਜੀਤ ਸਿੰਘ ਨੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ।
ਉਨ੍ਹਾਂ ਨੇ ਡੇਰਾ ਗਾਜ਼ੀ ਖ਼ਾਨ ਅਤੇ ਡੇਰਾ ਇਸਮਾਇਲ ਖ਼ਾਨ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਅਤੇ ਹਸਨ ਅਬਦਾਲ ਦੇ ਉੱਤਰ ਵਿੱਚ ਸਥਿਤ ਹਜਾਰਾ ਕਬੀਲਿਆਂ ਨੂੰ ਆਪਣੇ ਅਧੀਨ ਕਰ ਲਿਆ, ਜੋ ਕਸ਼ਮੀਰ ਜਾਣ ਵਾਲੇ ਰਸਤਿਆਂ ਵਿੱਚੋਂ ਇੱਕ ਉੱਤੇ ਕਬਜ਼ਾ ਕਰ ਕੇ ਬੈਠੇ ਸਨ।
ਦੁਰਾਨੀ ਸੱਤਾ ਲਈ ਇਸ ਚੁਣੌਤੀ ਦਾ ਜਵਾਬ ਦੇਣਾ ਜ਼ਰੂਰੀ ਸੀ।
ਓਲਾਫ਼ ਕਾਰੋ ਦੇ ਅਨੁਸਾਰ, 1822 ਵਿੱਚ ਅਫ਼ਗ਼ਾਨ ਗਵਰਨਰ ਅਜ਼ੀਮ ਖ਼ਾਨ ਬਰਾਕਜ਼ਈ ਭਗੌੜੇ ਸਿੱਖ ਸਰਦਾਰ ਜੈ ਸਿੰਘ ਅਟਾਰੀਵਾਲਾ ਨਾਲ ਖੈਰਾਬਾਦ ਉੱਤੇ ਹਮਲਾ ਕਰਨ ਅਤੇ ਰਣਜੀਤ ਸਿੰਘ ਨੂੰ ਸਿੰਧੂ ਦਰਿਆ ਦੇ ਪਾਰ ਧੱਕਣ ਲਈ ਪੇਸ਼ਾਵਰ ਆਏ ਸਨ, ਪਰ ਅੰਦਰੂਨੀ ਸਮੱਸਿਆਵਾਂ ਕਾਰਨ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ।

ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ
ਕਾਰੋ ਨੇ ਲਿਖਿਆ ਹੈ, “ਰਣਜੀਤ ਸਿੰਘ ਨੇ ਅਜ਼ੀਮ ਖ਼ਾਨ ਯਾਰ ਮੁਹੰਮਦ ਖ਼ਾਨ ਤੋਂ ਟੈਕਸ ਦੀ ਮੰਗ ਕੀਤੀ। ਯਾਰ ਮੁਹੰਮਦ ਨੇ ਉਨ੍ਹਾਂ ਨੂੰ ਬੇਸ਼ਕੀਮਤੀ ਘੋੜੇ ਭੇਟ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਫ਼ਿਲਹਾਲ ਲਈ ਟਾਲ ਦਿੱਤਾ।”
“ਬਾਅਦ ਵਿੱਚ, ਰਣਜੀਤ ਸਿੰਘ ਨੂੰ ਖ਼ਬਰ ਮਿਲੀ ਕਿ ਅਜ਼ੀਮ ਖ਼ਾਨ ਪੇਸ਼ਾਵਰ ਵਾਪਸ ਆ ਰਹੇ ਹਨ, ਜਦਕਿ ਯਾਰ ਮੁਹੰਮਦ ਨੇ ਮਹਾਰਾਜਾ ਦੇ ਗ਼ੁੱਸੇ ਤੋਂ ਬਚਣ ਲਈ ਸਵਾਤ ਵਿੱਚ ਯੂਸੁਫ਼ਜ਼ਈ ਲੋਕਾਂ ਕੋਲ ਸ਼ਰਨ ਲੈ ਲਈ ਹੈ।”
ਇਸ ਉੱਤੇ ਰਣਜੀਤ ਸਿੰਘ ਨੇ ਮਾਰਚ 1823 ਵਿੱਚ ਅਜ਼ੀਮ ਖ਼ਾਨ ਦੇ ਖ਼ਿਲਾਫ਼ ਫਿਰ ਤੋਂ ਚੜ੍ਹਾਈ ਕਰ ਦਿੱਤੀ।
ਕਾਰੋ ਲਿਖਦੇ ਹਨ ਕਿ ਕਬਾਇਲੀ ਸਮੂਹ ਸਿੰਧੂ ਦਰਿਆ ਦੇ ਯੂਸੁਫ਼ਜ਼ਈ ਕੰਢੇ ਉੱਤੇ ਇਕੱਠੇ ਹੋਏ ਅਤੇ ਸਿੱਖ ਘੁੜਸਵਾਰਾਂ ਨੂੰ ਚੁਣੌਤੀ ਦਿੰਦਿਆਂ ਨਾਰੇ ਲਗਾਏ।
ਇਹ ਸੁਣ ਕੇ ਸਿੱਖ ਸੈਨਿਕ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਆਪਣੇ ਘੋੜਿਆਂ ਨੂੰ ਦਰਿਆ ਵਿੱਚ ਉਤਾਰ ਦਿੱਤਾ। ਉਹ ਅੱਧਾ ਤੈਰਦੇ ਅਤੇ ਅੱਧਾ ਤੁਰਦੇ ਹੋਏ ਦਰਿਆ ਪਾਰ ਕਰ ਗਏ, ਹਾਲਾਂਕਿ ਕਈ ਸੈਨਿਕ ਅਤੇ ਜਾਨਵਰ ਤੇਜ਼ ਵਹਾਅ ਵਿੱਚ ਰੜ੍ਹ ਗਏ।
ਇਸ ਤੋਂ ਬਾਅਦ ਰਣਜੀਤ ਸਿੰਘ ਆਪਣੀ ਮੁੱਖ ਫ਼ੌਜ ਨਾਲ ਸੰਗਠਿਤ ਢੰਗ ਨਾਲ ਅੱਗੇ ਵਧੇ। ਉਨ੍ਹਾਂ ਨੇ ਬੇੜੀਆਂ ਇਕੱਠੀਆਂ ਕੀਤੀਆਂ ਅਤੇ ਤੋਪਾਂ ਨੂੰ ਹਾਥੀਆਂ ਰਾਹੀਂ ਦਰਿਆ ਪਾਰ ਕਰਵਾਇਆ।
ਇਸੇ ਦੌਰਾਨ ਯੂਸੁਫ਼ਜ਼ਈ ਅਤੇ ਖੱਟਕ ਸੈਨਾਵਾਂ ਵੀ ਲਗਭਗ ਵੀਹ ਹਜ਼ਾਰ ਦੀ ਗਿਣਤੀ ਵਿੱਚ ਇਕੱਠੀਆਂ ਹੋ ਗਈਆਂ। ਉਨ੍ਹਾਂ ਦੀ ਅਗਵਾਈ ਸਈਦ ਅਕਬਰ ਸ਼ਾਹ ਕਰ ਰਹੇ ਸਨ, ਜੋ ਬੁਨੈਰ ਵਿੱਚ ਪੀਰ ਬਾਬਾ ਦੇ ਵੰਸ਼ਜ ਸਨ।
ਇਤਿਹਾਸਕ ਜੰਗ
ਤਸਵੀਰ ਸਰੋਤ, Getty Images
ਕਾਰੋ ਲਿਖਦੇ ਹਨ ਕਿ ਅਜ਼ੀਮ ਖ਼ਾਨ ਬਰਾਕਜ਼ਈ ਕਾਬੁਲ ਤੋਂ ਆਪਣੇ ਸੈਨਿਕਾਂ ਨਾਲ ਪੇਸ਼ਾਵਰ ਤੋਂ ਮੁੱਖ ਸੜਕ ਰਾਹੀਂ ਅੱਗੇ ਵਧੇ ਸਨ। ਪਰ ਦਰਿਆ ਪਾਰ ਕਰਨ ਦੀ ਬਜਾਏ ਉਨ੍ਹਾਂ ਨੇ ਮੁੱਖ ਸੜਕ ਉੱਤੇ ਲਗਭਗ ਪੰਜ ਕਿਲੋਮੀਟਰ ਪੂਰਬ ਵਿੱਚ ਉਸ ਥਾਂ ਡੇਰਾ ਲਾਇਆ ਜੋ ਹੁਣ ਨੌਸ਼ੇਰਾ ਛਾਉਣੀ ਹੈ।
“ਇਸ ਲੜਾਈ ਦਾ ਨਾਮ ਮੌਜੂਦਾ ਨੌਸ਼ੇਰਾ ਛਾਉਣੀ ਦੇ ਨਾਮ ਉੱਤੇ ਨਹੀਂ ਰੱਖਿਆ ਗਿਆ ਸੀ, ਕਿਉਂਕਿ ਉਸ ਵੇਲੇ ਉੱਥੇ ਕੋਈ ਛਾਉਣੀ ਨਹੀਂ ਸੀ, ਸਗੋਂ ਲਾਂਦਈ ਦਰਿਆ ਦੇ ਉੱਤਰੀ ਕੰਢੇ ਉੱਤੇ ਸਥਿਤ ਨੌਖਰ ਨਾਮ ਦੇ ਪ੍ਰਾਚੀਨ ਪਿੰਡ ਜਾਂ ਕਸਬੇ ਦੇ ਨਾਮ ਉੱਤੇ ਰੱਖਿਆ ਗਿਆ ਸੀ। ਕਿਉਂਕਿ ਇਸ ਲੜਾਈ ਦੀ ਸਭ ਤੋਂ ਭਿਆਨਕ ਝੜਪ ਪੀਰ ਸਾਬ ਦੀ ਪਹਾੜੀ ਦੇ ਆਲੇ ਦੁਆਲੇ ਹੋਈ ਸੀ, ਇਸ ਲਈ ਇਸ ਨੂੰ ਕਈ ਵਾਰ ਉਸ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।”
ਅਲੈਕਜ਼ੈਂਡਰ ਗਾਰਡਨਰ ਨੇ ਆਪਣੀ ਕਿਤਾਬ ‘ਸੋਲਜਰ ਐਂਡ ਟ੍ਰੈਵਲਰ: ਮੈਮੋਇਰਜ਼ ਆਫ਼ ਅਲੈਕਜ਼ੈਂਡਰ ਗਾਰਡਨਰ, ਕਰਨਲ ਆਫ਼ ਆਰਟਿਲਰੀ ਇਨ ਦਿ ਸਰਵਿਸ ਆਫ਼ ਮਹਾਰਾਜਾ ਰਣਜੀਤ ਸਿੰਘ’ ਵਿੱਚ ਲਿਖਿਆ ਹੈ ਕਿ ਭਾਰੀ ਹਮਲਿਆਂ ਦੇ ਬਾਵਜੂਦ ਰਣਜੀਤ ਸਿੰਘ ਦੀ ਫ਼ੌਜ ਸਿੰਧੂ ਦਰਿਆ ਪਾਰ ਕਰਨ ਵਿੱਚ ਕਾਮਯਾਬ ਰਹੀ।
ਇਸ ਤੋਂ ਬਾਅਦ ਕਬਾਇਲੀ ਫ਼ੌਜ ਪੀਰ ਸਾਬ ਪਹਾੜੀ ਉੱਤੇ ਪਿੱਛੇ ਹਟ ਗਈ, ਜਿੱਥੇ ਉਸ ਨੇ ਆਪਣੀ ਤਾਕਤ ਇਕੱਠੀ ਕੀਤੀ। ਉਸ ਨੂੰ ਉਮੀਦ ਸੀ ਕਿ ਅਜ਼ੀਮ ਖ਼ਾਨ ਦੀ ਦੁਰ੍ਰਾਨੀ ਫ਼ੌਜ ਅਤੇ ਤੋਪਖਾਨਾ ਮਦਦ ਲਈ ਪਹੁੰਚੇਗਾ।
ਪਰ ਅਣਜਾਣ ਕਾਰਨਾਂ ਕਰਕੇ ਅਜ਼ੀਮ ਖ਼ਾਨ ਨੇ ਤੁਰੰਤ ਕਾਬੁਲ ਦਰਿਆ ਪਾਰ ਕਰਕੇ ਕਬੀਲੇ ਦੇ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ।
ਉਹ ਅੱਗੇ ਲਿਖਦੇ ਹਨ ਕਿ “ਰਣਜੀਤ ਸਿੰਘ ਨੇ ਆਪਣੀਆਂ ਤੋਪਾਂ ਅਤੇ ਪੈਦਲ ਫ਼ੌਜ ਨੂੰ ਕਬਾਇਲੀ ਫ਼ੌਜ ਦੇ ਖ਼ਿਲਾਫ਼ ਕੇਂਦਰਿਤ ਕੀਤਾ ਅਤੇ ਇੱਕ ਛੋਟੀ ਟੁਕੜੀ ਨੂੰ ਦਰਿਆ ਦੇ ਸੱਜੇ (ਦੱਖਣੀ) ਕੰਢੇ ਉੱਤੇ ਅਜ਼ੀਮ ਖ਼ਾਨ ਨੂੰ ਰੋਕਣ ਲਈ ਭੇਜਿਆ।”
ਜਦੋਂ ਰਣਜੀਤ ਸਿੰਘ ਖ਼ੁਦ ਮੈਦਾਨ ਵਿੱਚ ਉਤਰੇ
ਤਸਵੀਰ ਸਰੋਤ, Getty Images
ਕਾਰੋ ਲਿਖਦੇ ਹਨ ਕਿ ਕਬਾਇਲੀਆਂ ਅਤੇ ਸਿੱਖ ਅਕਾਲੀਆਂ ਵਿਚਕਾਰ ਭਿਆਨਕ ਆਹਮੋ-ਸਾਹਮਣੇ ਦੀ ਲੜਾਈ ਨਾਲ ਸ਼ੁਰੂਆਤ ਹੋਈ।
ਅੰਮ੍ਰਿਤਸਰ ਦੇ ਧਾਰਮਿਕ ਸਮੂਹ ਦੇ ਆਗੂ ਫੂਲਾ ਸਿੰਘ ਮਾਰੇ ਗਏ ਅਤੇ ਸਿੱਖ ਘੁੜਸਵਾਰ ਫ਼ੌਜ ਕਬਾਇਲੀ ਪੈਦਲ ਫ਼ੌਜ ਉੱਤੇ ਵੱਧ ਅਸਰ ਨਹੀਂ ਪਾ ਸਕੀ, ਕਿਉਂਕਿ ਉਹ ਮੈਦਾਨ ਵਿੱਚ ਵਿਖਰੇ ਹੋਏ ਪੱਥਰੀਲੇ ਟੀਲਿਆਂ ਵਿਚਕਾਰ ਚੰਗੀ ਤਰ੍ਹਾਂ ਤੈਨਾਤ ਸਨ।
“ਲੜਾਈ ਦਾ ਰੁਖ਼ ਸਿੱਖਾਂ ਦੇ ਖ਼ਿਲਾਫ਼ ਮੁੜਨ ਲੱਗਾ। ਯੂਸੁਫ਼ਜ਼ਈ ਅਤੇ ਉਨ੍ਹਾਂ ਦੇ ਲੜਾਕਿਆਂ ਦੇ ਸਮੂਹਾਂ ਨੇ ਅਸਾਧਾਰਨ ਬਹਾਦਰੀ ਦਿਖਾਉਂਦਿਆਂ ਸਿਖਲਾਈ ਲਏ ਸਿੱਖ ਪੈਦਲ ਫ਼ੌਜ ਨੂੰ ਪਿੱਛੇ ਧੱਕ ਦਿੱਤਾ।”
ਉਹ ਲਿਖਦੇ ਹਨ ਕਿ “ਕਬਾਇਲੀ ਫ਼ੌਜ ਨੇ ਜੋਸ਼ ਨਾਲ ਅੱਗੇ ਵਧਣਾ ਸ਼ੁਰੂ ਕੀਤਾ, ਪਰ ਮਹਾਰਾਜਾ ਦੀ ਫ਼ੌਜ ਦੀ ਗੋਰਖਾ ਬਟਾਲੀਅਨ ਨੇ ਉਨ੍ਹਾਂ ਨੂੰ ਇੱਕ ਪਾਸੇ ਰੋਕ ਦਿੱਤਾ। ਇਸ ਬਟਾਲੀਅਨ ਨੇ ਸਕਵਾਇਰ ਫ਼ਾਰਮੇਸ਼ਨ ਬਣਾ ਕੇ ਅੱਗੇ ਵਧ ਰਹੇ ਕਬਾਇਲੀ ਸਮੂਹਾਂ ਉੱਤੇ ਲਗਾਤਾਰ ਗੋਲੀਬਾਰੀ ਕੀਤੀ।”
“ਦੂਜੇ ਪਾਸੇ ਸਿੱਖ ਤੋਪਖਾਨੇ ਨੇ ਵੀ ਦਰਿਆ ਦੇ ਉਸ ਪਾਰ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਗੋਲਾਬਾਰੀ ਕੀਤੀ, ਜਿਸ ਨਾਲ ਕਬਾਇਲੀ ਫ਼ੌਜ ਦਾ ਅੱਗੇ ਵਧਣਾ ਰੁਕ ਗਿਆ।”
ਕਬਾਇਲੀ ਲੋਕ ਇਨ੍ਹਾਂ ਪਥਰੀਲੀਆਂ ਪਹਾੜੀਆਂ ਵਿਚਕਾਰ ਪਿੱਛੇ ਹਟ ਗਏ ਅਤੇ ਸਿੱਖਾਂ ਨੇ ਫਿਰ ਤੋਂ ਸੰਗਠਿਤ ਹੋ ਕੇ ਪੀਰ ਸਾਬ ਦੀ ਮਹੱਤਵਪੂਰਨ ਚੋਟੀ ਉੱਤੇ ਕਬਜ਼ਾ ਕਰਨ ਦੇ ਤਿੰਨ ਯਤਨ ਕੀਤੇ, ਪਰ ਹਰ ਵਾਰ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਗਿਆ।
ਕਾਰੋ ਲਿਖਦੇ ਹਨ ਕਿ “ਚੌਥੀ ਕੋਸ਼ਿਸ਼ ਵਿੱਚ ਪਹਾੜੀ ਉੱਤੇ ਜਿੱਤ ਪ੍ਰਾਪਤ ਹੋਈ ਅਤੇ ਉਹ ਵੀ ਕੇਵਲ ਇਸ ਲਈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਖ਼ੁਦ, ਬਚੇ ਹੋਏ ਗੋਰਖਾ ਸੈਨਿਕਾਂ ਅਤੇ ਆਪਣੇ ਘੁੜਸਵਾਰ ਅੰਗਰੱਖਿਅਕਾਂ ਦੀ ਅਗਵਾਈ ਕਰਦੇ ਹੋਏ ਮੈਦਾਨ ਵਿੱਚ ਉਤਰੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।”
ਉਹ ਲਿਖਦੇ ਹਨ ਕਿ ਇਸ ਮੌਕੇ ਉੱਤੇ ਕਬਾਇਲੀਆਂ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਨੌਸ਼ੇਰਾ ਦੇ ਨੇੜੇ ਵਿਸ਼ਾਲ ਕਬਰਿਸਤਾਨਾਂ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ।
ਰਣਜੀਤ ਸਿੰਘ ਦਾ ਪੇਸ਼ਾਵਰ ਉੱਤੇ ਕਬਜ਼ਾ
ਤਸਵੀਰ ਸਰੋਤ, gettyimages
ਕਾਰੋ ਦੇ ਅਨੁਸਾਰ, ਇਸ ਦੌਰਾਨ ਦਰਿਆ ਦੇ ਦੂਜੇ ਪਾਸੇ ਮੌਜੂਦ ਅਜ਼ੀਮ ਖ਼ਾਨ ਨੇ ਨਾ ਤਾਂ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਸਿੱਖ ਤੋਪਖਾਨੇ ਦੇ ਪ੍ਰਭਾਵ ਨੂੰ ਘਟਾਉਣ ਲਈ ਕੋਈ ਠੋਸ ਕਦਮ ਚੁੱਕੇ, ਹਾਲਾਂਕਿ ਉਸ ਦੀ ਫ਼ੌਜ ਦੱਖਣੀ ਕੰਢੇ ਉੱਤੇ ਸੀ।
ਉਸੇ ਸ਼ਾਮ ਅਜ਼ੀਮ ਖ਼ਾਨ ਪਿੱਛੇ ਹਟ ਗਏ। ਉਹ ਜੰਗ ਵਿੱਚ ਮੁਸ਼ਕਲ ਨਾਲ ਹੀ ਸ਼ਾਮਲ ਹੋਏ ਅਤੇ ਇਸ ਗੱਲ ਦਾ ਕੋਈ ਠੋਸ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਹੈ।
ਜੋਨਾਥਨ ਐਲ ਲੀ ਆਪਣੀ ਕਿਤਾਬ ‘ਅਫ਼ਗ਼ਾਨਿਸਤਾਨ: 1260 ਤੋਂ ਮੌਜੂਦਾ ਸਮੇਂ ਤੱਕ ਦਾ ਇਤਿਹਾਸ’ ਵਿੱਚ ਲਿਖਦੇ ਹਨ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਅਜ਼ੀਮ ਖ਼ਾਨ ਨੂੰ ਯਕੀਨ ਸੀ ਕਿ ਉਨ੍ਹਾਂ ਦਾ ਭਰਾ ਸਿੱਖਾਂ ਦੇ ਕਹਿਣ ਉੱਤੇ ਪੇਸ਼ਾਵਰ ਉੱਤੇ ਦੁਬਾਰਾ ਕਬਜ਼ਾ ਕਰਨ ਆ ਰਿਹਾ ਸੀ, ਜਦਕਿ ਹੋਰ ਲੋਕ ਇਸ ਨੂੰ ਕਾਇਰਤਾ ਜਾਂ ਸਿੱਖ ਹਮਲੇ ਨਾਲ ਘਿਰ ਜਾਣ ਦੇ ਡਰ ਵਜੋਂ ਦੱਸਦੇ ਹਨ।
ਕਾਰੋ ਨੇ ਲਿਖਿਆ, “ਨੌ ਸਾਲ ਬਾਅਦ ਅਲੈਕਜ਼ੈਂਡਰ ਬਰਨਜ਼ ਨੂੰ ਪੇਸ਼ਾਵਰ ਵਿੱਚ ਦੱਸਿਆ ਗਿਆ ਕਿ ਅਜ਼ੀਮ ਖ਼ਾਨ ਨੂੰ ਆਪਣੇ ਖ਼ਜ਼ਾਨੇ ਦੀ ਲੁੱਟ ਦਾ ਡਰ ਸੀ ਜਾਂ ਫਿਰ ਉੱਤਰੀ ਕੰਢੇ ਉੱਤੇ ਅਕਾਲੀ ਦਲ ਦੇ ਮੈਂਬਰਾਂ ਦੀਆਂ ਚੀਖਾਂ ਨਾਲ ਉਨ੍ਹਾਂ ਦੇ ਸੈਨਿਕ ਚੌਕਸ ਹੋ ਗਏ ਸਨ। ਉਨ੍ਹਾਂ ਨੇ ਇਨ੍ਹਾਂ ਚੀਖਾਂ ਨੂੰ ਨਵੀਂ ਫ਼ੌਜ ਦਾ ਹਮਲਾ ਸਮਝਿਆ।”
ਅਜ਼ੀਮ ਖ਼ਾਨ ਜੰਗ ਤੋਂ ਕੁਝ ਹੀ ਸਮੇਂ ਬਾਅਦ ਪਰ ਬਿਨਾਂ ਕਿਸੇ ਸੱਟ ਦੇ ਮਰ ਗਏ।
ਕਾਰੋ ਲਿਖਦੇ ਹਨ ਕਿ ਇਸ ਮੌਤ ਨਾਲ ਹੀ ਵੀਹ ਜ਼ਿੰਦਾ ਭਰਾਵਾਂ ਵਿਚਕਾਰ ਬਚੀ ਹੋਈ ਏਕਤਾ ਦੀ ਆਖ਼ਰੀ ਡੋਰ ਵੀ ਟੁੱਟ ਗਈ।
ਅਜ਼ੀਮ ਦੇ ਸੌਤੇਲੇ ਭਰਾ ਯਾਰ ਮੁਹੰਮਦ ਨੇ ਕਾਬੁਲ ਵਿੱਚ ਅਜ਼ੀਮ ਦੀ ਥਾਂ ਲਈ ਅਤੇ ਬਾਅਦ ਵਿੱਚ 1826 ਵਿੱਚ ਅਫ਼ਗ਼ਾਨਿਸਤਾਨ ਦੇ ਸ਼ਾਸਕ ਬਣੇ ਅਤੇ ਪੇਸ਼ਾਵਰ ਦੇ ਸ਼ਾਸਕ ਵੀ ਬਣੇ।
ਅਲੈਕਜ਼ੈਂਡਰ ਗਾਰਡਨਰ ਆਪਣੀ ਕਿਤਾਬ ‘ਸੋਲਜਰ ਐਂਡ ਟ੍ਰੈਵਲਰ: ਮੈਮੋਇਰਜ਼ ਆਫ਼ ਅਲੈਕਜ਼ੈਂਡਰ ਗਾਰਡਨਰ, ਕਰਨਲ ਆਫ਼ ਆਰਟਿਲਰੀ ਇਨ ਦਿ ਸਰਵਿਸ ਆਫ਼ ਮਹਾਰਾਜਾ ਰਣਜੀਤ ਸਿੰਘ’ ਵਿੱਚ ਲਿਖਦੇ ਹਨ ਕਿ “ਰਣਜੀਤ ਸਿੰਘ ਨੇ ਦੁਰਾਨੀ ਸੱਤਾ ਦੇ ਬਚੇ-ਖੁਚੇ ਅਵਸ਼ੇਸ਼ਾਂ ਨੂੰ ਨਸ਼ਟ ਕਰਦਿਆਂ ਪੇਸ਼ਾਵਰ ਨੂੰ ਤਬਾਹ ਕਰ ਦਿੱਤਾ ਅਤੇ ਖ਼ੈਬਰ ਦਰਰੇ ਉੱਤੇ ਵੀ ਕਬਜ਼ਾ ਕਰ ਲਿਆ ਤਾਂ ਜੋ ਉਸ ਰਸਤੇ ਤੋਂ ਦੁਰਾਨੀ ਫ਼ੌਜ ਦੀ ਕੋਈ ਮਦਦ ਨਾ ਆ ਸਕੇ।”
ਕਾਰੋ ਲਿਖਦੇ ਹਨ ਕਿ ਬਾਲਾ ਹਿਸਾਰ ਦੇ ਕਿਲੇ ਉੱਤੇ ਗੋਲਾਬਾਰੀ ਹੋਈ ਅਤੇ ਉਸ ਦੇ ਅੰਦਰ ਮੌਜੂਦ ਖ਼ੂਬਸੂਰਤ ਮਹਿਲ ਨੂੰ ਲੁੱਟ ਲਿਆ ਗਿਆ।
ਕਿਲੇ ਦੇ ਹੇਠਾਂ ਸਥਿਤ ਬਾਗ਼ ਵਿੱਚ ਲੱਗੇ ਦਰੱਖਤਾਂ ਨੂੰ ਕੱਟ ਦਿੱਤਾ ਗਿਆ ਅਤੇ ਕੁੰਡਾਂ ਦਾ ਪਾਣੀ ਗੰਦਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਘੁੜਸਵਾਰ ਫ਼ੌਜ ਨੇ ਪੇਸ਼ਾਵਰ ਦੇ ਚਾਰੋਂ ਪਾਸੇ ਮੀਲਾਂ ਤੱਕ ਫੈਲੇ ਬੁਖ਼ਾਰਾ ਬੇਰ, ਆੜੂ, ਖ਼ੁਬਾਨੀ ਅਤੇ ਨਾਸ਼ਪਾਤੀ ਦੇ ਸ਼ਾਨਦਾਰ ਬਾਗ਼ਾਂ ਨੂੰ ਨਸ਼ਟ ਕਰ ਦਿੱਤਾ।
ਅੰਗਰੇਜ਼ਾਂ ਦਾ ਆਗਮਨ
ਤਸਵੀਰ ਸਰੋਤ, Getty Images
ਹਾਲਾਂਕਿ ਵੀ. ਨਲਵਾ ਨੇ ਆਪਣੀ ਕਿਤਾਬ ‘ਹਰੀ ਸਿੰਘ ਨਲਵਾ’ ਵਿੱਚ ਲਿਖਿਆ ਹੈ ਕਿ ਸਿੱਖ ਫ਼ੌਜ ਦੇ ਕਮਾਂਡਰ ਹਰੀ ਸਿੰਘ ਨਲਵਾ ਨੇ ਜਲਦੀ ਹੀ ਇਸ ਕਿਲੇ ਦਾ ਦੁਬਾਰਾ ਨਿਰਮਾਣ ਸ਼ੁਰੂ ਕਰ ਦਿੱਤਾ ਸੀ।
ਰਣਜੀਤ ਸਿੰਘ ਦੀ ਇਹ ਜਿੱਤ ਉਨ੍ਹਾਂ ਦੀਆਂ ਜਿੱਤਾਂ ਦੀ ਸਿਖ਼ਰ ਸਾਬਤ ਹੋਈ। ਉਨ੍ਹਾਂ ਦਾ ਸਮਰਾਜ ਹੁਣ ਪੱਛਮ ਵਿੱਚ ਖ਼ੈਬਰ ਦਰਰੇ ਤੋਂ ਲੈ ਕੇ ਉੱਤਰ ਵਿੱਚ ਕਸ਼ਮੀਰ ਅਤੇ ਦੱਖਣ ਵਿੱਚ ਮੁਲਤਾਨ ਤੱਕ ਫੈਲ ਗਿਆ ਸੀ।
ਕਾਰੋ ਦੇ ਅਨੁਸਾਰ, ਰਣਜੀਤ ਸਿੰਘ ਉੱਥੇ ਜ਼ਿਆਦਾ ਦੇਰ ਨਹੀਂ ਰਹੇ। ਉਨ੍ਹਾਂ ਨੇ ਯਾਰ ਮੁਹੰਮਦ ਦੀ ਆਪਣੇ ਪੱਖ ਵਿੱਚ ਕੀਤੀ ਆਤਮਸਮਰਪਣ ਦੀ ਅਰਜ਼ੀ ਕਬੂਲ ਕਰ ਲਈ ਅਤੇ ਦੱਖਣ ਵੱਲ ਵਾਪਸ ਮੁੜ ਗਏ।
“ਮਹਾਰਾਜਾ ਰਣਜੀਤ ਸਿੰਘ ਹੁਣ ਪੇਸ਼ਾਵਰ ਦੇ ਨਾਲ-ਨਾਲ ਕੋਹਾਟ, ਬੰਨੂ ਅਤੇ ਡੇਰਾ ਜਾਟ ਨੂੰ ਮਾਮੂਲੀ ਕਬਜ਼ੇ ਵਿੱਚ ਲਿਆਉਣ ਵਿੱਚ ਕਾਮਯਾਬ ਹੋ ਗਏ ਸਨ, ਪਰ ਉਨ੍ਹਾਂ ਦੀਆਂ ਫ਼ੌਜਾਂ ਲਗਾਤਾਰ ਕਬਾਇਲੀਆਂ ਦੇ ਖ਼ਿਲਾਫ਼ ਭਿਆਨਕ ਲੜਾਈਆਂ ਵਿੱਚ ਲੱਗੀਆਂ ਰਹਿੰਦੀਆਂ ਸਨ, ਇੱਥੋਂ ਤੱਕ ਕਿ ਉਹਨਾਂ ਖੇਤਰਾਂ ਵਿੱਚ ਵੀ ਜਿੱਥੇ ਦੁਰ੍ਰਾਨੀ ਗਵਰਨਰਾਂ ਨੇ ਉਨ੍ਹਾਂ ਦੀ ਅਧੀਨਤਾ ਮੰਨ ਲਈ ਸੀ।”
ਰਾਜਮੋਹਨ ਗਾਂਧੀ ਦੀ ਕਿਤਾਬ ‘ਪਸ਼ਤੂਨਾਂ ਦੇ ਅਹਿੰਸਕ ਰਾਜਾ’ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਤੋਂ ਬਾਅਦ ਉੱਤਰੀ ਭਾਰਤ ਦੇ ਧਾਰਮਿਕ ਨੇਤਾ ਸਈਦ ਅਹਿਮਦ ਆਏ। ਉਹ 1827 ਵਿੱਚ ਪੇਸ਼ਾਵਰ ਪਹੁੰਚੇ। ਉਨ੍ਹਾਂ ਦੇ ਆੰਦੋਲਨ ਦਾ ਕੇਂਦਰ ਚਾਰਸੱਦਾ ਸੀ।
ਉਨ੍ਹਾਂ ਦੀ ਕਿਤਾਬ ਵਿੱਚ ਲਿਖਿਆ ਹੈ ਕਿ “ਸਈਦ ਅਹਮਦ ਨੇ ਪੇਸ਼ਾਵਰ ਦੇ ਗਵਰਨਰ ਉੱਤੇ ਉਨ੍ਹਾਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਅਤੇ ਖ਼ੁਦ ਪੇਸ਼ਾਵਰ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਯਾਰ ਮੁਹੰਮਦ ਖ਼ਾਨ ਮਾਰੇ ਗਏ।”
“ਜੇ ਫ਼ਰਾਂਸੀਸੀ ਜਨਰਲ ਵੈਂਚੂਰਾ ਦੀ ਅਗਵਾਈ ਵਿੱਚ ਸਿੱਖਾਂ ਦੀ ਟੁਕੜੀ ਉੱਥੇ ਮੌਜੂਦ ਨਾ ਹੁੰਦੀ ਤਾਂ ਯਾਰ ਮੁਹੰਮਦ ਦੇ ਛੋਟੇ ਭਰਾ ਸੁਲਤਾਨ ਮੁਹੰਮਦ ਖ਼ਾਨ ਲਈ ਪੇਸ਼ਾਵਰ ਨੂੰ ਬਚਾਉਣਾ ਸੰਭਵ ਨਹੀਂ ਹੁੰਦਾ।”
ਸਈਦ ਅਹਿਮਦ ਨੇ ਇੱਕ ਵਾਰ ਫਿਰ ਪੇਸ਼ਾਵਰ ਉੱਤੇ ਹਮਲਾ ਕੀਤਾ। ਬਰਾਕਜ਼ਈ ਹਾਰ ਗਏ ਅਤੇ ਸਈਦ ਅਹਿਮਦ ਨੇ 1830 ਦੀਆਂ ਗਰਮੀਆਂ ਦੇ ਅੰਤ ਵਿੱਚ ਦੋ ਮਹੀਨੇ ਤੱਕ ਪੇਸ਼ਾਵਰ ਉੱਤੇ ਕਬਜ਼ਾ ਕਾਇਮ ਰੱਖਿਆ, ਪਰ 1831 ਵਿੱਚ ਬਾਲਾਕੋਟ ਵਿੱਚ ਸਿੱਖਾਂ ਦੇ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
1849 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਸਿੱਖਾਂ ਨੂੰ ਹਰਾ ਦਿੱਤਾ ਅਤੇ ਪੇਸ਼ਾਵਰ ਸਮੇਤ ਪੰਜਾਬ ਉੱਤੇ ਕਬਜ਼ਾ ਕਰ ਲਿਆ, ਜੋ ਪਹਿਲਾਂ ਰਣਜੀਤ ਸਿੰਘ ਦੇ ਕਬਜ਼ੇ ਵਿੱਚ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



