Home ਰਾਸ਼ਟਰੀ ਖ਼ਬਰਾਂ ‘ਇੱਕ ਅਜਿਹਾ ਜਾਲ, ਜਿਸ ’ਚੋਂ ਤੁਸੀਂ ਨਿਕਲ ਨਹੀਂ ਸਕਦੇ’: ਉਹ ਔਰਤਾਂ ਜੋ...

‘ਇੱਕ ਅਜਿਹਾ ਜਾਲ, ਜਿਸ ’ਚੋਂ ਤੁਸੀਂ ਨਿਕਲ ਨਹੀਂ ਸਕਦੇ’: ਉਹ ਔਰਤਾਂ ਜੋ ਮਾਂ ਬਣਨ ਤੋਂ ਬਾਅਦ ਪਛਤਾ ਰਹੀਆਂ ਹਨ, ਪਰ ਕਿਉਂ

11
0

Source :- BBC PUNJABI

ਕਾਰਮੇਨ ਕਹਿੰਦੇ ਹਨ ਕਿ ਮਾਂ ਬਣਨ ਕਰਕੇ ਮੇਰੀ ਸਿਹਤ, ਮੇਰਾ ਸਮਾਂ, ਮੇਰਾ ਪੈਸਾ, ਮੇਰੀ ਤਾਕਤ ਅਤੇ ਮੇਰਾ ਸਰੀਰ – ਸਭ ਕੁਝ ਚਲਾ ਗਿਆ

ਤਸਵੀਰ ਸਰੋਤ, Getty Images

ਕਾਰਮੇਨ ਆਪਣੇ ਦਸ ਸਾਲ ਦੇ ਪੁੱਤਰ ਟੀਓ ਨੂੰ ਬਹੁਤ ਪਿਆਰ ਕਰਦੇ ਹਨ, ਪਰ ਉਹ ਇਹ ਵੀ ਕਹਿੰਦੇ ਹਨ ਕਿ ਜੇ ਉਹ ਪੁਰਾਣਾ ਸਮਾਂ ਮੋੜ ਸਕਦੇ ਤਾਂ ਕਦੇ ਮਾਂ ਨਾ ਬਣਦੇ।

ਉਹ ਕਹਿੰਦੇ ਹਨ, “ਮਾਂ ਬਣਨ ਕਰਕੇ ਮੇਰੀ ਸਿਹਤ, ਮੇਰਾ ਸਮਾਂ, ਮੇਰਾ ਪੈਸਾ, ਮੇਰੀ ਤਾਕਤ ਅਤੇ ਮੇਰਾ ਸਰੀਰ – ਸਭ ਕੁਝ ਚਲਾ ਗਿਆ। ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਇਹ ਕੀਮਤ ਹਮੇਸ਼ਾ ਲਈ ਚੁਕਾਉਣੀ ਪੈਂਦੀ ਹੈ।”

ਲਗਭਗ 40 ਸਾਲ ਦੇ ਕਾਰਮੇਨ ਇੱਕ ਅਧਿਆਪਿਕਾ ਹਨ ਅਤੇ ਉਨ੍ਹਾਂ ਮਹਿਲਾਵਾਂ ਦੇ ਇੱਕ ਗੁਪਤ ਸਮੂਹ ਦਾ ਹਿੱਸਾ ਹਨ, ਜਿਨ੍ਹਾਂ ਨੂੰ ਮਾਂ ਬਣਨ ਦਾ ਅਫ਼ਸੋਸ ਹੈ।

ਇਸ ਤਰ੍ਹਾਂ ਦੇ ਅਫ਼ਸੋਸ ਨੂੰ ਬਹੁਤ ਘੱਟ ਹੀ ਖੁੱਲ੍ਹ ਕੇ ਜ਼ਾਹਿਰ ਕੀਤਾ ਜਾਂਦਾ ਹੈ। ਜਿਨ੍ਹਾਂ ਮਹਿਲਾਵਾਂ ਨੇ ਮੇਰੇ ਨਾਲ ਸੰਪਰਕ ਕੀਤਾ, ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਬਾਰੇ ਸਿਰਫ਼ ਇਸ ਸ਼ਰਤ ‘ਤੇ ਗੱਲ ਕੀਤੀ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇ।

ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਪਤਾ ਨਹੀਂ ਉਨ੍ਹਾਂ ਨੂੰ ਕਿਸ ਨਜ਼ਰ ਨਾਲ ਦੇਖਣਗੇ ਅਤੇ ਇਸ ਲਈ ਵੀ ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਪਤਾ ਨਹੀਂ ਹੈ।

ਕਾਰਮੇਨ ਮੁਤਾਬਿਕ ਮਾਂ ਬਣਨਾ ਇੱਕ ਜਾਲ ਵਾਂਗ ਲੱਗਦਾ ਹੈ।

ਤਸਵੀਰ ਸਰੋਤ, Getty Images

“ਕਿਸੇ ਨੇ ਹਮਦਰਦੀ ਦਿਖਾਈ, ਕਿਸੇ ਨੇ ਦੈਂਤ ਕਿਹਾ”

ਕੁਝ ਸਾਲ ਪਹਿਲਾਂ ਕਾਰਮੇਨ ਨੇ ਇੱਕ ਆਮ ਪੇਰੈਂਟਿੰਗ ਫੋਰਮ ‘ਤੇ ਹਿਚਕਿਚਾਉਂਦੇ ਹੋਏ ਆਪਣੇ ਅਫ਼ਸੋਸ ਨੂੰ ਸ਼ਬਦਾਂ ਵਿੱਚ ਬਿਆਨ ਕੀਤਾ ਸੀ। ਉਹ ਦੱਸਦੇ ਹਨ ਕਿ ਕੁਝ ਲੋਕਾਂ ਨੇ ਉਨ੍ਹਾਂ ਪ੍ਰਤੀ ਹਮਦਰਦੀ ਦਿਖਾਈ, ਜਦਕਿ ਹੋਰਾਂ ਨੇ ਅਜਿਹੀ ਪ੍ਰਤੀਕਿਰਿਆ ਦਿੱਤੀ ਜਿਵੇਂ ਉਹ ਕੋਈ “ਬਹੁਤ ਬੁਰੀ” ਜਾਂ “ਦੈਂਤ” ਵਰਗੀ ਔਰਤ ਹੋਵੇ।

ਮਾਂ ਬਣਨ ਨਾਲ ਪੈਣ ਵਾਲੇ ਬਹੁਤ ਜ਼ਿਆਦਾ ਦਬਾਅ ਅਤੇ ਤਿਆਗ ਨੂੰ ਫ਼ਿਲਮ ‘ਇਫ ਆਈ ਹੈਡ ਲੈਗਜ਼ ਆਈ ਵੁਡ ਕਿਕ ਯੂ’ ਵਿੱਚ ਬਹੁਤ ਬਾਰੀਕੀ ਨਾਲ ਦਿਖਾਇਆ ਗਿਆ ਹੈ। ਇਸ ਫ਼ਿਲਮ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ।

ਫਿਲਮ ਵਿੱਚ ਅਦਾਕਾਰਾ ਰੋਜ਼ ਬਰਨ ਨੇ ਇੱਕ ਅਜਿਹੀ ਥੱਕੀ-ਹਾਰੀ ਮਾਂ ਦਾ ਜ਼ਬਰਦਸਤ ਕਿਰਦਾਰ ਨਿਭਾਇਆ ਹੈ ਜੋ ਆਪਣੀ ਧੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਸੰਭਾਲਣ ਦੀ ਜੱਦੋਜਹਿਦ ਵਿੱਚ ਖੁਦ ਨੂੰ ਬਿਲਕੁਲ ਇੱਕਲਾ ਮਹਿਸੂਸ ਕਰਦੀ ਹੈ।

ਕਾਰਮੇਨ ਆਪਣੇ ਆਪ ਨੂੰ ਇਸ ਫ਼ਿਲਮ ਦੇ ਵਿਸ਼ਿਆਂ ਨਾਲ ਜੋੜ ਕੇ ਦੇਖ ਸਕਦੇ ਹਨ। ਉਹ ਕਹਿੰਦੇ ਹਨ, “ਮਾਂ ਬਣਨਾ ਇੱਕ ਅਜਿਹਾ ਕਦੇ ਨਾ ਖਤਮ ਹੋਣ ਵਾਲਾ ਕੰਮ ਹੈ ਜੋ ਤੁਹਾਨੂੰ ਉਦੋਂ ਵੀ ਕਰਨਾ ਪੈਂਦਾ ਹੈ ਜਦੋਂ ਤੁਹਾਡਾ ਮਨ ਨਾ ਹੋਵੇ, ਕਿਉਂਕਿ ਇੱਕ ਛੋਟਾ ਜਿਹਾ ਇਨਸਾਨ ਪੂਰੀ ਤਰ੍ਹਾਂ ਤੁਹਾਡੇ ‘ਤੇ ਨਿਰਭਰ ਹੁੰਦਾ ਹੈ… ਇਹ ਇੱਕ ਅਜਿਹੇ ਜਾਲ ਵਾਂਗ ਲੱਗਦਾ ਹੈ ਜਿਸ ਤੋਂ ਤੁਸੀਂ ਕਦੇ ਬਾਹਰ ਨਹੀਂ ਨਿਕਲ ਸਕਦੇ।”

ਰੋਸ ਬਾਇਰਨ ਵੱਲੋਂ ਨਿਭਾਏ ਕਿਰਦਾਰ ਦੀ ਤਸਵੀਰ

ਤਸਵੀਰ ਸਰੋਤ, Logan White/A24

ਉਹ ਇਸ ਬਾਰੇ ਪੂਰੀ ਤਰ੍ਹਾਂ ਬੇਝਿਜਕ ਹੋਕੇ ਅਤੇ ਸਾਫ਼ਗੋਈ ਨਾਲ ਗੱਲ ਕਰਦੇ ਹਨ ਕਿ ਮਾਂ ਬਣਨਾ ਉਨ੍ਹਾਂ ਨੂੰ ਕਿੰਨਾ “ਤਬਾਹ ਕਰ ਦੇਣ ਵਾਲਾ” ਤਜਰਬਾ ਲੱਗਦਾ ਹੈ। ਪਰ ਜਦੋਂ ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਬੇਟੇ ਬਾਰੇ ਪੁੱਛਦੀ ਹਾਂ ਤਾਂ ਉਨ੍ਹਾਂ ਦੀ ਆਵਾਜ਼ ਵਿੱਚ ਸਪੱਸ਼ਟ ਚਮਕ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ।

ਉਹ ਕਹਿੰਦੇ ਹਨ, “ਮੇਰੇ ਇਸ ਅਫ਼ਸੋਸ ਦਾ ਟੀਓ ਨਾਲ ਕੋਈ ਲੈਣਾ-ਦੇਣਾ ਨਹੀਂ ਹੈ; ਉਹ ਬਹੁਤ ਹੀ ਚੰਗਾ ਅਤੇ ਪਿਆਰਾ ਬੱਚਾ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਬਿਨਾਂ ਕਿਸੇ ਹਿਚਕ ਦੇ ਉਸਦੇ ਲਈ ਆਪਣੀ ਜਾਨ ਵੀ ਦੇ ਸਕਦੀ ਹਾਂ। ਉਹ ਬਹੁਤ ਹੀ ਨਰਮਦਿਲ, ਮਿਲਣਸਾਰ ਅਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਬੱਚਾ ਹੈ।”

ਸਾਈਕੋਥੈਰੇਪਿਸਟ ਅੰਨਾ ਮਾਥੁਰ ਕਹਿੰਦੇ ਹਨ, “ਅਕਸਰ ਜਦੋਂ ਮਹਿਲਾਵਾਂ ਮਾਂ ਬਣਨ ਤੋਂ ਬਾਅਦ ਹੋਣ ਵਾਲੇ ਅਫ਼ਸੋਸ ਬਾਰੇ ਗੱਲ ਕਰਨ ਲਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹਨ, ਤਾਂ ਜੋ ਗੱਲ ਸਾਹਮਣੇ ਆਉਂਦੀ ਹੈ ਉਹ ਪਿਆਰ ਦੀ ਘਾਟ ਨਹੀਂ ਹੁੰਦੀ, ਸਗੋਂ ਇੱਕਲਾਪਾ, ਥਕਾਵਟ ਜਾਂ ਆਪਣੀ ਪਛਾਣ ਗੁਆ ਬੈਠਣ ਦਾ ਅਹਿਸਾਸ ਹੁੰਦਾ ਹੈ।” ਆਪਣੇ ਆਪ ਨੂੰ ਇੱਕ ਪਰਫੈਕਸ਼ਨਿਸਟ ਮੰਨਣ ਵਾਲੇ ਕਾਰਮੇਨ ਲਈ “ਇੱਕ ਚੰਗਾ ਨਾਗਰਿਕ, ਇੱਕ ਚੰਗਾ ਅਤੇ ਖੁਸ਼ ਇਨਸਾਨ” ਬਣਾਉਣ ਦੀ ਜ਼ਿੰਮੇਵਾਰੀ ਢੋਣਾ ਬਹੁਤ ਭਾਰੀ ਲੱਗਦਾ ਹੈ।

ਕਾਰਮੇਨ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਟੀਓ ਨੂੰ ਕਦੇ ਵੀ ਉਨ੍ਹਾਂ ਹਾਲਾਤਾਂ ਚੋਂ ਲੰਘਣ ਨਹੀਂ ਦੇਣਗੇ, ਜਿਨ੍ਹਾਂ ’ਚੋਂ ਉਹ ਗੁਜ਼ਰੇ ਸਨ। ਉਹ ਇੱਕ ਗਰੀਬ ਅਤੇ ਬਿੱਖਰੇ ਹੋਏ ਪਰਿਵਾਰ ‘ਚ ਵੱਡੇ ਹੋਏ, “ਜਿੱਥੇ ਹਿੰਸਾ ਹੀ ਮੁੱਖ ਭਾਸ਼ਾ ਸੀ” ਅਤੇ ਉਨ੍ਹਾਂ ਨੂੰ ਕਦੇ ਪਿਆਰ ਮਹਿਸੂਸ ਨਹੀਂ ਹੋਇਆ।

ਉਹ ਕਹਿੰਦੇ ਹਨ ਕਿ ਸ਼ੁਰੂ ਵਿੱਚ ਮਾਂ ਬਣਨਾ “ਇੱਕ ਖੁਸ਼ੀ” ਸੀ। ਟੀਓ ਬਹੁਤ ਵਧੀਆ ਤਰੀਕੇ ਨਾਲ ਸੌਂਦਾ ਸੀ ਅਤੇ ਉਨ੍ਹਾਂ ਨੂੰ ਮੈਟਰਨਿਟੀ ਲੀਵ ਦੌਰਾਨ ਆਪਣੇ ਨਿੱਕੇ ਜਿਹੇ ਪੁੱਤਰ ਦੀ ਦੇਖਭਾਲ ਕਰਨ ਵਿੱਚ ਬਹੁਤ ਮਜ਼ਾ ਆਉਂਦਾ ਸੀ।

ਕਾਰਮੇਨ ਕਹਿੰਦੇ ਹਨ, ਪਰ ਹਾਲਾਤ ਉਦੋਂ ਬਦਲੇ ਜਦੋਂ ਉਨ੍ਹਾਂ ਦੇ ਪੁੱਤਰ ਵਿੱਚ ਵਿਕਾਸ ਸਬੰਧੀ ਦੇਰੀ ਦੇ ਕੁਝ ਗੰਭੀਰ ਲੱਛਣ ਨਜ਼ਰ ਆਉਣ ਲੱਗੇ ਅਤੇ “ਹਰ ਛੋਟਾ ਜਿਹਾ ਪਲ ਨਿਗਰਾਨੀ ਅਤੇ ਚਿੰਤਾ ਵਿੱਚ ਬਦਲ ਗਿਆ।”

“ਮੈਨੂੰ ਬਹੁਤ ਦੋਸ਼ੀ ਮਹਿਸੂਸ ਹੋਇਆ ਅਤੇ ਮੈਨੂੰ ਚਿੰਤਾ ਹੋ ਗਈ ਕਿ ਉਸਦੀ ਜ਼ਿੰਦਗੀ ਇੱਕ ਸੰਘਰਸ਼ ਬਣ ਜਾਵੇਗੀ।”

ਖੁਸ਼ਕਿਸਮਤੀ ਨਾਲ ਟੀਓ ਨੂੰ ਉਹ ਬਿਮਾਰੀ ਨਹੀਂ ਨਿਕਲੀ ਜਿਸਦਾ ਕਾਰਮੇਨ ਨੂੰ ਡਰ ਸੀ ਅਤੇ ਹੁਣ ਉਹ ਠੀਕ ਹੈ, ਪਰ ਕਾਰਮੇਨ ਕਹਿੰਦੇ ਹਨ ਕਿ ਉਸ ਤਣਾਅ ਅਤੇ ਲਗਾਤਾਰ ਚਿੰਤਾ ਕਾਰਨ ਉਨ੍ਹਾਂ ਨੂੰ ਇੱਕ ਆਟੋਇਮਿਊਨ ਬਿਮਾਰੀ ਹੋ ਗਈ।

‘ਰਿਗ੍ਰੇਟਿੰਗ ਮਦਰਹੁੱਡ: ਏ ਸਟੱਡੀ’ ਦੇ ਲੇਖਿਕਾ, ਇਜ਼ਰਾਇਲੀ ਸਮਾਜਸ਼ਾਸਤਰੀ ਓਰਨਾ ਡੋਨਾਥ ਦੇ ਮੁਤਾਬਕ, ਮਾਂ ਬਣਨ ਦੇ ਪਛਤਾਵੇ ਨੂੰ ਪਿਆਰ ਰਹਿਤ ਅਤੇ ਅਣਗਹਿਲੀ ਵਾਲੇ ਪਾਲਣ-ਪੋਸ਼ਣ ਨਾਲ ਜੋੜਨਾ ਇੱਕ ਲਾਪਰਵਾਹੀ ਵਾਲੀ ਧਾਰਨਾ ਹੈ।

ਡੋਨਾਥ ਨੇ 23 ਮਾਵਾਂ ਦਾ ਇੰਟਰਵਿਊ ਕੀਤਾ, ਜਿਨ੍ਹਾਂ ਵਿੱਚੋਂ ਹਰੇਕ ਨੇ ਮਾਂ ਬਣਨ ਦੇ ਪਛਤਾਵੇ ਅਤੇ ਆਪਣੇ ਬੱਚਿਆਂ ਪ੍ਰਤੀ ਆਪਣੀਆਂ ਭਾਵਨਾਵਾਂ ਦੇ ਵਿਚਕਾਰ ਦੇ ਫਰਕ ‘ਤੇ ਜ਼ੋਰ ਦਿੱਤਾ। ਕਈ ਮਾਵਾਂ ਨੂੰ ਮਾਂ ਬਣਨ ਤੋਂ ਬਾਅਦ ਠੱਗਿਆ ਹੋਇਆ ਮਹਿਸੂਸ ਹੋਇਆ ਕਿਉਂਕਿ ਅਸਲ ਹਕੀਕਤ ਉਹੋ ਜਿਹੀ ਨਹੀਂ ਸੀ, ਜਿਸ ਤਰ੍ਹਾਂ ਦੀ ਸਮਾਜ ਨੇ ਉਨ੍ਹਾਂ ਨੂੰ ਦਿਖਾਈ ਸੀ।

“ਮੈਨੂੰ ਆਪਣੇ ਬੱਚੇ ਪਿਆਰੇ ਪਰ ਮਾਂ ਬਣਨ ਦਾ ਅਫ਼ਸੋਸ”

ਆਈ ਰਿਗਰੈਟ ਹੈਵਿੰਗ ਚਿਲਡਰਨ ਗਰੁੱਪ ਨਾਲ 96,000 ਮੈਂਬਰ ਜੁੜੇ ਹਨ।

ਤਸਵੀਰ ਸਰੋਤ, Getty Images

ਇਸ ਅਧਿਐਨ ਵਿੱਚ ਸ਼ਾਮਲ ਇੱਕ ਮਾਂ, ਜਿਨ੍ਹਾਂ ਦੇ ਦੋ ਕਿਸ਼ੋਰ ਬੱਚੇ ਹਨ, ਕਹਿੰਦੇ ਹਨ, “ਮੈਨੂੰ ਬੱਚੇ ਪੈਦਾ ਕਰਨ ਅਤੇ ਮਾਂ ਬਣਨ ਦਾ ਅਫ਼ਸੋਸ ਹੈ, ਪਰ ਮੈਨੂੰ ਆਪਣੇ ਬੱਚੇ ਬਹੁਤ ਪਿਆਰੇ ਹਨ… ਮੈਂ ਇਹ ਨਹੀਂ ਚਾਹਾਂਗੀ ਕਿ ਉਹ ਇਸ ਦੁਨੀਆ ਵਿੱਚ ਨਾ ਹੋਣ, ਮੈਂ ਸਿਰਫ਼ ਮਾਂ ਨਹੀਂ ਬਣਨਾ ਚਾਹੁੰਦੀ।”

ਜੋ ਥੋੜ੍ਹਾ ਬਹੁਤ ਡਾਟਾ ਮੌਜੂਦ ਹੈ, ਉਹ ਦੱਸਦਾ ਹੈ ਕਿ ਇਹ ਕੋਈ ਅਸਧਾਰਣ ਭਾਵਨਾ ਨਹੀਂ ਹੈ। ਪੋਲੈਂਡ ਵਿੱਚ ਸਾਲ 2023 ਵਿੱਚ ਹੋਏ ਇੱਕ ਅਧਿਐਨ ਮੁਤਾਬਕ, 5–14% ਮਾਪਿਆਂ ਨੂੰ ਬੱਚੇ ਪੈਦਾ ਕਰਨ ਦੇ ਆਪਣੇ ਫ਼ੈਸਲੇ ‘ਤੇ ਅਫ਼ਸੋਸ ਹੁੰਦਾ ਹੈ ਅਤੇ ਜੇ ਉਨ੍ਹਾਂ ਨੂੰ ਦੁਬਾਰਾ ਮੌਕਾ ਮਿਲੇ ਤਾਂ ਉਹ ਬਿਨਾਂ ਬੱਚਿਆਂ ਦੇ ਰਹਿਣਾ ਪਸੰਦ ਕਰਨਗੇ।

ਮਾਤਾ-ਪਿਤਾ ਸ਼ਾਇਦ ਇਸ ਪਛਤਾਵੇ ਬਾਰੇ ਖੁੱਲ੍ਹ ਕੇ ਗੱਲ ਨਾ ਕਰਨ, ਪਰ ਉਨ੍ਹਾਂ ਨੂੰ ਆਨਲਾਈਨ ਇੱਕ-ਦੂਜੇ ਦਾ ਸਾਥ ਮਿਲ ਰਿਹਾ ਹੈ।

ਕਾਰਮੇਨ ਜਦੋਂ ਫੇਸਬੁੱਕ ‘ਤੇ ਇੱਕ ਗਰੁੱਪ ‘I Regret Having Children’ (ਆਈ ਰਿਗਰੈਟ ਹੈਵਿੰਗ ਚਿਲਡਰਨ) ਨਾਲ ਜੁੜੇ ਤਾਂ ਉਨ੍ਹਾਂ ਨੂੰ ਵੀ ਅਹਿਸਾਸ ਹੋਇਆ ਕਿ ਉਹ ਇੱਕਲੇ ਨਹੀਂ ਹਨ। ਉਸ ਇੱਕਲੇ ਗਰੁੱਪ ਵਿੱਚ ਦੁਨੀਆ ਭਰ ਤੋਂ 96,000 ਮੈਂਬਰ ਜੁੜੇ ਹੋਏ ਹਨ।

ਗਰੁੱਪ ਨਾਲ ਜੁੜੀ ਇੱਕ ਮਾਂ, ਜੋ ਆਸਟ੍ਰੇਲੀਆ ਵਿੱਚ ਆਪਣੇ ਪੰਜ ਸਾਲ ਦੇ ਬੱਚੇ ਨਾਲ ਰਹਿੰਦੇ ਹਨ, ਨੇ ਬੀਬੀਸੀ ਨੂੰ ਦੱਸਿਆ, “ਮਾਂ ਬਣਨ ਨਾਲ ਜੁੜੇ ਬਹੁਤ ਸਾਰੇ ਮਿੱਠੇ-ਪਿਆਰੇ ਪਲ ਹੁੰਦੇ ਹਨ, ਪਰ ਇਹ ਪਲ ਉਸ ਆਜ਼ਾਦੀ ਦੀ ਭਰਪਾਈ ਨਹੀਂ ਕਰ ਸਕਦੇ ਜੋ ਮੈਨੂੰ ਇਸ ਦੇ ਬਦਲੇ ਮਿਲ ਸਕਦੀ ਸੀ।”

ਉਹ ਕਹਿੰਦੇ ਹਨ, “ਮੈਂ ਆਪਣੀ ਧੀ ਦੇ ਸਾਹਮਣੇ ਆਪਣਾ ਨਕਾਬ ਚੰਗੀ ਤਰ੍ਹਾਂ ਪਾ ਕੇ ਰੱਖਦੀ ਹਾਂ, ਪਰ ਜਦੋਂ ਉਹ ਸੌਂ ਜਾਂਦੀ ਹੈ ਅਤੇ ਮੇਰੇ ਪਤੀ ਅਤੇ ਮੈਨੂੰ ਇਕੱਠੇ ਕੁਝ ਚੰਗਾ ਸਮਾਂ ਬਿਤਾਉਣ ਦਾ ਛੋਟਾ ਜਿਹਾ ਮੌਕਾ ਮਿਲਦਾ ਹੈ, ਤਾਂ ਮੇਰਾ ਉਹ ਨਕਾਬ ਉਤਰ ਜਾਂਦਾ ਹੈ ਅਤੇ ਮੈਂ ਇੱਕਲੀ ਰਹਿਣਾ ਪਸੰਦ ਕਰਦੀ ਹਾਂ।”

ਇੱਕ ਮਹਿਲਾ ਦੀ ਆਪਣੇ ਬੱਚੇ ਨਾਲ ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਬੱਚਾ ਹੋਣ ਦਾ ਮਤਲਬ ਹੈ ਆਰਥਿਕ ਤੰਗੀ ਬਣੀ ਰਹਿਣਾ ਅਤੇ ਉਨ੍ਹਾਂ ਦੇ (ਮਾਂ ਦੇ) ਸਾਰੇ ਟੀਚੇ ਅਤੇ ਸੁਪਨੇ, ਘੁੰਮਣਾ-ਫਿਰਣਾ, ਕੋਈ ਬਿਜ਼ਨਸ ਸ਼ੁਰੂ ਕਰਨਾ ਅਤੇ ਨਿਵੇਸ਼ ਯੋਜਨਾ ਬਣਾਉਣ – ਸਭ ਪਿੱਛੇ ਰਹਿ ਗਏ ਹਨ।

ਉਨ੍ਹਾਂ ਕਿਹਾ, “ਮੈਂ ਕੁਝ ਵੀ ਕਰਨ ਦੀ ਸਾਰੀ ਪ੍ਰੇਰਨਾ ਗੁਆ ਚੁੱਕੀ ਹਾਂ, ਸਿਵਾਇ ਇਸ ਉਥਲ-ਪੁਥਲ ਭਰੀ ਦੁਨੀਆ ਵਿੱਚ ਇੱਕ ਚੰਗਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਨ ਦੇ।”

ਇੱਕ ਹੋਰ ਮਹਿਲਾ, ਜੋ ਯੂਕੇ ਵਿੱਚ ਰਹਿੰਦੇ ਹਨ, ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਗੱਲ “ਅਪਮਾਨਜਨਕ” ਲੱਗਦੀ ਹੈ ਜਦੋਂ ਲੋਕ ਇਹ ਮੰਨ ਲੈਂਦੇ ਹਨ ਕਿ ਕੋਈ ਨਾਖੁਸ਼ ਮਾਂ ਜ਼ਰੂਰ ਪ੍ਰੈਗਨੈਂਸੀ ਤੋਂ ਬਾਅਦ ਹੋਣ ਵਾਲੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਵੇਗੀ।

ਉਹ ਕਹਿੰਦੇ ਹਨ, “ਇਸ ਤਰ੍ਹਾਂ ਦੇ ਲੇਬਲ ਲਗਾਉਣਾ ਲੋਕਾਂ ਨੂੰ ਜ਼ਿਆਦਾ ਆਸਾਨ ਲੱਗਦਾ ਹੈ। ਮੇਰੇ ਬੱਚੇ ਹੁਣ ਵੱਡੇ ਹੋ ਗਏ ਹਨ ਪਰ ਮੈਨੂੰ ਅੱਜ ਵੀ ਅਫਸੋਸ ਹੈ ਕਿ ਜੋ ਜ਼ਿੰਦਗੀ ਮੈਂ ਜਿਉਣਾ ਚਾਹੁੰਦੀ ਸੀ, ਉਹ ਮੈਨੂੰ ਨਸੀਬ ਨਹੀਂ ਹੋਈ।

“ਹੁਣ ਮੈਂ ਇਹ ਸੋਚ ਕੇ ਚਿੰਤਤ ਰਹਿੰਦੀ ਹਾਂ ਕਿ ਭਵਿੱਖ ਵਿੱਚ ਪੋਤੇ-ਪੋਤੀਆਂ ਦੀ ਦੇਖਭਾਲ ਵੀ ਮੈਨੂੰ ਹੀ ਕਰਨੀ ਪਵੇਗੀ – ਦੇਖਭਾਲ ਕਰਨ ਦੀ ਇਹ ਜ਼ਿੰਮੇਵਾਰੀ ਕਦੇ ਖਤਮ ਨਹੀਂ ਹੁੰਦੀ।”

“ਆਈ ਰਿਗ੍ਰੈਟ ਹੈਵਿੰਗ ਚਿਲਡ੍ਰਨ” ਨਾਮ ਦਾ ਫੇਸਬੁੱਕ ਗਰੁੱਪ 2007 ਵਿੱਚ ਬਣਾਇਆ ਗਿਆ ਸੀ ਅਤੇ ਇਸ ਦਾ ਕੰਟੈਂਟ ਸਿੱਧਾ ਮਾਪਿਆਂ ਵੱਲੋਂ ਦਿੱਤਾ ਜਾਂਦਾ ਹੈ, ਜ਼ਿਆਦਾਤਰ ਔਰਤਾਂ ਵੱਲੋਂ, ਜੋ ਆਪਣੀਆਂ ਕਹਾਣੀਆਂ ਨਿੱਜੀ ਸੁਨੇਹਿਆਂ ਰਾਹੀਂ ਭੇਜਦੀਆਂ ਹਨ ਅਤੇ ਫਿਰ ਇਨ੍ਹਾਂ ਸੁਨੇਹਿਆਂ ਨੂੰ ਬਿਨਾਂ ਨਾਂਅ ਉਜਾਗਰ ਕੀਤੇ, ਗੁਪਤ ਤਰੀਕੇ ਨਾਲ ਪੋਸਟ ਕੀਤਾ ਜਾਂਦਾ ਹੈ।

ਇਸ ਗਰੁੱਪ ਦੀ ਸੰਚਾਲਕ ਜਿਆਨੀਨਾ (44), ਜੋ ਅਮਰੀਕਾ ਦੇ ਇਕ ਲੈਬੋਰਟਰੀ ਵਿਗਿਆਨੀ ਹਨ, ਕਹਿੰਦੇ ਹਨ, “ਸਾਡਾ ਮਕਸਦ ਕਦੇ ਵੀ ਮਾਪਿਆਂ ਨੂੰ ਸ਼ਰਮਿੰਦਗੀ ਮਹਿਸੂਸ ਕਰਵਾਉਣਾ ਜਾਂ ਕਿਸੇ ਖਾਸ ਜੀਵਨ-ਸ਼ੈਲੀ ਨੂੰ ਪ੍ਰਚਾਰਿਤ ਕਰਨਾ ਨਹੀਂ ਸੀ।”

ਉਹ ਕਹਿੰਦੇ ਹਨ, “ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿਉਂਕਿ ਅਕਸਰ ਉਹ ਚੁੱਪਚਾਪ ਇਨ੍ਹਾਂ ਭਾਵਨਾਵਾਂ ਨਾਲ ਜੂਝ ਰਹੇ ਹੁੰਦੇ ਹਨ ਕਿਉਂਕਿ ਆਮ ਤੌਰ ‘ਤੇ ਸੁਣਨ ਨੂੰ ਮਿਲਦਾ ਹੈ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ।”

ਉਹ ਦੱਸਦੇ ਹਨ, “ਜਿਆਨੀਆ ਬੱਚੇ ਪੈਦਾ ਕਰਨ ਨੂੰ ਲੈਕੇ ਦੁਵਿਧਾ ‘ਚ ਸਨ ਪਰ ਜਦੋਂ ਉਨ੍ਹਾਂ ਇਸ ਫੋਰਮ ‘ਤੇ ਲੋਕਾਂ ਦੀਆਂ ਕਹਾਣੀਆਂ ਪੜ੍ਹੀਆਂ ਤਾਂ ਉਨ੍ਹਾਂ ਬੱਚੇ ਪੈਦਾ ਨਾ ਕਰਨ ਦਾ ਫੈਸਲਾ ਲਿਆ।”

“ਬੱਚੇ ਪੈਦਾ ਕਰਨਾ ਇੱਕ ਚੋਣ, ਇਹ ਲਾਜ਼ਮੀ ਨਹੀਂ”

ਬੱਚੇ ਪੈਦਾ ਕਰਨਾ ਇੱਕ ਚੋਣ, ਇਹ ਲਾਜ਼ਮੀ ਨਹੀਂ: ਮਾਰਗ੍ਰੇਟ ਓ'ਕੋਨੋਰ

ਤਸਵੀਰ ਸਰੋਤ, Getty Images

ਆਇਰਲੈਂਡ ਦੀ ਇੱਕ ਕਾਊਂਸਲਰ ਅਤੇ ਸਾਈਕੋਥੈਰੇਪਿਸਟ ਮਾਰਗ੍ਰੇਟ ਓ’ਕੋਨੋਰ (ਜੋ ਲੋਕਾਂ ਨੂੰ ਇਹ ਫੈਸਲਾ ਲੈਣ ‘ਚ ਮਦਦ ਕਰਦੇ ਹਨ ਕਿ ਉਨ੍ਹਾਂ ਨੂੰ ਮਾਪੇ ਬਣਨਾ ਚਾਹੀਦਾ ਹੈ ਜਾਂ ਨਹੀਂ) ਮੁਤਾਬਿਕ ਨੌਜਵਾਨ ਪੀੜ੍ਹੀ ਬੱਚੇ ਪੈਦਾ ਕਰਨ ਦੇ ਸਵਾਲ ਨੂੰ ਪੁਰਾਣੀਆਂ ਪੀੜ੍ਹੀਆਂ ਦੇ ਮੁਕਾਬਲੇ ਵੱਖਰੇ ਨਜ਼ਰੀਏ ਨਾਲ ਦੇਖ ਰਹੀ ਹੈ।

ਉਹ ਕਹਿੰਦੇ ਹਨ, “ਹੁਣ ਲੋਕਾਂ ਨੂੰ ਅਹਿਸਾਸ ਹੈ ਕਿ ਬੱਚੇ ਪੈਦਾ ਕਰਨਾ ਇੱਕ ਚੋਣ ਹੈ। ਅਜਿਹਾ ਲਾਜ਼ਮੀ ਨਹੀਂ ਹੈ ਕਿ ਬੱਚੇ ਪੈਦਾ ਕਰਨੇ ਜ਼ਰੂਰੀ ਹੀ ਹਨ।”

“ਮੇਰੇ ਕੋਲ 20 ਅਤੇ 30 ਦੀ ਉਮਰ ਵਾਲੇ ਲੋਕ ਆਉਂਦੇ ਹਨ ਜੋ ਜਾਣਦੇ ਹਨ ਕਿ ਉਹ ਬੱਚੇ ਚਾਹੁੰਦੇ ਹਨ, ਪਰ ਫਿਰ ਵੀ ਚੁਣੌਤੀਆਂ ਨੂੰ ਲੈ ਕੇ ਚਿੰਤਤ ਹੁੰਦੇ ਹਨ ਅਤੇ ਇਸਨੂੰ ਸਮਝਣ ਲਈ ਸਹਾਇਤਾ ਚਾਹੁੰਦੇ ਹਨ।”

ਓ’ਕੋਨੋਰ ਕਹਿੰਦੇ ਹਨ ਕਿ ਇਹ ਦੱਸਣਾ ਮੁਸ਼ਕਿਲ ਹੈ ਕਿ ਉਹ ਕਿਹੜੇ ਲੱਛਣ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕੇ ਕਿ ਕੋਈ ਔਰਤ ਮਾਂ ਬਣਨ ਤੋਂ ਬਾਅਦ ਪਛਤਾਏਗੀ, ਕਿਉਂਕਿ ਹਰ ਇੱਕ ਦਾ ਆਪਣਾ ਵੱਖਰਾ ਤਜ਼ਰਬਾ ਹੁੰਦਾ ਹੈ।

ਉਹ ਕਹਿੰਦੇ ਹਨ, “ਤੁਹਾਨੂੰ ਇਹ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਇਹ ਫੈਸਲਾ ਆਪਣੇ ਲਈ ਲੈ ਰਹੇ ਹੋ, ਨਾ ਕਿ ਆਪਣੇ ਸਾਥੀ ਜਾਂ ਮਾਪਿਆਂ ਦੇ ਦਬਾਅ ਕਾਰਨ।”

ਨਾਲ ਹੀ ਉਹ ਇਸ ਗੱਲ ਤੋਂ ਵੀ ਸਾਵਧਾਨ ਰਹਿਣ ਲਈ ਆਗਾਹ ਕਰਦੇ ਹਨ, ਜਿਸ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ਦੇਖਭਾਲ ਅਸੀਂ ਕਰ ਲਵਾਂਗੇ।

ਉਹ ਕਹਿੰਦੇ ਹਨ, “ਆਮ ਤੌਰ ‘ਤੇ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ‘ਅਸੀਂ ਬੱਚੇ ਦੀ ਦੇਖਭਾਲ ਕਰਨ ‘ਚ ਮਦਦ ਕਰਾਂਗੇ’ ਪਰ ਆਮ ਤੌਰ ‘ਤੇ ਲੋਕ ਅਜਿਹਾ ਨਹੀਂ ਕਰਦੇ, ਇਹ ਬੱਚਾ ਤੁਹਾਡਾ ਹੈ ਅਤੇ ਤੁਹਾਨੂੰ ਹੀ ਉਸਦੀ ਪੂਰੀ ਜ਼ਿੰਮੇਵਾਰੀ ਲੈਣੀ ਪਵੇਗੀ।”

ਓ’ਕੋਨੋਰ ਕਹਿੰਦੇ ਹਨ ਕਿ ਮਾਂ-ਬਾਪ ਬਣਨ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਅਤੇ ਤਿਆਗ ਮੰਗਦੀ ਹੈ, ਇਹੀ ਵਜ੍ਹਾ ਹੈ ਕਿ ਮਾਪਿਆਂ ਲਈ ਕਦੇ-ਕਦੇ ਪਛਤਾਵਾ ਮਹਿਸੂਸ ਕਰਨਾ ਸਧਾਰਨ ਗੱਲ ਹੈ।

ਮਾਰਗ੍ਰੇਟ ਓ'ਕੋਨੋਰ

ਉਹ ਸੁਝਾਅ ਦਿੰਦੇ ਹਨ ਕਿ ਥੈਰੇਪਿਸਟ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਪਛਤਾਵੇ ਦੇ ਅਸਲ ਕਾਰਨ ਤੱਕ ਪਹੁੰਚਿਆ ਜਾ ਸਕੇ ਅਤੇ “ਇੱਕ ਸੁਰੱਖਿਅਤ ਥਾਂ ‘ਤੇ ਗੱਲ ਕੀਤੀ ਜਾਵੇ ਜਿੱਥੇ ਤੁਹਾਡੇ ਕਿਸੇ ਵਿਚਾਰ ‘ਤੇ ਸਵਾਲ ਨਾ ਚੁੱਕੇ ਜਾਣ।”

ਮਾਥੁਰ ਕਹਿੰਦੇ ਹਨ ਕਿ ਮਾਂ ਬਣਨ ਨਾਲ ਜੁੜਿਆ ਪਛਤਾਵਾ ਹਮੇਸ਼ਾ “ਸੁਚੱਜੇ ਜਾਂ ਪੂਰੀ ਤਰ੍ਹਾਂ” ਵਾਪਸ ਨਹੀਂ ਮੁੜਦਾ।

“ਕੁਝ ਔਰਤਾਂ ਲਈ ਇਹ ਪਛਤਾਵੇ ਵਾਲੀਆਂ ਭਾਵਨਾਵਾਂ ਸਹਿਯੋਗ, ਆਰਾਮ, ਸਮੇਂ ਅਤੇ ਹਾਲਾਤਾਂ ਵਿੱਚ ਬਦਲਾਅ ਨਾਲ ਕਾਫ਼ੀ ਨਰਮ ਪੈ ਜਾਂਦੀਆਂ ਹਨ ਜਾਂ ਕਾਫ਼ੀ ਹੱਦ ਤੱਕ ਬਦਲ ਜਾਂਦੀਆਂ ਹਨ।”

“ਪਰ ਕੁਝ ਹੋਰਨਾਂ ਲਈ ਇਸ ਅਹਿਸਾਸ ਦੇ ਕੁਝ ਹਿੱਸੇ ਫਿਰ ਵੀ ਕਾਇਮ ਰਹਿ ਸਕਦੇ ਹਨ ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਇਨ੍ਹਾਂ ਭਾਵਨਾਵਾਂ ਨੂੰ ਬਿਨਾਂ ਸ਼ਰਮਿੰਦਗੀ ਦੇ ਜਗ੍ਹਾ ਦੇਈਏ।”

ਓਰਨਾ ਡੋਨਾਥ ਦੇ ਅਧਿਐਨ ਵਿੱਚ ਵੀ ਪਾਇਆ ਗਿਆ ਕਿ ਮਾਂ ਬਣਨ ਤੋਂ ਬਾਅਦ ਦਾ ਪਛਤਾਵਾ ਕਦੇ ਖਤਮ ਨਹੀਂ ਹੁੰਦਾ।

ਉਹ ਕਹਿੰਦੇ ਹਨ, “ਜਿਨ੍ਹਾਂ ਔਰਤਾਂ ਨਾਲ ਮੈਂ ਗੱਲ ਕੀਤੀ, ਉਹ ਪਛਤਾਵੇ ਦੇ ਬਾਵਜੂਦ ਆਪਣੀ ਪੂਰੀ ਕੋਸ਼ਿਸ਼ ਕਰਦੀਆਂ ਹਨ।”

ਉਹ ਦੱਸਦੇ ਹਨ, “ਕੁਝ ਸਾਲ ਪਹਿਲਾਂ ਮੈਨੂੰ ਇੱਕ ਮਹਿਲਾ ਦੀ ਚਿੱਠੀ ਮਿਲੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਉਹ ਮਾਂ ਬਣਨ ਤੋਂ ਬਾਅਦ ਪਛਤਾ ਰਹੀ ਹੈ ਅਤੇ ਉਸਨੇ ਲਿਖਿਆ ਕਿ ਜਿਸ ਚੀਜ਼ ਨੇ ਉਸਨੂੰ ਸਹਾਰਾ ਦਿੱਤਾ ਉਹ ਇਹ ਸੀ ਕਿ ਉਸਨੇ ਕਦੇ ਉਮੀਦ ਨਹੀਂ ਲਾਈ ਕਿ ਇੱਕ ਦਿਨ ਇਹ ਸਭ ਖਤਮ ਹੋ ਜਾਵੇਗਾ। ਇਸ ਵਿਚਾਰ ਨਾਲ ਲੜਨ ਦੀ ਬਚਾਏ ਉਸਨੇ ਸੱਚਾਈ ਨੂੰ ਅਪਣਾਇਆ ਅਤੇ ਖੁਦ ਨੂੰ ਸਮਝਾਇਆ ਕਿ ਇਹ ਕਦੇ ਨਹੀਂ ਬਦਲੇਗਾ।”

ਉਹ ਸਮਝਦੇ ਹਨ ਕਿ ਕਾਰਮਨ ਦੇ ਮਾਮਲੇ ‘ਚ ਇਹ ਵਿਚਾਰ ਸਥਾਈ ਹੈ “ਕਿਉਂਕਿ ਇਹ ਤਿਆਗ ਹਮੇਸ਼ਾ ਲਈ ਰਹੇਗਾ।”

“ਹੁਣ ਮੈਂ ਖੁਦ ਨੂੰ ਦੈਂਤ ਨਹੀਂ ਸਮਝਦੀ”

ਹਾਲਾਂਕਿ ਉਹ ਪਿਛਲੇ ਕਈ ਸਾਲਾਂ ਤੋਂ ਥੈਰੇਪਿਸਟ ਦੀ ਮਦਦ ਲੈ ਰਹੇ ਹਨ ਅਤੇ ਦੱਸਦੇ ਹਨ ਕਿ ਕਿਵੇਂ ਇਸਨੇ ਉਨ੍ਹਾਂ ਨੂੰ ਖੁਦ ਨੂੰ ਸਮਝਣ ਅਤੇ ਮਾਂ ਹੋਣ ਦੀ ਭਾਵਨਾ ਨੂੰ ਅਪਣਾਉਣ ‘ਚ ਮਦਦ ਕੀਤੀ ਹੈ।

ਉਹ ਕਹਿੰਦੇ ਹਨ,”ਹੁਣ ਮੈਂ ਕੜਵਾਹਟ ਨਾਲ ਨਹੀਂ ਜਿਉਂਦੀ।”

ਹੁਣ ਉਹ ਜਿਮ ਜਾਂਦੀ ਹੈ , ਦੋਸਤਾਂ ਨੂੰ ਮਿਲਣ ਲਈ ਸਮਾਂ ਕੱਢਦੀ ਹੈ ਅਤੇ ਆਪਣੇ ਆਪ ਨੂੰ ਪਰਫੈਕਟ ਨਾ ਹੋਣ ਦੀ ਖੁੱਲ੍ਹ ਦਿੰਦੀ ਹੈ।

“ਆਖਿਰ ਹੁਣ ਮੈਂ ਇਹ ਕਹਿਣਾ ਸਿੱਖ ਲਿਆ ਹੈ, ‘ਮੁਆਫ ਕਰਨਾ, ਪਰ ਮੈਂ ਹੁਣ ਥੱਕ ਗਈ ਹਾਂ ਅਤੇ ਜਲਦੀ ਸੌਣ ਜਾ ਰਹੀ ਹਾਂ। ਡਿਨਰ ‘ਚ ਜੋ ਖਾਣਾ ਹੈ ਖਾ ਲਓ, ਡੈਡੀ ਇੱਥੇ ਹੀ ਹਨ।’

ਹੁਣ ਉਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਉਨ੍ਹਾਂ ਦੇ ਅਜਿਹਾ ਕਹਿਣ ਨਾਲ ਦੁਨੀਆ ਤਬਾਹ ਨਹੀਂ ਹੋ ਜਾਵੇਗੀ।

“ਟੀਓ ਦੇਖਦਾ ਹੈ ਕਿ ਮੈਂ ਵੀ ਇੱਕ ਇਨਸਾਨ ਹਾਂ ਅਤੇ ਪਰਫੈਕਟ ਨਹੀਂ ਹਾਂ ਅਤੇ ਹੁਣ ਉਹ ਵੀ ਇਸਨੂੰ ਸਵੀਕਾਰ ਕਰਦਾ ਹੈ।”

ਮੈਂ ਕਾਰਮੇਨ ਨੂੰ ਆਪਣੇ ਪੁੱਤਰ ਨਾਲ ਗੁਜ਼ਾਰੇ ਸਮੇਂ ਬਾਰੇ ਪੁੱਛਿਆ ਜਦੋਂ ਉਹ ਸਭ ਤੋਂ ਵੱਧ ਖੁਸ਼ ਸਨ।

“ਹਰ ਰਾਤ ਟੀਓ ਦੇ ਸੌਣ ਤੋਂ ਪਹਿਲਾਂ ਉਹ ਮੇਰੇ ਬੈੱਡ ‘ਤੇ ਆਉਂਦੇ ਹਨ, ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਟੀਓ ਕੰਬਲ ਦੇ ਨਿੱਘ ਦਾ ਅਨੰਦ ਮਾਣਦਾ ਹੋਇਆ ਆਪਣੀ ਮਾਂ ਨਾਲ ਲਿਪਟ ਜਾਂਦਾ ਹੈ।”

ਉਹ ਕਹਿੰਦੇ ਹਨ, “ਇਹ ਉਹ ਸਮਾਂ ਹੁੰਦਾ ਹੈ ਜਦੋਂ ਮੈਂ ਟੀਓ ਨਾਲ ਜੁੜਿਆ ਹੋਇਆ ਮਹਿਸੂਸ ਕਰਦੀ ਹਾਂ ਅਤੇ ਉਸ ਸ਼ਖਸ ਨੂੰ ਦੇਖਦੀ ਹਾਂ ਜਿਸਨੂੰ ਮੈਂ ਦੁਨੀਆ ‘ਚ ਸਭ ਤੋਂ ਵੱਧ ਪਿਆਰ ਕਰਦੀ ਹਾਂ।”

“ਹੁਣ ਮੈਂ ਖੁਦ ਨੂੰ ਦੈਂਤ ਨਹੀਂ ਸਮਝਦੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI