Source :- BBC PUNJABI
ਤਸਵੀਰ ਸਰੋਤ, Getty Images
ਅਪਡੇਟ 9 ਘੰਟੇ ਪਹਿਲਾਂ
ਪੜ੍ਹਨ ਦਾ ਸਮਾਂ: 6 ਮਿੰਟ
14 ਭਾਰਤੀ ਸੂਬਿਆਂ ਵਿੱਚ ਕੀਤੇ ਗਏ ਇੱਕ ਵੱਡੇ ਨਵੀਂ ਸਟੱਡੀ ਮੁਤਾਬਕ 2020 ਤੋਂ ਬਾਅਦ ਭਾਰਤ ਵਿੱਚ ਕ੍ਰਿਕਟ ਵਿੱਚ ਔਰਤਾਂ ਦੀ ਹਿੱਸੇਦਾਰੀ ਦੁਗਣੀ ਹੋ ਗਈ ਹੈ। ਹੁਣ ਹਰ ਦਸ ਵਿੱਚੋਂ ਇੱਕ ਔਰਤ ਇਹ ਖੇਡ ਖੇਡ ਰਹੀ ਹੈ।
ਬੀਬੀਸੀ ਅਤੇ ਕਲੈਕਟਿਵ ਨਿਊਜ਼ਰੂਮ ਵੱਲੋਂ ਕਰਵਾਏ ਗਏ ਇਸ ਸਟੱਡੀ ਮੁਤਾਬਕ ਹਰ ਦੋ ਵਿੱਚੋਂ ਇੱਕ ਵਿਅਕਤੀ (51%) ਨੇ ਪਿਛਲੇ ਛੇ ਮਹੀਨਿਆਂ ਵਿੱਚ ਔਰਤਾਂ ਦੇ ਖੇਡਾਂ ਦੀ ਕਵਰੇਜ ਨੂੰ ਫੌਲੋ ਕੀਤਾ ਹੈ। ਇਹ ਉਨ੍ਹਾਂ ਲੋਕਾਂ ਦੇ ਅਨੁਪਾਤ ਤੋਂ ਬਹੁਤ ਦੂਰ ਨਹੀਂ ਹੈ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੁਰਸ਼ਾਂ ਦੇ ਖੇਡਾਂ ਦੀ ਕਵਰੇਜ ਨੂੰ ਫੌਲੋ ਕੀਤਾ ਹੈ (63%)।
ਨੌਜਵਾਨ (15-24 ਸਾਲ ਦੀ ਉਮਰ), ਔਰਤਾਂ ਦੇ ਖੇਡਾਂ ਦੀ ਹਿੱਸੇਦਾਰੀ ਅਤੇ ਦਰਸ਼ਕਾਂ ਦੀ ਗਿਣਤੀ ਵਿੱਚ ਆ ਰਹੇ ਸਕਾਰਾਤਮਕ ਬਦਲਾਅ ਨੂੰ ਅੱਗੇ ਵਧਾ ਰਹੀਆਂ ਹਨ। ਹਰ ਚਾਰ ਵਿੱਚੋਂ ਇੱਕ (26%) ਨੌਜਵਾਨ ਔਰਤ ਨੇ ਕਿਹਾ ਕਿ ਉਸ ਨੇ ਖੇਡਾਂ ਨੂੰ ਕਰੀਅਰ ਬਦਲ ਵਜੋਂ ਸੋਚਿਆ ਹੈ, ਜਦਕਿ 2020 ਵਿੱਚ ਇਹ ਅੰਕੜਾ 16% ਸੀ।

ਗਲੋਬਲ ਰਿਸਰਚ ਅਤੇ ਇਨਸਾਈਟਸ ਕੰਪਨੀ ਕੈਨਟਾਰ ਨੇ ਬੀਬੀਸੀ ਅਤੇ ਕੁਲੈਕਟਿਵ ਨਿਊਜ਼ਰੂਮ ਦੀ ਸਟੱਡੀ ਲਈ ਭਾਰਤ ਦੇ 14 ਸੂਬਿਆਂ ਵਿੱਚ 10,304 ਜਵਾਬ ਦੇਣ ਵਾਲਿਆਂ ਨਾਲ ਇੰਟਰਵਿਊ ਕੀਤੇ।
ਇਹ ਸਟੱਡੀ ਬੀਬੀਸੀ ਦੀ ‘ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ’ ਪਹਿਲ ਦੇ ਤਹਿਤ ਕੀਤਾ ਗਿਆ।
ਮਿਲੇ ਡੇਟਾ ਦੀ ਤੁਲਨਾ 2020 ਵਿੱਚ ਕੀਤੇ ਗਏ ਇੱਕ ਸਮਾਨ ਸਟੱਡੀ ਦੇ ਨਤੀਜਿਆਂ ਨਾਲ ਕੀਤੀ ਗਈ, ਤਾਂ ਜੋ ਭਾਰਤੀ ਔਰਤਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਅਤੇ ਖਿਡਾਰਨਾਂ ਪ੍ਰਤੀ ਸਮਾਜ ਦੇ ਵਿਆਪਕ ਰਵੱਈਏ ਦਾ ਅੰਦਾਜ਼ਾ ਲਗਾਇਆ ਜਾ ਸਕੇ।
ਇਸ ਸਾਲ ਦੀ ਸਟੱਡੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਭਾਰਤੀ ਖਿਡਾਰਨਾਂ ਨੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ।
ਨਿਸ਼ਾਨੇਬਾਜ਼ ਮਨੂ ਭਾਕਰ ਨੇ 2024 ਪੈਰਿਸ ਓਲੰਪਿਕ ਵਿੱਚ ਇਤਿਹਾਸਕ ਤੌਰ ‘ਤੇ ਦੋ ਮੈਡਲ ਜਿੱਤੇ। ਪੈਰਾਲੰਪਿਕਸ ਵਿੱਚ ਭਾਰਤੀ ਪੈਰਾ ਖਿਡਾਰਨਾਂ ਨੇ 10 ਮੈਡਲ ਜਿੱਤੇ ਅਤੇ 2025 ਵਿੱਚ ਮਹਿਲਾ ਕ੍ਰਿਕਟ ਟੀਮ ਨੇ ਆਪਣੇ ਦੇਸ਼ ਵਿੱਚ 50 ਓਵਰਾਂ ਦਾ ਵਿਸ਼ਵ ਕੱਪ ਜਿੱਤਿਆ। ਪਿਛਲੇ ਕੁਝ ਸਾਲਾਂ ਵਿੱਚ ਇਹ ਸਾਰੀਆਂ ਉਪਲਬਧੀਆਂ ਸੁਰਖ਼ੀਆਂ ਵਿੱਚ ਰਹੀਆਂ ਹਨ।
ਇਹ ਸਫ਼ਲਤਾਵਾਂ ਲੋਕਾਂ ਦਾ ਧਿਆਨ ਖਿੱਚ ਰਹੀਆਂ ਹਨ। ਸਟੱਡੀ ਵਿੱਚ ਸ਼ਾਮਲ 43% ਜਵਾਬ ਦੇਣ ਵਾਲਿਆਂ ਨੇ ਕਿਹਾ ਕਿ ਉਹ ਔਰਤਾਂ ਦੇ ਮੈਚ ਲਾਈਵ ਦੇਖਦੇ ਹਨ, ਜਦਕਿ ਪੁਰਸ਼ਾਂ ਦੀਆਂ ਖੇਡਾਂ ਲਈ ਇਹ ਅੰਕੜਾ 54% ਹੈ।
ਮੈਚ ਸਟੇਡੀਅਮ ਵਿੱਚ ਜਾ ਕੇ ਦੇਖਣ ਦੇ ਮਾਮਲੇ ਵਿੱਚ ਇਹ ਅੰਤਰ ਹੋਰ ਘੱਟ ਹੈ। 29% ਨੇ ਕਿਹਾ ਕਿ ਉਹ ਔਰਤਾਂ ਦੇ ਖੇਡ ਈਵੈਂਟ ਵਿੱਚ ਗਏ ਹਨ, ਜਦਕਿ ਪੁਰਸ਼ਾਂ ਲਈ ਇਹ ਅੰਕੜਾ 37% ਹੈ।

ਸਫਲਤਾਵਾਂ ਤੋਂ ਪ੍ਰੇਰਿਤ ਹੋ ਕੇ ਹੋਰ ਔਰਤਾਂ ਕ੍ਰਿਕਟ ਅਤੇ ਬੈਡਮਿੰਟਨ ਖੇਡ ਰਹੀਆਂ ਹਨ
ਸਟੱਡੀ ਮੁਤਾਬਕ ਹਿੱਸੇਦਾਰੀ ਦੇ ਮਾਮਲੇ ਵਿੱਚ ਕ੍ਰਿਕਟ ਹੁਣ ਪੁਰਸ਼ਾਂ ਅਤੇ ਔਰਤਾਂ ਦੋਵਾਂ ਵਿੱਚ ਸਭ ਤੋਂ ਪ੍ਰਸਿੱਧ ਖੇਡ ਹੈ।
ਪਿਛਲੀ ਸਟੱਡੀ ਤੋਂ ਬਾਅਦ ਕ੍ਰਿਕਟ ਵਿੱਚ ਲਿੰਗ ਅੰਤਰ ਘੱਟ ਹੋਇਆ ਹੈ ਕਿਉਂਕਿ ਇਸ ਖੇਡ ਨੂੰ ਖੇਡਣ ਵਾਲੀਆਂ ਔਰਤਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। 2020 ਵਿੱਚ ਕ੍ਰਿਕਟ ਖੇਡਣ ਵਾਲੇ ਪੁਰਸ਼ਾਂ ਦੀ ਗਿਣਤੀ ਔਰਤਾਂ ਦੇ ਮੁਕਾਬਲੇ ਪੰਜ ਗੁਣਾ ਸੀ। 2026 ਵਿੱਚ ਇਹ ਅੰਤਰ ਘਟ ਕੇ ਤਿੰਨ ਗੁਣਾ ਰਹਿ ਗਿਆ ਹੈ।

ਕ੍ਰਿਕਟ ਤੋਂ ਇਲਾਵਾ ਬੈਡਮਿੰਟਨ ਖੇਡ ਵੀ ਔਰਤਾਂ ਵਿੱਚ ਹੋਰ ਹਰਮਨ ਪਿਆਰੀ ਹੋ ਗਈ ਹੈ।
ਸਰਵੇਖਣ ਵਿੱਚ ਸ਼ਾਮਲ 6% ਔਰਤਾਂ ਹੁਣ ਇਹ ਖੇਡ ਖੇਡ ਰਹੀਆਂ ਹਨ, ਜਦਕਿ 2020 ਵਿੱਚ ਇਹ ਅੰਕੜਾ 4% ਸੀ। ਦੱਖਣ ਦੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਅਤੇ ਉੱਤਰ ਦੇ ਪੰਜਾਬ ਵਰਗੇ ਸੂਬਿਆਂ ਵਿੱਚ ਔਰਤਾਂ ਵਿੱਚ ਬੈਡਮਿੰਟਨ ਖੇਡਣ ਵਿੱਚ ਵਾਧਾ ਦੇਖਿਆ ਗਿਆ ਹੈ।
ਪੀਵੀ ਸਿੰਧੂ, ਸਾਇਨਾ ਨੇਹਵਾਲ ਅਤੇ ਤਨਵੀ ਸ਼ਰਮਾ ਵਰਗੀਆਂ ਭਾਰਤੀ ਬੈਡਮਿੰਟਨ ਖਿਡਾਰਨਾਂ ਇਨ੍ਹਾਂ ਖੇਤਰਾਂ ਨਾਲ ਸਬੰਧਤ ਹਨ।
ਖਿਡਾਰਨਾਂ ਨਾਲ ਜੁੜਾਅ ਵੀ ਹਿੱਸੇਦਾਰੀ ਅਤੇ ਦਰਸ਼ਕਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਵਿੱਚ ਭੂਮਿਕਾ ਨਿਭਾਉਂਦਾ ਦਿਖਾਈ ਦਿੰਦਾ ਹੈ।
ਜਵਾਬ ਦੇਣ ਵਾਲਿਆਂ ਵਿੱਚੋਂ ਇੱਕ ਤਿਹਾਈ (33%) ਨੇ ਕਿਹਾ ਕਿ ਉਹ ਔਰਤਾਂ ਦੇ ਖੇਡ ਇਵੈਂਟ ਇਸ ਲਈ ਦੇਖਦੇ ਹਨ ਕਿਉਂਕਿ ਉਹ ਕਿਸੇ ਖਿਡਾਰਨ ਦਾ ਸਮਰਥਨ ਕਰਦੇ ਹਨ।
2020 ਤੋਂ ਬਾਅਦ ਇਹ ਅੰਕੜਾ 21% ਤੋਂ ਵਧ ਕੇ 33% ਹੋ ਗਿਆ ਹੈ। ਪੁਰਸ਼ਾਂ ਦੇ ਇਵੈਂਟ ਲਈ ਸਿਰਫ਼ 17% ਨੇ ਕਿਹਾ ਕਿ ਉਹ ਕਿਸੇ ਖਿਡਾਰੀ ਦੇ ਸਮਰਥਨ ਲਈ ਮੈਚ ਦੇਖਦੇ ਹਨ।
ਇਸ ਤੋਂ ਇਲਾਵਾ ਇਸ ਸਾਲ ਹਰ ਦੋ ਵਿੱਚੋਂ ਇੱਕ (51%) ਔਰਤ ਇਸ ਸਵਾਲ ਦਾ ਜਵਾਬ ਦੇ ਸਕੀ ਕਿ “ਤੁਹਾਡੇ ਆਲੇ ਦੁਆਲੇ ਦੇ ਲੋਕਾਂ ਵਿੱਚ ਸਭ ਤੋਂ ਪਸੰਦੀਦਾ ਭਾਰਤੀ ਖਿਡਾਰਨ ਕੌਣ ਹੈ?” ਇਹ 2020 ਦੇ ਮੁਕਾਬਲੇ 7 ਫੀਸਦ ਅੰਕਾਂ ਦਾ ਵਾਧਾ ਹੈ।

ਕਈ ਔਰਤਾਂ ਲਈ ਸੁਰੱਖਿਆ ਇੱਕ ਰੁਕਾਵਟ
ਜਿਹੜੀਆਂ ਔਰਤਾਂ ਇਸ ਸਮੇਂ ਕੋਈ ਖੇਡ ਨਹੀਂ ਖੇਡਦੀਆਂ, ਉਨ੍ਹਾਂ ਵਿੱਚੋਂ 13% ਨੇ ਕਿਹਾ ਕਿ ਉਹ ਸੁਰੱਖਿਆ ਸਬੰਧੀ ਚਿੰਤਾਵਾਂ ਕਾਰਨ ਨਹੀਂ ਖੇਡਦੀਆਂ।
ਸਟੱਡੀ ਮੁਤਾਬਕ ਇਹ ਅੰਕੜਾ ਸਰਵੇਖਣ ਕੀਤੇ ਗਏ ਸੂਬਿਆਂ ਵਿੱਚ 3.27 ਕਰੋੜ ਔਰਤਾਂ ਦੇ ਸਮਾਂਤਰ ਹੈ। ਨਤੀਜਿਆਂ ਤੋਂ ਪਤਾ ਲੱਗਿਆ ਕਿ ਇਹ ਚਿੰਤਾ ਉਨ੍ਹਾਂ ਸੂਬਿਆਂ ਵਿੱਚ ਵੱਧ ਹੈ ਜਿੱਥੇ ਪਿਛਲੇ ਦਹਾਕੇ ਵਿੱਚ ਲਿੰਗ ਅਧਾਰਿਤ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਉਪਲਬਧੀਆਂ ਦੇ ਬਾਵਜੂਦ ਕੁਝ ਰੂੜ੍ਹੀਵਾਦੀ ਧਾਰਨਾਵਾਂ ਮੌਜੂਦ
ਹਿੱਸੇਦਾਰੀ ਅਤੇ ਦਰਸ਼ਕਾਂ ਦੀ ਗਿਣਤੀ ਵਿੱਚ ਵਾਧੇ ਦੇ ਨਾਲ-ਨਾਲ ਸਟੱਡੀ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤਾਂ ਦੇ ਖੇਡਾਂ ਬਾਰੇ ਕੁਝ ‘ਨਕਾਰਾਤਮਕ ਰਵੱਈਏ’ ਅਤੇ ‘ਰੂੜ੍ਹੀਵਾਦੀ ਧਾਰਨਾਵਾਂ’ 2020 ਦੀ ਸਟੱਡੀ ਨਾਲ ਤੁਲਨਾ ਕਰਨ ‘ਤੇ ਹੋਰ ਮਜ਼ਬੂਤ ਹੋ ਗਏ ਹਨ।
ਦਸ ਵਿੱਚੋਂ ਚਾਰ (43%) ਜਵਾਬ ਦੇਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਔਰਤਾਂ ਦੀਆਂ ਖੇਡਾਂ ਮਰਦਾਂ ਦੀਆਂ ਖੇਡਾਂ ਨਾਲੋਂ ਘੱਟ ਮਨੋਰੰਜਕ ਹੁੰਦੀਆਂ ਹਨ। 2020 ਵਿੱਚ ਇਹ ਅੰਕੜਾ 38% ਸੀ।
ਇਸੇ ਤਰ੍ਹਾਂ, ਉਨ੍ਹਾਂ ਜਵਾਬ ਦੇਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਦੇਖਿਆ ਗਿਆ ਜੋ ਮੰਨਦੇ ਹਨ ਕਿ ਖਿਡਾਰਨਾਂ ਵਧੇਰੇ ਔਰਤਾਂ ਵਾਂਗ ਨਹੀਂ ਹੁੰਦੀਆਂ। ਇਹ ਅੰਕੜਾ 37% ਤੋਂ ਵੱਧ ਕੇ 43% ਹੋ ਗਿਆ ਹੈ।
ਖ਼ਾਸ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਜਵਾਬ ਸਿਰਫ਼ ਮਰਦਾਂ ਤੱਕ ਸੀਮਿਤ ਨਹੀਂ ਸਨ। ਸਟੱਡੀ ਵਿੱਚ ਪਤਾ ਲੱਗਿਆ ਕਿ ਲਗਭਗ ਹਰ ਦੂਜੇ ਜਵਾਬ ਦੇਣ ਵਾਲੇ ਵਿਅਕਤੀ (46%) ਨੇ ਇਹ ਗੱਲ ਮੰਨੀ ਕਿ ਖਿਡਾਰਨਾਂ ਦਾ ਦਿਖਣ ਵਿੱਚ ਆਕਰਸ਼ਕ ਹੋਣਾ ਚਾਹੀਦਾ ਹੈ।
ਇਸ ਗੱਲ ਨਾਲ ਸਹਿਮਤ ਹੋਣ ਦੀ ਸੰਭਾਵਨਾ ਔਰਤਾਂ ਵਿੱਚ ਮਰਦਾਂ ਨਾਲੋਂ ਵੱਧ ਸੀ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI



