Home ਰਾਸ਼ਟਰੀ ਖ਼ਬਰਾਂ ਸ਼ੇਅਰ ਬਾਜ਼ਾਰ ਵਿੱਚ 550 ਕਰੋੜ ਰੁਪਏ ਦਾ ‘ਘੁਟਾਲਾ’, ਡਰਾਈਵਰ ਦੇ ਬੈਂਕ ਖਾਤੇ...

ਸ਼ੇਅਰ ਬਾਜ਼ਾਰ ਵਿੱਚ 550 ਕਰੋੜ ਰੁਪਏ ਦਾ ‘ਘੁਟਾਲਾ’, ਡਰਾਈਵਰ ਦੇ ਬੈਂਕ ਖਾਤੇ ਨੂੰ ਕਿਰਾਏ ‘ਤੇ ਲੈ ਕੇ ਕਿਵੇਂ ਚੱਲਦਾ ਸੀ ਕਾਰੋਬਾਰ

7
0

Source :- BBC PUNJABI

ਅਹਿਮਦਾਬਾਦ ਵਿੱਚ ਈਡੀ ਦਫ਼ਤਰ

ਤਸਵੀਰ ਸਰੋਤ, Bhargav Parikh

ਪੁਲਿਸ ਮੁਤਾਬਕ ਅਹਿਮਦਾਬਾਦ ਵਿੱਚ ਇੱਕ ਟੈਕਸੀ ਡਰਾਈਵਰ ਦੇ ਬੈਂਕ ਖਾਤੇ ਵਿੱਚ ਕਰੋੜਾਂ ਰੁਪਏ ਦੇ ਸ਼ੇਅਰ ਬਾਜ਼ਾਰ ਦੇ ਲੈਣ-ਦੇਣ ਦੀ ਹੇਰਾਫੇਰੀ ਕੀਤੀ ਗਈ। ਦਰਅਸਲ, ਟੈਕਸੀ ਡਰਾਈਵਰ ਕੋਲੋਂ ਉਸ ਦਾ ਬੈਂਕ ਖਾਤਾ 25,000 ਰੁਪਏ ਪ੍ਰਤੀ ਮਹੀਨੇ ਲਈ ਕਿਰਾਏ ‘ਤੇ ਲਿਆ ਗਿਆ ਸੀ।

ਇੱਕ ਗਿਰੋਹ ਘੱਟ ਪ੍ਰਸਿੱਧ ਕੰਪਨੀਆਂ ਦੇ ਸ਼ੇਅਰਾਂ ਵਿੱਚ ‘ਮਨਸੂਈ ਵਾਧਾ’ (ਆਰਟੀਫੀਸ਼ੀਅਲ ਇਨਫਲੈਟਿੰਗ) ਕਰਕੇ ‘ਮਨੀ ਲਾਂਡਰਿੰਗ ਘੁਟਾਲੇ’ ਵਿੱਚ ਸ਼ਾਮਲ ਹੈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਨੂੰ ਫੜ੍ਹਨ ਲਈ ਅਹਿਮਦਾਬਾਦ ਪੁਲਿਸ ਦੀ ਮਦਦ ਮੰਗੀ ਹੈ।

ਇਸ ਘੁਟਾਲੇ ਵਿੱਚ ਹੁਣ ਤੱਕ ਕਰੀਬ ਪੰਜ ਲੋਕਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਨੇ ਡਰਾਈਵਰ ਦੇ ਬੈਂਕ ਖਾਤੇ ਵਿੱਚ ਗ਼ੈਰ-ਕਾਨੂੰਨੀ ਰਕਮ ਜਮ੍ਹਾਂ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਕੱਢ ਲਿਆ। ਪੁਲਿਸ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਆਖ਼ਿਰ ਮਾਮਲਾ ਕੀ ਹੈ?

ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਐਸਪੀ ਅਜੀਤ ਰਾਜੀਅਨ

ਤਸਵੀਰ ਸਰੋਤ, Bhargav Parikh

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਘੱਟ ਜਾਣੀਆਂ-ਪਛਾਣੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਅਚਾਨਕ ਉਛਾਲ ਆਇਆ।

ਸਾਲ 2025 ਵਿੱਚ ਮੌਰ ਆਰਗਨਾਈਜ਼ਰਜ਼ ਲਿਮਿਟਡ, ਪ੍ਰਧਨ ਲਿਮਿਟਡ ਅਤੇ ਕੈਕ੍ਰਾਫਟਨ ਡਿਵੈਲਪਰਜ਼ ਲਿਮਿਟਡ ਦੇ ਸ਼ੇਅਰਾਂ ਵਿੱਚ 1,000 ਫ਼ੀਸਦੀ ਤੋਂ ਵੱਧ ਵਾਧਾ ਹੋਇਆ।

ਇਹ ਤਿੰਨੇ ਪੈਨੀ ਸਟਾਕ (ਘੱਟ ਮੁੱਲ ਵਾਲੇ ਸ਼ੇਅਰ) ਸਨ ਜਿਨ੍ਹਾਂ ਵਿੱਚ ਅਸਧਾਰਣ ਉਤਾਰ-ਚੜਾਅ ਦੇਖਿਆ ਗਿਆ, ਜਿਸ ਕਾਰਨ ਸ਼ੇਅਰ ਬਾਜ਼ਾਰ ਕੰਟ੍ਰੋਲਰ ਸੇਬੀ ਨੇ ਦਸੰਬਰ 2025 ਵਿੱਚ ਇਨ੍ਹਾਂ ਕੰਪਨੀਆਂ ਵਿੱਚ ਟ੍ਰੇਡਿੰਗ ‘ਤੇ ਪਾਬੰਦੀ ਲਾ ਦਿੱਤੀ ਅਤੇ ਮਾਮਲੇ ਦੀ ਜਾਂਚ ਈਡੀ ਨੂੰ ਸੌਂਪ ਦਿੱਤੀ।

ਈਡੀ ਦੀ ਜਾਂਚ ਵਿੱਚ ਪਤਾ ਲੱਗਾ ਕਿ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਉਛਾਲ ਅਹਿਮਦਾਬਾਦ ਦੇ ਗੁਲਬਾਈ ਟੇਕਰਾ ਇਲਾਕੇ ਵਿੱਚ ਸਥਿਤ ਰੋਨਕ ਟ੍ਰੇਡਰਜ਼, ਨਵਰੰਗਪੁਰਾ ਵਿੱਚ ਕਮਲੇਸ਼ ਟ੍ਰੇਡਿੰਗ ਅਤੇ ਮੀਠਾਖਲੀ ਵਿੱਚ ਪ੍ਰਦੀਪ ਟ੍ਰੇਡਰ ਨਾਮ ਦੀਆਂ ਫਰਮਾਂ ਵੱਲੋਂ ਇਨ੍ਹਾਂ ਪੈਨੀ ਸਟਾਕ ਵਿੱਚ ਕੀਤੇ ਗਏ ਵੱਡੇ ਲੈਣ-ਦੇਣ ਕਾਰਨ ਹੋਇਆ ਸੀ।

ਈਡੀ ਨੇ ਜਾਂਚ ਪੂਰੀ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮਦਾਬਾਦ ਤੋਂ ਮਦਦ ਮੰਗੀ ਹੈ।

ਈਡੀ ਦੇ ਸਹਾਇਕ ਡਾਇਰੈਕਟਰ ਹ੍ਰਿਦੇਸ਼ ਕੁਮਾਰ ਨੇ ਸ਼ੇਅਰ ਬਾਜ਼ਾਰ ਵਿੱਚ 550 ਕਰੋੜ ਰੁਪਏ ਦੇ ਘੁਟਾਲੇ ਲਈ ਜਾਅਲੀ ਦਸਤਾਵੇਜ਼ ਬਣਾਉਣ ਦੇ ਇਲਜ਼ਾਮ ਵਿੱਚ ਭਾਰਤੀ ਦੰਡ ਸੰਹਿਤਾ ਦੀ ਧਾਰਾ 336, 335 ਅਤੇ 340 ਦੇ ਤਹਿਤ ਅਤੇ ਧੋਖਾਧੜੀ ਦੇ ਇਲਜ਼ਾਮ ਵਿੱਚ ਧਾਰਾ 318 ਅਤੇ 319 ਦੇ ਤਹਿਤ ਗ੍ਰਿਫ਼ਤਾਰੀ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਈਡੀ ਦੇ ਸਹਾਇਕ ਡਾਇਰੈਕਟਰ ਨੇ ਅਹਿਮਦਾਬਾਦ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਅਹਿਮਦਾਬਾਦ ਦੀ ਇੱਕ ਟੈਕਸੀ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਨ ਵਾਲੇ ਪ੍ਰਦੀਪ ਓਡ ਦੇ ਨਾਮ ‘ਤੇ 2024 ਵਿੱਚ ਇੱਕ ਬੈਂਕ ਖਾਤਾ ਖੋਲ੍ਹਿਆ ਗਿਆ ਸੀ ਅਤੇ ਉਸ ਵਿੱਚ ਸ਼ੇਅਰ ਬਾਜ਼ਾਰ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਗਿਆ ਸੀ। ਇਸੇ ਤਰ੍ਹਾਂ ਦੇ ਦੋ ਹੋਰ ਬੈਂਕ ਖਾਤਿਆਂ ਵਿੱਚ ਵੀ ਰਕਮ ਜਮ੍ਹਾਂ ਕੀਤੀ ਗਈ ਸੀ।

ਬੈਂਕ ਖਾਤੇ ਦੇ ਇਸਤੇਮਾਲ ਲਈ 25 ਹਜ਼ਾਰ ਦਾ ਕਿਰਾਇਆ

ਘੁਟਾਲਾ

ਤਸਵੀਰ ਸਰੋਤ, Getty Images

ਪ੍ਰਦੀਪ ਓਡ ਨੇ ਜਾਂਚ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਕਿਰਣ ਪਰਮਾਰ ਨਾਮ ਦੇ ਇੱਕ ਵਿਅਕਤੀ ਨਾਲ ਹੋਈ ਸੀ।

ਕਿਰਣ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਆਪਣੇ ਕਾਰੋਬਾਰ ਵਿੱਚ ਟੈਕਸ ਬਚਾਉਣ ਲਈ ਆਧਾਰ ਕਾਰਡ ਅਤੇ ਪੈਨ ਕਾਰਡ ਵਰਗੇ ਦਸਤਾਵੇਜ਼ ਉਪਲਬਧ ਕਰਵਾ ਦੇਵੇ, ਤਾਂ ਉਹ ਉਸ ਦੇ ਨਾਮ ‘ਤੇ ਇੱਕ ਬੈਂਕ ਖਾਤਾ ਖੋਲ੍ਹ ਕੇ ਉਸ ਵਿੱਚ ਪੈਸੇ ਜਮ੍ਹਾਂ ਕਰ ਦੇਵੇਗਾ।

ਬੈਂਕ ਖਾਤਾ ਪ੍ਰਦੀਪ ਦੇ ਦੋਸਤਾਂ ਵੱਲੋਂ ਚਲਾਇਆ ਜਾਣਾ ਸੀ, ਜਿਸ ਲਈ ਉਹ ਹਰ ਮਹੀਨੇ 25,000 ਰੁਪਏ ਜਮ੍ਹਾਂ ਕਰਦੇ ਸਨ।

ਇਸ ਤੋਂ ਇਲਾਵਾ, ਪ੍ਰਦੀਪ ਨੂੰ ਹਰ ਚੈੱਕ ‘ਤੇ ਸਾਈਨ ਕਰਨ ਲਈ 400 ਰੁਪਏ ਮਿਲਦੇ ਸਨ। ਪ੍ਰਦੀਪ ਨੇ ਸੋਚਿਆ ਕਿ ਇਸ ਤਰ੍ਹਾਂ ਉਹ ਪੈਸੇ ਕਮਾ ਲਵੇਗਾ, ਇਸ ਲਈ ਉਸ ਨੇ ਬੈਂਕ ਖਾਤੇ ਕਿਰਾਏ ‘ਤੇ ਦੇ ਦਿੱਤੇ ਸਨ। ਹੋਰ ਦੋ ਬੈਂਕ ਖਾਤੇ ਕਮਲੇਸ਼ ਕਲਾਲ ਅਤੇ ਰੌਨਕ ਓਡ ਦੇ ਨਾਮ ‘ਤੇ ਖੋਲ੍ਹੇ ਗਏ ਸਨ।

ਇਨ੍ਹਾਂ ਖਾਤਿਆਂ ਰਾਹੀਂ ਪੈਸੇ ਦੀ ਹੇਰਾਫੇਰੀ ਕਾਰਨ ਪੈਨੀ ਸਟਾਕ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ।

ਈਡੀ ਦੀ ਜਾਂਚ ਮੁਤਾਬਕ, 2024 ਵਿੱਚ ਅਹਿਮਦਾਬਾਦ ਵਿੱਚ ਖੋਲ੍ਹੀਆਂ ਗਈਆਂ ਤਿੰਨ ਟ੍ਰੇਡਿੰਗ ਫਰਮਾਂ ਦੇ ਨਾਮ ‘ਤੇ ਟੈਲੀਗ੍ਰਾਮ ਅਤੇ ਵ੍ਹਟਸਐਪ ਰਾਹੀਂ ਸੋਸ਼ਲ ਮੀਡੀਆ ‘ਤੇ ਸ਼ੇਅਰਾਂ ਦੀਆਂ ਕੀਮਤਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਮਨਸੂਈ ਵਾਧਾ ਕੀਤਾ ਗਿਆ।

ਇਸ ਸਬੰਧੀ ਸਾਲ 2024 ਵਿੱਚ ਨਵੀਂ ਮੁੰਬਈ ਸਾਇਬਰ ਕ੍ਰਾਈਮ ਸੈੱਲ ਵਿੱਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ, 2025 ਵਿੱਚ ਬੈਂਗਲੁਰੂ ਈਸਟ ਡਿਵੀਜ਼ਨ ਕ੍ਰਾਈਮ ਬ੍ਰਾਂਚ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਅਤੇ ਅਹਿਮਦਾਬਾਦ ਸਾਇਬਰ ਕ੍ਰਾਈਮ ਅਤੇ ਗਾਂਧੀਨਗਰ ਸੀਆਈਡੀ ਕ੍ਰਾਈਮ ਵਿੱਚ ਵੀ ਸ਼ਿਕਾਇਤ ਦਰਜ ਕੀਤੀ ਗਈ।

ਸ਼ੇਅਰਾਂ ਦੀਆਂ ਕੀਮਤਾਂ ਵਿੱਚ ਅਸਧਾਰਣ ਵਾਧਾ

ਈਡੀ ਪੱਤਰ

ਤਸਵੀਰ ਸਰੋਤ, Bhargav Parikh

ਇਸ ਕਥਿਤ ਘੁਟਾਲੇ ਵਿੱਚ ਜਿਨ੍ਹਾਂ ਕੰਪਨੀਆਂ ਦਾ ਨਾਮ ਆਇਆ ਹੈ, ਉਨ੍ਹਾਂ ਵਿੱਚੋਂ ਇੱਕ ਕੰਪਨੀ ਮੌਰ ਆਰਗਨਾਈਜ਼ਰ ਲਿਮਿਟਡ ਦੇ ਸ਼ੇਅਰ ਦੀ ਕੀਮਤ ਇੱਕ ਸਾਲ ਵਿੱਚ 67 ਪੈਸੇ ਤੋਂ ਵੱਧ ਕੇ 10.90 ਰੁਪਏ ਹੋ ਗਈ।

ਇਸ ਤੋਂ ਬਾਅਦ, ਇਨ੍ਹਾਂ ਸ਼ੇਅਰਾਂ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਗਈ। ਇਸੇ ਤਰ੍ਹਾਂ, ਪ੍ਰਧਨ ਲਿਮਿਟਡ ਦੇ ਸ਼ੇਅਰ ਦੀ ਕੀਮਤ ਇੱਕ ਸਾਲ ਵਿੱਚ 37 ਪੈਸੇ ਤੋਂ ਵੱਧ ਕੇ 2.38 ਰੁਪਏ ਹੋ ਗਈ। ਇਸੇ ਤਰ੍ਹਾਂ, ਕੈਕ੍ਰਾਫਟਨ ਡਿਵੈਲਪਰ ਦੇ ਸ਼ੇਅਰ ਦੀ ਕੀਮਤ ਵੀ ਇੱਕ ਸਾਲ ਵਿੱਚ 122.45 ਰੁਪਏ ਤੋਂ ਵੱਧ ਕੇ 1,702.90 ਰੁਪਏ ਹੋ ਗਈ।

ਇਸ ਤਰ੍ਹਾਂ ਸ਼ੇਅਰਾਂ ਦੀ ਕੀਮਤ ਨੂੰ ਮਨਸੂਈ ਤਰੀਕੇ ਨਾਲ ਵਧਾ ਕੇ ਕਰੀਬ 550 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ, ਪਰ ਪ੍ਰਦੀਪ ਓਡ, ਜਿਸ ਦੇ ਬੈਂਕ ਖਾਤੇ ਵਿੱਚ ਪੈਸਾ ਜਮ੍ਹਾਂ ਕੀਤਾ ਜਾ ਰਿਹਾ ਸੀ, ਇਸ ਗੱਲ ਤੋਂ ਅਣਜਾਣ ਸੀ।

ਈਡੀ ਦੀ ਜਾਂਚ ਮੁਤਾਬਕ, ਕਿਰਣ ਪਰਮਾਰ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਹੈ ਅਤੇ ਉਸ ਦਾ ਸਾਥੀ ਮਹਾਦੇਵ ਸਾਰੇ ਬੈਂਕ ਖਾਤਿਆਂ ਦੀਆਂ ਚੈਕਬੁੱਕਾਂ ਰੱਖਦਾ ਸੀ ਅਤੇ ਕਿਰਾਏ ਦੇ ਦਫ਼ਤਰ ਦਾ ਕਿਰਾਇਆ ਭਰਦਾ ਸੀ।

ਰਵੀ ਨਾਮ ਦਾ ਇੱਕ ਵਿਅਕਤੀ ਬੈਂਕ ਖਾਤਾ ਕਿਰਾਏ ‘ਤੇ ਲੈਣ ਵਾਲੇ ਵਿਅਕਤੀ ਦੇ ਨਾਮ ‘ਤੇ ਸਿਮ ਕਾਰਡ ਬਣਾਉਂਦਾ ਸੀ ਅਤੇ ਜੁਗਲ ਤੇ ਜੀਵਰਾਜ ਨਾਮ ਦੇ ਲੋਕ ਸ਼ੇਅਰ ਦੀ ਕੀਮਤ ਵਧਾਉਣ ਲਈ ਇਸ ਓਪਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ।

ਇਹ ਵੀ ਪਤਾ ਲੱਗਾ ਹੈ ਕਿ ਗਾਂਧੀਧਾਮ ਦੇ ਇੱਕ ਕਾਰੋਬਾਰੀ ਆਦਿੱਤਿਆ ਝੂਲਾ ਦੇ ਵਿਆਹ ਲਈ ਇਸ ਬੈਂਕ ਖਾਤੇ ਤੋਂ ਪੈਸੇ ਦਾ ਇਸਤੇਮਾਲ ਕੀਤਾ ਗਿਆ ਸੀ।

ਸ਼ੇਅਰ ਬਾਜ਼ਾਰ ਦੇ ਮਾਹਰ ਕੀ ਕਹਿੰਦੇ ਹਨ?

ਘੁਟਾਲਾ

ਤਸਵੀਰ ਸਰੋਤ, Getty Images

ਬੀਬੀਸੀ ਗੁਜਰਾਤੀ ਨੇ ਅਹਿਮਦਾਬਾਦ ਸਟਾਕ ਐਕਸਚੇਂਜ ਦੇ ਸਾਬਕਾ ਪ੍ਰਧਾਨ ਅਤੇ ਡੱਬਾ ਟ੍ਰੇਡਿੰਗ ਅਤੇ ਪੈਨੀ ਸਟਾਕ ਵਿੱਚ ਹੋਣ ਵਾਲੇ ਘੁਟਾਲਿਆਂ ਨੂੰ ਰੋਕਣ ਲਈ ਮੁਹਿੰਮ ਚਲਾਉਣ ਵਾਲੇ ਹੇਮੰਤ ਸਿੰਘ ਝਾਲਾ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ, “ਕਾਫ਼ੀ ਸਮੇਂ ਤੋਂ ਧੋਖੇਬਾਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਦੇ ਟਿਪਸ ਦੇ ਰਹੇ ਹਨ। ਉਹ ਕੰਪਨੀ ਬਾਰੇ ਮਨਸੂਈ ਤਰੀਕੇ ਨਾਲ ਵਧਾ-ਚੜਾਅ ਕੇ ਦੱਸਦੇ ਹਨ ਤਾਂ ਕਿ ਸ਼ੇਅਰਾਂ ਦੀ ਕੀਮਤ ਵਧ ਜਾਵੇ।”

“ਇਹ ਪੈਸਾ ਕਿਰਾਏ ‘ਤੇ ਲਏ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤਾ ਜਾਂਦਾ ਹੈ। ਬੈਂਕ ਖਾਤੇ ਕਿਰਾਏ ‘ਤੇ ਦੇਣ ਵਾਲੇ ਲੋਕ ਆਮ ਤੌਰ ‘ਤੇ ਪ੍ਰਤੀ ਮਹੀਨਾ 10 ਤੋਂ 15 ਹਜ਼ਾਰ ਰੁਪਏ ਕਮਾਉਂਦੇ ਹਨ। ਇਸ ਲਈ ਅਜਿਹੇ ਲੋਕਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਬਦਲੇ ਵਿੱਚ ਪ੍ਰਤੀ ਮਹੀਨਾ 20 ਤੋਂ 25 ਹਜ਼ਾਰ ਰੁਪਏ ਮਿਲਦੇ ਹਨ।”

ਹੇਮੰਤ ਝਾਲਾ ਨੇ ਕਿਹਾ, “ਜਦੋਂ ਸੋਸ਼ਲ ਮੀਡੀਆ ‘ਤੇ ਕਿਸੇ ਸ਼ੇਅਰ ਦੀ ਚਰਚਾ ਹੁੰਦੀ ਹੈ ਅਤੇ ਉਸ ਦੀ ਕੀਮਤ ਵਧ ਜਾਂਦੀ ਹੈ, ਤਾਂ ਇਹ ਲੋਕ ਸ਼ੇਅਰ ਵੇਚ ਦਿੰਦੇ ਹਨ ਅਤੇ ਕਿਰਾਏਦਾਰ ਦੇ ਬੈਂਕ ਖਾਤੇ ਵਿੱਚ ਪੈਸਾ ਜਮ੍ਹਾਂ ਹੁੰਦੇ ਹੀ ਤੁਰੰਤ ਕੱਢ ਲੈਂਦੇ ਹਨ।”

“ਜੇ ਅਸੀਂ ਅਜਿਹੇ ਲੋਕਾਂ ਬਾਰੇ ਸੇਬੀ ਨੂੰ ਸੂਚਿਤ ਕਰੀਏ, ਤਾਂ ਬੈਂਕ ਖਾਤੇ ਜ਼ਬਤ ਕੀਤੇ ਜਾ ਸਕਦੇ ਹਨ, ਪਰ ਉਦੋਂ ਤੱਕ ਇਹ ਲੋਕ ਪੈਸਾ ਕੱਢ ਕੇ ਭੱਜ ਜਾਂਦੇ ਹਨ ਅਤੇ ਜਾਂਚ ਬੈਂਕ ਖਾਤੇ ਦੇ ਮਾਲਕ ਤੱਕ ਪਹੁੰਚਦੀ ਹੈ। ਇਸ ਦੌਰਾਨ ਮੁਲਜ਼ਮਾਂ ਵੱਲੋਂ ਦਿੱਤੇ ਗਏ ਫ਼ੋਨ ਨੰਬਰਾਂ ਦੇ ਸਿਮ ਕਾਰਡ ਵੀ ਜਾਲੀ ਹੁੰਦੇ ਹਨ।”

ਪੁਲਿਸ ਨੇ ਕੀ ਕਿਹਾ?

ਭਾਰਤੀ ਕਰੰਸੀ

ਤਸਵੀਰ ਸਰੋਤ, Getty Images

ਸ਼ੇਅਰ ਬਾਜ਼ਾਰ ਵਿੱਚ ਮਨਸੂਈ ਤਰੀਕੇ ਨਾਲ ਹੇਰਫੇਰ ਕਰਨ ਦੇ ਇਸ ਕਥਿਤ ਘੁਟਾਲੇ ਸਬੰਧੀ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਐੱਸਪੀ ਅਜੀਤ ਰਾਜਿਆਨ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਈਡੀ ਤੋਂ ਪੱਤਰ ਮਿਲਣ ਤੋਂ ਬਾਅਦ ਅਸੀਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਅਤੇ ਹੋਰ ਲੋਕਾਂ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਅਪਰਾਧਿਕ ਸਾਜ਼ਿਸ਼ ਰਚਣ ਸਮੇਤ ਕਈ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।”

ਉਹਨਾਂ ਕਿਹਾ, “ਈਡੀ ਵੱਲੋਂ ਉਪਲਬਧ ਕਰਵਾਏ ਗਏ ਦਸਤਾਵੇਜ਼ਾਂ ਅਤੇ ਸਬੂਤਾਂ ਦੇ ਆਧਾਰ ‘ਤੇ ਅਸੀਂ ਹੋਰ ਸਬੂਤ ਇਕੱਠੇ ਕਰ ਰਹੇ ਹਾਂ। ਤਕਨੀਕੀ ਵਿਸ਼ਲੇਸ਼ਣ ਅਤੇ ਮਨੁੱਖੀ ਸਰੋਤਾਂ ਦੇ ਆਧਾਰ ‘ਤੇ ਅਸੀਂ ਬੈਂਗਲੁਰੂ, ਮੁੰਬਈ ਅਤੇ ਗਾਂਧੀਨਗਰ ਦੀ ਸੀਆਈਡੀ ਦੇ ਸਹਿਯੋਗ ਨਾਲ ਜਲਦੀ ਹੀ ਪੰਜਾਂ ਮੁਲਜ਼ਮਾਂ ਕਿਰਣ ਪਰਮਾਰ, ਰਵੀ, ਜੁਗਲ, ਮਹਾਦੇਵ ਅਤੇ ਜੀਵਰਾਜ ਨੂੰ ਗ੍ਰਿਫ਼ਤਾਰ ਕਰਾਂਗੇ।”

ਈਡੀ ਦੇ ਸਹਾਇਕ ਡਾਇਰੈਕਟਰ ਹ੍ਰਿਦੇਸ਼ ਕੁਮਾਰ ਨੇ ਬੀਬੀਸੀ ਗੁਜਰਾਤੀ ਨਾਲ ਟੈਲੀਫ਼ੋਨ ‘ਤੇ ਗੱਲਬਾਤ ਵਿੱਚ ਕਿਹਾ, “ਇਸ ਮਾਮਲੇ ਦੀ ਜਾਂਚ ਜਾਰੀ ਹੈ। ਅਸੀਂ ਗੁਜਰਾਤ ਪੁਲਿਸ ਨੂੰ ਮਾਮਲਾ ਦਰਜ ਕਰਨ ਅਤੇ ਕਾਰਵਾਈ ਕਰਨ ਲਈ ਕਿਹਾ ਹੈ, ਜਿਸ ਵਿੱਚ ਈਡੀ ਵੀ ਜਾਂਚ ਵਿੱਚ ਸਹਿਯੋਗ ਕਰੇਗੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI