Source :- BBC PUNJABI
ਤਸਵੀਰ ਸਰੋਤ, Getty Images
ਅਪਡੇਟ 51 ਮਿੰਟ ਪਹਿਲਾਂ
ਪੜ੍ਹਨ ਦਾ ਸਮਾਂ: 6 ਮਿੰਟ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਆਈਸੀਸੀ ਟੀ-20 ਵਰਲਡ ਕੱਪ 2026 ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ।
256 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੇ 3.1 ਓਵਰਾਂ ਵਿੱਚ ਹੀ ਦੋ ਵਿਕਟ ਡਿੱਗ ਗਈਆਂ ਹਨ।
ਜਸਪ੍ਰੀਤ ਬੁਮਰਾਹ ਨੇ ਰਚਿਨ ਰਵਿੰਦਰ ਨੂੰ ਸਿਰਫ਼ 1 ਦੌੜ ਵਾਪਸ ‘ਤੇ ਪਵੇਲੀਅਨ ਭੇਜ ਦਿੱਤਾ।
ਇਸ ਤੋਂ ਪਹਿਲਾਂ ਅਕਸ਼ਰ ਪਟੇਲ ਨੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਨਿਊਜ਼ੀਲੈਂਡ ਦੇ ਓਪਨਰ ਫਿਨ ਐਲਨ 9 ਦੌੜਾਂ ਬਣਾਾਕੇ ਆਉਟ ਹੋ ਗਏ।
ਤਸਵੀਰ ਸਰੋਤ, Getty Images
ਜਿੱਤ ਲਈ 256 ਦੌੜਾਂ ਦਾ ਟੀਚਾ
ਭਾਰਤ ਨੇ ਨਿਊਜ਼ੀਲੈਂਡ ਅੱਗੇ ਜਿੱਤ ਲਈ 256 ਦੌੜਾਂ ਦਾ ਟੀਚਾ ਰੱਖਿਆ ਹੈ।
ਭਾਰਤ ਨੇ ਸੰਜੂ, ਅਭਿਸ਼ੇਕ ਅਤੇ ਕਿਸ਼ਨ ਦੀਆਂ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 255 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਸ਼ਮ ਨੇ ਚਾਰ ਓਵਰਾਂ ਵਿੱਚ 46 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਅਭਿਸ਼ੇਕ, ਸੰਜੂ ਅਤੇ ਕਿਸ਼ਨ ਦੇ ਅਰਧ ਸੈਂਕੜੇ
ਤਸਵੀਰ ਸਰੋਤ, Getty Images
ਭਾਰਤ ਵੱਲੋਂ ਓਪਨਿੰਗ ਦੀ ਜ਼ਿੰਮੇਵਾਰੀ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਸੰਭਾਲੀ। ਹਾਲਾਂਕਿ ਭਾਰਤੀ ਓਪਨਰਾਂ ਨੇ ਪਹਿਲੇ ਓਵਰ ਵਿੱਚ ਸੱਤ ਅਤੇ ਦੂਜੇ ਓਵਰ ਵਿੱਚ ਸਿਰਫ਼ ਪੰਜ ਦੌੜਾਂ ਹੀ ਬਣਾਈਆਂ।
ਤੀਸਰੇ ਓਵਰ ਵਿੱਚ ਸੰਜੂ ਅਤੇ ਅਭਿਸ਼ੇਕ ਨੇ ਦੌੜਾਂ ਦੀ ਰਫ਼ਤਾਰ ਵਧਾਉਂਦਿਆਂ 15 ਦੌੜਾਂ ਬਣਾਈਆਂ। ਚੌਥੇ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਅਭਿਸ਼ੇਕ ਸ਼ਰਮਾ ਨੇ ਬਾਊਂਡਰੀ ਸਕੋਰ ਕੀਤਾ। ਚਾਰ ਓਵਰਾਂ ਵਿੱਚ ਹੀ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 50 ਤੋਂ ਪਾਰ ਪਹੁੰਚ ਗਿਆ ਸੀ।
ਟੀ-20 ਵਰਲਡ ਕਪ 2026 ਵਿੱਚ ਪਹਿਲੀ ਵਾਰ ਭਾਰਤੀ ਓਪਨਰ ਟੀਮ ਨੂੰ 50 ਦੌੜਾਂ ਤੋਂ ਵੱਧ ਦੀ ਸ਼ੁਰੂਆਤ ਦਿਵਾਉਣ ਵਿੱਚ ਕਾਮਯਾਬ ਹੋਏ ਹਨ। ਟੀ-20 ਵਰਲਡ ਕਪ ਦੇ ਫਾਈਨਲ ਵਿੱਚ ਵੀ ਪਹਿਲੀ ਵਾਰ ਕਿਸੇ ਟੀਮ ਨੂੰ 50 ਰਨਾਂ ਦੀ ਓਪਨਿੰਗ ਪਾਰਟਨਰਸ਼ਿਪ ਮਿਲੀ ਹੈ।
ਅਭਿਸ਼ੇਕ ਸ਼ਰਮਾ ਨੇ 18 ਗੇਂਦਾਂ ‘ਤੇ ਅਰਧ ਸੈਂਕੜਾ ਪੂਰਾ ਕੀਤਾ। ਪਾਵਰਪਲੇ ਵਿੱਚ ਹੀ ਭਾਰਤ ਦਾ ਸਕੋਰ 92 ਦੌੜਾਂ ਤੱਕ ਪਹੁੰਚ ਗਿਆ। ਟੀ-20 ਵਰਲਡ ਕਪ ਦੇ ਇਤਿਹਾਸ ਵਿੱਚ ਇਹ ਪਾਵਰਪਲੇ ਵਿੱਚ ਬਣਿਆ ਸਭ ਤੋਂ ਵੱਡਾ ਸਕੋਰ ਹੈ।
ਹਾਲਾਂਕਿ ਅੱਠਵੇਂ ਓਵਰ ਦੀ ਪਹਿਲੀ ਗੇਂਦ ‘ਤੇ ਰਚਿਨ ਰਵਿੰਦ੍ਰਾ ਨੇ ਅਭਿਸ਼ੇਕ ਸ਼ਰਮਾ ਨੂੰ ਆਉਟ ਕਰ ਦਿੱਤਾ। ਉਨ੍ਹਾਂ ਨੇ 21 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ।
ਈਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਨੇ ਦੌੜਾਂ ਦੀ ਰਫ਼ਤਾਰ ਨੂੰ ਹੌਲੀ ਨਹੀਂ ਹੋਣ ਦਿੱਤਾ ਅਤੇ 10 ਓਵਰਾਂ ਵਿੱਚ ਟੀਮ ਦਾ ਸਕੋਰ 127 ਦੌੜਾਂ ਤੱਕ ਪਹੁੰਚ ਗਿਆ।
ਤਸਵੀਰ ਸਰੋਤ, Getty Images
ਸੰਜੂ ਸੈਮਸਨ ਨੇ 33 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਸੰਜੂ ਸੈਮਸਨ ਦੀ ਲਗਾਤਾਰ ਤੀਜਾ ਅਰਧ ਸੈਂਕੜਾ ਹੈ। ਉਹ ਟੀ-20 ਵਰਲਡ ਕਪ ਦੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਅਰਧ ਸੈਂਚਰੀ ਲਗਾਉਣ ਵਾਲੇ ਤੀਜੇ ਖਿਡਾਰੀ ਵੀ ਬਣ ਗਏ ਹਨ।
14ਵੇਂ ਓਵਰ ਦੀਆਂ ਆਖ਼ਰੀ ਤਿੰਨ ਗੇਂਦਾਂ ‘ਤੇ ਸੰਜੂ ਸੈਮਸਨ ਨੇ ਰਚਿਨ ਰਵਿੰਦ੍ਰਾ ਖ਼ਿਲਾਫ਼ ਛੱਕਿਆਂ ਦੀ ਹੈਟ੍ਰਿਕ ਲਗਾਈ।
ਈਸ਼ਾਨ ਕਿਸ਼ਨ ਨੇ 23 ਗੇਂਦਾਂ ‘ਤੇ ਅਰਧ ਸੈਂਕੜਾ ਪੂਰਾ ਕੀਤਾ। ਦੋਵਾਂ ਦੇ ਵਿਚਕਾਰ ਦੂਜੇ ਵਿਕਟ ਲਈ 45 ਗੇਂਦਾਂ ਵਿੱਚ 100 ਦੌੜਾਂ ਦੀ ਪਾਰਟਨਰਸ਼ਿਪ ਪੂਰੀ ਹੋਈ। 15 ਓਵਰਾਂ ਵਿੱਚ ਹੀ ਭਾਰਤ ਦਾ ਸਕੋਰ 200 ਤੋਂ ਪਾਰ ਹੋ ਗਿਆ ਸੀ।
16ਵੇਂ ਓਵਰ ਵਿੱਚ ਨੀਸ਼ਮ ਨੇ ਤਿੰਨ ਵਿਕਟਾਂ ਲੈ ਕੇ ਨਿਊਜ਼ੀਲੈਂਡ ਦੀ ਵਾਪਸੀ ਕਰਵਾਈ। ਉਨ੍ਹਾਂ ਨੇ ਸੰਜੂ, ਕਿਸ਼ਨ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਆਉਟ ਕੀਤਾ।
ਸੰਜੂ ਸੈਮਸਨ ਨੇ 89 ਅਤੇ ਕਿਸ਼ਨ ਨੇ 54 ਦੌੜਾਂ ਦੀ ਪਾਰੀ ਖੇਡੀ। ਕਪਤਾਨ ਸੂਰਿਆਕੁਮਾਰ ਯਾਦਵ ਪਹਿਲੀ ਹੀ ਗੇਂਦ ‘ਤੇ ਖਾਤਾ ਖੋਲ੍ਹੇ ਬਿਨਾਂ ਆਉਟ ਹੋ ਗਏ।
ਹਾਰਦਿਕ ਪੰਡਿਆ ਵੀ ਜ਼ਿਆਦਾ ਦੇਰ ਕ੍ਰੀਜ਼ ‘ਤੇ ਨਹੀਂ ਟਿਕ ਸਕੇ ਅਤੇ 13 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਆਉਟ ਹੋ ਗਏ।
ਆਖ਼ਰੀ ਓਵਰ ਵਿੱਚ ਸ਼ਿਵਮ ਦੁਬੇ ਨੇ ਨੀਸ਼ਮ ਖ਼ਿਲਾਫ਼ 24 ਦੌੜਾਂ ਬਣਾਈਆਂ ਅਤੇ ਭਾਰਤ ਦਾ ਸਕੋਰ 255 ਦੌੜਾਂ ਤੱਕ ਪਹੁੰਚਾ ਦਿੱਤਾ। ਸ਼ਿਵਮ ਦੁਬੇ 8 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਨਾਬਾਦ ਰਹੇ।
ਤਸਵੀਰ ਸਰੋਤ, Getty Images
ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਫਾਈਨਲ ਮੈਚ ਲਈ ਨਿਊਜ਼ੀਲੈਂਡ ਦੀ ਪਲੇਇੰਗ 11 ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਨਿਊਜ਼ੀਲੈਂਡ ਫਾਈਨਲ ਮੈਚ ਵਿੱਚ ਕਿਸੇ ਵੀ ਆਫ਼ ਸਪਿਨਰ ਤੋਂ ਬਿਨਾਂ ਹੀ ਮੈਦਾਨ ਵਿੱਚ ਉਤਰੀ ਹੈ।
ਕਪਤਾਨ ਸੂਰਿਆਕੁਮਾਰ ਯਾਦਵ ਨੇ ਦੱਸਿਆ ਹੈ ਕਿ ਫਾਈਨਲ ਮੈਚ ਲਈ ਭਾਰਤ ਦੀ ਪਲੇਇੰਗ 11 ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਭਾਰਤ ਦੀ ਪਲੇਇੰਗ 11: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਿਆ, ਸ਼ਿਵਮ ਦੁਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚਕਰਵਰਤੀ।
ਨਿਊਜ਼ੀਲੈਂਡ ਦੀ ਪਲੇਇੰਗ 11: ਟਿਮ ਸਾਈਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਚੇਲ, ਮਿਚੇਲ ਸੈਂਟਨਰ (ਕਪਤਾਨ), ਜਿਮੀ ਨੀਸ਼ਮ, ਮੈਟ ਹੈਨਰੀ, ਲੌਕੀ ਫਰਗੂਸਨ, ਜੈਕਬ ਡਫੀ।
ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਨੂੰ ਟੀ-20 ਸੀਰੀਜ਼ ਵਿੱਚ 4-1 ਨਾਲ ਹਰਾਇਆ ਸੀ, ਪਰ ਦੱਖਣੀ ਅਫਰੀਕਾ ਖ਼ਿਲਾਫ਼ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਦੇ ਮਜ਼ਬੂਤ ਪ੍ਰਦਰਸ਼ਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਹ ਫਾਈਨਲ ਆਸਾਨ ਨਹੀਂ ਹੋਣ ਵਾਲਾ ਹੈ।
ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਕਿਉਂਕਿ ਅਜੇ ਤੱਕ ਕੋਈ ਵੀ ਟੀਮ ਲਗਾਤਾਰ ਦੋ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਨਹੀਂ ਸਕੀ ਹੈ। ਨਾ ਹੀ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲਾ ਦੇਸ਼ ਕਦੇ ਚੈਂਪੀਅਨ ਬਣਿਆ ਹੈ।
ਹਾਲਾਂਕਿ ਭਾਰਤ ਦੀਆਂ ਕੁਝ ਚਿੰਤਾਵਾਂ ਵੀ ਹਨ। ਭਾਰਤ ਦੇ ਓਪਨਰ ਅਭਿਸ਼ੇਕ ਸ਼ਰਮਾ ਟੀ-20 ਵਿਸ਼ਵ ਕੱਪ ਵਿੱਚ ਕਮਾਲ ਨਹੀਂ ਦਿਖਾ ਸਕੇ ਹਨ, ਇਸ ਦੇ ਨਾਲ ਹੀ ਭਾਰਤ ਦੇ ਮੁੱਖ ਸਪਿਨਰ ਵਰੁਨ ਚਕਰਵਤੀ ਇੰਗਲੈਂਡ ਦੇ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ ਵਿੱਚ ਕਾਫ਼ੀ ਮਹਿੰਗੇ ਸਾਬਤ ਹੋਏ ਸਨ। ਵਰੁਨ ਨੇ 4 ਓਵਰਾਂ ਵਿੱਚ 64 ਦੌੜਾਂ ਦਿੱਤੀਆਂ ਸਨ।
ਇਸ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਹਾਰ ਵੀ ਅਹਿਮਦਾਬਾਦ ਦੇ ਮੈਦਾਨ ‘ਤੇ ਹੀ ਮਿਲੀ ਸੀ। ਸੁਪਰ 8 ਵਿੱਚ ਦੱਖਣੀ ਅਫਰੀਕਾ ਨੇ 76 ਦੌੜਾਂ ਨਾਲ ਹਰਾਇਆ ਸੀ।
ਟੀ-20 ਵਿਸ਼ਵ ਕੱਪ ਦੀ ਸੁਰੂਆਤ ਤੇ ਸਖਤ ਮੁਕਾਬਲੇ
ਤਸਵੀਰ ਸਰੋਤ, Getty Images
ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 2007 ਵਿੱਚ ਹੋਈ ਸੀ। ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਹੋ ਰਿਹਾ 2026 ਦਾ ਵਿਸ਼ਵ ਕੱਪ 10ਵਾਂ ਟੂਰਨਾਮੈਂਟ ਹੈ।
ਟੀ-20 ਕ੍ਰਿਕਟ ਆਪਣੇ ਰੋਮਾਂਚ ਅਤੇ ਤੇਜ਼ ਰਫ਼ਤਾਰ ਲਈ ਜਾਣੀ ਜਾਂਦੀ ਹੈ ਅਤੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਈ ਅਜਿਹੇ ਫਾਈਨਲ ਰਹੇ ਹਨ ਜੋ ਆਖ਼ਰੀ ਓਵਰ ਤੱਕ ਦਿਲਚਸਪ ਬਣੇ ਰਹੇ।
2007 ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪਹਿਲਾ ਖ਼ਿਤਾਬ ਜਿੱਤਿਆ। 2016 ਵਿੱਚ ਵੈਸਟ ਇੰਡੀਜ਼ ਨੇ ਕਾਰਲੋਸ ਬ੍ਰੈਥਵੇਟ ਦੇ ਲਗਾਤਾਰ ਚਾਰ ਛੱਕਿਆਂ ਨਾਲ ਇੰਗਲੈਂਡ ਨੂੰ ਹਰਾਇਆ।
2014 ਵਿੱਚ ਸ਼੍ਰੀਲੰਕਾ ਨੇ ਕੁਮਾਰ ਸੰਗਾਕਾਰਾ ਦੀ ਪਾਰੀ ਦੀ ਬਦੌਲਤ ਭਾਰਤ ਨੂੰ ਹਰਾ ਕੇ ਖ਼ਿਤਾਬ ਜਿੱਤਿਆ। 2022 ਵਿੱਚ ਬੈਨ ਸਟੋਕਸ ਦੀ ਅਹਿਮ ਪਾਰੀ ਨਾਲ ਇੰਗਲੈਂਡ ਨੇ ਪਾਕਿਸਤਾਨ ਨੂੰ ਮਾਤ ਦਿੱਤੀ।
2024 ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੁਕਾਬਲੇ ਵਿੱਚ 7 ਦੌੜਾਂ ਨਾਲ ਹਰਾ ਕੇ 17 ਸਾਲ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ।
ਹੁਣ ਤੱਕ ਭਾਰਤ, ਇੰਗਲੈਂਡ ਅਤੇ ਵੈਸਟ ਇੰਡੀਜ਼ ਨੇ 2-2 ਵਾਰ, ਜਦਕਿ ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਨੇ 1-1 ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



