Home ਰਾਸ਼ਟਰੀ ਖ਼ਬਰਾਂ ਜਦੋਂ ਭਾਰਤੀ ਮੂਲ ਦੇ ਡਾਕਟਰ ਨੇ ਲੰਡਨ ਤੋਂ 1500 ਮੀਲ ਦੂਰ ਬੈਠੇ...

ਜਦੋਂ ਭਾਰਤੀ ਮੂਲ ਦੇ ਡਾਕਟਰ ਨੇ ਲੰਡਨ ਤੋਂ 1500 ਮੀਲ ਦੂਰ ਬੈਠੇ ਮਰੀਜ਼ ਦੀ ਸਰਜਰੀ ਕੀਤੀ

23
0

Source :- BBC PUNJABI

ਆਪ੍ਰੇਸ਼ਨ ਲਈ ਟੌਮਾਈ ਰੋਬੋਟਿਕ ਸਿਸਟਮ ਦਾ ਇਸਤੇਮਾਲ

ਤਸਵੀਰ ਸਰੋਤ, PA

ਲੰਡਨ ਦੇ ਇੱਕ ਸਰਜਨ ਦਾ ਕਹਿਣਾ ਹੈ ਕਿ ਉਸਨੇ ਯੂਕੇ ਦਾ ਪਹਿਲਾ ਅਜਿਹਾ ਲੌਂਗ ਡਿਸਟੈਂਸ (ਲੰਬੀ ਦੂਰੀ ਤੋਂ) ਰੋਬੋਟਿਕ ਆਪ੍ਰੇਸ਼ਨ ਕੀਤਾ, ਜਿਸ ਵਿੱਚ 1500 ਮੀਲ (2400 ਕਿਲੋਮੀਟਰ) ਦੂਰ ਜਿਬਰਾਲਟਰ ‘ਚ ਬੈਠੇ ਮਰੀਜ਼ ਦਾ ਇਲਾਜ ਕੀਤਾ ਗਿਆ।

ਨਾਮੀ ਰੋਬੋਟਿਕ ਯੂਰੋਲੋਜੀਕਲ ਸਰਜਨ ਪ੍ਰੋ. ਪ੍ਰੋਕਰ ਦਾਸਗੁਪਤਾ ਨੇ ਕਿਹਾ ਕਿ ਪੌਲ ਬਕਸਟਨ ਨਾਂਅ ਦੇ ਮਰੀਜ਼ ਦੀ ਪ੍ਰੋਸਟੇਟ ਸਰਜਰੀ ਕਰਦੇ ਸਮੇਂ ਉਨ੍ਹਾਂ ਇੰਝ ਮਹਿਸੂਸ ਕੀਤਾ “ਜਿਵੇਂ ਮੈਂ ਲਗਭਗ ਉੱਥੇ ਹੀ ਮੌਜੂਦ ਸੀ।”

62 ਸਾਲਾ ਕੈਂਸਰ ਮਰੀਜ਼ ਬਕਸਟਨ ਨੇ ਕਿਹਾ ਕਿ “ਮੈਡੀਕਲ ਇਤਿਹਾਸ ਦਾ ਹਿੱਸਾ ਬਣਨ” ਲਈ ਇਹ ਸਰਜਰੀ ਕਰਵਾਉਣ ਦਾ ਫੈਸਲਾ ਕਰਨਾ ਉਨ੍ਹਾਂ ਲਈ ਮੁਸ਼ਕਿਲ ਨਹੀਂ ਸੀ।

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੂਰ ਬੈਠੇ ਕੀਤੀ ਜਾਣ ਵਾਲੀ ਰੋਬੋਟਿਕ ਸਰਜਰੀ ਨਾਲ ਭਵਿੱਖ ਵਿੱਚ ਮਰੀਜ਼ਾਂ ਨੂੰ ਇਲਾਜ ਲਈ ਲੰਬਾ ਸਫ਼ਰ ਕਰਨ ਦੀ “ਲਾਗਤ ਅਤੇ ਪਰੇਸ਼ਾਨੀ” ਤੋਂ ਬਚਾਇਆ ਜਾ ਸਕੇਗਾ ਅਤੇ ਦੂਰ-ਦਰਾਡੇ ਦੇ ਇਲਾਕਿਆਂ ਦੇ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚ ਸਕਣਗੀਆਂ।

ਪੌਲ ਬਕਸਟਨ ਜਿਨਾਂ ਉੱਤੇ ਇਹ ਸਰਜਰੀ ਕੀਤੀ ਗਈ

ਤਸਵੀਰ ਸਰੋਤ, PA

ਬ੍ਰਿਟੇਨ ਦੇ ਸਰਜਨ ਪਹਿਲਾਂ ਵੀ ਟੈਲੀਸਰਜਰੀ ਦੇ ਵੱਡੇ ਪ੍ਰਯੋਗਾਂ ਦਾ ਹਿੱਸਾ ਬਣ ਚੁੱਕੇ ਹਨ ਜਿਸ ਵਿੱਚ ਲਗਭਗ 4,000 ਮੀਲ ਦੀ ਦੂਰੀ ਤੋਂ ਐਟਲਾਂਟਿਕ ਪਾਰ ਇੱਕ ਰੋਬੋਟਿਕ ਸਟ੍ਰੋਕ ਪ੍ਰੋਸੀਜਰ ਵੀ ਸ਼ਾਮਿਲ ਹੈ, ਜੋ ਇੱਕ ਕੈਡੇਵਰ (ਵਿਗਿਆਨਕ ਖੋਜਾਂ ਲਈ ਦਾਨ ਕੀਤੀ ਮ੍ਰਿਤਕ ਦੇਹ) ‘ਤੇ ਕੀਤਾ ਗਿਆ ਸੀ। ਇਸ ਨਾਲ ਇਹ ਸਾਬਤ ਹੋਇਆ ਕਿ ਲੰਬੀ ਦੂਰੀ ਤੋਂ ਸਰਜਰੀ ਕਰਨਾ ਤਕਨੀਕੀ ਤੌਰ ‘ਤੇ ਸੰਭਵ ਹੈ।

ਬਕਸਟਨ ਅਸਲ ਵਿੱਚ ਸਮਰਸੈੱਟ ਵਿੱਚ ਬਰਨਹੈਮ-ਓਨ-ਸੀ ਦੇ ਰਹਿਣ ਵਾਲੇ ਹਨ ਪਰ 40 ਸਾਲ ਪਹਿਲਾਂ ਉਹ ਜਿਬਰਾਲਟਰ ਸ਼ਿਫਟ ਹੋ ਗਏ ਸਨ।

ਜਿਬਰਾਲਟਰ, ਸਮੁੰਦਰ ਪਾਰ ਇੱਕ ਬ੍ਰਿਟਿਸ਼ ਇਲਾਕਾ ਹੈ, ਜਿੱਥੇ ਸੈਂਟ ਬਰਨਾਰਡ ਨਾਂਅ ਦਾ ਸਿਰਫ਼ ਇੱਕ ਹਸਪਤਾਲ ਹੈ ਜੋ ਯੂਰੋਪੋਰਟ ‘ਤੇ ਸਥਿਤ ਹੈ। ਮਤਲਬ ਇਹ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਹਨ, ਉਨ੍ਹਾਂ ਨੂੰ ਅਕਸਰ ਆਪਣੇ ਇਲਾਜ ਲਈ ਵਿਦੇਸ਼ ਜਾਣਾ ਪੈਂਦਾ ਸੀ। ਆਮ ਤੌਰ ‘ਤੇ ਯੂਕੇ ਵਿੱਚ ਐਨਐਚਐਸ ਕੇਅਰ ਲਈ, ਉਹ ਵੀ ਜੇਕਰ ਉਹ ਯੋਗ ਹੋਣ।

ਕ੍ਰਿਸਮਿਸ ਤੋਂ ਬਾਅਦ ਜਦੋਂ ਬਕਸਟਨ ਨੂੰ ਪ੍ਰੋਸਟੇਟ ਕੈਂਸਰ ਬਾਰੇ ਪਤਾ ਲੱਗਾ ਤਾਂ ਉਹ ਵੀ ਐਨਐਚਐਸ ਦੀ ਵੇਟਿੰਗ ਲਿਸਟ ‘ਚ ਨਾਂਅ ਆਉਣ ਦਾ ਇੰਤਜ਼ਾਰ ਕਰਨ ਲੱਗੇ ਪਰ ਜਦੋਂ ਉਨਾਂ ਨੂੰ ਟ੍ਰਾਇਲ ਵਜੋਂ ਹੋਣ ਵਾਲੇ ਰਿਮੋਟ ਟ੍ਰੀਟਮੈਂਟ ਲਈ ਪਹਿਲਾ ਮਰੀਜ਼ ਬਣਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਤੁਰੰਤ ਹਾਂ ਕਰ ਦਿੱਤੀ।

“ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ, ਕੀ ਤੁਸੀਂ ਇਹ ਕਰਨ ਜਾ ਰਹੇ ਹੋ, ਵਾਕਈ ?”

ਉਨ੍ਹਾਂ ਕਿਹਾ, “ਮੈਂ ਸੋਚਿਆ, ਮੈਂ ਇੱਥੇ ਕੁਝ ਵਾਪਸ ਮੋੜ ਰਿਹਾ ਹਾਂ।”

ਬਕਸਟਨ, ਜੋ ਕਿ ਟ੍ਰਾਂਸਪੋਰਟ ਕੰਪਨੀ ਦੇ ਮਾਲਕ ਹਨ, ਨੇ ਕਿਹਾ, “ਜੇਕਰ ਮੈਂ ਜਿਬਰਾਲਟਰ ‘ਚ ਹੀ ਟੈਲੀਸਰਜਰੀ ਲਈ ਰਾਜ਼ੀ ਨਾ ਹੁੰਦਾ ਤਾਂ ਮੈਨੂੰ ਲੰਡਨ ਆਉਣਾ ਪੈਂਦਾ, ਐਨਐਚਐਸ ਦੀ ਵੇਟਿੰਗ ਲਿਸਟ ‘ਚ ਆਪਣਾ ਨਾਂਅ ਦਰਜ ਕਰਵਾਉਣਾ ਪੈਂਦਾ, ਸਰਜਰੀ ਕਰਵਾਉਣੀ ਪੈਂਦੀ ਅਤੇ ਇਸ ਸਭ ਵਾਸਤੇ ਮੈਨੂੰ ਘੱਟੋ-ਘੱਟ ਲੰਡਨ ‘ਚ ਤਿੰਨ ਹਫ਼ਤੇ ਰਹਿਣਾ ਪੈਂਦਾ।”

“ਇਸ ਲਈ ਮੈਂ ਸੋਚਿਆ: ਇਹ ਤਾਂ ਬਿਲਕੁਲ ਆਸਾਨ ਫੈਸਲਾ ਹੈ।”

“ਇਹ ਜਿਬਰਾਲਟਰ ਲਈ ਵੀ ਇਕ ਨਵੀਂ ਸ਼ੁਰੂਆਤ ਹੈ, ਕਿਉਂਕਿ ਹੁਣ ਇਲਾਜ ਲਈ ਤੁਹਾਨੂੰ ਜਿਬਰਾਲਟਰ ਛੱਡ ਕੇ ਜਾਣ ਦੀ ਲੋੜ ਨਹੀਂ।”

ਬਕਸਟਨ ਨੇ ਦੱਸਿਆ ਕਿ 11 ਫਰਵਰੀ ਨੂੰ ਹੋਈ ਸਰਜਰੀ ਤੋਂ ਬਾਅਦ ਉਨ੍ਹਾਂ ਦੀ “ਬਹੁਤ ਵਧੀਆ ਦੇਖਭਾਲ” ਕੀਤੀ ਗਈ ਅਤੇ ਹੁਣ ਉਹ “ਬਹੁਤ ਚੰਗਾ ਮਹਿਸੂਸ ਕਰ ਰਹੇ ਸਨ।”

ਮਰੀਜ਼ ਤੋਂ ਦੂਰ ਬੈਠੇ ਡਾਕਟਰ ਇਹ ਸਰਜਰੀ ਕਿਵੇਂ ਕਰਦੇ ਹਨ ?

ਇਹ ਆਪ੍ਰੇਸ਼ਨ ਦਿ ਲੰਡਨ ਕਲੀਨਿਕ ਤੋਂ ਕੀਤਾ ਗਿਆ ਸੀ। ਇਸ ਵਿੱਚ ਇੱਕ ਰੋਬੋਟ ਵਰਤਿਆ ਗਿਆ ਜਿਸ ਵਿੱਚ 3D HD ਕੈਮਰਾ ਅਤੇ ਚਾਰ ਬਾਂਹਾਂ ਸਨ, ਜਿਨ੍ਹਾਂ ਨੂੰ ਇੱਕ ਕੰਸੋਲ ਜ਼ਰੀਏ ਚਲਾਇਆ ਜਾ ਰਿਹਾ ਸੀ ਅਤੇ ਫਰਕ ਮਹਿਜ਼ 0.06 ਸੈਕਿੰਡ ਦਾ ਸੀ।

ਯੂਕੇ ਦਾ ਇਹ ਕੰਸੋਲ ਫਾਈਬਰ-ਓਪਟਿਕ ਕੇਬਲ ਜ਼ਰੀਏ ਜਿਬਰਾਲਟਰ ਦੇ ਰੋਬੋਟ ਨਾਲ ਜੋੜਿਆ ਗਿਆ ਸੀ ਅਤੇ ਜਿਸn ਨੂੰ 5G ਲਿੰਕ ਨੂੰ ਬੈਕਅਪ ਕੀਤਾ ਗਿਆ ਸੀ।

ਜੇਕਰ ਕੁਨੈਕਸ਼ਨ ਫੇਲ੍ਹ ਹੋ ਜਾਂਦਾ ਤਾਂ ਅਜਿਹੀ ਸਥਿਤੀ ਲਈ ਜਿਬਰਾਲਟਰ ‘ਚ ਇੱਕ ਟੀਮ ਸਟੈਂਡਬਾਏ ਰੱਖੀ ਗਈ ਸੀ ਹਾਲਾਂਕਿ ਪੂਰੀ ਪ੍ਰਕਿਰਿਆ ਦੌਰਾਨ ਕੁਨੈਕਸ਼ਨ ਸਹੀ ਢੰਗ ਨਾਲ ਚੱਲਦਾ ਰਿਹਾ।

ਇਸ ਆਪ੍ਰੇਸ਼ਨ ਲਈ ਟੌਮਾਈ ਰੋਬੋਟਿਕ ਸਿਸਟਮ ਦਾ ਇਸਤੇਮਾਲ ਕੀਤਾ ਗਿਆ ਜੋ ਦਿ ਲੰਡਨ ਕਲੀਨਿਕ ਅਤੇ ਜਿਬਰਾਲਟਰ ਹੈਲਥ ਅਥਾਰਟੀ ਦੇ ਸਹਿਯੋਗ ਨਾਲ ਕੀਤਾ ਗਿਆ।

ਸਰਜਰੀ ਕਰਦੇ ਹੋਏ  ਪ੍ਰੋ. ਪ੍ਰੋਕਰ ਦਾਸਗੁਪਤਾ

ਤਸਵੀਰ ਸਰੋਤ, PA

ਪ੍ਰੋ. ਦਾਸਗੁਪਤਾ ਨੇ ਕਿਹਾ, “ਇਸ ਪ੍ਰਕਿਰਿਆ ਨੇ ਸਾਨੂੰ ਅਜਿਹੇ ਮਰੀਜ਼ਾਂ ਦਾ ਇਲਾਜ ਕਰਨ ਦਾ ਮੌਕਾ ਦੇ ਦਿੱਤਾ ਜੋ ਦੂਰ-ਦੁਰੇਡੇ ਇਲਾਕਿਆਂ ‘ਚ ਵੱਸਦੇ ਹਨ ਉਹ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਮਾਹਰ ਸਰਜਨਾਂ ਦੀ ਮਦਦ ਨਾਲ।”

ਇਹ ਦੋ ਟੈਸਟ ਕੇਸਾਂ ਚੋਂ ਪਹਿਲਾ ਕੇਸ ਸੀ। ਦੂਜੇ ਕੇਸ ‘ਚ ਵੀ ਜਿਬਰਾਲਟਰ ਦੇ ਹੀ ਇੱਕ 52 ਸਾਲ ਦੇ ਸ਼ਖਸ ਦੀ 4 ਮਾਰਚ ਨੂੰ ਸਰਜਰੀ ਕੀਤੀ ਗਈ, ਜਿਨ੍ਹਾਂ ਦਾ ਨਾਂਅ ਗੁਪਤ ਰੱਖਿਆ ਗਿਆ।

14 ਮਾਰਚ ਨੂੰ ਦਾਸਗੁਪਤਾ ਮੁੜ ਇਹ ਸਰਜਰੀ ਕਰਨ ਜਾ ਰਹੇ ਹਨ, ਜਿਸ ਨੂੰ ਲਾਈਨ ਪ੍ਰਸਾਰਨ ਦੁਨੀਆ ਭਰ ਦੇ ਨਾਮੀ 20,000 ਯੂਰੋਲੋਜੀਕਲ ਸਰਜਨਾਂ ਤੱਕ ਯੂਰੋਪੀਅਨ ਐਸੋਸੀਏਸ਼ਨ ਆਫ ਯੂਰੋਲੋਜੀ ਕਾਂਗਰਸ ਤੋਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਰੋਮਾਂਚਕ ਹੈ ਅਤੇ ਮਨੁੱਖਤਾ ਲਈ ਬਹੁਤ ਫਾਇਦੇਮੰਦ ਸਾਬਿਤ ਹੋਣ ਵਾਲਾ ਹੈ।”

NHS ਦਾ ਟੀਚਾ ਹੈ ਕਿ 2035 ਤੱਕ ਹਰ ਸਾਲ ਰੋਬੋਟ ਦੀ ਮਦਦ ਨਾਲ 5 ਲੱਖ ਸਰਜਰੀਆਂ ਕੀਤੀਆਂ ਜਾਣ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI