Home ਰਾਸ਼ਟਰੀ ਖ਼ਬਰਾਂ ਸੁਪਰੀਮ ਲੀਡਰ ਨੂੰ ਗਵਾਉਣ ਵਾਲਾ ਈਰਾਨ ਦਾ ਸ਼ਾਸਨ ਅਜੇ ਵੀ ਕਾਇਮ, ਆਉਣ...

ਸੁਪਰੀਮ ਲੀਡਰ ਨੂੰ ਗਵਾਉਣ ਵਾਲਾ ਈਰਾਨ ਦਾ ਸ਼ਾਸਨ ਅਜੇ ਵੀ ਕਾਇਮ, ਆਉਣ ਵਾਲੇ ਦਿਨ ਦੱਸਣਗੇ ਕਿ ਇਹ ਕਿੰਨੀ ਦੇਰ ਟਿਕ ਸਕੇਗਾ

6
0

Source :- BBC PUNJABI

ਈਰਾਨ

ਤਸਵੀਰ ਸਰੋਤ, BERNO/SIPA/Shutterstock

ਅਮਰੀਕਾ ਅਤੇ ਇਜ਼ਰਾਇਲ ਦੀ ਸਾਂਝੀ ਹਮਲਾਵਰ ਕਾਰਵਾਈ ਦੀ ਪਹਿਲੀ ਲਹਿਰ ਵਿੱਚ ਈਰਾਨ ਦੇ ਸਰਬਉੱਚ ਨੇਤਾ ਅਲੀ ਖਾਮੇਨੇਈ ਦੇ ਕਤਲ ਨੇ ਇਸਲਾਮੀ ਗਣਰਾਜ ਨੂੰ 1979 ਤੋਂ ਬਾਅਦ ਦੇ ਆਪਣੇ ਸਭ ਤੋਂ ਨਾਜ਼ੁਕ ਮੋੜ ‘ਤੇ ਪਹੁੰਚਾ ਦਿੱਤਾ ਹੈ।

ਸ਼ਨੀਵਾਰ ਰਾਤ ਤੱਕ ਖਾਮੇਨੇਈ ਦੀ ਮੌਤ ਬਾਰੇ ਖ਼ਬਰਾਂ ਤੇਜ਼ੀ ਨਾਲ ਫੈਲਣ ਲੱਗੀਆਂ, ਜਿਸ ਨਾਲ ਅਜਿਹੇ ਦ੍ਰਿਸ਼ ਸਾਹਮਣੇ ਆਏ ਜਿਨ੍ਹਾਂ ਦੀ ਕਲਪਨਾ ਕੁਝ ਦਿਨ ਪਹਿਲਾਂ ਤੱਕ ਕਰਨਾ ਵੀ ਮੁਸ਼ਕਲ ਸੀ।

ਕਈਆਂ ਲਈ ਸਰਬਉੱਚ ਨੇਤਾ ਦੀ ਮੌਤ ਇੱਕ ਇਤਿਹਾਸਕ ਦਰਾਰ ਵਾਂਗ ਲੱਗ ਰਹੀ, ਇੱਕ ਅਜਿਹੀ ਸ਼ੁਰੂਆਤ ਜੋ ਸਾਲਾਂ ਦੀ ਸਿਵਲ ਰੈਜਿਸਟੈਂਸ ਆਪਣੇ ਬਲਬੂਤੇ ਹਾਸਲ ਨਹੀਂ ਕਰ ਸਕੀ ਸੀ।

ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਆਪਣੇ ਜਨਤਕ ਬਿਆਨਾਂ ਵਿੱਚ ਸਿੱਧੀ ਭਾਸ਼ਾ ਵਰਤੀ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨੀਆਂ ਨੂੰ “ਆਪਣੀ ਸਰਕਾਰ ਸੰਭਾਲਣ” ਦਾ ਮੌਕਾ ਲੱਭਣ ਲਈ ਕਿਹਾ। ਇਜ਼ਰਾਇਲੀ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਵੀ ਇਹੀ ਸੁਰ ਦੁਹਰਾਇਆ ਅਤੇ ਦਲੀਲ ਦਿੱਤੀ ਕਿ ਸ਼ਾਸਨ ਤਬਦੀਲੀ ਇੱਛਾ ਅਤੇ ਪ੍ਰਾਪਤੀ ਦੋਵੇਂ ਹੋ ਸਕਦੇ ਹਨ।

ਜਦਕਿ ਅਮਰੀਕਾ ਵੱਲੋਂ “ਆਪਰੇਸ਼ਨ ਐਪਿਕ ਫਿਊਰੀ” ਨਾਮ ਦਿੱਤੀ ਗਈ ਫੌਜੀ ਕਾਰਵਾਈ ਦਾ ਪੜਾਅ ਕਾਫ਼ੀ ਸਾਂਝੇ ਅਤੇ ਵੱਡੇ ਪੱਧਰ ‘ਤੇ ਅਮਰੀਕੀ ਕੰਟ੍ਰੋਲ ਹੇਠ ਲੱਗਿਆ, ਈਰਾਨੀ ਜਨਤਾ ਲਈ ਕੀਤੀ ਗਈ ਰਾਜਨੀਤਕ ਅਪੀਲ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਸੀ।

ਖਾਮੇਨੇਈ

ਨਵਾਂ ਆਗੂ ਕਿਵੇਂ ਚੁਣਿਆ ਜਾਂਦਾ ਹੈ?

ਈਰਾਨ ਦੇ ਸੰਵਿਧਾਨ ਅਨੁਸਾਰ ਨਵੇਂ ਸਰਬਉੱਚ ਨੇਤਾ ਦੀ ਚੋਣ 88 ਮੈਂਬਰਾਂ ਵਾਲੀ ਅਸੈਂਬਲੀ ਆਫ ਐਕਸਪਰਟਸ ਕਰਦੀ ਹੈ, ਜਿਸਦੇ ਮੈਂਬਰ ਅੱਠ ਸਾਲ ਲਈ ਲੋਕਾਂ ਵੱਲੋਂ ਚੁਣੇ ਜਾਂਦੇ ਹਨ।

ਹਾਲਾਂਕਿ ਚੋਣ ਪ੍ਰਕਿਰਿਆ ਵਿੱਚ ਇੱਕ ਵੱਡੀ ਘਾਟ ਹੈ।

ਅਸੈਂਬਲੀ ਲਈ ਸਾਰੇ ਉਮੀਦਵਾਰਾਂ ਦੀ ਜਾਂਚ ਅਤੇ ਮਨਜ਼ੂਰੀ ਗਾਰਡੀਅਨ ਕੌਂਸਲ ਵੱਲੋਂ ਲਾਜ਼ਮੀ ਹੈ।

12 ਮੈਂਬਰਾਂ ਵਾਲੀ ਇਹ ਸੰਸਥਾ ਖੁਦ ਲੀਡਰਸ਼ਿਪ ਢਾਂਚੇ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ। ਇਸਦੇ ਛੇ ਮੈਂਬਰ ਸਿੱਧੇ ਸਰਬਉੱਚ ਨੇਤਾ ਵੱਲੋਂ ਨਿਯੁਕਤ ਹੁੰਦੇ ਹਨ ਅਤੇ ਛੇ ਨਿਆਂਪਾਲਿਕਾ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਅਤੇ ਸੰਸਦ ਵੱਲੋਂ ਮਨਜ਼ੂਰ ਕੀਤੇ ਜਾਂਦੇ ਹਨ। ਨਿਆਂਪਾਲਿਕਾ ਦਾ ਮੁਖੀ ਵੀ ਸਰਬਉੱਚ ਨੇਤਾ ਵੱਲੋਂ ਹੀ ਨਿਯੁਕਤ ਹੁੰਦਾ ਹੈ।

ਅਸਲ ਵਿੱਚ, ਖਾਮੇਨੇਈ ਦਾ ਉਸ ਸੰਸਥਾ ‘ਤੇ ਵੱਡਾ ਪ੍ਰਭਾਵ ਰਿਹਾ ਹੈ ਜਿਸ ਨੂੰ ਉਨ੍ਹਾਂ ਦਾ ਉਤਰਾਧਿਕਾਰੀ ਚੁਣਨ ਦਾ ਕੰਮ ਸੌਂਪਿਆ ਗਿਆ ਸੀ।

ਸ਼ਾਸਨ ਨੇ ਲਗਾਤਾਰਤਾ ਅਤੇ ਸਥਿਰਤਾ ਦਿਖਾਉਣ ਲਈ ਤੇਜ਼ੀ ਨਾਲ ਕਦਮ ਚੁੱਕੇ ਹਨ।

ਸੰਵਿਧਾਨਕ ਪ੍ਰਕਿਰਿਆਵਾਂ ਦੀ ਵਰਤੋਂ ਕਰਕੇ ਅਤੇ ਅਸਥਾਈ ਸ਼ਾਸਨ ਪ੍ਰਬੰਧ ਨੂੰ ਐਕਟਿਵ ਕਰ ਕੇ ਅਧਿਕਾਰੀ ਇਹ ਸੰਕੇਤ ਦੇਣਾ ਚਾਹੁੰਦੇ ਹਨ ਕਿ ਸਿਖਰਲੇ ਨੇਤਾ ਦੀ ਮੌਤ ਦੇ ਬਾਵਜੂਦ ਪ੍ਰਣਾਲੀ ਕਾਇਮ ਹੈ।

ਸੰਭਾਵਿਤ ਉਤਰਾਧਿਕਾਰੀਆਂ ਬਾਰੇ ਅਟਕਲਾਂ ਲੱਗਣ ਲੱਗੀਆਂ ਹਨ।

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ

ਤਸਵੀਰ ਸਰੋਤ, EPA/Shutterstock

ਈਰਾਨ ਵਿੱਚ ਸੰਭਾਵਿਤ ਉਮੀਦਵਾਰਾਂ ਦੀ ਪਹਿਲਾਂ ਹੀ ਜਨਤਕ ਤੌਰ ‘ਤੇ ਪਛਾਣ ਕਰਨਾ ਆਮ ਨਹੀਂ ਹੈ ਅਤੇ ਇਹ ਪ੍ਰਕਿਰਿਆ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦੀ ਹੈ।

ਹਾਲਾਂਕਿ ਐਕਸਪਰਟਸ ਦੀ ਅਸੈਂਬਲੀ ਵਿੱਚ ਇੱਕ ਛੋਟੀ ਕਮੇਟੀ ਹੈ ਜਿਸ ਨੂੰ ਨਾਵਾਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਘਟਾਉਣ ਦਾ ਕੰਮ ਦਿੱਤਾ ਗਿਆ ਹੈ। ਸੰਭਵ ਹੈ ਕਿ ਰਸਮੀਂ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਇਹ ਪੂਰੇ ਸਦਨ ਅੱਗੇ ਇੱਕ ਛੋਟੀ ਸੂਚੀ ਪੇਸ਼ ਕਰੇ।

ਜਦੋਂ ਰਸਮੀ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਇਹ ਸੂਚੀ ਪੂਰੇ ਸਦਨ ਦੇ ਸਾਹਮਣੇ ਰੱਖੀ ਜਾ ਸਕਦੀ ਹੈ। ਬੈਠਕਾਂ ਬੰਦ ਦਰਵਾਜ਼ਿਆਂ ਪਿੱਛੇ ਹੁੰਦੀਆਂ ਹਨ ਅਤੇ ਵੋਟਿੰਗ ਜਨਤਕ ਨਹੀਂ ਕੀਤੀ ਜਾਂਦੀ, ਜਿਸ ਕਾਰਨ ਬਾਹਰੀ ਨਿਗਰਾਨੀ ਸੀਮਤ ਰਹਿੰਦੀ ਹੈ।

ਹਾਲੀਆ ਸਾਲਾਂ ਵਿੱਚ ਇਹ ਅਟਕਲਾਂ ਲੱਗ ਰਹੀਆਂ ਹਨ ਕਿ ਖਾਮੇਨੇਈ ਦਾ ਸਭ ਤੋਂ ਵੱਡਾ ਪੁੱਤਰ ਮੋਜਤਬਾ ਦੌੜ ਵਿੱਚ ਹੋ ਸਕਦਾ ਹੈ। ਪਰ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵਿੱਚ ਉਨ੍ਹਾਂ ਦੇ ਪਿਤਾ ਦੇ ਕਈ ਸਭ ਤੋਂ ਭਰੋਸੇਯੋਗ ਕਮਾਂਡਰ ਹਾਲੀਆ ਹਮਲਿਆਂ ਵਿੱਚ ਮਾਰੇ ਜਾਣ ਦੀਆਂ ਖਬਰਾਂ ਨਾਲ ਅੰਦਰੂਨੀ ਤਾਕਤ ਦਾ ਸੰਤੁਲਨ ਬਦਲ ਸਕਦਾ ਹੈ।

ਜੂਨ 1989 ਦੀ ਮਿਸਾਲ ਹੀ ਲੈ ਲਓ, ਜਦੋਂ ਖਾਮੇਨੇਈ ਖ਼ੁਦ ਸੁਪਰੀਮ ਲੀਡਰ ਵਜੋਂ ਉਭਰੇ ਸਨ, ਭਾਵੇਂ ਉਨ੍ਹਾਂ ਨੂੰ ਵਿਆਪਕ ਤੌਰ ਤੇ ਸਭ ਤੋਂ ਅੱਗੇ ਨਹੀਂ ਮੰਨਿਆ ਜਾ ਰਿਹਾ ਸੀ, ਇਹ ਯਾਦ ਦਿਵਾਉਂਦਾ ਹੈ ਕਿ ਨਤੀਜੇ ਉਮੀਦਾਂ ਤੋਂ ਵੱਖ ਹੋ ਸਕਦੇ ਹਨ।

ਚੋਣ ਦੀ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵੱਧ ਸਕਦੀ ਹੈ ਅਤੇ ਸੰਭਵ ਹੈ ਕਿ ਕੁਝ ਹੀ ਦਿਨਾਂ ਵਿੱਚ ਪੂਰੀ ਹੋ ਜਾਵੇ।

ਈਰਾਨ ਨੇ ਇਜ਼ਰਾਈਲ ਵਿਰੁੱਧ ਜਵਾਬੀ ਮਿਜ਼ਾਈਲ ਹਮਲੇ ਕੀਤੇ ਹਨ

ਤਸਵੀਰ ਸਰੋਤ, Getty Images

ਫੌਜ ਪੱਖੋਂ ਲੱਗਿਆ ਝਟਕਾ ਅਤੇ ਜਵਾਬੀ ਕਾਰਵਾਈ

ਹਾਲਾਂਕਿ ਸੈਨਿਕ ਪੱਖੋਂ ਇਸਲਾਮਿਕ ਗਣਰਾਜ ਨੇ ਵੱਡਾ ਝਟਕਾ ਸਹਿਆ ਹੈ।

ਰਿਪੋਰਟਾਂ ਦੱਸਦੀਆਂ ਹਨ ਕਿ ਸ਼ੁਰੂਆਤੀ ਹਮਲਿਆਂ ਵਿੱਚ ਕਈ ਸੀਨੀਅਰ ਕਮਾਂਡਰ ਮਾਰੇ ਗਏ ਸਨ। ਹਵਾਈ ਕਾਰਵਾਈ ਜਾਰੀ ਰਹਿਣ ਕਰਕੇ ਬਚੇ ਹੋਏ ਅਧਿਕਾਰੀਆਂ ‘ਤੇ ਖ਼ਤਰਾ ਬਣਿਆ ਹੋਇਆ ਹੈ।

ਕਮਜ਼ੋਰੀ ਦਾ ਅਹਿਸਾਸ ਸਪਸ਼ਟ ਹੈ। ਕਮਾਂਡ ਕੇਂਦਰ ਨੁਕਸਾਨੇ ਗਏ ਹਨ, ਲੀਡਰਸ਼ਿਪ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਫ਼ੈਸਲੇ ਕਰਨ ਦੀ ਪ੍ਰਕਿਰਿਆ ਸੰਕਟ ਮੋਡ ਵਿੱਚ ਚਲੀ ਗਈ ਹੈ।

ਫਿਰ ਵੀ ਈਰਾਨ ਨੇ ਜਵਾਬੀ ਕਾਰਵਾਈ ਕਰਨ ਦੀ ਸਮਰਥਾ ਦਿਖਾਈ ਹੈ।

ਪਹਿਲੀ ਵਾਰ ਮਿਸ਼ਾਈਲਾਂ ਨੇ ਦੁਬਈ ਵਿੱਚ ਗ਼ੈਰ-ਸੈਨਿਕ ਥਾਵਾਂ ਅਤੇ ਕੁਵੈਤ ਦੇ ਇੱਕ ਨਾਗਰਿਕ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਇਸ ਨਾਲ ਲੜਾਈ ਦਾ ਭੂਗੋਲਕ ਦਾਇਰਾ ਕਾਫੀ ਵੱਧ ਗਿਆ।

ਇਹ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਲੀਡਰਸ਼ਿਪ ਦੇ ਨੁਕਸਾਨ ਦੇ ਬਾਵਜੂਦ ਈਰਾਨ ਕੋਲ ਕਾਰਵਾਈ ਦੀ ਸਮਰਥਾ ਅਤੇ ਇਸਦਾ ਇਸਤੇਮਾਲ ਕਰਨ ਦੀ ਇੱਛਾ ਮੌਜੂਦ ਹੈ।

ਹੁਣ ਇਸ ਸੰਕਟ ਤੇ ਹੋਰ ਖੇਤਰੀ ਤਣਾਅ ਵੱਧਣ ਦੀ ਸੰਭਾਵਨਾ ਬਣੀ ਹੋਈ ਹੈ।

ਦੁਬਈ

ਤਸਵੀਰ ਸਰੋਤ, Muskaan Kataria

ਈਰਾਨ ਦੇ ਨੇਤਾਵਾਂ ਦੇ ਨਜ਼ਰੀਏ ਤੋਂ ਜੇ ਲੜਾਈ ਫੈਲਦੀ ਹੈ ਅਤੇ ਮਿਡਲ ਈਸਟ ਵਿੱਚ ਉਸ ਦੇ ਹਥਿਆਰਬੰਦ ਸਮੂਹਾਂ ਦੇ ਸਾਥੀ ਵੀ ਲੜਾਈ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਤੇਹਰਾਨ ਨੂੰ ਜੰਗਬੰਦੀ ਲਈ ਦਬਾਅ ਬਣਾਉਣ ਜਾਂ ਘੱਟੋ ਘੱਟ ਅਮਰੀਕਾ ਅਤੇ ਇਜ਼ਰਾਇਲ ਦੀਆਂ ਸ਼ਰਤਾਂ ‘ਤੇ ਪੂਰੀ ਤਰ੍ਹਾਂ ਸਰੰਡਰ ਕਰਨ ਤੋਂ ਬਚਣ ਲਈ ਕੁਝ ਫਾਇਦਾ ਮਿਲ ਸਕਦਾ ਹੈ।

ਦੂਜੇ ਨਜ਼ਰੀਏ ਤੋਂ ਲਗਾਤਾਰ ਫੌਜੀ ਦਬਾਅ ਅਤੇ ਵੱਡੇ ਪੱਧਰ ‘ਤੇ ਨਵੇਂ ਵਿਰੋਧ ਪ੍ਰਦਰਸ਼ਨ ਇਸਲਾਮਿਕ ਗਣਰਾਜ ਨੂੰ ਸਿਸਟਮ ਵਿੱਚ ਟੁੱਟਣ ਵੱਲ ਧੱਕ ਸਕਦੇ ਹਨ।

ਜੇ ਸੁਰੱਖਿਆ ਬਲਾਂ ਦੇ ਕੁਝ ਹਿੱਸੇ ਵੱਖ ਹੋ ਜਾਂਦੇ ਹਨ ਜਾਂ ਹੁਕਮ ਮੰਨਣ ਤੋਂ ਇਨਕਾਰ ਕਰਦੇ ਹਨ ਤਾਂ ਕੋਈ ਵੀ ਰਸਮੀ ਸੰਵਿਧਾਨਕ ਬਦਲਾਅ ਦੀ ਪ੍ਰਕਿਰਿਆ ਜਲਦੀ ਹੀ ਬੇਅਸਰ ਹੋ ਸਕਦੀ ਹੈ ਅਤੇ ਜ਼ਮੀਨੀ ਹਾਲਾਤ ਉਸ ਨੂੰ ਪਿੱਛੇ ਛੱਡ ਸਕਦੇ ਹਨ।

ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਆਈਆਰਜੀਸੀ ਅਤੇ ਦੇਸ਼ ਦੇ ਦਬਾਅ ਬਣਾਉਣ ਵਾਲੇ ਤੰਤਰ ਦੇ ਹੋਰ ਹਿੱਸੇ ਆਪਣੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸੁਪਰੀਮ ਲੀਡਰ ਦੀ ਗ਼ੈਰ-ਹਾਜ਼ਰੀ ਵਿੱਚ ਇਕਜੁਟ ਰਹਿ ਸਕਦੇ ਹਨ ਜਾਂ ਨਹੀਂ।

ਫਿਲਹਾਲ ਸਾਰੇ ਸੰਭਾਵੀ ਹਾਲਾਤ ਮੌਜੂਦ ਹਨ।

ਹਮਲਿਆਂ ਤੋਂ ਪਹਿਲਾਂ ਨਾਲ ਤੁਲਨਾ ਕਰੀਏ ਤਾਂ ਇਸਲਾਮਿਕ ਗਣਰਾਜ ਹੁਣ ਕਮਜ਼ੋਰ ਦਿਖਾਈ ਦੇ ਰਿਹਾ ਹੈ। ਕੇਂਦਰੀ ਅਥਾਰਟੀ ਵਾਲੀ ਸ਼ਖਸੀਅਤ ਤੋਂ ਵਾਂਝਾ, ਮੁੱਖ ਕਮਾਂਡਰਾਂ ਤੋਂ ਸੱਖਣਾ ਅਤੇ ਲਗਾਤਾਰ ਫੌਜੀ ਦਬਾਅ ਹੇਠ।

ਫਿਰ ਵੀ ਇਸਦੇ ਕੋਲ ਸੰਸਥਾਗਤ ਢਾਂਚਾ, ਹਥਿਆਰਬੰਦ ਬਲ ਅਤੇ ਜਵਾਬੀ ਕਾਰਵਾਈ ਦੀ ਸਮਰਥਾ ਮੌਜੂਦ ਹੈ ਜੋ ਸਟੇਟ ਬਦਲਾਅ ਦੇ ਕਿਸੇ ਵੀ ਸਿੱਧੇ ਰਾਹ ਨੂੰ ਮੁਸ਼ਕਲ ਬਣਾਉਂਦੀ ਹੈ।

ਅਲੀ ਖਾਮੇਨੇਈ ਦੀ ਮੌਤ ਨੇ ਈਰਾਨ ਨੂੰ ਅਸਥਿਰ ਅਤੇ ਅਨਿਸ਼ਚਿਤ ਦੌਰ ਵਿੱਚ ਧੱਕ ਦਿੱਤਾ ਹੈ।

ਅੱਗੇ ਕੀ ਹੁੰਦਾ ਹੈ ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਕੀ ਤੇਹਰਾਨ ਲਗਾਤਾਰ ਹਵਾਈ ਹਮਲਿਆਂ ਹੇਠ ਅੰਦਰੂਨੀ ਕੰਟ੍ਰੋਲ ਕਾਇਮ ਰੱਖ ਸਕਦਾ ਹੈ ਜਾਂ ਨਹੀਂ, ਕੀ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਹਨ ਅਤੇ ਲੜਾਈ ਪੂਰੇ ਖੇਤਰ ਵਿੱਚ ਕਿੰਨੀ ਦੂਰ ਤੱਕ ਫੈਲਦੀ ਹੈ।

ਆਉਣ ਵਾਲੇ ਦਿਨਾਂ ਵਿੱਚ ਘਟਨਾਵਾਂ ਦੀ ਦਿਸ਼ਾ ਹੋਰ ਸਪਸ਼ਟ ਹੋ ਸਕਦੀ ਹੈ, ਕਿਉਂਕਿ ਸਾਰੇ ਪੱਖ ਆਪਣੀਆਂ ਫੌਜੀ ਹੱਦਾਂ ਅਤੇ ਰਾਜਨੀਤਕ ਇਰਾਦਿਆਂ ਦੀ ਪਰਖ ਕਰਨਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI