Home ਰਾਸ਼ਟਰੀ ਖ਼ਬਰਾਂ ਡੌਨਲਡ ਟਰੰਪ ਨੇ ਕਿਹਾ- ਅਜੇ ਹੋਰ ਵੀ ਅਮਰੀਕੀ ਲੋਕਾਂ ਦੀਆਂ ਜਾਨਾਂ ਜਾਣਗੀਆਂ,...

ਡੌਨਲਡ ਟਰੰਪ ਨੇ ਕਿਹਾ- ਅਜੇ ਹੋਰ ਵੀ ਅਮਰੀਕੀ ਲੋਕਾਂ ਦੀਆਂ ਜਾਨਾਂ ਜਾਣਗੀਆਂ, ਪੀਐੱਮ ਮੋਦੀ ਨੇ ਇਜ਼ਰਾਈਲ ਦੇ ਪੀਐੱਮ ਨਾਲ ਕੀ ਗੱਲਬਾਤ ਕੀਤੀ

7
0

Source :- BBC PUNJABI

ਈਰਾਨ-ਇਜ਼ਰਾਈਲ ਤਣਾਅ

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

ਪੜ੍ਹਨ ਦਾ ਸਮਾਂ: 4 ਮਿੰਟ

ਈਰਾਨ ਅਤੇ ਇਜ਼ਰਾਈਲ ਵਿਚਕਾਰ ਟਕਰਾਅ ਅਜੇ ਵੀ ਜਾਰੀ ਹੈ। ਦੋਵੇਂ ਦੇਸ਼ ਇੱਕ ਦੂਜੇ ‘ਤੇ ਹਮਲੇ ਕਰ ਰਹੇ ਹਨ। ਇਜ਼ਰਾਈਲ ਅਤੇ ਅਮਰੀਕਾ ਨੇ ਸ਼ਨੀਵਾਰ ਸਵੇਰੇ ਈਰਾਨ ‘ਤੇ ਪਹਿਲਾ ਹਮਲਾ ਕੀਤਾ ਸੀ।

ਈਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਤਾਜ਼ਾ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਹਾਲਾਂਕਿ, ਇੰਟਰਨੈੱਟ ‘ਤੇ ਪਾਬੰਦੀ ਹੋਣ ਕਾਰਨ, ਦੇਸ਼ ਅੰਦਰਲੇ ਹਾਲਾਤਾਂ ਦੀ ਸਪੱਸ਼ਟ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ।

ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ, ”ਜਦੋਂ ਤੱਕ ਸਾਰੇ ਟੀਚੇ ਹਾਸਲ ਨਹੀਂ ਹੋ ਜਾਂਦੇ, ਅਮਰੀਕਾ ਦੇ ਹਮਲੇ ਜਾਰੀ ਰਹਿਣਗੇ।”

ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਸਾਡਾ ਫੌਜੀ ਅਭਿਆਨ ਪੂਰੀ ਤਾਕਤ ਨਾਲ ਜਾਰੀ ਹੈ। ਬਦਕਿਸਮਤੀ ਨਾਲ ਸੰਭਵ ਹੈ ਹੋਰ ਅਮਰੀਕੀ ਲੋਕਾਂ ਦੀਆਂ ਜਾਨਾਂ ਜਾਣ।”

ਉਨ੍ਹਾਂ ਇਹ ਵੀ ਕਿਹਾ, “ਜੰਗ ਵਿੱਚ ਅਜਿਹਾ ਹੀ ਹੁੰਦਾ ਹੈ।”

ਕੀ-ਕੀ ਬੋਲੇ ਟਰੰਪ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਡੌਨਲਡ ਟਰੰਪ ਨੇ ਕਿਹਾ, “ਜਿਨ੍ਹਾਂ ਲੋਕਾਂ ਨੇ ਪੂਰੀ ਮਨੁੱਖੀ ਸੱਭਿਅਤਾ ਦੇ ਖ਼ਿਲਾਫ਼ ਜੰਗ ਛੇੜੀ ਹੈ, ਅਮਰੀਕਾ ਉਨ੍ਹਾਂ ਅੱਤਵਾਦੀਆਂ ਨੂੰ ਸਭ ਤੋਂ ਸਖਤ ਸਜ਼ਾ ਦੇਵੇਗਾ ਅਤੇ ਜਿਨ੍ਹਾਂ ਬੇਗੁਨਾਹਾਂ ਦੀਆਂ ਜਾਨਾਂ ਗਈਆਂ ਹਨ, ਉਨ੍ਹਾਂ ਦੀ ਮੌਤ ਦਾ ਬਦਲਾ ਲਵੇਗਾ।”

ਟਰੰਪ ਨੇ ਅੱਗੇ ਚੇਤਾਵਨੀ ਦਿੰਦੇ ਹੋਏ ਕਿਹਾ, “ਮੈਂ ਇੱਕ ਵਾਰ ਫਿਰ ਰੈਵੋਲਿਊਸ਼ਨਰੀ ਗਾਰਡਜ਼ ਅਤੇ ਈਰਾਨੀ ਸੈਨਿਕ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਉਹ ਹਮਲੇ ਰੋਕ ਦੇਣ ਅਤੇ ਮਹਿਫੂਜ਼ ਰਹਿਣ। ਨਹੀਂ ਤਾਂ ਆਉਣ ਵਾਲੀ ਮੌਤ ਲਈ ਤਿਆਰ ਰਹਿਣ।”

ਟਰੰਪ ਨੇ ਕਿਹਾ ਕਿ ਈਰਾਨ ਵਿੱਚ ਸੱਤਾ ਪਰਿਵਰਤਨ ਜ਼ਰੂਰੀ ਹੈ ਅਤੇ ਇਸ ਲਈ ਉਨ੍ਹਾਂ ਨੇ ਈਰਾਨ ਦੀ ਜਨਤਾ ਨੂੰ ਅਪੀਲ ਕੀਤੀ।

ਉਨ੍ਹਾਂ ਕਿਹਾ, “ਉਹ ਸਾਰੇ ਈਰਾਨੀ ਦੇਸ਼ਭਗਤ ਜੋ ਆਜ਼ਾਦ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਸ ਮੌਕੇ ‘ਤੇ ਹਿੰਮਤ ਦਿਖਾਓ, ਵੀਰ ਬਣੋ ਅਤੇ ਆਪਣਾ ਦੇਸ਼ ਵਾਪਸ ਲੈ ਲਵੋ। ਅਮਰੀਕਾ ਤੁਹਾਡੇ ਨਾਲ ਹੈ।”

ਦੂਜੇ ਪਾਸੇ ਬ੍ਰਿਟੇਨ, ਫਰਾਂਸ ਅਤੇ ਜਰਮਨੀ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਈਰਾਨ ਵੱਲੋਂ ਵੇਸਟ ਏਸ਼ੀਆ ਦੇ ਦੇਸ਼ਾਂ ‘ਤੇ ਲਗਾਤਾਰ ਹਮਲਿਆਂ ਲਈ ਆਲੋਚਨਾ ਕੀਤੀ।

ਪੀਐੱਮ ਮੋਦੀ ਨੇ ਨੇਤਨਯਾਹੂ ਨਾਲ ਕੀ ਗੱਲ ਕੀਤੀ?

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ

ਤਸਵੀਰ ਸਰੋਤ, Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਦੇਰ ਰਾਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ ‘ਤੇ ਗੱਲ ਕੀਤੀ। ਦੋਵੇਂ ਆਗੂਆਂ ਨੇ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਉਨ੍ਹਾਂ ਨੇ ਹਾਲੀਆ ਘਟਨਾਕ੍ਰਮ ‘ਤੇ ਭਾਰਤ ਦੀ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।

ਪੀਐੱਮ ਮੋਦੀ ਨੇ ਵੀ ਦੁਹਰਾਇਆ ਕਿ ਜਲਦੀ ਤੋਂ ਜਲਦੀ ਸੰਘਰਸ਼ ਰੋਕਣਾ ਜ਼ਰੂਰੀ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਐਤਵਾਰ ਰਾਤ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਵੀ ਗੱਲ ਕੀਤੀ।

ਪੀਐੱਮ ਮੋਦੀ ਨੇ ਯੂਏਈ ‘ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਯੂਏਈ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦਾ ਖ਼ਿਆਲ ਰੱਖਣ ਲਈ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦਾ ਧੰਨਵਾਦ ਕੀਤਾ ਹੈ।

ਅਮਰੀਕਾ ਅਤੇ ਇਜ਼ਰਾਈਲ ਨੇ ਸ਼ਨੀਵਾਰ ਨੂੰ ਈਰਾਨ ‘ਤੇ ਵੱਡੇ ਹਮਲੇ ਕੀਤੇ ਸਨ, ਜਿਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਦੀ ਮੌਤ ਹੋ ਗਈ ਹੈ।

ਹਿਜ਼ਬੁੱਲ੍ਹਾ ਨੇ ਇਜ਼ਰਾਈਲ ਵੱਲ ਮਿਜ਼ਾਈਲ ਅਤੇ ਡਰੋਨ ਦਾਗੇ

ਯੇਰੂਸ਼ਲਮ ਦੀ ਇੱਕ ਸੜਕ 'ਤੇ ਮਿਜ਼ਾਈਲ ਡਿੱਗਣ ਤੋਂ ਬਾਅਦ ਤਬਾਹ ਹੋਈ ਕਾਰ ਦੀ ਜਾਂਚ ਕਰਦੇ ਸੁਰੱਖਿਆ ਬਲ

ਤਸਵੀਰ ਸਰੋਤ, HAZEM BADER / AFP via Getty Images

ਇਜ਼ਰਾਈਲੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਹਿਜ਼ਬੁੱਲ੍ਹਾ ਵੱਲੋਂ ਕੀਤੀ ਗਈ ਪ੍ਰੋਜੈਕਟਾਈਲ ਫਾਇਰ ਦੇ ਜਵਾਬ ਵਿੱਚ ਲੇਬਨਾਨ ਵਿੱਚ ਨਿਸ਼ਾਨਿਆਂ ‘ਤੇ ਹਮਲਾ ਕਰ ਰਹੀ ਹੈ।

ਇਸ ਦਰਮਿਆਨ ਹਿਜ਼ਬੁੱਲ੍ਹਾ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਲੇਬਨਾਨ ਤੋਂ ਇਜ਼ਰਾਈਲ ਵੱਲ ਮਿਜ਼ਾਇਲਾਂ ਅਤੇ ਡਰੋਨ ਦਾਗੇ ਹਨ।

ਸਮੂਹ ਦਾ ਕਹਿਣਾ ਹੈ ਕਿ ਇਹ ਕਾਰਵਾਈ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਦੀ ਹੱਤਿਆ ਦੇ ਬਦਲੇ ਵਜੋਂ ਕੀਤੀ ਗਈ ਹੈ।

ਇਜ਼ਰਾਈਲੀ ਫੌਜ ਦੇ ਮੁਤਾਬਕ, ਦਾਗੇ ਗਏ ਪ੍ਰੋਜੈਕਟਾਈਲ ਇਜ਼ਰਾਈਲ ਦੇ ਖੁੱਲ੍ਹੇ ਇਲਾਕਿਆਂ ਵਿੱਚ ਡਿੱਗੇ।

ਹਿਜ਼ਬੁੱਲ੍ਹਾ ਇੱਕ ਸ਼ੀਆ ਮੁਸਲਿਮ ਸਿਆਸੀ ਅਤੇ ਫੌਜੀ ਸੰਗਠਨ ਹੈ, ਜਿਸ ਨੂੰ ਈਰਾਨ ਦਾ ਮਜ਼ਬੂਤ ਸਮਰਥਨ ਪ੍ਰਾਪਤ ਹੈ ਅਤੇ ਜੋ ਇਜ਼ਰਾਈਲ ਦੀ ਹੋਂਦ ਦੇ ਅਧਿਕਾਰ ਦਾ ਵਿਰੋਧ ਕਰਦਾ ਹੈ।

ਈਰਾਨ ਲਈ ਇਨ੍ਹਾਂ ਮੁਸਲਿਮ ਦੇਸ਼ਾਂ ਨੇ ਜਾਰੀ ਕੀਤੀ ਚੇਤਾਵਨੀ

ਜੀਸੀਸੀ ਵਿੱਚ ਯੂਨਾਈਟਡ ਅਰਬ ਅਮੀਰਾਤ (ਯੂਏਈ), ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ

ਤਸਵੀਰ ਸਰੋਤ, Getty Images

ਗਲਫ਼ ਕੋਆਪਰੇਸ਼ਨ ਕਾਊਂਸਿਲ (ਜੀਸੀਸੀ) ਦੇ ਮੈਂਬਰ ਦੇਸ਼ਾਂ ਨੇ ਐਤਵਾਰ ਨੂੰ ਇੱਕ ਮੀਟਿੰਗ ਵਿੱਚ ਈਰਾਨੀ ਹਮਲਿਆਂ ਨਾਲ ਹੋਏ ਨੁਕਸਾਨ ‘ਤੇ ਚਰਚਾ ਕੀਤੀ।

ਜੀਸੀਸੀ ਦਾ ਕਹਿਣਾ ਹੈ ਕਿ ਨਾਗਰਿਕ ਟਿਕਾਣਿਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਜੀਸੀਸੀ ਵਿੱਚ ਯੂਨਾਈਟਡ ਅਰਬ ਅਮੀਰਾਤ (ਯੂਏਈ), ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ।

ਇਨ੍ਹਾਂ ਸਾਰੇ ਦੇਸ਼ਾਂ ਨੇ ਈਰਾਨ ਦੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਈਰਾਨ ‘ਤੇ ਉਨ੍ਹਾਂ ਦੀ ਪ੍ਰਭੂਸੱਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ।

ਜੀਸੀਸੀ ਵੱਲੋਂ ਜਾਰੀ ਬਿਆਨ ਵਿੱਚ ਈਰਾਨ ਨੂੰ ਹਮਲੇ ਰੋਕਣ ਦੀ ਅਪੀਲ ਕੀਤੀ ਗਈ।

ਹਾਲਾਂਕਿ ਸਮੂਹ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਦੀ ਰੱਖਿਆ ਲਈ ‘ਸਾਰੇ ਜ਼ਰੂਰੀ ਕਦਮ’ ਉਠਾਏਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI