Home ਰਾਸ਼ਟਰੀ ਖ਼ਬਰਾਂ ਇਜ਼ਰਾਇਲ ਤੇ ਅਮਰੀਕਾ ਨੇ ਈਰਾਨ ‘ਤੇ ਕੀਤੇ ਹਮਲੇ, ਈਰਾਨ ਨੇ ਕੀ ਜਵਾਬੀ...

ਇਜ਼ਰਾਇਲ ਤੇ ਅਮਰੀਕਾ ਨੇ ਈਰਾਨ ‘ਤੇ ਕੀਤੇ ਹਮਲੇ, ਈਰਾਨ ਨੇ ਕੀ ਜਵਾਬੀ ਕਾਰਵਾਈ ਕੀਤੀ, ਹੁਣ ਤੱਕ ਕੀ-ਕੀ ਪਤਾ ਲੱਗਿਆ

6
0

Source :- BBC PUNJABI

ਤੇਹਰਾਨ ’ਚ ਇੱਕ ਧਮਾਕੇ ਮਗਰੋਂ ਉੱਠਦਾ ਹੋਏ ਧੂੰਏਂ ਦਾ ਗੁਬਾਰ

ਤਸਵੀਰ ਸਰੋਤ, Getty Images

28 ਫ਼ਰਵਰੀ 2026, 12:29 IST

ਅਪਡੇਟ 2 ਘੰਟੇ ਪਹਿਲਾਂ

ਪੜ੍ਹਨ ਦਾ ਸਮਾਂ: 8 ਮਿੰਟ

ਇਜ਼ਰਾਈਲ ਅਤੇ ਅਮਰੀਕਾ ਨੇ ਈਰਾਨ ਦੇ ਖ਼ਿਲਾਫ਼ ਹਮਲੇ ਕੀਤੇ ਹਨ ਅਤੇ ਇਸ ਨੂੰ ‘ਪਹਿਲਾਂ ਤੋਂ ਅਹਿਤਿਆਤ ਵਾਲੇ ਹਮਲੇ” (ਪ੍ਰੀ-ਐਮਪਟਿਵ ਅਟੈਕ) ਦੱਸਿਆ ਗਿਆ ਹੈ।

ਇਜ਼ਰਾਈਲ ਦੇ ਰੱਖਿਆ ਮੰਤਰੀ ਇਸਰਾਇਲ ਕਾਤਸ ਨੇ ਬਿਆਨ ਜਾਰੀ ਕਰਕੇ ਪੂਰੇ ਇਜ਼ਰਾਈਲ ਵਿੱਚ ‘ਵਿਸ਼ੇਸ਼ ਅਤੇ ਸਥਾਈ ਐਮਰਜੈਂਸੀ ਸਥਿਤੀ’ ਦਾ ਐਲਾਨ ਕਰ ਦਿੱਤਾ ਹੈ।

ਹੁਣ ਈਰਾਨ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ।

ਫ਼ਾਰਸ ਨਿਊਜ਼ ਏਜੰਸੀ ਨੇ ਦੱਸਿਆ ਕਿ ਤੇਹਰਾਨ ਦੇ ਡਾਊਨਟਾਊਨ ਵਿੱਚ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਏਜੰਸੀ ਨੇ ਤੇਹਰਾਨ ਦੇ ਡਾਊਨਟਾਊਨ ਵਿੱਚ ਹੋਏ ਤਿੰਨ ਧਮਾਕਿਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ।

ਨਿਊਜ਼ ਏਜੰਸੀ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦੇ ਹਨ ਕਿ ਕਈ ਮਿਜ਼ਾਇਲਾਂ ਦਾਨੇਸ਼ਗਾਹ ਸਟ੍ਰੀਟ ਅਤੇ ਜੋਮਹੁਰੀ ਖੇਤਰ ਵਿੱਚ ਡਿੱਗੀਆਂ।

ਇਜ਼ਰਾਈਲੀ ਫੌਜ ਨੇ ਐਲਾਨ ਕੀਤਾ ਕਿ ਉਸ ਨੇ ਦੇਸ਼ ਭਰ ਦੇ ਕਈ ਇਲਾਕਿਆਂ ਵਿੱਚ ਹਵਾਈ ਹਮਲੇ ਦੇ ਸਾਇਰਨ ਵਜਾਏ ਹਨ ਤਾਂ ਜੋ ਜਨਤਾ ਨੂੰ ਜਵਾਬੀ ਕਾਰਵਾਈ ਵਿੱਚ ਇਜ਼ਰਾਈਲ ‘ਤੇ ਰਾਕੇਟ ਦਾਗੇ ਜਾਣ ਦੀ ਸੰਭਾਵਨਾ ਲਈ ਤਿਆਰ ਕੀਤਾ ਜਾ ਸਕੇ।

ਬੀਬੀਸੀ ਨੂੰ ਤੇਹਰਾਨ ਵਿੱਚ ਜੋਮਹੌਰੀ ਸਕੁਏਅਰ ਅਤੇ ਹਸਨ ਅਬਾਦ ਸਕੁਏਅਰ ਉੱਤੇ ਉੱਠਦੇ ਧੂੰਏਂ ਦੀਆਂ ਤਸਵੀਰਾਂ ਪ੍ਰਾਪਤ ਹੋਈਆਂ ਹਨ।

ਯੂਏਈ ਵਿੱਚ ਈਰਾਨ ਵੱਲੋਂ ਹਮਲੇ

ਸੰਯੁਰਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ‘ਤੇ “ਈਰਾਨੀ ਬੈਲਿਸਟਿਕ ਮਿਜ਼ਾਈਲਾਂ ਨਾਲ ਜੁੜਿਆ ਇੱਕ ਸਪੱਸ਼ਟ ਹਮਲਾ’ ਕੀਤਾ ਗਿਆ ਹੈ।

ਅੱਗੇ ਕਿਹਾ ਗਿਆ ਹੈ, “ਯੂਏਈ ਹਵਾਈ ਰੱਖਿਆ ਪ੍ਰਣਾਲੀਆਂ ਨੇ ਉੱਚ ਕੁਸ਼ਲਤਾ ਨਾਲ ਮਿਜ਼ਾਈਲਾਂ ਦਾ ਮੁਕਾਬਲਾ ਕੀਤਾ ਅਤੇ ਕਈਆਂ ਨੂੰ ਸਫਲਤਾਪੂਰਵਕ ਰੋਕ ਦਿੱਤਾ।”

ਹਾਲਾਂਕਿ, ਮੰਤਰਾਲੇ ਨੇ ਕਿਹਾ ਕਿ ਅਬੂ ਧਾਬੀ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਮਲਬਾ ਡਿੱਗਿਆ, ਜਿਸ ਨਾਲ ਕੁਝ ਭੌਤਿਕ ਨੁਕਸਾਨ ਹੋਇਆ ਅਤੇ ਇੱਕ ਏਸ਼ੀਆਈ ਨਾਗਰਿਕ ਦੀ ਮੌਤ ਹੋ ਗਈ, ਜਿਸਦਾ ਨਾਮ ਨਹੀਂ ਦੱਸਿਆ ਗਿਆ।

ਉਨ੍ਹਾਂ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸਨੂੰ “ਖਤਰਨਾਕ ਤਣਾਅ ਵਾਧਾ” ਅਤੇ “ਕਾਇਰਾਨਾ ਕਾਰਵਾਈ” ਦੱਸਿਆ ਅਤੇ ਜ਼ੋਰ ਦਿੱਤਾ ਕਿ ਯੂਏਈ “ਬਦਲਾ ਲੈਣ ਦਾ ਆਪਣਾ ਪੂਰਾ ਅਧਿਕਾਰ ਰਾਖਵਾਂ ਰੱਖਦਾ ਹੈ।”

ਅਮਰੀਕੀ ਏਅਰ ਫੋਰਸ, ਯੂਏਈ ਏਅਰ ਫੋਰਸ ਦੇ ਨਾਲ ਮਿਲ ਕੇ, ਅਬੂ ਧਾਬੀ ਦੇ ਦੱਖਣ ਵਿੱਚ ਸਥਿਤ ਅਲ ਧਾਫਰਾ ਏਅਰ ਬੇਸ ਤੋਂ ਕੰਮ ਕਰਦੀ ਹੈ।

‘ਈਰਾਨ ‘ਤੇ ਹਮਲੇ ‘ਚ ਵੱਡੇ ਲੀਡਰਾਂ ਤੇ ਸੁਰੱਖਿਆ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ’

ਤਸਵੀਰ

ਤਸਵੀਰ ਸਰੋਤ, X/@IDF

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਕਿਹਾ ਹੈ ਕਿ ਈਰਾਨ ਵਿੱਚ ਉਸ ਦੇ ਹਮਲਿਆਂ ਵਿੱਚ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਸੀਨੀਅਰ ਲੀਡਰ ਅਤੇ ਸੁਰੱਖਿਆ ਅਧਿਕਾਰੀ ਇਕੱਠੇ ਹੋਏ ਸਨ।

ਇੱਕ ਬਿਆਨ ਵਿੱਚ ਆਈਡੀਐੱਫ ਨੇ ਕਿਹਾ ਕਿ ਉਸ ਨੇ ਮਹੀਨਿਆਂ ਤੋਂ ਇਸ ਓਪਰੇਸ਼ਨ ਦੀ ਯੋਜਨਾ ਬਣਾਈ ਸੀ। ਉਸਨੇ ਆਪਣੇ ਫੌਜੀ ਖੁਫੀਆ ਯਤਨਾਂ ‘ਤੇ ਫੋਕਸ ਕੀਤਾ ਤਾਂ ਕਿ ਜਦੋਂ ਈਰਾਨ ‘ਤੇ ਸ਼ਾਸਨ ਕਰਨ ਵਾਲੇ ਲੋਕ ਜੁਟਣ ਤਾਂ ਇਸਦਾ ਫਾਇਦਾ ਚੁੱਕਿਆ ਜਾ ਸਕੇ।

ਆਈਡੀਐੱਫ ਨੇ ਇਹ ਵੀ ਕਿਹਾ ਕਿ ਰਾਤ ਦੀ ਬਜਾਏ ਸਵੇਰੇ ਹਮਲਾ ਕਰਨ ਨਾਲ ਫਾਇਦਾ ਹੋਇਆ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਫੌਜ ਹੁਣ ਇਸ ਹਮਲੇ ਦਾ ਮੁਲਾਂਕਣ ਕਰ ਰਹੀ ਹੈ।

ਇਜ਼ਰਾਈਲ ਨੇ ਕੀਤਾ ਈਰਾਨ 'ਤੇ ਹਮਲਾ

ਇਜ਼ਰਾਇਲ ਅਤੇ ਈਰਾਨ ਦੋਵਾਂ ਨੇ ਏਅਰਸਪੇਸ ਕੀਤਾ ਬੰਦ

ਇਜ਼ਰਾਈਲੀ ਮੀਡੀਆ ਦੀ ਰਿਪੋਰਟ ਮੁਤਾਬਕ, ਸ਼ਨੀਵਾਰ ਸਵੇਰੇ ਈਰਾਨ ‘ਤੇ ਹੋਏ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਆਮ ਹਵਾਈ ਉਡਾਣਾਂ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ।

ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੀ ਤਸਨੀਮ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਈਰਾਨ ਦਾ ਏਅਰਸਪੇਸ ਵੀ ਬੰਦ ਕਰ ਦਿੱਤਾ ਗਿਆ ਹੈ।

ਟਰੰਪ ਨੇ ਕੀਤੀ ਪੁਸ਼ਟੀ – ਈਰਾਨ ‘ਤੇ ਹਮਲੇ ਵਿੱਚ ਅਮਰੀਕਾ ਸੀ ਸ਼ਾਮਲ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਅੱਠ ਮਿੰਟ ਦੀ ਇੱਕ ਵੀਡੀਓ ਪੋਸਟ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਈਰਾਨ ‘ਤੇ ਹਮਲੇ ਵਿੱਚ ਅਮਰੀਕਾ ਸ਼ਾਮਲ ਸੀ।

ਟਰੰਪ ਨੇ ਟਰੂਥ ਸੋਸ਼ਲ ‘ਤੇ ਜਾਰੀ ਵੀਡੀਓ ਪੋਸਟ ਵਿੱਚ ਕਿਹਾ ਕਿ ਅਮਰੀਕਾ ਨੇ ਈਰਾਨ ਵਿੱਚ “ਵੱਡੇ ਕਾਂਬੈਟ ਓਪਰੇਸ਼ਨ” ਸ਼ੁਰੂ ਕਰ ਦਿੱਤੇ ਹਨ।

ਉਨ੍ਹਾਂ ਕਿਹਾ, “ਅਸੀਂ ਵਾਰ-ਵਾਰ ਡੀਲ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਕੋਸ਼ਿਸ਼ ਕੀਤੀ।”

“ਅਸੀਂ ਉਨ੍ਹਾਂ ਦੀਆਂ ਮਿਸਾਈਲਾਂ ਨੂੰ ਤਬਾਹ ਕਰ ਦੇਵਾਂਗੇ ਅਤੇ ਉਨ੍ਹਾਂ ਦੀ ਮਿਸਾਈਲ ਇੰਡਸਟ੍ਰੀ ਨੂੰ ਡਿਗਾ ਦੇਵਾਂਗੇ। ਇਸ ਦਾ ਪੂਰੀ ਤਰ੍ਹਾਂ … ਨਾਮੋਨਿਸ਼ਾਨ ਖਤਮ ਕਰ ਦਿੱਤਾ ਜਾਵੇਗਾ।”

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Reuters

ਉਨ੍ਹਾਂ ਕਿਹਾ ਕਿ ਅਮਰੀਕਾ ਨੇ ਈਰਾਨ ‘ਤੇ ਹਮਲਾ ਕਰਨ ਬਾਰੇ ਕੋਈ “ਆਖ਼ਰੀ ਫ਼ੈਸਲਾ” ਨਹੀਂ ਕੀਤਾ ਹੈ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਊਕਲੀਅਰ ਗੱਲਬਾਤ ਦੌਰਾਨ ਉਨ੍ਹਾਂ (ਈਰਾਨ) ਦੀ ਨੈਗੋਸਿਏਸ਼ਨ ਪੁਜ਼ੀਸ਼ਨ ਨਾਲ ਉਹ “ਖੁਸ਼ ਨਹੀਂ” ਸਨ।

ਟਰੰਪ ਨੇ ਕਿਹਾ ਕਿ ਈਰਾਨ “ਸਾਨੂੰ ਉਹ ਦੇਣ ਲਈ ਤਿਆਰ ਨਹੀਂ ਸੀ ਜੋ ਸਾਡੇ ਕੋਲ ਹੋਣਾ ਚਾਹੀਦਾ ਹੈ,” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਈਰਾਨ ਕੋਲ “ਨਿਊਕਲੀਅਰ ਹਥਿਆਰ ਨਹੀਂ ਹੋ ਸਕਦੇ।”

ਟਰੰਪ ਨੇ ਕਿਹਾ ਕਿ ਇਰਾਨ ਅਜਿਹੀਆਂ ਮਿਸਾਈਲਾਂ ਵਿਕਸਿਤ ਕਰ ਰਿਹਾ ਹੈ ਜੋ ਯੂਰਪ ਨੂੰ ਖਤਰਾ ਪਹੁੰਚਾ ਸਕਦੀਆਂ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਨੇ “ਆਪਣਾ ਪਰਮਾਣੂ ਪ੍ਰੋਗਰਾਮ ਮੁੜ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੰਬੀ ਦੂਰੀ ਦੀਆਂ ਮਿਸਾਈਲਾਂ ਵਿਕਸਿਤ ਕਰਨਾ ਜਾਰੀ ਰੱਖਿਆ, ਜੋ ਹੁਣ ਯੂਰਪ ਵਿੱਚ ਸਾਡੇ ਬਹੁਤ ਚੰਗੇ ਦੋਸਤਾਂ ਅਤੇ ਸਾਥੀਆਂ ਲਈ, ਵਿਦੇਸ਼ਾਂ ਵਿੱਚ ਤਾਇਨਾਤ ਸਾਡੇ ਫੌਜੀਆਂ ਲਈ ਖਤਰਾ ਬਣ ਸਕਦੀਆਂ ਹਨ ਅਤੇ ਜਲਦ ਹੀ ਅਮਰੀਕੀ ਧਰਤੀ ਤੱਕ ਵੀ ਪਹੁੰਚ ਸਕਦੀਆਂ ਹਨ।”

ਉਨ੍ਹਾਂ ਕਿਹਾ ਕਿ ਅਮਰੀਕਾ ਇੱਕ “ਵੱਡੀ” ਕਾਰਵਾਈ ਕਰ ਰਿਹਾ ਹੈ ਤਾਂ ਜੋ “ਇਸ ਬਹੁਤ ਹੀ ਭੈੜੇ ਕੱਟੜਪੰਥੀ ਤਾਨਾਸ਼ਾਹੀ ਰਾਜ ਨੂੰ ਅਮਰੀਕਾ ਲਈ ਖਤਰਾ ਬਣਨ ਤੋਂ ਰੋਕਿਆ ਜਾ ਸਕੇ।”

ਦੱਸ ਦੇਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਜੇਨੇਵਾ ਵਿੱਚ ਦੋਵੇਂ ਦੇਸ਼ਾਂ ਵਿਚਕਾਰ ਅਸਿੱਧੇ ਤੌਰ ‘ਤੇ ਗੱਲਬਾਤ ਹੋਈ ਸੀ, ਜਿਸ ਵਿੱਚ ਦੋਵੇਂ ਪੱਖਾਂ ਨੇ ਕਿਹਾ ਸੀ ਕਿ ਗੱਲਬਾਤ ਸਮਝੌਤੇ ਵੱਲ ਵਧੀ ਹੈ।

ਵਾਸ਼ਿੰਗਟਨ, ਤੇਹਰਾਨ ‘ਤੇ ਆਪਣੇ ਨਿਊਕਲੀਅਰ ਪ੍ਰੋਗਰਾਮ ਬਾਰੇ ਇੱਕ ਨਵੇਂ ਸਮਝੌਤੇ ਲਈ ਦਬਾਅ ਵਧਾ ਰਿਹਾ ਹੈ। ਟਰੰਪ ਨੇ ਵਾਰ-ਵਾਰ ਕਿਹਾ ਹੈ ਕਿ ਅਮਰੀਕਾ “ਜ਼ਰੂਰਤ ਪੈਣ ‘ਤੇ ਤੇਜ਼ੀ ਅਤੇ ਹਿੰਸਾ ਨਾਲ” ਕਾਰਵਾਈ ਕਰਨ ਲਈ “ਤਿਆਰ, ਇੱਛੁਕ ਅਤੇ ਸਮਰੱਥ” ਹੈ।

ਇਹ ਪੁੱਛਣ ‘ਤੇ ਕਿ ਕੀ ਇਹ ਤਣਾਅ ਮੱਧ-ਪੂਰਬ ਵਿੱਚ ਲੰਬੇ ਸੰਘਰਸ਼ ਦਾ ਕਾਰਨ ਬਣ ਸਕਦਾ ਹੈ, ਟਰੰਪ ਨੇ ਵਾਈਟ ਹਾਊਸ ਦੇ ਸਾਹਮਣੇ ਲਾਨ (ਬਗੀਚੇ) ‘ਚ ਪੱਤਰਕਾਰਾਂ ਨੂੰ ਕਿਹਾ ਕਿ “ਇੱਕ ਖ਼ਤਰਾ ਹਮੇਸ਼ਾਂ ਰਹਿੰਦਾ ਹੈ।”

ਉਨ੍ਹਾਂ ਅੱਗੇ ਕਿਹਾ, “ਜਦੋਂ ਜੰਗ ਹੁੰਦੀ ਹੈ, ਤਾਂ ਹਰ ਚੀਜ਼ ਦਾ ਖ਼ਤਰਾ ਹੁੰਦਾ ਹੈ – ਚੰਗਾ ਵੀ ਅਤੇ ਮਾੜਾ ਵੀ।”

ਭਾਰਤ ਨੇ ਇਜ਼ਰਾਈਲ ‘ਚ ਰਹਿੰਦੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ

ਇਜ਼ਰਾਈਲ ਨੇ ਕੀਤਾ ਈਰਾਨ 'ਤੇ ਹਮਲਾ

ਤਸਵੀਰ ਸਰੋਤ, Ehsan / Middle East Images / AFP via Getty

ਈਰਾਨ ‘ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ, ਭਾਰਤ ਨੇ ਇਜ਼ਰਾਈਲ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ, ਸਾਵਧਾਨੀ ਵਰਤਣ ਅਤੇ ਦੂਤਘਰ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ।

ਤੇਲ ਅਵੀਵ ਵਿੱਚ ਭਾਰਤੀ ਦੂਤਾਘਰ ਨੇ ਇਸ ਸੰਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।

ਭਾਰਤੀ ਦੂਤਾਘਰ ਵੱਲੋਂ ਕਿਹਾ ਗਿਆ ਹੈ ਕਿ “ਖੇਤਰ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਇਜ਼ਰਾਈਲ ਵਿੱਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਅਤੇ ਹਰ ਸਮੇਂ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।”

ਦੂਤਾਘਰ ਨੇ ਨਾਗਰਿਕਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਇਜ਼ਰਾਈਲੀ ਅਧਿਕਾਰੀਆਂ ਅਤੇ ਹੋਮ ਫਰੰਟ ਕਮਾਂਡ ਦੁਆਰਾ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

ਸਾਰੇ ਨਾਗਰਿਕਾਂ ਨੂੰ ਸ਼ੈਲਟਰਾਂ ਦੇ ਨੇੜੇ ਰਹਿਣ ਅਤੇ ਆਪਣੇ ਘਰਾਂ ਜਾਂ ਦਫਤਰਾਂ ਦੇ ਨੇੜੇ ਸੁਰੱਖਿਅਤ ਸਥਾਨਾਂ ਤੋਂ ਜਾਣੂ ਰਹਿਣ ਦੀ ਅਪੀਲ ਕੀਤੀ ਹੈ।

ਭਾਰਤੀ ਦੂਤਾਘਰ ਨੇ ਇਹ ਵੀ ਕਿਹਾ, “ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗਲੇ ਨੋਟਿਸ ਤੱਕ ਇਜ਼ਰਾਈਲ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ।”

ਇਸ ਤੋਂ ਇਲਾਵਾ, ਭਾਰਤੀ ਦੂਤਾਘਰ ਨੇ ਨਾਗਰਿਕਾਂ ਲਈ ਇੱਕ 24×7 ਹੈਲਪਲਾਈਨ ਨੰਬਰ ਅਤੇ ਈਮੇਲ ਪਤਾ ਵੀ ਜਾਰੀ ਕੀਤਾ ਹੈ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।

ਟੈਲੀਫ਼ੋਨ: +972-54-7520711

ਈਮੇਲ: cons1.telaviv@mea.gov.in

ਇਨ੍ਹਾਂ ਦੇਸ਼ਾਂ ਨੇ ਵੀ ਜਾਰੀ ਕੀਤੀ ਐਡਵਾਇਜ਼ਰੀ

ਪਾਕਿਸਤਾਨ ਨੇ ਵੀ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੰਦੇ ਹੋਏ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਨਾਲ ਪਾਕਿਸਤਾਨ ਨੇ ਈਰਾਨ ਵਿੱਚ ਰਹਿਣ ਵਾਲੇ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਬੀਬੀਸੀ ਫਾਰਸੀ ਸੇਵਾ ਅਨੁਸਾਰ, ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਈਰਾਨ ਛੱਡਣ ਦੀ ਸਲਾਹ ਦਿੱਤੀ ਅਤੇ ਇਜ਼ਰਾਈਲ ਦੇ ਤੇਲ ਅਵੀਵ ਵਿੱਚ ਆਪਣੇ ਮਿਸ਼ਨ ਤੋਂ ਕੁਝ ਸਟਾਫ ਨੂੰ ਵਾਪਸ ਬੁਲਾ ਲਿਆ।

ਬੈਲਜੀਅਮ ਨੇ ਵੀ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ਅਤੇ ਲੇਬਨਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਆਈਡੀਐੱਫ ਨੇ ਕੀਤਾ ਅਹਿਮ ਐਲਾਨ

ਇਜ਼ਰਾਈਲ ਡਿਫੈਂਸ ਫੋਰਸਿਜ਼

ਤਸਵੀਰ ਸਰੋਤ, Getty Images

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਇੱਕ ਤਾਜ਼ਾ ਐਕਸ ਪੋਸਟ ਵਿੱਚ ਦੱਸਿਆ ਹੈ ਕਿ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਦੇਸ਼ ਵਿੱਚ ਸਾਰੀਆਂ ਗਤੀਵਿਧੀਆਂ ‘ਤੇ ਰੋਕ ਰਹੇਗੀ।

ਬਿਆਨ ਵਿੱਚ ਕਿਹਾ ਗਿਆ ਹੈ, “ਹਾਲਾਤ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਅੱਜ (ਸ਼ਨੀਵਾਰ) ਸਵੇਰੇ 8 ਵਜੇ ਤੋਂ ਹੋਮ ਫਰੰਟ ਕਮਾਂਡ ਦਿਸ਼ਾ-ਨਿਰਦੇਸ਼ਾਂ ਵਿੱਚ ਤੁਰੰਤ ਬਦਲਾਅ ਕੀਤੇ ਜਾਣਗੇ।”

“ਇਨ੍ਹਾਂ ਬਦਲਾਵਾਂ ਦੇ ਤਹਿਤ, ਦੇਸ਼ ਦੇ ਸਾਰੇ ਇਲਾਕਿਆਂ ਵਿੱਚ ਸਿਰਫ਼ ਜ਼ਰੂਰੀ ਸੇਵਾਵਾਂ ਦੇ ਜਾਰੀ ਰਹਿਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਜ਼ਰੂਰੀ ਸੈਕਟਰਜ਼ ਨੂੰ ਛੱਡ ਕੇ ਸਿੱਖਿਆ, ਜਨਤਕ ਇਕੱਠਾਂ ਅਤੇ ਕਾਰਜ ਸਥਾਨਾਂ ‘ਤੇ ਰੋਕ ਲਗਾਉਣਾ ਸ਼ਾਮਲ ਹੈ।”

ਇਸ ਵਿੱਚ ਦੱਸਿਆ ਗਿਆ ਹੈ ਕਿ “ਜਨਤਾ ਨੂੰ ਅਧਿਕਾਰਤ ਹੋਮ ਫਰੰਟ ਕਮਾਂਡ ਚੈਨਲ ‘ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਪੂਰੇ ਦਿਸ਼ਾ-ਨਿਰਦੇਸ਼ ਨੈਸ਼ਨਲ ਐਮਰਜੈਂਸੀ ਪੋਰਟਲ ਅਤੇ ਹੋਮ ਫਰੰਟ ਕਮਾਂਡ ਐਪ ‘ਤੇ ਅਪਡੇਟ ਕੀਤੇ ਜਾਣਗੇ।”

ਈਰਾਨ ਦੇ ਪੰਜ ਸ਼ਹਿਰਾਂ ਵਿੱਚ ਸੁਣੇ ਗਏ ਧਮਾਕੇ – ਸਰਕਾਰੀ ਮੀਡੀਆ ਰਿਪੋਰਟ

ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।

ਫ਼ਾਰਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਸਫ਼ਹਾਨ, ਕੌਮ, ਕਰਜ ਅਤੇ ਕੇਰਮਾਨਸ਼ਾਹ ਸ਼ਹਿਰਾਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਨਿਊਜ਼ ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਈਰਾਨ ਦੀ ਰਾਜਧਾਨੀ ਤੇਹਰਾਨ ਦੀ ਯੂਨੀਵਰਸਿਟੀ ਸਟ੍ਰੀਟ ਅਤੇ ਰਿਪਬਲਿਕ ਇਲਾਕੇ ਵਿੱਚ ਕਈ ਮਿਸਾਈਲਾਂ ਡਿੱਗੀਆਂ ਹਨ।

ਇਸਲਾਮਿਕ ਰਿਪਬਲਿਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਤੇਹਰਾਨ ਵਿੱਚ ਦੋ ਥਾਵਾਂ ‘ਤੇ ਧਮਾਕੇ ਸੁਣੇ ਗਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਵਿਚਕਾਰ ਧੂੰਆ ਦੇਖਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਈਰਾਨ ਵਿੱਚ ਫਾਰਸ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਸੀ ਕਿ ਤੇਹਰਾਨ ਦੇ ਉੱਤਰ ਅਤੇ ਪੂਰਬ ਵਿੱਚ ਕਈ ਨਵੇਂ ਧਮਾਕੇ ਸੁਣੇ ਗਏ ਹਨ।

ਈਰਾਨ ਦੇ ਸਰਕਾਰੀ ਟੀਵੀ ਨੇ ਤੇਹਰਾਨ ਵਿੱਚ ਹਮਲਿਆਂ ਦੀ ਪੁਸ਼ਟੀ ਕੀਤੀ

ਧਮਾਕਿਆਂ ਦੀ ਤਸਵੀਰ

ਤਸਵੀਰ ਸਰੋਤ, Fars

ਬੀਬੀਸੀ ਮਾਨਿਟਰਿੰਗ ਦੇ ਸੋਰੋਸ਼ ਨੇਗਾਹਦਾਰੀ ਦੀ ਰਿਪੋਰਟ ਮੁਤਾਬਕ, ਈਰਾਨ ਦੇ ਸਰਕਾਰੀ ਰੋਲਿੰਗ ਨਿਊਜ਼ ਚੈਨਲ ਆਈਆਰਆਈਐਨਐਨ ਨੇ ਇੱਕ ਰਨਿੰਗ ਕੈਪਸ਼ਨ ਵਿੱਚ, 28 ਫਰਵਰੀ ਨੂੰ ਤੇਹਰਾਨ ਵਿੱਚ ਹਮਲਿਆਂ ਦੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨੂੰ ਪਹਿਲਾਂ ਇਜ਼ਰਾਈਲ ਨੇ ਈਰਾਨ ਵਿਰੁੱਧ “ਪ੍ਰੀ-ਐਂਪਟਿਵ ਹਮਲਾ” ਦੱਸਿਆ ਹੈ।

ਬ੍ਰਾਡਕਾਸਟਰ ਨੂੰ ਲਗਭਗ 06:30 ਵਜੇ (ਗ੍ਰੀਨਵਿਚ ਮੀਨ ਟਾਈਮ) ‘ਤੇ ਆਡੀਓ ਵਿੱਚ ਕੁਝ ਸਮੇਂ ਲਈ ਰੁਕਾਵਟ ਮਹਿਸੂਸ ਹੋਈ, ਜਿਸ ਤੋਂ ਬਾਅਦ ਪ੍ਰੋਗ੍ਰਾਮਿੰਗ ਮੁੜ ਸ਼ੁਰੂ ਹੋ ਗਈ। ਇਸ ਦੌਰਾਨ ਇੱਕ ਟਿਕਰ ਦਿਖਾਇਆ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਧੂੰਏਂ ਦੇ ਗੁਬਾਰ ਦੇਖ ਗਏ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਆਈਆਂ।

ਇਸ ਤੋਂ ਬਾਅਦ ਆਈਆਰਆਈਐਨਐਨ ਨੇ ਸਰਕਾਰ ਦੇ ਸਮਰਥਨ ਵਿੱਚ ਹੋਣ ਵਾਲੀਆਂ ਰੈਲੀਆਂ ਦੀ ਪਹਿਲਾਂ ਤੋਂ ਰਿਕਾਰਡ ਕੀਤੀ ਹੋਈ ਫੁਟੇਜ ਦਿਖਾਈ, ਜਿਸ ਵਿੱਚ ਸੰਗੀਤ ਅਤੇ ਸੁਪਰੀਮ ਲੀਡਰ ਆਯਤੁੱਲਾਹ ਅਲੀ ਖਾਮਨੇਈ ਦੇ ਪੁਰਾਣੇ ਬਿਆਨ ਸ਼ਾਮਲ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੇ “ਦੁਸ਼ਮਣਾਂ” ਦੇ ਖ਼ਿਲਾਫ਼ ਏਕਤਾ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਇਸਲਾਮਿਕ ਰਿਪਬਲਿਕ ਦੇ ਸਮਰਥਕਾਂ ਦੇ ਇੰਟਰਵਿਊ ਵੀ ਦਿਖਾਏ ਗਏ, ਜੋ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਵਿਰੋਧ ਕਰ ਰਹੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI