Home ਰਾਸ਼ਟਰੀ ਖ਼ਬਰਾਂ ਪ੍ਰਵਾਸੀ ਤੋਂ ਓਲੰਪੀਅਨ ਅਤੇ ਫਿਰ ਸ਼ਰਨਾਰਥੀ: ਕੁਲਦੀਪ ਸਿੰਘ ਭੋਗਲ ਦਾ ਚਾਰ ਮਹਾਂਦੀਪਾਂ...

ਪ੍ਰਵਾਸੀ ਤੋਂ ਓਲੰਪੀਅਨ ਅਤੇ ਫਿਰ ਸ਼ਰਨਾਰਥੀ: ਕੁਲਦੀਪ ਸਿੰਘ ਭੋਗਲ ਦਾ ਚਾਰ ਮਹਾਂਦੀਪਾਂ ਦਾ ਸਫ਼ਰ

16
0

Source :- BBC PUNJABI

ਕੁਲਦੀਪ ਸਿ੍ੰਘ ਭੋਗਲ

ਤਸਵੀਰ ਸਰੋਤ, Kuldeep Singh Bhogal

ਕੁਲਦੀਪ ਸਿੰਘ ਭੋਗਲ ਦੀ ਕਹਾਣੀ ਉਨ੍ਹਾਂ ਤੋਂ ਨਹੀਂ, ਸਗੋਂ ਉਨ੍ਹਾਂ ਦੇ ਪਿਤਾ ਤੋਂ ਸ਼ੁਰੂ ਹੁੰਦੀ ਹੈ — ਜੋ ਪੰਜਾਬ ਵਿੱਚ ਬੰਗਾ ਦੇ ਨੇੜਲੇ ਪਿੰਡ ਸਲੋਂ ਦੇ ਰਹਿਣ ਵਾਲੇ ਨਾਨਕ ਸਿੰਘ ਨਾਮਕ ਇੱਕ ਲੱਕੜ ਦੇ ਦਸਤਕਾਰ ਸਨ।

ਕੁਲਦੀਪ ਸਿੰਘ ਦੀ ਮਾਤਾ ਦਾ ਨਾਮ ਕਰਤਾਰ ਕੌਰ ਸੀ ਜਿਨ੍ਹਾਂ ਨੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਸਮੁੰਦਰ ਪਾਰ ਕਰਨ ਦੀ ਹਿੰਮਤ ਕੀਤੀ। ਨਾਨਕ ਦਾ ਯੂਗਾਂਡਾ ਦਾ ਸਫ਼ਰ ਕਿਸੇ ਵੀ ਤਰ੍ਹਾਂ ਸੌਖਾ ਨਹੀਂ ਸੀ।

ਨਾਨਕ ਸਨੇ ਅਜੋਕੀ ਮੁੰਬਈ ਜਿਸ ਨੂੰ ਉਦੋਂ ਬੰਬਈ ਕਿਹਾ ਜਾਂਦਾ ਸੀ ਤੋਂ ਸਟੀਮਰ ਫੜਨਾ ਸੀ। ਲੇਕਿਨ ਕਿਉਂਕਿ ਦੂਜੀ ਵਿਸ਼ਵ ਜੰਗ ਕਾਰਨ ਉਨ੍ਹਾਂ ਦੀ ਯਾਤਰਾ ਵਿੱਚ ਦੇਰੀ ਹੋ ਗਈ ਸੀ। ਉਹ ਬੰਬਈ ਵਿੱਚ ਹੀ ਫਸ ਗਏ ਅਤੇ ਸੜਕਾਂ ‘ਤੇ ਸੌਂ ਕੇ ਰਾਤਾਂ ਕੱਟਣੀਆਂ ਪਈਆਂ।

ਯੂਗਾਂਡਾ ਦੇ ਮਬਾਲੇ ਵਿੱਚ ਮਾਰਚ 1950 ਨੂੰ ਉਨ੍ਹਾਂ ਦੇ ਪੁੱਤਰ ਕੁਲਦੀਪ ਦਾ ਜਨਮ ਹੋਇਆ। ਕੁਲਦੀਪ ਅੱਠ ਭੈਣ-ਭਾਰਵਾਂ ਵਿੱਚੋਂ ਚੌਥੇ ਸਨ। ਇਸ ਤਰ੍ਹਾਂ ਇੱਕ ਪ੍ਰਵਾਸੀ ਦੇ ਪੁੱਤਰ ਦਾ ਓਲੰਪਿਕ ਸਫ਼ਰ ਸ਼ੁਰੂ ਹੋਇਆ।

ਪੂਰਬੀ ਅਫਰੀਕਾ ਦੀ ਪੰਜਾਬੀ ਸਿੱਖ ਪ੍ਰਵਾਸੀ ਅਬਾਦੀ ਦੇ ਜੀਵਨ ਵਿੱਚ ਹਾਕੀ ਪੁਰਾਣੇ ਸਮੇਂ ਤੋਂ ਰਚੀ-ਵਸੀ ਹੋਈ ਹੈ। ਆਪਣੇ ਵੱਡੇ ਭਰਾਵਾਂ (ਅਜੀਤ ਅਤੇ ਮਲਕੀਤ) ਦੇ ਪੈੜ ਵਿੱਚ ਪੈਰ ਧਰਦਿਆਂ, ਕੁਲਦੀਪ ਨੇ ਸੁਭਾਵਕ ਹੀ ਇਹ ਖੇਡ ਅਪਣਾ ਲਈ।

ਕੁਲਦੀਪ ਦੇ ਪਿਤਾ ਜਿਨ੍ਹਾਂ ਨੇ ਗਰੀਬੀ ਨੂੰ ਬਹੁਤ ਨੇੜਿਓਂ ਦੇਖਿਆ ਸੀ, ਦਾ ਮੰਨਣਾ ਸੀ ਕਿ ਹਾਕੀ ਵਿੱਚ ਕੋਈ ਭਵਿੱਖ ਨਹੀਂ ਹੈ — ਸੁਰੱਖਿਅਤ ਜੀਵਨ ਲਈ ਖੇਡ ਨਹੀਂ, ਸਗੋਂ ਪੜ੍ਹਾਈ ਜ਼ਰੂਰੀ ਹੈ।

‘ਖੇਡ ਛੱਡੋ ਤੇ ਪੜ੍ਹਾਈ ਵਿੱਚ ਧਿਆਨ ਦਿਓ’

ਕੁਲਦੀਪ ਸਿੰਘ ਭੋਗਲ

ਤਸਵੀਰ ਸਰੋਤ, Kuldeep Singh Bhogal

ਜਦੋਂ ਇੱਕ ਸਥਾਨਕ ਅਖ਼ਬਾਰ ਨੇ ਨੌਜਵਾਨ ਕੁਲਦੀਪ ਬਾਰੇ ਇੱਕ ਫੀਚਰ ਛਾਪਿਆ, ਤਾਂ ਦੋਸਤਾਂ ਨੇ ਨਾਨਕ ਨੂੰ ਉਨ੍ਹਾਂ ਦੇ ਪੁੱਤਰ ਦੀ ਫੋਟੋ ਅਖ਼ਬਾਰ ਵਿੱਚ ਆਉਣ ‘ਤੇ ਵਧਾਈ ਦਿੱਤੀ। ਪਿਤਾ ਦੀ ਪ੍ਰਤੀਕਿਰਿਆ ਉਹ ਨਹੀਂ ਸੀ ਜਿਸਦੀ ਕਿਸੇ ਨੇ ਉਮੀਦ ਕੀਤੀ ਸੀ — ਉਹ ਘਰ ਆਏ ਅਤੇ ਉਨ੍ਹਾਂ ਨੇ ਕੁਲਦੀਪ ਦੀ ਹਾਕੀ ਤੋੜ ਦਿੱਤੀ।

ਨਾਨਕ ਸਿੰਘ ਨੇ ਕੁਲਦੀਪ ਨੂੰ ਸਖ਼ਤ ਹਦਾਇਤ ਸੀ: ਖੇਡ ਛੱਡੋ ਅਤੇ ਪੜ੍ਹਾਈ ‘ਤੇ ਧਿਆਨ ਦਿਓ।

ਭੋਗਲ ਨੇ ਯਾਦ ਕਰਦਿਆਂ ਦੱਸਿਆ, “ਮੇਰੇ ਪਿਤਾ ਜੀ ਨੇ ਗਰੀਬੀ ਦੇਖੀ ਸੀ, ਇਸ ਲਈ ਉਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ ‘ਤੇ ਸੀ ਕਿ ਮੈਂ ਪੜ੍ਹਾਈ ਵੱਲ ਧਿਆਨ ਦੇਵਾਂ। ਉਸ ਸਮੇਂ ਹਾਕੀ ਨਾਲ ਤੁਹਾਨੂੰ ਨੌਕਰੀ ਨਹੀਂ ਸੀ ਮਿਲਦੀ।”

ਕੁਲਦੀਪ ਸਿੰਘ

ਤਸਵੀਰ ਸਰੋਤ, Kuldeep Singh Bhogal

ਲੇਕਿਨ ਕੁਲਦੀਪ ਦਾ ਜਨੂੰਨ ਕਿਸੇ ਵੀ ਟੁੱਟੀ ਹੋਈ ਸਟਿਕ ਨਾਲੋਂ ਕਿਤੇ ਵੱਧ ਮਜ਼ਬੂਤ ਸੀ। ਉਨ੍ਹਾਂ ਨੂੰ ਪਹਿਲੀ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਮਬਾਲੇ ਵਿੱਚ ਆਪਣੀ ਸਕੂਲੀ ਟੀਮ ਦੀ ਕਪਤਾਨੀ ਕੀਤੀ – ਉਨ੍ਹਾਂ ਦੇ ਸਕੂਲ ਦੀ ਫੀਸ ਅੱਧੀ ਕਰ ਦਿੱਤੀ ਗਈ, ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਡ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ।

ਅਠਾਰਾਂ ਸਾਲ ਦੀ ਉਮਰ ਤੱਕ, ਉਹ ਯੂਗਾਂਡਾ ਦੀ ਕੌਮੀ ਟੀਮ ਵਿੱਚ ਸ਼ਾਮਲ ਹੋ ਗਏ ਅਤੇ ਪੂਰਬ-ਅਫਰੀਕੀ ਚੈਂਪੀਅਨਸ਼ਿਪ ਵਿੱਚ ਆਪਣੀ ਪਛਾਣ ਬਣਾਈ। ਇਸ ਦੇ ਨਾਲ ਹੀ ਓਲੰਪਿਕ ਦੇ ਸੁਪਨੇ ਦੇ ਬੀਜ ਹੋਰ ਪੁੰਗਰ ਗਏ।

ਭਾਰਤ ਦਾ ਇੱਕ ਅਹਿਮ ਦੌਰਾ

1971 ਵਿੱਚ, ਭੋਗਲ ਨੂੰ ਕੀਨੀਆ ਦੇ ਮਸ਼ਹੂਰ ਸਿੱਖ ਯੂਨੀਅਨ ਕਲੱਬ ਦੇ ਨਾਲ ਭਾਰਤ ਆਉਣ ਦਾ ਮੌਕਾ ਮਿਲਿਆ। ਉਹ ਮੁੰਬਈ ਅਤੇ ਕੋਲਕਾਤਾ ਵਿੱਚ ਖੇਡੇ। ਇਸ ਫੇਰੀ ਨੇ ਕਈ ਤਰ੍ਹਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਨਵੀਂ ਮੁਹਾਰ ਦਿੱਤੀ।

ਮੁੰਬਈ ਵਿੱਚ, ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਰਣਧੀਰ ਸਿੰਘ ਜੈਂਟਲ ਨੇ ਉਨ੍ਹਾਂ ਦੀ ਖੇਡ ਦੇਖੀ ਅਤੇ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਕੁਲਦੀਪ ਨੂੰ ਭਾਰਤ ਲਈ ਖੇਡਣ ਬਾਰੇ ਵਿਚਾਰ ਕਰਨ ਲਈ ਕਿਹਾ।

ਉਨ੍ਹਾਂ ਨੇ ਕੁਲਦੀਪ ਦਾ ਮਹਿੰਦਰਾ ਐਂਡ ਮਹਿੰਦਰਾ ਨਾਲ ਇੱਕ ਕੰਟਰੈਕਟ ਵੀ ਬਣਵਾ ਦਿੱਤਾ ਜਿਨ੍ਹਾਂ ਦੀ ਉਸ ਸਮੇਂ ਇੱਕ ਬਹੁਤ ਮਜ਼ਬੂਤ ਹਾਕੀ ਟੀਮ ਹੁੰਦੀ ਸੀ।

1971 ਦੀ ਬੰਬਈ ਫੇਰੀ ਦੌਰਾਨ ਅਦਾਕਾਰ ਧਰਮਿੰਦਰ ਦੇ ਨਾਲ ਯੂਗਾਂਡਾ ਦੀ ਟੀਮ

ਤਸਵੀਰ ਸਰੋਤ, Kuldeep Singh Bhogal

ਭੋਗਲ ਨੇ ਯਾਦ ਕੀਤਾ, “ਜੈਂਟਲ ਸਰ ਨੇ ਮੈਨੂੰ ਕਿਹਾ ਕਿ ਮੈਨੂੰ ਭਾਰਤ ਲਈ ਖੇਡਣਾ ਚਾਹੀਦਾ ਹੈ। ਉਨ੍ਹਾਂ ਨੇ ਮੇਰੇ ਲਈ ਮਹਿੰਦਰਾ ਐਂਡ ਮਹਿੰਦਰਾ ਨਾਲ ਕੰਟਰੈਕਟ ਵੀ ਕਰਵਾ ਦਿੱਤਾ ਸੀ। ਪਰ ਫਿਰ ਭਾਰਤੀ ਹਾਕੀ ਫੈਡਰੇਸ਼ਨ ਦੇ ਮੁਖੀ ਅਸ਼ਵਨੀ ਕੁਮਾਰ ਨੇ ਜੈਂਟਲ ਨੂੰ ਕਿਹਾ ਕਿ ਹਾਲਾਂਕਿ ਮੈਂ ਇੱਕ ਚੰਗਾ ਖਿਡਾਰੀ ਸੀ, ਪਰ ਮੈਨੂੰ ਇੱਥੇ ਸ਼ਾਇਦ ਬਣਦਾ ਮਾਣ ਨਾ ਮਿਲੇ ਕਿਉਂਕਿ ਮੈਂ ਅਫਰੀਕਾ ਵਿੱਚ ਵਸਿਆ ਹੋਇਆ ਸੀ — ਇਸ ਲਈ ਬਿਹਤਰ ਹੋਵੇਗਾ ਕਿ ਮੈਨੂੰ ਮੇਰੇ ਅਪਣਾਏ ਹੋਏ ਦੇਸ ਲਈ ਹੀ ਖੇਡਣ ਦਿੱਤਾ ਜਾਵੇ।”

ਇਸ ਦੌਰੇ ਨੇ ਉਨ੍ਹਾਂ ਨੂੰ ਪਹਿਲੀ ਵਾਰ ਪੰਜਾਬ ਵਿੱਚ ਆਪਣੇ ਜੱਦੀ ਪਿੰਡ ਜਾਣ ਦਾ ਮੌਕਾ ਵੀ ਦਿੱਤਾ — ਅਫਰੀਕੀ ਧਰਤੀ ‘ਤੇ ਹਜ਼ਾਰਾਂ ਮੀਲ ਦੂਰ ਪਲੇ-ਵੱਡੇ ਹੋਏ ਇੱਕ ਗੱਭਰੂ ਲਈ ਇਹ ਬਹੁਤ ਹੀ ਭਾਵੁਕ ਘਰ ਵਾਪਸੀ ਸੀ।

ਮਿਊਨਿਖ ਓਲੰਪਿਕ ਵਿੱਚ ਮਿਲਿਆ ਇੱਕ ਅਚਾਨਕ ਮੌਕਾ

ਕੁਲਦੀਪ ਸਿੰਘ- ਖੜ੍ਹਿਆਂ ਵਿੱਚ ਖੱਬਿਓਂ ਛੇਵੇਂ

ਤਸਵੀਰ ਸਰੋਤ, Kuldeep Singh Bhogal

ਯੂਗਾਂਡਾ ਨੇ ਹਾਕੀ ਵਿੱਚ ਪਹਿਲਾਂ ਕਦੇ ਓਲੰਪਿਕ ਲਈ ਕੁਆਲੀਫਾਈ ਨਹੀਂ ਸੀ ਕੀਤਾ। ਇਸਦੇ ਉਲਟ, ਕੀਨੀਆ 1956 ਤੋਂ ਉਲੰਪਿਕ ਖੇਡ ਰਿਹਾ ਸੀ, ਜਿਸ ਕਾਰਨ ਅਫਰੀਕੀ ਕੁਆਲੀਫਾਈਂਗ ਪੜਾਅ ਇੱਕ ਬਹੁਤ ਵੱਡੀ ਰੁਕਾਵਟ ਸੀ।

ਯੂਗਾਂਡਾ ਕੁਆਲੀਫਾਇਰ ਵਿੱਚ ਕੀਨੀਆ ਤੋਂ ਬਾਅਦ ਦੂਜੇ ਨੰਬਰ ‘ਤੇ ਰਿਹਾ, ਜਿਸ ਨਾਲ ਉਨ੍ਹਾਂ ਦੀਆਂ ਓਲੰਪਿਕ ਉਮੀਦਾਂ ਖ਼ਤਮ ਹੁੰਦੀਆਂ ਜਾਪਦੀਆਂ ਸਨ।

ਆਖਰੀ ਸਮੇਂ ਉੱਤੇ ਜਾਪਾਨ ਨੇ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਤੋਂ ਨਾਂ ਵਾਪਸ ਲੈ ਲਿਆ ਅਤੇ ਯੂਗਾਂਡਾ ਨੂੰ ਉਹ ਖਾਲੀ ਥਾਂ ਮਿਲ ਗਈ।

ਭੋਗਲ ਨੇ ਮਾਣ ਨਾਲ ਦੱਸਿਆ, “ਸਾਡੀ ਓਲੰਪਿਕ ਟੀਮ ਦੇ ਜ਼ਿਆਦਾਤਰ ਖਿਡਾਰੀ ਭਾਰਤੀ ਮੂਲ ਦੇ ਸਨ।

ਇਹ ਜਾਂ ਤਾਂ ਪੰਜਾਬ ਤੋਂ ਗਏ ਪ੍ਰਵਾਸੀ ਜਾਂ ਉਨ੍ਹਾਂ ਦੀ ਅੰਸ਼-ਵੰਸ਼। ਯੂਗਾਂਡਾ ਦੀ ਟੀਮ ਵਿੱਚ ਭਰਾਵਾਂ ਦੀਆਂ ਜੋੜੀਆਂ ਸਨ: ਭੋਗਲ ਭਰਾ, ਸੰਧੂ ਭਰਾ ਅਤੇ ਕਪੂਰ ਭਰਾ। ਇਹ ਇੱਕ ਅਜਿਹਾ ਰਿਕਾਰਡ ਸੀ ਜੋ ਅੱਜ ਵੀ ਕਾਇਮ ਹੈ।” ਉਨ੍ਹਾਂ ਦੇ ਵੱਡੇ ਭਰਾ ਅਜੀਤ ਸਿੰਘ ਵੀ ਉਸ ਓਲੰਪਿਕ ਟੀਮ ਦਾ ਹਿੱਸਾ ਸਨ।

ਮਿਊਨਿਖ ਉਲੰਪਿਕ ਦੀ ਤਿਆਰੀ

ਤਸਵੀਰ ਸਰੋਤ, Kuldeep Singh Bhogal

ਹਾਲਾਂਕਿ ਯੂਗਾਂਡਾ ਟੂਰਨਾਮੈਂਟ ਵਿੱਚ ਹੇਠਾਂ ਤੋਂ ਦੂਜੇ ਸਥਾਨ ‘ਤੇ ਰਿਹਾ, ਪਰ ਕੁਲਦੀਪ ਦਾ ਨਿੱਜੀ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਨੇ ਅੰਤਿਮ ਜੇਤੂ ਪੱਛਮੀ ਜਰਮਨੀ ਦੇ ਖਿਲਾਫ ਇੱਕ ਗੋਲ ਕੀਤਾ, ਜਿਸ ਸਦਕਾ ਉਨ੍ਹਾਂ ਨੂੰ ਵੱਕਾਰੀ ‘ਵਰਲਡ ਇਲੈਵਨ’ ਵਿੱਚ ਜਗ੍ਹਾ ਮਿਲੀ।

ਇਹ ਉਸ ਦੇਸ਼ ਦੇ ਖਿਡਾਰੀ ਲਈ ਇੱਕ ਬਹੁਤ ਵੱਡੀ ਉਪਲਬਧੀ ਸੀ ਜੋ ਆਪਣਾ ਪਹਿਲਾ ਓਲੰਪਿਕ ਹਾਕੀ ਟੂਰਨਾਮੈਂਟ ਖੇਡ ਰਿਹਾ ਸੀ। ਯੂਗਾਂਡਾ ਉਸ ਤੋਂ ਬਾਅਦ ਕਦੇ ਵੀ ਓਲੰਪਿਕ ਹਾਕੀ ਦੇ ਮੰਚ ‘ਤੇ ਵਾਪਸ ਨਹੀਂ ਆ ਸਕਿਆ।

1972 ਦੀ ਕੂਚ: ਈਦੀ ਅਮੀਨ ਦੀ ਫੁਰਮਾਨ

ਜਦੋਂ ਕੁਲਦੀਪ ਭੋਗਲ ਅਤੇ ਉਨ੍ਹਾਂ ਦੇ ਸਾਥੀ ਮਿਊਨਿਖ ਵਿੱਚ ਵਿਸ਼ਵ ਪੱਧਰ ‘ਤੇ ਖੇਡ ਰਹੇ ਸਨ, ਉਦੋਂ ਉਨ੍ਹਾਂ ਦੇ ਆਪਣੇ ਦੇਸ ਵਿੱਚ ਹਜ਼ਾਰਾਂ ਮੀਲ ਦੂਰ ਇੱਕ ਸੰਕਟ ਪੈਦਾ ਹੋ ਰਿਹਾ ਸੀ। ਅਗਸਤ 1972 ਵਿੱਚ, ਯੂਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ, ਜਿਸ ਨੂੰ ਦੁਨੀਆ “ਯੂਗਾਂਡਾ ਦੇ ਕਸਾਈ” ਵਜੋਂ ਜਾਣਦੀ ਹੈ।

ਈਦੀ ਨੇ ਇੱਕ ਫ਼ਰਮਾਨ ਜਾਰੀ ਕਰਕੇ ਦੇਸ ਦੇ ਏਸ਼ੀਆਈ ਭਾਈਚਾਰਿਆਂ ਨੂੰ ਕੱਢਣ ਦਾ ਹੁਕਮ ਦੇ ਦਿੱਤਾ। ਉਨ੍ਹਾਂ ਨੂੰ ਦੇਸ ਛੱਡਣ ਲਈ 90 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ।

ਈਦੀ ਅਮੀਨ ਅਮਰਜੀਤ ਸੰਧੂ ਨਾਲ ਹੱਥ ਮਿਲਾਉਂਦੇ ਹੋਏ

ਤਸਵੀਰ ਸਰੋਤ, Kuldeep Singh Bhogal

ਉਨ੍ਹਾਂ ਯਾਦ ਕਰਦਿਆਂ ਕਿਹਾ, “ਜਦੋਂ ਅਸੀਂ ਮਿਊਨਿਖ ਵਿੱਚ ਖੇਡ ਰਹੇ ਸੀ, ਤਾਂ ਸਾਨੂੰ ਏਸ਼ੀਆਈ ਭਾਈਚਾਰਿਆਂ ਨੂੰ ਕੱਢਣ ਦੀ ਖ਼ਬਰ ਮਿਲੀ। ਸਥਾਨਕ ਮੀਡੀਆ ਸਾਡੀ ਪ੍ਰਤੀਕਿਰਿਆ ਲੈਣ ਲਈ ਪਿੱਛੇ ਪਿਆ ਹੋਇਆ ਸੀ। ਪਰ ਅਸੀਂ ਆਪਣਾ ਧਿਆਨ ਓਲੰਪਿਕ ‘ਤੇ ਹੀ ਰੱਖਿਆ। ਘਰ ਵਾਪਸ ਆਉਣ ਤੋਂ ਬਾਅਦ ਹੀ ਸਾਨੂੰ ਅਹਿਸਾਸ ਹੋਇਆ ਕਿ ਕਿੰਨਾ ਭਿਆਨਕ ਕਾਂਡ ਵਾਪਰਿਆ ਸੀ। ਭਾਈਚਾਰਿਆਂ ‘ਤੇ ਹਮਲੇ ਹੋ ਰਹੇ ਸਨ, ਲੋਕਾਂ ਦਾ ਕੀਮਤੀ ਸਾਮਾਨ ਲੁੱਟਿਆ ਜਾ ਰਿਹਾ ਸੀ, ਅਤੇ ਔਰਤਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ।”

ਹਾਲਾਂਕਿ, ਈਦੀ ਅਮੀਨ ਨੇ ਇੱਕ ਵੱਖਰੀ ਹਦਾਇਤ ਜਾਰੀ ਕੀਤੀ ਸੀ ਕਿ ਮਿਊਨਿਖ ਓਲੰਪਿਕ ਵਿੱਚ ਯੂਗਾਂਡਾ ਦੀ ਨੁਮਾਇੰਦਗੀ ਕਰਨ ਵਾਲੇ ਏਸ਼ੀਆਈ ਮੂਲ ਦੇ ਖਿਡਾਰੀਆਂ ਨੂੰ ਸੁਰੱਖਿਅਤ ਢੰਗ ਨਾਲ ਦੇਸ ਤੋਂ ਬਾਹਰ ਭੇਜਿਆ ਜਾਵੇ।

ਭੋਗਲ ਨੇ ਇਸ ਦੁਰਲੱਭ ਵਿਸ਼ੇਸ਼ ਅਧਿਕਾਰ ਦੀ ਵਰਤੋਂ ਦੂਜਿਆਂ ਦੀ ਰੱਖਿਆ ਲਈ ਕੀਤੀ।

ਉਨ੍ਹਾਂ ਕਿਹਾ, “ਉਸ ਹੁਕਮ ਸਦਕਾ, ਮੈਂ ਦੋ ਪਰਿਵਾਰਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕਰ ਸਕਿਆ। ਮੈਂ ਆਪਣੇ ਦੋਸਤ ਦੇ ਪਰਿਵਾਰ ਦੀਆਂ ਦੋ ਲੜਕੀਆਂ ਨੂੰ ਆਪਣੀ ਕਾਰ ਵਿੱਚ ਬਿਠਾਇਆ। ਜਦੋਂ ਵੀ ਫੌਜ ਸਾਡੀ ਗੱਡੀ ਰੋਕਦੀ, ਮੈਂ ਉਨ੍ਹਾਂ ਨੂੰ ਆਪਣਾ ਓਲੰਪਿਕ ਬਲੇਜ਼ਰ ਦਿਖਾਉਂਦਾ ਅਤੇ ਉਹ ਸਾਡੇ ਕਾਫਲੇ ਨੂੰ ਜਾਣ ਦਿੰਦੇ। ਆਖਰਕਾਰ ਅਸੀਂ ਸੁਰੱਖਿਅਤ ਬਾਹਰ ਨਿਕਲ ਗਏ।”

ਭੋਗਲ ਲਈ ਉਹ ਆਖਰੀ ਵਾਰ ਸੀ ਜਦੋਂ ਉਨ੍ਹਾਂ ਨੇ ਯੂਗਾਂਡਾ ਦੇਖਿਆ। ਕੁਲਦੀਪ ਨੂੰ ਆਪਣੀ ਜੰਮਣ ਭੋਂਏ ਨੂੰ ਛੱਡਿਆਂ 54 ਸਾਲਾਂ ਤੋਂ ਵੱਧ ਹੋ ਗਏ ਹਨ। ਉਹ ਧਰਤੀ ਜਿੱਥੇ ਉਨ੍ਹਾਂ ਨੇ ਹਾਕੀ ਖੇਡਣੀ ਸਿੱਖੀ ਸੀ ਅਤੇ ਜਿੱਥੇ ਉਨ੍ਹਾਂ ਨੇ ਪਹਿਲੀ ਵਾਰ ਓਲੰਪਿਕ ਦਾ ਸੁਪਨਾ ਦੇਖਿਆ ਸੀ।

ਉਹ ਇਸ ਸਾਲ ਮਈ ਵਿੱਚ ਕੀਨੀਆ ਅਤੇ ਉੱਥੋਂ ਯੂਗਾਂਡਾ ਜਾਣ ਦੀ ਯੋਜਨਾ ਬਣਾ ਰਹੇ ਹਨ।

ਉਨ੍ਹਾਂ ਕਿਹਾ, “ਮੈਂ ਸਿਰਫ਼ ਉਸ ਜਗ੍ਹਾ ਨੂੰ ਦੇਖਣ ਬਾਰੇ ਸੋਚ ਕੇ ਹੀ ਭਾਵੁਕ ਹੋ ਰਿਹਾ ਹਾਂ ਜਿੱਥੇ ਮੈਂ ਪੈਦਾ ਹੋਇਆ, ਪਲਿਆ, ਹਾਕੀ ਨਾਲ ਮੇਰੀ ਜਾਣ-ਪਛਾਣ ਹੋਈ, ਅਤੇ ਜਿੱਥੇ ਮੈਂ ਓਲੰਪੀਅਨ ਬਣਨ ਦਾ ਆਪਣਾ ਸੁਪਨਾ ਜੀਵਿਆ।”

ਇੰਗਲੈਂਡ ਵਿੱਚ ਸ਼ਰਨਾਰਥੀ, ਅਮਰੀਕਾ ਲਈ ਨਵੀਂ ਪੀੜ੍ਹੀ ਦੇ ਸੁਪਨੇ

ਅਮਰੀਕਾ ਦੇ ਕੋਚ ਨੀਲ ਬਰਮਨ ਦੇ ਨਾਲ ਕੋਲਰੈਡੋ ਵਿੱਚ

ਤਸਵੀਰ ਸਰੋਤ, Kuldeep Singh Bhogal

ਯੂਗਾਂਡਾ ਤੋਂ ਨਿਕਲਣ ਤੋਂ ਬਾਅਦ, ਕੁਲਦੀਪ ਭੋਗਲ ਸ਼ੁਰੂ ਵਿੱਚ ਇੰਗਲੈਂਡ ਵਿੱਚ ਵਸ ਗਏ। ਇਹ ਤਬਦੀਲੀ ਬਹੁਤ ਦੁਖਦਾਈ ਸੀ — ਪੂਰਬੀ ਅਫਰੀਕਾ ਦੇ ਨਿੱਘ ਤੋਂ ਲੀਡਜ਼ ਦੇ ਧੁੰਦਲੇ ਅਸਮਾਨ ਤੱਕ, ਆਪਣੇ ਨਾਲ ਸਿਰਫ਼ ਉਜਾੜੇ ਦਾ ਸਦਮਾ ਅਤੇ ਉਹ ਹਿੰਮਤ ਲੈ ਕੇ ਗਏ ਸਨ ਜਿਸਨੇ ਉਨ੍ਹਾਂ ਦੇ ਪਰਿਵਾਰ ਨੂੰ ਪੀੜ੍ਹੀਆਂ ਤੋਂ ਮਹਾਂਦੀਪਾਂ ਦੇ ਪਾਰ ਪਹੁੰਚਾਇਆ ਸੀ।

ਉਨ੍ਹਾਂ ਨੇ ਆਪਣੀ ਸਵੈ-ਜੀਵਨੀ, ‘ਲਾਈਫ, ਹਾਕੀ ਐਂਡ ਬਿਓਂਡ’ ਵਿੱਚ ਲਿਖਿਆ ਹੈ, “ਹਾਕੀ ਨੇ ਮੈਨੂੰ ਰਫਤਾਰ ਅਤੇ ਹਰਕਤ ਦੀ ਮਹੱਤਤਾ ਸਿਖਾਈ ਸੀ, ਅਤੇ ਮੈਂ ਉਨ੍ਹਾਂ ਸਬਕਾਂ ਦੀ ਵਰਤੋਂ ਆਪਣੀ ਜ਼ਿੰਦਗੀ ਅਤੇ ਆਪਣੇ ਨਵੇਂ ਘਰ ਇੰਗਲੈਂਡ ਦੀਆਂ ਲੋੜਾਂ ਮੁਤਾਬਕ ਚੱਲਣ ਲਈ ਕੀਤੀ। ਅਗਲੇ ਡੇਢ ਸਾਲ ਲਈ, ਲੀਡਜ਼ ਉਹ ਥਾਂ ਸੀ ਜਿੱਥੇ ਮੈਂ ਰਿਹਾ, ਕੰਮ ਕੀਤਾ ਅਤੇ ਪਰਿਵਾਰ ਦੇ ਨਿੱਘ ਤੋਂ ਦਿਲਾਸਾ ਲਿਆ — ਅਸੀਂ ਸਾਰੇ ਯੂਗਾਂਡਾ ਤੋਂ ਪੁੱਟੇ ਜਾਣ ਕਾਰਨ ਸਦਮੇ ਵਿੱਚ ਸੀ।”

ਅਮਰੀਕਾ ਦੇ ਉਲੰਪਿਕ ਟਰੇਨਿੰਗ ਸੈਂਟਰ ਵਿੱਚ ਟੀਮ ਦੇ ਨਾਲ

ਤਸਵੀਰ ਸਰੋਤ, Kuldeep Singh Bhogal

1974 ਵਿੱਚ, ਭੋਗਲ ਕੋਚ ਵਜੋਂ ਹਾਕੀ ਨੂੰ ਅੱਗੇ ਵਧਾਉਣ ਦੀ ਸੰਭਾਵਨਾ ਕਾਰਨ ਅਮਰੀਕਾ ਚਲੇ ਗਏ। ਕੋਚਿੰਗ ਵਿੱਚ ਪੂਰੀ ਤਰ੍ਹਾਂ ਸੈੱਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਇੱਕ ਖਿਡਾਰੀ ਵਜੋਂ ਅਮਰੀਕਾ ਦੀ ਨੁਮਾਇੰਦਗੀ ਕੀਤੀ। ਹਾਕੀ ਦੇ ਕਾਰਨ ਹੀ ਉਨ੍ਹਾਂ ਨੂੰ ਅਮਰੀਕਾ ਵਿੱਚ ਗ੍ਰੀਨ ਕਾਰਡ ਮਿਲਿਆ ਅਤੇ ਬਾਅਦ ਵਿੱਚ ਨਾਗਰਿਕਤਾ। ਇੰਗਲੈਂਡ ਵਿੱਚ ਵੀ, ਇਸ ਖੇਡ ਨੇ ਉਨ੍ਹਾਂ ਨੂੰ ਉਸ ਸਮੇਂ ਮਾਣ-ਸਤਿਕਾਰ ਦਿੱਤਾ ਸੀ ਜਦੋਂ ਉਨ੍ਹਾਂ ਕੋਲ ਹੋਰ ਕੁਝ ਨਹੀਂ ਸੀ।

ਉਨ੍ਹਾਂ ਕਿਹਾ, “ਮੈਂ ਜ਼ਿਆਦਾ ਪੜ੍ਹਾਈ ਨਹੀਂ ਕਰ ਸਕਿਆ, ਪਰ ਇਹ ਹਾਕੀ ਹੀ ਸੀ ਜਿਸ ਸਦਕਾ ਮੈਂ ਇੱਕ ਵਧੀਆ ਜੀਵਨ ਬਣਾ ਸਕਿਆ। ਯੂਗਾਂਡਾ ਛੱਡਣ ਤੋਂ ਬਾਅਦ ਮੈਂ ਜਿੱਥੇ ਵੀ ਗਿਆ, ਹਾਕੀ ਨੇ ਮੇਰੀ ਮਦਦ ਕੀਤੀ।”

ਉਨ੍ਹਾਂ ਦਾ ਹਾਕੀ ਜੀਵਨ ਹੋਰ ਅੱਗੇ ਵਧਿਆ। ਭੋਗਲ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਕੈਨੇਡੀਅਨ ਪੁਰਸ਼ ਹਾਕੀ ਟੀਮ ਦੇ ਕੋਚਿੰਗ ਅਮਲੇ ਦਾ ਹਿੱਸਾ ਸਨ। ਚਾਰ ਸਾਲ ਬਾਅਦ ਉਹ ਇੱਕ ਬਿਲਕੁਲ ਵੱਖਰੀ ਭੂਮਿਕਾ ਵਿੱਚ ਉਲੰਪਿਕ ਖੇਡਾਂ ਦਾ ਹਿੱਸਾ ਬਣੇ।

ਇੱਕ ਪੋਸਟਰ, ਇੱਕ ਪਿਤਾ ਲਈ ਮਾਣ ਦਾ ਪਲ

ਕੁਲਦੀਪ ਦੀ ਕਹਾਣੀ ਦਾ ਸ਼ਾਇਦ ਸਭ ਤੋਂ ਭਾਵੁਕ ਅਧਿਆਇ ਉਨ੍ਹਾਂ ਨਾਲ ਨਹੀਂ, ਸਗੋਂ ਉਨ੍ਹਾਂ ਦੇ ਪਿਤਾ ਨਾਲ ਜੁੜਿਆ ਹੋਇਆ ਹੈ — ਉਹ ਵਿਅਕਤੀ ਜਿਸਨੇ ਕਦੇ ਉਨ੍ਹਾਂ ਦੀ ਹਾਕੀ ਸਟਿਕ ਤੋੜ ਦਿੱਤੀ ਸੀ। ਜਦੋਂ ਨਾਨਕ ਸਿੰਘ ਇੰਗਲੈਂਡ ਵਿੱਚ ਇੱਕ ਨਿਰਮਾਣ ਕੰਪਨੀ ਵਿੱਚ ਕੰਮ ਕਰ ਰਹੇ ਸਨ, ਤਾਂ ਉਨ੍ਹਾਂ ਦਾ ਮਾਲਕ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਗਿਆ ਸੀ।

ਵਾਪਸ ਆਉਣ ‘ਤੇ, ਮਾਲਕ ਨੇ ਨਾਨਕ ਨੂੰ ਹਾਕੀ ਦਾ ਇੱਕ ਇਸ਼ਤਿਹਾਰ ਦਿਖਾਇਆ ਜਿਸ ਵਿੱਚ ਇੱਕ ਸਿੱਖ ਖਿਡਾਰੀ ਪੂਰੇ ਜੋਸ਼ ਵਿੱਚ ਇੱਕ ਵਿਰੋਧੀ ਖਿਡਾਰੀ ਨੂੰ ਟੱਕਰ ਦੇ ਰਿਹਾ ਸੀ। ਉਹ ਤਸਵੀਰ 1972 ਦੀਆਂ ਮਿਊਨਿਖ ਓਲੰਪਿਕ ਦੀ ਸੀ: ਕੁਲਦੀਪ ਭੋਗਲ ਇੱਕ ਪਾਕਿਸਤਾਨੀ ਖਿਡਾਰੀ ਨੂੰ ਚੁਣੌਤੀ ਦੇ ਰਹੇ ਸਨ।

ਉਲੰਪਿਕ ਦਾ ਪੋਸਟਰ ਅਤੇ ਭੋਗਲ ਦਾ ਪਿਤਾ ਬਾਰੇ ਕੋਟ

ਭੋਗਲ ਨੇ ਨਮ ਅੱਖਾਂ ਨਾਲ ਯਾਦ ਕੀਤਾ, “ਜਦੋਂ ਮੇਰੇ ਪਿਤਾ ਨੇ ਕਿਹਾ ਕਿ ਪੋਸਟਰ ਵਿੱਚ ਉਨ੍ਹਾਂ ਦਾ ਪੁੱਤਰ ਹੈ, ਤਾਂ ਕਿਸੇ ਨੇ ਉਨ੍ਹਾਂ ਦਾ ਯਕੀਨ ਨਹੀਂ ਕੀਤਾ। ਇਸ ਲਈ ਉਹ ਮੇਰੀ ਫੋਟੋ ਲੈ ਕੇ ਆਏ, ਅਤੇ ਉਸ ਤੋਂ ਬਾਅਦ ਕੰਪਨੀ ਵਿੱਚ ਹਰ ਕੋਈ ਉਨ੍ਹਾਂ ਨੂੰ ਪਛਾਣਨ ਲੱਗਾ। ਇਹ ਮੇਰੇ ਪਿਤਾ ਲਈ ਬਹੁਤ ਮਾਣ ਵਾਲਾ ਪਲ ਸੀ — ਉਹੀ ਪਿਤਾ ਜਿਸਨੇ ਕਦੇ ਮੇਰੀ ਹਾਕੀ ਸਟਿਕ ਤੋੜੀ ਸੀ।”

ਅੱਜ ਕੁਲਦੀਪ ਸਿੰਘ ਭੋਗਲ ਕੋਲ ਅਮਰੀਕੀ ਅਤੇ ਬ੍ਰਿਟਿਸ਼ ਦੀ ਦੋਹਰੀ ਨਾਗਰਿਕਤਾ ਹੈ ਅਤੇ ਉਹ ਆਪਣੀ ਪਤਨੀ ਅਤੇ ਬੇਟੇ ਦੇ ਪਰਿਵਾਰ ਨਾਲ ਇੰਗਲੈਂਡ ਵਿੱਚ ਵਸੇ ਹੋਏ ਹਨ। ਉਨ੍ਹਾਂ ਦੇ ਵੱਡੇ ਭਰਾ, ਅਜੀਤ ਸਿੰਘ ਭੋਗਲ ਵੀ ਇੱਕ ਓਲੰਪੀਅਨ ਸਨ। ਅਗਲੀ ਪੀੜ੍ਹੀ ਹੁਣ ਆਈਸ ਹਾਕੀ ਵਿੱਚ ਆਪਣੀ ਪਛਾਣ ਬਣਾ ਰਹੀ ਹੈ, ਅਤੇ ਇੱਕ ਦਿਨ ਕੈਨੇਡਾ ਦੀ ਨੁਮਾਇੰਦਗੀ ਕਰਨਾ ਚਾਹੁੰਦੀ ਹੈ।

ਭੋਗਲ, ਜੋ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਨੇ ਕਿਹਾ, “ਏਸ਼ੀਆ ਤੋਂ ਅਫਰੀਕਾ, ਫਿਰ ਯੂਰਪ ਵਿੱਚ ਇੱਕ ਸ਼ਰਨਾਰਥੀ ਵਜੋਂ, ਅਤੇ ਹੁਣ ਉੱਤਰੀ ਅਮਰੀਕਾ ਤੱਕ ਦਾ ਸਫ਼ਰ — ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਅਸੀਂ ਅਜੇ ਵੀ ਹਾਕੀ ਰਾਹੀਂ ਜੁੜੇ ਹੋਏ ਹਾਂ। ਅਤੇ ਹੁਣ ਨਵੀਂ ਪੀੜ੍ਹੀ ਆਈਸ ਹਾਕੀ ਰਾਹੀਂ ਉਸ ਰਿਸ਼ਤੇ ਨੂੰ ਅੱਗੇ ਵਧਾ ਰਹੀ ਹੈ। ਅਗਲੇ ਮਹੀਨੇ ਮੈਂ ਆਪਣੇ ਜੱਦੀ ਪਿੰਡ ਜਾ ਰਿਹਾ ਹਾਂ ਅਤੇ ਅਸੀਂ ਉੱਥੋਂ ਦੇ ਸਥਾਨਕ ਸਕੂਲ ਨੂੰ ਅਪਗ੍ਰੇਡ ਕਰਨ ਲਈ ਕੁਝ ਪੈਸੇ ਦੇ ਰਹੇ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI