Source :- BBC PUNJABI
ਤਸਵੀਰ ਸਰੋਤ, ANI
ਹਾਲ ਹੀ ਵਿੱਚ ਵਿਰੋਧੀ ਸਾਂਸਦਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਮਕਰ ਦੁਆਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਹ ‘ਐਪਸਟੀਨ ਫ਼ਾਈਲ’ ਵਿੱਚ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਆਉਣ ਅਤੇ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੇ ਨਾਲ ਮੇਲ-ਮੁਲਾਕਾਤ ਕਾਰਨ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।
ਅਮਰੀਕੀ ਡਿਪਾਰਟਮੈਂਟ ਆਫ ਜਸਟਿਸ ਨੇ ਹਾਲ ਹੀ ਵਿੱਚ ਐਪਸਟੀਨ ਨਾਲ ਜੁੜੀਆਂ ਫਾਈਲਾਂ ਦੀ ਖੇਪ ਜਾਰੀ ਕੀਤੀ ਹੈ।
ਐਪਸਟੀਨ ਫਾਈਲ ਤੋਂ ਪਤਾ ਚੱਲਦਾ ਹੈ ਕਿ ਹਰਦੀਪ ਸਿੰਘ ਪੁਰੀ ਅਤੇ ਜੈਫਰੀ ਐਪਸਟੀਨ ਵਿਚਾਲੇ ਸਾਲ 2014 ਅਤੇ 2015 ਵਿੱਚ ਈ-ਮੇਲ ਦੇ ਜ਼ਰੀਏ ਕਈ ਵਾਰ ਗੱਲਬਾਤ ਹੋਈ।
ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਐਪਸਟੀਨ ਦੀਆਂ ਅਪਰਾਧਿਕ ਗਤੀਵਿਧੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਇਸੇ ਸਿਲਸਿਲੇ ਵਿੱਚ ਬੀਬੀਸੀ ਨੇ ਐਪਸਟੀਨ ਫਾਈਲ ਦਾ ਵਿਸ਼ਲੇਸ਼ਣ ਕਰਦੇ ਹੋਏ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਵਿੱਚ ਅਜਿਹਾ ਕੀ ਹੈ ਜਿਸ ਨੂੰ ਇਤਰਾਜ਼ਯੋਗ ਕਿਹਾ ਜਾ ਰਿਹਾ ਹੈ।
ਇਸ ਦੇ ਲਈ ਸਿਲਸਿਲੇਵਾਰ ਤਰੀਕੇ ਨਾਲ ਐਪਸਟੀਨ ਫਾਈਲਜ਼ ਦੇ ਉਹ ਈਮੇਲ ਪੜ੍ਹਨੇ ਜ਼ਰੂਰੀ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਹਰਦੀਪ ਸਿੰਘ ਪੁਰੀ ਵਿਵਾਦਾਂ ਦੇ ਘੇਰੇ ਵਿੱਚ ਹਨ।
ਅਸੀਂ ਇੱਥੇ ਉਨ੍ਹਾਂ ਈਮੇਲਾਂ ਵਿੱਚ ਲਿਖੀਆਂ ਗੱਲਾਂ ਦੇ ਉਨ੍ਹਾਂ ਹਿੱਸਿਆਂ ਨੂੰ ਪੇਸ਼ ਕਰ ਰਹੇ ਹਾਂ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਵਿਚਾਲੇ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਸੀ।
“ਕੋਈ ਹੋਰ ਸਲਾਹ”
ਤਸਵੀਰ ਸਰੋਤ, Getty Images
18 ਜੂਨ 2014
ਰੀਡ ਹਾਫਮੈਨ ਇੱਕ ਅਮਰੀਕੀ ਇੰਟਰਨੈੱਟ ਉੱਦਮੀ ਅਤੇ ਲਿੰਕਡਇਨ ਦੇ ਸਹਿ-ਸੰਸਥਾਪਕ ਹਨ। ਜੈਫਰੀ ਐਪਸਟੀਨ ਨੇ ਹਰਦੀਪ ਸਿੰਘ ਪੁਰੀ ਨੂੰ ਇੱਕ ਈਮੇਲ ਵਿੱਚ ਲਿਖਿਆ, “…ਮੇਰੀ ਟੇਰਜੇ ਨਾਲ ਗੱਲ ਹੋਈ। ਰੀਡ ਹਾਫਮੈਨ ਭਾਰਤ ਆਉਣ ਲਈ ਤਿਆਰ ਹੈ।”
23 ਜੂਨ 2014
ਐਪਸਟੀਨ ਦੀ 18 ਜੂਨ ਦੀ ਈਮੇਲ ਦੇ ਜਵਾਬ ਵਿੱਚ ਹਰਦੀਪ ਸਿੰਘ ਪੁਰੀ ਨੇ ਲਿਖਿਆ, “ਰੀਡ ਹਾਫਮੈਨ ਦੀ ਯਾਤਰਾ ਦੇ ਲਈ ਸਹਾਇਤਾ/ਸੁਵਿਧਾ ਪ੍ਰਦਾਨ ਕਰਕੇ ਮੈਨੂੰ ਖੁਸ਼ੀ ਹੋਵੇਗੀ।”
24 ਸਤੰਬਰ 2014
ਐਪਸਟੀਨ ਨੇ ਰੀਡ ਹਾਫਮੈਨ ਅਤੇ ਹਰਦੀਪ ਸਿੰਘ ਪੁਰੀ ਦੀ ਆਪਸ ਵਿੱਚ ਪਹਿਚਾਣ ਕਰਵਾਉਂਦੇ ਹੋਏ ਇੱਕ ਈਮੇਲ ਵਿੱਚ ਲਿਖਿਆ, “ਰੀਡ, ਭਾਰਤ ਵਿੱਚ ਹਰਦੀਪ ਹੀ ਤੁਹਾਡੇ (ਮਦਦਗਾਰ) ਸ਼ਖ਼ਸ ਹਨ।”
25 ਸਤੰਬਰ 2014
ਰੀਡ ਹਾਫਮੈਨ ਨੇ 24 ਸਤੰਬਰ ਦੀ ਇਸ ਈਮੇਲ ਦੇ ਜਵਾਬ ਵਿੱਚ ਲਿਖਿਆ, “ਹਰਦੀਪ: ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਲੋਕਾਂ ਨੂੰ ਚੁਣਨ ਦੀ ਜੈਫਰੀ ਦੀ ਪਸੰਦ ਬਹੁਚ ਚੰਗੀ ਹੈ (ਮੈਂ ਇੱਕ ਅਪਵਾਦ ਹਾਂ)।”
25 ਸਤੰਬਰ, 2014 ਨੂੰ ਹੀ ਇਸ ਈਮੇਲ ਦਾ ਜਵਾਬ ਦਿੰਦੇ ਹੋਏ, ਹਰਦੀਪ ਪੁਰੀ ਨੇ ਲਿਖਿਆ, “ਲੋਕਾਂ ਦੇ ਬਾਰੇ ਜੈਫਰੀ ਦੀ ਸਮਝ ਬਾਰੇ ਮੈਨੂੰ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਦੇ ‘ਇੰਸਟਿੰਕਟਸ’ (ਲੋਕਾਂ ਨੂੰ ਪਹਿਚਾਣਨ ਅਤੇ ਸਮਝਣ ਦੀ ਯੋਗਤਾ) ਤਾਂ ਹੋਰ ਵੀ ਬਿਹਤਰ ਹਨ।”
4 ਅਕਤੂਬਰ 2014
ਐਪਸਟੀਨ ਨੇ ਹਰਦੀਪ ਸਿੰਘ ਪੁਰੀ ਨੂੰ ਪੁੱਛਿਆ, “ਕੀ ਰੀਡ ਨਾਲ ਮੀਟਿੰਗ ਹੋਈ?”
ਇਸ ਦੇ ਜਵਾਬ ਵਿੱਚ 4 ਅਕਤੂਬਰ ਨੂੰ ਹੀ ਹਰਦੀਪ ਸਿੰਘ ਪੁਰੀ ਨੇ ਲਿਖਿਆ, “ਮੈਂ ਅੱਜ ਦੁਪਹਿਰ ਇੱਕ ਮੀਟਿੰਗ ਦੇ ਲਈ ਐੱਸਐੱਫ (ਸੈਨ ਫਰਾਂਸਿਸਕੋ) ਵਿੱਚ ਹਾਂ। ਤੁਸੀਂ, ਮੇਰੇ ਦੋਸਤ, ਸੱਚ ਵਿੱਚ ਕੰਮ ਕਰਵਾ ਲੈਂਦੇ ਹੋ।”
“ਕੋਈ ਹੋਰ ਸਲਾਹ?”
ਐਪਸਟੀਨ ਨੇ 4 ਅਕਤੂਬਰ ਨੂੰ ਹੀ ਦਿੱਤੇ ਜਵਾਬ ਵਿੱਚ ਲਿਖਿਆ, “ਉਨ੍ਹਾਂ ਨੂੰ ਦੱਸੋ ਕਿ ਵਿਗਿਆਨ ਅਤੇ ਤਕਨੀਕ ਨਾਲ ਜੁੜੇ ਲੋਕਾਂ ਅਤੇ ਸੋਸ਼ਲ ਨੈੱਟਵਰਕਿੰਗ ਗੁਰੂਆਂ ਨਾਲ ਮਿਲਣ ਦੇ ਲਈ ਤੁਸੀਂ ਉਨ੍ਹਾਂ ਦੀ ਭਾਰਤ ਯਾਤਰਾ ਦਾ ਇੰਤਜ਼ਾਮ ਕਰੋਗੇ।”
ਵੀਜ਼ਾ ਦੀ ਵਿਵਸਥਾ
ਤਸਵੀਰ ਸਰੋਤ, Getty Images
11 ਅਕਤੂਬਰ 2014
ਐਪਸਟੀਨ ਨੇ ਹਾਫਮੈਨ ਤੋਂ ਇੱਕ ਈਮੇਲ ਵਿੱਚ ਪੁੱਛਿਆ, “ਕੀ ਤੁਹਾਨੂੰ ਹਰਦੀਪ ਫਾਇਦੇਮੰਦ ਲੱਗੇ?”
ਇਸ ਦੇ ਜਵਾਬ ਵਿੱਚ 12 ਅਕਤੂਬਰ 2014 ਨੂੰ ਰੀਡ ਹਾਫਮੈਨ ਨੇ ਲਿਖਿਆ, “ਕੌਂਪਲਿਕੇਟੇਡ (ਗੁੰਝਲਦਾਰ ਜਾਂ ਉਲਝੇ ਹੋਏ)”
24 ਅਕਤੂਬਰ 2014
ਜੈਫਰੀ ਐਪਸਟੀਨ ਨੇ ਹਰਦੀਪ ਸਿੰਘ ਪੁਰੀ ਨੂੰ ਇੱਕ ਈਮੇਲ ਵਿੱਚ ਲਿਖਿਆ, “ਹਰਦੀਪ, ਮੈਨੂੰ ਇੱਕ ਮਦਦ ਚਾਹੀਦੀ ਹੈ। ਮੇਰੀ ਸਹਾਇਕ ਨੂੰ ਭਾਰਤ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਤੁਰੰਤ ਵੀਜ਼ਾ ਚਾਹੀਦਾ ਹੈ। ਕੀ ਦੂਤਾਵਾਸ ਵਿੱਚ ਕੋਈ ਅਜਿਹਾ ਵਿਅਕਤੀ ਹੈ, ਜਿਸ ਨਾਲ ਉਹ ਗੱਲ ਕਰ ਸਕਣ?”
ਇਸ ਦੇ ਜਵਾਬ ਵਿੱਚ ਹਰਦੀਪ ਸਿੰਘ ਪੁਰੀ ਨੇ 24 ਅਕਤੂਬਰ ਨੂੰ ਹੀ ਇੱਕ ਈਮੇਲ ਵਿੱਚ ਸੇਵਾਮੁਕਤ ਰਾਜਦੂਤ ਪ੍ਰਮੋਦ ਬਜਾਜ ਨੂੰ ਲਿਖਿਆ, “ਪ੍ਰਮੋਦ, ਜੇਕਰ ਤੁਸੀਂ ਇਹ ਕੰਮ ਪਹਿਲ ਦੇ ਆਧਾਰ ‘ਤੇ ਕਰਵਾ ਸਕਦੇ ਹੋ ਤਾਂ ਮੈਂ ਧੰਨਵਾਦੀ ਹੋਵਾਂਗਾ। ਮੈਂ ਬਿਨੈਕਾਰ ਨੂੰ ਸਿੱਧਾ ਤੁਹਾਡੇ ਨਾਲ ਸੰਪਰਕ ਕਰਨ ਦੀ ਬੇਨਤੀ ਕਰਾਂਗਾ।”
“ਜੈਫਰੀ, ਰਾਜਦੂਤ ਬਜਾਜ, ਜੋ ਹੁਣ ਮੇਰੇ ਨਾਲ ਕੰਮ ਕਰਦੇ ਹਨ, ਇਸਦਾ ਪ੍ਰਬੰਧ ਕਰਨਗੇ।”
“ਪ੍ਰਮੋਦ, ਜੇ ਤੁਸੀਂ ਉਨ੍ਹਾਂ ਨੂੰ ਬੇਨਤੀ ਕਰਨਾ ਚਾਹੁੰਦੇ ਹੋ ਤਾਂ ਨਿਊਯਾਰਕ ਵਿੱਚ ਰਹਿੰਦੇ ਸੰਜੀਵ ਨੂੰ ਵੀ ਇਸ ਵਿੱਚ (ਮੇਲ) ਕਾਪੀ ਕੀਤਾ ਗਿਆ ਹੈ।”
24 ਅਕਤੂਬਰ ਨੂੰ ਹੀ ਪ੍ਰਮੋਦ ਬਜਾਜ ਨੇ ਜੈਫਰੀ ਐਪਸਟੀਨ ਨੂੰ ਇੱਕ ਈਮੇਲ ਲਿਖੀ। ਇਸ ਵਿੱਚ ਉਨ੍ਹਾਂ ਨੇ ਹਰਦੀਪ ਸਿੰਘ ਪੁਰੀ ਨੂੰ ਐਪਸਟੀਨ ਦੇ ਈਮੇਲ ਦਾ ਹਵਾਲਾ ਦਿੰਦੇ ਹੋਏ ਕਿਹਾ, “ਸਾਨੂੰ ਵੀਜ਼ਾ ਸਬੰਧੀ ਤੁਹਾਡੀ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ।”
ਪ੍ਰਮੋਦ ਬਜਾਜ ਨੇ ਫਿਰ ਲਿਖਿਆ ਕਿ “ਵੀਜ਼ਾ ਪ੍ਰਕਿਰਿਆ ਹੁਣ ਔਨਲਾਈਨ ਹੁੰਦੀ ਹੈ” ਅਤੇ ਔਨਲਾਈਨ ਅਰਜ਼ੀ ਦੇਣ ਤੋਂ ਬਾਅਦ, “ਵੀਜ਼ਾ ਅਰਜ਼ੀ ਦੀ ਇੱਕ ਹਾਰਡ ਕਾਪੀ ਆਊਟਸੋਰਸਿੰਗ ਕੰਪਨੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ।”
ਅੰਤ ਵਿੱਚ, ਪ੍ਰਮੋਦ ਬਜਾਜ ਨੇ ਲਿਖਿਆ, “ਕਿਰਪਾ ਕਰਕੇ ਇਹ ਪ੍ਰਕਿਰਿਆ ਪੂਰੀ ਹੁੰਦੇ ਹੀ ਸਾਨੂੰ ਸੂਚਿਤ ਕਰੋ। ਅਸੀਂ ਅਗਲੀ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਾਂਗੇ।”
“ਜੇਕਰ ਤੁਹਾਡੇ ਸਾਥੀ ਨੂੰ ਕਿਸੇ ਹੋਰ ਜਾਣਕਾਰੀ ਜਾਂ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਬੇਝਿਜਕ ਸੰਪਰਕ ਕਰੋ।”
ਡਿਜੀਟਲ ਇੰਡੀਆ
ਤਸਵੀਰ ਸਰੋਤ, Ajay Aggarwal/Hindustan Times via Getty Images
24 ਦਸੰਬਰ 2014
ਹਰਦੀਪ ਸਿੰਘ ਪੁਰੀ ਨੇ ਜੈਫਰੀ ਐਪਸਟੀਨ ਨੂੰ ਇੱਕ ਈਮੇਲ ਲਿਖੀ।
ਇਸ ਵਿੱਚ ਉਨ੍ਹਾਂ ਨੇ “ਐਕਸੋਟਿਕ ਆਈਲੈਂਡ” ਜਾਂ “ਅਨੋਖੇ ਟਾਪੂ” ਦਾ ਜ਼ਿਕਰ ਕੀਤਾ।
ਪੁਰੀ ਨੇ ਲਿਖਿਆ, “ਕਿਰਪਾ ਕਰਕੇ ਮੈਨੂੰ ਦੱਸੋ ਜਦੋਂ ਤੁਸੀਂ ਆਪਣੇ ‘ਐਕਸੋਟਿਕ ਆਈਲੈਂਡ’ ਤੋਂ ਵਾਪਸ ਆਓਗੇ। ਮੈਂ ਤੁਹਾਨੂੰ ਮਿਲ ਕੇ ਥੋੜ੍ਹੀ ਜਿਹੀ ਗੱਲਬਾਤ ਕਰਨਾ ਚਾਹਾਂਗਾ। ਨਾਲ ਹੀ ਤੁਹਾਨੂੰ ਭਾਰਤ ਵਿੱਚ ਰੂਚੀ ਜਗਾਉਣ ਵਾਲੀਆਂ ਕੁਝ ਕਿਤਾਬਾਂ ਵੀ ਦੇਣਾ ਚਾਹਾਂਗਾ।”
ਜਵਾਬ ਵਿੱਚ ਐਪਸਟੀਨ ਨੇ ਉਸੇ ਦਿਨ ਲਿਖਿਆ, “ਮੈਂ ਤਾਂ ਤੁਹਾਨੂੰ ਲਿਖ ਹੀ ਰਿਹਾ ਸੀ- ਕਮਾਲ ਹੈ! ਮੈਂ ਰੀਡ ਨਾਲ ਗੱਲ ਕੀਤੀ।”
ਹਰਦੀਪ ਸਿੰਘ ਪੁਰੀ ਨੇ ਜਵਾਬ ‘ਚ ਲਿਖਿਆ, “ਅਸਲ ਵਿੱਚ, ਇਹ ਤਾਂ ਟੈਲੀਪੈਥੀ ਹੀ ਹੈ। ਜਦੋਂ ਤੁਸੀਂ ਵਾਪਸ ਆਓ ਤਾਂ ਮੈਨੂੰ ਜ਼ਰੂਰ ਦੱਸਿਓ ਅਤੇ ਮਜ਼ੇ ਕਰੋ – ਵੈਸੇ ਵੀ ਉਸ ਦੇ ਲਈ ਤੁਹਾਨੂੰ ਕਿਸੇ ਦੇ ਉਤਸ਼ਾਹ ਦੀ ਲੋੜ ਨਹੀਂ ਪੈਂਦੀ!”
ਡਿਜੀਟਲ ਇੰਡੀਆ ਦਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਵਿੱਚ ‘ਡਿਜੀਟਲ ਇੰਡੀਆ’ ਨੂੰ ਇੱਕ ਜੁਲਾਈ 2015 ਨੂੰ ਲਾਂਚ ਕੀਤਾ ਗਿਆ ਸੀ।
ਪਰ ਇਸ ਤੋਂ ਕਰੀਬ ਸਾਢੇ ਸੱਤ ਮਹੀਨੇ ਪਹਿਲਾਂ 13 ਨਵੰਬਰ 2014 ਨੂੰ ਹਰਦੀਪ ਸਿੰਘ ਪੁਰੀ ਨੇ ਜੈਫਰੀ ਐਪਸਟੀਨ ਨੂੰ ਇੱਕ ਈਮੇਲ ਲਿਖੀ। ਇਸ ਵਿੱਚ ਇਸਦਾ ਜ਼ਿਕਰ ਮਿਲਦਾ ਹੈ।
ਹਰਦੀਪ ਸਿੰਘ ਪੁਰੀ ਨੇ ਲਿਖਿਆ, “ਜੈਫ਼, ਮੈਂ ਤੁਹਾਨੂੰ 3 ਅਕਤੂਬਰ ਨੂੰ ਸਿਲਿਕੌਨ ਵੈਲੀ ਵਿੱਚ ਰੀਡ ਦੇ ਨਾਲ ਹੋਈ ਆਪਣੀ ਗੱਲਬਾਤ ਬਾਰੇ ਦੱਸਿਆ ਸੀ। ਤੁਹਾਡੀ ਪ੍ਰਤੀਕਿਰਿਆ ਸੀ ਕਿ ਰੀਡ ਨੂੰ ਜਲਦ ਤੋਂ ਜਲਦ ਭਾਰਤ ਦਾ ਦੌਰਾ ਕਰਨਾ ਚਾਹੀਦਾ। ਅਕਤੂਬਰ ਦੇ ਮੱਧ ਵਿੱਚ ਭਾਰਤ ਪਰਤਣ ਤੋਂ ਬਾਅਦ, ਮੈਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਕੀਨ ਹੈ ਕਿ ਅੱਜ ਭਾਰਤ ਵਿੱਚ ਇੰਟਰਨੈੱਟ-ਅਧਾਰਿਤ ਆਰਥਿਕ ਗਤੀਵਿਧੀਆਂ ਲਈ ਇੱਕ ਬਹੁਤ ਸ਼ਾਨਦਾਰ ਮੌਕਾ ਹੈ।”
ਹਰਦੀਪ ਸਿੰਘ ਪੁਰੀ ਨੇ ਇਸ ਮੇਲ ਵਿੱਚ ਅੱਗੇ ਲਿਖਿਆ, “ਉਦਾਹਰਣ ਲਈ ਜਾਪਾਨੀ ਦੂਰਸੰਚਾਰ ਅਤੇ ਇੰਟਰਨੈੱਟ ਦਿੱਗਜ ਸਾਫ਼ਟ ਬੈਂਕ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਸ ਨੇ ਅਗਲੇ 10 ਸਾਲਾਂ ਵਿੱਚ ਭਾਰਤੀ ਈ-ਕਾਮਰਸ ਖੇਤਰ ਵਿੱਚ 10 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਭਾਰਤੀ ਕੰਪਨੀ ਸਨੈਪਡੀਲ 600 ਮਿਲੀਅਨ ਅਮਰੀਕੀ ਡਾਲਰ ਦੀ ਫੰਡਿੰਗ ਪ੍ਰਾਪਤ ਕਰਨ ਵਾਲੀ ਪਹਿਲੀ ਕੰਪਨੀ ਹੈ। ਮਜ਼ਬੂਤ ਬਹੁਮਤ ਨਾਲ ਚੁਣੀ ਗਈ ਨਵੀਂ ਸਰਕਾਰ ਦੇ ਆਉਣ ਨਾਲ ਬਾਜ਼ਾਰ ਵਿੱਚ ਹਲਚਲ ਹੋਰ ਵੱਧ ਗਈ ਹੈ। ਇਹ ‘ਡਿਜੀਟਲ ਇੰਡੀਆ’ ‘ਤੇ ਖਾਸ ਫੋਕਸ ਦੇ ਨਾਲ ਭਾਰਤੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ।”
ਰਾਜਨੀਤਿਕ ਹਲਕਿਆਂ ਵਿੱਚ ਇਹ ਸਵਾਲ ਵੀ ਚੁੱਕਿਆ ਜਾ ਰਿਹਾ ਹੈ ਕਿ ਜਦੋਂ ਡਿਜੀਟਲ ਇੰਡੀਆ ਲਾਂਚ ਹੀ ਸਾਲ 2015 ਵਿੱਚ ਹੋਇਆ ਤਾਂ ਹਰਦੀਪ ਸਿੰਘ ਪੁਰੀ ਨਵੰਬਰ 2014 ਵਿੱਚ ਹੀ ਐਪਸਟੀਨ ਨਾਲ ਇਸਦੀ ਚਰਚਾ ਕਿਵੇਂ ਕਰ ਰਹੇ ਸਨ?
ਚੇਤਾਵਨੀ: ਇਸ ਈਮੇਲ ਸੰਵਾਦ ਵਿੱਚ ਅੱਗੇ ਨਸਲੀ ਟਿੱਪਣੀ ਹੈ।
25 ਦਸੰਬਰ 2015 ਨੂੰ ਐਪਸਟੀਨ ਨੇ ਹਰਦੀਪ ਸਿੰਘ ਪੁਰੀ ਦੀ ਇੱਕ ਈਮੇਲ ਨਾਰਵੇ ਦੇ ਡਿਪਲੋਮੈਟ ਟੇਰਜੇ ਰੋਡ-ਲਾਰਸਨ ਨੂੰ ਭੇਜੀ।
ਇਸ ਈਮੇਲ ਦੇ ਹੇਠਲੇ ਹਿੱਸੇ ਵਿੱਚ ਪੁਰੀ ਨੇ ਐਪਸਟੀਨ ਤੋਂ “ਕੌਫੀ ਲਈ ਸਮਾਂ” ਮੰਗਿਆ ਸੀ।
ਰੋਡ-ਲਾਰਸਨ ਨੂੰ ਭੇਜੀ ਗਈ ਈਮੇਲ ਵਿੱਚ ਐਪਸਟੀਨ ਨੇ ਲਿਖਿਆ “ਟੂ-ਫੇਸਡ (ਦੋ-ਮੂੰਹਾਂ)”।
ਰੋਡ-ਲਾਰਸਨ ਨੇ ਜਵਾਬ ਦਿੱਤਾ, “ਕੀ ਤੁਸੀਂ ਇਹ ਕਹਾਵਤ ਸੁਣੀ ਹੈ: ਜਦੋਂ ਤੁਸੀਂ ਇੱਕ ਭਾਰਤੀ ਅਤੇ ਸੱਪ ਨੂੰ ਮਿਲੋ, ਤਾਂ ਪਹਿਲਾਂ ਭਾਰਤੀ ਨੂੰ ਮਾਰੋ!”
ਐਪਸਟੀਨ ਨੇ ਜਵਾਬ ਦਿੱਤਾ, “ਸਵਾਲ ਇਹ ਹੈ ਕਿ ਤੁਸੀਂ ਦੋਵਾਂ ਵਿੱਚੋਂ ਫਰਕ ਕਿਵੇਂ ਕਰੋਂਗੇ?”
ਵਿਰੋਧੀਆਂ ਨੇ ਇਸ ਗੱਲਬਾਤ ‘ਤੇ ਕੀ ਸਵਾਲ ਚੁੱਕੇ?
ਤਸਵੀਰ ਸਰੋਤ, ANI
ਕਾਂਗਰਸ ਨੇ ਐਪਸਟੀਨ ਫਾਈਲਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਆਉਣ ਤੋਂ ਬਾਅਦ ਸਰਕਾਰ ‘ਤੇ ਹਮਲਾ ਤੇਜ਼ ਕਰ ਦਿੱਤਾ ਹੈ। ਪਾਰਟੀ ਨੇ ਇਸ ਨੂੰ ਇੱਕ ਗੰਭੀਰ ਮੁੱਦਾ ਦੱਸਦੇ ਹੋਏ ਮੰਤਰੀ ਤੋਂ ਜਵਾਬਦੇਹੀ ਦੀ ਮੰਗ ਕੀਤੀ ਹੈ ਅਤੇ ਕਈ ਸਵਾਲ ਖੜ੍ਹੇ ਕੀਤੇ ਹਨ।
ਕਾਂਗਰਸ ਨੇ ਸਭ ਤੋਂ ਪਹਿਲਾਂ ਮੰਗ ਕੀਤੀ ਹੈ ਕਿ ਹਰਦੀਪ ਸਿੰਘ ਪੁਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ। ਪਾਰਟੀ ਦਾ ਕਹਿਣਾ ਹੈ ਕਿ ਜਦੋਂ ਕਿਸੇ ਕੇਂਦਰੀ ਮੰਤਰੀ ਦਾ ਨਾਮ ਕੌਮਾਂਤਰੀ ਪੱਧਰ ਦੀ ਅਪਰਾਧਿਕ ਜਾਂਚ ਨਾਲ ਜੁੜੇ ਦਸਤਾਵੇਜ਼ਾਂ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਨੂੰ ਨੈਤਿਕ ਰੂਪ ਤੋਂ ਅਹੁਦੇ ‘ਤੇ ਬਣੇ ਨਹੀਂ ਰਹਿਣਾ ਚਾਹੀਦਾ।
1.ਐਪਸਟੀਨ ਨੂੰ ਰੀਡ ਦੇ ਨਾਲ ਹਰਦੀਪ ਦੀ ਮੁਲਾਕਾਤ ਬਾਰੇ ਪਹਿਲਾਂ ਹੀ ਕਿਵੇਂ ਪਤਾ ਚੱਲ ਗਿਆ?
2.ਕੀ ਐਪਸਟੀਨ ਹੀ ਉਹ ‘ਕਾਨਟੈਕਟ’ ਸੀ, ਜਿਸ ਨੇ ਰੀਡ ਹਾਫਮੈਨ ਨਾਲ ਮੁਲਾਕਾਤ ਕਰਵਾਈ ਸੀ?
3.ਹਰਦੀਪ ਉਸ ਨਾਲ ਮੁਲਾਕਾਤ ਦੀ ਜਾਣਕਾਰੀ ਕਿਉਂ ਸਾਂਝੀ ਕਰ ਰਹੇ ਸਨ?
4. ਐਪਸਟੀਨ ਨੂੰ ‘ਦੋਸਤ’ ਕਹਿ ਕੇ ਕਿਉਂ ਸੰਬੋਧਨ ਕੀਤਾ ਗਿਆ?
5. ਐਪਸਟੀਨ ਹਰਦੀਪ ਲਈ ਕੀ ‘ਕਰਵਾ’ ਰਿਹਾ ਸੀ?
6. ਜੇ ਉਨ੍ਹਾਂ ਦਾ ਸਬੰਧ ਸਿਰਫ਼ ਸੰਜੋਗ ਜਾਂ ਡੂੰਘਾ ਨਹੀਂ ਸੀ ਤਾਂ ਹਰਦੀਪ ਐਪਸਟੀਨ ਤੋਂ ‘ਸਲਾਹ’ ਕਿਉਂ ਮੰਗ ਰਹੇ ਸਨ?
ਇਸ ਵਿਚਾਲੇ ਕਾਂਗਰਸ ਆਗੂ ਪਵਨ ਖੇੜਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਸਾਲ 2014 ਤੋਂ 2017 ਵਿਚਾਲੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਜਿਨਸੀ ਅਪਰਾਧੀ ਜੈਫ਼ਰੀ ਐਪਸਟੀਨ ਵਿਚਾਲੇ 62 ਵਾਰ ਈਮੇਲ ਦਾ ਆਦਾਨ-ਪ੍ਰਦਾਨ ਹੋਇਆ। ਕਾਂਗਰਸ ਨੇ ਇੱਕ ਵਾਰ ਫਿਰ ਹਰਦੀਪ ਸਿੰਘ ਪੁਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਹਰਦੀਪ ਪੁਰੀ ਨੇ ਆਪਣੇ ਬਚਾਅ ਵਿੱਚ ਕੀ-ਕੀ ਕਿਹਾ?
ਤਸਵੀਰ ਸਰੋਤ, ANI
ਹਰਦੀਪ ਸਿੰਘ ਪੁਰੀ ਨੇ ਇਸ ਦੌਰਾਨ ਕਿਹਾ, “ਐਪਸਟੀਨ ਨਾਲ ਜੁੜੇ ਮਾਮਲੇ ਗਲਤ ਕੰਮ ਅਤੇ ਅਪਰਾਧਾਂ ਨਾਲ ਸਬੰਧਤ ਹਨ। ਐਪਸਟੀਨ ਦੇ ਮਾਮਲਿਆਂ ਵਿੱਚ ਇਲਜ਼ਾਮ ਹੈ ਕਿ ਉਸ ਦੇ ਕੋਲ ਇੱਕ ਟਾਪੂ ਸੀ। ਉੱਥੇ ਉਹ ਲੋਕਾਂ ਨੂੰ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਲੈ ਜਾਂਦਾ ਸੀ। ਉਸ ‘ਤੇ ਬਾਲ ਜਿਨਸੀ ਸ਼ੋਸ਼ਣ ਦਾ ਵੀ ਇਲਜ਼ਾਮ ਹੈ। ਇਸ ਦੇ ਪੀੜਤ ਵੀ ਹਨ। ਉਨ੍ਹਾਂ ਪੀੜਤਾਂ ਨੇ ਮੁਕੱਦਮੇ ਦਾਇਰ ਕੀਤੇ ਹਨ। ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ।”
ਉਨ੍ਹਾਂ ਕਿਹਾ, “ਐਪਸਟੀਨ ਨਾਲ ਸਬੰਧਤ ਤੀਹ ਲੱਖ ਫਾਈਲਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਮੈਂ ਅੱਠ ਸਾਲ ਨਿਊਯਾਰਕ ਵਿੱਚ ਰਿਹਾ। ਅਸੀਂ ਮਈ 2009 ਦੇ ਉਸ ਸਮੇਂ ਬਾਰੇ ਗੱਲ ਕਰ ਰਹੇ ਹਾਂ, ਜਦੋਂ ਮੈਂ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਰਾਜਦੂਤ ਬਣਿਆ ਅਤੇ ਫਿਰ 2017 ਵਿੱਚ ਮੰਤਰੀ ਬਣਿਆ। ਇਨ੍ਹਾਂ ਅੱਠ ਸਾਲਾਂ ਵਿੱਚ ਸ਼ਾਇਦ ਤਿੰਨ ਜਾਂ ਚਾਰ ਮੀਟਿੰਗਾਂ ਦੇ ਹਵਾਲੇ ਮਿਲਦੇ ਹਨ।”
ਹਰਦੀਪ ਸਿੰਘ ਪੁਰੀ ਨੇ ਕਿਹਾ, “ਪਿਛਲੇ ਸਾਲ ਨਵੰਬਰ ਵਿੱਚ ਇੱਕ ਸਮਾਗਮ ਦੌਰਾਨ, ਰਾਹੁਲ ਗਾਂਧੀ ਮੇਰੇ ਕੋਲ ਆਏ ਅਤੇ ਕਿਹਾ, ‘ਕੁਝ ਨਾਮ ਦਿਲਚਸਪ ਥਾਵਾਂ ‘ਤੇ ਆਏ ਹਨ।’ ਉਸ ਤੋਂ ਬਾਅਦ ਮੈਂ ਨੌਜਵਾਨ ਨੇਤਾ ਰਾਹੁਲ ਗਾਂਧੀ ਨੂੰ ਦੱਸਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਮੈਂ ਉਨ੍ਹਾਂ ਨੂੰ ਇੱਕ ਨੋਟ ਭੇਜਾਂਗਾ।”
ਉਨ੍ਹਾਂ ਨੇ ਕਿਹਾ, “ਇਸ ਨੋਟ ਵਿੱਚ, ਮੈਂ ਲਿਖਿਆ ਕਿ ਅਮਰੀਕਾ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾਮੁਕਤ ਹੋਣ ਤੋਂ ਕੁਝ ਮਹੀਨੇ ਬਾਅਦ ਮੈਨੂੰ ਅੰਤਰਰਾਸ਼ਟਰੀ ਪੀਸ ਇੰਸਟੀਚਿਊਟ (ਆਈਪੀਆਈ) ਵਿੱਚ ਸੱਦਾ ਦਿੱਤਾ ਗਿਆ ਸੀ। ਮੈਂ ਆਈਸੀਐੱਮ (ਇੰਡੀਪੈਂਡੈਂਟ ਕਮਿਸ਼ਨ ਆਨ ਮਲਟੀਲੈਟਰਲਿਜ਼ਮ) ਵਿੱਚ ਸਕੱਤਰ ਜਨਰਲ ਸੀ। ਇਸ ਦੇ ਚੇਅਰਮੈਨ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਨ। ਆਈਸੀਐੱਮ, ਆਈਪੀਆਈ ਦਾ ਪ੍ਰੋਜੈਕਟ ਸੀ। ਆਈਪੀਆਈ ਵਿੱਚ ਮੇਰਾ ਬੌਸ, ਟੇਰਜੇ ਰੋਡ-ਲਾਰਸਨ, ਉਸ ਬਦਨਾਮ ਆਦਮੀ, ਐਪਸਟੀਨ ਨੂੰ ਜਾਣਦਾ ਸੀ। ਆਈਪੀਆਈ ਅਤੇ ਆਈਸੀਐੱਮ ਦੇ ਪ੍ਰਤੀਨਿਧੀ ਵਜੋਂ ਮੈਂ ਐਪਸਟੀਨ ਨੂੰ ਕੁਝ ਮੌਕਿਆਂ ‘ਤੇ ਮਿਲਿਆ। ਮੈਂ ਉਸ ਨੂੰ ਵੱਧ ਤੋਂ ਵੱਧ ਤਿੰਨ ਜਾਂ ਚਾਰ ਵਾਰ ਮਿਲਿਆ। ਆਈਸੀਐੱਮ ਅੰਤਰਰਾਸ਼ਟਰੀ ਮਾਮਲਿਆਂ ਨੂੰ ਦੇਖਦਾ ਸੀ ਅਤੇ ਐਪਸਟੀਨ ਇਸਦਾ ਹਿੱਸਾ ਨਹੀਂ ਸਨ।”
ਇਹ ਪੁੱਛੇ ਜਾਣ ‘ਤੇ ਕਿ ਉਹ ਇੱਕ ਸਜ਼ਾਯਾਫਤਾ ਦੋਸ਼ੀ ਨਾਲ ਕਿਉਂ ਸੰਪਰਕ ਵਿੱਚ ਸਨ, ਹਰਦੀਪ ਸਿੰਘ ਪੁਰੀ ਨੇ ਕਿਹਾ, “ਉਹ ਨਿਊਯਾਰਕ ਸਮਾਜ ਦਾ ਇੱਕ ਬਹੁਤ ਹੀ ਪ੍ਰਮੁੱਖ ਮੈਂਬਰ ਸੀ। ਉਸ ਨਾਲ ਜੁੜੇ ਅੱਧੇ ਤੋਂ ਵੱਧ ਲੋਕਾਂ ਨੂੰ ਉਸਦੇ ਅਤੀਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ ਇੱਥੇ ਇਹ ਮੁੱਦਾ ਨਹੀਂ ਹੈ। ਸਾਡੇ ਵਰਗੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਲੋਕਾਂ ਨਾਲ ਮਿਲਣਾ-ਜੁਲਣਾ ਪੈਂਦਾ ਹੈ।”
ਤਸਵੀਰ ਸਰੋਤ, ANI
ਹਰਦੀਪ ਸਿੰਘ ਪੁਰੀ ਨੇ ਆਪਣੇ ਬਚਾਅ ਵਿੱਚ ਕਿਹਾ, “ਮੈਂ ਕੋਲੰਬੋ ਵਿੱਚ ਇੱਕ ਨੌਜਵਾਨ ਫਸਟ ਸੈਕਟਰੀ ਸੀ ਅਤੇ ਮੈਨੂੰ ਵੇਲੁਪਿਲਾਈ ਪ੍ਰਭਾਕਰਨ ਨਾਮ ਦੇ ਇੱਕ ਵਿਅਕਤੀ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਸੀ, ਜੋ ਕਿ ਐੱਲਟੀਟੀਈ (ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ) ਦਾ ਮੁਖੀ ਸੀ। ਸਿਰਫ਼ ਇਸ ਲਈ ਕਿਉਂਕਿ ਮੈਂ ਪ੍ਰਭਾਕਰਨ ਨਾਲ ਗੱਲਬਾਤ ਕਰ ਰਿਹਾ ਸੀ… ਜੋ ਕਿ ਐੱਲਟੀਟੀਈ ਦਾ ਮੁਖੀ ਸੀ ਅਤੇ ਜਿਸ ‘ਤੇ ਬਾਅਦ ਵਿੱਚ ਸਾਡੇ ਪ੍ਰਧਾਨ ਮੰਤਰੀ ਦੀ ਹੱਤਿਆ ਲਈ ਜ਼ਿੰਮੇਦਾਰ ਹੋਣ ਦਾ ਇਲਜ਼ਾਮ ਲਗਾਇਆ ਗਿਆ… ਸਿਰਫ਼ ਇਸ ਲਈ ਕਿਉਂਕਿ ਮੈਂ ਇੱਕ ਅੱਤਵਾਦੀ ਨਾਲ ਗੱਲਬਾਤ ਕਰ ਰਿਹਾ ਹਾਂ… ਕੀ ਇਸਦਾ ਮਤਲਬ ਹੈ ਕਿ ਮੈਂ ਵੀ ਉਸ ਅੱਤਵਾਦੀ ਦੀਆਂ ਕਦਰਾਂ ਕੀਮਤਾਂ ਨੂੰ ਸਾਂਝਾ ਕਰਦਾ ਹਾਂ?”
ਹਰਦੀਪ ਸਿੰਘ ਪੁਰੀ ਨੇ ਕਿਹਾ, “ਅੱਠ ਸਾਲਾਂ ਵਿੱਚ ਕੇਵਲ ਦੋ ਸੰਦਰਭ ਹਨ-ਜਾਂ ਇੱਕ ਈਮੇਲ, ਮੇਰੇ ਸੰਪਰਕਾਂ ਨੇ ਮੇਰੀ ਮੁਲਾਕਾਤ ਇੱਕ ਵਿਅਕਤੀ ਨਾਲ ਕਰਵਾਈ ਜਿਸ ਦਾ ਨਾਮ ਰੀਡ ਹਾਫਮੈਨ ਸੀ। ਰੀਡ ਹਾਫਮੈਨ ਲਿੰਕਡਿਨ ਦੇ ਸੰਸਥਾਪਕ ਸੀ। ਤਾਂ ਮੈਂ ਲਿੰਕਡਇਨ ਦੇ ਰੀਡ ਹਾਫਮੈਨ ਨਾਲ ਮਿਲਿਆ ਅਤੇ ਬੈਠਕ ਤੋਂ ਬਾਅਦ ਮੈਂ ਇੱਕ ਸੰਦੇਸ਼ ਭੇਜਿਆ।”
ਰੀਡ ਹਾਫਮੈਨ ਨਾਲ ਜੁੜੇ ਮਾਮਲੇ ਬਾਰੇ ਪੁਰੀ ਨੇ ਕਿਹਾ, “ਨਵੰਬਰ 2014 ਵਿੱਚ, ਮੈਂ ਇੱਕ ਨਿੱਜੀ ਨਾਗਰਿਕ ਸੀ। ਕਿਸੇ ਨੇ ਕਿਹਾ ਕਿ ਉਹ ਭਾਰਤ ਨੂੰ ਸਮਝਣਾ ਚਾਹੁੰਦੇ ਹਨ। ਸੰਯੁਕਤ ਰਾਜ ਅਮਰੀਕਾ ਦੇ ਵੇਸਟ ਕੋਸਟ ‘ਤੇ ਸਾਡੀ ਮੁਲਾਕਾਤ ਲਿੰਕਡਿਨ ਦੇ ਸੰਸਥਾਪਕ ਰੀਡ ਹਾਫਮੈਨ ਨਾਲ ਹੁੰਦੀ ਹੈ। ਅਤੇ ਮੈਂ ਆਪਣੀ ਈਮੇਲ ਦੀ ਸ਼ੁਰੂਆਤ ਇਹ ਕਹਿ ਕੇ ਸ਼ੁਰੂ ਕਰਦਾ ਹਾਂ ਕਿ ਹੁਣ ਮੈਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਕੀਨ ਹੈ ਕਿ ਅੱਜ ਦਾ ਭਾਰਤ ਇੱਕ ਬਹੁਤ ਵੱਡਾ ਮੌਕਾ ਪੇਸ਼ ਕਰਦਾ ਹੈ ਅਤੇ ਰੀਡ ਹਾਫਮੈਨ ਨੂੰ ਭਾਰਤ ਆਉਣਾ ਚਾਹੀਦਾ ਹੈ ਅਤੇ ਹੋ ਰਹੇ ਬਦਲਾਅ ਦੇਖਣੇ ਚਾਹੀਦੇ ਹਨ।”
“ਮੈਂ ਨਵੰਬਰ 2014 ਵਿੱਚ ਡਿਜੀਟਲ ਇੰਡੀਆ ਬਾਰੇ ਗੱਲ ਕਰ ਰਿਹਾ ਹਾਂ। ਜੇ ਮੇਰੀ ਯਾਦਦਾਸ਼ਤ ਸਹੀ ਹੈ ਤਾਂ ਇਹ ਪ੍ਰੋਜੈਕਟ 2015 ਵਿੱਚ ਸ਼ੁਰੂ ਹੋਇਆ ਸੀ। ਤਾਂ ਮੈਂ ਉੱਥੇ ਇੱਕ ਦੂਰਦਰਸ਼ੀ ਨਿੱਜੀ ਨਾਗਰਿਕ ਸੀ, ਜੋ ਇਹ ਸਮਝ ਰਿਹਾ ਸੀ ਕਿ ਮੋਦੀ ਸਰਕਾਰ ਕਿਸ ਤਰ੍ਹਾਂ ਦਾ ਕੰਮ ਕਰਨ ਜਾ ਰਹੀ ਹੈ।”
ਐਪਸਟੀਨ ਦੀ ਸਹਿਯੋਗੀ ਨੂੰ ਵੀਜ਼ਾ ਦਿਵਾਉਣ ਵਿੱਚ ਮਦਦ ਕਰਨ ਦੇ ਮੁੱਦੇ ‘ਤੇ, ਹਰਦੀਪ ਪੁਰੀ ਨੇ ਕਿਹਾ, “ਜੋ ਵੀਜ਼ਾ ਦੀ ਬੇਨਤੀ ਆਈ ਤਾਂ ਮੈਂ ਜਵਾਬ ਨਹੀਂ ਦਿੱਤਾ। ਮੈਂ ਇਸ ਨੂੰ ਇੱਕ ਸਹਿਯੋਗੀ ਨੂੰ ਅੱਗੇ ਭੇਜ ਦਿੱਤਾ… ਜਿਸ ਨੇ ਇਸਨੂੰ ਇੱਕ ਅਜਿਹੇ ਵਿਅਕਤੀ ਨੂੰ ਅੱਗੇ ਭੇਜ ਦਿੱਤਾ, ਜਿਸ ਨੇ ਕਿਹਾ ਕਿ ਆਨਲਾਈਨ ਅਰਜ਼ੀ ਦਿਓ। ਕੀ ਇਹ ਕਿਸੇ ‘ਤੇ ਅਹਿਸਾਨ ਕਰਨਾ ਹੈ?”
ਉਨ੍ਹਾਂ ਨੇ ਕਿਹਾ, “ਐਪਸਟੀਨ ਨੇ ਮੇਰੇ ਬਾਰੇ ਲਿਖਿਆ ਟੂ-ਫੇਸਡ (ਦੋ ਮੂੰਹਾਂ)-ਟੂ-ਫੇਸਡ ਦਾ ਕੀ ਮਤਲਬ ਹੈ ਕਿ ਇਹ ਆਦਮੀ ਠੀਕ ਨਹੀਂ ਹੈ। ਉਨ੍ਹਾਂ ਦੇ ਵੈਲਿਊ ਸਿਸਟਮ ਵਿੱਚ ਮੈਂ ਬਿਲਕੁਲ ਠੀਕ ਨਹੀਂ ਸੀ।”
ਨਾਲ ਹੀ ਕੇਂਦਰੀ ਮੰਤਰੀ ਨੇ ‘ਭਾਰਤੀ ਤੇ ਸੱਪ’ ਵਾਲੀ ਗੱਲ ਦਾ ਜ਼ਿਕਰ ਕਰਦੇ ਹੋਏ ਇਹ ਜਤਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਨ੍ਹਾਂ ਦੀ ਐਪਸਟੀਨ ਨਾਲ ਕੋਈ ਨਜ਼ਦੀਕੀ ਨਹੀਂ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


