Home ਰਾਸ਼ਟਰੀ ਖ਼ਬਰਾਂ ਡਾਰਕਵੈਬ ਦੇ ਏਜੰਟ ਨੇ ਕਿਵੇਂ ਜਿਨਸੀ ਸ਼ੋਸ਼ਣ ਸਹਿ ਰਹੀ ਕੁੜੀ ਨੂੰ ਬੈੱਡਰੂਮ...

ਡਾਰਕਵੈਬ ਦੇ ਏਜੰਟ ਨੇ ਕਿਵੇਂ ਜਿਨਸੀ ਸ਼ੋਸ਼ਣ ਸਹਿ ਰਹੀ ਕੁੜੀ ਨੂੰ ਬੈੱਡਰੂਮ ਦੀ ਕੰਧ ਦੀਆਂ ਇੱਟਾਂ ਦੀ ਪਛਾਣ ਨਾਲ ਬਚਾਇਆ

10
0

Source :- BBC PUNJABI

ਗ੍ਰੇਗ ਸਕੁਇਰ, ਸਲੇਟੀ ਰੰਗ ਦੀ ਵੀ-ਨੈੱਕ ਟੀ-ਸ਼ਰਟ ਅਤੇ ਐਨਕਾਂ ਪਹਿਨੀ ਹੋਈ, ਇੱਕ ਇੱਟਾਂ ਦੀ ਕੰਧ ਅਤੇ ਇੱਕ ਕੁੜੀ ਦੇ ਪਰਛਾਵੇਂ ਵਾਲੀ ਇੱਕ ਐਡਿਟ ਕੀਤੀ ਹੋਈ ਤਸਵੀਰ ਦੇ ਕੋਲ ਹੈ

ਚੇਤਾਵਨੀ: ਇਸ ਲੇਖ ਵਿੱਚ ਜਿਣਸੀ ਸ਼ੋਸ਼ਣ ਬਾਰੇ ਵੇਰਵੇ ਹਨ।

ਆਨਲਾਈਨ ਜਾਂਚ ਦੇ ਮਾਹਰ ਗ੍ਰੇਗ ਸਕੁਇਰ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਇੱਕ ਪੀੜਤ ਕੁੜੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ‘ਚ ਇੱਕ ਅਜਿਹੇ ਮੋੜ ‘ਤੇ ਆ ਖੜ੍ਹੇ ਜਿੱਥੋਂ ਅੱਗੇ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਸੀ। ਇਸ ਕੁੜੀ ਦਾ ਨਾਂ ਉਨ੍ਹਾਂ ਦੀ ਟੀਮ ਨੇ ‘ਲੂਸੀ’ ਰੱਖਿਆ ਸੀ।

ਇਸ ਕੁੜੀ ਦੀਆਂ ਕੁਝ ਦਹਿਲਾ ਦੇਣ ਵਾਲੀਆਂ ਤਸਵੀਰਾਂ ਡਾਰਕ ਵੈੱਬ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ। ਡਾਰਕ ਵੈੱਬ— ਇੰਟਰਨੈੱਟ ਦਾ ਅਜਿਹਾ ਇਨਕ੍ਰਿਪਟਡ ਹਿੱਸਾ ਹੈ, ਜਿਸ ਦੀ ਵਰਤੋਂ ਸਿਰਫ਼ ਕੁਝ ਖਾਸ ਕਿਸਮ ਦੇ ਸਾਫਟਵੇਅਰ ਜ਼ਰੀਏ ਹੀ ਸੰਭਵ ਹੈ। ਇਹ ਸਾਫਟਵੇਅਰ ਵਰਤੋਂਕਾਰਾਂ ਦੀ ਪਛਾਣ ਨੂੰ ਛੁਪਾ ਕੇ ਰੱਖਦੇ ਹਨ ਅਤੇ ਉਹ ਲੱਭੇ ਨਹੀਂ ਜਾ ਸਕਦੇ।

ਸਕੁਇਰ ਦੱਸਦੇ ਹਨ, “ਇਸ ਪੱਧਰ ਦੇ ਗੁਪਤ ਤਰੀਕਿਆਂ ਦੇ ਬਾਵਜੂਦ, ਸ਼ੋਸ਼ਕ ਕੋਈ ਵੀ ਸਬੂਤ ਨਾ ਛੱਡਣ ਪ੍ਰਤੀ ਹੁਸ਼ਿਆਰ ਸੀ। ਉਹ ਹਰ ਉਸ ਸਬੂਤ ਨੂੰ ਜਾਂ ਤਾਂ ਹਟਾ ਰਿਹਾ ਸੀ ਜਾਂ ਬਦਲ ਰਿਹਾ ਸੀ ਜਿਸ ਤੋਂ ਪਹਿਚਾਣ ਉਜਾਗਰ ਹੋ ਸਕਦੀ ਸੀ। ਇਹ ਪਤਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ ਕਿ ਲੂਸੀ ਕੌਣ ਹੈ ਜਾਂ ਕਿੱਥੇ ਹੈ।”

ਉਨ੍ਹਾਂ ਨੂੰ ਛੇਤੀ ਹੀ 12 ਸਾਲ ਦੀ ਕੁੜੀ ਦਾ ਥਹੁ-ਪਤਾ ਲੱਗਣ ਲੱਗਿਆ, ਇਸਦਾ ਸੁਰਾਗ ਉਨ੍ਹਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਸੀ।

ਸਕੁਇਰ ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨਜ਼ ਦੀ ਇੱਕ ਯੂਨਿਟ ‘ਚ ਕੰਮ ਕਰਦੇ ਹਨ ਜੋ ਜਿਣਸੀ ਸੋਸ਼ਣ ਨਾਲ ਜੁੜੀ ਸਮੱਗਰੀ ਵਿੱਚ ਨਜ਼ਰ ਆਉਣ ਵਾਲੇ ਬੱਚਿਆਂ ਦੀ ਪਛਾਣ ਕਰਦੇ ਹਨ।

ਬੀਬੀਸੀ ਵਰਲਡ ਸਰਵਿਸ ਦੀ ਟੀਮ ਨੇ ਸਕੁਇਰ ਅਤੇ ਉਨ੍ਹਾਂ ਤੋਂ ਇਲਾਵਾ ਪੁਰਤਗਾਲ, ਬ੍ਰਾਜ਼ੀਲ ਅਤੇ ਰੂਸ ਦੀਆਂ ਜਾਂਚ ਏਜੰਸੀਆਂ ਨਾਲ ਕਰੀਬ ਪੰਜ ਸਾਲ ਗੁਜ਼ਾਰੇ ਅਤੇ ਵੱਖ-ਵੱਖ ਕੇਸਾਂ ਨਾਲ ਨਜਿੱਠਣ ਦਾ ਫਿਲਮਾਂਕਣ ਕੀਤਾ। ਜਿਵੇਂ ਰੂਸ ਵਿੱਚ ਇੱਕ ਅਗਵਾ ਕੀਤੀ ਗਈ ਸੱਤ ਸਾਲ ਦੀ ਬੱਚੀ ਦਾ ਮਾਮਲਾ ਅਤੇ ਬ੍ਰਾਜ਼ੀਲ ਵਿੱਚ ਡਾਰਕ ਵੈੱਬ ਦੇ ਵੱਡੇ ਫੋਰਮ ਚਲਾਉਣ ਵਾਲੇ ਵਿਅਕਤੀ ਦੀ ਗ੍ਰਿਫ਼ਤਾਰੀ।

ਇਹ ਦਰਸਾਉਂਦਾ ਹੈ ਕਿ ਅਜਿਹੇ ਕੇਸ ਅਕਸਰ ਕਿਵੇਂ ਸੁਲਝਾਏ ਜਾਂਦੇ ਹਨ। ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਨਹੀਂ, ਸਗੋਂ ਤਸਵੀਰਾਂ ਜਾਂ ਚੈਟ ਫੋਰਮਾਂ ‘ਚ ਨਜ਼ਰ ਆਉਣ ਵਾਲੇ ਵੇਰਵਿਆਂ ਦੀ ਬਰੀਕੀ ਨਾਲ ਘੋਖ ਕਰਨ ਨਾਲ।

ਗ੍ਰੇਗ ਸਕੁਇਰ ਅਤੇ ਉਸਦੇ ਸਹਿਯੋਗੀ, ਜਿਨ੍ਹਾਂ ਵਿੱਚ ਪੀਟ ਮੈਨਿੰਗ ਵੀ ਸ਼ਾਮਲ ਹੈ, ਆਪਣੇ ਦਫ਼ਤਰ ਵਿੱਚ ਹਨ

ਸਕੁਇਰ ਕਹਿੰਦੇ ਹਨ ਕਿ ਲੂਸੀ ਦਾ ਕੇਸ, ਜਿਸ ਨਾਲ ਉਹ ਆਪਣੇ ਸ਼ੁਰੂਆਤੀ ਕਰੀਅਰ ‘ਚ ਨਜਿੱਠੇ, ਉਹ ਕੇਸ ਉਨ੍ਹਾਂ ਦੀ ਲੰਬੇ ਸਮੇਂ ਦੇ ਸਮਰਪਣ ਲਈ ਪ੍ਰੇਰਨਾ ਹੈ।

ਉਨ੍ਹਾਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਸੀ ਕਿ ਲੂਸੀ ਦੀ ਉਮਰ ਉਨ੍ਹਾਂ ਦੀ ਆਪਣੀ ਧੀ ਜਿੰਨੀ ਸੀ ਅਤੇ ਆਪਣੇ ਹੀ ਬੈੱਡਰੂਮ ‘ਚ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਦੀਆਂ ਉਸ ਦੀਆਂ ਨਵੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ।

ਸਕੁਇਰ ਅਤੇ ਉਨ੍ਹਾਂ ਦੀ ਟੀਮ ਨੇ ਤਸਵੀਰਾਂ ‘ਚ ਨਜ਼ਰ ਆਉਂਦੇ ਬਿਜਲੀ ਦੇ ਸਾਕਟ ਅਤੇ ਇਲੈਕਟ੍ਰੀਕਲ ਆਉਟਲੈਟਸ ਤੋਂ ਅੰਦਾਜ਼ਾ ਲਗਾਇਆ ਕਿ ਲੂਸੀ ਉੱਤਰੀ ਅਮਰੀਕਾ ਵਿੱਚ ਸੀ ਪਰ ਇਸ ਤੋਂ ਵੱਧ ਹੋਰ ਕੁਝ ਨਹੀਂ।

ਉਨ੍ਹਾਂ ਨੇ ਫੇਸਬੁੱਕ ਨਾਲ ਸੰਪਰਕ ਕੀਤਾ, ਅਤੇ ਉਨ੍ਹਾਂ ਤੋਂ ਅਪਲੋਡ ਕੀਤੀਆਂ ਪਰਿਵਾਰਕ ਤਸਵੀਰਾਂ ਦੀ ਮੰਗ ਕੀਤੀ— ਤਾਂ ਜੋ ਉਹ ਦੇਖ ਸਕਣ ਕਿ ਲੂਸੀ ਇਨ੍ਹਾਂ ਵਿੱਚੋਂ ਕਿਸੇ ਸੀ। ਲੇਕਿਨ, ਫੇਸਬੁੱਕ ਨੇ ਚਿਹਰਾ ਪਛਾਨਣ ਦੀ ਤਕਨੀਕ ਹੋਣ ਦੇ ਬਾਵਜੂਦ ਕਿਹਾ ਕਿ ਉਸ ਕੋਲ ਇਸ ਲਈ ਉਚਿਤ ਤਕਨੀਕ ਨਹੀਂ ਸੀ।

ਫਿਰ ਸਕੁਇਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੂਸੀ ਦੇ ਕਮਰੇ ‘ਚ ਨਜ਼ਰ ਆਉਣ ਵਾਲੀ ਹਰ ਚੀਜ਼ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ। ਜਿਵੇਂ, ਬੈੱਡਸ਼ੀਟ, ਉਸਦੇ ਕੱਪੜੇ, ਖਿਡੌਣੇ। ਉਹ ਕਿਸੇ ਸੁਰਾਗ ਦੀ ਭਾਲ ਕਰ ਰਹੇ ਸਨ, ਜਿਸ ਤੋਂ ਮਦਦ ਮਿਲ ਸਕੇ।

ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਛੋਟੀ ਕਾਮਯਾਬੀ ਮਿਲੀ। ਟੀਮ ਨੂੰ ਕੁਝ ਤਸਵੀਰਾਂ ਵਿੱਚ ਇੱਕ ਸੋਫਾ ਨਜ਼ਰ ਆਇਆ। ਇਹ ਸੋਫਾ ਸਿਰਫ਼ ਖੇਤਰੀ ਪੱਧਰ ਉੱਤੇ ਹੀ ਵੇਚਿਆ ਜਾਂਦਾ ਹੈ ਨਾ ਕਿ ਪੂਰੇ ਦੇਸ ਵਿੱਚ। ਇਸ ਲਈ ਇਸਦੇ ਗਾਹਕ ਸੀਮਿਤ ਸਨ।

ਫਿਰ ਵੀ ਉਸਦੇ ਗਾਹਕਾਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਸੀ।

ਸਕੁਇਰ ਕਹਿੰਦੇ ਹਨ, “ਜਾਂਚ ਦੇ ਇਸ ਪੜਾਅ ‘ਤੇ ਵੀ, ਅਸੀਂ ਅਮਰੀਕਾ ਦੇ 29 ਸੂਬਿਆਂ ਵਿੱਚ ਜਾਂਚ ਕਰ ਰਹੇ ਸੀ। ਮੇਰਾ ਭਾਵ ਹੈ ਕਿ ਅਸੀਂ ਕਈ ਸੌ ਹਜ਼ਾਰ ਪਤੇ ਦੇਖਣੇ ਸੀ ਅਤੇ ਇਹ ਇੱਕ ਬਹੁਤ ਹੀ ਮੁਸ਼ਕਿਲ ਕੰਮ ਸੀ।”

ਟੀਮ ਨੇ ਕੁਝ ਹੋਰ ਸਬੂਤਾਂ ਦੀ ਤਲਾਸ਼ ਕੀਤੀ ਅਤੇ ਫਿਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਲੂਸੀ ਦੇ ਬੈੱਡਰੂਮ ‘ਚ ਨਜ਼ਰ ਆਉਣ ਵਾਲੀ ਇੱਕ ਮਾਮੂਲੀ ਜਿਹੀ ਇੱਟਾਂ ਦੀ ਕੰਧ ਉਨ੍ਹਾਂ ਨੂੰ ਸਬੂਤ ਦੇ ਸਕਦੀ ਹੈ।

ਸਕੁਇਰ ਦੱਸਦੇ ਹਨ, “ਇਸ ਲਈ ਅਸੀਂ ਗੂਗਲ ‘ਤੇ ਇੱਟਾਂ ਬਾਰੇ ਸਰਚ ਕਰਨਾ ਸ਼ੁਰੂ ਕੀਤਾ ਅਤੇ ਜਲਦੀ ਹੀ ਅਸੀਂ ਇੱਟ ਉਦਯੋਗ ਦੀ ਐਸੋਸੀਏਸ਼ਨ ਤੱਕ ਪਹੁੰਚੇ।”

“ਫੋਨ ‘ਤੇ ਗੱਲ ਕਰਨ ਵਾਲੀ ਮਹਿਲਾ ਬਹੁਤ ਚੰਗੀ ਸੀ।”

ਉਸ ਨੇ ਕਿਹਾ, “ਇੱਟ ਉਦਯੋਗ ਕਿਵੇਂ ਤੁਹਾਡੀ ਮਦਦ ਕਰ ਸਕਦਾ ਹੈ?”

ਮਹਿਲਾ ਨੇ ਤੁਰੰਤ ਉਹ ਤਸਵੀਰਾਂ ਦੇਸ ਭਰ ਦੇ ਇੱਟਾਂ ਦੇ ਤਮਾਮ ਮਾਹਰਾਂ ਨਾਲ ਸਾਂਝਾ ਕਰਨ ਦੀ ਸਲਾਹ ਦਿੱਤੀ।

ਇਸ ਦੌਰਾਨ ਅਸੀਂ ਜੋਹਨ ਹਾਰਪ ਦੇ ਸੰਪਰਕ ਵਿੱਚ ਆਏ ਜੋ 1981 ਤੋਂ ਇੱਟਾਂ ਕਾਰੋਬਾਰ ਵਿੱਚ ਕੰਮ ਕਰ ਸਨ।

ਉਨ੍ਹਾਂ ਦੱਸਿਆ,”ਮੈਂ ਗੌਰ ਕੀਤਾ ਕਿ ਇਹ ਇੱਟ ਬਹੁਤ-ਗੁਲਾਬੀ ਰੰਗ ਦੀ ਸੀ, ਜਿਸ ‘ਤੇ ਚਾਰਕੋਲ ਦੀ ਕੁਝ ਪਰਤ ਚੜ੍ਹਾਈ ਗਈ ਸੀ। ਇਹ ਚੌੜੇ ਕਿਨਾਰਿਆਂ ਵਾਲੀ ਇੱਕ ਅੱਠ ਇੰਚ ਦੀ ਮੋਡਿਊਲਰ ਇੱਟ ਸੀ। ਮੈਂ ਇਹ ਇੱਟ ਦੇਖਦੇ ਹੀ ਸਮਝ ਗਿਆ ਸੀ ਕਿ ਇਹ ਕਿਸ ਕਿਸਮ ਦੀ ਇੱਟ ਹੈ।”

ਉਸ ਨੇ ਸਕੁਇਰ ਨੂੰ ਦੱਸਿਆ, “ਇਹ ਫਲੈਮਿੰਗ ਅਲਾਮੋ (ਇੱਟ) ਹੈ।”

“ਇਹ ਇੱਟ (ਸਾਡੀ ਕੰਪਨੀ) ਨੇ 60 ਦੇ ਦਹਾਕੇ ਤੋਂ ਕਰੀਬ 80 ਦੇ ਦਹਾਕਿਆਂ ਤੱਕ ਬਣਾਈ ਅਤੇ ਇਸ ਭੱਠੇ ਤੋਂ ਮੈਂ ਅਜਿਹੀਆਂ ਕਈ ਲੱਖ ਇੱਟਾਂ ਵੇਚੀਆਂ ਸਨ।”

ਜੌਨ ਹਾਰਪ, ਉਸਨੇ ਕਾਲੇ ਰੰਗ ਦੀ ਅੱਧੀ ਬਾਂਹ ਵਾਲੀ ਕਮੀਜ਼ ਅਤੇ ਹਰੀ ਪੈਂਟ ਪਾਈ ਹੋਈ ਹੈ

ਜੋਹਨ ਹਾਰਪ ਲੂਸੀ ਦੇ ਕਮਰੇ ਦੀ ਕੰਧ ਵਿੱਚ ਲੱਗੀ ਇੱਟ ਨੂੰ ਪਛਾਣਨ ‘ਚ ਕਾਮਯਾਬ ਹੋਏ ਸਨ।

ਸ਼ੁਰੂ ਵਿੱਚ ਸਕੁਇਰ ਬਹੁਤ ਖੁਸ਼ ਸੀ, ਉਨ੍ਹਾਂ ਨੂੰ ਉਮੀਦ ਸੀ ਕਿ ਉਹ ਇੱਕ ਗਾਹਕ ਸੂਚੀ ਤੱਕ ਪਹੁੰਚ ਕਰ ਸਕਣਗੇ। ਲੇਕਿਨ ਹਾਰਪ ਨੇ ਖ਼ਬਰ ਦਿੱਤੀ ਕਿ ਵਿਕਰੀ ਰਿਕਾਰਡ ਦਹਾਕਿਆਂ ਪੁਰਾਣੇ ਸਿਰਫ਼ “ਨੋਟਸ ਦਾ ਢੇਰ” ਸਨ।

ਹਾਲਾਂਕਿ ਹਾਰਪ ਨੇ ਸਕੁਇਰ ਨੂੰ ਇੱਕ ਬਹੁਤ ਅਹਿਮ ਜਾਣਕਾਰੀ ਦਿੱਤੀ “ਇਹ ਇੱਟਾਂ ਭਾਰੀ ਹੁੰਦੀਆਂ ਹਨ, ਇਸ ਲਈ ਉਹ ਬਹੁਤ ਦੂਰ ਨਹੀਂ ਜਾਂਦੀਆਂ।”

ਇਸ ਜਾਣਕਾਰੀ ਨੇ ਸਭ ਕੁਝ ਬਦਲ ਦਿੱਤਾ। ਟੀਮ ਨੇ ਮੁੜ ਸੋਫਾ ਖਰੀਦਣ ਵਾਲਿਆਂ ਦੀ ਸੂਚੀ ਦੇਖੀ ਅਤੇ ਉਨ੍ਹਾਂ ਲੋਕਾਂ ਦੀ ਜਾਣਕਾਰੀ ਕੱਢੀ ਜੋ ਅਮਰੀਕਾ ਦੇ ਦੱਖਣ-ਪੱਛਮ ਵਿੱਚ ਹਾਰਪ ਦੇ ਭੱਠੇ ਦੇ 100 ਮੀਲ ਦੇ ਘੇਰੇ ਵਿੱਚ ਰਹਿੰਦੇ ਸਨ।

ਉਨ੍ਹਾਂ 40 ਜਾਂ 50 ਲੋਕਾਂ ਦੀ ਇਸ ਸੂਚੀ ਵਿੱਚ ਸ਼ਾਮਲ ਲੋਕਾਂ ਨੂੰ ਲੱਭਣਾ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਨੂੰ ਖੰਗਾਲਣਾ ਆਸਾਨ ਹੋ ਗਿਆ। ਇਸੇ ਦੌਰਾਨ ਉਨ੍ਹਾਂ ਨੂੰ ਫੇਸਬੁੱਕ ‘ਤੇ ਲੂਸੀ ਦੀ ਇੱਕ ਤਸਵੀਰ ਦਿਖਾਈ ਦਿੱਤੀ, ਜਿਸ ਵਿੱਚ ਉਹ ਕਿਸੇ ਵੱਡੇ ਨਾਲ ਦਿਖਾਈ ਦੇ ਰਹੀ ਸੀ, ਦੇਖਣ ਤੋਂ ਉਹ ਲੂਸੀ ਦਾ ਕੋਈ ਨਜ਼ਦੀਕੀ ਸੀ..ਸ਼ਾਇਦ ਕੋਈ ਰਿਸ਼ਤੇਦਾਰ।

ਉਨ੍ਹਾਂ ਮਹਿਲਾ ਦੇ ਪਤੇ ਦਾ ਪਤਾ ਲਾਇਆ ਅਤੇ ਇਸ ਦੀ ਵਰਤੋਂ ਉਸ ਵਿਅਕਤੀ ਨਾਲ ਜੁੜੇ ਹਰ ਪਤੇ ਦਾ ਪਤਾ ਕਰਨ ਲਈ ਕੀਤੀ।

ਇਸ ਨਾਲ ਲੂਸੀ ਦੇ ਸੰਭਾਵੀ ਪਤੇ ਨੂੰ ਹੋਰ ਵੀ ਸੀਮਤ ਕਰ ਦਿੱਤਾ ਗਿਆ। ਉਹ ਘਰੋ-ਘਰੀਂ ਜਾ ਕੇ ਪੁੱਛਗਿੱਛ ਨਹੀਂ ਕਰਨਾ ਚਾਹੁੰਦੇ ਸਨ। ਅਜਿਹਾ ਕਰਨ ਨਾਲ ਮੁਲਜ਼ਮ ਨੂੰ ਸੂਹ ਮਿਲ ਸਕਦੀ ਸੀ ਕਿ ਜਾਂਚ ਅਧਿਕਾਰੀ ਉਸ ਨੂੰ ਲੱਭ ਰਹੇ ਸਨ।

ਇਸ ਲਈ ਸਕੁਇਰ ਅਤੇ ਉਸਦੇ ਸਾਥੀਆਂ ਨੇ ਜੋਹਨ ਹਾਰਪ, ਨੂੰ ਇਨ੍ਹਾਂ ਘਰਾਂ ਦੀਆਂ ਤਸਵੀਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ।

ਗ੍ਰੇਗ ਸਕੁਇਰ ਆਪਣੇ ਘਰ ਦੇ ਨੇੜੇ ਸੈਰ ਕਰਦਿਆਂ ਆਪਣੇ ਕੁੱਤੇ ਦੇ ਨਾਲ

ਫਲੈਮਿੰਗ ਅਲਾਮੋਸ ਇੱਟ ਘਰ ਦੀਆਂ ਬਾਹਰੀ ਕੰਧਾਂ ਤੋਂ ਨਜ਼ਰ ਨਹੀਂ ਆਉਂਦੀ ਸੀ ਕਿਉਂਕਿ ਇਮਾਰਤਾਂ ਹੋਰ ਸਮੱਗਰੀ ਨਾਲ ਢੱਕੀਆਂ ਹੁੰਦੀਆਂ ਸਨ। ਟੀਮ ਨੇ ਹਾਰਪ ਨੂੰ ਇਨ੍ਹਾਂ ਇਮਾਰਤਾਂ ਦੀ ਬਣਾਵਟ ਅਤੇ ਬਾਹਰੀ ਹਿੱਸੇ ਨੂੰ ਵੇਖ ਕੇ ਅੰਦਾਜਾ ਲਾਉਣ ਲਈ ਕਿਹਾ ਕਿ ਕੀ ਇਹ ਇਮਾਰਤਾਂ ਉਸ ਸਮੇਂ ਦੌਰਾਨ ਬਣੀਆਂ ਹੋ ਸਕਦੀਆਂ ਹਨ ਜਦੋਂ ਫਲੈਮਿੰਗ ਅਲਾਮੋਸ ਦੀ ਵੇਚੀ ਜਾਂਦੀ ਸੀ।

ਸਕੁਇਰ ਦੱਸਦੇ ਹਨ, “ਅਸੀਂ ਅਸਲ ਵਿੱਚ ਉਸ ਘਰ ਜਾਂ ਰਿਹਾਇਸ਼ ਦਾ ਇੱਕ ਸਕ੍ਰੀਨਸ਼ੌਟ ਲੈਂਦੇ ਸੀ ਅਤੇ ਜੋਹਨ ਨੂੰ ਭੇਜ ਕੇ ਪੁੱਛਦੇ ਸੀ ‘ਕੀ ਇਸ ਘਰ ਵਿੱਚ ਇਹ ਇੱਟਾਂ ਹੋਣਗੀਆਂ?’

ਆਖਰ ਉਨ੍ਹਾਂ ਨੂੰ ਇੱਕ ਸਫਲਤਾ ਮਿਲੀ। ਉਨ੍ਹਾਂ ਨੂੰ ਇੱਕ ਘਰ ਮਿਲਿਆ ਜੋ ਹਾਰਪ ਮੁਤਾਬਕ ਫਲੈਮਿੰਗ ਅਲਾਮੋਸ ਇੱਟਾਂ ਨਾਲ ਬਣਿਆ ਹੋ ਸਕਦਾ ਹੈ ਅਤੇ ਸੋਫੇ ਦੇ ਗਾਹਕਾਂ ਦੀ ਸੂਚੀ ‘ਚ ਵੀ ਸ਼ਾਮਿਲ ਹੈ।

ਸਕੁਇਰ ਦੱਸਦੇ ਹਨ, “ਇਸ ਜਾਣਕਾਰੀ ਨੇ ਸਾਡੀ ਜਾਂਚ ਨੂੰ ਇਸ ਘਰ ਤੱਕ ਸੀਮਿਤ ਕਰ ਦਿੱਤਾ ਅਤੇ ਅਸੀਂ ਸਟੇਟ ਰਿਕਾਰਡ ਤੋਂ ਇਹ ਪਤਾ ਕਰਨ ਵਿੱਚ ਜੁਟ ਗਏ ਕਿ ਇਸ ਘਰ ਵਿੱਚ ਪਿਛਲੇ ਸਾਲਾਂ ਦੌਰਾਨ ਕੌਣ-ਕੌਣ ਰਿਹਾ, ਜਿਵੇਂ ਡ੍ਰਾਈਵਿੰਗ ਲਾਈਸੈਂਸ, ਸਕੂਲਾਂ ਤੋਂ ਜਾਣਕਾਰੀ।”

ਟੀਮ ਨੂੰ ਇਹ ਪਤਾ ਲੱਗਾ ਕਿ ਲੂਸੀ ਇਸ ਘਰ ਵਿੱਚ ਆਪਣੀ ਮਾਂ ਦੇ ਬੁਆਏਫਰੈਂਡ ਨਾਲ ਰਹਿੰਦੀ ਸੀ ਜੋ ਕਿ ਇੱਕ ਜਿਣਸੀ ਅਪਰਾਧੀ ਸੀ।

ਕੁਝ ਘੰਟਿਆਂ ਵਿੱਚ ਸਥਾਨਕ ਹੋਮਲੈਂਡ ਸੁਰੱਖਿਆ ਏਜੰਟਾਂ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਜੋ ਛੇ ਸਾਲਾਂ ਤੋਂ ਲਗਾਤਾਰ ਲੂਸੀ ਦਾ ਰੇਪ ਕਰ ਰਿਹਾ ਸੀ। ਬਾਅਦ ‘ਚ ਉਸਨੂੰ 70 ਸਾਲ ਤੋਂ ਜਿਆਦਾ ਸਾਲਾਂ ਦੀ ਕੈਦ ਹੋਈ।

ਇੱਟ ਮਾਹਰ, ਹਾਰਪ ਲੂਸੀ ਦੇ ਸੁਰੱਖਿਅਤ ਹੋਣ ਦੀ ਖ਼ਬਰ ਸੁਣ ਕੇ ਬਹੁਤ ਖੁਸ਼ ਸੀ। ਉਹ ਆਪ ਵੀ ਲੰਬੇ ਸਮੇਂ ਤੋਂ ਫੋਸਟਰ ਪੇਰੇਂਟ ਸਨ।

ਉਨ੍ਹਾਂ ਦੱਸਿਆ,”ਸਾਡੇ ਘਰ ‘ਚ 150 ਤੋਂ ਵੱਧ ਬੱਚੇ ਰਹਿੰਦੇ ਹਨ। ਅਸੀਂ ਤਿੰਨ ਨੂੰ ਗੋਦ ਲਿਆ ਹੈ। ਇਸ ਸਮੇਂ ਦੌਰਾਨ ਸਾਡੇ ਘਰ ‘ਚ ਅਜਿਹੇ ਕਈ ਬੱਚੇ ਸਨ ਜੋ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਰਹੇ ਸਨ।”

“ਸਕੁਇਰ ਦੀ ਟੀਮ ਦਿਨ-ਰਾਤ ਜੋ ਕਰਦੀ ਹੈ ਅਤੇ ਜੋ ਕੁਝ ਉਹ ਦੇਖਦੇ ਹਨ, ਉਹ ਮੇਰੇ ਵੱਲੋਂ ਦੇਖੇ ਗਏ ਜਾਂ ਨਜਿੱਠੇ ਗਏ ਤਜ਼ਰਬਿਆਂ ਨਾਲੋਂ ਸੈਂਕੜੇ ਗੁਣਾ ਵੱਧ ਗੰਭੀਰ ਹੈ।”

ਗ੍ਰੇਗ ਸਕੁਇਰ ਜੰਗਲ ਵਿੱਚ ਸੈਰ ਕਰ ਰਿਹਾ ਹੈ - ਉਸਨੇ ਇੱਕ ਗੂੜ੍ਹੇ ਰੰਗ ਦਾ ਕੋਟ ਅਤੇ ਸਲੇਟੀ ਰੰਗ ਦੀ ਬੀਨੀ ਟੋਪੀ ਪਾਈ ਹੋਈ ਹੈ

ਕੁਝ ਸਾਲ ਪਹਿਲਾਂ, ਕੰਮ ਦਾ ਗੰਭੀਰ ਅਸਰ ਸਕੁਇਰ ਦੀ ਮਾਨਸਿਕ ਸਿਹਤ ‘ਤੇ ਪੈਣ ਲੱਗਾ ਅਤੇ ਉਹ ਮੰਨਦੇ ਹਨ ਕਿ ਜਦੋਂ ਉਹ ਕੰਮ ਨਹੀਂ ਕਰਦੇ ਸਨ ਤਾਂ “ਸ਼ਰਾਬ ਜ਼ਿੰਦਗੀ ਦਾ ਹਿੱਸਾ ਬਣ ਗਈ, ਜੋ ਨਹੀਂ ਬਣਨਾ ਚਾਹੀਦੀ ਸੀ।”

“ਉਸ ਵੇਲੇ ਮੇਰੇ ਬੱਚੇ ਕੁਝ ਵੱਡੇ ਹੋ ਗਏ ਸਨ… ਅਤੇ ਇਸ ਕਰਕੇ ਮੇਰੇ ਲਈ ਇਹ ਹੋਰ ਆਸਾਨ ਹੋ ਗਿਆ ਸੀ। ਜਿਵੇਂ… ‘ਮੈਂ ਸ਼ਰਤ ਲਗਾਉਂਦਾ ਹਾਂ ਕਿ ਜੇ ਮੈਂ ਸਵੇਰੇ ਤਿੰਨ ਵਜੇ ਉੱਠ ਜਾਵਾਂ ਤਾਂ ਮੈਂ ਕਿਸੇ ਕਸੂਰਵਾਰ ਨੂੰ ਆਨਲਾਈਨ ਦਬੋਚ ਸਕਦਾ ਹਾਂ।’

“ਲੇਕਿਨ ਇਸ ਦੌਰਾਨ, ਨਿੱਜੀ ਤੌਰ ‘ਤੇ… ‘ਗ੍ਰੈਗ ਕੌਣ ਹੈ? ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸਨੂੰ ਕੀ ਕਰਨਾ ਪਸੰਦ ਹੈ।’ ਦਿਨ ਵਿੱਚ ਜੋ ਤੁਹਾਡੇ ਦੋਸਤ ਹੁੰਦੇ ਹਨ… ਤੁਹਾਨੂੰ ਪਤਾ ਹੁੰਦਾ ਹੈ ਕਿ ਅਪਰਾਧੀ ਹਨ… ਅਤੇ ਉਹ ਸਾਰਾ ਦਿਨ ਭਿਆਨਕ ਚੀਜ਼ਾਂ ਬਾਰੇ ਹੀ ਗੱਲ ਕਰਦੇ ਰਹਿੰਦੇ ਹਨ।”

ਇਸ ਤੋਂ ਕੁਝ ਹੀ ਸਮੇਂ ਬਾਅਦ ਸਕੁਇਰ ਦਾ ਵਿਆਹ ਟੁੱਟ ਗਿਆ, ਅਤੇ ਸਕੁਇਰ ਕਹਿੰਦੇ ਹਨ ਕਿ ਉਸ ਦੇ ਮਨ ਵਿੱਚ ਖੁਦਕੁਸ਼ੀ ਦੇ ਵਿਚਾਰ ਆਉਣ ਲੱਗ ਪਏ।

ਸਕੁਇਰ ਦੇ ਦੋਸਤ ਪੀਟ ਮੈਨਿੰਗ ਨੇ ਜਦੋਂ ਸਕੁਇਰ ਦੇ ਸੰਘਰਸ਼ ਨੂੰ ਮਹਿਸੂਸ ਕੀਤਾ ਤਾਂ ਉਸ ਨੂੰ ਮਦਦ ਲੈਣ ਦਾ ਹੌਂਸਲਾ ਦਿੱਤਾ।

ਗ੍ਰੇਗ ਸਕੁਇਰ ਅਤੇ ਪੀਟ ਮੈਨਿੰਗ ਸਮੁੰਦਰ ਦੇ ਕਿਨਾਰੇ ਹੱਥਾਂ ਵਿੱਚ ਟੇਕ-ਅਵੇ ਡਰਿੰਕਸ ਫੜ ਕੇ ਸੈਰ ਕਰ ਰਹੇ ਹਨ

ਮੈਨਿੰਗ ਕਹਿੰਦੇ ਹਨ, “ਇਹ ਬਹੁਤ ਮੁਸ਼ਕਿਲ ਹੋ ਜਾਂਦਾ ਜਦੋਂ ਉਹ ਚੀਜ਼ ਜਿਹੜੀ ਤੁਹਾਨੂੰ ਇੰਨੀ ਜਿਆਦਾ ਊਰਜਾ ਦਿੰਦੀ ਹੋਵੇ, ਉਹੀ ਤੁਹਾਨੂੰ ਹੌਲੀ-ਹੌਲੀ ਤਬਾਹ ਵੀ ਕਰ ਰਹੀ ਹੈ।”

ਸਕੁਇਰ ਕਹਿੰਦੇ ਹਨ ਕਿ ਆਪਣੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨਾ ਬਿਹਤਰੀ ਵੱਲ ਪਹਿਲਾ ਕਦਮ ਹੈ ਅਤੇ ਉਸ ਕੰਮ ਨੂੰ ਜਾਰੀ ਰੱਖਣ ਦਾ ਵੀ, ਜਿਸ ‘ਤੇ ਉਨ੍ਹਾਂ ਨੂੰ ਮਾਣ ਹੈ।

“ਮੈਂ ਉਸ ਟੀਮ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦਾ ਹਾਂ ਜੋ ਅਜਿਹੀਆਂ ਘਟਨਾਵਾਂ ਨੂੰ ਸਿਰਫ ਟੀਵੀ ‘ਤੇ ਦੇਖਣ ਜਾਂ ਸੁਣਨ ਤੱਕ ਸੀਮਿਤ ਨਹੀਂ, ਸਗੋਂ ਬਦਲਾਅ ਲਿਆ ਸਕਦੀ ਹੈ। ਸਗੋਂ ਮੈਂ ਉਸ ਨੂੰ ਰੋਕਣ ਲਈ ਲੜਾਈ ਦਾ ਹਿੱਸਾ ਬਣਨਾ ਚਾਹਾਂਗਾ।”

ਪਿਛਲੀ ਗਰਮੀਆਂ ਵਿੱਚ ਗ੍ਰੇਗ ਪਹਿਲੀ ਵਾਰ ਲੂਸੀ ਨੂੰ ਮਿਲੇ, ਜੋ ਹੁਣ 20 ਸਾਲਾਂ ਦੀ ਹੈ।

ਸਕੁਇਰ ਅਤੇ ਲੂਸੀ ਪਾਰਕ ਦੇ ਇੱਕ ਬੈਂਚ 'ਤੇ ਬੈਠੇ ਗੱਲਾਂ ਕਰ ਰਹੇ ਹਨ

ਲੂਸੀ ਨੇ ਦੱਸਿਆ ਕਿ ਆਪਣੀ ਹੱਡ-ਬੀਤੀ ਬਾਰੇ ਗੱਲ ਕਰ ਸਕਣ ਦੀ ਯੋਗਤਾ ਉਸ ਸਾਥ ਦੀ ਗਵਾਹ ਹੈ, ਜੋ ਉਸ ਨੂੰ ਮਿਲਿਆ।

‘ਮੈਂ ਪਹਿਲਾਂ ਨਾਲੋਂ ਕਾਫੀ ਸਥਿਰ ਹਾਂ। ਮੈਂ ਹੁਣ ਆਪਣੇ ਨਾਲ ਹੋਏ (ਸ਼ੋਸ਼ਣ ਬਾਰੇ) ਗੱਲ ਕਰ ਸਕਦੀ ਹਾਂ ਜੋ ਸ਼ਾਇਦ ਮੈਂ ਕਦੇ ਨਾ ਕਰ ਸਕਦੀ…ਸ਼ਾਇਦ ਕੁਝ ਸਾਲ ਪਹਿਲਾਂ ਤੱਕ ਵੀ।’

ਉਸਨੇ ਦੱਸਿਆ ਕਿ ਹੋਮਲੈਂਡ ਸਿਕਿਓਰਿਟੀ ਨੇ ਉਸਦਾ ਉਹ ਸ਼ੋਸ਼ਣ ਬੰਦ ਕਰਵਾਇਆ ਜਿਸ ਲਈ ਉਹ ਰੋਜ਼ਾਨਾ ਪ੍ਰਾਰਥਨਾ ਕਰਦੀ ਸੀ ।

“ਇਹ ਕਹਿਣਾ ਥੋੜ੍ਹਾ ਅਜੀਬ ਲੱਗੇਗਾ ਪਰ ਮੇਰੀ ਇਹ ਅਰਦਾਸ ਕਬੂਲ ਹੋ ਗਈ ਸੀ।”

ਸਕੁਇਰ ਉਸਨੂੰ ਕਹਿੰਦੇ ਹਨ ਕਾਸ਼ ਉਹ ਉਸ ਨੂੰ ਪਹਿਲਾਂ ਦੱਸ ਸਕਦੇ ਕਿ ਉਹ ਮਦਦ ਲਈ ਆ ਰਹੇ ਹਨ।

“ਤੁਸੀਂ ਇੱਛਾ ਕਰਦੇ ਹੋ ਕਿ ਕਾਸ਼ ਤੁਹਾਡੇ ਕੋਲ ਟੈਲੇਪੈਥੀ ਹੁੰਦੀ ਅਤੇ ਤੁਸੀਂ ਕਹਿ ਸਕਦੇ ਕਿ ਅਸੀਂ ਆ ਰਹੇ ਹਾਂ।”

ਬੀਬੀਸੀ ਨੇ ਫੇਸਬੁੱਕ ਨੂੰ ਪੁੱਛਿਆ ਕਿ ਲੂਸੀ ਦੀ ਤਲਾਸ਼ ਲਈ ਤੁਸੀਂ ਆਪਣੀ ਚਿਹਰਾ ਪਛਾਣਨ ਵਾਲੀ ਤਕਨੀਕ ਦਾ ਇਸਤੇਮਾਲ ਕਿਉਂ ਨਹੀਂ ਕੀਤਾ ।

ਫੇਸਬੁੱਕ ਨੇ ਜਵਾਬ ਦਿੱਤਾ, ‘ਵਰਤੋਂਕਾਰ ਦੀ ਨਿੱਜਤਾ ਦੀ ਸੁਰੱਖਿਅਤ ਲਈ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਮਹੱਤਵਪੂਰਨ ਹੁੰਦੀ ਹੈ।ਲੇਕਿਨ ਅਸੀਂ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਹਰ ਸੰਭਵ ਮਦਦ ਲਈ ਕੰਮ ਕਰਦੇ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI