Source :- BBC PUNJABI

ਇਹ ਇੰਝ ਮਹਿਸੂਸ ਹੁੰਦਾ ਸੀ ਜਿਵੇਂ ਉਸਦੇ ਚਿਹਰੇ ਦੇ ਇੱਕ ਪਾਸੇ ਪੇਚਕਸ ਖੁੱਭਿਆ ਹੋਵੇ, ਇਹ ਦਰਦ ਇੰਨਾ ਜ਼ਿਆਦਾ ਸੀ ਕਿ ਗਰਵਿਨ ਟੁਮਲਟੀ ਨੇ ਹੋਰ ਜਿਉਂਦੇ ਨਾ ਰਹਿਣ ਬਾਰੇ ਸੋਚ ਲਿਆ ਸੀ।
52 ਸਾਲਾ ਗਰਵਿਨ ਨੇ ਦੱਸਿਆ ਕਿ ਉਸਦੇ ਤਿੰਨ ਬੱਚਿਆਂ ਨੂੰ ਉਸਨੂੰ ਖਾਣੇ ਦੇ ਵਿਚਕਾਰ ਮੇਜ਼ ਤੋਂ ਉੱਠਦੇ ਦੇਖਣ ਦੀ ਆਦਤ ਪੈ ਗਈ ਸੀ, ਜਦੋਂ ਰੋਟੀ ਦੀ ਇੱਕ ਮਾਮੂਲੀ ਬੁਰਕੀ ਵੀ ਉਸਨੂੰ ਅਸਹਿ ਦਰਦ ਦਿੰਦੀ ਸੀ।
ਚੈਰਿਟੀ ‘ਟ੍ਰਾਈਜੇਮਿਨਲ ਨਿਊਰਲਜੀਆ ਐਸੋਸੀਏਸ਼ਨ ਯੂਕੇ’ ਦੇ ਅਨੁਸਾਰ, ਉਹ “ਮੈਡੀਕਲ ਜਗਤ ਦੀ ਸਭ ਤੋਂ ਦਰਦਨਾਕ ਸਥਿਤੀ” ਤੋਂ ਪੀੜਤ ਸੀ।
ਇਹ ਉਦੋਂ ਹੁੰਦਾ ਹੈ ਜਦੋਂ ਚਿਹਰੇ ਦੀ ਕਿਸੇ ਨਸ ਨੂੰ ਖੂਨ ਦੀ ਨਾੜੀ ਦਬਾ ਲੈਂਦੀ ਹੈ। ਇਹ ਅਜਿਹੀ ਬਿਮਾਰੀ ਹੈ ਜਿਸਦੀ ਅਕਸਰ ਦੰਦ ਦੇ ਦਰਦ ਵਜੋਂ ਗਲਤ ਪਛਾਣ ਕੀਤੀ ਜਾਂਦੀ ਹੈ, ਅਤੇ ਇਸਦਾ ਦੌਰਾ ਹਵਾ ਦੇ ਇੱਕ ਬੁੱਲੇ ਵਰਗੀ ਮਾਮੂਲੀ ਚੀਜ਼ ਨਾਲ ਵੀ ਪੈ ਸਕਦਾ ਹੈ।
ਯੂਕੇ ਦੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਕੁਆਲਿਟੀ ਐਨਆਈਸੀਈ ਦੇ ਅਨੁਸਾਰ, ਸਾਲਾਨਾ ਹਰ ਇੱਕ ਲੱਖ ਲੋਕਾਂ ਵਿੱਚੋਂ ਲਗਭਗ ਅੱਠ ਜਣੇ ਟ੍ਰਾਈਜੇਮਿਨਲ ਨਿਊਰਲਜੀਆ ਤੋਂ ਪ੍ਰਭਾਵਿਤ ਹੁੰਦੇ ਹਨ।
ਇੱਕ ਹੋਰ ਮਰੀਜ਼ ਨੇ ਦੱਸਿਆ ਕਿ ਉਸਦੀ ਬਿਮਾਰੀ ਦੀ ਪਛਾਣ ਹੋਣ ਵਿੱਚ ਸੱਤ ਸਾਲ ਲੱਗ ਗਏ ਅਤੇ ਚਿਹਰੇ ਵਿੱਚ “ਬਿਜਲੀ” ਦੇ ਲਿਸ਼ਕਾਰਿਆਂ ਵਰਗੇ ਦਰਦ ਬਾਰੇ ਦੱਸਣ ਦੇ ਬਾਵਜੂਦ, ਡਾਕਟਰਾਂ ਨੇ ਉਸਨੂੰ ਕਿਹਾ ਕਿ ਉਸਨੂੰ ਕੁਝ ਨਹੀਂ ਹੋਇਆ।
ਗਰਵਿਨ ਨੇ ਇਸਨੂੰ ਇਸ ਤਰ੍ਹਾਂ ਬਿਆਨ ਕੀਤਾ: “ਮੇਰੇ ਜਬਾੜੇ ਵਿੱਚ ਬਿਜਲੀ ਦੇ ਝਟਕਿਆਂ ਵਰਗੇ ਤੇਜ਼ ਦਰਦ ਹੁੰਦੇ ਸਨ।”
ਉਸਨੇ ਅੱਗੇ ਦੱਸਿਆ, “ਇਹ ਇੰਝ ਲੱਗਦਾ ਸੀ ਜਿਵੇਂ ਕੋਈ ਮੇਰੇ ਚਿਹਰੇ ਦੇ ਇੱਕ ਪਾਸੇ ਪੇਚਕਸ ਮਾਰ ਰਿਹਾ ਹੋਵੇ, ਅਤੇ ਇਹ ਸੱਚਮੁੱਚ ਬਹੁਤ ਭਿਆਨਕ ਸੀ।”
ਇੱਕ ਸਫਲ ਉੱਦਮੀ ਵਜੋਂ, 2017 ਤੋਂ ਸ਼ੁਰੂ ਕਰਦੇ ਹੋਏ ਦੋ ਸਾਲਾਂ ਤੱਕ ਉਸਨੇ ਇਸ ਨਵੀਂ ਚੁਣੌਤੀ ਦਾ ਸਾਹਮਣਾ ਕੀਤਾ ਜਿਸਨੇ ਉਸਦੀ ਜ਼ਿੰਦਗੀ ‘ਤੇ ਕਬਜ਼ਾ ਕਰ ਲਿਆ।
ਗਰਵਿਨ ਨੇ ਕਿਹਾ, “ਮੇਰੇ ਮਨ ਵਿੱਚ ਵਿਚਾਰ ਆਉਂਦੇ ਸਨ ਕਿ ਮੈਂ ਹੁਣ ਇੱਥੇ (ਦੁਨੀਆ ਵਿੱਚ) ਨਾ ਰਹਾਂ। ਬੱਸ ਹੋਰ ਨਾ ਰਹਾਂ।”
“ਜਿਸ ਚੀਜ਼ ਨੇ ਮੈਨੂੰ ਜਿਉਂਦੇ ਰੱਖਿਆ ਉਹ ਇਹ ਸੀ ਕਿ ਮੈਂ ਇਹ ਕਲਪਨਾ ਨਹੀਂ ਕਰ ਸਕਦਾ ਸੀ ਕਿ ਮੇਰੇ ਜਾਣ ਦਾ ਮੇਰੇ ਪਰਿਵਾਰ ‘ਤੇ ਕੀ ਅਸਰ ਪਵੇਗਾ। ਪਰ ਮੈਨੂੰ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਸੀ। ਉਹ ਬਹੁਤ ਨਿਰਾਸ਼ਾਜਨਕ ਸਮਾਂ ਸੀ।”
ਟ੍ਰਾਈਜੇਮਿਨਲ ਨਿਊਰਲਜੀਆ ਕੀ ਹੈ?

ਟ੍ਰਾਈਜੇਮਿਨਲ ਨਿਊਰਲਜੀਆ ਆਮ ਤੌਰ ‘ਤੇ ਟ੍ਰਾਈਜੇਮਿਨਲ ਨਸ ਦੇ ਦਬਣ ਕਾਰਨ ਹੁੰਦਾ ਹੈ, ਜੋ ਚਿਹਰੇ, ਦੰਦਾਂ ਅਤੇ ਮੂੰਹ ਤੋਂ ਦਰਦ ਅਤੇ ਛੋਹ ਦੀਆਂ ਸੰਵੇਦਨਾਵਾਂ ਨੂੰ ਦਿਮਾਗ ਤੱਕ ਪਹੁੰਚਾਉਂਦੀ ਹੈ।
ਇਹ ਉਦੋਂ ਹੁੰਦਾ ਹੈ ਜਦੋਂ ਖੋਪੜੀ ਦੇ ਅੰਦਰ ਨਸ ਦੇ ਇੱਕ ਹਿੱਸੇ ‘ਤੇ ਕੋਈ ਨੇੜਲੀ ਖੂਨ ਦੀ ਨਾੜੀ ਉਸ ਉੱਤੇ ਦਬਾਅ ਪਾਉਂਦੀ ਹੈ।
ਇਸਦੇ ਦੌਰੇ ਚਿਹਰੇ ਨੂੰ ਹਲਕਾ ਜਿਹਾ ਛੂਹਣ, ਧੋਣ, ਖਾਣ ਜਾਂ ਦੰਦਾਂ ਨੂੰ ਬੁਰਸ਼ ਕਰਨ ਨਾਲ ਸ਼ੁਰੂ ਹੋ ਸਕਦੇ ਹਨ।
ਲੇਕਿਨ ਇਹ ਇੱਕ ਹਲਕੀ ਹਵਾ ਦੇ ਬੁੱਲੇ ਨਾਲ ਵੀ ਸ਼ੁਰੂ ਹੋ ਸਕਦੇ ਹਨ।
ਦੌਰੇ ਕੁਝ ਸਕਿੰਟਾਂ ਤੋਂ ਲੈ ਕੇ ਲਗਭਗ ਦੋ ਮਿੰਟਾਂ ਤੱਕ ਰਹਿ ਸਕਦੇ ਹਨ ਅਤੇ ਗੰਭੀਰ ਮਾਮਲਿਆਂ ਵਿੱਚ, ਦਿਨ ਵਿੱਚ ਸੈਂਕੜੇ ਵਾਰ ਹੋ ਸਕਦੇ ਹਨ।
ਤਸਵੀਰ ਸਰੋਤ, Gerwyn Tumelty
ਸਿਰਫ਼ ਖਾਣਾ ਖਾਣ ਨਾਲ ਹੀ ਗੰਭੀਰ ਦਰਦ ਛਿੜਨ ਤੋਂ ਬਾਅਦ, ਗਰਵਿਨ ਨੇ 2019 ਵਿੱਚ ਨਿਊਰੋਸਰਜਰੀ ਕਰਵਾਈ।
ਬੇਹੋਸ਼ੀ ਦੇ ਅਧੀਨ ਕੀਤੀ ਗਈ ਇਸ ਪ੍ਰਕਿਰਿਆ ਵਿੱਚ ਖੋਪੜੀ ਨੂੰ ਖੋਲ੍ਹ ਕੇ ਹੱਡੀ ਦਾ ਇੱਕ ਛੋਟਾ ਜਿਹਾ ਹਿੱਸਾ ਹਟਾਇਆ ਜਾਂਦਾ ਹੈ ਤਾਂ ਜੋ ਦਰਦ ਪੈਦਾ ਕਰਨ ਵਾਲੀ ਨਸ ‘ਤੇ ਦਬਾਅ ਘੱਟ ਕੀਤਾ ਜਾ ਸਕੇ।
ਇਸ ਵਿੱਚ ਸੰਭਾਵੀ ਤੌਰ ‘ਤੇ ਗੰਭੀਰ ਪੇਚੀਦਗੀਆਂ ਦਾ ਖਤਰਾ ਹੁੰਦਾ ਹੈ, ਜਿਵੇਂ ਕਿ ਚਿਹਰੇ ਦਾ ਸੁੰਨ ਹੋਣਾ, ਸੁਣਨ ਦੀ ਸ਼ਕਤੀ ਗੁਆਉਣਾ, ਸਟ੍ਰੋਕ, ਅਤੇ 1,000 ਵਿੱਚੋਂ ਲਗਭਗ ਇੱਕ ਕੇਸ ਵਿੱਚ ਮੌਤ ਵੀ ਹੋ ਸਕਦੀ ਹੈ।
ਲੇਕਿਨ ਇਹ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀ ਰਾਹਤ ਪ੍ਰਦਾਨ ਕਰਦਾ ਹੈ। ਕੁਝ ਅਧਿਐਨ ਸੁਝਾਅ ਦਿੰਦੇ ਹਨ ਕਿ ਸਰਜਰੀ ਤੋਂ 10 ਤੋਂ 20 ਸਾਲਾਂ ਦੇ ਵਿਚਕਾਰ ਦਸ ਵਿੱਚੋਂ ਲਗਭਗ ਤਿੰਨ ਮਾਮਲਿਆਂ ਵਿੱਚ ਦਰਦ ਵਾਪਸ ਆ ਜਾਂਦਾ ਹੈ।
ਲੇਕਿਨ ਇਹ ਸਰਜਰੀ ਗਰਵਿਨ ਲਈ ਸਫਲ ਰਹੀ ਅਤੇ ਉਸ ਦੀ ਸਥਿਤੀ ਵਿੱਚ ਸ਼ਾਨਦਾਰ ਸੁਧਾਰ ਹੋਇਆ।
ਹਾਲਾਂਕਿ ਇਲਾਜ ਨੇ ਸਰੀਰਕ ਦਰਦ ਨੂੰ ਠੀਕ ਕਰ ਦਿੱਤਾ ਸੀ, ਪਰ ਉਸਦੀ ਮਾਨਸਿਕ ਸਿਹਤ ‘ਤੇ ਇਸਦਾ ਅਸਰ ਅਜੇ ਵੀ ਬਾਕੀ ਸੀ।
ਸਾਲ 2022 ਵਿੱਚ, ਨਾਂਹਮੁਖੀ ਵਿਚਾਰ ਉਸਨੂੰ ਦੁਬਾਰਾ ਪਰੇਸ਼ਾਨ ਕਰਨ ਲੱਗੇ, ਅਤੇ ਸ਼ੁਰੂ ਵਿੱਚ ਉਸਨੇ ਆਪਣੀਆਂ ਭਾਵਨਾਵਾਂ ਨੂੰ ਲਕੋ ਕੇ ਰੱਖਿਆ।
ਉਸਨੇ ਅੱਗੇ ਕਿਹਾ, “ਮੈਂ ਬਹੁਤ ਉਦਾਸ ਅਤੇ ਇਕੱਲਾ ਮਹਿਸੂਸ ਕਰਦਾ ਸੀ।”
“ਮੈਂ ਖੁਸ਼ਕਿਸਮਤ ਸੀ ਕਿ ਮੇਰੇ ਕੋਲ ਅਜਿਹੇ ਦੋਸਤ ਸਨ ਜਿਨ੍ਹਾਂ ਨਾਲ ਮੈਂ ਗੱਲ ਕਰ ਸਕਦਾ ਸੀ ਅਤੇ ਇਸ ਨਾਲ ਮਦਦ ਮਿਲੀ। ਮੈਂ ਪਹਿਲਾਂ ਕਦੇ ਕਿਸੇ ਨਾਲ ਇਸ ਬਾਰੇ ਗੱਲ ਨਹੀਂ ਕੀਤੀ ਸੀ। ਮੈਂ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ।”
ਜਲ ਸੈਨਾ ਦੇ ਆਪਣੇ ਸਾਬਕਾ ਸਾਥੀਆਂ ਨਾਲ ਡਰਿੰਕ ਕਰਦੇ ਸਮੇਂ ਉਸਨੇ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨ ਦਾ ਫੈਸਲਾ ਕੀਤਾ, ਜਿਸ ਬਾਰੇ ਉਸਨੇ ਕਿਹਾ ਕਿ ਇਸਨੇ ਉਸਦੀ ਜ਼ਿੰਦਗੀ ਬਦਲ ਦਿੱਤੀ।
ਉਦੋਂ ਤੋਂ, ਉਹ ਸਿਹਤਮੰਦ ਜੀਵਨ ਸ਼ੈਲੀ, ਕਸਰਤ ਅਤੇ ਬਾਹਰੀ ਗਤੀਵਿਧੀਆਂ ‘ਤੇ ਧਿਆਨ ਦੇ ਸਕਿਆ ਹੈ।
ਉਸਨੇ ਲੰਡਨ ਮੈਰਾਥਨ ਪੂਰੀ ਕੀਤੀ ਹੈ, ਅਤੇ ਨਾਲ ਹੀ ਮੋਰੱਕੋ ਵਰਗੇ ਦੇਸਾਂ ਵਿੱਚ ਹਾਈਕਿੰਗ ਵੀ ਕੀਤੀ ਹੈ।
ਸਭ ਤੋਂ ਵੱਡਾ ਬਦਲਾਅ ਘਰ ਦੇ ਨੇੜੇ ਹੀ ਆਇਆ ਹੈ, ਹਰ ਰੋਜ਼ ਸਵੇਰੇ “ਕੁਝ ਔਖਾ” ਕਰਨਾ, ਖਾਸ ਕਰਕੇ ਆਪਣੇ ਵਿਹੜੇ ਵਿੱਚ ਬਰਫ਼ ਇਸ਼ਨਾਨ ਕਰਨਾ।
ਉਹ ਕਹਿੰਦਾ ਹੈ ਕਿ ਇਸ ਲਈ ਰੁਟੀਨ ਅਤੇ ਸਵੈ-ਅਨੁਸ਼ਾਸਨ ਦੀ ਲੋੜ ਹੁੰਦੀ ਹੈ ਅਤੇ ਇਹ ਉਸਨੂੰ “ਦਿਨ ਅਤੇ ਜ਼ਿੰਦਗੀ ਦਾ ਸਾਹਮਣਾ ਕਰਨ” ਲਈ ਤਿਆਰ ਕਰਦਾ ਹੈ।
ਤਸਵੀਰ ਸਰੋਤ, The Content Creators
ਅਨੀਤਾ ਪ੍ਰੇਮ ਇੰਨੀ ਖੁਸ਼ਕਿਸਮਤ ਨਹੀਂ ਰਹੀ।
ਅਨੀਤਾ ਨੇ ਵੀ ਗਰਵਿਨ ਵਾਂਗ ਹੀ ਸਰਜਰੀ) ਕਰਵਾ ਪਰ ਉਹ ਸਫਲ ਨਹੀਂ ਹੋਈ।
ਉਨ੍ਹਾਂ ਨੂੰ ਬਾਈਲੈਟਰਲਟ੍ਰਾਈਜੇਮਿਨਲ ਨਿਊਰਲਜੀਆ ਹੈ, ਜੋ ਕਿ ਬਿਮਾਰੀ ਦਾ ਇੱਕ ਬਹੁਤ ਹੀ ਦੁਰਲੱਭ ਰੂਪ ਹੈ ਜਿਸ ਵਿੱਚ ਚਿਹਰੇ ਦੇ ਦੋਵਾਂ ਪਾਸਿਆਂ ‘ਤੇ ਕਈ ਵਾਰ ਇੱਕੋ ਸਮੇਂ ਦਰਦ ਦੇ ਝਟਕੇ ਮਹਿਸੂਸ ਹੋ ਸਕਦੇ ਹਨ।
“ਮੈਨੂੰ ਚਿਹਰੇ ਵਿੱਚ ਬਹੁਤ ਤੇਜ਼ ਦਰਦ ਸੀ। ਅਜਿਹਾ ਲਗਦਾ ਹੁੰਦਾ ਸੀ ਜਿਵੇਂ ਮੇਰੇ ਚਿਹਰੇ ਵਿੱਚੋਂ ਬਿਜਲੀ ਦੀ ਲਹਿਰ ਲੰਘ ਰਹੀ ਹੋਵੇ,” ਉਸਨੇ ਕਿਹਾ।
ਉਸਨੇ ਅੱਗੇ ਕਿਹਾ, “ਸ਼ੁਰੂ ਵਿੱਚ ਮੈਨੂੰ ਲੱਗਿਆ ਕਿ ਇਹ ਦੰਦ ਦਾ ਦਰਦ ਹੈ ਅਤੇ ਮੇਰੀ ਅਕਲ ਜਾੜ੍ਹ ਕੱਢ ਦਿੱਤੀ ਗਈ, ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲ ਸਕਦਾ ਸੀ। ਮੈਂ ਆਪਣੇ ਮੂੰਹ ਦੇ ਸਾਰੇ ਦੰਦ ਗੁਆ ਸਕਦੀ ਸੀ।”
ਲੇਕਿਨ ਜਦੋਂ ਉਸਨੂੰ ਇਹ ਕਿਹਾ ਗਿਆ ਸੀ ਕਿ ਉਸਨੂੰ “ਕੁਝ ਨਹੀਂ ਹੋਇਆ” ਤਾਂ ਉਸਨੇ ਇਸ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ।
ਅੰਤ ਵਿੱਚ, ਉਸਦੀ ਪਛਾਣ ਇੱਕ ਬਦਲਵੇਂ ਡਾਕਟਰ ਨੂੰ ਮਿਲਣ ਤੋਂ ਬਾਅਦ ਹੀ ਹੋਈ, ਜਿਸਨੇ ਉਸਨੂੰ ਵਾਧੂ ਟੈਸਟਾਂ ਲਈ ਭੇਜਿਆ।
ਹੁਣ ਵੀ, ਉਸਨੂੰ ਸਰਦੀਆਂ ਵਿੱਚ ਬਾਹਰ ਨਿਕਲਣ ਵਿੱਚ ਮੁਸ਼ਕਲ ਆਉਂਦੀ ਹੈ, ਕਿਉਂਕਿ ਠੰਡੀ ਹਵਾ ਦੌਰਾ ਸ਼ੁਰੂ ਕਰ ਸਕਦੀ ਹੈ।
ਤਸਵੀਰ ਸਰੋਤ, Aneeta Prem
ਅਨੀਤਾ ਹੁਣ ਟ੍ਰਾਈਜੇਮਿਨਲ ਨਿਊਰਲਜੀਆ ਐਸੋਸੀਏਸ਼ਨ ਦੀ ਮੁੱਖੀ ਹੈ।
ਅਨੀਤਾ ਦਾ ਮੰਨਣਾ ਹੈ ਕਿ ਸ਼ੁਰੂਆਤੀ ਪਛਾਣ ਵਿੱਚ ਮਦਦ ਕਰਨਾ ਅਤੇ ਸਹਾਇਤਾ ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ, ਖਾਸ ਕਰਕੇ ਜਨਰਲ ਡਾਕਟਰਾਂ ਦੇ ਕਲੀਨਿਕਾਂ ਅਤੇ ਦੰਦਾਂ ਦੇ ਹਸਪਤਾਲਾਂ ਵਿੱਚ।
ਉਸਨੇ ਕਿਹਾ ਕਿ ਵੇਲਜ਼ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰਣਾਲੀ ਹੈ ਜਿਸ ਵਿੱਚ ਇੱਕ ਬਹੁ-ਅਨੁਸ਼ਾਸਨੀ ਟੀਮ ਸ਼ਾਮਲ ਹੈ ਜੋ “ਇਸਦੀ ਪਛਾਣ ਕਰਨ ਵਿੱਚ ਅਸਲ ਵਿੱਚ ਮਾਹਰ ਹੈ”।
ਉਸਨੇ ਅੱਗੇ ਕਿਹਾ, “ਇੱਕ ਵਾਰ ਜਦੋਂ ਬਿਮਾਰੀ ਦੀ ਪਛਾਣ ਹੋ ਜਾਂਦੀ ਹੈ, ਤਾਂ ਉਨ੍ਹਾਂ ਦੇ ਕੇਸਾਂ ਨੂੰ ਸਿਸਟਮ ਦੇ ਅੰਦਰ ਵਧੀਆ ਸੰਭਵ ਦੇਖਭਾਲ ਦਵਾਉਣ ਲਈ ਅੱਗੇ ਵਧਾਇਆ ਜਾ ਸਕਦਾ ਹੈ।”
ਚੈਰਿਟੀ ਦਾ ਕਹਿਣਾ ਹੈ ਕਿ ਉਹ ਇਸ ਬਿਮਾਰੀ ਦੇ ਪ੍ਰਭਾਵ ਉਨ੍ਹਾਂ ਲੋਕਾਂ ‘ਤੇ ਦੇਖਦੀ ਹੈ ਜੋ ਅਜਿਹੇ ਦਰਦ ਨਾਲ ਜੀ ਰਹੇ ਹਨ ਜੋ “ਉਨ੍ਹਾਂ ਦੀਆਂ ਜ਼ਿੰਦਗੀਆਂ ‘ਤੇ ਕਬਜ਼ਾ” ਕਰ ਸਕਦਾ ਹੈ।
ਅਨੀਤਾ ਕਹਿੰਦੀ ਹੈ, “ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਲੈਣ ਬਾਰੇ ਗੱਲ ਕਰਦੇ ਦੇਖਦੇ ਹਾਂ: 33% ਨੇ ਇਸ ਬਾਰੇ ਸੋਚਿਆ ਹੈ, ਪਰ 80% ਤੋਂ ਵੱਧ ਲੋਕਾਂ ਨੇ ਕਦੇ ਮਦਦ ਨਹੀਂ ਮੰਗੀ।”
ਉਹ ਅੱਗੇ ਕਹਿੰਦੀ ਹੈ, “ਲੋਕ ਬਹੁਤ ਜ਼ਿਆਦਾ ਦਰਦ ਵਿੱਚ ਹਨ, ਪਰ ਉਹ ਇਸ ਦਰਦ ਬਾਰੇ ਅਤੇ ਉਨ੍ਹਾਂ ਨੂੰ ਕਿਵੇਂ ਲਗਦਾ ਹੈ, ਇਸ ਬਾਰੇ ਗੱਲ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਬਾਕੀਆਂ ਨਾਲੋਂ ਟੁੱਟ ਜਾਣਾ, ਇਕੱਲਾਪਨ, ਬਾਹਰ ਨਾ ਜਾ ਸਕਣਾ ਕਿਉਂਕਿ ਦਰਦ ਤੁਹਾਡਾ ਸਾਹ ਰੋਕ ਦਿੰਦਾ ਹੈ।”
ਗੈਰੇਥ ਬ੍ਰਾਇਰ ਦੇ ਰਿਪੋਰਟਿੰਗ ਵਿੱਚ ਸਹਿਯੋਗ ਦੇ ਨਾਲ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


