Home ਰਾਸ਼ਟਰੀ ਖ਼ਬਰਾਂ ਪੰਜਾਬ ਦੇ ਬਰਨਾਲਾ ’ਚ ਨਵੇਂ ਹਾਈਵੇ ਦੇ ਰਾਹ ‘ਚ ਆਈ ਕੋਠੀ ਨੂੰ...

ਪੰਜਾਬ ਦੇ ਬਰਨਾਲਾ ’ਚ ਨਵੇਂ ਹਾਈਵੇ ਦੇ ਰਾਹ ‘ਚ ਆਈ ਕੋਠੀ ਨੂੰ ਕਿਸਾਨ ਤੋੜਨ ਦੀ ਥਾਂ ਰੇੜ੍ਹ ਕੇ ਹੋਰ ਥਾਂ ਲੈ ਜਾ ਰਿਹਾ ਹੈ, ਇਹ ਤਰੀਕਾ ਕਿੰਨਾ ਵਾਜਿਬ ਹੈ

8
0

Source :- BBC PUNJABI

ਸੁਖਪ੍ਰੀਤ ਸਿੰਘ

“ਸਾਡੀ ਕੋਠੀ ਹਰ ਰੋਜ਼ ਕਰੀਬ ਛੇ ਫੁੱਟ ਅੱਗੇ ਵੱਧ ਰਹੀ ਹੈ। ਕੱਲ੍ਹ ਜਿੱਥੇ ਸੀ, ਅੱਜ ਉੱਥੋਂ ਅੱਗੇ ਆ ਗਈ ਹੈ।”

ਇਹ ਗੱਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਦੀ ਇੱਕ ਕੋਠੀ ਬਾਰੇ ਹੋ ਰਹੀ ਹੈ, ਜਿਸ ਨੂੰ ਉਸ ਦੀ ਤੈਅ ਥਾਂ ਤੋਂ ਸ਼ਿਫ਼ਟ ਕੀਤਾ ਜਾ ਰਿਹਾ ਹੈ। ਕੋਠੀ ਦੇ ਮਾਲਕ ਸੁਖਪ੍ਰੀਤ ਸਿੰਘ ਇਸ ਬਾਰੇ ਜਾਣਕਾਰੀ ਦੇ ਰਹੇ ਹਨ।

ਅਸਲ ਵਿੱਚ ਸੁਖਪ੍ਰੀਤ ਸਿੰਘ ਆਪਣੀ ਕੋਠੀ ਨੂੰ ਹਾਈਡ੍ਰੌਲਿਕ ਜੈੱਕਾਂ ਦੀ ਮਦਦ ਨਾਲ ਕਰੀਬ 250 ਫੁੱਟ ਦੂਰ ਤਬਦੀਲ ਕਰ ਰਹੇ ਹਨ, ਕਿਉਂਕਿ ਇਹ ਕੋਠੀ ਭਾਰਤਮਾਲਾ ਹਾਈਵੇ ਪ੍ਰੋਜੈਕਟ ਦੇ ਪ੍ਰਸਤਾਵਿਤ ਰੂਟ ਵਿਚਕਾਰ ਆ ਗਈ ਸੀ।

ਹਾਲਾਂਕਿ ਹਾਈਵੇ ਅਥਾਰਿਟੀ ਵੱਲੋਂ ਸੁਖਪ੍ਰੀਤ ਸਿੰਘ ਨੂੰ ਕੋਠੀ ਦਾ ਮੁਆਵਜ਼ਾ ਵੀ ਦਿੱਤਾ ਗਿਆ ਹੈ, ਪਰ ਉਹ ਇਸ ਨੂੰ ਤੋੜਨਾ ਨਹੀਂ ਚਾਹੁੰਦੇ। ਇਸ ਲਈ ਉਹ ਹਾਈਡ੍ਰੌਲਿਕ ਜੈੱਕਾਂ ਦੀ ਮਦਦ ਨਾਲ ਇਸ ਨੂੰ ਤੈਅ ਥਾਂ ਤੋਂ 250 ਫੁੱਟ ਦੂਰ ਲੈ ਕੇ ਜਾ ਰਹੇ ਹਨ। ਫ਼ਿਲਹਾਲ ਕੋਠੀ ਕਰੀਬ 160 ਫੁੱਟ ਦੀ ਦੂਰੀ ਤੈਅ ਕਰ ਚੁੱਕੀ ਹੈ।

ਕੀ ਹੈ ਇਹ ਤਕਨੀਕ

ਅਸਲ ਵਿੱਚ ਕੋਠੀ ਨੂੰ ਹਾਈਡ੍ਰੌਲਿਕ ਜੈੱਕਾਂ ਦੀ ਮਦਦ ਨਾਲ ਪਿੱਛੇ ਕੀਤਾ ਜਾ ਰਿਹਾ ਹੈ। ਇਹ ਕੰਮ ਮੋਗਾ ਜ਼ਿਲ੍ਹੇ ਦੇ ਠੇਕੇਦਾਰ ਗੁਰਮੇਲ ਸਿੰਘ ਆਪਣੀ ਟੀਮ ਨਾਲ ਕਰ ਰਹੇ ਹਨ।

ਗੁਰਮੇਲ ਸਿੰਘ ਦੱਸਦੇ ਹਨ, “ਸਭ ਤੋਂ ਪਹਿਲਾਂ ਕੋਠੀ ਦੀਆਂ ਨੀਂਹਾਂ ਦੀ ਖੁਦਾਈ ਕੀਤੀ ਗਈ। ਉਸ ਤੋਂ ਬਾਅਦ ਇੱਟਾਂ ਦੀ ਪੰਜ ਤੋਂ ਛੇ ਫੁੱਟ ਉੱਚੀ ਦੀਵਾਰ ਬਣਾਈ ਗਈ। ਫਿਰ ਰੇਲ ਗੱਡੀ ਦੀ ਪਟੜੀ ਵਾਂਗ ਲੋਹੇ ਦੇ ਗਾਡਰਾਂ ਦਾ ਟਰੈਕ ਤਿਆਰ ਕੀਤਾ ਗਿਆ। ਇਸ ਟਰੈਕ ਉੱਤੇ ਲੋਹੇ ਦੀਆਂ ਛੋਟੀਆਂ-ਛੋਟੀਆਂ ਰਾਡਾਂ ਲਗਾਈਆਂ ਗਈਆਂ ਅਤੇ ਫਿਰ ਹਾਈਡ੍ਰੌਲਿਕ ਜੈੱਕਾਂ ਦੀ ਮਦਦ ਨਾਲ ਮਕਾਨ ਨੂੰ ਟਰੈਕ ਉੱਤੇ ਤੋਰਿਆ ਜਾ ਰਿਹਾ ਹੈ।”

ਉਨ੍ਹਾਂ ਦੱਸਿਆ ਕਿ ਇੱਕ ਪਾਸੇ ਤੋਂ ਹਾਈਡ੍ਰੌਲਿਕ ਜੈੱਕਾਂ ਨੂੰ ਤਰਤੀਬਵਾਰ ਢੰਗ ਨਾਲ ਕੱਸਿਆ ਜਾਂਦਾ ਹੈ ਅਤੇ ਕੋਠੀ ਲੋਹੇ ਦੇ ਟਰੈਕ ਉੱਤੇ ਗੁੱਲੀਆਂ (ਰਾਡਾਂ) ਉੱਤੇ ਅੱਗੇ ਵੱਧਦੀ ਹੈ। ਉਨ੍ਹਾਂ ਮੁਤਾਬਕ ਇੱਕ ਦਿਨ ਵਿੱਚ ਕਰੀਬ ਛੇ ਤੋਂ ਸੱਤ ਫੁੱਟ ਕੋਠੀ ਅੱਗੇ ਖਿਸਕਾਈ ਜਾਂਦੀ ਹੈ।

ਠੇਕੇਦਾਰ ਗੁਰਮੇਲ ਸਿੰਘ ਨੇ ਕਿਹਾ, “ਇਹ ਕੰਮ ਕਾਫ਼ੀ ਜੋਖ਼ਮ ਭਰਿਆ ਹੈ। ਅਸੀਂ ਹਾਈਡ੍ਰੌਲਿਕ ਜੈੱਕਾਂ ਦੀ ਮਦਦ ਨਾਲ ਘਰ ਨੂੰ ਹੌਲੀ-ਹੌਲੀ ਅਤੇ ਸੁਰੱਖਿਅਤ ਢੰਗ ਨਾਲ ਖਿਸਕਾ ਰਹੇ ਹਾਂ। ਪਿਛਲੇ ਡੇਢ ਮਹੀਨੇ ਤੋਂ ਕੰਮ ਚੱਲ ਰਿਹਾ ਹੈ ਅਤੇ ਹੋਰ ਅੱਗੇ ਲੈ ਕੇ ਜਾਣ ਵਿੱਚ ਲਗਭਗ ਦੋ ਮਹੀਨੇ ਹੋਰ ਲੱਗਣਗੇ।”

ਕੋਠੀ

ਬਿਨਾਂ ਕਿਸੇ ਪੜ੍ਹਾਈ-ਲਿਖਾਈ ਦੇ ਗੁਰਮੇਲ ਸਿੰਘ ਆਪਣੀ 12 ਮੈਂਬਰੀ ਟੀਮ ਨਾਲ ਇਹ ਕੰਮ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਜੇਕਰ ਇਸ ਦੌਰਾਨ ਕੋਈ ਗੜਬੜੀ ਹੁੰਦੀ ਹੈ ਤਾਂ ਮਕਾਨ ਦਾ ਪੂਰਾ ਖਰਚਾ ਉਹ ਖ਼ੁਦ ਭਰਨਗੇ। ਇਸ ਸਬੰਧੀ ਮਕਾਨ ਮਾਲਕ ਨਾਲ ਲਿਖਤੀ ਸਮਝੌਤਾ ਵੀ ਕੀਤਾ ਗਿਆ ਹੈ।

ਗੁਰਮੇਲ ਸਿੰਘ ਕੋਠੀ ਨੂੰ ਸ਼ਿਫ਼ਟ ਕਰਨ ਦੇ ਕੰਮ ਬਦਲੇ ਕਰੀਬ ਦਸ ਲੱਖ ਰੁਪਏ ਵਸੂਲ ਕਰ ਰਹੇ ਹਨ।

ਉਨ੍ਹਾਂ ਮੁਤਾਬਕ ਮੌਸਮ ਦੀ ਖ਼ਰਾਬੀ ਕਾਰਨ ਕੰਮ ਕੁਝ ਪਛੜ ਗਿਆ ਹੈ, ਪਰ ਇੱਕ ਮਹੀਨੇ ਵਿੱਚ ਕੋਠੀ ਆਪਣੀ ਤੈਅ ਥਾਂ ਉੱਤੇ ਪਹੁੰਚ ਜਾਵੇਗੀ। ਨਵੀਂ ਥਾਂ ਉੱਤੇ ਸਿਰਫ਼ ਫ਼ਰਸ਼ ਅਤੇ ਸੀਵਰੇਜ ਦਾ ਕੰਮ ਕਰਨਾ ਪਵੇਗਾ, ਬਾਕੀ ਕੋਠੀ ਜਿਓਂ ਦੀ ਤਿਓਂ ਰਹੇਗੀ।

ਗੁਰਮੇਲ ਸਿੰਘ ਦੀ ਟੀਮ ਦੀ ਇਸ ਅਸਾਧਾਰਨ ਕੋਸ਼ਿਸ਼ ਨੇ ਇਲਾਕੇ ਵਿੱਚ ਲੋਕਾਂ ਦਾ ਧਿਆਨ ਖਿੱਚਿਆ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਦ੍ਰਿਸ਼ ਨੂੰ ਵੇਖਣ ਲਈ ਆ ਰਹੇ ਹਨ।

ਗੁਰਮੇਲ ਸਿੰਘ

ਕੋਠੀ ਨਾਲ ਇੰਨਾ ਮੋਹ ਕਿਉਂ

ਸੁਖਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਕਰੀਬ ਪੰਜ ਏਕੜ ਜ਼ਮੀਨ ਹਾਈਵੇ ਲਈ ਐਕਵਾਇਰ ਕੀਤੀ ਗਈ ਹੈ, ਜਿਸ ਵਿੱਚ ਕੋਠੀ ਵਾਲੀ ਥਾਂ ਵੀ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ 2017 ਵਿੱਚ ਬਹੁਤ ਚਾਅ ਨਾਲ ਕੋਠੀ ਦੀ ਉਸਾਰੀ ਕਰਵਾਈ ਗਈ ਸੀ, ਜਿਸ ਉੱਤੇ ਕਰੀਬ 75 ਲੱਖ ਰੁਪਏ ਖਰਚ ਹੋਏ ਸਨ। ਹਾਲਾਂਕਿ 2022 ਵਿੱਚ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਲਈ ਸਰਵੇ ਸ਼ੁਰੂ ਕਰ ਦਿੱਤਾ ਗਿਆ।

ਹਾਈਵੇ ਅਥਾਰਿਟੀ ਵੱਲੋਂ ਕੋਠੀ ਲਈ ਸੁਖਪ੍ਰੀਤ ਸਿੰਘ ਨੂੰ 60 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਗਿਆ, ਪਰ ਫਿਰ ਵੀ ਉਹ ਇਸ ਨੂੰ ਤੋੜਨਾ ਨਹੀਂ ਚਾਹੁੰਦੇ ਸਨ ਕਿਉਂਕਿ ਇਹ ਕੋਠੀ ਬਹੁਤ ਮਿਹਨਤ ਨਾਲ ਤਿਆਰ ਕਰਵਾਈ ਗਈ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਵੇਖੀ, ਜਿਸ ਵਿੱਚ ਘਰਾਂ ਨੂੰ ਸ਼ਿਫ਼ਟ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਆਪਣਾ ਘਰ ਟੁੱਟਣ ਨਹੀਂ ਦੇਣਗੇ ਅਤੇ ਫਿਰ ਠੇਕੇਦਾਰ ਗੁਰਮੇਲ ਸਿੰਘ ਨਾਲ ਸੰਪਰਕ ਕੀਤਾ।

ਇਸ ਕੋਠੀ ਵਿੱਚ ਪੰਜ ਕਮਰੇ, ਦੋ ਲਾਬੀਆਂ, ਇੱਕ ਰਸੋਈ ਅਤੇ ਦੋ ਬਾਥਰੂਮ ਹਨ। ਬੀਬੀਸੀ ਪੰਜਾਬੀ ਦੀ ਟੀਮ ਨੇ ਵੇਖਿਆ ਕਿ ਪੂਰੀ ਕੋਠੀ ਜੈੱਕਾਂ ਦੇ ਸਹਾਰੇ ਖੜੀ ਹੈ ਅਤੇ ਅੰਦਰ ਸ਼ੀਸ਼ੇ ਅਤੇ ਪੱਖੇ ਵੀ ਲੱਗੇ ਹੋਏ ਹਨ।

ਸੁਖਪ੍ਰੀਤ ਸਿੰਘ ਫ਼ਿਲਹਾਲ ਆਪਣੇ ਪਰਿਵਾਰ ਨਾਲ ਕੋਠੀ ਦੇ ਨੇੜੇ ਟੈਂਟ ਲਗਾ ਕੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਪ੍ਰੈਲ ਮਹੀਨੇ ਵਿੱਚ ਉਹ ਮੁੜ ਕੋਠੀ ਵਿੱਚ ਰਹਿਣ ਲੱਗ ਪੈਣਗੇ।

ਕੋਠੀ

ਮਾਹਰਾਂ ਮੁਤਾਬਕ ਕੰਮ ਵਿੱਚ ਜੋਖ਼ਮ

ਪੰਜਾਬ ਅਤੇ ਹਰਿਆਣਾ ਵਿੱਚ ਘਰਾਂ ਦੀ ਲਿਫਟਿੰਗ ਅਤੇ ਸ਼ਿਫ਼ਟਿੰਗ ਦੇ ਵੱਧ ਰਹੇ ਰੁਝਾਨ ਨੂੰ ਭਵਨ ਨਿਰਮਾਣ ਦੇ ਮਾਹਰ ਸਹੀ ਨਹੀਂ ਮੰਨਦੇ। ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੇ ਕੰਮ ਵਿੱਚ ਵੱਡਾ ਜੋਖ਼ਮ ਹੁੰਦਾ ਹੈ ਅਤੇ ਇਸ ਨਾਲ ਮਕਾਨ ਦੀ ਮਿਆਦ ਅਤੇ ਮਜ਼ਬੂਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਜਿਹੇ ਮਕਾਨ ਭੂਚਾਲ ਰੋਧਕ ਵੀ ਨਹੀਂ ਰਹਿ ਜਾਂਦੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਗੁਰਪ੍ਰੀਤ ਸਿੰਘ ਮੁਤਾਬਕ ਭਾਰਤ ਵਿੱਚ ਘਰ ਆਮ ਤੌਰ ‘ਤੇ ਕੰਕਰੀਟ ਦੇ ਬਣੇ ਹੁੰਦੇ ਹਨ।

“ਜੇਕਰ ਅਜਿਹੇ ਘਰਾਂ ਨੂੰ ਰੋੜ ਕੇ ਅੱਗੇ ਲਿਆਂਦਾ ਜਾਵੇ ਤਾਂ ਛੱਤ ਅਤੇ ਦੀਵਾਰਾਂ ਕਮਜ਼ੋਰ ਹੋ ਸਕਦੀਆਂ ਹਨ, ਜਿਸ ਨਾਲ ਹਾਦਸੇ ਦਾ ਖ਼ਤਰਾ ਬਣ ਜਾਂਦਾ ਹੈ। ਅਜਿਹੇ ਹਾਦਸਿਆਂ ਨੂੰ ਕੋਈ ਵੀ ਬੀਮਾ ਕੰਪਨੀ ਕਵਰ ਨਹੀਂ ਕਰਦੀ।”

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਘਰ ਸ਼ਿਫ਼ਟ ਕੀਤੇ ਜਾਂਦੇ ਹਨ, ਪਰ ਉੱਥੇ ਘਰ ਲੱਕੜ ਦੇ ਹੁੰਦੇ ਹਨ। ਜਦਕਿ ਭਾਰਤ ਵਿੱਚ ਜ਼ਿਆਦਾਤਰ ਘਰ ਕੰਕਰੀਟ ਦੇ ਬਣੇ ਹੁੰਦੇ ਹਨ।

ਉਨ੍ਹਾਂ ਮੁਤਾਬਕ ਵਿਦੇਸ਼ਾਂ ਵਿੱਚ ਇਹ ਕੰਮ ਮਕਾਨ ਉਸਾਰੀ ਦੇ ਮਾਹਰਾਂ ਦੀ ਨਿਗਰਾਨੀ ਹੇਠ ਮਸ਼ੀਨਾਂ ਅਤੇ ਹਾਈਡ੍ਰੌਲਿਕ ਜੈੱਕਾਂ ਨਾਲ ਕੀਤਾ ਜਾਂਦਾ ਹੈ, ਪਰ ਸਾਡੇ ਖਿੱਤੇ ਵਿੱਚ ਇਹ ਕੰਮ ਅਕਸਰ ਹੱਥੀਂ ਅਪਰੇਟ ਕੀਤਾ ਜਾਂਦਾ ਹੈ।

ਡਾਕਟਰ ਗੁਰਪ੍ਰੀਤ ਸਿੰਘ ਕਹਿੰਦੇ ਹਨ, “ਮਕਾਨ ਉਸਾਰੀ ਦੀਆਂ ਵਧਦੀਆਂ ਕੀਮਤਾਂ ਕਾਰਨ ਕਈ ਲੋਕ ਪੈਸੇ ਬਚਾਉਣ ਦੇ ਚੱਕਰ ਵਿੱਚ ਅਜਿਹਾ ਕੰਮ ਕਰਵਾ ਰਹੇ ਹਨ, ਪਰ ਤਕਨੀਕੀ ਤੌਰ ‘ਤੇ ਇਹ ਠੀਕ ਨਹੀਂ।”

“ਮਕਾਨਾਂ ਵਿੱਚ ਤਰੇੜਾਂ ਅਕਸਰ ਕਈ ਸਾਲਾਂ ਬਾਅਦ ਸਾਹਮਣੇ ਆਉਂਦੀਆਂ ਹਨ, ਇਸ ਲਈ ਇਸ ਤਰ੍ਹਾਂ ਦੇ ਪ੍ਰਯੋਗਾਂ ਤੋਂ ਬਚਣਾ ਚਾਹੀਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI