Home ਰਾਸ਼ਟਰੀ ਖ਼ਬਰਾਂ ਆਪ੍ਰੇਸ਼ਨ ਸਿੰਦੂਰ: ਇੱਕ ਮਹੀਨੇ ਬਾਅਦ ਪੰਜਾਬ ਵਿੱਚ ਕੀ ਕੁਝ ਬਦਲਿਆ, ‘ਮਾਂ ਮਰ...

ਆਪ੍ਰੇਸ਼ਨ ਸਿੰਦੂਰ: ਇੱਕ ਮਹੀਨੇ ਬਾਅਦ ਪੰਜਾਬ ਵਿੱਚ ਕੀ ਕੁਝ ਬਦਲਿਆ, ‘ਮਾਂ ਮਰ ਗਈ, ਪਿਓ ਹਸਪਤਾਲ ’ਚ ਹੈ, ਮੈਂ ਰਿਸ਼ਤੇਦਾਰਾਂ ਦੇ ਘਰ ਪਿਆ ਹਾਂ’

6
0

Source :- BBC PUNJABI

ਜਸਵੰਤ ਸਿੰਘ

ਤਸਵੀਰ ਸਰੋਤ, Kuldeep Brar/BBC

ਇੱਕ ਮਹੀਨਾ ਪਹਿਲਾਂ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਹੋਇਆ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਨਿਸ਼ਾਨਾ ਬਣਾਏ ਗਏ। ਜਿਵੇਂ ਹੀ ਸ਼ਾਮ ਨੂੰ ਸੂਰਜ ਦੀ ਟਿੱਕੀ ਡਿੱਗਦੀ ਹਨ੍ਹੇਰਾ ਹੁੰਦਿਆਂ ਹੀ ਥਾਂ-ਥਾਂ ਉੱਤੇ ਧਮਾਕੇ ਸੁਣਾਈ ਦੇਣ ਦੀਆਂ ਖ਼ਬਰਾਂ ਆਉਣ ਲੱਗਦੀਆਂ।

ਭਾਰਤੀ ਫੌਜ ਮੁਤਾਬਕ ਦਰਅਸਲ ਇਹ ਪਾਕਿਸਤਾਨ ਡਰੋਨ ਹਮਲੇ ਸਨ, ਜਿਨ੍ਹਾਂ ਨੂੰ ਭਾਰਤੀ ਫੌਜ ਹਵਾ ਵਿੱਚ ਹੀ ਨਸ਼ਟ ਕਰ ਦਿੰਦੀ ਸੀ।

ਭਾਰਤੀ ਫੌਜ ਦਾ ਜਦੋਂ ਪਾਕਿਸਤਾਨੀ ਡਰੋਨ ਨਿਸ਼ਾਨਾ ਬਣਦੇ ਤਾਂ ਧਮਾਕਿਆਂ ਦੀਆਂ ਅਵਾਜ਼ਾਂ ਦੂਰ-ਦੂਰ ਤੱਕ ਸੁਣਾਈ ਦਿੰਦੀਆਂ। ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਉੱਤੇ ਦਾਗੀਆਂ ਗਈਆਂ ਕਈ ਮਿਜ਼ਾਇਲਾਂ ਨੂੰ ਵੀ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਨਸ਼ਟ ਕੀਤਾ ਅਤੇ ਇਨ੍ਹਾਂ ਦੇ ਅਵਸ਼ੇਸ਼ ਪੰਜਾਬ ਦੇ ਪਿੰਡਾਂ ਵਿੱਚ ਡਿੱਗਦੇ ਰਹੇ।

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਵੱਲੋਂ 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਨੂੰ ਅੰਜਾਮ ਦਿੱਤਾ ਗਿਆ ਸੀ।

ਭਾਰਤ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਪਾਕਿਸਤਾਨ ਵਿਚਲੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਭਾਰਤ ਵਿਚਲੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ। ਜਿਸ ਦਾ ਭਾਰਤ ਨੇ ਮੁੜ ਜਵਾਬ ਦਿੱਤਾ।

ਪਰ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦਾ ਐਲਾਨ ਹੋ ਗਿਆ, ਭਾਵੇਂ ਕਿ ਭਾਰਤ ਨੇ ਇਸ ਨੂੰ ਜੰਗਬੰਦੀ ਆਪ੍ਰੇਸ਼ਨ ਸਿੰਦੂਰ ਦੀ ਸਮਾਪਤੀ ਦੀ ਬਜਾਇ ਮੁਅੱਤਲੀ ਕਰਾਰ ਦਿੱਤਾ।

ਇੱਕ ਧਮਾਕਾ ਤੇ ਸਦਾ ਲਈ ਬਦਲ ਗਈ ਜ਼ਿੰਦਗੀ

ਜਸਵੰਤ ਸਿੰਘ ਦਾ ਘਰ

ਤਸਵੀਰ ਸਰੋਤ, Kuldeep Brar/BBC

9 ਮਈ ਦੀ ਸ਼ਾਮ ਨੂੰ ਇੱਕ ਡਰੋਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਦੇ ਲਖਵਿੰਦਰ ਸਿੰਘ ਦੇ ਘਰ ਵਿੱਚ ਡਿੱਗਿਆ, ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ। ਘਰ ਤੋਂ 200 ਮੀਟਰ ਦੂਰ ਚਤਰ ਸਿੰਘ ਆਪਣੀ ਕਾਰ ਏਸੀ ਰਿਪੇਅਰ ਵਰਕਸ਼ਾਪ ਉੱਤੇ ਸਨ, ਜਦੋਂ ਉਨ੍ਹਾਂ ਨੇ ਇਸ ਧਮਾਕੇ ਦੀ ਅਵਾਜ਼ ਸੁਣੀ।

ਉਸ ਦਿਨ ਦੇ ਮੰਜ਼ਰ ਬਾਰੇ ਚਤਰ ਸਿੰਘ ਦੱਸਦੇ ਹਨ, “ਜਦੋਂ ਮੈਂ ਧਮਾਕੇ ਦੀ ਅਵਾਜ਼ ਸੁਣੀ ਤਾਂ ਮੈਂ ਭੱਜ ਕੇ ਲਖਵਿੰਦਰ ਸਿੰਘ ਦੇ ਘਰ ਗਿਆ। ਮੈਂ ਦੇਖਿਆ ਕਾਰ ਨੂੰ ਅੱਗ ਲੱਗੀ ਹੋਈ ਸੀ।”

ਚਤਰ ਸਿੰਘ ਮੁਤਾਬਕ, ”ਲਖਵਿੰਦਰ ਦੀ ਪਤਨੀ ਸੜ ਕੇ ਪਿੱਛੇ ਡਿੱਗੀ ਹੋਈ ਸੀ। ਉਨ੍ਹਾਂ ਦੇ ਕੱਪੜੇ ਸੜ ਚੁੱਕੇ ਸੀ, ਮੈਂ ਆਪਣੀ ਦਸਤਾਰ ਨਾਲ ਉਨ੍ਹਾਂ ਦਾ ਸਰੀਰ ਢਕਿਆ। ਇੱਕ ਸਿਲੰਡਰ ਨੂੰ ਅੱਗ ਲੱਗੀ ਹੋਈ, ਮੈਂ ਸੋਚਿਆ ਕਿਤੇ ਸਿਲੰਡਰ ਫਟ ਨਾ ਜਾਵੇ, ਉਸ ਨੂੰ ਕੁਝ ਮੀਟਰ ਪਾਸੇ ਲੈ ਗਿਆ।”

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਡਰੋਨ ਡਿੱਗਣ ਦੀ ਇਸ ਘਟਨਾ ਨੇ ਲਖਵਿੰਦਰ ਸਿੰਘ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਪੂਰੇ ਤਰੀਕੇ ਨਾਲ ਬਦਲ ਦਿੱਤਾ।

ਇਸ ਘਟਨਾ ਵਿੱਚ ਲਖਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਸੀ ਜਦਕਿ ਲਖਵਿੰਦਰ ਸਿੰਘ ਕਾਫੀ ਝੁਲਸ ਗਏ ਸਨ। ਉਨ੍ਹਾਂ ਦਾ ਅਜੇ ਵੀ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਸੁਖਵਿੰਦਰ ਕੌਰ ਦੇ ਪੁੱਤਰ ਜਸਵੰਤ ਸਿੰਘ ਵੀ ਜ਼ਖਮੀ ਹੋਏ ਸਨ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਪਿੰਡ ਵਰਿਆਮ ਵਾਲੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਰਹਿ ਰਹੇ ਹਨ।

ਲਖਵਿੰਦਰ ਸਿੰਘ ਵਾਂਗ ਭਾਵੇਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਦਾ ਜਾਨੀ ਨੁਕਾਸਨ ਤਾਂ ਨਹੀਂ ਹੋਇਆ, ਪਰ ਉਨ੍ਹਾਂ ਨੇ ਕਈ ਦਿਨ ਦਹਿਸ਼ਤ ਵਿੱਚ ਕੱਟੇ। ਕਾਰੋਬਾਰ ਠੱਪ ਹੋ ਗਏ ਅਤੇ ਸਰਹੱਦੀ ਖੇਤਰਾਂ ਵਿੱਚ ਤਾਂ ਕਈ ਲੋਕਾਂ ਨੂੰ ਘਰੋਂ ਹਿਜਰਤ ਵੀ ਕਰਨੀ ਪਈ।

ਸਦਮੇ ਤੋਂ ਉਭਰਨ ਦੀ ਕੋਸ਼ਿਸ਼ ਵਿੱਚ

ਚਤਰ ਸਿੰਘ

ਤਸਵੀਰ ਸਰੋਤ, Kuldeep Brar/BBC

ਜਸਵੰਤ ਸਿੰਘ ਨੂੰ ਇਸ ਤਣਾਅ ਕਾਰਨ ਆਪਣੀ ਮਾਂ ਨੂੰ ਗੁਆਉਣਾ ਪਿਆ। ਜਸਵੰਤ ਸਿੰਘ ਅਜੇ ਵੀ ਇਸ ਸਦਮੇ ਤੋਂ ਉਭਰੇ ਨਹੀਂ ਹਨ।

ਸਿਹਤ ਪੱਖੋਂ ਵੀ ਉਹ ਆਪ ਵੀ ਅਜੇ ਪੂਰੇ ਤਰੀਕੇ ਨਾਲ ਠੀਕ ਨਹੀਂ ਹਨ। ਜਸਵੰਤ ਸਿੰਘ ਨੂੰ 9 ਮਈ ਦੀ ਸ਼ਾਮ ਅਜੇ ਵੀ ਯਾਦ ਹੈ ਪਰ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਲਗ ਰਿਹਾ ਹੈ।

ਜਸਵੰਤ ਸਿੰਘ ਦੱਸਦੇ ਹਨ, “ਸਾਡੇ ਪਰਿਵਾਰ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਇਆ। ਧਮਾਕੇ ਵੇਲੇ ਘਰ ਵਿੱਚ ਪਰਿਵਾਰ ਦੇ ਤਿੰਨ ਜੀਅ ਮੌਜੂਦ ਸੀ। ਅਸੀਂ ਤਾਂ ਮੱਝਾਂ ਸਾਂਭ ਰਹੇ ਸੀ। ਅਚਾਨਕ ਡਰੋਨ ਡਿੱਗਿਆ ਤੇ ਜ਼ੋਰਦਾਰ ਧਮਾਕੇ ਹੋਏ। ਸਾਰੇ ਵਿਹੜੇ ਵਿੱਚ ਅੱਗ ਹੀ ਅੱਗ ਸੀ। ਮੇਰੇ ਮਾਤਾ ਪੂਰੇ ਹੋ ਗਏ ਤੇ ਪਿਤਾ ਲੁਧਿਆਣਾ ਡੀਐੱਮਸੀ ਵਿੱਚ ਭਰਤੀ ਹਨ। ਮੇਰੀ ਸਿਹਤ ਹੌਲੀ-ਹੌਲੀ ਸੁਧਰ ਰਹੀ ਹੈ।”

ਜਸਵੰਤ ਸਿੰਘ ਕਹਿੰਦੇ ਹਨ ਕਿ ਘਰ ਵਿੱਚ ਇਕੱਲੇ ਸਨ ਇਸ ਲਈ ਹੁਣ ਉਹ ਤਾਇਆਂ- ਚਾਚਿਆਂ ਕੋਲ ਰਹਿ ਰਹੇ ਹਨ। ਇੱਕ ਡੰਗਰ ਦੀ ਉਸ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਬਾਕੀ ਡੰਗਰਾਂ ਨੂੰ ਉਨ੍ਹਾਂ ਨੇ ਵੇਚ ਦਿੱਤਾ ਹੈ।

ਜਸਵੰਤ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦਾ ਮੁਆਵਜ਼ਾ ਮਿਲ ਚੁੱਕਿਆ ਹੈ ਪਰ ਅਜੇ ਵੀ ਉਹ ਸਰਕਾਰ ਵੱਲੋਂ ਮਦਦ ਦੀ ਮੰਗ ਕਰ ਰਹੇ ਹਨ।

ਹਿਜਰਤ ਕਰ ਚੁੱਕੇ ਲੋਕ ਵਾਪਸ ਆਏ ਪਰ…

ਆਪ੍ਰੇਸ਼ਨ ਸਿੰਦੂਰ ਮਗਰੋਂ ਵਪਾਰ ਅਜੇ ਤੱਕ ਆਪਣੇ ਪੁਰਾਣੇ ਪੱਧਰ ਤੱਕ ਵਾਪਸ ਨਹੀਂ ਆ ਸਕਿਆ ਹੈ

ਪੰਜਾਬ ਦੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਜਦੋਂ ਵੀ ਫੌਜੀ ਤਣਾਅ ਦੀ ਖ਼ਬਰ ਆਉਂਦੀ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਉਜਾੜੇ ਨਾਲ ਜੁੜੀਆਂ ਫ਼ਿਕਰਾਂ ਪੈਦਾ ਹੋ ਜਾਂਦੀਆਂ ਹਨ।

ਫਿਰੋਜ਼ਪੁਰ ਦੇ ਦਰਜਨ ਕੇ ਕਰੀਬ ਪਿੰਡ ਤਿੰਨ ਪਾਸੇ ਸਤਲੁਜ ਦਰਿਆ ਨਾਲ ਘਿਰੇ ਹੋਏ ਹਨ। ਜਦੋਂ ਤਣਾਅ ਵਧਿਆ ਸੀ ਤਾਂ ਇਨ੍ਹਾਂ ਪਿੰਡਾਂ ਦੇ ਲੋਕ ਆਪਣਾ ਲੋੜੀਂਦਾ ਸਾਮਾਨ ਲੈ ਕੇ ਪਿੰਡ ਛੱਡ ਆਏ ਸੀ।

ਬੀਬੀਸੀ ਪੰਜਾਬੀ ਦੀ ਟੀਮ ਨੇ ਟਰੈਕਟਰ-ਟਰਾਲੀਆਂ ਵਿੱਚ ਸਮਾਨ ਲੱਦ ਕੇ ਘਰ ਜਾਂਦੇ ਸਮੇਂ ਕਈ ਪਰਿਵਾਰਾਂ ਨਾਲ ਗੱਲਬਾਤ ਕੀਤੀ ਸੀ।

ਇਨ੍ਹਾਂ ਪਰਿਵਾਰਾਂ ਨੇ ਆਪਣੇ ਘਰਾਂ ਵਿੱਚ ਇੱਕ-ਦੋ ਜੀਅ ਪਿੱਛੇ ਛੱਡੇ ਸੀ ਤਾਂ ਜੋ ਡੰਗਰਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ, ਬਾਕੀ ਸਰਹੱਦ ਤੋ ਪਿੱਛੇ ਹਟ ਗਏ ਅਤੇ ਰਿਸ਼ਤੇਦਾਰਾਂ ਜਾਂ ਜਨਤਕ ਥਾਵਾਂ ਉੱਤੇ ਡੇਰੇ ਲਗਾ ਲਏ।

ਹਿਜਰਤ

ਅਜੀਤ ਸਿੰਘ ਵੀ ਆਪਣਾ ਝੁੱਗੇ ਹਜ਼ਾਰਾ ਸਿੰਘ ਪਿੰਡ ਛੱਡ ਕੇ ਪਿੱਛੇ ਹਟ ਗਏ ਸੀ, ਪਰ ਹੁਣ ਉਨ੍ਹਾਂ ਦਾ ਪਰਿਵਾਰ ਵਾਪਸ ਪਰਤ ਆਇਆ ਹੈ।

ਅਜੀਤ ਸਿੰਘ ਨੇ ਦੱਸਦੇ ਹਨ, “ਅਸੀਂ ਭਾਵੇਂ ਸਾਮਾਨ ਲੈ ਕੇ ਪਿੱਛੇ ਵੱਲ ਚਲੇ ਗਏ ਸੀ ਪਰ ਇਸ ਤਰ੍ਹਾਂ ਹਿਜਰਤ ਕਰਨਾ ਕਿਹੜਾ ਸੌਖਾ ਹੈ। ਪਿੰਡ ਤੋਂ ਜਾਣ ਤੇ ਫਿਰ ਵਾਪਸ ਆਉਣ ਵੇਲੇ ਸਾਮਾਨ ਦਾ ਨੁਕਸਾਨ ਵੀ ਹੁੰਦਾ ਹੈ। ਸਾਡੇ ਲਈ ਤਾਂ ਸਤਲੁਜ ਦਰਿਆ ਵਿੱਚ ਜ਼ਿਆਦਾ ਪਾਣੀ ਆਉਣ ਵੇਲੇ ਵੀ ਕਾਫੀ ਦਿੱਕਤ ਆਉਂਦੀ ਹੈ ਤੇ ਤਣਾਅ ਦੇ ਹਾਲਤ ਵਿੱਚ ਵੀ ਸਾਡੀ ਜ਼ਿੰਦਗੀ ਮੁਸ਼ਕਲ ਬਣ ਜਾਂਦੀ ਹੈ।”

ਪਿੰਡ ਦੇ ਹੀ ਇੱਕ ਹੋਰ ਨਿਵਾਸੀ ਬਗੀਚਾ ਸਿੰਘ ਕਹਿੰਦੇ ਹਨ ਕਿ ਤਣਾਅ ਵੇਲੇ ਤਕਰੀਬਨ ਸਾਰਾ ਪਿੰਡ ਹੀ ਖਾਲੀ ਹੋ ਗਿਆ ਸੀ।

ਉਹ ਕਹਿੰਦੇ ਹਨ, “ਸਾਡਾ ਦਰਿਆਈ ਇਲਾਕਾ ਹੈ। ਜਦੋਂ ਸਾਡੇ ਪਿੰਡਾਂ ਨੂੰ ਫਿਰੋਜ਼ਪੁਰ ਨਾਲ ਜੋੜਨ ਵਾਲਾ ਪੁਲ਼ ਬੰਦ ਹੋ ਜਾਂਦਾ ਹੈ ਤਾਂ ਇੱਥੋਂ ਨਿਕਲਣਾ ਔਖਾ ਹੋ ਜਾਂਦਾ ਹੈ। ਤਿੰਨ ਪਾਸੇ ਦਰਿਆ ਹੋਣ ਕਰਕੇ ਅਚਾਨਕ ਇੱਥੋਂ ਨਹੀਂ ਨਿਕਲਿਆ ਜਾ ਸਕਦਾ। ਭਾਵੇਂ ਦਰਿਆ ਰਾਹੀਂ ਜਾਣ ਲਈ ਬੇੜੀਆਂ ਦਾ ਪ੍ਰਬੰਧ ਤਾਂ ਹੁੰਦਾ ਹੈ ਪਰ ਫਿਰ ਵੀ ਮੁਸ਼ਕਿਲ ਮਹਿਸੂਸ ਹੁੰਦੀ ਹੈ।”

ਵਪਾਰ ਵਿੱਚ ਅਜੇ ਵੀ ਮੱਠਾ ਹੈ

ਹਰਦੇਵ ਸਿੰਘ

ਹਰਦੇਵ ਸਿੰਘ ਇਸ ਪਿੰਡ ਵਿੱਚ ਸਟੀਲ ਫਰਨੀਚਰ ਦਾ ਕੰਮ ਕਰਦੇ ਹਨ। ਉਹ ਕਹਿੰਦੇ ਹਨ ਕਿ ਤਣਾਅ ਕਾਰਨ ਵਪਾਰ ਨੂੰ ਕਾਫੀ ਢਾਹ ਲੱਗੀ ਹੈ।

ਉਹ ਕਹਿੰਦੇ ਹਨ ਕਿ ਲੋਕ ਅਜੇ ਵੀ ਡਰੇ ਹੋਏ ਹਨ ਤੇ ਅਜੇ ਉਹ ਖਰੀਦਦਾਰੀ ਕਰਨ ਲਈ ਨਹੀਂ ਆ ਰਹੇ ਹਨ।

ਹਰਦੇਵ ਸਿੰਘ ਨੂੰ ਉਮੀਦ ਹੈ ਕਿ ਹਾਲਾਤ ਵਿੱਚ ਹੌਲੀ-ਹੌਲੀ ਸੁਧਾਰ ਹੋਵੇਗਾ।

ਤਣਾਅ ਵੇਲੇ ਖੌਫ਼ ਸੀ ਪਰ ਆਮ ਵਰਗੀ ਹੋਈ ਜ਼ਿੰਦਗੀ

ਸਿੰਬਲ ਸਕੋਲ ਪਿੰਡ ਦੇ ਸਰਪੰਚ ਦੀਪ ਕੁਮਾਰ

ਪਠਾਨਕੋਟ ਦੇ ਪਿੰਡ ਸਿੰਬਲ ਸਕੋਲ ਵਿੱਚ ਜਦੋਂ ਬੀਬੀਸੀ ਪੰਜਾਬੀ ਦੀ ਟੀਮ ਨੇ ਇੱਕ ਮਹੀਨੇ ਪਹਿਲਾਂ ਦੌਰਾ ਕੀਤਾ ਸੀ ਤਾਂ ਉਸ ਵਕਤ ਜ਼ਿਆਦਾਤਰ ਲੋਕ ਇੱਥੋਂ ਪਿੰਡ ਛੱਡ ਕੇ ਸੁਰੱਖਿਅਤ ਟਿਕਾਣਿਆਂ ਉੱਤੇ ਚਲੇ ਗਏ ਸਨ।

ਸਿੰਬਲ ਸਕੋਲ ਪਿੰਡ ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ। ਇੱਥੇ ਵੀ ਦਰਿਆ ਉੱਤੇ ਬਣੇ ਇੱਕਲੌਤੇ ਪੁਲ ਰਾਹੀਂ ਪੂਰੇ ਦੇਸ਼ ਨਾਲ ਕਨੈਕਸ਼ਨ ਜੁੜਦਾ ਹੈ। ਕਰੀਬ 500 ਦੀ ਅਬਾਦੀ ਵਾਲੇ ਇਸ ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਦੇ ਕਿੱਤੇ ਉੱਤੇ ਨਿਰਭਰ ਹਨ।

ਇਸ ਪਿੰਡ ਵਿੱਚ ਰਹਿੰਦੇ ਰਾਣੀ ਦੇਵੀ ਆਪ੍ਰੇਸ਼ਨ ਸਿੰਦੂਰ ਦੇ ਦਿਨਾਂ ਬਾਰੇ ਦੱਸਦੇ ਹਨ।

ਉਹ ਦੱਸਦੇ ਹਨ, “ਅਸੀਂ ਰਾਤ ਵੇਲੇ ਬੱਤੀਆਂ ਬੰਦ ਕਰ ਦਿੰਦੇ ਸੀ। ਬੱਚੇ ਵੀ ਪੁੱਛਦੇ ਸੀ ਕਿ ਜੰਗ ਵਿੱਚ ਕੀ-ਕੀ ਹੋਵੇਗਾ। ਅਸੀਂ ਫਿਰ ਦੋ-ਦੋ ਸੂਟ ਆਪਣੇ ਨਾਲ ਲਏ ਤੇ ਬਾਕੀ ਸਾਰਾ ਸਾਮਾਨ ਘਰ ਵਿੱਚ ਹੀ ਛੱਡ ਦਿੱਤਾ ਤੇ ਘਰਾਂ ਨੂੰ ਜਿੰਦਰੇ ਲਾ ਕੇ ਰਿਸ਼ਤੇਦਾਰਾਂ ਵੱਲ ਚਲੇ ਗਏ।”

ਪਿੰਡ ਦੇ ਸਰਪੰਚ ਦੀਪ ਕੁਮਾਰ ਦੱਸਦੇ ਹਨ, “ਆਪ੍ਰੇਸ਼ਨ ਸਿੰਦੂਰ ਦੌਰਾਨ ਪੈਦਾ ਹੋਈ ਹਲਚਲ ਕਰਕੇ ਲੋਕਾਂ ਦੇ ਮਨਾਂ ਵਿੱਚ ਖ਼ੌਫ਼ ਤਾਂ ਪੈਦਾ ਹੋ ਗਿਆ ਸੀ। ਲੋਕ ਪਿੱਛੇ ਵੱਲ ਨੂੰ ਚਲੇ ਗਏ ਸੀ। ਸਰਹੱਦੀ ਪਿੰਡ ਹੋਣ ਕਾਰਨ ਦਿੱਕਤਾਂ ਤਾਂ ਹਨ। ਸਾਡੇ ਪਿੰਡ ਦੇ ਪਰਿਵਾਰਾਂ ਵਿੱਚ ਲੋਕ ਵਿਆਹ ਕਰਨ ਵੇਲੇ ਕਈ ਵਾਰ ਸੋਚਦੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI