Home ਰਾਸ਼ਟਰੀ ਖ਼ਬਰਾਂ ਭਾਰਤੀ ਪਾਇਲਟ ਕਿਹੜੀ ਇਤਿਹਾਸਕ ਪੁਲਾੜ ਯਾਤਰਾ ‘ਤੇ ਜਾ ਰਹੇ, ਉਸ ਦਾ ਭਾਰਤ...

ਭਾਰਤੀ ਪਾਇਲਟ ਕਿਹੜੀ ਇਤਿਹਾਸਕ ਪੁਲਾੜ ਯਾਤਰਾ ‘ਤੇ ਜਾ ਰਹੇ, ਉਸ ਦਾ ਭਾਰਤ ਨੂੰ ਕੀ ਫਾਇਦਾ ਹੋਵੇਗਾ

5
0

Source :- BBC PUNJABI

ਐਕਸੀਓਮ-4 ਦੇ ਚਾਰ ਮੈਂਬਰ

ਤਸਵੀਰ ਸਰੋਤ, Axiom Space

  • ਲੇਖਕ, ਗੀਤਾ ਪਾਂਡੇ
  • ਰੋਲ, ਬੀਬੀਸੀ ਨਿਊਜ਼, ਦਿੱਲੀ
  • 6 ਜੂਨ 2025, 16:15 IST

    ਅਪਡੇਟ 4 ਘੰਟੇ ਪਹਿਲਾਂ

ਨਾਸਾ ਦੇ ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲੇ ਦਿ ਐਕਸੀਓਮ ਮਿਸ਼ਨ 4 (ਏਐਕਸ-4) ਨੂੰ ਇੱਕ ਭਾਰਤੀ ਪਾਇਲਟ ਸ਼ੁਭਾਂਸ਼ੂ ਸ਼ੁਕਲਾ ਉਡਾਉਣਗੇ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਵੱਲ 8 ਜੂਨ ਨੂੰ ਉਡਾਣ ਭਰਨੀ ਸੀ ਪਰ ਹੁਣ ਇਹ ਉਡਾਣ 10 ਜੂਨ ਨੂੰ ਭਰੀ ਜਾਵੇਗੀ।

ਉਡਾਣ ਵਿੱਚ ਹੋਈ ਇਸ ਦੇਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਐਕਸੀਓਮ-4 ਦੇ ਚਾਰ-ਮੈਂਬਰਾਂ ਵਿੱਚੋਂ ਇੱਕ ਹਨ ਜੋ ਆਈਐੱਸਐੱਸ ‘ਤੇ ਦੋ ਹਫ਼ਤੇ ਬਿਤਾਉਣਗੇ।

10 ਜੂਨ ਨੂੰ ਈਡੀਟੀ (ਈਸਟਰਨ ਡੇਟਲਾਈਨ ਟਾਈਮ) ਦੇ ਮੁਤਾਬਕ ਸਵੇਰੇ 08:22 ਵਜੇ ਭਾਰਤੀ ਸਮੇਂ ਮੁਤਾਬਕ ਸ਼ਾਮ ਨੂੰ 5 ਵੱਜ ਕੇ 53 ਮਿੰਟ ‘ਤੇ ਆਈਐੱਸਐੱਸ ਲਈ ਆਪਣੀ ਯਾਤਰਾ ਸ਼ੁਰੂ ਕਰਨਗੇ।

ਉਨ੍ਹਾਂ ਦੀ ਇਸ ਉਡਾਣ ਨੂੰ ਲੈ ਕੇ ਭਾਰਤ ਵਿੱਚ ਖਾਸੀ ਦਿਲਚਸਪੀ ਹੈ ਕਿਉਂਕਿ ਗਰੁੱਪ ਕੈਪਟਨ ਸ਼ੁਕਲਾ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਅਤੇ ਆਈਐੱਸਐੱਸ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਹੋਣਗੇ।

ਇਸ ਤੋਂ ਪਹਿਲਾਂ ਪੁਲਾੜ ਯਾਤਰੀ ਰਾਕੇਸ਼ ਸ਼ਰਮਾ 1984 ਵਿੱਚ ਰੂਸੀ ਸੋਯੂਜ਼ ‘ਤੇ ਸਵਾਰ ਹੋ ਕੇ ਪੁਲਾੜ ਵਿੱਚ ਉਡਾਣ ਭਰਨ ਵਾਲੇ ਪਹਿਲੇ ਭਾਰਤੀ ਬਣੇ ਸਨ ਅਤੇ ਹੁਣ ਉਸ ਤੋਂ 41 ਸਾਲ ਬਾਅਦ ਕੋਈ ਭਾਰਤੀ ਇਸ ਯਾਤਰਾ ‘ਤੇ ਜਾ ਰਿਹਾ ਹੈ। ਰਾਕੇਸ਼ ਸ਼ਰਮਾ ਨੇ ਉੱਥੇ ਲਗਭਗ ਅੱਠ ਦਿਨ ਬਿਤਾਏ ਸਨ।

ਇਸ ਟੀਮ ਵਿੱਚ ਹੋਰ ਕੌਣ-ਕੌਣ ਸ਼ਾਮਲ

ਇੱਕ ਛੋਟਾ ਖਿਡੌਣਾ

ਤਸਵੀਰ ਸਰੋਤ, Axiom Space

ਏਐਕਸ-4 ਦੀ ਅਗਵਾਈ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਕਰ ਰਹੇ ਹਨ। ਉਹ ਇੱਕ ਪੁਲਾੜ ਅਨੁਭਵੀ ਹਨ ਜੋ ਦੋ ਵਾਰ ਆਈਐੱਸਐੱਸ ਦੇ ਕਮਾਂਡਰ ਰਹਿ ਚੁੱਕੇ ਹਨ। ਉਨ੍ਹਾਂ ਨੇ ਸੈਂਕੜੇ ਦਿਨ ਪੁਲਾੜ ਵਿੱਚ ਬਿਤਾਏ ਹਨ ਅਤੇ 10 ਵਾਰ ਪੁਲਾੜ ਦੀ ਸੈਰ ਕੀਤੀ ਹੈ।

ਉਨ੍ਹਾਂ ਤੋਂ ਇਲਾਵਾ ਇਸ ਟੀਮ ਵਿੱਚ ਪੋਲੈਂਡ ਤੋਂ ਸਲਾਓਸ ਉਜ਼ਨਾਂਸਕੀ-ਵਿਸਨੀਵਸਕੀ ਅਤੇ ਹੰਗਰੀ ਤੋਂ ਟਿਬੋਰ ਕਾਪੂ ਵੀ ਸ਼ਾਮਲ ਹਨ। ਭਾਰਤੀ ਪੁਲਾੜ ਯਾਤਰੀ ਸ਼ੁਕਲਾ ਵਾਂਗ, ਉਹ ਦੋਵੇਂ ਵੀ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਆਪਣੇ ਦੇਸ਼ਾਂ ਨੂੰ ਪੁਲਾੜ ਵਿੱਚ ਵਾਪਸ ਲੈ ਜਾ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਯਾਤਰਾ ਵਿੱਚ ਪਾਇਲਟ ਦੀ ਭੂਮਿਕਾ ਮਹੱਤਵਪੂਰਨ ਹੈ, ਕਿਉਂਕਿ ਉਹ ਮਿਸ਼ਨ ਕਮਾਂਡਰ ਦੇ ਦੂਜੇ-ਇਨ-ਕਮਾਂਡ ਵਜੋਂ ਕੰਮ ਕਰਨਗੇ ਅਤੇ ਲਾਂਚ, ਡੌਕਿੰਗ, ਅਨਡੌਕਿੰਗ ਅਤੇ ਧਰਤੀ ‘ਤੇ ਵਾਪਸੀ ਦੌਰਾਨ ਪੁਲਾੜ ਯਾਨ ਦੇ ਕਾਰਜਾਂ ਵਿੱਚ ਸਹਾਇਤਾ ਕਰਨਗੇ।

ਇਹ ਸਾਰੇ ਪੁਲਾੜ ਯਾਤਰੀ, ਯਾਤਰਾ ਦੀ ਤਿਆਰੀ ਲਈ 25 ਮਈ ਤੋਂ ਕੁਆਰੰਟੀਨ ਵਿੱਚ ਹਨ। ਮੰਗਲਵਾਰ ਰਾਤ ਨੂੰ ਇਨ੍ਹਾਂ ਯਾਤਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਜੋਏ – ਇੱਕ ਛੋਟਾ, ਚਿੱਟਾ ਖਿਡੌਣਾ – ਵੀ ਪੇਸ਼ ਕੀਤਾ, ਜਿਸ ਬਾਰੇ ਉਨ੍ਹਾਂ ਦੱਸਿਆ ਕਿ ਏਐਕਸ-4 ‘ਤੇ ਉਹ “ਚਾਲਕ ਦਲ ਦਾ ਪੰਜਵਾਂ ਮੈਂਬਰ” ਹੋਵੇਗਾ।

ਇਸ ਦੌਰਾਨ ਕਮਾਂਡਰ ਵਿਟਸਨ ਨੇ ਕਿਹਾ, “ਅਸੀਂ ਲਾਂਚ ਲਈ ਤਿਆਰ ਹਾਂ, ਅਸੀਂ ਸਾਰੀ ਟ੍ਰੇਨਿੰਗ ਪੂਰੀ ਕਰ ਲਈ ਹੈ ਅਤੇ ਟੀਮ ਵਿੱਚ ਚੰਗੇ ਸਬੰਧ ਬਣ ਗਏ ਹਨ।”

‘ਮੈਂ ਅਰਬਾਂ ਦਿਲਾਂ ਦੀਆਂ ਉਮੀਦਾਂ ਅਤੇ ਸੁਪਨੇ ਨਾਲ ਲੈ ਕੇ ਜਾਵਾਂਗਾ’

ਸ਼ੁਭਾਂਸ਼ੂ ਸ਼ੁਕਲਾ

ਤਸਵੀਰ ਸਰੋਤ, Social Media

ਗਰੁੱਪ ਕੈਪਟਨ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੇ ਉਤਸ਼ਾਹ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ।

ਉਨ੍ਹਾਂ ਕਿਹਾ, “ਇਹ ਹੁਣ ਤੱਕ ਦਾ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ, ਪਰ ਸਭ ਤੋਂ ਵਧੀਆ ਸਮਾਂ ਅਜੇ ਆਉਣਾ ਬਾਕੀ ਹੈ।”

ਸ਼ੁਕਲਾ ਨੇ ਅੱਗੇ ਕਿਹਾ, “ਪੁਲਾੜ ਵਿੱਚ ਮੈਂ ਆਪਣੇ ਨਾਲ ਸਿਰਫ਼ ਯੰਤਰ ਅਤੇ ਉਪਕਰਣ ਹੀ ਨਹੀਂ ਲੈ ਕੇ ਜਾਵਾਂਗਾ ਸਗੋਂ ਅਰਬਾਂ ਦਿਲਾਂ ਦੀਆਂ ਉਮੀਦਾਂ ਅਤੇ ਸੁਪਨੇ ਵੀ ਲੈ ਕੇ ਜਾਵਾਂਗਾ।”

“ਮੈਂ ਸਾਰੇ ਭਾਰਤੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕਰਨ।”

39 ਸਾਲਾ ਸ਼ੁਕਲਾ ਉਨ੍ਹਾਂ ਚਾਰ ਭਾਰਤੀ ਹਵਾਈ ਸੈਨਾ ਅਧਿਕਾਰੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਪਿਛਲੇ ਭਾਰਤ ਸੀ ਪਹਿਲੀ ਮਨੁੱਖੀ ਪੁਲਾੜ ਉਡਾਣ ‘ਤੇ ਯਾਤਰਾ ਕਰਨ ਲਈ ਚੁਣਿਆ ਗਿਆ ਸੀ, ਜੋ ਕਿ 2027 ਲਈ ਨਿਰਧਾਰਿਤ ਹੈ।

ਗਗਨਯਾਨ ਮਿਸ਼ਨ ਦਾ ਉਦੇਸ਼ ਤਿੰਨ ਪੁਲਾੜ ਯਾਤਰੀਆਂ ਨੂੰ 400 ਕਿਲੋਮੀਟਰ ਦੇ ਓਰਬਿਟ ਵਿੱਚ ਭੇਜਣਾ ਅਤੇ ਤਿੰਨ ਦਿਨਾਂ ਬਾਅਦ ਉਨ੍ਹਾਂ ਨੂੰ ਵਾਪਸ ਲਿਆਉਣਾ ਹੈ।

ਭਾਰਤ ਨੇ 2035 ਤੱਕ ਇੱਕ ਪੁਲਾੜ ਸਟੇਸ਼ਨ ਸਥਾਪਤ ਕਰਨ ਅਤੇ 2040 ਤੱਕ ਚੰਦਰਮਾ ‘ਤੇ ਇੱਕ ਪੁਲਾੜ ਯਾਤਰੀ ਭੇਜਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ।

ਭਾਰਤ ਦੀ ਪੁਲਾੜ ਏਜੰਸੀ ਇਸਰੋ ਗਗਨਯਾਨ ਦੀ ਤਿਆਰੀ ਲਈ ਕਈ ਟੈਸਟ ਕਰ ਰਹੀ ਹੈ। ਦਸੰਬਰ ਵਿੱਚ, ਇਨ੍ਹਾਂ ਟੈਸਟਾਂ ਦੇ ਹਿੱਸੇ ਵਜੋਂ ਇੱਕ ਮਹਿਲਾ ਹਿਊਮਨਾਈਡ ਰੋਬੋਟ ਨੂੰ ਪੁਲਾੜ ਵਿੱਚ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਸ ਲਈ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਾਜ਼ਾ ਮਿਸ਼ਨ ਇਸਰੋ ਲਈ ਇੱਕ “ਵਿਲੱਖਣ ਦਿਲਚਸਪ ਮੌਕਾ” ਹੈ ਅਤੇ ਇਸ ਲਈ ਭਾਰਤ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਦਿਲਚਸਪੀ ਬਣੀ ਹੋਈ ਹੈ।

ਐਕਸੀਓਮ-4 ਦੇ ਚਾਰ ਮੈਂਬਰ

ਤਸਵੀਰ ਸਰੋਤ, Axiom Space

ਏਐਕਸ-4 ‘ਤੇ ਆਈਐੱਸਐੱਸ ਦੀ ਯਾਤਰਾ – ਹਿਊਸਟਨ-ਅਧਾਰਤ ਨਿੱਜੀ ਕੰਪਨੀ ਐਕਸੀਓਮ ਸਪੇਸ ਦੁਆਰਾ ਸੰਚਾਲਿਤ ਇੱਕ ਵਪਾਰਕ ਉਡਾਣ ਹੈ, ਜੋ ਕਿ ਨਾਸਾ, ਇਸਰੋ ਅਤੇ ਯੂਰਪੀਅਨ ਸਪੇਸ ਏਜੰਸੀ (ਈਐਸਏ) ਵਿਚਕਾਰ ਸਹਿਯੋਗੀ ਯਤਨਾਂ ਨਾਲ ਕੀਤੀ ਜਾ ਰਹੀ ਹੈ।

10 ਤਰੀਕ ਦੀ ਉਡਾਣ ਸਪੇਸਐਕਸ ਕਰੂ ਡਰੈਗਨ ਕੈਪਸੂਲ ਦੀ ਵਰਤੋਂ ਕਰਕੇ ਫਾਲਕਨ 9 ਰਾਕੇਟ ‘ਤੇ ਲਾਂਚ ਕੀਤੀ ਜਾਵੇਗੀ।

ਇਸਰੋ, ਜਿਸਨੇ ਗਰੁੱਪ ਕੈਪਟਨ ਸ਼ੁਕਲਾ ਅਤੇ ਉਨ੍ਹਾਂ ਦੀ ਸਿਖਲਾਈ ਲਈ ਸੀਟ ਸੁਰੱਖਿਅਤ ਕਰਨ ਲਈ 5 ਬਿਲੀਅਨ ਰੁਪਏ ਦਾ ਭੁਗਤਾਨ ਕੀਤਾ ਹੈ, ਦਾ ਕਹਿਣਾ ਹੈ ਕਿ ਆਈਐੱਸਐੱਸ ਦੀ ਇਸ ਯਾਤਰਾ ਦੌਰਾਨ ਸ਼ੁਕਲਾ ਨੂੰ ਮਿਲਣ ਵਾਲਾ ਤਜਰਬਾ ਭਾਰਤ ਦੀ ਬਹੁਤ ਮਦਦ ਕਰੇਗਾ।

ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ ਹਾਲ ਹੀ ਵਿੱਚ ਕਿਹਾ, “ਇਸ ਮਿਸ਼ਨ ਤੋਂ ਸਾਨੂੰ ਜੋ ਲਾਭ ਮਿਲੇਗਾ ਉਹ ਸਿਖਲਾਈ, ਸੁਵਿਧਾਵਾਂ ਦੀ ਪਛਾਣ ਕਰਨ ਅਤੇ ਪੁਲਾੜ ਵਿੱਚ ਸਾਂਝੇ ਤੌਰ ‘ਤੇ ਪ੍ਰਯੋਗ ਕਰਨ ਦੇ ਅਨੁਭਵ ਦੇ ਮਾਮਲੇ ਵਿੱਚ ਸ਼ਾਨਦਾਰ ਹੈ।”

ਇਸਰੋ ਪ੍ਰੋਜੈਕਟ ਡਾਇਰੈਕਟਰ ਸੁਦੀਸ਼ ਬਾਲਨ ਨੇ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ ਪਿਛਲੇ ਸਾਲ ਅਗਸਤ ਤੋਂ ਸਿਖਲਾਈ ਲੈ ਰਹੇ ਸਨ।

ਉਨ੍ਹਾਂ ਕਿਹਾ, “ਯਾਤਰਾ ਦੀ ਤਿਆਰੀ ਲਈ ਉਨ੍ਹਾਂ ਨੇ ਸਖ਼ਤ ਸਿਖਲਾਈ ਲਈ ਹੈ, ਜਿਸ ਵਿੱਚ ਸਰੀਰਕ ਅਤੇ ਮਨੋਵਿਗਿਆਨਕ ਮੁਲਾਂਕਣ ਵੀ ਸ਼ਾਮਲ ਹਨ।”

ਇਹ ਵੀ ਪੜ੍ਹੋ-

ਕੌਣ ਹਨ ਕੈਪਟਨ ਸ਼ੁਭਾਂਸ਼ੂ ਸ਼ੁਕਲਾ

ਕੈਪਟਨ ਸ਼ੁਕਲਾ

ਤਸਵੀਰ ਸਰੋਤ, Axiom Space

10 ਅਕਤੂਬਰ 1985 ਨੂੰ ਜਨਮੇ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਹਨ।

ਸ਼ੁਕਲਾ ਨੇ ਸਾਲ 2006 ਵਿੱਚ ਭਾਰਤੀ ਹਵਾਈ ਫ਼ੌਜ ਵਿੱਚ ਫਾਈਟਰ ਪਾਇਲਟ ਵਜੋਂ ਸੇਵਾ ਸ਼ੁਰੂ ਕੀਤੀ ਸੀ।

ਐਕਜ਼ਿਓਮ ਸਪੇਸ ਮੁਤਾਬਕ, ਉਨ੍ਹਾਂ ਕੋਲ 2000 ਘੰਟਿਆਂ ਦੀ ਉਡਾਣ ਦਾ ਤਜਰਬਾ ਹੈ।

ਉਹ ਭਾਰਤੀ ਹਵਾਈ ਫ਼ੌਜ ਦੇ ਸੁਖੋਈ-30 ਐਮਕੇਆਈ, ਮਿੱਗ-21ਐੱਸ, ਮਿੱਗ-29ਐੱਸ, ਜੈਗੁਆਰ, ਹਾਕਸ ਡੋਨੀਅਰਜ਼ ਅਤੇ ਐੱਨ-32 ਵਰਗੇ ਲੜਾਕੂ ਜਹਾਜ਼ ਉਡਾ ਚੁੱਕੇ ਹਨ।

ਹਾਲਾਂਕਿ, ਉਨ੍ਹਾਂ ਦੀ ਭੈਣ ਸ਼ੁਚੀ ਮਿਸ਼ਰਾ ਨੇ ਬੀਬੀਸੀ ਨੂੰ ਦੱਸਿਆ ਕਿ ਹਵਾਈ ਫੌਜ ਵਿੱਚ ਉਨ੍ਹਾਂ ਦਾ ਦਾਖਲਾ “ਐਕਸੀਡੈਂਟਲ” ਸੀ।

ਉਨ੍ਹਾਂ ਦੱਸਿਆ, “ਜਦੋਂ ਉਹ 17 ਸਾਲ ਦੇ ਸਨ ਅਤੇ ਹਾਈ ਸਕੂਲ ਵਿੱਚ ਸਨ ਤਾਂ ਉਨ੍ਹਾਂ ਦੇ ਦੋਸਤ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਅਰਜ਼ੀ ਦੇਣ ਲਈ ਇੱਕ ਫਾਰਮ ਮਿਲਿਆ। ਪਰ ਇਹ ਦੋਸਤ ਥੋੜ੍ਹਾ ਵੱਡਾ ਸੀ ਇਸ ਲਈ ਉਹ ਯੋਗ ਨਹੀਂ ਸੀ। ਫਾਰਮ ਬਰਬਾਦ ਨਾ ਹੋਵੇ ਇਸ ਲਈ ਸ਼ੁਭਾਂਸ਼ੂ ਨੇ ਹੀ ਉਸ ਨੂੰ ਭਰ ਦਿੱਤਾ।

“ਉਨ੍ਹਾਂ ਦੀ ਚੋਣ ਹੋ ਗਈ ਅਤੇ ਫਿਰ ਕਦੇ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।”

ਸ਼ੁਭਾਂਸ਼ੂ ਸ਼ੁਕਲਾ

ਸ਼ੁਚੀ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ “ਬਹੁਤ ਖੁਸ਼ ਹੈ ਕਿਉਂਕਿ ਸਾਡੇ ਪਰਿਵਾਰ ਵਿੱਚੋਂ ਇੱਕ ਨੂੰ ਇਸ ਮਿਸ਼ਨ ਲਈ ਭਾਰਤ ਦੇ 1.4 ਅਰਬ ਲੋਕਾਂ ਵਿੱਚੋਂ ਚੁਣਿਆ ਗਿਆ ਹੈ”।

“ਅਸੀਂ ਸਾਰੇ ਬਹੁਤ ਖੁਸ਼ਕਿਸਮਤ ਅਤੇ ਮਾਣ ਮਹਿਸੂਸ ਕਰਦੇ ਹਾਂ ਕਿ ਉਹ ਸਾਡੇ ਪਰਿਵਾਰ ਦਾ ਹਿੱਸਾ ਹਨ ਅਤੇ ਅਸੀਂ ਉਨ੍ਹਾਂ ਦੀ ਯਾਤਰਾ ਦਾ ਹਿੱਸਾ ਰਹੇ ਹਾਂ।”

ਸ਼ੁਚੀ ਕਹਿੰਦੇ ਹਨ ਕਿ ਉਨ੍ਹਾਂ ਦਾ ਭਰਾ ਇਹ ਯਾਤਰਾ ਆਪਣੇ ਦੇਸ਼ ਲਈ – ਅਗਲੀ ਪੀੜ੍ਹੀ ਲਈ ਕਰ ਰਿਹਾ ਹੈ।

“ਉਹ ਹਮੇਸ਼ਾ ਲੋਕਾਂ ਨੂੰ ਵੱਡੇ ਸੁਪਨੇ ਦੇਖਣ ਲਈ, ਦੇਸ਼ ਲਈ ਕੁਝ ਕਰਨ ਲਈ ਕਹਿੰਦੇ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀ ਯਾਤਰਾ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।”

ਏਐਕਸ-4 ‘ਤੇ ਸ਼ੁਕਲਾ ਕਿਹੜੀ ਜ਼ਿੰਮੇਵਾਰੀ ਸੰਭਾਲਣਗੇ

ਕੈਪਟਨ ਸ਼ੁਕਲਾ

ਤਸਵੀਰ ਸਰੋਤ, ANI

ਇਸ ਮਿਸ਼ਨ ਨੂੰ ਪਾਇਲਟ ਕਰਨ ਤੋਂ ਇਲਾਵਾ, ਭਾਰਤੀ ਪੁਲਾੜ ਯਾਤਰੀ ਆਈਐੱਸਐੱਸ ‘ਤੇ ਆਪਣੇ ਸਮੇਂ ਦੌਰਾਨ ਕਾਫੀ ਵਿਅਸਤ ਰਹਿਣਗੇ।

ਭਾਰਤ ਵਿੱਚ ਇਸ ਉਡਾਣ ਪ੍ਰਤੀ ਭਾਰੀ ਦਿਲਚਸਪੀ ਨੂੰ ਦੇਖਦੇ ਹੋਏ, ਇਸਰੋ ਨੇ ਕਿਹਾ ਹੈ ਕਿ ਉਹ ਸ਼ੁਕਲਾ ਲਈ ਈਵੈਂਟ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਉਹ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਪੁਲਾੜ ਵਿੱਚ ਤੈਰਦੇ ਹੋਏ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ।

ਬਾਲਨ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਇਹ ਸਾਡੇ ਨੌਜਵਾਨ ਬੱਚਿਆਂ ਨੂੰ ਪੁਲਾੜ ਤਕਨੀਕ ਪ੍ਰਤੀ ਭਾਵੁਕ ਬਣਨ ਲਈ ਪ੍ਰੇਰਿਤ ਕਰੇਗਾ।”

ਪਰ ਇਸ ਦੌਰਾਨ ਇਹ ਚਾਰ ਮੈਂਬਰੀ ਚਾਲਕ ਦਲ ਜ਼ਿਆਦਾਤਰ ਸਮਾਂ 60 ਵਿਗਿਆਨਕ ਪ੍ਰਯੋਗਾਂ ਵਿੱਚ ਬਿਤਾਏਗਾ, ਜਿਨ੍ਹਾਂ ਵਿੱਚੋਂ ਸੱਤ ਭਾਰਤ ਦੇ ਹਨ।

ਨਾਸਾ ਦੇ ਸਾਬਕਾ ਵਿਗਿਆਨੀ ਮਿਲਾ ਮਿੱਤਰਾ ਕਹਿੰਦੇ ਹਨ ਕਿ ਇਸਰੋ ਦੇ ਪ੍ਰਯੋਗ ਪੁਲਾੜ ਬਾਰੇ ਸਾਡੀ ਸਮਝ ਅਤੇ ਜੀਵ ਵਿਗਿਆਨ ਅਤੇ ਸੂਖਮ-ਗਰੈਵਿਟੀ ‘ਤੇ ਇਸਦੇ ਪ੍ਰਭਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ।

ਉਹ ਦੱਸਦੇ ਹਨ ਕਿ ਮੁੱਖ ਪ੍ਰਯੋਗਾਂ ਵਿੱਚੋਂ ਇੱਕ – ਛੇ ਕਿਸਮਾਂ ਦੀਆਂ ਫਸਲਾਂ ਦੇ ਬੀਜਾਂ ‘ਤੇ ਪੁਲਾੜ ਉਡਾਣ ਦੇ ਪ੍ਰਭਾਵ ਦੀ ਜਾਂਚ ਕਰੇਗਾ।

ਉਨ੍ਹਾਂ ਦੱਸਿਆ, “ਇਸ ਪ੍ਰੋਜੈਕਟ ਦਾ ਉਦੇਸ਼ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ ਭਵਿੱਖ ਦੇ ਖੋਜ ਮਿਸ਼ਨਾਂ ਲਈ ਪੁਲਾੜ ਵਿੱਚ ਫਸਲਾਂ ਕਿਵੇਂ ਉਗਾਈਆਂ ਜਾ ਸਕਦੀਆਂ ਹਨ। ਮਿਸ਼ਨ ਤੋਂ ਬਾਅਦ, ਕਈ ਪੀੜ੍ਹੀਆਂ ਲਈ ਬੀਜ ਉਗਾਏ ਜਾਣਗੇ ਅਤੇ ਸਹੀ ਨਤੀਜੇ ਦਿਖਾਉਣ ਵਾਲੇ ਪੌਦਿਆਂ ਨੂੰ ਜੈਨੇਟਿਕ ਵਿਸ਼ਲੇਸ਼ਣ ਲਈ ਚੁਣਿਆ ਜਾਵੇਗਾ।”

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ

ਤਸਵੀਰ ਸਰੋਤ, NASA

ਇਸਰੋ ਦੇ ਇੱਕ ਹੋਰ ਪ੍ਰਯੋਗ ਵਿੱਚ ਸੂਖਮ-ਐਲਗੀ ਦੀਆਂ ਤਿੰਨ ਕਿਸਮਾਂ ਨੂੰ ਉਗਾਉਣਾ ਸ਼ਾਮਲ ਹੈ ਜਿਨ੍ਹਾਂ ਨੂੰ ਭੋਜਨ, ਬਾਲਣ ਜਾਂ ਜੀਵਨ ਸਹਾਇਤਾ ਪ੍ਰਣਾਲੀਆਂ ਵਿੱਚ ਵੀ ਵਰਤਿਆ ਜਾ ਸਕਦਾ ਹੈ ਅਤੇ ਨਾਲ ਹੀ ਇਹ ਸੂਖਮ-ਗਰੈਵਿਟੀ ਵਿੱਚ ਵਧਣ ਲਈ ਸਭ ਤੋਂ ਢੁਕਵੇਂ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ।

ਇਸਰੋ ਪ੍ਰੋਜੈਕਟ ਇਹ ਵੀ ਜਾਂਚ ਕਰਨਗੇ ਕਿ ਟਾਰਡੀਗ੍ਰੇਡ – ਧਰਤੀ ‘ਤੇ ਉਹ ਸੂਖਮ-ਜਾਨਵਰ ਜੋ ਗੰਭੀਰ ਵਾਤਾਵਰਣਾਂ ‘ਚ ਵੀ ਜਿਉਂਦੇ ਰਹਿ ਸਕਦੇ ਹਨ – ਪੁਲਾੜ ਵਿੱਚ ਕਿਵੇਂ ਕੰਮ ਰਹਿਣਗੇ।

ਮਿੱਤਰਾ ਕਹਿੰਦੇ ਹਨ, “ਇਹ ਪ੍ਰੋਜੈਕਟ ਸੁਸਤ ਟਾਰਡੀਗ੍ਰੇਡਾਂ (ਧਰਤੀ ‘ਤੇ ਵੱਖ-ਵੱਖ ਹਾਲਾਤਾਂ ‘ਚ ਰਹਿਣ ਵਾਲਾ ਪ੍ਰਾਣੀ) ਦੇ ਪੁਨਰ ਸੁਰਜੀਤ ਹੋਣ ਸਬੰਧੀ ਜਾਂਚ ਕਰੇਗਾ, ਇੱਕ ਮਿਸ਼ਨ ਦੌਰਾਨ ਇਸ ਦੇ ਦਿੱਤੇ ਅਤੇ ਨਿਕਲੇ ਅੰਡਿਆਂ ਦੀ ਗਿਣਤੀ ਕਰੇਗਾ, ਅਤੇ ਪੁਲਾੜ-ਉਡਾਣ ਬਨਾਮ ਜ਼ਮੀਨੀ ਨਿਯੰਤਰਣ ਵਿੱਚ ਉਨ੍ਹਾਂ ਦੀ ਆਬਾਦੀ ਦੀ ਤੁਲਨਾ ਕਰੇਗਾ।”

ਦੂਜੇ ਪ੍ਰਯੋਗਾਂ ਦਾ ਉਦੇਸ਼ ਇਹ ਪਛਾਣਨਾ ਹੈ ਕਿ ਪੁਲਾੜ ਵਿੱਚ ਮਾਸਪੇਸ਼ੀਆਂ ਨੂੰ ਕਿਵੇਂ ਨੁਕਸਾਨ ਹੁੰਦਾ ਹੈ ਅਤੇ ਇਸਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ; ਅਤੇ ਮਾਈਕ੍ਰੋਗ੍ਰੈਵਿਟੀ ਵਿੱਚ ਕੰਪਿਊਟਰ ਸਕ੍ਰੀਨਾਂ ਦੀ ਵਰਤੋਂ ਦੇ ਸਰੀਰਕ ਅਤੇ ਬੋਧਾਤਮਕ ਪ੍ਰਭਾਵ ਕੀ ਹੁੰਦੇ ਹਨ।

ਉਨ੍ਹਾਂ ਦੱਸਿਆ, “ਇਹ ਖੋਜ ਇਸ ਗੱਲ ਦਾ ਵੀ ਅਧਿਐਨ ਕਰੇਗੀ ਕਿ ਪੁਲਾੜ ਵਿੱਚ ਹੋਣ ਨਾਲ ਨਜ਼ਰ ਦੀ ਸਥਿਰਤਾ ਅਤੇ ਅੱਖਾਂ ਦੀਆਂ ਤੇਜ਼ ਹਰਕਤਾਂ ਕਿਵੇਂ ਪ੍ਰਭਾਵਿਤ ਹੁੰਦੀਆਂ ਹਨ, ਅਤੇ ਇਹ ਇੱਕ ਪੁਲਾੜ ਯਾਤਰੀ ਦੇ ਤਣਾਅ ਅਤੇ ਤੰਦਰੁਸਤੀ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ। ਇਹ ਨਤੀਜੇ, ਭਵਿੱਖ ਦੇ ਪੁਲਾੜ ਯਾਨ ਕੰਪਿਊਟਰ ਡਿਜ਼ਾਈਨ ਅਤੇ ਪਰਸਪਰ ਪ੍ਰਭਾਵ ਨੂੰ ਪ੍ਰਭਾਵਿਤ ਕਰ ਸਕਦੇ ਹਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI