Home ਰਾਸ਼ਟਰੀ ਖ਼ਬਰਾਂ ਆਪ੍ਰੇਸ਼ਨ ਬਲੂ ਸਟਾਰ ਮੌਕੇ ਗਿਆਨੀ ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ...

ਆਪ੍ਰੇਸ਼ਨ ਬਲੂ ਸਟਾਰ ਮੌਕੇ ਗਿਆਨੀ ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ ਸੀ, ਉਨ੍ਹਾਂ ਦੀ ਧੀ ਨੇ ਕੀਤਾ ਖੁਲਾਸਾ

6
0

Source :- BBC PUNJABI

ਜੋਗਿੰਦਰਪਾਲ ਕੌਰ

“ਮੈਂ ਆਪਣੇ ਪਿਤਾ ਨੂੰ ਕਦੇ ਰੋਂਦੇ ਨਹੀਂ ਸੀ ਦੇਖਿਆ, ਪਰ ਜਦੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ ਤਾਂ ਮੈਂ ਉਨ੍ਹਾਂ ਨੂੰ ਆਪਣੇ ਅੱਖੀਂ ਰੋਂਦੇ ਦੇਖਿਆ ਸੀ।”

ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਬਾਰੇ ਇਹ ਖੁਲਾਸਾ ਉਨ੍ਹਾਂ ਦੀ ਧੀ ਜੋਗਿੰਦਰਪਾਲ ਕੌਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕੀਤਾ।

ਗਿਆਨੀ ਜ਼ੈਲ ਸਿੰਘ, ਭਾਰਤ ਦੇ ਉਨ੍ਹਾਂ ਸਿਆਸਤਦਾਨਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਉੱਤੇ ਭਾਰਤੀ ਫੌਜ ਦਾ ਹਮਲੇ ਕਾਰਨ ਸਭ ਤੋਂ ਵੱਧ ਬਦਨਾਮੀ ਝੱਲਣੀ ਪਈ।

ਭਾਰਤੀ ਫੌਜ ਨੇ ਜੂਨ 1984 ਵਿੱਚ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜੀ ਹਮਲਾ ਕੀਤਾ ਸੀ, ਜਿਸ ਨੂੰ ਆਪ੍ਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ।

ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਇਹ ਫੌਜੀ ਕਾਰਵਾਈ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਕੀਤੀ ਗਈ ਸੀ।

ਜਰਨੈਲ ਸਿੰਘ ਭਿੰਡਰਾਵਾਲੇ ਸਿੱਖ ਧਰਮ ਦੀ ਪ੍ਰਚਾਰਕ ਸੰਸਥਾ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸਨ।

ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਦੇ ਅਹੁਦਿਆਂ ਉੱਤੇ ਰਹਿ ਚੁੱਕੇ ਸਨ, ਉਹ ਭਾਰਤ ਦੇ ਅਜ਼ਾਦੀ ਸੰਘਰਸ਼ ਦੌਰਾਨ ਪੰਜਾਬ ਦੀਆਂ ਰਿਆਸਤਾਂ ਦੇ ਜਗੀਰਦਾਰੀ ਸਿਸਟਮ ਅਤੇ ਬਰਤਾਨਵੀਂ ਹਕੂਮਤ ਖ਼ਿਲਾਫ਼ ਚੱਲੀ ਪਰਜਾ ਮੰਡਲ ਲਹਿਰ ਦੇ ਆਗੂ ਸਨ।

ਭਾਰਤੀ ਸਿਆਸਤ ਵਿੱਚ ਉਨ੍ਹਾਂ ਦਾ ਅਕਸ ਇੱਕ ਸੁਘੜ ਸਿਆਸਤਦਾਨ ਅਤੇ ਧਾਕੜ ਆਗੂ ਵਾਲਾ ਸੀ।

1984 ਵਿੱਚ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਮੁਤਾਬਕ ਭਾਰਤੀ ਫੌਜ ਨੇ ਜਦੋਂ ਆਪ੍ਰੇਸ਼ਨ ਬਲੂ ਸਟਾਰ ਕੀਤਾ, ਤਾਂ ਰਾਸ਼ਟਰਪਤੀ ਵਜੋਂ ਗਿਆਨੀ ਜ਼ੈਲ ਸਿੰਘ ਤਿੰਨਾਂ ਸੈਨਾਵਾਂ ਦੇ ਮੁਖੀ ਸਨ।

ਗਿਆਨੀ ਜ਼ੈਲ ਸਿੰਘ ਉੱਤੇ ਇਲਜ਼ਾਮ ਲੱਗਦਾ ਹੈ ਕਿ ਉਨ੍ਹਾਂ ਆਪ੍ਰੇਸ਼ਨ ਬਲੂ ਸਟਾਰ ਨੂੰ ਰੋਕਣ ਲਈ ਬਤੌਰ ਰਾਸ਼ਟਰਪਤੀ ਅਤੇ ਸਿੱਖ ਆਗੂ ਢੁਕਵੀਂ ਭੂਮਿਕਾ ਅਦਾ ਨਹੀਂ ਕੀਤੀ। ਭਾਵੇਂ ਕਿ ਉਨ੍ਹਾਂ ਦੇ ਨੇੜੇ ਰਹੇ ਕਈ ਲੋਕ ਅਤੇ ਕਿਤਾਬਾਂ ਦੇ ਲੇਖਕ ਇਸ ਦਾਅਵੇ ਨਾਲ ਇਤਫਾਕ ਨਹੀਂ ਰੱਖਦੇ।

1984

ਤਸਵੀਰ ਸਰੋਤ, Getty Images

ਬੀਬੀਸੀ

ਆਪ੍ਰੇਸ਼ਨ ਬਲੂ ਸਟਾਰ ਕੀ ਸੀ

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ ‘ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ ‘ਆਪਰੇਸ਼ਨ ਬਲੂ ਸਟਾਰ’ ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ ‘ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ, ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਈਟ ਪੇਪਰ ਮੁਤਾਬਕ ਹਮਲੇ ‘ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।

ਬੀਬੀਸੀ
ਗਿਆਨੀ ਜ਼ੈਲ ਸਿੰਘ

ਗਿਆਨੀ ਜ਼ੈਲ ਸਿੰਘ ਦੀ ਭੂਮਿਕਾ ਅਤੇ ਸਵਾਲ

ਆਪ੍ਰੇਸ਼ਨ ਬਲੂ ਸਟਾਰ ਨੂੰ ਵਾਪਰਿਆਂ 41 ਸਾਲ ਹੋ ਚੁੱਕੇ ਹਨ, ਗਿਆਨੀ ਜ਼ੈਲ ਸਿੰਘ ਦਾ ਵੀ 25 ਦਸੰਬਰ 1994 ਨੂੰ ਇੱਕ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਆਪਣੀ ਯਾਤਰਾ ਸਮੇਂ ਅਕਾਲ ਤਖ਼ਤ ਸਾਹਿਬ ਅੱਗੇ ਖੜ੍ਹੇ ਹੋ ਕੇ ਕਿਹਾ ਸੀ, “ਇਸ ਮੰਦਭਾਗੀ ਘਟਨਾ ਲਈ ਮੈਂ ਗੁਰੂ ਸਾਹਿਬਾਨ ਤੋਂ ਮਾਫੀ ਮੰਗਦਾ ਹਾਂ।”

ਬਾਅਦ ਵਿੱਚ ਉਨ੍ਹਾਂ ਅਕਾਲ ਤਖ਼ਤ ਨੂੰ ਲਿਖਤੀ ਮਾਫੀਨਾਮਾ ਭੇਜ ਕੇ ਆਪਣੀ ਭੁੱਲ ਬਖ਼ਸ਼ਾਈ ਸੀ।

ਭਾਵੇਂ ਕਿ ਪਤਿਤ ਸਿੱਖ ਹੋਣ ਕਾਰਨ ਉਨ੍ਹਾਂ ਨੂੰ ਅਕਾਲ ਤਖ਼ਤ ਉੱਤੇ ਤਲਬ ਨਹੀਂ ਕੀਤਾ ਗਿਆ, ਪਰ ਚਿੱਠੀ ਦੇ ਰੂਪ ਵਿੱਚ ਭੇਜੇ ਮਾਫੀਨਾਮੇ ਨੂੰ ਸਵੀਕਾਰ ਕਰ ਲਿਆ ਗਿਆ ਸੀ।

ਜਿਹੜਾ ਸਿੱਖ ਦਾਹੜੀ-ਕੇਸ ਕੱਟਦਾ ਜਾਂ ਰੰਗਦਾ ਹੈ, ਉਸ ਨੂੰ ਪਤਿਤ ਸਿੱਖ ਕਿਹਾ ਜਾਂਦਾ ਹੈ।

ਆਪ੍ਰੇਸ਼ਨ ਬਲੂ ਸਟਾਰ ਮੌਕੇ ਗਿਆਨੀ ਜ਼ੈਲ ਸਿੰਘ ਭੂਮਿਕਾ ਬਾਰੇ ਕਈ ਸੀਨੀਅਰ ਪੱਤਰਕਾਰਾਂ ਅਤੇ ਲੇਖਕਾਂ ਨੇ ਆਪੋ-ਆਪਣੀਆਂ ਕਿਤਾਬਾਂ ਵਿੱਚ ਜ਼ਿਕਰ ਕੀਤਾ ਹੈ। ਪਰ ਇਹ ਸਵਾਲ ਅੱਜ ਵੀ ਪੁੱਛਿਆ ਜਾਂਦਾ ਹੈ ਕਿ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਹੁੰਦੇ ਹੋਏ ਵੀ ਆਪ੍ਰੇਸ਼ਨ ਬਲੂ ਸਟਾਰ ਨੂੰ ਕਿਉਂ ਨਾ ਰੋਕ ਸਕੇ?

ਇਸ ਦੇ ਜਵਾਬ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤਾ ਜਾਂਦੇ ਹਨ, ਇੱਕ ਸਿਧਾਂਤ ਉਨ੍ਹਾਂ ਦੇ ਨੇੜਲੇ ਲੋਕਾਂ ਦਾ ਹੈ ਅਤੇ ਦੂਜਾ ਸਿੱਖ ਕੌਮ ਨਾਲ ਸਬੰਧਤ ਵਿਦਵਾਨਾਂ ਦਾ।

ਜੋਗਿੰਦਰਪਾਲ ਕੌਰ

ਉਨ੍ਹਾਂ ਨੇ ਹਮਲੇ ਦੇ ਵਿਰੋਧ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ?

ਗਿਆਨੀ ਜ਼ੈਲ ਸਿੰਘ ਵੱਲੋਂ ਲਏ ਗਏ ਫ਼ੈਸਲਿਆਂ ਦੀ ਪਿਛਲੀ ਕਹਾਣੀ ਕੀ ਸੀ ਇਹ ਤਾਂ ਸ਼ਾਇਦ ਹੀ ਕੋਈ ਦੱਸ ਸਕੇ ਪਰ ਅਸੀਂ ਉਸ ਵੇਲੇ ਗਿਆਨੀ ਜ਼ੈਲ ਸਿੰਘ ਦੇ ਕਰੀਬੀ ਰਹੇ ਅਤੇ ਕੁਝ ਸਿੱਖ ਸਿਆਸਤ ਦੇ ਜਾਣਕਾਰਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।

ਗਿਆਨੀ ਜ਼ੈਲ ਸਿੰਘ ਦੀ ਧੀ ਜੋਗਿੰਦਰਪਾਲ ਕੌਰ, ਜੋ ਹੁਣ ਆਪ ਜਿੰਦਗੀ ਦੇ 90ਵਿਆਂ ਨੂੰ ਢੁੱਕ ਚੁੱਕੇ ਹਨ, ਜੂਨ ਚੁਰਾਸੀ ਨੂੰ ਯਾਦ ਕਰਦਿਆਂ ਕਹਿੰਦੇ ਹਨ।

“ਮੈਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਪਿਤਾ ਨੂੰ ਕਦੇ ਰੋਂਦਾ ਨਹੀਂ ਦੇਖਿਆ ਸੀ, ਪਰ 1984 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਅਕਾਲ ਤਖ਼ਤ ਸਾਹਿਬ ਉੱਤੇ ਕੀਤੇ ਗਏ ਹਮਲੇ ਮੌਕੇ ਮੈਂ ਆਪਣੇ ਅੱਖੀਂ ਆਪਣੇ ਪਿਤਾ ਨੂੰ ਰੋਂਦੇ ਦੇਖਿਆ ਸੀ।”

ਜੋਗਿੰਦਰਪਾਲ ਕੌਰ ਹੁਣ ਚੰਡੀਗੜ੍ਹ ਵਿੱਚ ਰਹਿੰਦੇ ਹਨ। ਜਦੋਂ ਗਿਆਨੀ ਜ਼ੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਸਨ ਤਾਂ ਜੋਗਿੰਦਰਪਾਲ ਕੌਰ ਵੀ ਰਾਸ਼ਟਰਪਤੀ ਭਵਨ ਵਿੱਚ ਕਈ-ਕਈ ਦਿਨ ਰਹਿੰਦੇ ਸਨ।

ਜੋਗਿੰਦਰਪਾਲ ਕੌਰ ਕਹਿੰਦੇ ਹਨ, “ਜਦੋਂ ਹਮਲੇ ਤੋਂ ਬਾਅਦ ਗਿਆਨੀ ਜੀ ਦਰਬਾਰ ਸਾਹਿਬ ਦੇ ਹਾਲਾਤ ਦੇਖ ਕੇ ਆਏ ਤਾਂ ਉਨ੍ਹਾਂ ਨੇ ਸਾਨੂੰ ਆ ਕੇ ਦੱਸਿਆ ਕਿ ਫੌਜ ਦੇ ਹਮਲੇ ਦੌਰਾਨ ਅਕਾਲ ਤਖ਼ਤ ਦੀ ਇਮਾਰਤ ਬਿਲਕੁਲ ਤਬਾਹ ਕਰ ਦਿੱਤੀ ਗਈ ਹੈ।”

ਉਹ ਦੱਸਦੇ ਹਨ, “ਮੈਂ ਆਪਣੇ ਪੰਜਾਬ ਵਿਚਲੇ ਪਿੰਡ ਵਿੱਚ ਸੀ, ਜਦੋਂ ਸਾਨੂੰ ਪਤਾ ਲੱਗਿਆ ਕਿ ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਕੀਤੀ ਗਈ ਹੈ, ਮੈਂ ਅਗਲੇ ਹੀ ਦਿਨ ਦਿੱਲੀ ਰਾਸ਼ਟਰਪਤੀ ਭਵਨ ਪਹੁੰਚ ਗਈ।”

ਜੋਗਿੰਦਰਪਾਲ ਕੌਰ

“ਮੈਂ ਦੇਖਿਆ ਚਾਚਾ ਜੀ (ਗਿਆਨੀ ਜ਼ੈਲ ਸਿੰਘ) ਬਹੁਤ ਭਾਵੁਕ ਸਨ। ਉਹ ਇੰਦਰਾ ਗਾਂਧੀ ਨਾਲ ਨਾਰਾਜ਼ ਸਨ। ਕਿਉਂਕਿ ਤਿੰਨਾਂ ਸੈਨਾਵਾਂ ਦੇ ਮੁਖੀ ਹੋਣ ਦੇ ਨਾਤੇ ਵੀ ਗਿਆਨੀ ਜ਼ੈਲ ਸਿੰਘ ਨੂੰ ਦਰਬਾਰ ਸਾਹਿਬ ਉੱਤੇ ਕੀਤੇ ਜਾਣ ਵਾਲੇ ਫੌਜੀ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।”

ਗਿਆਨੀ ਜ਼ੈਲ ਸਿੰਘ ਦੇ ਵੱਡੇ ਭਰਾ ਦੇ ਬੱਚੇ ਉਨ੍ਹਾਂ ਨੂੰ ‘ਚਾਚਾ ਜੀ’ ਕਹਿੰਦੇ ਹਨ ਤਾਂ ਉਨ੍ਹਾਂ ਦੀ ਰੀਸ ਉਨ੍ਹਾਂ ਦੇ ਆਪਣੇ ਬੱਚੇ ਵੀ ‘ਚਾਚਾ ਜੀ’ ਹੀ ਕਹਿੰਦੇ ਹਨ।

ਜੋਗਿੰਦਰਪਾਲ ਕੌਰ ਕਹਿੰਦੇ ਹਨ, “ਚਾਚਾ ਜੀ ਆਪਣੀ ਮੌਤ ਤੱਕ ’84 ਦੀ ਚੀਸ ਆਪਣੇ ਸੀਨੇ ਵਿੱਚ ਲੈ ਕੇ ਗਏ। ਉਹ ਖ਼ੁਦ ਗੁਰਬਾਣੀ ਪੜ੍ਹਨ ਵਾਲੇ ਇਨਸਾਨ ਸਨ।”

“ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਬਾਰੇ ਇੰਦਰਾ ਗਾਂਧੀ ਨੇ ਚਾਚਾ ਜੀ ਨੂੰ ਓਹਲੇ ਵਿੱਚ ਰੱਖਿਆ। ਉਨ੍ਹਾਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਇੰਦਰਾ ਗਾਂਧੀ ਕੁਝ ਅਜਿਹਾ ਕਰਨ ਜਾ ਰਹੀ ਹੈ।”

ਜੋਗਿੰਦਰਪਾਲ ਕੌਰ ਦਾ ਦਾਅਵਾ ਹੈ, “1984 ਦੇ ਅਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਉਹ (ਜ਼ੈਲ ਸਿੰਘ) ਬਹੁਤ ਨਾਰਾਜ਼ ਸਨ, ਉਨ੍ਹਾਂ ਨੇ ਇੰਦਰਾ ਗਾਂਧੀ ਅੱਗੇ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਸੀ ਕਿ ਇਹ ਗ਼ਲਤ ਹੋਇਆ ਹੈ।”

ਜੋਗਿੰਦਰਪਾਲ ਕੌਰ ਮੰਨਦੇ ਹਨ ਕਿ ਗਿਆਨੀ ਜ਼ੈਲ ਸਿੰਘ ਅਕਾਲ ਤਖ਼ਤ ਉੱਤੇ ਹੋਏ ਹਮਲੇ ਨੂੰ ਦੇਖਣ ਮਗਰੋਂ ਦੁਵਿਧਾ ਵਿੱਚ ਸਨ ਅਤੇ ਬੇਵੱਸ ਵੀ ਸਨ।

ਬੀਬੀਸੀ

ਵੀਡੀਓ- ਆਪ੍ਰੇਸ਼ਨ ਬਲੂ ਸਟਾਰ ਦੌਰਾਨ ਲਾਸ਼ਾਂ ਦਾ ਨਿਪਟਾਰਾ ਕਰਨ ਵਾਲੇ ਸਫਾਈ ਕਰਮੀ ਨੇ ਦੱਸਿਆ ਹਾਲ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਬੀਬੀਸੀ

ਦੁਵਿਧਾ ਵਿੱਚ ਸਨ ਗਿਆਨੀ ਜ਼ੈਲ ਸਿੰਘ

ਭਾਰਤੀ ਫੌਜ ਨੇ 7 ਜੂਨ 1984 ਨੂੰ ਆਪ੍ਰੇਸ਼ਨ ਬਲੂ ਸਟਾਰ ਦੇ ਪੂਰਾ ਹੋ ਜਾਣ ਦਾ ਐਲਾਨ ਕੀਤਾ ਸੀ।

ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਮਗਰੋਂ ਗੁਰਬਾਣੀ ਦਾ ਪਾਠ ਆਰੰਭ ਕਰਵਾ ਦਿੱਤਾ ਗਿਆ ਸੀ।

ਇਸ ਆਪ੍ਰੇਸ਼ਨ ਦੀ ਅਗਵਾਈ ਲੈਫੀਨੈਂਟ ਜਨਰਲ ਕੇਐੱਸ ਬਰਾੜ ਨੇ ਕੀਤੀ ਸੀ। ਇਸ ਬਾਰੇ ਉਨ੍ਹਾਂ ਬਾਅਦ ਵਿੱਚ ʻਆਪ੍ਰੇਸ਼ਨ ਬਲੂ ਸਟਾਰ ਅਸਲ ਕਹਾਣੀ’ ਕਿਤਾਬ ਲਿਖੀ ਸੀ।

ਜਨਰਲ ਬਰਾੜ ਲਿਖਦੇ ਹਨ, “ਗਿਆਨੀ ਜ਼ੈਲ ਸਿੰਘ 8 ਜੂਨ 1984 ਦੀ ਸਵੇਰ ਹਰਿਮੰਦਰ ਸਾਹਿਬ ਆਏ ਅਤੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸਾਹਿਬ ਸਿੰਘ ਅਤੇ ਲੈਫੀਨੈਂਟ ਜਨਰਲ ਕੇਐੱਸ ਬਰਾੜ ਨੇ ਘੰਟਾ ਘਰ ਪ੍ਰਵੇਸ਼ ਦੁਆਰ ਉੱਤੇ ਉਨ੍ਹਾਂ ਦਾ ਸਵਾਗਤ ਕੀਤਾ।

ਜਰਨਲ ਬਰਾੜ ਲਿਖਦੇ ਹਨ, “ਗਿਆਨੀ ਜ਼ੈਲ ਸਿੰਘ ਅਕਾਲ ਤਖ਼ਤ ਦੀ ਨੁਕਸਾਨੀ ਇਮਾਰਤ ਦੇਖ ਕੇ ਉਦਾਸ ਸਨ, ਉਨ੍ਹਾਂ ਦੇ ਕਦਮ ਚਲਦੇ-ਚਲਦੇ ਰੁਕ ਰਹੇ ਸਨ।”

“ਮੁੱਖ ਗ੍ਰੰਥੀ ਨੇ ਕੰਧਾਂ ਉੱਤੇ ਵੱਜੀਆਂ ਗੋਲੀਆਂ ਦੇ ਨਿਸ਼ਾਨਾਂ ਵੱਲ ਇਸ਼ਾਰਾ ਕਰਦਿਆਂ ਗਿਆਨੀ ਜ਼ੈਲ ਸਿੰਘ ਨੂੰ ਦੱਸਿਆ ਕਿ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ।”

ਗਿਆਨੀ ਜ਼ੈਲ ਸਿੰਘ ਅਤੇ ਇੰਦਰਾ ਗਾਂਧੀ

ਤਸਵੀਰ ਸਰੋਤ, Getty Images

ਜੋਗਿੰਦਰਪਾਲ ਕੌਰ ਕਹਿੰਦੇ ਹਨ, “ਮੈਨੂੰ ਪਤਾ ਹੈ ਕਿ ਜਦੋਂ ਗਿਆਨੀ ਜ਼ੈਲ ਸਿੰਘ ਨੂੰ ਪਤਾ ਲੱਗਿਆ ਕਿ ਇੰਦਰਾ ਗਾਂਧੀ ਦੇ ਹੁਕਮ ਅਨੁਸਾਰ ਹਰਿਮੰਦਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੇ ਅੱਖੀਂ ਹਰਿਮੰਦਰ ਸਾਹਿਬ ਦੇਖਣਾ ਚਾਹੁੰਦੇ ਹਨ।”

“ਉੱਥੋਂ ਦਿੱਲੀ ਵਾਪਸ ਆ ਕੇ ਹੀ ਉਨ੍ਹਾਂ ਇੰਦਰਾ ਗਾਂਧੀ ਨਾਲ ਸਖ਼ਤ ਨਰਾਜ਼ਗੀ ਜਾਹਰ ਕੀਤੀ ਸੀ।”

ਗਿਆਨੀ ਜ਼ੈਲ ਸਿੰਘ ਵੱਲੋਂ ਇੰਦਰਾ ਗਾਂਧੀ ਸਾਹਮਣੇ ਪ੍ਰਗਟ ਕੀਤੀ ਨਾਰਾਜ਼ਗੀ ਦਾ ਜ਼ਿਕਰ ਕਿਤਾਬ “ਅੰਮ੍ਰਿਤਸਰ-ਸ਼੍ਰੀਮਤੀ ਗਾਂਧੀ ਦੀ ਆਖ਼ਰੀ ਲੜ੍ਹਾਈ “ਵਿੱਚ ਵੀ ਕੀਤਾ ਗਿਆ ਹੈ।

ਇਹ ਕਿਤਾਬ ਬੀਬੀਸੀ ਪੱਤਰਕਾਰ ਮਾਰਕ ਟਲੀ ਅਤੇ ਉਨ੍ਹਾਂ ਦੇ ਸਾਥੀ ਸਤੀਸ਼ ਜੈਕਬ ਨੇ ਲਿਖੀ ਸੀ।

ਕਿਤਾਬ ਵਿੱਚ ਲਿਖਿਆ ਗਿਆ ਹੈ, “ਹਮਲੇ ਮਗਰੋਂ ਗਿਆਨੀ ਜ਼ੈਲ ਸਿੰਘ ਨੇ ਇੰਦਰਾ ਗਾਂਧੀ ਨੂੰ ਸਾਫ਼ ਦੱਸ ਦਿੱਤਾ ਸੀ ਕਿ ਉਹ ਹਰਿਮੰਦਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਹੁਤ ਦੁਖੀ ਹਨ।”

“ਜਿਸ ਤੋਂ ਬਾਅਦ ਦੇਸ਼ ਦਾ ਪਹਿਲਾ ਸਿੱਖ ਰਾਸ਼ਟਰਪਤੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਰੇ ਸੋਚ ਰਿਹਾ ਸੀ। ਜਿਸ ਨਾਲ ਦੇਸ਼ ਵਿਚ ਸੰਵਿਧਾਨਿਕ ਸੰਕਟ ਪੈਦਾ ਹੋ ਜਾਂਦਾ ਅਤੇ ਵਿਰੋਧੀ ਧਿਰ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਵੀ ਕਰ ਸਕਦੀ ਸੀ।”

ਇਹ ਵੀ ਪੜ੍ਹੋ-

‘ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਤੋਂ ਮੰਗੀ ਮਾਫੀ’

ਜੋਗਿੰਦਰਪਾਲ ਕੌਰ ਇਹ ਵੀ ਦਾਅਵਾ ਕਰਦੇ ਹਨ ਕਿ ਇੱਕ ਪਾਸੇ ਜਿੱਥੇ ਜੂਨ 1984 ਵਿੱਚ ਅਕਾਲ ਤਖ਼ਤ ਉੱਤੇ ਹਮਲਾ ਅਤੇ ਅੰਮ੍ਰਿਤਸਰ ਵਿੱਚ ਕਰਫ਼ਿਊ ਲੱਗਿਆ ਹੋਇਆ ਸੀ, ਉਸ ਸਮੇਂ ਰਾਸ਼ਟਰਪਤੀ ਭਵਨ ਦੇ ਸਾਰੇ ਟੈਲੀਫੋਨ ਕਨੈਕਸ਼ਨ ਕਟਵਾ ਦਿੱਤੇ ਗਏ ਸਨ। ਰਾਸ਼ਟਰਪਤੀ ਅਮਲੇ ਨੂੰ ਨਹੀਂ ਪਤਾ ਸੀ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ।

ਜੋਗਿੰਦਰਪਾਲ ਕੌਰ ਮੁਤਾਬਕ, “ਜਦੋਂ ਇੰਦਰਾ ਗਾਂਧੀ ਨੂੰ ਪਤਾ ਲੱਗਿਆ ਕਿ ਗਿਆਨੀ ਜ਼ੈਲ ਸਿੰਘ ਉਨ੍ਹਾਂ ਤੋਂ ਨਾਰਾਜ਼ ਹਨ ਤਾਂ ਉਹ ਫੌਜੀ ਹਮਲੇ ਦੇ ਅਗਲੇ ਹੀ ਦਿਨ ਰਾਸ਼ਟਰਪਤੀ ਭਵਨ ਆਏ। ਉਨ੍ਹਾਂ ਨੇ ਆ ਕੇ ਗਿਆਨੀ ਜ਼ੈਲ ਸਿੰਘ ਤੋਂ ਮੁਆਫ਼ੀ ਮੰਗੀ।”

“ਪਰ ਇੰਦਰਾ ਗਾਂਧੀ ਨੂੰ ਸਿਵਾਏ ਅਫਸੋਸ ਤੋਂ ਹੋਰ ਕੋਈ ਗੱਲ ਨਹੀਂ ਔੜ ਸਕੀ। ਉਨ੍ਹਾਂ ਨੇ ਗਿਆਨੀ ਜ਼ੈਲ ਸਿੰਘ ਨੂੰ ਬਸ ਇਹ ਕਿਹਾ ਕਿ ਮੈਂ ਇਸ ਸਭ ਦੇ ਲਈ ਮਾਫ਼ੀ ਮੰਗਦੀ ਹਾਂ।”

ਗਿਆਨੀ ਜ਼ੈਲ ਸਿੰਘ

ਗਿਆਨੀ ਜ਼ੈਲ ਸਿੰਘ ਨੇ ਕਿਉਂ ਨਹੀਂ ਦਿੱਤਾ ਅਸਤੀਫ਼ਾ?

ਜੋਗਿੰਦਰਪਾਲ ਕੌਰ ਕਹਿੰਦੇ ਹਨ ਕਿ ਸਿੱਖ ਅਕਸਰ ਇਹ ਸ਼ਿਕਵਾ ਕਰਦੇ ਹਨ ਕਿ ਗਿਆਨੀ ਜ਼ੈਲ ਸਿੰਘ ਨੇ ਅਕਾਲ ਤਖ਼ਤ ਉੱਤੇ ਫੌਜੀ ਕਾਰਵਾਈ ਦੇ ਵਿਰੋਧ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਪਰ ਉਹ ਗਿਆਨੀ ਜੀ ਦੀ ਦੁਵਿਧਾ ਨੂੰ ਨਹੀਂ ਸਮਝ ਪਾਉਂਦੇ।

“ਗਿਆਨੀ ਜ਼ੈਲ ਸਿੰਘ ਸਿਰਫ਼ ਸਿੱਖਾਂ ਦੇ ਨੁਮਾਇੰਦੇ ਨਹੀਂ ਸਨ, ਉਹ ਸਾਰੇ ਧਰਮਾਂ ਦੇ ਰਾਸ਼ਟਰਪਤੀ ਸਨ।”

ਜੋਗਿੰਦਰਪਾਲ ਕੌਰ ਦਾਅਵਾ ਕਰਦੇ ਹਨ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕਰੀਬੀਆਂ ਨੇ ਇਹੀ ਸਲਾਹ ਦਿੱਤੀ ਕਿ ਜੇਕਰ ਤੁਸੀਂ ਅਸਤੀਫ਼ਾ ਦੇ ਦਿੱਤਾ ਤਾਂ ਪੂਰੇ ਦੇਸ਼ ਵਿੱਚ ਲੋਕ ਸਿੱਖਾਂ ਦੇ ਖ਼ਿਲਾਫ਼ ਹੋ ਜਾਣਗੇ।

ਜੋਗਿੰਦਰਪਾਲ ਕਹਿੰਦੇ ਹਨ ਕਿ ਜਦੋਂ ਸਿੱਖ ਫੌਜੀ ਅਫਸਰਾਂ ਨੇ ਇਹ ਚਿਤਾਵਨੀ ਦਿੱਤੀ ਕਿ ਫੌਜ ਵਿੱਚ ਜਿੰਨੇ ਵੀ ਸਿੱਖ ਹਨ ਸਾਰੇ ਅਸਤੀਫ਼ਾ ਦੇਣਗੇ, ਇਸ ਤੋਂ ਬਾਅਦ ਉਹ ਦੁਵਿਧਾ ਵਿੱਚ ਪੈ ਗਏ ਸਨ।

“ਦੇਸ ਅੰਦਰ ਸਿੱਖਾਂ ਲਈ ਨਫ਼ਰਤ ਨਾ ਵੱਧ ਜਾਵੇ ਇਸ ਕਰ ਕੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਸਹੀ ਨਾ ਲੱਗਿਆ। ਉਹ ਕਹਿੰਦੇ ਸਨ ਕਿ ਸਿੱਖ ਵਿਦੇਸ਼ਾਂ ਵਿੱਚ ਵੀ ਬੈਠੇ ਹਨ, ਮੇਰਾ ਅਸਤੀਫ਼ਾ ਸਿੱਖਾਂ ਦੀਆਂ ਮੁਸ਼ਕਲਾਂ ਹੋਰ ਵਧਾ ਨਾ ਦੇਵੇ।”

‘ਅੰਮ੍ਰਿਤਸਰ- ਇੰਦਰਾ ਗਾਂਧੀ ਦੀ ਆਖ਼ਰੀ ਲੜਾਈ’ ਕਿਤਾਬ ਵਿੱਚ ਵੀ ਲੇਖਕ ਨੇ ਲਿਖਿਆ ਹੈ ਕਿ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਜਦੋਂ ਗਿਆਨੀ ਜ਼ੈਲ ਸਿੰਘ ਦਿੱਲੀ ਵਾਪਸ ਪਰਤੇ ਤਾਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਨਾ ਦੇਣ ਦਾ ਫ਼ੈਸਲਾ ਕੀਤਾ ਸੀ।

ਗਿਆਨੀ ਜ਼ੈਲ ਸਿੰਘ ਅਤੇ ਇੰਦਰਾ ਗਾਂਧੀ

ਤਸਵੀਰ ਸਰੋਤ, Getty Images

ਗਿਆਨੀ ਜ਼ੈਲ ਸਿੰਘ ਨਾਲ ਕੰਮ ਕਰਨ ਵਾਲਿਆਂ ਨੇ ਕੀ ਦੱਸਿਆ

ਹਾਲਾਂਕਿ ਗਿਆਨੀ ਜ਼ੈਲ ਸਿੰਘ ਦੇ ਕਰੀਬੀਆਂ ਵਿੱਚੋਂ ਇੱਕ ਤਰਲੋਚਨ ਸਿੰਘ ਦਾਅਵਾ ਕਰਦੇ ਹਨ, “ਰਾਸ਼ਟਰਪਤੀ ਹੋਣ ਦੇ ਬਾਵਜੂਦ ਗਿਆਨੀ ਜ਼ੈਲ ਸਿੰਘ ਕੋਲ ਉਹ ਤਾਕਤਾਂ ਨਹੀਂ ਸਨ ਕਿ ਉਹ ਇੰਦਰਾ ਗਾਂਧੀ ਦੇ ਫ਼ੈਸਲੇ ਨੂੰ ਬਦਲ ਸਕਦੇ। ਭਾਵੇਂ ਉਹ ਤਿੰਨ ਫ਼ੌਜਾਂ ਦੇ ਮੁਖੀ ਸਨ ਪਰ ਫੇਰ ਵੀ ਉਨ੍ਹਾਂ ਨੂੰ ਇਸ ਫੌਜੀ ਕਾਰਵਾਈ ਦੇ ਫ਼ੈਸਲੇ ਤੋਂ ਦੂਰ ਰੱਖਿਆ ਗਿਆ ਸੀ।”

ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ, 2000 ਤੋਂ 2003 ਤੱਕ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਉਪ ਚੇਅਰਮੈਨ ਰਹਿ ਚੁੱਕੇ ਹਨ।

ਉਹ ਗਿਆਨੀ ਜ਼ੈਲ ਸਿੰਘ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਉਨ੍ਹਾਂ ਦੇ ਪ੍ਰੈੱਸ ਸਕੱਤਰ ਵੱਜੋਂ ਸੇਵਾਵਾਂ ਨਿਭਾ ਰਹੇ ਸਨ।

ਤਰਲੋਚਨ ਸਿੰਘ ਬੀਬੀਸੀ ਨਾਲ ਗੱਲ ਕਰਦਿਆਂ ਦਲੀਲ ਦਿੰਦੇ ਹਨ ਕਿ ਭਾਰਤ ਦਾ ਸੰਵਿਧਾਨ ਦੇਸ਼ ਦੇ ਰਾਸ਼ਟਰਪਤੀ ਨੂੰ ਉਹ ਤਾਕਤ ਨਹੀਂ ਦਿੰਦਾ ਜੋ ਪ੍ਰਧਾਨ ਮੰਤਰੀ ਦੇ ਫ਼ੈਸਲੇ ਨੂੰ ਬਦਲ ਸਕਣ।

ਉਹ ਕਹਿੰਦੇ ਹਨ, “ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਫ਼ੈਸਲਾ ਰਾਸ਼ਟਰਪਤੀ ਨਹੀਂ ਬਦਲ ਸਕਦਾ ਫੇਰ ਅਸੀਂ ਇਹ ਆਸ ਕਿਵੇਂ ਰੱਖ ਸਕਦੇ ਹਾਂ ਕਿ ਇੰਦਰਾ ਗਾਂਧੀ ਦੇ ਫ਼ੈਸਲੇ ਨੂੰ ਗਿਆਨੀ ਜ਼ੈਲ ਸਿੰਘ ਬਦਲ ਸਕਦੇ ਸਨ।”

ਉਹ ਕਹਿੰਦੇ ਹਨ, “ਅਜਿਹਾ ਵੀ ਨਹੀਂ ਕਿ ਗਿਆਨੀ ਜ਼ੈਲ ਸਿੰਘ ਨੇ ਇੰਦਰਾ ਗਾਂਧੀ ਅੱਗੇ ਰੋਸ ਜ਼ਾਹਰ ਨਹੀਂ ਕੀਤਾ, ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਤੁਰੰਤ ਇੰਦਰਾ ਗਾਂਧੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਇਸ ਕਾਰਵਾਈ ਤੋਂ ਬੇਹੱਦ ਦੁਖੀ ਹਨ।”

“ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਪੰਜਾਬ ਦੇ ਗਵਰਨਰ ਬੀਡੀ ਪਾਂਡੇ ਨੂੰ ਹਟਾਉਣ ਦੀ ਸਿਫ਼ਾਰਿਸ਼ ਕੀਤੀ, ਕਿਉਂਕਿ ਗਿਆਨੀ ਜ਼ੈਲ ਸਿੰਘ ਨੇ ਕਿਹਾ ਇਹ ਸਭ ਪੰਜਾਬ ਪ੍ਰਸ਼ਾਸਨ ਦੀ ਅਸਫ਼ਲਤਾ ਕਾਰਨ ਹੋਇਆ ਹੈ।”

“ਜਿਸ ਤੋਂ ਬਾਅਦ ਇੰਦਰਾ ਗਾਂਧੀ ਨੇ ਗਰਵਨਰ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਸੀ।”

ਪਰ ਗੁਰਦਰਸ਼ਨ ਸਿੰਘ ਢਿੱਲੋਂ ਗਿਆਨੀ ਜ਼ੈਲ ਸਿੰਘ ਵੱਲੋਂ ਕੀਤੀ ਇਸ ਸਿਫ਼ਾਰਿਸ਼ ਨੂੰ ਕਾਫੀ ਨਹੀਂ ਮੰਨਦੇ।

ਗੁਰਦਰਸ਼ਨ ਸਿੰਘ ਢਿੱਲੋਂ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਹਨ ਅਤੇ ਉਨ੍ਹਾਂ ਸਿੱਖ ਇਤਿਹਾਸ ਉੱਤੇ ਕਈ ਕਿਤਾਬਾਂ ਦੇ ਲੇਖਕ ਹਨ।

ਉਹ ਕਹਿੰਦੇ ਹਨ, “ਜੇ ਕੈਪਟਨ ਅਮਰਿੰਦਰ ਸਿੰਘ ਵਰਗੇ ਲੀਡਰ ਆਪਣੇ ਅਹੁਦੇ ਛੱਡ ਸਕਦੇ ਸਨ ਤਾਂ ਗਿਆਨੀ ਜ਼ੈਲ ਸਿੰਘ ਨੂੰ ਆਪਣਾ ਵਿਰੋਧ ਜਤਾਉਣ ਦਾ ਕੋਈ ਢੰਗ ਕਿਉਂ ਨਹੀਂ ਲੱਭਿਆ।”

ਉਹ ਅੱਗੇ ਕਹਿੰਦੇ ਹਨ, “ਭਾਵੇਂ ਗਿਆਨੀ ਜ਼ੈਲ ਸਿੰਘ ਦਾ ਪਰਿਵਾਰ ਇਹ ਦਾਅਵਾ ਕਰਦਾ ਹੈ ਕਿ ਉਨ੍ਹਾਂ ਦਾ ਇਹ ਫ਼ੈਸਲਾ ਸਿੱਖਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਣ ਦਾ ਸੀ ਪਰ ਅਸੀਂ ਮੰਨਦੇ ਹਾਂ ਕਿ ਹਰਿਮੰਦਰ ਸਾਹਿਬ ਉੱਤੇ ਹੋਏ ਹਮਲੇ ਅਤੇ ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਤੋਂ ਬੁਰਾ ਸਿੱਖਾਂ ਨਾਲ ਕੁਝ ਹੋਰ ਨਹੀਂ ਹੋ ਸਕਦਾ, ਇਹ ਉਹ ਜ਼ਖ਼ਮ ਹਨ ਜੋ ਹਮੇਸ਼ਾ ਰਿਸਦੇ ਰਹਿਣਗੇ।”

ਤਰਲੋਚਨ ਸਿੰਘ

ਤਸਵੀਰ ਸਰੋਤ, Getty Images/BBC

ਗਿਆਨੀ ਜ਼ੈਲ ਸਿੰਘ ਇੱਕ ਚੁਸਤ ਨੇਤਾ ਸਨ

ਗਿਆਨੀ ਜੈਲ ਸਿੰਘ ਨਾਲ ਕੰਮ ਕਰ ਚੁੱਕੇ ਸਾਬਕਾ ਰਾਅ ਮੁਖੀ ਏ.ਐੱਸ ਦੁੱਲਤ ਨੇ ‘ਗਿਆਨੀ ਜ਼ੈਲ ਸਿੰਘ ਨੂੰ ਤੇਜ਼-ਤਰਾਰ ਤੇ ਚੁਸਤ ਆਗੂ ਦੱਸਿਆ ਹੈ।

ਉਹ ਲਿਖਦੇ ਹਨ, “ਗਿਆਨੀ ਜ਼ੈਲ ਸਿੰਘ ਆਪਣੇ ਆਪ ਨੂੰ ਕਾਫੀ ਸਿੱਧੇ ਸਾਦੇ ਜਿਹੇ ਬੰਦੇ ਵੱਜੋਂ ਪੇਸ਼ ਕਰਦੇ ਸੀ,ਪਰ ਅਸਲ ਵਿੱਚ ਉਹ ਕਾਫ਼ੀ ਚੁਸਤ ਆਗੂ ਸਨ। ਜਿਨ੍ਹਾਂ ਨੇ ਸਿਆਸਤ ਵਿੱਚ ਸਾਧਾਰਨ ਸ਼ੁਰੂਆਤ ਦੇ ਬਾਵਜੂਦ ਆਪਣੀ ਸੂਝ ਬੂਝ ਸਦਕਾ ਦੇਸ ਦੇ ਸਭ ਤੋਂ ਉੱਚੇ ਰਾਸ਼ਟਰਪਤੀ ਦੇ ਅਹੁਦੇ ਤੱਕ ਦਾ ਸਫ਼ਰ ਸਫ਼ਲਤਾ ਨਾਲ ਤੈਅ ਕੀਤਾ ਸੀ।”

ਏਐੱਸ ਦੁਲਤ ਕਿਤਾਬ ਵਿੱਚ ਦੱਸਦੇ ਹਨ ਕਿ 1984 ਵੇਲੇ ਉਹ ਗਿਆਨੀ ਜ਼ੈਲ ਸਿੰਘ ਦੇ ਨਾਲ ਸੁਰੱਖਿਆ ਅਫ਼ਸਰ (ਆਈ ਬੀ ਅਧਿਕਾਰੀ) ਵੱਜੋਂ ਸੇਵਾਵਾਂ ਨਿਭਾ ਰਹੇ ਸਨ।

ਉਹ ਆਪਣੀ ਕਿਤਾਬ ਵਿੱਚ 1984 ਦੀ ਘਟਨਾ ਦਾ ਜ਼ਿਕਰ ਕਰਦੇ ਲਿਖਦੇ ਹਨ, “1984 ਵਿੱਚ ਫੌਜ ਨੇ ਜਦੋਂ ਅਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦਿੱਤਾ ਤਾਂ ਗਿਆਨੀ ਜੀ ਬਹੁਤ ਦੁਖੀ ਹੋਏ ਕਿਉਂਕਿ ਫੌਜ ਦੇ ਸਰਵਉੱਚ ਕਮਾਂਡਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਮੌਕੇ ਹਨੇਰੇ ਵਿੱਚ ਰੱਖਿਆ ਗਿਆ।”

“ਉਹ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ ਚਾਰ ਦਿਨ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਗਏ। ਇਸ ਮਗਰੋਂ ਉਨ੍ਹਾਂ ਦੇ ਗਾਂਧੀ ਪਰਿਵਾਰ ਨਾਲ ਰਿਸ਼ਤਿਆਂ ਵਿੱਚ ਵੀ ਪਹਿਲਾਂ ਵਾਲਾ ਨਿੱਘ ਨਹੀਂ ਰਿਹਾ ਸੀ। ਹਾਲਾਂਕਿ ਉਹ ਪਹਿਲਾ ਜਨਤਕ ਤੌਰ ਉੱਤੇ ਇਹ ਆਖਦੇ ਸਨ ਕਿ ਜੇਕਰ ਇੰਦਰਾ ਗਾਂਧੀ ਉਨ੍ਹਾਂ ਨੂੰ ਝਾੜੂ ਮਾਰਨ ਲਈ ਵੀ ਕਹਿਣਗੇ ਤਾਂ ਉਹ ਖੁਸ਼ੀ-ਖੁਸ਼ੀ ਉਸ ਹੁਕਮ ਦੀ ਪਾਲਣਾ ਕਰਨਗੇ।”

ਜੋਗਿੰਦਰਪਾਲ ਕੌਰ ਵੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ ਕਿ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਗਾਂਧੀ ਪਰਿਵਾਰ ਨਾਲ ਜ਼ੈਲ ਸਿੰਘ ਦੇ ਰਿਸ਼ਤੇ ਸੁਖਾਵੇਂ ਨਹੀ ਰਹੇ।

ਇੰਦਰਾ ਗਾਂਧੀ ਦਾ ਉਸ ਦੇ ਦੋ ਸਿੱਖ ਬਾਡੀਗਾਰਡਾਂ ਨੇ ਨਵੰਬਰ 1984 ਵਿੱਚ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਦੇਸ ਦੇ ਕਈ ਸ਼ਹਿਰਾਂ ਵਿੱਚ ਸਿੱਖ ਵਿਰੋਧੀ ਕਤਲੇਆਮ ਹੋਇਆ ਸੀ।

ਬੀਬੀਸੀ ਨਾਲ ਗੱਲਬਾਤ ਦੌਰਾਨ ਜੋਗਿੰਦਰਪਾਲ ਕੌਰ ਨੇ ਕਿਹਾ, “ਤੁਹਾਨੂੰ (ਰਾਜੀਵ ਗਾਂਧੀ) ਆਪਣੀ ਮਾਂ ਦਾ ਕਤਲ ਤਾਂ ਦਿਖਿਆ ਪਰ ਹਜ਼ਾਰਾਂ ਬੇਗੁਨਾਹ ਮਾਰੇ ਗਏ ਸਿੱਖਾਂ ਦੇ ਜੀਵਨ ਦੀ ਕੋਈ ਪਰਵਾਹ ਨਹੀਂ ਸੀ।”

‘ਸਿੱਖ ਕਦੇ ਗਿਆਨੀ ਜ਼ੈਲ ਸਿੰਘ ਨੂੰ ਮਾਫ਼ ਨਹੀਂ ਕਰਨਗੇ’

ਗੁਰਦਰਸ਼ਨ ਸਿੰਘ

ਤਸਵੀਰ ਸਰੋਤ, Getty Images

ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਲੈ ਕੇ ਗਿਆਨੀ ਜ਼ੈਲ ਸਿੰਘ ਪ੍ਰਤੀ ਸਿੱਖ ਭਾਈਚਾਰੇ ਦਾ ਗੁੱਸੇ ਦਾ ਸਭ ਤੋਂ ਮੁੱਖ ਕਾਰਨ ਸੀ ਕਿ ਇਹ ਹਮਲਾ ਸਿੱਖ ਰਾਸ਼ਟਰਪਤੀ ਦੀ ਕਮਾਂਡ ਹੇਠ ਕੰਮ ਕਰਨ ਵਾਲੀ ਫੌਜ ਨੇ ਕੀਤਾ ਸੀ।

ਸਿੱਖ ਚਿੰਤਕ ਗੁਰਦਰਸ਼ਨ ਸਿੰਘ ਕਹਿੰਦੇ ਹਨ, “ਸਿੱਖ ਭਾਈਚਾਰਾ ਉਨ੍ਹਾਂ ਤੋਂ ਆਸ ਕਰਦਾ ਸੀ ਕਿ ਜੇਕਰ ਉਨ੍ਹਾਂ ਤੋਂ ਓਹਲਾ ਰੱਖ ਕੇ ਇਹ ਹਮਲਾ ਹੋਇਆ ਤਾਂ ਉਹ ਇਸ ਖ਼ਿਲਾਫ਼ ਅਸਤੀਫ਼ਾ ਦੇਣ ਜਾਂ ਕੋਈ ਹੋਰ ਜਨਤਕ ਤੌਰ ਉੱਤੇ ਵਿਰੋਧ ਜ਼ਾਹਰ ਕਰਦੇ। ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।”

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, “ਕਾਂਗਰਸ ਦੇ ਬੇਹੱਦ ਕਰੀਬੀ ਅਤੇ ਰਾਸ਼ਟਰਪਤੀ ਹੋਣ ਦੇ ਬਾਵਜੂਦ ਗਿਆਨੀ ਜ਼ੈਲ ਸਿੰਘ ਨੇ ਜੋ ਚੁੱਪੀ 1984 ਦੇ ਹਰਿਮੰਦਰ ਸਾਹਿਬ ਹਮਲੇ ਅਤੇ ਨਵੰਬਰ 1984 ਸਿੱਖ ਕਤਲੇਆਮ ਬਾਰੇ ਧਾਰਨ ਕਰਕੇ ਰੱਖੀ ਇਸ ਦੇ ਲਈ ਸਿੱਖ ਕਦੇ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।”

ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, “ਗਿਆਨੀ ਜ਼ੈਲ ਸਿੰਘ ਨੂੰ ਸਿਰਫ਼ ਅਹੁਦਾ ਪਿਆਰਾ ਸੀ, ਆਪਣਾ ਅਹੁਦਾ ਬਚਾਉਣ ਅਤੇ ਕਾਂਗਰਸ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਸਿੱਖਾਂ ਉੱਤੇ ਹੁੰਦੇ ਅੱਤਿਆਚਾਰ ਨੂੰ ਚੁੱਪ ਕਰਕੇ ਸਹਿੰਦੇ ਗਏ।”

“ਇੰਦਰਾ ਗਾਂਧੀ ਨਾਲ ਗੱਲਬਾਤ ਕਰਨ ਨਾਲ ਸਿੱਖਾਂ ਦੇ ਜ਼ਖਮਾਂ ਉੱਤੇ ਮਰ੍ਹਮ ਨਹੀਂ ਲੱਗਣੀ ਸੀ, ਸਿੱਖਾਂ ਨੂੰ ਆਪਣੇ ਲੀਡਰ ਦਾ ਸਾਥ ਚਾਹੀਦਾ ਸੀ ਜੋ ਗਿਆਨੀ ਜ਼ੈਲ ਸਿੰਘ ਦੇਸ਼ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਨਹੀਂ ਦੇ ਸਕਦੇ ਸੀ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI