Home ਰਾਸ਼ਟਰੀ ਖ਼ਬਰਾਂ ਪੰਜਾਬ ਦੇ ਸੱਭਿਆਚਾਰ ਦਾ ਅਹਿਮ ਹਿੱਸਾ ਰਹੇ ਊਠਾਂ ਦੀ ਗਿਣਤੀ ਕਿਉਂ ਘੱਟ...

ਪੰਜਾਬ ਦੇ ਸੱਭਿਆਚਾਰ ਦਾ ਅਹਿਮ ਹਿੱਸਾ ਰਹੇ ਊਠਾਂ ਦੀ ਗਿਣਤੀ ਕਿਉਂ ਘੱਟ ਰਹੀ ਹੈ, ਸੂਬੇ ਵਿੱਚ ਹੁਣ ਕਿੰਨੇ ਊਠ ਬਚੇ ਹਨ

7
0

Source :- BBC PUNJABI

ਸਹਾਬ ਰਾਮ

ਤਸਵੀਰ ਸਰੋਤ, Kuldeep Brar/BBC

  • ਲੇਖਕ, ਕੁਲਦੀਪ ਬਰਾੜ
  • ਰੋਲ, ਬੀਬੀਸੀ ਸਹਿਯੋਗੀ
  • 25 ਮਈ 2025, 08:32 IST

    ਅਪਡੇਟ 46 ਮਿੰਟ ਪਹਿਲਾਂ

ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂੜੀ ਵਾਲਾ ਧੰਨਾ ਦੇ ਘਰ ਵਿੱਚ ਕੁਝ ਮਹੀਨੇ ਪਹਿਲਾਂ ਉਠਣੀ ਨੇ ਬੱਚੇ ਨੂੰ ਜਨਮ ਦਿੱਤਾ, ਉਸ ਵੇਲੇ ਘਰ ਦਾ ਮਾਹੌਲ ਵਿਆਹ ਵਰਗਾ ਸੀ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਦੇ ਉਨ੍ਹਾਂ ਦੇ ਪਿੰਡ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਊਠ ਰੱਖੇ ਜਾਂਦੇ ਸਨ ਪਰ ਹੁਣ ਗਿਣਤੀ ਮਹਿਜ਼ 3 ਰਹਿ ਗਈ ਹੈ, ਜਸ਼ਨ ਮਨਾਉਣ ਦਾ ਇੱਕ ਇਹ ਵੀ ਕਾਰਨ ਬਣਿਆ ਸੀ।

ਸਰਕਾਰੀ ਅੰਕੜਿਆਂ ਮੁਤਾਬਕ ਵੀ ਪੰਜਾਬ ਵਿੱਚ ਊਠਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।

ਪੰਜਾਬ ਦੇ ਸਰਹੱਦੀ ਇਲਾਕੇ ਫ਼ਾਜ਼ਿਲਕਾ ਸਣੇ ਕਈ ਰੇਤਲੇ ਇਲਾਕਿਆਂ ਵਿੱਚ ਕੁਝ ਲੋਕ ਹਾਲੇ ਵੀ ਊਠ ਪਾਲ ਰਹੇ ਹਨ। ਇਨ੍ਹਾਂ ਦੀ ਵਰਤੋਂ ਖੇਤੀ ਅਤੇ ਸਮਾਨ ਦੀ ਢੋਆ ਢੁਆਈ ਲਈ ਕਰਨ ਦੇ ਨਾਲ-ਨਾਲ ਇਨ੍ਹਾਂ ਦੇ ਦੁੱਧ ਦੀ ਵੀ ਵਰਤੋਂ ਕੀਤੀ ਜਾਂਦੀ ਹੈ।

ਊਠਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਖੇਤੀ ਦੇ ਮਸ਼ੀਨੀਕਰਨ ਅਤੇ ਪੰਜਾਬ ਵਿੱਚ ਊਠਾਂ ਲਈ ਲੋੜੀਂਦੀ ਖੁਰਾਕ ਨਾ ਮਿਲਣ ਕਾਰਨ ਸੂਬੇ ਵਿੱਚ ਇਨ੍ਹਾਂ ਦੀ ਗਿਣਤੀ ਘਟੀ ਹੈ।

ਊਠ ਪਾਲਕ ਪਰਿਵਾਰ

ਤਸਵੀਰ ਸਰੋਤ, Kuldeep Brar/BBC

ਊਠਾਂ ਲਈ ਪੰਜਾਬ ਵਿੱਚ ਚਾਰੇ ਦੀ ਘਾਟ

ਊਠ ਪਾਲਕ ਸਹਾਬ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਾਦਾ ਪੜਦਾਦਾ ਵੀ ਊਠਾਂ ਨਾਲ ਖੇਤੀ ਕਰਦੇ ਸਨ।

ਉਹ ਕਹਿੰਦੇ ਹਨ,”ਸਾਨੂੰ ਵੀ ਊਠਾਂ ਨਾਲ ਖੇਤੀ ਕਰਨਾ ਚੰਗਾ ਲੱਗਦਾ ਹੈ ਪਰ ਹੁਣ ਮਸ਼ੀਨੀ ਯੁੱਗ ਹੋਣ ਕਾਰਨ ਲੋਕ ਊਠ ਪਾਲਦੇ ਨਹੀਂ ਹਨ।”

ਉਹ ਊਠਾਂ ਦੀ ਖਰੀਦ ਬਾਰੇ ਦੱਸਦੇ ਹਨ ਕਿ ਊਠਾਂ ਨੂੰ ਰਾਜਸਥਾਨ ਦੇ ਗੁਗਾ ਮੇੜੀ ਤੋਂ ਖਰੀਦ ਕੇ ਲਿਆਇਆ ਜਾਂਦਾ ਹੈ। ਇਨ੍ਹਾਂ ਦੀਆਂ ਚੰਗੀਆਂ ਨਸਲਾਂ ਬੀਕਾਨੇਰੀ, ਜੈਸਲਮੇਰੀ, ਨਗੌਰ, ਅਤੇ ਸਾਚੋਰ ਆਦਿ ਹੈ।

ਊਠ ਪਾਲਕ ਸਹਾਬ ਰਾਮ

ਤਸਵੀਰ ਸਰੋਤ, Kuldeep Brar/BBC

ਉਹ ਦੱਸਦੇ ਹਨ ਕਿ ਇੱਕ ਊਠ ਦੀ ਉਮਰ 20 ਤੋਂ 25 ਸਾਲ ਹੁੰਦੀ ਹੈ। ਇੱਕ ਊਠਣੀ ਪੰਜ ਸਾਲ ਦੀ ਉਮਰ ਵਿੱਚ ਬੱਚਾ ਦੇਣ ਦੇ ਕਾਬਲ ਹੋ ਜਾਂਦੀ ਹੈ। ਊਠ ਖਾਣ ਲਈ ਗੁਆਰੇ ਦਾ ਨੀਰਾ ਬਹੁਤ ਪਸੰਦ ਕਰਦੇ ਹਨ। ਜੋ ਪੰਜਾਬ ਵਿੱਚ ਬਹੁਤ ਘੱਟ ਮਿਲਦਾ ਹੈ।

“ਇੱਕ ਊਠਣੀ ਦਿਨ ਵਿੱਚ 10 ਕਿਲੋ ਦੇ ਕਰੀਬ ਦੁੱਧ ਦਿੰਦੀ ਹੈ ਜੋ ਇੱਕ ਵੱਡੇ ਪਰਿਵਾਰ ਦੀ ਵਰਤੋਂ ਲਈ ਕਾਫ਼ੀ ਹੁੰਦਾ ਹੈ।”

ਉਹ ਇਹ ਵੀ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦੇ ਘਰ ਕੋਈ ਊਠਣੀ ਬੱਚਾ ਦਿੰਦੀ ਹੈ ਤਾਂ ਘਰ ਵਿੱਚ ਪੈਦਾ ਹੋਏ ਨਵ ਜੰਮੇ ਬੱਚੇ ਦੀ ਤਰ੍ਹਾਂ ਆਂਢ ਗੁਆਂਢ ਅਤੇ ਰਿਸ਼ਤੇਦਾਰਾਂ ਵੱਲੋਂ ਨੱਚ-ਗਾ ਕੇ ਖੁਸ਼ੀ ਮਨਾਈ ਜਾਂਦੀ ਹੈ।

ਸਹਾਬ ਰਾਮ ਪੰਜਾਬ ਸਰਕਾਰ ਪ੍ਰਤੀ ਸ਼ਿਕਵਾ ਕਰਦਿਆਂ ਕਹਿੰਦੇ ਹਨ,”ਰਾਜਸਥਾਨ ਵਿੱਚ ਸਰਕਾਰ ਵੱਲੋਂ ਊਠਣੀ ਦੇ ਬੱਚਾ ਪੈਦਾ ਹੋਣ ਸਮੇਂ ਮਾਲਕ ਨੂੰ 25 ਹਜ਼ਾਰ ਦੇ ਕਰੀਬ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਪੰਜਾਬ ਵਿੱਚ ਨਹੀਂ ਦਿੱਤੀ ਜਾਂਦੀ।”

ਊਠਾਂ ਨਾਲ ਖੇਤੀ ਕਰਨ ਵਾਲੇ ਓਮ ਪ੍ਰਕਾਸ਼ ਨੂੰ ਕੀ ਦੁੱਖ ਹੈ

ਊਠ

ਤਸਵੀਰ ਸਰੋਤ, Kuldeep Brar/BBC

ਚੂੜੀ ਵਾਲਾ ਧੰਨਾ ਦੇ ਕਿਸਾਨ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ 75 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਨੇ 15 ਸਾਲ ਦੀ ਉਮਰ ਵਿੱਚ ਹੀ ਊਠਾਂ ਨਾਲ ਵਾਹੀ ਕਰਨੀ ਸ਼ੁਰੂ ਕਰ ਦਿੱਤੀ ਸੀ।

ਓਮ ਪ੍ਰਕਾਸ਼ ਕਹਿੰਦੇ ਹਨ,”ਊਠ ਨੂੰ ਖਾਣ ਲਈ ਖੁਰਾਕ ਵਿੱਚ ਦਾਣੇ, ਗੁੜ, ਗੁਆਰੇ ਦਾ ਨੀਰਾ, ਘਿਓ ਅਤੇ ਤੇਲ ਦਿੱਤਾ ਜਾਂਦਾ ਸੀ। ਪਰ ਹੁਣ ਤਾਂ ਆਪਦੇ ਵੀ ਖਾਣ ਲਈ ਨਹੀਂ ਮਿਲਦਾ, ਪਸ਼ੂਆਂ ਨੂੰ ਕੌਣ ਖੁਆ ਸਕਦਾ ਹੈ।

ਊਠਾਂ ਤੋਂ ਹਰ ਤਰ੍ਹਾਂ ਦਾ ਕੰਮ ਲਿਆ ਜਾਂਦਾ ਸੀ ਜਿਵੇਂ ਕਿ ਸੁਹਾਗਾ ਮਾਰਨਾ, ਜ਼ਮੀਨ ਵਾਹੁਣੀ, ਤ੍ਰਪਾਲੀ ਕਰਨੀ ਅਤੇ ਬਿਜਾਈ ਕਰਨੀ ਆਦਿ।

ਊਠ

ਤਸਵੀਰ ਸਰੋਤ, Kuldeep Brar/BBC

ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਦੇ ਨੌਜਵਾਨ ਊਠਾਂ ਨਾਲ ਖੇਤੀ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਤਾਕਤਵਰ ਨਹੀਂ ਹਨ।

“ਊਠ ਨਾਲ ਸਾਰੇ ਦਿਨ ਵਿੱਚ ਸਿਰਫ ਦੋ ਕਿੱਲੇ ਹੀ ਜ਼ਮੀਨ ਵਾਹੀ ਜਾਂਦੀ ਹੈ ਅਤੇ ਟਰੈਕਟਰ ਨਾਲ ਸਿਰਫ ਇੱਕ ਘੰਟੇ ਵਿਚ ਜ਼ਮੀਨ ਵਾਹ ਕੇ ਸਵਾਗਾ ਮਾਰ ਕੇ ਘਰ ਆ ਜਾਂਦੇ ਹਨ। ਇਸ ਲਈ ਨੌਜਵਾਨ ਟਰੈਕਟਰ ਨਾਲ ਖੇਤੀ ਕਰਨਾ ਹੀ ਪਸੰਦ ਕਰਦੇ ਹਨ।”

“ਪਰ ਊਠਾਂ ਦੀ ਵਾਹੀ ਟਰੈਕਟਰ ਨਾਲੋਂ ਵੀ ਚੰਗੀ ਹੁੰਦੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਜਦੋਂ ਮੈਂ ਵਾਹੀ ਕਰਨੀ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਸਾਡੇ ਪਿੰਡ ਵਿੱਚ 300 ਦੇ ਕਰੀਬ ਊਠ ਅਤੇ 200 ਬਲਦਾਂ ਦੀਆਂ ਜੋੜੀਆਂ ਹੁੰਦੀਆਂ ਸਨ।”

“ਉਸ ਸਮੇਂ ਹਰ ਇੱਕ ਦੇ ਘਰ ਵਿੱਚ ਪਸ਼ੂ ਹੁੰਦੇ ਸਨ ਕਈਆਂ ਦੇ ਘਰਾਂ ਵਿੱਚ ਤਾਂ ਤਿੰਨ-ਤਿੰਨ ਊਠ ਵੀ ਹੁੰਦੇ ਸਨ। ਪਰ ਹੁਣ ਸਾਡੇ ਪਿੰਡ ਵਿੱਚ ਇਨ੍ਹਾਂ ਦੀ ਗਿਣਤੀ ਤਿੰਨ ਹੀ ਰਹਿ ਗਈ ਹੈ।”

ਮਸ਼ੀਨਰੀ ਆਉਣ ਨਾਲ ਊਠਾਂ ਦੀ ਲੋੜ ਘਟੀ

ਨੰਬਰਦਾਰ ਸੁਖਦੇਵ

ਤਸਵੀਰ ਸਰੋਤ, Kuldeep Brar/BBC

ਪਿੰਡ ਚੱਕ ਵੈਰੋਕਾ ਦੇ ਨੰਬਰਦਾਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੰਬਾ ਸਮਾਂ ਊਠਾਂ ਨਾਲ ਖੇਤੀ ਕੀਤੀ ਹੈ ਪਰ ਹੁਣ ਖੇਤੀ ਅਤੇ ਟਰਾਸਪੋਰਟ ਲਈ ਊਠਾਂ ਦੀ ਲੋੜ ਮਸ਼ੀਨਰੀ ਨੇ ਖ਼ਤਮ ਕਰ ਦਿੱਤੀ ਹੈ।

ਚੱਕ ਵੈਰੋਕਾ ਦੇ ਵਾਸੀ ਨੰਬਰਦਾਰ ਸੁਖਦੇਵ ਸਿੰਘ ਕਹਿੰਦੇ ਹਨ,”ਅਸੀਂ 15-20 ਸਾਲ ਊਠਾਂ ਨਾਲ ਵਾਹੀ ਕੀਤੀ ਬਹੁਤ ਸ਼ੌਕ ਨਾਲ। ਹੁਣ ਮਸ਼ੀਨਰੀ ਆ ਗਈ ਹੈ ਇਸ ਕਰਕੇ ਉਠ ਹੁਣ ਖੇਤੀ ਵਿੱਚ ਕੰਮ ਨਹੀਂ ਆਉਂਦੇ।”

“ਪਹਿਲਾਂ ਹੱਲ ਵੀ ਊਠਾਂ ਨਾਲ ਵਾਹੁੰਦੇ ਸੀ ਤੇ ਵਿਆਹਾਂ ਲਈ ਬਰਾਤ ਵੀ ਊਠ ‘ਤੇ ਜਾਂਦੀ ਸੀ। ਕਿਸੇ ਜ਼ਮਾਨੇ ਵਿੱਚ ਪਿੰਡ ਦੇ ਹਰ ਘਰ ਵਿੱਚ ਊਠ ਹੁੰਦਾ ਸੀ। ਊਠਾਂ ਦੀਆਂ ਦੌੜਾਂ ਵੀ ਹੁੰਦੀਆਂ ਸਨ।”

ਸੁਖਦੇਵ ਸਿੰਘ ਕਹਿੰਦੇ ਹਨ ਕਿ ਹੁਣ ਤਾਂ ਸਾਡੀਆਂ ਅਗ਼ਲੀਆਂ ਪੀੜ੍ਹੀਆਂ ਨੂੰ ਪਤਾ ਵੀ ਨਹੀਂ ਕਿ ਊਠਾਂ ਨਾਲ ਖੇਤੀ ਕਰਦੇ ਸੀ। ਊਠਾਂ ਨੂੰ ਤਾਂ ਹੁਣ ਬੋਝ ਮੰਨਿਆਂ ਜਾਂਦਾ ਹੈ।”

ਇਹ ਵੀ ਪੜ੍ਹੋ-

ਪੰਜਾਬ ਵਿੱਚ ਕਿੰਨੇ ਊਠ ਹਨ

ਊਠ

ਪੰਜਾਬ ਵਿੱਚ ਪਸ਼ੂ-ਧਨ ਗਣਨਾ ਦੀ ਮੁੱਢਲੀ ਰਿਪੋਰਟ ਮੁਤਾਬਕ ਸੂਬੇ ਵਿੱਚ 80 ਦੇ ਕਰੀਬ ਊਠ ਰਹਿ ਗਏ ਹਨ, ਇਹ ਗਿਣਤੀ 20ਵੀਂ ਪਸ਼ੂ-ਧਨ ਗਣਨਾ ਸਮੇਂ 120 ਸੀ।

ਉੱਧਰ ਹਾਲੇ ਵੀ ਊਠਾਂ ਨੂੰ ਪਾਲਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਊਠਾਂ ਲਈ ਕੋਈ ਖ਼ਾਸ ਸਕੀਮ ਨਹੀਂ ਬਣਾਈ ਗਈ ਜਦਕਿ ਗੁਆਂਢੀ ਸੂਬੇ ਰਾਜਸਥਾਨ ਵਿੱਚ ਊਠ ਦੇ ਬੱਚੇ ਦੇ ਜਨਮ ਸਮੇਂ ਸਰਕਾਰ ਮਾਲੀ ਸਹਾਇਤਾ ਦਿੰਦੀ ਹੈ।

‘ਪੰਜਾਬ ਦਾ ਵਾਤਾਵਰਣ ਊਠਾਂ ਦੇ ਅਨੁਕੂਲ ਨਹੀਂ’

ਡਾਕਟਰ ਰਜੇਸ਼ ਕੁਮਾਰ ਜਾਜੋਰੀਆ

ਤਸਵੀਰ ਸਰੋਤ, Kuldeep Brar/BBC

ਪੰਜਾਬ ਦੇ ਪਸ਼ੂ-ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਊਠਾਂ ਦੀ ਗਿਣਤੀ ਘਟਣ ਦਾ ਕਾਰਨ ਹੈ ਕਿ ਪੰਜਾਬ ਦਾ ਵਾਤਾਵਰਣ ਊਠਾਂ ਦੇ ਅਨੁਕੂਲ ਨਹੀਂ ਹੈ।

ਪਸ਼ੂ-ਪਾਲਣ ਵਿਭਾਗ ਦੇ ਡਾਕਟਰ ਰਜੇਸ਼ ਕੁਮਾਰ ਜਾਜੋਰੀਆ ਕਹਿੰਦੇ ਹਨ ਕਿ ਵਾਤਾਵਰਣ ਦੇ ਮੁਤਾਬਕ ਪੰਜਾਬ ਵਿੱਚ ਊਠ ਨੂੰ ਰਾਜਸਥਾਨ ਦੇ ਮੁਕਾਬਲੇ ਉਸ ਤਰ੍ਹਾਂ ਦੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਹੈ। ਅੱਜ ਕੱਲ੍ਹ ਦੇ ਨੌਜਵਾਨ ਵੀ ਊਠਾਂ ਨੂੰ ਰੱਖਣਾ ਪਸੰਦ ਨਹੀਂ ਕਰਦੇ ਅਤੇ ਊਠ ਜ਼ਿਆਦਾਤਰ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੀ ਪਾਏ ਜਾਂਦੇ ਹਨ।

ਉਹ ਊਠਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਸਬੰਧ ਵਿੱਚ ਦੱਸਦੇ ਹਨ ਕਿ ਊਠ ਸਖ਼ਤ ਮਿਜ਼ਾਜ ਜਾਨਵਰ ਹਨ ਅਤੇ ਇਨ੍ਹਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧ ਹੁੰਦੀ ਹੈ। ਜੇਕਰ ਇਨ੍ਹਾਂ ਨੂੰ ਕੋਈ ਬਿਮਾਰੀ ਲੱਗਦੀ ਵੀ ਹੈ ਤਾਂ ਉਸ ਦਾ ਇਲਾਜ ਵੀ ਸੰਭਵ ਹੈ।”

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੇ ਇਸ ਬਾਰੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨਾਲ ਵੀ ਗੱਲਬਾਤ ਕੀਤੀ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਅੰਕੜੇ ਹਾਲੇ ਸ਼ੁਰੂਆਤੀ ਸਨ ਅਤੇ ਇਸ ਬਾਰੇ ਅਧਿਐਨ ਦਾ ਨੋਟੀਫਕੇਸ਼ਨ ਜਾਰੀ ਹੋਣਾ ਬਾਕੀ ਹੈ।

ਉਹ ਕਹਿੰਦੇ ਹਨ ਕਿ ਅਧਿਐਨ ਦੇ ਨੋਟੀਫ਼ਿਕੇਸ਼ਨ ਵਿੱਚ ਪਸ਼ੂ-ਧਨ ਦੇ ਅੰਕੜੇ ਘੱਟ-ਵੱਧ ਸਕਦੇ ਹਨ।

ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਕਿਹਾ ਕਿ ਨੋਟੀਫਿਕੇਸ਼ਨ ਵਿੱਚ ਜਿਹੜੇ ਆਖਰੀ ਅੰਕੜੇ ਸਾਹਮਣੇ ਆਉਣਗੇ, ਉਨ੍ਹਾਂ ਅੰਕੜਿਆਂ ਅਤੇ ਪਸ਼ੂ-ਧਨ ਦੀ ਸ਼੍ਰੇਣੀ ਮੁਤਾਬਕ ਇੱਕ ਸਰਕਾਰੀ ਨੀਤੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI