Home ਰਾਸ਼ਟਰੀ ਖ਼ਬਰਾਂ ਜਦੋਂ ਹਸਪਤਾਲ ਵਿੱਚ ਸੁੱਤੇ ਪਏ ਮਰੀਜ਼ ਦੇ ਪੈਰਾਂ ਦੀਆਂ ਉਂਗਲਾਂ ਕੁਤਰ ਗਿਆ...

ਜਦੋਂ ਹਸਪਤਾਲ ਵਿੱਚ ਸੁੱਤੇ ਪਏ ਮਰੀਜ਼ ਦੇ ਪੈਰਾਂ ਦੀਆਂ ਉਂਗਲਾਂ ਕੁਤਰ ਗਿਆ ਚੂਹਾ, ਕਿੱਥੇ ਵਾਪਰੀ ਘਟਨਾ ਤੇ ਕੀ ਹੋ ਰਹੀ ਹੈ ਕਾਰਵਾਈ

5
0

Source :- BBC PUNJABI

ਪਟਨਾ ਹਸਪਤਾਲ

ਤਸਵੀਰ ਸਰੋਤ, Shahnawaz

  • ਲੇਖਕ, ਸੀਟੂ ਤਿਵਾਰੀ
  • ਰੋਲ, ਬੀਬੀਸੀ ਪੱਤਰਕਾਰ, ਪਟਨਾ
  • 23 ਮਈ 2025, 09:57 IST

    ਅਪਡੇਟ 16 ਮਿੰਟ ਪਹਿਲਾਂ

ਬਿਹਾਰ ਦੀ ਰਾਜਧਾਨੀ ਪਟਨਾ ਦੇ ਸਰਕਾਰੀ ਹਸਪਤਾਲ ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ (ਐੱਨਐੱਮਸੀਐੱਚ) ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਚੂਹਿਆਂ ਨੇ ਇੱਕ ਮਰੀਜ਼ ਦੇ ਪੈਰ ਦੀਆਂ ਉਂਗਲਾਂ ਨੂੰ ਕੁਤਰ ਦਿੱਤਾ ਹੈ।

55 ਸਾਲਾ ਅਵਧੇਸ਼ ਪ੍ਰਸਾਦ ਨਾਲੰਦਾ ਦੇ ਰਹਿਣ ਵਾਲੇ ਹਨ ਅਤੇ ਦਿੱਲੀ ਵਿੱਚ ਮਜ਼ਦੂਰੀ ਕਰਦੇ ਰਹੇ ਹਨ। ਅਵਧੇਸ਼ ਸ਼ੂਗਰ ਦੇ ਮਰੀਜ਼ ਹਨ ਅਤੇ ਆਪਣੀ ਟੁੱਟੀ ਹੋਈ ਸੱਜੀ ਲੱਤ ਦੇ ਇਲਾਜ ਲਈ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਹਸਪਤਾਲ ਆਏ ਸਨ।

ਇਸ ਘਟਨਾ ਤੋਂ ਬਾਅਦ, ਉਨ੍ਹਾਂ ਦੀਆਂ ਕੁਤਰੀਆਂ ਹੋਈਆਂ ਉਂਗਲਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਉਨ੍ਹਾਂ ਦੀ ਡ੍ਰੈਸਿੰਗ ਕੀਤੀ ਜਾ ਰਹੀ ਹੈ।

ਪਟਨਾ ਦੇ ਅਗਮਕੁਆਂ ਇਲਾਕੇ ਵਿੱਚ ਸਥਿਤ ਐੱਨਐੱਮਸੀਐੱਚ ਦੇ ਆਰਥੋਪੈਡਿਕਸ (ਹੱਡੀਆਂ) ਵਾਰਡ ਵਿੱਚ ਦਾਖ਼ਲ ਅਵਧੇਸ਼ ਪ੍ਰਸਾਦ ਦੀ ਪਛਾਣ ਇਸ ਆਧਾਰ ‘ਤੇ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੈਰ ਦੀਆਂ ਉਂਗਲੀਆਂ ਚੂਹਿਆਂ ਨੇ ਕੁਤਰ ਲਈਆਂ ਹਨ।

ਅਵਧੇਸ਼ ਦੀ ਪਤਨੀ ਸ਼ੀਲਾ ਦੇਵੀ

ਤਸਵੀਰ ਸਰੋਤ, Shahnawaz

ਕੀ ਹੈ ਪੂਰਾ ਮਾਮਲਾ?

ਲਗਭਗ ਚਾਰ ਸਾਲ ਪਹਿਲਾਂ, ਅਵਧੇਸ਼ ਦੀ ਖੱਬੀ ਲੱਤ ‘ਤੇ ਸੱਟ ਲੱਗੀ ਸੀ ਜਿਸ ਕਾਰਨ ਉਨ੍ਹਾਂ ਦੀ ਖੱਬੀ ਲੱਤ ਕੱਟਣੀ ਪਈ ਸੀ।

ਅਵਧੇਸ਼ ਪ੍ਰਸਾਦ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “17 ਮਈ ਦੀ ਰਾਤ ਨੂੰ ਮੈਨੂੰ ਬੁਖ਼ਾਰ ਹੋਇਆ, ਜਿਸ ਤੋਂ ਬਾਅਦ ਮੈਨੂੰ ਪਾਣੀ ਦਿੱਤਾ ਗਿਆ। 2 ਵਜੇ ਤੱਕ ਮੇਰਾ ਬੁਖ਼ਾਰ ਉੱਤਰ ਗਿਆ ਸੀ। ਇਸ ਤੋਂ ਬਾਅਦ ਮੈਂ ਸੌਂ ਗਿਆ ਪਰ ਅਚਾਨਕ ਮੈਨੂੰ ਆਪਣੀ ਛਾਤੀ ‘ਤੇ ਕੁਝ ਮਹਿਸੂਸ ਹੋਇਆ ਕਿ ਜਿਵੇਂ ਕੁਝ ਚੜ੍ਹ ਰਿਹਾ ਹੈ। ਜਦੋਂ ਮੈਂ ਦੇਖਿਆ ਤਾਂ ਉਹ ਚੂਹਾ ਸੀ।”

“ਮੇਰਾ ਪੈਰ ਅਤੇ ਬਿਸਤਰਾ ਖੂਨ ਨਾਲ ਲੱਥਪੱਥ ਸਨ। ਮੈਂ ਕੋਲ ਸੁੱਤੀ ਆਪਣੀ ਪਤਨੀ ਨੂੰ ਜਗਾਇਆ ਤਾਂ ਉਹ ਰੋਣ ਲੱਗ ਪਈ। ਮੈਂ ਵੀ ਉਸਦੇ ਨਾਲ ਰੋਣ ਲੱਗ ਪਿਆ। ਬਾਅਦ ਵਿੱਚ ਜਦੋਂ ਅਸੀਂ ਡਾਕਟਰ ਨੂੰ ਦੱਸਿਆ, ਤਾਂ ਉਨ੍ਹਾਂ ਨੇ ਮੈਨੂੰ ਦਵਾਈ ਦਿੱਤੀ ਅਤੇ ਪੱਟੀਆਂ ਕੀਤੀਆਂ।”

ਅਵਧੇਸ਼ ਪ੍ਰਸਾਦ ਦੇ ਪਤਨੀ ਸ਼ੀਲਾ ਦੇਵੀ ਕਹਿੰਦੇ ਹਨ, “ਅਸੀਂ ਉਨ੍ਹਾਂ ਦੀ ਟੁੱਟੀ ਹੋਈ ਲੱਤ ਠੀਕ ਕਰਵਾਉਣ ਆਏ ਸੀ। ਆਪ੍ਰੇਸ਼ਨ ਨੂੰ ਪੰਦਰਾਂ ਦਿਨ ਹੋ ਗਏ ਹਨ। ਇੱਕ ਲੱਤ ਕੱਟਣ ਤੋਂ ਬਾਅਦ, ਉਹ ਅਪਾਹਜ ਹੋ ਗਏ ਹਨ ਅਤੇ ਕੋਈ ਕੰਮ ਨਹੀਂ ਕਰ ਸਕਦੇ। ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ।”

ਐੱਨਐੱਮਸੀਐੱਚ ਸੁਪਰਡੈਂਟ ਰਸ਼ਮੀ ਪ੍ਰਸਾਦ

ਤਸਵੀਰ ਸਰੋਤ, Shahnawaz

ਚੂਹੇ ਤਾਂ ਹਰ ਥਾਂ ‘ਤੇ ਹਨ: ਹਸਪਤਾਲ ਸੁਪਰੀਟੇਂਡੈਂਟ

ਬੀਬੀਸੀ ਨੇ ਇਸ ਮਾਮਲੇ ‘ਤੇ ਐੱਨਐੱਮਸੀਐੱਚ ਸੁਪਰੀਟੇਂਡੈਂਟ ਰਸ਼ਮੀ ਪ੍ਰਸਾਦ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਤੇ ਆਰਥੋਪੈਡਿਕਸ ਵਿਭਾਗ ਦੇ ਮੁਖੀ ਨੂੰ 19 ਮਈ ਦੀ ਸਵੇਰ ਨੂੰ ਅਖ਼ਬਾਰ ਰਾਹੀਂ ਇਸ ਮਾਮਲੇ ਬਾਰੇ ਪਤਾ ਲੱਗਾ।

ਰਸ਼ਮੀ ਪ੍ਰਸਾਦ ਨੇ ਕਿਹਾ, “ਅਸੀਂ ਇਸ ਘਟਨਾ ‘ਤੇ ਤੁਰੰਤ ਕਾਰਵਾਈ ਕੀਤੀ ਅਤੇ ਇੱਕ ਜਾਂਚ ਕਮੇਟੀ ਬਣਾਈ। ਮੀਟਿੰਗ ਤੋਂ ਬਾਅਦ, ਅਸੀਂ ਸਾਰੇ ਖੁੱਲ੍ਹੇ ਨਾਲਿਆਂ ਅਤੇ ਗਟਰਾਂ ਨੂੰ ਠੀਕ ਕਰਨ ਦੇ ਆਦੇਸ਼ ਦਿੱਤੇ ਹਨ।”

“ਇਸਦਾ ਮਤਲਬ ਹੈ ਕਿ ਕੀਟ ਕੰਟਰੋਲ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਸਫਾਈ ਨਾਲ ਸਬੰਧਤ ਕਰਮਚਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।”

ਕੀ ਇਹ ਘਟਨਾ ਚੂਹੇ ਕਾਰਨ ਵਾਪਰੀ, ਰਸ਼ਮੀ ਪ੍ਰਸਾਦ ਇਸ ਸਵਾਲ ਦਾ ਸਪੱਸ਼ਟ ਜਵਾਬ ਨਹੀਂ ਦਿੰਦੇ ਹਨ।

ਉਹ ਕਹਿੰਦੇ ਹਨ, “ਚੂਹੇ ਤਾਂ ਹਰ ਜਗ੍ਹਾ ਹਨ। ਹਸਪਤਾਲ ਵਿੱਚ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਇੱਧਰ-ਉੱਧਰ ਖਾਣਾ ਸੁੱਟਦੇ ਰਹਿੰਦੇ ਹਨ, ਜੋ ਚੂਹਿਆਂ ਨੂੰ ਆਕਰਸ਼ਿਤ ਕਰਦਾ ਹੈ। ਹਾਲਾਂਕਿ, ਇਹ ਘਟਨਾ ਚੂਹਿਆਂ ਕਾਰਨ ਹੋਈ ਹੈ ਜਾਂ ਨਹੀਂ, ਮੈਂ ਇਸਦੀ ਸੌ ਫੀਸਦੀ ਪੁਸ਼ਟੀ ਨਹੀਂ ਕਰ ਸਕਦੀ।”

ਪਰ ਆਰਥੋਪੈਡਿਕਸ ਵਿਭਾਗ ਦੇ ਇੱਕ ਸੀਨੀਅਰ ਡਾਕਟਰ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਕਿ ਮਰੀਜ਼ ਦੇ ਪੈਰਾਂ ਦੀਆਂ ਉਂਗਲੀਆਂ ਨੂੰ ਚੂਹੇ ਨੇ ਕੁਤਰਿਆ ਸੀ।

ਉਨ੍ਹਾਂ ਦੱਸਿਆ, “ਮਰੀਜ਼ ਦੇ ਪੈਰ ‘ਤੇ ਪੱਟੀ ਬੰਨ੍ਹੀ ਹੋਈ ਸੀ। ਭਲਾ ਪੱਟੀ ਖੁੱਲ੍ਹ ਕੇ ਉਂਗਲੀ ਕੌਣ ਵੱਢੇਗਾ? ਇਸ ਤੋਂ ਇਲਾਵਾ, ਚੂਹੇ ਹਰ ਜਗ੍ਹਾ ਘੁੰਮਦੇ ਰਹਿੰਦੇ ਹਨ।”

“ਅਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਚੂਹੇ ਨਾ ਹੋਣ। ਅਜਿਹੀ ਸਥਿਤੀ ਵਿੱਚ, ਮਰੀਜ਼ ਦੇ ਦਾਅਵੇ ‘ਤੇ ਸ਼ੱਕ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।”

ਮਰੀਜ਼
ਇਹ ਵੀ ਪੜ੍ਹੋ-

ਆਖ਼ਰਕਾਰ ਮਰੀਜ਼ ਨੂੰ ਪਤਾ ਕਿਉਂ ਨਹੀਂ ਲੱਗਾ?

ਚੂਹੇ ਦੇ ਕੱਟਣ ਤੋਂ ਬਾਅਦ ਮਰੀਜ਼ ਨੇ ਆਪਣੇ ਪੈਰ ਦੀ ਜੋ ਤਸਵੀਰ ਲਈ ਸੀ, ਉਸ ਵਿੱਚ ਉਨ੍ਹਾਂ ਦੇ ਸੱਜੇ ਪੈਰ ਦੇ ਅੰਗੂਠੇ ਸਮੇਤ ਸਾਰੀਆਂ ਉਂਗਲਾਂ ਦੇ ਇੱਕ ਪਾਸੇ ਤੋਂ ਖੂਨ ਵਗਦਾ ਦਿਖਾਈ ਦੇ ਰਿਹਾ ਹੈ।

ਅਜਿਹੀ ਸਥਿਤੀ ਵਿੱਚ, ਸਵਾਲ ਇਹ ਹੈ ਕਿ ਮਰੀਜ਼ ਨੂੰ ਪਤਾ ਕਿਉਂ ਨਹੀਂ ਲੱਗਾ ਕਿ ਚੂਹੇ ਨੇ ਕਦੋਂ ਉਨ੍ਹਾਂ ਦਾ ਪੈਰ ਕੁਤਰਨਾ ਸ਼ੁਰੂ ਕੀਤਾ?

ਦਰਅਸਲ ਅਵਧੇਸ਼ ਪ੍ਰਸਾਦ ਡਾਇਬੀਟਿਕ ਨਿਊਰੋਪੈਥੀ ਤੋਂ ਪੀੜਤ ਹੈ। ਜਿਸ ਦਾ ਸਭ ਤੋਂ ਵੱਧ ਪ੍ਰਭਾਵ ਪੈਰਾਂ ‘ਤੇ ਪੈਂਦਾ ਹੈ।

ਪਟਨਾ-ਅਧਾਰਤ ਆਰਥੋਪੈਡਿਕਸ ਮਾਹਰ ਡਾਕਟਰ ਅੰਕਿਤ ਕੁਮਾਰ ਦੱਸਦੇ ਹਨ, “ਡਾਇਬੀਟਿਕ ਨਿਊਰੋਪੈਥੀ ਦੇ ਵੱਖ-ਵੱਖ ਪੜਾਅ ਹੁੰਦੇ ਹਨ। ਇੱਕ ਪੜਾਅ ਅਜਿਹਾ ਆਉਂਦਾ ਹੈ ਜਦੋਂ ਮਰੀਜ਼ ਆਪਣੇ ਪੈਰਾਂ ਵਿੱਚ ਸੰਵੇਦਨਾ ਗੁਆ ਦਿੰਦਾ ਹੈ। ਇਸਦਾ ਮਤਲਬ ਹੈ ਕਿ ਉਸਦੇ ਪੈਰਾਂ ਵਿੱਚ ਜੋ ਵੀ ਹੁੰਦਾ ਹੈ, ਉਹ ਉਸ ਨੂੰ ਮਹਿਸੂਸ ਨਹੀਂ ਹੁੰਦਾ।”

ਨਾਲਾ

ਤਸਵੀਰ ਸਰੋਤ, Shahnawaz

ਸਮੱਸਿਆ ਚੂਹਿਆਂ ਦੀ ਪਰ ਵੰਡ ਦਿੱਤੀਆਂ ਮੱਛਰਦਾਨੀਆਂ

ਚੂਹਿਆਂ ਦੇ ਕੁਤਰਨ ਦੀ ਇਸ ਘਟਨਾ ਤੋਂ ਬਾਅਦ, ਹਸਪਤਾਲ ਪ੍ਰਸ਼ਾਸਨ ਨੇ ਹਸਪਤਾਲ ਵਿੱਚ ਪੇਸਟ ਕੰਟਰੋਲ ਲਈ ਬਿਹਾਰ ਮੈਡੀਕਲ ਸਰਵਿਸਿਜ਼ ਐਂਡ ਇਨਫਰਾਸਟ੍ਰਕਚਰ ਕਾਰਪੋਰੇਸ਼ਨ ਲਿਮਟਿਡ (ਬੀਐੱਮਆਈਸੀਐੱਲ) ਨੂੰ ਇੱਕ ਪੱਤਰ ਲਿਖਿਆ ਹੈ।

ਹਸਪਤਾਲ ਦੇ ਮਰੀਜ਼ਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਮਰੀਜ਼ਾਂ ਨੂੰ ਮੱਛਰਦਾਨੀਆਂ ਵੰਡੀਆਂ ਗਈਆਂ ਹਨ।

ਦੇਵ ਨਾਰਾਇਣ ਪ੍ਰਸਾਦ, ਜੋ ਕਿ ਐੱਨਐੱਮਸੀਐੱਚ ਦੇ ਆਰਥੋਪੈਡਿਕਸ ਵਿਭਾਗ ਵਿੱਚ ਇਲਾਜ ਕਰਵਾ ਰਹੇ ਹਨ, ਕਹਿੰਦੇ ਹਨ, “ਇੱਥੇ ਚੂਹੇ ਬਹੁਤ ਖ਼ਤਰਨਾਕ ਹਨ। ਉਹ ਕਿਸੇ ਵੀ ਸਮੇਂ ਬਿਸਤਰੇ ‘ਤੇ ਚੜ੍ਹ ਜਾਂਦੇ ਹਨ। ਦੂਜੇ ਮਰੀਜ਼ ਨੂੰ ਚੂਹੇ ਵੱਲੋਂ ਕੱਟਣ ਤੋਂ ਬਾਅਦ, ਮੱਛਰਦਾਨੀ ਵੰਡੀ ਗਈ ਹੈ ਪਰ ਮੱਛਰਦਾਨੀ ਨੂੰ ਕੰਧ ਨਾਲ ਬੰਨ੍ਹਣ ਦਾ ਕੋਈ ਪ੍ਰਬੰਧ ਨਹੀਂ ਹੈ।”

ਦੇਵ ਨਾਰਾਇਣ ਪ੍ਰਸਾਦ ਦੇ ਕੋਲ ਬੈਠੇ ਉਨ੍ਹਾਂ ਦੇ ਪਤਨੀ ਇੱਕ ਸੀਲਬੰਦ ਪੈਕੇਟ ਖੋਲ੍ਹਦੇ ਹਨ ਅਤੇ ਉਸ ਵਿੱਚ ਰੱਖੀ ਮੱਛਰਦਾਨੀ ਦਿਖਾਉਂਦੇ ਹਨ। ਉਹ ਕਹਿੰਦੇ ਹਨ, “ਮੈਨੂੰ ਦੱਸੋ, ਅਸਲ ਸਮੱਸਿਆ ਚੂਹਿਆਂ ਦੀ ਹੈ ਅਤੇ ਕੀ ਚੂਹੇ ਮੱਛਰਦਾਨੀ ਨੂੰ ਨਹੀਂ ਕੱਟ ਦੇਣਗੇ?”

ਲੋਕ ਚੂਹਿਆਂ ਤੋਂ ਇੰਨੇ ਪਰੇਸ਼ਾਨ ਹਨ ਕਿ ਉਹ ਸ਼ਿਫਟਾਂ ਵਿੱਚ ਸੌਂਦੇ ਹਨ।

ਹਸਪਤਾਲ

ਤਸਵੀਰ ਸਰੋਤ, Shahnawaz

ਇੱਕ ਮਰੀਜ਼ ਦੇ ਰਿਸ਼ਤੇਦਾਰ ਪਵਨ ਕੁਮਾਰ ਕਹਿੰਦੇ ਹਨ, “ਇੰਨੇ ਸਾਰੇ ਚੂਹੇ ਹਨ ਕਿ ਜਦੋਂ ਅਸੀਂ ਸੌਂਦੇ ਹਾਂ, ਸਾਡਾ ਮਰੀਜ਼ ਜਾਗਦਾ ਰਹਿੰਦਾ ਹੈ ਅਤੇ ਜਦੋਂ ਮਰੀਜ਼ ਸੌਂਦਾ ਹੈ, ਤਾਂ ਅਸੀਂ ਜਾਗਦੇ ਰਹਿੰਦੇ ਹਾਂ।”

ਅਥਮਲਗੋਲਾ ਤੋਂ ਇਲਾਜ ਲਈ ਆਏ ਨਾਗੇਂਦਰ ਕਹਿੰਦੇ ਹਨ, “ਜਦੋਂ ਕੋਈ ਚੂਹਾ ਇੱਧਰ-ਉੱਧਰ ਘੁੰਮਦਾ ਹੈ ਤਾਂ ਮੈਨੂੰ ਡਰ ਲੱਗਦਾ ਹੈ। ਇੱਥੇ ਕਿਸੇ ਵੀ ਚੀਜ਼ ਦੀ ਕੋਈ ਸਮੱਸਿਆ ਨਹੀਂ ਹੈ। ਖਾਣਾ ਉਪਲਬੱਧ ਹੈ, ਸਫ਼ਾਈ ਹੈ, ਪਰ ਚੂਹੇ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ।”

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ, ਹਸਪਤਾਲ ਅਤੇ ਸੂਬੇ ਦੀਆਂ ਸਿਹਤ ਸਹੂਲਤਾਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।

ਬਿਹਾਰ ਵਿੱਚ ਪੂਰਾ ਵਿਰੋਧੀ ਧਿਰ, ਜਿਸ ਵਿੱਚ ਆਰਜੇਡੀ ਵੀ ਸ਼ਾਮਲ ਹੈ, ਇਸ ਘਟਨਾ ਨੂੰ ਲੈ ਕੇ ਜ਼ੁਬਾਨੀ ਹਮਲੇ ਕਰ ਰਿਹਾ ਹੈ।

ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਸਿਹਤ ਮੰਤਰੀ ਮੰਗਲ ਪਾਂਡੇ ‘ਤੇ ਇਲਜ਼ਾਮ ਲਗਾਇਆ ਅਤੇ ਕਿਹਾ, “ਅਸੀਂ ਆਪਣੇ 17 ਮਹੀਨਿਆਂ ਦੇ ਕਾਰਜਕਾਲ ਦੌਰਾਨ ਦਿਨ-ਰਾਤ ਮਿਹਨਤ ਕਰਕੇ ਜਿਨ੍ਹਾਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਸੀ, ਉਨ੍ਹਾਂ ਨੂੰ ਫਿਰ ਤੋਂ ਬਦਹਾਲ ਕਰ ਦਿੱਤਾ ਗਿਆ ਹੈ।”

ਸਿਹਤ ਮੰਤਰੀ ਮੰਗਲ ਪਾਂਡੇ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ।

ਐੱਨਐੱਮਸੀਐੱਚ

ਤਸਵੀਰ ਸਰੋਤ, Shahnawaz

ਲਾਸ਼ ਨੂੰ ਕੁਤਰਨ ਦਾ ਮਾਮਲਾ ਵੀ ਆਇਆ ਸੀ ਸਾਹਮਣੇ

ਸਾਲ 1970 ਵਿੱਚ ਸਥਾਪਿਤ ਨਾਲੰਦਾ ਮੈਡੀਕਲ ਕਾਲਜ ਹਸਪਤਾਲ, ਸੂਬੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲਾਂ ਵਿੱਚੋਂ ਇੱਕ ਹੈ।

ਇਸਦਾ ਕੈਂਪਸ ਪੂਰੇ 80 ਏਕੜ ਵਿੱਚ ਫੈਲਿਆ ਹੋਇਆ ਹੈ। ਹਸਪਤਾਲ ਵਿੱਚ 22 ਵਿਭਾਗ ਅਤੇ 970 ਬੈੱਡ ਹਨ। ਹਰ ਰੋਜ਼ ਪੂਰੇ ਬਿਹਾਰ ਤੋਂ ਲਗਭਗ 3500 ਮਰੀਜ਼ ਇਲਾਜ ਲਈ ਇੱਥੇ ਓਪੀਡੀ ਸੇਵਾਵਾਂ ਲੈਂਦੇ ਹਨ।

ਹਸਪਤਾਲ ਦੀ ਸਫ਼ਾਈ ਦੀ ਗੱਲ ਕਰੀਏ ਤਾਂ ਇਮਾਰਤ ਗੰਦੀ ਨਜ਼ਰ ਨਹੀਂ ਆਉਂਦੀ। ਇਸਦੀ ਇਮਾਰਤ ਪੁਰਾਣੀ ਹੈ ਅਤੇ ਇਹ ਇੱਕ ਨੀਵੇਂ ਖੇਤਰ ਵਿੱਚ ਸਥਿਤ ਹੈ।

ਹਸਪਤਾਲ ਪਰਿਸਰ ਦੇ ਨਾਲ ਸੈਦਪੁਰ-ਪਹਾੜੀ ਨਾਮ ਦਾ ਇੱਕ ਵੱਡਾ ਨਾਲ਼ਾ ਵਗਦਾ ਹੈ। ਇਸ ਵਿੱਚ ਕਈ ਨਾਲ਼ਿਆਂ ਦਾ ਪਾਣੀ ਡਿੱਗਦਾ ਹੈ।

ਨਾਲੇ ਦੇ ਨਜ਼ਦੀਕ ਵਾਲੀਆਂ ਹਸਪਤਾਲ ਦੀਆਂ ਇਮਾਰਤਾਂ ਬਹੁਤ ਪੁਰਾਣੀਆਂ ਹਨ ਅਤੇ ਜ਼ਮੀਨ ਖੋਖਲੀ ਹੋਣ ਕਾਰਨ ਇਹ ਖਦਸ਼ਾ ਹੈ ਕਿ ਚੂਹੇ ਆਸਾਨੀ ਨਾਲ ਹਸਪਤਾਲ ਤੱਕ ਪਹੁੰਚ ਜਾਂਦੇ ਹਨ।

ਇਹ ਇਲਾਕਾ ਪਟਨਾ ਨਗਰ ਨਿਗਮ ਦੇ ਅਜ਼ੀਮਾਬਾਦ ਡਿਵੀਜ਼ਨ ਅਧੀਨ ਆਉਂਦਾ ਹੈ।

ਅਜ਼ੀਮਾਬਾਦ ਡਿਵੀਜ਼ਨ ਦੇ ਕਾਰਜਕਾਰੀ ਅਧਿਕਾਰੀ ਸ਼੍ਰੇਆ ਕਸ਼ਯਪ ਨੇ ਬੀਬੀਸੀ ਨੂੰ ਦੱਸਿਆ, “ਨਾਲ਼ਾ ਤਾਂ ਨਹੀਂ ਹਟਾਇਆ ਜਾ ਸਕਦਾ, ਹਸਪਤਾਲ ਪ੍ਰਸ਼ਾਸਨ ਨੂੰ ਹੀ ਢੁਕਵੇਂ ਕਦਮ ਚੁੱਕਣੇ ਪੈਣਗੇ।”

ਹਾਲਾਂਕਿ, ਇਹ ਐੱਨਐੱਮਸੀਐੱਚ ਵਿੱਚ ਚੂਹਿਆਂ ਦੇ ਕੁਤਰਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ, ਨਵੰਬਰ 2024 ਵਿੱਚ ਨਾਲੰਦਾ ਦੇ ਵਸਨੀਕ ਫੰਟੁਸ਼ ਨਾਮ ਦੇ ਵਿਅਕਤੀ ਦੀ ਲਾਸ਼ ਤੋਂ ਅੱਖ ਗਾਇਬ ਹੋ ਗਈ ਸੀ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਇਹੀ ਕਿਹਾ ਗਿਆ ਸੀ ਕਿ ਚੂਹੇ ਨੇ ਉਸ ਦੀ ਅੱਖ ਕੁਤਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਵੀ ਹਸਪਤਾਲ ਨੇ ਇੱਕ ਜਾਂਚ ਕਮੇਟੀ ਬਣਾਈ ਸੀ।

ਐੱਨਐੱਮਸੀਐੱਚ ਦੇ ਡਿਪਟੀ ਸੁਪਰੀਟੇਂਡੈਂਟ, ਸਰੋਜ ਕੁਮਾਰ ਨੇ ਬੀਬੀਸੀ ਨੂੰ ਦੱਸਿਆ, “ਉਸ ਮਾਮਲੇ ਵਿੱਚ ਬਣਾਈ ਗਈ ਕਮੇਟੀ ਕੋਈ ਸਪੱਸ਼ਟ ਕਾਰਨ ਨਹੀਂ ਦੱਸ ਸਕੀ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI