Home ਰਾਸ਼ਟਰੀ ਖ਼ਬਰਾਂ ਅੰਮ੍ਰਿਤਸਰ ਸ਼ਰਾਬ ਕਾਂਡ: ਨਕਲੀ ਸ਼ਰਾਬ ʼਚ ਵਰਤਿਆ ਗਿਆ ਮੀਥੇਨੌਲ ਕਿੱਥੋਂ ਤੇ ਕਿਵੇਂ...

ਅੰਮ੍ਰਿਤਸਰ ਸ਼ਰਾਬ ਕਾਂਡ: ਨਕਲੀ ਸ਼ਰਾਬ ʼਚ ਵਰਤਿਆ ਗਿਆ ਮੀਥੇਨੌਲ ਕਿੱਥੋਂ ਤੇ ਕਿਵੇਂ ਮਜੀਠਾ ਤੱਕ ਪਹੁੰਚਿਆ

8
0

Source :- BBC PUNJABI

ਕਵਲਜੀਤ ਕੌਰ

ਤਸਵੀਰ ਸਰੋਤ, Ravinder Singh Robin/BBC

  • ਲੇਖਕ, ਹਰਮਨਦੀਪ ਸਿੰਘ
  • ਰੋਲ, ਬੀਬੀਸੀ ਪੱਤਰਕਾਰ
  • 14 ਮਈ 2025, 17:18 IST

    ਅਪਡੇਟ 3 ਘੰਟੇ ਪਹਿਲਾਂ

ਪੰਜਾਬ ਪੁਲਿਸ ਦੀ ਬਾਰਡਰ ਰੇਜ਼ ਦੇ ਆਈਜੀ ਸਤਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਜੀਠਾ ਨਕਲੀ ਸ਼ਰਾਬ ਕਾਂਡ ਵਿੱਚ 16 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਮਾਮਲੇ ਵਿੱਚ 18 ਵਿਅਕਤੀ ਨਾਮਜ਼ਦ ਕੀਤੇ ਗਏ ਹਨ।

ਅੰਮ੍ਰਿਤਸਰ ਦੇ ਮਜੀਠਾ ਵਿੱਚ ਸੋਮਵਾਰ ਸ਼ਾਮ ਨੂੰ ਵੱਖ-ਵੱਖ ਪਿੰਡਾਂ ਦੇ 23 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ।

ਮੁੱਖ ਮੰਤਰੀ ਨੇ ਪੀੜਤਾਂ ਦੇ ਵਾਰਿਸਾਂ ਨੂੰ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਯੋਗਤਾ ਮੁਤਾਬਕ ਹਰ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਕਰਨ ਦਾ ਐਲਾਨ ਵੀ ਕੀਤਾ ਹੈ।

ਪੰਜਾਬ ਪੁਲਿਸ ਦੀ ਬਾਰਡਰ ਰੇਜ਼ ਦੇ ਆਈਜੀ ਸਤਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਜਿਵੇਂ ਹੀ ਪੁਲਿਸ ਪ੍ਰਸਾਸ਼ਨ ਨੂੰ ਇਹ ਖ਼ਬਰ ਮਿਲੀ ਤਾਂ ਉਹ ਤੁਰੰਤ ਪਿੰਡਾਂ ਵਿੱਚ ਪਹੁੰਚੇ। ਪਿੰਡਾਂ ਵਿੱਚ ਅਨਾਊਂਮੈਂਟਾਂ ਕਰਵਾਈਆਂ ਗਈਆਂ ਕਿ ਜੇਕਰ ਕਿਸੇ ਨੇ ਦੇਸੀ ਦਾਰੂ ਲੈ ਕੇ ਪੀਤੀ ਹੈ ਤਾਂ ਉਹ ਤੁਰੰਤ ਸੰਪਰਕ ਕਰਨ।

ਇਸ ਤੋਂ ਬਾਅਦ ਕੁਝ ਲੋਕ ਸਾਹਮਣੇ ਵੀ ਆਏ ਅਤੇ ਬਿਮਾਰ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।

ਇਸ ਮਾਮਲੇ ਬਾਰੇ ਮੁੱਢਲਾ ਸੁਰਾਗ ਮਿਲਣ ਤੋਂ ਬਾਅਦ ਇੱਕ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਵੇਰੇ 3-4 ਵਜੇ ਤੱਕ 5 ਤੋਂ 6 ਜਣਿਆਂ ਨੂੰ ਕਾਬੂ ਕਰ ਲਿਆ ਗਿਆ।

ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਮੁਲਜ਼ਮ ਮੀਥੇਨੌਲ ਨੂੰ ਔਨਲਾਇਨ ਖਰੀਦਦੇ ਸਨ। ਇਨ੍ਹਾਂ ਦਾ ਇੱਕ ਵੱਡਾ ਨੈੱਟਵਰਕ ਹੈ, ਪੁਲਿਸ ਜਿਸ ਦੀਆਂ ਜੜ੍ਹਾਂ ਲੱਭਣ ਵਿੱਚ ਜੁਟੀ ਹੋਈ ਹੈ।

ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਵੀ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਵਰਤੇ ਗਏ ਮੀਥੇਨੌਲ ਨੂੰ ਔਨਲਾਇਨ ਖਰੀਦੇ ਜਾਣ ਦੀ ਪੁਸ਼ਟੀ ਕੀਤੀ ਹੈ।

ਸਤਿੰਦਰ ਸਿੰਘ

ਮੋਬਾਇਲ ਫੋਨ ਤੋਂ ਖੁੱਲ੍ਹਿਆ ਸ਼ਰਾਬ ਗਿਰੋਹ ਦਾ ਭੇਦ

ਸਤਿੰਦਰ ਸਿੰਘ ਮੁਤਾਬਕ, ”ਮੈਥਨੌਲ ਪ੍ਰਭਜੀਤ ਸਿੰਘ ਅਤੇ ਉਸ ਦੇ ਭਰਾ ਨੂੰ ਸਾਹਿਬ ਸਿੰਘ ਨਾਂ ਦੇ ਵਿਅਕਤੀ ਨੇ ਸਪਲਾਈ ਕੀਤਾ ਸੀ। ਸਾਹਿਬ ਸਿੰਘ ਸਥਾਨਕ ਪਿੰਡ ਹਰਸ਼ਾਛੀਨਾ ਦਾ ਰਹਿਣ ਵਾਲਾ ਹੈ।”

ਸਤਿੰਦਰ ਸਿੰਘ ਮੁਤਾਬਕ ਪ੍ਰਭਜੀਤ ਸਿੰਘ ਨੂੰ ਜਿਵੇਂ ਹੀ ਕਾਂਡ ਦਾ ਪਤਾ ਲੱਗ ਉਹ ਫੋਨ ਬੰਦ ਕਰ ਕੇ ਇੱਧਰ -ਉੱਧਰ ਹੋ ਗਿਆ। ਪਰ ਪੁਲਿਸ ਨੇ ਮੰਗਲਵਾਰ ਸਵੇਰ ਤੱਕ ਉਸ ਨੂੰ ਵੀ ਕਾਬੂ ਕਰ ਲਿਆ।

ਸਤਿੰਦਰ ਸਿੰਘ ਨੇ ਦੱਸਿਆ, “ਸਾਹਿਬ ਸਿੰਘ ਦੇ ਫੋਨ ਤੋਂ ਪਤਾ ਲੱਗਿਆ ਕਿ ਉਸ ਨੇ ਲੁਧਿਆਣਾ ਦੀ ਇੱਕ ਫੈਕਟਰੀ ਤੋਂ ਔਨਲਾਇਨ ਆਰਡਰ ਕਰ ਕੇ 50 ਲੀਟਰ ਮੀਥੇਨੌਲ ਮੰਗਵਾਈ ਗਈ ਸੀ। ਇਸ ਨੂੰ ਬੱਸ ਵਿੱਚ ਰੱਖ ਕੇ ਮੰਗਵਾਇਆ ਗਿਆ ਸੀ।

ਇਸੇ ਤਰ੍ਹਾਂ ਦਿੱਲੀ ਤੋਂ 600 ਲੀਟਰ ਮੀਥੇਨੌਲ, ਦਿੱਲੀ ਦੀ ਭਾਰਤ ਹੈਵੀ ਕੈਮੀਕਲ ਨਾਂ ਦੀ ਕੰਪਨੀ ਨੂੰ ਔਨਲਾਈਨ ਆਰਡਰ ਕੀਤਾ ਸੀ ਜਿਸ ਲਈ 35000 ਰੁਪਏ ਔਨਲਾਇਨ ਅਦਾ ਕੀਤੇ ਗਏ ਸਨ।

ਇਸ ਤਰ੍ਹਾਂ ਪ੍ਰਭਜੀਤ ਅਤੇ ਸਾਹਿਬ ਸਿੰਘ ਦੇ ਫੋਨਾਂ ਦੀ ਚੈਟ ਹਿਸਟਰੀ ਨੇ ਪੁਲਿਸ ਦੀ ਜਾਂਚ ਦਾ ਰਾਹ ਸੁਖਾਲਾ ਕਰ ਦਿੱਤਾ।

ਗੌਰਵ ਯਾਦਵ

ਤਸਵੀਰ ਸਰੋਤ, @DGPPUNJABPOLICE

ਮੁਲਜ਼ਮਾਂ ਦਾ ਗਠਜੋੜ ਕਿਵੇਂ ਕੰਮ ਕਰਦਾ ਸੀ

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ, ਮੰਗਲਵਾਰ ਸ਼ਾਮ ਤੱਕ 16 ਜਣੇ ਗ੍ਰਿਫ਼ਤਾਰ ਕਰ ਗਏ ਸਨ।

ਇਨ੍ਹਾਂ ਕਥਿਤ ਮੁਲਜ਼ਮਾਂ ਦੀ ਪਛਾਣ ਸਾਹਿਬ ਸਿੰਘ, ਪੰਕਜ ਕੁਮਾਰ ਉਰਫ਼ ਸਾਹਿਲ, ਅਰਵਿੰਦ ਕੁਮਾਰ, ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਨਿੰਦਰ ਕੌਰ, ਗੁਰਜੰਟ ਸਿੰਘ, ਅਰੁਣ ਉਰਫ਼ ਕਾਲਾ, ਸਿਕੰਦਰ ਸਿੰਘ ਉਰਫ਼ ਪੱਪੂ ਅਤੇ ਇੱਕ ਹੋਰ ਵਜੋਂ ਦੱਸੀ ਗਈ ਸੀ।

ਜਦਕਿ ਦਿੱਲੀ ਤੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਦੋ ਕਾਰੋਬਾਰੀਆਂ ਦੀ ਪਛਾਣ ਰਿਸ਼ਭ ਜੈਨ ਅਤੇ ਰਵਿੰਦਰ ਜੈਨ ਦੱਸੀ ਗਈ ਹੈ।

ਪੁਲਿਸ ਦਾ ਦਾਅਵਾ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਗਿਰੋਹ ਦਾ ਮੁੱਖ ਮੁਲਜ਼ਮ ਸਾਹਿਬ ਸਿੰਘ ਹੈ। ਸਾਹਿਬ ਸਿੰਘ ਉੱਤੇ ਇਲਜ਼ਾਮ ਹੈ ਕਿ ਉਸ ਨੇ ਔਨਲਾਇਨ ਮੀਥੇਨੌਲ ਦਾ ਆਰਡਰ ਕੀਤਾ ਸੀ। ਇਸੇ ਮੀਥੈਨੌਲ ਨੂੰ ਉਹ ਅੱਗੇ ਪ੍ਰਭਜੀਤ ਤੇ ਉਸ ਦੇ ਸਾਥੀਆਂ ਨੂੰ ਸ਼ਰਾਬ ਬਣਾਉਣ ਲਈ ਸਪਲਾਈ ਕਰਦਾ ਸੀ।

ਪੁਲਿਸ ਇਹ ਵੀ ਦਾਅਵਾ ਕਰਦੀ ਹੈ, ਮੀਥੇਨੌਲ ਦੇ ਕਥਿਤ ਮੁੱਖ ਸਪਲਾਈਕਰਤਾ ਦਾ ਪਛਾਣ ਪੰਕਜ ਕੁਮਾਰ ਅਤੇ ਅਰਵਿੰਦ ਕੁਮਾਰ ਵਜੋਂ ਹੋਈ ਹੈ।

ਪੁਲਿਸ ਜਾਂਚ ਮੁਤਾਬਕ ਸਾਹਿਬ ਸਿੰਘ ਨੇ ਕਥਿਤ ਤੌਰ ਉੱਤੇ ਪੰਕਜ ਕੁਮਾਰ ਅਤੇ ਅਰਵਿੰਦ ਤੋਂ ਔਨਲਾਇਨ ਆਰਡਰ ਰਾਹੀ ਮੰਗਵਾਈ, ਅੱਗੇ ਪ੍ਰਭਜੀਤ ਅਤੇ ਕੁਲਬੀਰ ਸਿੰਘ ਨੂੰ ਭੇਜੀ ਗਈ।

ਜਿਨ੍ਹਾਂ ਵਲੋਂ ਮਜੀਠਾ ਵਿੱਚ ਇਹ ਸ਼ਰਾਬ ਕਥਿਤ ਮੁਲਜ਼ਮ ਨਿੰਦਰ ਕੌਰ, ਗੁਰਜੰਟ ਸਿੰਘ, ਅਰੁਣ ਉਰਫ਼ ਕਾਲਾ ਅਤੇ ਸਿਕੰਦਰ ਉਰਫ਼ ਪੱਪੂ ਨੂੰ ਸਪਲਾਈ ਕੀਤੀ ਗਈ। ਇਹ ਉਹ ਲੋਕ ਹਨ, ਜਿਨ੍ਹਾਂ ਤੋਂ ਪੀੜਤ ਲੋਕਾਂ ਨੇ ਸ਼ਰਾਬ ਖਰੀਦੀ ਸੀ।

ਪੁਲਿਸ ਦਾ ਦਾਅਵਾ ਹੈ ਕਿ ਇਹ ਸਾਰੇ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਨਾਲ ਜੁੜੇ ਗਿਰੋਹ ਦੇ ਹੋਰ ਲੋਕਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ

ਕਿਵੇਂ ਮੰਗਵਾਈ ਜਾਂਦੀ ਸੀ ਮੀਥੇਨੌਲ

ਪੰਜਾਬ ਪੁਲਿਸ ਮੁਤਾਬਕ ਜ਼ਹਿਰੀਲੀ ਸ਼ਰਾਬ ਬਣਾਉਣ ਵਾਸਤੇ ਮੁਲਜ਼ਮਾਂ ਨੇ ਮੀਥੇਨੌਲ ਰਸਾਇਣ ਦਾ ਆਰਡਰ ਲੁਧਿਆਣਾ ਅਤੇ ਦਿੱਲੀ ਦੀਆਂ ਦੋ ਨਿੱਜੀ ਫ਼ਰਮਾਂ ਨੂੰ ਦਿੱਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਜੀਠਾ ਵਿੱਚ ਇਹੀ ਬਿਆਨ ਦਿੱਤਾ ਸੀ, “ਇਹ ਮਾਮਲੇ ਦੀਆਂ ਜੜ੍ਹਾਂ ਮਾਝੇ ਵਿੱਚ ਹਨ ਪਰ ਇਸ ਦੀਆਂ ਤਾਰਾਂ ਦਿੱਲੀ ਤੱਕ ਜੁੜਦੀਆਂ ਹਨ।”

ਪੰਜਾਬ ਪੁਲਿਸ ਦੀ ਜਾਂਚ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਆਰਡਰ ਕੀਤਾ ਮੀਥੇਨੌਲ ਮੁਲਜ਼ਮਾਂ ਨੂੰ ਮਿਲ ਗਿਆ ਸੀ। ਜਦਕਿ ਦਿੱਲੀ ਤੋਂ ਆਉਣ ਵਾਲਾ ਆਰਡਰ ਅਜੇ ਮੁਲਜ਼ਮਾਂ ਨੂੰ ਪ੍ਰਾਪਤ ਹੋਣਾ ਸੀ।

ਪੁਲਿਸ ਮੁਤਾਬਕ ਉਨ੍ਹਾਂ ਦੀ ਹੁਣ ਤੱਕ ਦੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਸਤੇ ਵਰਤੇ ਗਏ ਰਸਾਇਣ ਮੀਥੇਨੌਲ ਦੇ ਮੁੱਖ ਸਪਲਾਇਰ ਲੁਧਿਆਣਾ ਦੇ ਵਸਨੀਕ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI