Source :- BBC PUNJABI

ਤਸਵੀਰ ਸਰੋਤ, BBC/Pardeep Sharma
7 ਮਈ ਤੋਂ ਬਾਅਦ ਧਮਾਕਿਆਂ ਦੀਆਂ ਆਵਾਜ਼ਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੀ ਨਹੀਂ ਸੁਣੀਆਂ ਗਈਆਂ ਸਗੋਂ ਜਲੰਧਰ ਜਿਹੇ ਕੇਂਦਰੀ ਜ਼ਿਲ੍ਹੇ ਵਿੱਚ ਵੀ ਅਸਮਾਨ ਤੋਂ ਡਿੱਗੇ ਮਲਬੇ ਮਿਲੇ।
21 ਲੱਖ ਤੋਂ ਵੀ ਵੱਧ ਦੀ ਆਬਾਦੀ ਵਾਲੇ ਇਸ ਸ਼ਹਿਰ ਦੀ ਸਪੋਰਟਸ ਇੰਡਸਟ੍ਰੀ ਦੁਨੀਆਂ ਭਰ ਵਿੱਚ ਸਮਾਨ ਭੇਜਦੀ ਹੈ।
ਡਰੋਨਾਂ ਦੇ ਖ਼ਤਰੇ ਕਾਰਨ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਬਲੈਕਆਊਟ ਹੋਏ ਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ।
ਸੀਜ਼ਫਾਇਰ ਤੋਂ ਬਾਅਦ ਵੀ ਪੰਜਾਬ ਵਿੱਚ ਡਰੋਨ ਵੇਖਿਆ ਗਿਆ ਅਤੇ ਕਈ ਜ਼ਿਲ੍ਹਿਆਂ ਵਿੱਚ ਬਲੈਕਆਊਟ ਹੋਇਆ।
ʻਆਪ੍ਰੇਸ਼ਨ ਸਿੰਦੂਰʼ ਬਾਰੇ ਦਿੱਤੇ ਆਪਣੇ ਪਹਿਲੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ ਭਾਰਤ ਦੀ ਦਹਿਸ਼ਤਗਰਦੀ ਦੇ ਖ਼ਿਲਾਫ਼ ਅਧਿਕਾਰਤ ਨੀਤੀ ਹੈ।”
ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਨੇ ਨਵਾਂ ਪੈਮਾਨਾ ਅਤੇ ਨਿਊ ਨਾਰਮਲ ਤੈਅ ਕਰ ਦਿੱਤਾ ਹੈ।
ਪੀਐੱਮ ਮੋਦੀ ਨੇ ਕਿਹਾ, “ਅਸੀਂ ਰੇਗਿਸਤਾਨ ਅਤੇ ਪਹਾੜਾਂ ਦੇ ਨਾਲ-ਨਾਲ ‘ਨਿਊ ਏਜ ਵਾਰਫੇਅਰ’ ਵਿੱਚ ਵੀ ਆਪਣੀ ਉੱਤਮਤਾ ਨੂੰ ਦਰਸਾਇਆ ਹੈ।”
ਮਾਹਰਾਂ ਦਾ ਮੰਨਣਾ ਹੈ ਕਿ ਭਾਰਤ-ਪਾਕਿਸਤਾਨ ਵਿੱਚ ਹੋਏ ਹਾਲੀਆ ਸੰਘਰਸ਼ ਵਿੱਚ ਪੰਜਾਬ ਜਿਹੇ ਸਰਹੱਦੀ ਇਲਾਕਿਆਂ ‘ਤੇ ਪਾਕਿਸਤਾਨ ਦੇ ਡਰੋਨਜ਼ ਦਾ ਜੋ ਖ਼ਤਰਾ ਦੇਖਣ ਨੂੰ ਮਿਲਿਆ ਉਹ ਅੱਗੇ ਵੀ ਬਰਕਰਾਰ ਰਹਿ ਸਕਦਾ ਹੈ।
ਇਸ ਦੇ ਪੰਜਾਬ ਲਈ ਕੀ ਮਾਅਨੇ ਹਨ? ਮੌਜੂਦਾ ਸੰਘਰਸ਼ਾਂ ਵਿੱਚ ਡਰੋਨਜ਼ ਦੀ ਕੀ ਭੂਮਿਕਾ ਹੈ? ਪੰਜਾਬ ਵਿੱਚ ਬਚਾਅ ਲਈ ਕਿਹੜੀ ਤਕਨੀਕ ਦੀ ਲੋੜ ਹੈ?

ਤਸਵੀਰ ਸਰੋਤ, UGC
‘ਪੰਜਾਬ ‘ਚ ਡਰੋਨਜ਼ ਤੇ ਹਾਈ ਸਪੀਡ ਮਿਜ਼ਾਇਲ ਦੀ ਵਰਤੋਂ’
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿਚਲੀਆਂ ਥਾਵਾਂ ਨੂੰ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਨਿਸ਼ਾਨਾ ਬਣਾਇਆ ਗਿਆ।
ਭਾਰਤੀ ਫੌਜ ਮੁਤਾਬਕ ਇਸ ਮਗਰੋਂ ਪਾਕਿਸਤਾਨ ਵੱਲੋਂ ਭਾਰਤ ਵਿਚਲੀਆਂ ਥਾਵਾਂ ‘ਤੇ ਡਰੋਨ ਅਤੇ ਮਿਜ਼ਾਇਲਾਂ ਦਾਗ਼ੀਆਂ ਗਈਆਂ।
ਭਾਰਤੀ ਫੌਜ ਮੁਤਾਬਕ ਇਨ੍ਹਾਂ ਥਾਵਾਂ ਵਿੱਚ ਬਠਿੰਡਾ, ਪਠਾਨਕੋਟ ਵੀ ਸ਼ਾਮਲ ਸਨ। ਫੌਜ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਨੇ ਹਾਈ ਸਪੀਡ ਮਿਜ਼ਾਇਲ ਪੰਜਾਬ ਵਿੱਚ ਏਅਰਬੇਸ ਸਟੇਸ਼ਨ ‘ਤੇ ਦਾਗ਼ਣ ਦੀ ਕੋਸ਼ਿਸ਼ ਕੀਤੀ।
ਫ਼ਿਰੋਜ਼ਪੁਰ ਵਿੱਚ ਡਰੋਨ ਡਿੱਗਣ ਕਰ ਕੇ ਪਰਿਵਾਰ ਦੇ ਤਿੰਨ ਜੀਅ ਬੁਰੀ ਤਰ੍ਹਾਂ ਝੁਲਸ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਛਿੱਛਰਾ ਵਿੱਚ ਮਲਬਾ ਡਿੱਗਣ ਕਾਰਨ ਕਈ ਫੁੱਟ ਡੂੰਘਾ ਅਤੇ ਲੰਬਾ ਟੋਆ ਵੀ ਹੋਇਆ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

‘ਪੰਜਾਬ ਲਈ ਗੰਭੀਰ ਖ਼ਤਰਾ’
ਸੀਨੀਅਰ ਪੱਤਰਕਾਰ ਰਾਹੁਲ ਬੇਦੀ ਰੱਖਿਆ ਨਾਲ ਜੁੜੇ ਮਾਮਲਿਆਂ ਬਾਰੇ ਲਿਖਦੇ ਆ ਰਹੇ ਹਨ।
ਉਹ ਦੱਸਦੇ ਹਨ, “ਪੰਜਾਬ ਵਿੱਚ ਡਰੱਗਜ਼, ਹਥਿਆਰ ਜਾਂ ਫੇਕ ਕਰੰਸੀ ਦਾ ਡਰੋਨਜ਼ ਰਾਹੀਂ ਆਉਣਾ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਹੈ, ਪਰ ਹੁਣ ਗੰਭੀਰਤਾ ਵਧੀ ਹੈ ਕਿਉਂਕਿ ਇਹ ਹਥਿਆਰਬੰਦ ਡਰੋਨ ਹਨ।”
ਉਹ ਦੱਸਦੇ ਹਨ, “ਇਹ ਕਾਮਿਕਾਜ਼ੀ (ਆਤਮਘਾਤੀ) ਡਰੋਨ ਹਨ ਜੋ 8 ਤੋਂ 10 ਦੀ ਗਿਣਤੀ ਵਿੱਚ ਆਉਂਦੇ ਹਨ, ਜੇਕਰ ਸਾਰਿਆਂ ਨੂੰ ਨਾ ਡੇਗਿਆ ਜਾਵੇ ਜਾਂ ਕੁਝ ਰਹਿ ਜਾਣ ਤਾਂ ਇਹ ਨੁਕਸਾਨ ਕਰ ਸਕਦੇ ਹਨ, ਜਿਸ ਕਰਕੇ ਮੌਤਾਂ ਵੀ ਹੋ ਸਕਦੀਆਂ ਹਨ।”
ਉਹ ਮੰਨਦੇ ਹਨ ਕਿ ਗੁਜਰਾਤ ਅਤੇ ਰਾਜਸਥਾਨ ਦੇ ਮੁਕਾਬਲੇ ਪੰਜਾਬ ਅਤੇ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਆਬਾਦੀ ਵੱਧ ਸੰਘਣੀ ਹੈ ਜੋ ਇੱਥੇ ਖ਼ਤਰੇ ਨੂੰ ਵਧਾਉਂਦੀ ਹਨ।
ਸਾਬਕਾ ਲੈਫਟੀਨੈਂਟ ਕਰਨਲ ਜੇਐੱਸ ਸੋਢੀ ਭਾਰਤੀ ਰੱਖਿਆ ਮਾਮਲਿਆਂ ਦੇ ਮਾਹਰ ਹਨ।
ਉਹ ਦੱਸਦੇ ਹਨ ਕਿ ਪੰਜਾਬ ਨੇ ਜੰਗ ਦਾ ਆਖ਼ਰੀ ਵਾਰ ਸਾਹਮਣਾ ਕਰੀਬ 54 ਸਾਲ ਪਹਿਲਾਂ 1971 ਵਿੱਚ ਕੀਤਾ ਸੀ।
ਉਹ ਦੱਸਦੇ ਹਨ, ਪੰਜਾਬ ਵਿੱਚ ਪੁਰਾਣੀਆਂ ਪੀੜ੍ਹੀਆਂ ਨੂੰ 1971 ਦੀ ਜੰਗ ਅਜੇ ਵੀ ਯਾਦ ਹੈ, ਉਨ੍ਹਾਂ ਨੇ ਸੋਨਾ ਦਿੱਤਾ ਅਤੇ ਫੌਜੀਆਂ ਨੂੰ ਖਾਣਾ ਖੁਆ ਕੇ ਸਕਾਰਾਤਮਕ ਯੋਗਦਾਨ ਪਾਇਆ।
ਉਨ੍ਹਾਂ ਕਿਹਾ, “ਭਾਰਤ ਨੇ ਕਿਹਾ ਹੈ ਕਿ ‘ਆਪ੍ਰੇਸ਼ਨ ਸਿੰਦੂਰ’ ਖ਼ਤਮ ਨਹੀਂ ਹੋਇਆ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਭਾਰਤ ਵਿੱਚ ਕੋਈ ਦਹਿਸ਼ਤਗਰਦੀ ਕਾਰਵਾਈ ਹੋਵੇਗੀ ਤਾਂ ਭਾਰਤ ਤੁਰੰਤ ਪ੍ਰਤੀਕਿਰਿਆ ਦੇਵੇਗਾ।”
ਉਹ ਦੱਸਦੇ ਹਨ ਕਿ ਇਸ ਲਈ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਮਾਨਸਿਕ ਤੌਰ ‘ਤੇ ਤਿਆਰ ਰਹਿਣਾ ਜ਼ਰੂਰੀ ਹੋਵੇਗਾ।

‘ਡਰੋਨਜ਼ ਦੀ ਪ੍ਰਮੁੱਖਤਾ ਅਤੇ ਨਵੇਂ ਜੰਗੀ ਪੈਂਤੜੇ’
ਸਾਬਕਾ ਲੈਫਟੀਨੈਂਟ ਕਰਨਲ ਜੇਐੱਸ ਸੋਢੀ ਦੱਸਦੇ ਹਨ ਕਿ 1971 ਤੱਕ ਭਾਰਤ ਦੀਆਂ ਜੰਗਾਂ-ਜ਼ਮੀਨ, ਸਮੁੰਦਰ ਅਤੇ ਹਵਾ ਤੱਕ ਮਹਿਦੂਦ ਸਨ, ਪਰ ‘ਆਪ੍ਰੇਸ਼ਨ ਸਿੰਦੂਰ’ 6 ਖੇਤਰਾਂ ਉੱਤੇ ਲੜਿਆ ਗਿਆ – ਜ਼ਮੀਨ, ਸਮੁੰਦਰ, ਹਵਾ, ਸਾਈਬਰ, ਸਪੇਸ ਅਤੇ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ।
ਜੇਐੱਸ ਸੋਢੀ ਦੱਸਦੇ ਹਨ, “ਇਸ ਦੀ ਇੱਕ ਝਲਕ 7 ਮਈ ਦੀ ਰਾਤ ਨੂੰ ਕਰੀਬ 1 ਵਜੇ ਸ਼ੁਰੂ ਹੋਈ ਅਤੇ 10 ਮਈ 5 ਵਜੇ ਨੂੰ ਖ਼ਤਮ ਹੋਏ ਸੰਘਰਸ਼ ਵਿੱਚ ਦੇਖਣ ਨੂੰ ਮਿਲੀ। ਇਸ ਵਿੱਚ ਸਰਹੱਦੀ ਸੂਬੇ, ਜੰਮੂ ਅਤੇ ਕਸ਼ਮੀਰ, ਰਾਜਸਥਾਨ ਅਤੇ ਪੰਜਾਬ ਪ੍ਰਭਾਵਿਤ ਹੋਏ।”
ਉਨ੍ਹਾਂ ਦੱਸਿਆ ਕਿ 5 ਸਾਲ ਪਹਿਲਾਂ 2020 ਦੀ ਆਰਮੀਨੀਆ ਅਤੇ ਅਜ਼ਰਬਾਇਜਾਨ ਜੰਗ ਵਿੱਚ ਪਹਿਲੀ ਵਾਰ ਡਰੋਨਜ਼ ਦੀ ਵਰਤੋਂ ਵੱਡੇ ਪੱਧਰ ‘ਤੇ ਹੋਈ ਤੇ ਡਰੋਨ ਪ੍ਰਮੁੱਖਤਾ ਵਿੱਚ ਆ ਗਏ।
ਉਹ ਕਹਿੰਦੇ ਹਨ, “ਇਸ ਮਗਰੋਂ ਡਰੋਨਜ਼ ਦੀ ਤਕਨੀਕ, ਸਮਰੱਥਾ ਅਤੇ ਮਾਰੂ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈ। ਇਹ ਵੀ ਹੋ ਸਕਦਾ ਹੈ ਭਵਿੱਖ ਵਿੱਚ ਭਾਰਤ ਦੇ ਹੋਰ ਅੰਦਰੂਨੀ ਸ਼ਹਿਰ ਵੀ ਡਰੋਨਜ਼ ਦੇ ਖ਼ਤਰੇ ਹੇਠ ਆਉਣ।”
ਰਾਹੁਲ ਬੇਦੀ ਕਹਿੰਦੇ ਹਨ ਕਿ ਭਾਰਤ ਕੋਲ 3 ਤੋਂ 4 ਟੀਅਰ ਡਿਫੈਂਸਿਵ ਸਿਸਟਮ (ਰੱਖਿਆ ਪ੍ਰਬੰਧ) ਹੈ, ਜਿਸ ਵਿੱਚ ‘ਐੱਸ-400’ ਵੀ ਸ਼ਾਮਲ ਹੈ।
ਉਹ ਕਹਿੰਦੇ ਹਨ ਕਿ ਅਜਿਹੀ ਕੋਈ ਸੁਰੱਖਿਆ ਪ੍ਰਣਾਲੀ ਨਹੀਂ ਹੈ ਜੋ ਸੁਰੱਖਿਆ ਦੀ 100 ਫ਼ੀਸਦ ਗਾਰੰਟੀ ਦਿੰਦੀ ਹੋਵੇ।
ਉਹ ਕਹਿੰਦੇ ਹਨ, “ਡਰੋਨਜ਼ ਨੂੰ ਰੋਕਣ ਵਾਲੀ ‘ਰਡਾਰ’ ਇੱਕ ਮਸ਼ੀਨ ਹੈ ਜੋ ਅਸਲੀ ਅਤੇ ਨਕਲੀ ਡਰੋਨ ਵਿੱਚ ਫ਼ਰਕ ਨਹੀਂ ਕਰ ਸਕਦੀ। ਇਜ਼ਰਾਇਲ ਵੱਲੋਂ ਵੀ ‘ਆਇਰਨ ਡੋਮ’ ਰਾਹੀਂ ਹਮਾਸ ਦੇ ਪ੍ਰੋਜੈਕਟਾੲਲਿਜ਼ ਨੂੰ ਰੋਕਦਿਆਂ ਇਹ ਦਿੱਕਤ ਝੱਲੀ ਗਈ, ਜੋ ਉਨ੍ਹਾਂ ਲਈ ਕਾਫੀ ਖਰਚੀਲੀ ਰਹੀ ਹੈ।”
ਰੱਖਿਆ ਮੰਤਰਾਲੇ ਵਿੱਚ ਕੰਮ ਕਰਦੇ ਇੱਕ ਅਫ਼ਸਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਡਰੋਨ ‘ਏਸਿਮਿੱਟਰਿਕ ਵਾਰਫੇਅਰ’ ਦਾ ਹਿੱਸਾ ਹਨ।
ਉਨ੍ਹਾਂ ਦੱਸਿਆ ਕਿ ਛੋਟੇ ਡਰੋਨਜ਼ ਦਾ ‘ਰੈਡਾਰ ਸਿਗਨੇਚਰ’ ਕਾਫੀ ਘੱਟ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਨੂੰ ‘ਡਿਟੈਕਟ’ ਕਰਨਾ ਮੁਸ਼ਕਲ ਹੈ।
ਉਨ੍ਹਾਂ ਦੱਸਿਆ, “ਸਰਹੱਦ ਪਾਰ ਤੋਂ ਦਾਖ਼ਲ ਹੋਣ ਵਾਲੇ ਕੁਝ ਡਰੋਨ ਜਾਣਕਾਰੀ ਇਕੱਠੀ ਕਰਨ ਲਈ ਆਉਂਦੇ ਹਨ, ਹਰੇਕ ਡਰੋਨ ਖ਼ਤਰਨਾਕ ਨਹੀਂ ਹੁੰਦਾ ਪਰ ਜਦੋਂ ਵੀ ਕੋਈ ਡਰੋਨ ਅਕਾਸ਼ ਵਿੱਚ ਦਿਖਦਾ ਹੈ ਤਾਂ ਇਹ ਲੋਕਾਂ ਵਿੱਚ ਘਬਰਾਹਟ ਪੈਦਾ ਕਰਦਾ ਹੈ।”

ਬਚਾਅ ਲਈ ਕਿਸ ਤਕਨੀਕ ਦੀ ਲੋੜ
ਸਾਬਕਾ ਗਰੁੱਪ ਕੈਪਟਨ ਰਾਜੀਵ ਨਾਰੰਗ ‘ਮਨੋਹਰ ਪਾਰੀਕਰ ਇੰਸਟੀਟਿਊਟ ਫਾਰ ਡਿਫੈਂਸ ਸਟਡੀਜ਼ ਐਂਡ ਅਨੈਲਿਸਿਸ’ ਵਿੱਚ ਸੀਨੀਅਰ ਫੈਲੋ ਹਨ।
ਉਹ ਕਹਿੰਦੇ ਹਨ ਕਿ ਪਿਛਲੇ ਦਿਨਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਹਵਾਈ ਮੁਕਾਬਲੇ ਵਿੱਚ ਵੱਡੇ ਪੱਧਰ ਉੱਤੇ ਡਰੋਨਜ਼ ਦੀ ਵਰਤੋਂ ਹੋਈ ਹੈ।
ਰਾਜੀਵ ਨਾਰੰਗ ਕਹਿੰਦੇ ਹਨ, “ਪੰਜਾਬ ਨੂੰ ਮਨੁੱਖ ਰਹਿਤ ਟ੍ਰੈਫਿਕ ਮੈਨੇਜਮੈਂਟ ਸਿਸਟਮ, ਡਰੋਨ ਵਿਰੋਧੀ ਸਿਸਟਮ ਅਤੇ ਇਸ ਨੂੰ ਲੋੜ ਪੈਣ ‘ਤੇ ਏਅਰ ਡਿਫੈਂਸ ਸਿਸਟਮ ਨਾਲ ਜੋੜਨ ਦੀ ਲੋੜ ਹੈ।”
ਉਹ ਕਹਿੰਦੇ ਹਨ, “ਡਰੋਨਜ਼ ਦੇ ਖ਼ਤਰੇ ਨੂੰ ਰੋਕਣ ਲਈ ਬੀਐੱਸਐੱਫ ਅਤੇ ਪੁਲਿਸ ਵਿੱਚ ਤਾਲਮੇਲ ਦੀ ਲੋੜ ਹੈ, ਨਾ ਸਿਰਫ਼ ਫੌਜੀ ਤਣਾਅ ਵੇਲੇ ਸਗੋਂ ਸ਼ਾਂਤੀ ਦੇ ਸਮੇਂ ਵੀ।”
ਉਨ੍ਹਾਂ ਕਿਹਾ, “ਭਵਿੱਖ ਵਿੱਚ ਡਰੋਨਜ਼ ਦੀ ਵੱਡੇ ਪੱਧਰ ਉੱਤੇ ਆਮਦ ‘ਤੇ ਡਰੋਨਾਂ ਨੂੰ ਤਬਾਹ ਕਰਨ ਦੀ ਭਾਰਤ ਵਿੱਚ ਬਣੀ ਸਸਤੀ ਤਕਨੀਕ ਦੀ ਜ਼ਰੂਰੀ ਹੈ।”
ਪੰਜਾਬ ਦੇ ਛੇ ਜ਼ਿਲ੍ਹੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਹਨ। ਇਹ ਜ਼ਿਲ੍ਹੇ ਹਨ, ਫ਼ਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਾਜ਼ਿਲਕਾ ਅਤੇ ਪਠਾਨਕੋਟ।
ਪੰਜਾਬ ਵਿੱਚ ਬੀਤੇ ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ਵੱਲੋਂ ਡਰੋਨ ਉਡਾਉਣ ਉੱਤੇ ਪਾਬੰਦੀ ਲਾਈ ਗਈ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 51.41 ਕਰੋੜ ਦੀ ਲਾਗਤ ਵਾਲਾ ਐਂਟੀ ਡਰੋਨ ਸਿਸਟਮ ਖਰੀਦੇ ਜਾਣ ਦੀ ਯੋਜਨਾ ਪ੍ਰਵਾਨ ਕੀਤੀ ਗਈ ਹੈ।
ਸਰਕਾਰ ਮੁਤਾਬਕ ਇਹ ਡਰੋਨ ਸਰਹੱਦ ਪਾਰ ਤੋਂ ਹਥਿਆਰ, ਧਮਾਕਾਖੇਜ਼ ਸਮੱਗਰੀ ਤੇ ਨਸ਼ੇ ਲਿਆਉਣ ਵਾਲੇ ਡਰੋਨਜ਼ ਨੂੰ ਰੋਕੇਗੀ, 9 ਐਂਟੀ ਡਰੋਨ ਸਿਸਟਮ ਪਾਕਿਸਤਾਨ ਨਾਲ ਲੱਗਦੀ ਕਰੀਬ 532 ਕਿੱਲੋਮੀਟਰ ਸਰਹੱਦ ਉੱਤੇ ਲਾਏ ਜਾਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI