Source :- BBC PUNJABI

ਅਪਡੇਟ 23 ਮਿੰਟ ਪਹਿਲਾਂ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਅਸੀਂ ਸਾਰਿਆਂ ਨੇ ਪਿਛਲੇ ਦਿਨਾਂ ਵਿੱਚ ਦੇਸ਼ ਦੀ ਤਾਕਤ ਅਤੇ ਸੰਜਮ ਦੇਖਿਆ ਹੈ। ਸਭ ਤੋਂ ਪਹਿਲਾਂ, ਮੈਂ ਹਰ ਭਾਰਤੀ ਵੱਲੋਂ ਸ਼ਕਤੀਸ਼ਾਲੀ ਭਾਰਤੀ ਫੌਜ, ਸਾਡੀਆਂ ਖ਼ੁਫ਼ੀਆ ਏਜੰਸੀਆਂ ਅਤੇ ਸਾਡੇ ਵਿਗਿਆਨੀਆਂ ਨੂੰ ਸਲਾਮ ਕਰਦਾ ਹਾਂ।”
“ਮੈਂ ਆਪ੍ਰੇਸ਼ਨ ਸਿੰਦੂਰ ਦੀ ਪ੍ਰਾਪਤੀ ਲਈ ਸਾਡੇ ਬਹਾਦੁਰ ਫੌਜੀਆਂ ਵੱਲੋਂ ਦਿਖਾਈ ਗਈ ਅਥਾਹ ਬਹਾਦਰੀ ਨੂੰ ਸਲਾਮ ਕਰਦਾ ਹਾਂ। ਅੱਜ, ਮੈਂ ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਆਪਣੇ ਦੇਸ਼ ਦੀ ਹਰ ਮਾਂ ਅਤੇ ਭੈਣ ਨੂੰ ਸਮਰਪਿਤ ਕਰਦਾ ਹਾਂ।”
ਉਨ੍ਹਾਂ ਇਹ ਵੀ ਕਿਹਾ, “ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤੀ ਫੌਜ ਦਾ ਆਪ੍ਰੇਸ਼ਨ ਅਜੇ ਸਿਰਫ਼ ਮੁਲਤਵੀ ਹੋਇਆ ਹੈ।”
ਪੀਐਮ ਮੋਦੀ ਨੇ ਕਿਹਾ, “ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਕਸੌਟੀ ʼਤੇ ਪਰਖਿਆ ਜਾਵੇਗਾ ਕਿ ਉਹ ਕੀ ਰਵੱਈਆ ਅਪਣਾਉਂਦਾ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਫ਼ੌਜ ਨੇ ਬਹੁਤ ਬਹਾਦਰੀ ਦਿਖਾਈ। ਅਸੀਂ ਫ਼ੌਜ ਨੂੰ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ। ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਮਾਰ ਦਿੱਤਾ ਗਿਆ। ਦੇਸ਼ ਦੀ ਸਦਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਆਪ੍ਰੇਸ਼ਨ ਸਿੰਦੂਰ ਨਿਆਂ ਦਾ ਇੱਕ ਅਟੁੱਟ ਵਾਅਦਾ ਹੈ।”
ਮੋਦੀ ਨੇ ਅੱਗੇ ਕਿਹਾ, “ਭਾਰਤੀ ਫੌਜਾਂ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਸਟੀਕਤਾ ਨਾਲ ਹਮਲਾ ਕੀਤਾ। ਅੱਤਵਾਦੀਆਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਇੰਨਾ ਵੱਡਾ ਫ਼ੈਸਲਾ ਲੈ ਸਕਦਾ ਹੈ। ਜਦੋਂ ਦੇਸ਼ ਸਰਵਉੱਚ ਹੁੰਦਾ ਹੈ, ਤਾਂ ਅਜਿਹੇ ਸਖ਼ਤ ਫ਼ੈਸਲੇ ਲਏ ਜਾਂਦੇ ਹਨ।”
ਪੀਐੱਮ ਮੋਦੀ ਨੇ ਕਿਹਾ, “ਅੱਤਵਾਦੀਆਂ ਨੇ ਸੋਚਿਆ ਵੀ ਨਹੀਂ ਸੀ ਕਿ ਭਾਰਤ ਇੰਨਾ ਵੱਡਾ ਫੈਸਲਾ ਲੈ ਸਕਦਾ ਹੈ। ਅੱਤਵਾਦੀਆਂ ਨੇ ਸਾਡੀਆਂ ਭੈਣਾਂ ਦੇ ਸਿੰਦੂਰ ਨੂੰ ਉਜਾੜਿਆ ਸੀ, ਇਸ ਲਈ ਭਾਰਤ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਭਾਰਤ ਨੇ 100 ਤੋਂ ਵੱਧ ਭਿਆਨਕ ਅੱਤਵਾਦੀਆਂ ਨੂੰ ਮਾਰ ਦਿੱਤਾ। ਭਾਰਤ ਦੀ ਇਸ ਕਾਰਵਾਈ ਤੋਂ ਪਾਕਿਸਤਾਨ ਬੌਖ਼ਲਾ ਗਿਆ।”

ਤਸਵੀਰ ਸਰੋਤ, Getty Images
‘ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ’
ਪੀਐੱਮ ਮੋਦੀ ਨੇ ਕਿਹਾ, “ਪਾਕਿਸਤਾਨ ਨੇ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਦਾ ਸਮਰਥਨ ਕਰਨ ਦੀ ਬਜਾਏ, ਭਾਰਤ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਨੇ ਭਾਰਤ ‘ਤੇ ਹਮਲਾ ਕੀਤਾ। ਪਾਕਿਸਤਾਨ ਨੇ ਮੰਦਰਾਂ ਅਤੇ ਗੁਰਦੁਆਰਿਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ। ਭਾਰਤ ਨੇ ਪਾਕਿਸਤਾਨ ਦੇ ਡਰੋਨਾਂ ਨੂੰ ਤੂੜੀ ਵਾਂਗ ਉਡਾ ਦਿੱਤਾ।”
ਨਰਿੰਦਰ ਮੋਦੀ ਨੇ ਕਿਹਾ, “ਅਸੀਂ ਅੱਤਵਾਦੀਆਂ ਅਤੇ ਅੱਤਵਾਦੀਆਂ ਦੇ ਆਕਾਵਾਂ ਨੂੰ ਵੱਖ-ਵੱਖ ਨਹੀਂ ਦੇਖਾਂਗੇ। ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਨਵੀਆਂ ਲਕੀਰਾਂ ਖਿੱਚੀਆਂ ਗਈਆਂ ਹਨ। ਜੇਕਰ ਭਾਰਤ ‘ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਅਸੀਂ ਢੁਕਵਾਂ ਜਵਾਬ ਦੇਵਾਂਗੇ।”
“ਅਸੀਂ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਹਮਲੇ ਤੋਂ ਬਚਾਉਣ ਲਈ ਫ਼ੈਸਲਾਕੁੰਨ ਕਦਮ ਚੁੱਕਦੇ ਰਹਾਂਗੇ। ਅਸੀਂ ਜੰਗ ਦੇ ਮੈਦਾਨ ਵਿੱਚ ਪਾਕਿਸਤਾਨ ਨੂੰ ਲਗਾਤਾਰ ਹਰਾਇਆ ਹੈ। ਅਸੀਂ ਮਾਰੂਥਲ ਅਤੇ ਪਹਾੜਾਂ ਵਿੱਚ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਜ਼ਰੂਰ ਜੰਗ ਦਾ ਯੁੱਗ ਨਹੀਂ ਹੈ, ਪਰ ਇਹ ਅੱਤਵਾਦ ਦਾ ਯੁੱਗ ਵੀ ਨਹੀਂ ਹੈ। ਮੇਡ ਇਨ ਇੰਡੀਆ ਹਥਿਆਰਾਂ ਦਾ ਸਮਾਂ ਆ ਗਿਆ ਹੈ। ਜੇਕਰ ਪਾਕਿਸਤਾਨ ਬਚਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ ਅੱਤਵਾਦੀ ਢਾਂਚੇ ਨੂੰ ਤਬਾਹ ਕਰਨਾ ਪਵੇਗਾ। ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਪਾਣੀ ਅਤੇ ਖ਼ੂਨ ਵੀ ਇਕੱਠੇ ਨਹੀਂ ਵਹਿ ਸਕਦੇ। ਅੱਤਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ।”
ਪੀਐੱਮ ਮੋਦੀ ਨੇ ਕਿਹਾ, “ਅੱਜ ਮੈਂ ਵਿਸ਼ਵ ਭਾਈਚਾਰੇ ਨੂੰ ਇਹ ਵੀ ਦੱਸਾਂਗਾ, ਜੇਕਰ ਮੈਂ ਪਾਕਿਸਤਾਨ ਨਾਲ ਗੱਲ ਕਰਾਂਗਾ, ਤਾਂ ਇਹ ਸਿਰਫ਼ ਅੱਤਵਾਦ ‘ਤੇ ਹੋਵੇਗੀ। ਜੇਕਰ ਮੈਂ ਪਾਕਿਸਤਾਨ ਨਾਲ ਗੱਲ ਕਰਾਂਗਾ, ਤਾਂ ਇਹ ਸਿਰਫ਼ ਪੀਓਕੇ ‘ਤੇ ਹੋਵੇਗੀ।”
‘ਕੋਈ ਵੀ ਪਰਮਾਣੂ ਹਥਿਆਰਾਂ ਵਾਲੀ ਬਲੈਕਮੇਲਿੰਗ ਬਰਦਾਸ਼ਤ ਨਹੀਂ ਕਰਾਂਗੇ’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਸੀਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਖੰਡਰਾਂ ਵਿੱਚ ਬਦਲ ਦਿੱਤਾ ਸੀ। ਇਸ ਲਈ ਜਦੋਂ ਪਾਕਿਸਤਾਨ ਵੱਲੋਂ ਇੱਕ ਗੁਹਾਰ ਲਗਾਈ ਗਈ ਅਤੇ ਪਾਕਿਸਤਾਨ ਵੱਲੋਂ ਇਹ ਕਿਹਾ ਗਿਆ ਉਸ ਵੱਲੋਂ ਅੱਗੇ ਕੋਈ ਵੀ ਅੱਤਵਾਦੀ ਗਤੀਵਿਧੀ ਅਤੇ ਫੌਜੀ ਸਾਹਸ ਨਹੀਂ ਦਿਖਾਇਆ ਜਾਵੇਗਾ ਤਾਂ ਭਾਰਤ ਨੇ ਵੀ ਉਸ ʼਤੇ ਵਿਚਾਰ ਕੀਤਾ।”
ਪੀਐੱਮ ਮੋਦੀ ਨੇ ਕਿਹਾ, “ਭਾਰਤੀ ਡਰੋਨਾਂ ਅਤੇ ਮਿਜ਼ਾਈਲਾਂ ਨੇ ਸਟੀਕਤਾ ਨਾਲ ਹਮਲਾ ਕੀਤਾ। ਉਨ੍ਹਾਂ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਏਅਰਬੇਸ ਨੂੰ ਨੁਕਸਾਨ ਪਹੁੰਚਾਇਆ, ਜਿਸ ‘ਤੇ ਪਾਕਿਸਤਾਨ ਨੂੰ ਬਹੁਤ ਮਾਣ ਸੀ। ਪਹਿਲੇ ਤਿੰਨ ਦਿਨਾਂ ਵਿੱਚ, ਭਾਰਤ ਨੇ ਪਾਕਿਸਤਾਨ ਨੂੰ ਇੰਨਾ ਤਬਾਹ ਕਰ ਦਿੱਤਾ, ਜਿਸ ਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ।”
“ਭਾਰਤ ਦੀ ਹਮਲਾਵਰ ਕਾਰਵਾਈ ਤੋਂ ਬਾਅਦ, ਪਾਕਿਸਤਾਨ ਬਚਣ ਦੇ ਤਰੀਕੇ ਲੱਭਣ ਲੱਗਾ ਅਤੇ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ, 10 ਮਈ ਦੀ ਦੁਪਹਿਰ ਨੂੰ, ਪਾਕਿਸਤਾਨੀ ਫੌਜ ਨੇ ਸਾਡੇ ਡੀਜੀਐੱਮਓ ਨਾਲ ਸੰਪਰਕ ਕੀਤਾ।”
ਪੀਐੱਮ ਮੋਦੀ ਨੇ ਕਿਹਾ, “ਦੁਨੀਆ ਨੇ ਦੇਖਿਆ ਕਿ ਕਿਵੇਂ ਪਾਕਿਸਤਾਨ ਦੇ ਡਰੋਨ ਅਤੇ ਮਿਜ਼ਾਈਲਾਂ ਭਾਰਤ ਦੇ ਸਾਹਮਣੇ ਤੂੜੀ ਵਾਂਗ ਖਿੰਡ ਗਈਆਂ ਸਨ। ਭਾਰਤ ਦੇ ਮਜ਼ਬੂਤ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਪਾਕਿਸਤਾਨ ਸਰਹੱਦ ‘ਤੇ ਜੰਗ ਲਈ ਤਿਆਰ ਸੀ, ਪਰ ਭਾਰਤ ਨੇ ਪਾਕਿਸਤਾਨ ਦੀ ਛਾਤੀ ‘ਤੇ ਜੰਗ ਛੇੜ ਦਿੱਤੀ।”
ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿਣਗੇ। ਨਿਊਕਲੀਅਰ ਦੀ ਆੜ ਹੇਠ ਅੱਤਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੋਈ ਵੀ ਪਰਮਾਣੂ ਹਥਿਆਰਾਂ ਵਾਲੀ ਬਲੈਕਮੇਲਿੰਗ ਬਰਦਾਸ਼ਤ ਨਹੀਂ ਕਰਾਂਗੇ।”
ਟਰੰਪ ਦਾ ਦਾਅਵਾ- ਅਸੀਂ ਵਪਾਰ ਰੋਕਣ ਦੀ ਗੱਲ ਕੀਤੀ ਤਾਂ ਜੰਗਬੰਦੀ ਲਈ ਮੰਨੇ ਭਾਰਤ ਅਤੇ ਪਾਕਿਸਤਾਨ

ਤਸਵੀਰ ਸਰੋਤ, THE WHITE HOUSE/YOUTUBE
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਉਣ ਵਿੱਚ ਅਮਰੀਕਾ ਨੇ ਮਦਦ ਕੀਤੀ।
ਉਨ੍ਹਾਂ ਕਿਹਾ, “ਸ਼ਨੀਵਾਰ ਨੂੰ, ਮੇਰੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਪੂਰਨ ਅਤੇ ਤੁਰੰਤ ਜੰਗਬੰਦੀ ਕਰਵਾਉਣ ਵਿੱਚ ਮਦਦ ਕੀਤੀ। ਮੈਨੂੰ ਲੱਗਦਾ ਹੈ ਕਿ ਇਹ ਇੱਕ ਸਥਾਈ ਜੰਗਬੰਦੀ ਹੈ, ਜਿਸ ਨਾਲ ਬਹੁਤ ਸਾਰੇ ਪਰਮਾਣੂ ਹਥਿਆਰਾਂ ਵਾਲੇ ਦੋ ਦੇਸ਼ਾਂ ਵਿਚਕਾਰ ਇੱਕ ਖ਼ਤਰਨਾਕ ਟਕਰਾਅ ਦਾ ਅੰਤ ਹੋ ਗਿਆ ਹੈ।”
ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਵਪਾਰ ਦਾ ਹਵਾਲਾ ਦੇਣ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋਏ।
ਟਰੰਪ ਨੇ ਕਿਹਾ, “ਅਸੀਂ ਬਹੁਤ ਮਦਦ ਕੀਤੀ। ਅਸੀਂ ਵਪਾਰ ਰਾਹੀਂ ਮਦਦ ਕੀਤੀ। ਅਸੀਂ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਬਹੁਤ ਵਪਾਰ ਕਰਦੇ ਹਾਂ, ਇਸ ਨੂੰ ਬੰਦ ਕਰੋ। ਜੇ ਤੁਸੀਂ ਰੁਕੋਗੇ ਤਾਂ ਅਸੀਂ ਵਪਾਰ ਕਰਾਂਗੇ, ਜੇ ਤੁਸੀਂ ਨਹੀਂ ਰੁਕੋਗੇ ਤਾਂ ਅਸੀਂ ਵਪਾਰ ਨਹੀਂ ਕਰਾਂਗੇ।”
ਉਨ੍ਹਾਂ ਅੱਗੇ ਕਿਹਾ, “ਉਨ੍ਹਾਂ (ਭਾਰਤ ਅਤੇ ਪਾਕਿਸਤਾਨ) ਨੇ ਬਹੁਤ ਸਾਰੇ ਕਾਰਨਾਂ ਕਰ ਕੇ ਇਹ ਫ਼ੈਸਲਾ (ਜੰਗਬੰਦੀ) ਲਿਆ। ਪਰ ਵਪਾਰ ਇੱਕ ਵੱਡਾ ਕਾਰਨ ਹੈ। ਅਸੀਂ ਪਾਕਿਸਤਾਨ ਨਾਲ ਬਹੁਤ ਵਪਾਰ ਕਰਦੇ ਹਾਂ। ਅਸੀਂ ਭਾਰਤ ਨਾਲ ਵੀ ਬਹੁਤ ਵਪਾਰ ਕਰਦੇ ਹਾਂ। ਅਸੀਂ ਭਾਰਤ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਪਾਕਿਸਤਾਨ ਨਾਲ ਵੀ ਗੱਲਬਾਤ ਕਰਾਂਗੇ।”
ਡੌਨਲਡ ਟਰੰਪ ਨੇ ਕਿਹਾ, “ਅਸੀਂ ਪਰਮਾਣੂ ਤਣਾਅ ਨੂੰ ਰੋਕ ਦਿੱਤਾ ਹੈ। ਇਹ ਪਰਮਾਣੂ ਜੰਗ ਹੋ ਸਕਦੀ ਸੀ ਅਤੇ ਉਸ ਵਿੱਚ ਲੱਖਾਂ ਲੋਕਾਂ ਦੀ ਜਾਨ ਜਾਂਦੀ।”
ਜੰਗਬੰਦੀ ʼਤੇ ਸਮਝੌਤੇ ਮਗਰੋਂ ਕੀ ਬੋਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ

ਤਸਵੀਰ ਸਰੋਤ, EPA/PTV
ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਸਮਝੌਤੇ ਦੇ ਐਲਾਨ ਤੋਂ ਬਾਅਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸ਼ਨੀਵਾਰ ਦੇਰ ਰਾਤ ਰਾਸ਼ਟਰ ਨੂੰ ਸੰਬੋਧਨ ਕੀਤਾ।
ਸ਼ਹਿਬਾਜ਼ ਸ਼ਰੀਫ ਨੇ ਇਸ ਦੌਰਾਨ ਪਾਕਿਸਤਾਨੀ ਫੌਜ, ਜਲ ਸੈਨਾ ਅਤੇ ਹਥਿਆਰਬੰਦ ਸੈਨਾਵਾਂ ਦੇ ਅਧਿਕਾਰੀਆਂ ਦਾ ਨਾਮ ਲੈ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ, “ਇਹ ਪਾਕਿਸਤਾਨ ਦੀ ਇਤਿਹਾਸਕ ਜਿੱਤ ਹੈ”। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦਾ ਵੀ ਧੰਨਵਾਦ ਕੀਤਾ।
ਸ਼ਰੀਫ ਨੇ ਆਪਣਾ ਸੰਬੋਧਨ ਇਹ ਕਹਿ ਕੇ ਸ਼ੁਰੂ ਕੀਤਾ, “ਜੇਕਰ ਕੋਈ ਸਾਡੀ ਆਜ਼ਾਦੀ ਨੂੰ ਚੁਣੌਤੀ ਦਿੰਦਾ ਹੈ, ਤਾਂ ਅਸੀਂ ਆਪਣੀ ਰੱਖਿਆ ਲਈ ਕੁਝ ਵੀ ਕਰਾਂਗੇ।”
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਵਿਰੁੱਧ ਲਗਾਏ ਜਾ ਰਹੇ ਇਲਜ਼ਾਮ “ਬੇਬੁਨਿਆਦ” ਹਨ ਅਤੇ ਉਹ ਇਸਦੀ ਜਾਂਚ ਚਾਹੁੰਦੇ ਹਨ।

ਤਸਵੀਰ ਸਰੋਤ, Getty Images
ਦਰਅਸਲ, ਭਾਰਤ ਨੇ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਆਪ੍ਰੇਸ਼ਨ ʻਸਿੰਦੂਰʼ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਮਲਾ ਕੀਤਾ ਸੀ।
ਜਿਸ ਤੋਂ ਬਾਅਦ ਦੋਵਾਂ ਮੁਲਕਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਲਗਾਤਾਰ ਜਵਾਬੀ ਕਾਰਵਾਈ ਕੀਤੀ ਗਈ।
ਭਾਰਤ ਵੱਲੋਂ ਇਹ ਕਾਰਵਾਈ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਵਾਬੀ ਕਾਰਵਾਈ ਦੱਸੀ ਗਈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ।
ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਇਸ ਆਪ੍ਰੇਸ਼ਨ ਤਹਿਤ ਉਨ੍ਹਾਂ ਨੇ ਪਾਕਿਸਤਾਨ ਦੇ 9 ਅੱਤਵਾਦੀਆਂ ਟਿਕਾਣਿਆਂ ਨੂੰ ਤਬਾਹ ਕੀਤਾ ਅਤੇ 100 ਤੋਂ ਵੱਧ ਅੱਤਵਾਦੀ ਇਸ ਵਿੱਚ ਮਾਰੇ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI