Home ਰਾਸ਼ਟਰੀ ਖ਼ਬਰਾਂ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਲਈ ਸੂਬੇ ਨੂੰ ਤਿੰਨ ਭਾਗਾਂ ਵਿੱਚ...

ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਲਈ ਸੂਬੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ, ਜਾਣੋ ਝੋਨੇ ਦੀ ਕਿਹੜੀ ਕਿਸਮ ਦੀ ਸਿਫ਼ਾਰਿਸ਼ ਮਾਹਰ ਕਰ ਰਹੇ ਹਨ

4
0

Source :- BBC PUNJABI

ਝੋਨਾ

ਤਸਵੀਰ ਸਰੋਤ, Getty Images

ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਸੰਬੰਧੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਝੋਨੇ ਦੀ ਲਵਾਈ ਵਾਸਤੇ ਸਰਕਾਰ ਨੇ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 12 ਅਪ੍ਰੈਲ ਨੂੰ ਝੋਨੇ ਦੀ ਲਵਾਈ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਸੂਬਾ ਸਰਕਾਰ ਨੇ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਸੂਬੇ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਪਹਿਲੀ ਜੂਨ ਤੋਂ ਸ਼ੁਰੂ ਹੋਵੇਗੀ।

ਝੋਨਾ

ਤਸਵੀਰ ਸਰੋਤ, Getty Images

ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, ਐੱਸਏਐੱਸ. ਨਗਰ (ਮੋਹਾਲੀ), ਸ੍ਰੀ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਲੁਆਈ ਸ਼ੁਰੂ ਹੋਵੇਗੀ।

ਬਾਕੀ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਲੁਧਿਆਣਾ, ਮੋਗਾ, ਜਲੰਧਰ, ਮਾਨਸਾ, ਮਲੇਰਕੋਟਲਾ, ਸੰਗਰੂਰ, ਪਟਿਆਲਾ, ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਸ਼ਾਮਲ ਹਨ, ਵਿੱਚ ਲੁਆਈ 9 ਜੂਨ ਤੋਂ ਸ਼ੁਰੂ ਹੋਵੇਗੀ।

ਪੰਜਾਬ ਵਿੱਚ ਝੋਨੇ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਲਗਾਉਣ ਦੀ ਸਿਫਾਰਸ਼ ਹੈ ਅਤੇ ਇੰਨਾਂ ਕਿਸਮਾਂ ਦੇ ਕੀ-ਕੀ ਗੁਣ ਹਨ, ਇਹ ਜਾਨਣ ਲਈ ਬੀਬੀਸੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ।

ਝੋਨੇ ਦੀਆਂ ਕਿੰਨੀਆਂ ਅਤੇ ਕਿਹੜੀਆਂ ਕਿਸਮਾਂ ਦੀ ਸਿਫਾਰਸ਼ ਹੈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਜਲਵਾਯੂ, ਝਾੜ ਅਤੇ ਮੰਡੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀਆਂ 12 ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲਾਂ ਇਹ ਕਿਸਮਾਂ 11 ਸਨ ਪਰ ਇਸ ਵਾਰੀ ਨਵੀਂ ਕਿਸਮ ਪੀਆਰ 132 ਜਾਰੀ ਕੀਤੀ ਗਈ ਹੈ। ਕਿਸਾਨ ਪਹਿਲੀ ਵਾਰ ਇਸ ਕਿਸਮ ਦੀ ਬਿਜਾਈ ਕਰਨਗੇ।

ਇਹਨਾਂ 12 ਕਿਸਮਾਂ ਵਿੱਚ ਪੀਆਰ 132, ਪੀਆਰ 131, ਪੀਆਰ 130, ਪੀਆਰ 129, ਪੀਆਰ 128, ਐੱਚਕੇਆਰ 47, ਪੀਆਰ 127, ਪੀਆਰ126, ਪੀਆਰ 122, ਪੀਆਰ 121, ਪੀਆਰ 114 ਅਤੇ ਪੀਆਰ 113 ਨਾਮ ਦੀਆਂ ਕਿਸਮਾਂ ਸ਼ਾਮਲ ਹਨ।

ਬੀਬੀਸੀ

ਕਿਹੜੀਆਂ ਕਿਸਮਾਂ ਵੱਧ ਪ੍ਰਚਲਿਤ ਹਨ

ਮੌਜੂਦਾ ਸਮੇਂ ਵਿੱਚ ਪੀਆਰ 126 ਸਭ ਤੋਂ ਵੱਧ ਪ੍ਰਚਲਿਤ ਕਿਸਮ ਹੈ। ਇਕ ਤਾਂ ਇਸਦੇ ਪੱਕਣ ਦੀ ਮਿਆਦ ਘੱਟ ਹੈ। ਦੂਜਾ ਇਹ ਕਿਸਮ ਪਾਣੀ ਦੀ ਬੱਚਤ ਵੀ ਕਰਦੀ ਹੈ। ਇਸ ਦਾ ਝਾੜ ਵੀ ਵਧੀਆ ਹੁੰਦਾ ਹੈ ਅਤੇ ਇਸ ਤੋਂ ਪਰਾਲੀ ਵੀ ਘੱਟ ਪੈਦਾ ਹੁੰਦੀ ਹੈ।

ਇਸ ਕਿਸਮ ਦੀ ਵਾਢੀ ਤੋਂ ਬਾਅਦ ਅਤੇ ਕਣਕ ਬੀਜਣ ਦੇ ਦਰਮਿਆਨ ਵੱਧ ਸਮਾਂ ਮਿਲਦਾ ਹੈ ਜੋ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕਾਰਗਰ ਹੈ।

ਡਾ. ਬੂਟਾ ਸਿੰਘ ਢਿੱਲੋਂ, ਫ਼ਸਲ ਵਿਗਿਆਨੀ, ਪਲਾਂਟ ਬਰੀਡਿੰਗ ਐਂਡ ਜਾਨੇਟਿਕਸ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ 43 ਫੀਸਦ ਰਕਬਾ ਸਿਰਫ਼ ਪੀਆਰ 126 ਕਿਸਮ ਹੇਠ ਸੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਮੁਤਾਬਕ ਪੀਆਰ 127, ਪੀਆਰ 131, ਪੀਆਰ 130, ਪੀਆਰ 114 ਅਤੇ 128 ਵੀ ਕਿਸਾਨਾਂ ਵਿੱਚ ਕਾਫ਼ੀ ਪ੍ਰਚਲਿਤ ਹੈ। ਕਿਸਾਨਾਂ ਵੱਲੋਂ ਨਵੀਂ ਜਾਰੀ ਕੀਤਾ ਗਈ ਕਿਸਮ ਪੀਆਰ 132 ਨੂੰ ਵੀ ਸਕਾਰਤਮਕ ਹੁੰਗਾਰਾ ਮਿਲ ਰਿਹਾ ਹੈ।

ਪਿਛਲੇ ਸਾਲ 19 ਫੀਸਦ ਰਕਬਾ ਪੀਆਰ 131 ਹੇਠ ਸੀ।

ਝੋਨਾ

ਤਸਵੀਰ ਸਰੋਤ, Getty Images

ਪੀਆਰ 132

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਝੋਨੇ ਦੀ ਇਸ ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਕਿਸਮ ਦੀ ਬਿਜਾਈ ਪਹਿਲੀ ਵਾਰੀ ਕੀਤੀ ਜਾਵੇਗੀ।

ਯੂਨੀਵਰਸਿਟੀ ਮੁਤਾਬਕ ਝੋਨੇ ਦੀ ਇਹ ਕਿਸਮ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ।

ਇਹ ਸਿਫਾਰਸ਼ ਨਾਲੋਂ 25 ਫੀਸਦੀ ਘੱਟ ਨਾਈਟ੍ਰੋਜਨ ਖਾਦ ਦੀ ਮਾਤਰਾ ਨਾਲ ਵੱਧ ਝਾੜ ਦਿੰਦੀ ਹੈ। ਨਾਈਟ੍ਰੋਜਨ ਖਾਦ ਦੀ ਜ਼ਿਆਦਾ ਵਰਤੋਂ ਨਾਲ ਇਹ ਕਿਸਮ ਡਿੱਗ ਸਕਦੀ ਹੈ।

ਇਸ ਦਾ ਔਸਤਨ ਕੱਦ 113 ਸੈਂਟੀਮੀਟਰ ਹੈ। ਇਹ ਕਿਸਮ ਲਵਾਈ ਉਪਰੰਤ 111 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਚੌਲ ਚਮਕਦਾਰ, ਲੰਮੇ ਅਤੇ ਪਤਲੇ ਹੁੰਦੇ ਹਨ। ਇਸ ਵਿੱਚ ਕੁੱਲ ਅਤੇ ਸਾਬਤ ਚੌਲਾਂ ਦੀ ਮਾਤਰਾ ਵੀ ਵਧੀਆ ਹੈ।

ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ 10 ਵਿੱਚੋਂ 6 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ।

ਇਹ ਵੀ ਪੜ੍ਹੋ-

ਪੀਆਰ 131

ਇਹ ਕਿਸਮ ਸਾਲ 2022 ਵਿੱਚ ਜਾਰੀ ਕੀਤੀ ਗਈ ਸੀ। ਇਹ ਇੱਕ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਅਤੇ ਨਾ ਡਿੱਗਣ ਵਾਲੀ ਕਿਸਮ ਹੈ। ਇਸ ਦਾ ਔਸਤਨ ਕੱਦ 111 ਸੈਂਟੀਮੀਟਰ ਹੁੰਦਾ ਹੈ ਅਤੇ ਲਵਾਈ ਤੋਂ ਬਾਅਦ 110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਦੇ ਚੌਲ ਲੰਮੇ ਪਤਲੇ ਤੇ ਚਮਕਦਾਰ ਹੁੰਦੇ ਹਨ।

ਇਸ ਵਿੱਚ ਕੁੱਲ ਅਤੇ ਸਾਫ਼ ਚੌਲਾਂ ਦੀ ਮਾਤਰਾ ਵੀ ਵਧੀਆ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂਆਂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 31 ਕੁਇੰਟਲ ਪ੍ਰਤੀ ਏਕੜ ਹੈ।

ਪੀਆਰ 130

ਪੀਆਰ 130 ਵੀ ਸਾਲ 2022 ਵਿੱਚ ਜਾਰੀ ਕੀਤੀ ਗਈ ਸੀ। ਇਸ ਕਿਸਮ ਦਾ ਔਸਤਨ ਕੱਦ 108 ਸੈਂਟੀਮੀਟਰ ਹੁੰਦਾ ਹੈ। ਇਹ ਕਿਸਮ 105 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਚੌਲ ਵੀ ਚਮਕਦਾਰ ਲੰਮੇ ਤੇ ਪਤਲੇ ਹੁੰਦੇ ਹਨ।

ਇਹ ਕਿਸਮ ਵੀ ਝੁਲ਼ਸ ਰੋਗ ਦੀਆਂ ਸਾਰੀਆਂ 10 ਕਿਸਮਾਂ ਦਾ ਮੁਕਾਬਲਾ ਕਰਨ ਵਿੱਚ ਸਮਰਥ ਹੈ। ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ।

ਝੋਨਾ

ਪੀਆਰ 129

ਪੀਆਰ 129 ਕਿਸਮ ਨੂੰ ਸਾਲ 2020 ਵਿੱਚ ਜਾਰੀ ਕੀਤਾ ਗਿਆ ਸੀ। ਅਸਲ ਵਿੱਚ ਇਹ ਕਿਸਮ ਪੀਏਯੂ 201 ਕਿਸਮ ਦਾ ਸੋਧਿਆ ਹੋਇਆ ਰੂਪ ਹੈ।

ਇਸ ਕਿਸਮ ਵਿੱਚ ਝੋਨੇ ਦਾ ਕੱਦ 105 ਸੈਂਟੀਮੀਟਰ ਹੁੰਦਾ ਹੈ ਅਤੇ 108 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ।

ਪੀਆਰ 128

ਇਸ ਕਿਸਮ ਨੂੰ ਵੀ ਸਾਲ 2020 ਵਿੱਚ ਜਾਰੀ ਕੀਤਾ ਗਿਆ ਸੀ। ਇਹ ਕਿਸਮ ਵੀ ਪੀਏਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਵਿੱਚ ਝੋਨੇ ਦਾ ਕੱਦ110 ਸੈਂਟੀਮੀਟਰ ਅਤੇ ਇਹ 111 ਦਿਨਾਂ ਵਿੱਚ ਪੱਕ ਜਾਂਦਾ ਹੈ।

ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂਆਂ ਦੀਆਂ ਸਾਰੀਆਂ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥਹੈ। ਇਸ ਦਾ ਝਾੜ 30.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਐੱਚਕੇਆਰ 47

ਇਹ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਸ ਦਾ ਕੱਦ 117 ਸੈਂਟੀਮੀਟਰ ਹੁੰਦਾ ਹੈ ਅਤੇ ਇਹ 117 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਇਹ ਕਿਸਮ ਝੁਲ਼ਸ ਰੋਗ ਦਾ ਟਾਕਰਾ ਨਹੀਂ ਕਰ ਸਕਦੀ। ਇਸਦਾ ਔਸਤਨ ਝਾੜ 29.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਇਹ ਸੇਲਾ ਚਾਵਲ ਬਣਾਉਣ ਲਈ ਢੁਕਵੀਂ ਕਿਸਮ ਹੈ। ਇਸ ਕਿਸਮ ਨੂੰ ਸਾਲ 2018 ਵਿੱਚ ਜਾਰੀ ਕੀਤਾ ਗਿਆ ਸੀ।

ਝੋਨਾ

ਪੀਆਰ 127

ਇਹ ਵੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜਿਸ ਦਾ ਔਸਤਨ ਕੱਦ 104 ਸੈਂਟੀਮੀਟਰ ਹੁੰਦਾ ਹੈ।

ਇਸ ਕਿਸਮ ਦਾ ਝੋਨਾ 107 ਦਿਨਾਂ ਵਿੱਚ ਪੱਕ ਜਾਂਦਾ ਹੈ। ਇਸਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਕੱਲਰ ਵਾਲੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਾਲੇ ਇਲਾਕਿਆਂ ਵਿੱਚ ਇਸ ਦੀ ਕਾਸ਼ਤ ਨਾ ਕਰਨ ਦੀ ਸਿਫਾਰਸ਼ ਹੈ।

ਪੀਆਰ 127 ਨੂੰ ਸਾਲ 2018 ਵਿੱਚ ਜਾਰੀ ਕੀਤਾ ਗਿਆ ਸੀ।

ਪੀਆਰ 126

ਇਹ ਸਭ ਤੋਂ ਮਕਬੂਲ ਕਿਸਮ ਹੈ। ਜਲ ਸੰਕਟ ਨਾਲ ਜੂਝ ਰਹੇ ਪੰਜਾਬ ਵਾਸਤੇ ਇਹ ਕਿਸਮ ਸਭ ਤੋਂ ਮਹੱਤਵਪੂਰਨ ਕਿਸਮ ਹੈ। ਪੱਕਣ ਵਿੱਚ ਸਭ ਤੋਂ ਘੱਟ ਸਮਾਂ ਲੈਣ ਕਰ ਕੇ ਇਹ ਕਿਸਮ ਜ਼ਮੀਨੀ ਪਾਣੀ ਨੂੰ ਵੀ ਬਚਾਉਂਦੀ ਹੈ।

ਪੀਆਰ 126 ਨੂੰ ਸਾਲ 2017 ਵਿੱਚ ਜਾਰੀ ਕੀਤਾ ਗਿਆ ਸੀ। ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ 93 ਦਿਨਾਂ ਵਿੱਚ ਪੱਕ ਜਾਂਦੀ ਹੈ।

ਇਸ ਕਿਸਮ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਸ ਦੀ ਇੱਕ ਝੁਲਸ ਰੋਗ ਦੇ ਜੀਵਾਣੂਆਂ ਦੀਆਂ 10 ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੀ ਸਮਰੱਥਾ ਹੈ।

ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ ਪਨੀਰੀ 25 ਤੋਂ 30 ਦਿਨਾਂ ਵਿੱਚ ਲਗਾਉਣ ਯੋਗ ਹੋ ਜਾਂਦੀ ਹੈ।

ਝੋਨਾ

ਤਸਵੀਰ ਸਰੋਤ, Getty Images

ਪੀਆਰ 122

ਇਸ ਕਿਸਮ ਨੂੰ ਸਾਲ 2013 ਵਿੱਚ ਜਾਰੀ ਕੀਤਾ ਗਿਆ ਸੀ। ਇਸ ਦੀ ਔਸਤਨ ਉਂਚਾਈ 108 ਸੈਂਟੀਮੀਟਰ ਹੁੰਦੀ ਹੈ। ਇਹ 117 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਪੀਆਰ 121

ਪੀਆਰ 121 ਨੂੰ ਸਾਲ 2013 ਵਿੱਚ ਜਾਰੀ ਕੀਤਾ ਗਿਆ ਸੀ। ਇਸਦਾ ਕੱਦ 98 ਸੈਂਟੀਮੀਟਰ ਹੈ। ਇਹ ਕਿਸਮ ਕਦੇ ਵੀ ਡਿੱਗਦੀ ਨਹੀਂ।

ਇਸ ਦੇ ਪੱਤੇ ਖੜਵੇਂ ਹੁੰਦੇ ਹਨ ਅਤੇ ਰੰਗ ਗੂੜਾ ਹਰਾ ਹੁੰਦਾ ਹੈ। ਇਹ 110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ।

ਪੀਆਰ 114

ਪੀਆਰ 114 ਨੂੰ ਸਾਲ 1999 ਵਿੱਚ ਜਾਰੀ ਕੀਤਾ ਗਿਆ ਸੀ। ਇਸ ਦੇ ਪੱਤੇ ਘੱਟ ਚੌੜੇ ਖੜਵੇਂ ਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ।

ਇਸ ਦਾ ਕੱਦ ਸੈਂਟੀਮੀਟਰ ਦਾ ਹੁੰਦਾ ਹੈ। ਇਹ ਤਕਰੀਬਨ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਇਹ ਝੁਲਸ ਰੋਗ ਦੇ ਜੀਵਾਣੂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ 10 ਕਿਸਮਾਂ ਵਿੱਚੋਂ ਪੰਜ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ। ਇਸਦਾ ਔਸਤਨ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ।

ਝੋਨਾ

ਤਸਵੀਰ ਸਰੋਤ, Getty Images

ਪੀਆਰ 113

ਪੀਆਰ 113 ਨੂੰ 1998 ਵਿੱਚ ਜਾਰੀ ਕੀਤਾ ਗਿਆ ਸੀ। ਇਹ ਇੱਕ ਮਧਰੀ, ਸਖ਼ਤ ਪਰਾਲ, ਗੂੜ੍ਹੇ ਹਰੇ ਰੰਗ ਅਤੇ ਖੜਵੇਂ ਪੱਤਿਆਂ ਵਾਲੀ ਕਿਸਮ ਹੈ ਜੋ ਤਕਰੀਬਨ105 ਸੈਂਟੀਮੀਟਰ ਉੱਚੀ ਹੁੰਦੀ ਹੈ।

ਇਹ 112 ਦਿਨਾਂ ਵਿੱਚ ਪਕ ਜਾਂਦੀ ਹੈ। ਇਸ ਤੇ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ।ਇਸ ਦਾ ਝਾੜ 28 ਕੁਇੰਟਲ ਪਤੀ ਏਕੜ ਹੈ।

ਡਾ. ਬੂਟਾ ਸਿੰਘ

ਕਿਹੜੀਆਂ ਕਿਸਮਾਂ ਦੀ ਮਨਾਹੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੂਸਾ 44, ਪੀਲੀ ਪੂਸਾ, ਡੋਗਰ ਪੂਸਾ ਕਿਸਮਾਂ ਦੀ ਕਾਸ਼ਤ ਕਰਨ ਤੋਂ ਮਨਾਹੀ ਦੀ ਸਿਫ਼ਾਰਸ਼ ਕਰਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਿਸਮਾਂ ਪੱਕਣ ਵਿੱਚ ਵੱਧ ਲੰਮਾ ਸਮਾਂ ਲੈਂਦੀਆਂ ਹਨ ਅਤੇ ਸਿੰਚਾਈ ਵਾਸਤੇ ਪੀਆਰ ਕਿਸਮਾਂ ਨਾਲੋਂ 15 ਤੋਂ 20 ਫੀਸਦ ਜ਼ਿਆਦਾ ਪਾਣੀ ਲੈਂਦੀਆਂ ਹਨ।

ਇਹਨਾਂ ਕਿਸਮਾਂ ਦੀ ਪਰਾਲੀ ਵੀ ਵੱਧ ਹੁੰਦੀ ਹੈ। ਝੁਲਸ ਰੋਗ ਦੇ ਹਮਲੇ ਦੀ ਹਾਲਤ ਵਿੱਚ ਇਹ ਕਿਸਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ।

ਇਸ ਤੋਂ ਇਲਾਵਾ ਇਹ ਕਿਸਮਾਂ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਸਪਰੇਅ ਦੇ ਘੱਟੋ-ਘੱਟ ਦੋ ਛਿੜਕਾਅ ਜ਼ਿਆਦਾ ਮੰਗਦੀਆਂ ਹਨ। ਜਿਸ ਨਾਲ ਕਿਸਾਨਾਂ ਦਾ ਮੁਨਾਫ਼ਾ ਘਟਦਾ ਹੈ।

ਮਾਹਰਾਂ ਨੇ ਕੀ ਕਿਹਾ

ਡਾ. ਬੂਟਾ ਸਿੰਘ ਢਿੱਲੋਂ, ਫ਼ਸਲ ਵਿਗਿਆਨੀ, ਪਲਾਂਟ ਬਰੀਡਿੰਗ ਐਂਡ ਜਾਨੇਟਿਕਸ ਵਿਭਾਗ, ਨੇ ਦੱਸਿਆ ਕਿ ਯੂਨੀਵਰਸਿਟੀ ਦਾ ਮਕਸਦ ਹਮੇਸ਼ਾ ਘੱਟ ਸਮੇਂ ਵਿੱਚ ਪੱਕਣ ਵਾਲੀ, ਵਧੀਆ ਮਿਲਿੰਗ ਗੁਣਵੱਤਾ, ਬਿਮਾਰੀਆਂ ਰਹਿਤ, ਘੱਟ ਪਰਾਲੀ ਪੈਦਾ ਕਰਨ ਵਾਲੀਆਂ ਕਿਸਮਾਂ ਤਿਆਰ ਕਰਨ ਦਾ ਰਿਹਾ ਹੈ।

ਉਹ ਕਹਿੰਦੇ ਹਨ, “ਬੀਤੇ ਵਰ੍ਹੇ ਤਕਰੀਬਨ 75% ਰਕਬਾ ਪੀਏਯੂ ਵੱਲੋਂ ਪ੍ਰਵਾਨਿਤ ਕਿਸਮਾਂ ਹੇਠ ਸੀ। ਇਸ ਵੇਲੇ ਪੀਏਯੂ 12 ਕਿਸਮਾਂ ਦੀ ਸਿਫਾਰਸ਼ ਕਰਦੀ ਹੈ। ਸਭ ਤੋਂ ਨਵੀਂ ਕਿਸਮ ਪੀਆਰ 132 ਹੈ। ਇਹ ਵੱਧ ਝਾੜ ਦੇਣ ਵਾਲੀ ਕਿਸਮ ਹੈ। ਇਸਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਸਨੂੰ ਯੂਰੀਆ ਖਾਦ ਘੱਟ ਪਾਉਣੀ ਪੈਂਦੀ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI