Source :- BBC PUNJABI

ਤਸਵੀਰ ਸਰੋਤ, San Diego Museum of art
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
-
27 ਅਪ੍ਰੈਲ 2025, 19:50 IST
ਅਪਡੇਟ 2 ਘੰਟੇ ਪਹਿਲਾਂ
ਜਨਵਰੀ, 1739, ਮੁਗ਼ਲ ਸਾਮਰਾਜ ਉਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਸਾਮਰਾਜਾਂ ਵਿੱਚ ਸੀ।
ਲਗਭਗ ਸਾਰਾ ਉੱਤਰੀ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਇੱਕ ਵੱਡੇ ਹਿੱਸੇ ਉੱਤੇ ਤਖ਼ਤ-ਏ-ਤਾਊਸ ʼਤੇ ਬੈਠਣ ਵਾਲਾ ਬਾਦਸ਼ਾਹ ਹਕੂਮਤ ਕਰਦਾ ਸੀ।
ਇਸ ਤਖ਼ਤ-ਏ-ਤਾਊਸ ਯਾਨਿ ਮਯੂਰ ਸਿੰਘਾਸਨ ਜਾਂ ਪੀਕੌਕ ਥ੍ਰੋਨ ਦੇ ਉਪਰਲੇ ਹਿੱਸੇ ਵਿੱਚ ਦੁਨੀਆ ਦਾ ਸਭ ਤੋਂ ਮਸ਼ਹੂਰ ਹੀਰਾ ਕੋਹਿਨੂਰ ਚਮਕਦਾ ਰਹਿੰਦਾ ਸੀ।
ਭਾਵੇਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸਾਮਰਾਜ ਦਾ ਪ੍ਰਭਾਵ ਲਗਾਤਾਰ ਘਟਦਾ ਜਾ ਰਿਹਾ ਸੀ, ਪਰ ਫਿਰ ਵੀ ਕਾਬੁਲ ਤੋਂ ਕਰਨਾਟਕ ਤੱਕ ਦੇ ਉਪਜਾਊ ਭੂਮੀ ਖੇਤਰ ਉੱਤੇ ਮੁਗ਼ਲਾਂ ਦਾ ਕੰਟਰੋਲ ਸੀ।
ਵਿਲੀਅਮ ਡੈਲਰਿੰਪਲ ਅਤੇ ਅਨੀਤਾ ਆਨੰਦ ਆਪਣੀ ਕਿਤਾਬ ‘ਕੋਹਿਨੂਰ ਦਿ ਸਟੋਰੀ ਆਫ਼ ਦਿ ਵਰਲਡਜ਼ ਮੋਸਟ ਇਨਫੇਮਸ ਡਾਇਮੰਡ’ ਵਿੱਚ ਲਿਖਦੇ ਹਨ, “ਉਸ ਸਮੇਂ, ਮੁਗ਼ਲ ਰਾਜਧਾਨੀ ਦਿੱਲੀ ਦੀ ਆਬਾਦੀ ਲਗਭਗ 20 ਲੱਖ ਸੀ ਜੋ ਲੰਡਨ ਅਤੇ ਪੈਰਿਸ ਦੀ ਸੰਯੁਕਤ ਆਬਾਦੀ ਤੋਂ ਵੱਧ ਸੀ।”

ਤਸਵੀਰ ਸਰੋਤ, Getty Images
ਇਸ ਸਾਮਰਾਜ ਦੇ ਬਾਦਸ਼ਾਹ ਸਨ ਮੁਹੰਮਦ ਸ਼ਾਹ, ਜਿਨ੍ਹਾਂ ਦਾ ਨਾਮ ਹਮੇਸ਼ਾ ‘ਰੰਗੀਲਾ’ ਸ਼ਬਦ ਨਾਲ ਜੋੜਿਆ ਜਾਂਦਾ ਸੀ।
ਜ਼ਹੀਰੂਦੀਨ ਮਲਿਕ ਆਪਣੀ ਕਿਤਾਬ ‘ਦਿ ਰੇਨ ਆਫ਼ ਮੁਹੰਮਦ ਸ਼ਾਹ’ ਵਿੱਚ ਲਿਖਦੇ ਹਨ, “ਜਦੋਂ ਸੰਨ 1719 ਵਿੱਚ ਮੁਹੰਮਦ ਸ਼ਾਹ ਨੇ ਦਿੱਲੀ ਦੀ ਗੱਦੀ ਸੰਭਾਲੀ, ਤਾਂ ਉਹ 18 ਸਾਲ ਦੇ ਸਨ। ਉਨ੍ਹਾਂ ਦਾ ਅਸਲੀ ਨਾਮ ਰੋਸ਼ਨ ਅਖ਼ਤਰ ਸੀ।”
“ਉਹ ਜਹਾਨਸ਼ਾਹ ਦੇ ਪੁੱਤਰ ਅਤੇ ਔਰੰਗਜ਼ੇਬ ਦਾ ਪੋਤੇ ਸਨ। ਉਨ੍ਹਾਂ ਦਾ ਸਰੀਰ ਬਹੁਤ ਮਜ਼ਬੂਤ ਸੀ। ਗੱਦੀ ਸੰਭਾਲਣ ਤੋਂ ਬਾਅਦ, ਉਹ ਤੀਰਅੰਦਾਜ਼ੀ ਦਾ ਅਭਿਆਸ ਕਰਦੇ ਸਨ ਅਤੇ ਅਕਸਰ ਸ਼ਿਕਾਰ ਕਰਨ ਜਾਂਦੇ ਸਨ।”
ਮਲਿਕ ਲਿਖਦੇ ਹਨ ਕਿ ਕੁਝ ਸਮੇਂ ਬਾਅਦ, ਅਫ਼ੀਮ ਦੀ ਲਤ ਕਾਰਨ, ਉਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਹੋਣ ਲੱਗੀਆਂ ਅਤੇ ਉਨ੍ਹਾਂ ਦੀ ਸਿਹਤ ਵਿਗੜਨ ਲੱਗ ਪਈ, ਉਹ ਹੁਣ ਆਮ ਤੌਰ ‘ਤੇ ਘੋੜੇ ਦੀ ਸਵਾਰੀ ਕਰਨ ਦੇ ਯੋਗ ਨਹੀਂ ਰਹਿ ਗਏ ਸਨ।
ਲਖਨਊ ਦੇ ਇੱਕ ਘੋੜੇ ਦੀ ਕਾਠੀ ਬਣਾਉਣ ਵਾਲੇ ਇੱਕ ਕਾਰੀਗਰ ਅਜ਼ਫਰੀ ਨੇ ਉਨ੍ਹਾਂ ਦੀ ਵਰਤੋਂ ਲਈ ਇੱਕ ਖ਼ਾਸ ਕਾਠੀ ਬਣਾਈ ਸੀ। ਮੁਹੰਮਦ ਸ਼ਾਹ ਕਈ ਵਾਰ ਇਸ ਦੀ ਮਦਦ ਨਾਲ ਘੋੜੇ ‘ਤੇ ਬੈਠਦੇ ਸਨ, ਨਹੀਂ ਤਾਂ ਉਹ ਯਾਤਰਾ ਲਈ ਪਾਲਕੀ ਜਾਂ ਹਾਥੀ ‘ਤੇ ‘ਤਖ਼ਤੇ-ਏ-ਰਵਾਂ’ ਦੀ ਮਦਦ ਲੈਂਦੇ ਸੀ।

ਦਰਬਾਰ ਵਿੱਚ ਸੰਗੀਤ, ਪੇਂਟਿੰਗ ਅਤੇ ਸਾਹਿਤ ਦਾ ਬੋਲਬਾਲਾ
ਮੁਹੰਮਦ ਸ਼ਾਹ ਬਾਰੇ ਇਹ ਮਸ਼ਹੂਰ ਸੀ ਕਿ ਉਹ ਸੁੰਦਰਤਾ ਦੇ ਪੁਜਾਰੀ ਸਨ। ਉਨ੍ਹਾਂ ਨੂੰ ਔਰਤਾਂ ਦੇ ਬਾਹਰੀ ਕੱਪੜੇ ‘ਪੇਸ਼ਵਾਜ਼’ ਅਤੇ ਮੋਤੀਆਂ ਨਾਲ ਜੜੀਆਂ ਜੁੱਤੀਆਂ ਪਾਉਣ ਦਾ ਸ਼ੌਕ ਸੀ।
ਉਨ੍ਹਾਂ ਦੇ ਦਰਬਾਰ ਵਿੱਚ ਸੰਗੀਤ ਅਤੇ ਚਿੱਤਰਕਾਰੀ ਨੂੰ ਬਹੁਤ ਉਤਸ਼ਾਹਿਤ ਕੀਤਾ ਜਾਂਦਾ ਸੀ। ਮੁਹੰਮਦ ਸ਼ਾਹ ‘ਰੰਗੀਲਾ’ ਨੂੰ ਹੀ ਸਿਤਾਰ ਅਤੇ ਤਬਲੇ ਨੂੰ ਲੋਕ ਸੰਗੀਤ ਦੀ ਪਰੰਪਰਾ ਤੋਂ ਬਾਹਰ ਕੱਢਣ ਅਤੇ ਦਰਬਾਰ ਵਿੱਚ ਲਿਆਉਣ ਦਾ ਸਿਹਰਾ ਜਾਂਦਾ ਹੈ।
ਇਹ ਉਹੀ ਸੀ ਜਿਨ੍ਹਾਂ ਨੇ ਮੁਗ਼ਲ ਮਿਨੀਏਚਰ ਪੇਂਟਿੰਗ ਕਲਾ ਨੂੰ ਮੁੜ ਸੁਰਜੀਤ ਕੀਤਾ। ਉਨ੍ਹਾਂ ਦੇ ਦਰਬਾਰ ਵਿੱਚ ਨਿਧਾਮਲ ਅਤੇ ਚਿੱਤਰਮਨ ਵਰਗੇ ਪ੍ਰਸਿੱਧ ਕਲਾਕਾਰ ਰਹਿੰਦੇ ਸਨ ਜਿਨ੍ਹਾਂ ਨੂੰ ਮੁਗ਼ਲ ਦਰਬਾਰੀ ਜੀਵਨ ਅਤੇ ਹੋਲੀ ਖੇਡਣ ਨੂੰ ਚਿੱਤਰਾਂ ਰਾਹੀਂ ਦਰਸਾਉਣ ਦੀ ਮਹਾਰਥ ਹਾਸਿਲ ਸੀ।
ਇਸ ਵਿੱਚ ਬਾਦਸ਼ਾਹ ਨੂੰ ਯਮੁਨਾ ਨਦੀ ਦੇ ਕੰਢੇ ਹੋਲੀ ਖੇਡਦੇ ਅਤੇ ਲਾਲ ਕਿਲ੍ਹੇ ਦੇ ਬਗ਼ੀਚਿਆਂ ਵਿੱਚ ਆਪਣੇ ਦਰਬਾਰੀਆਂ ਨਾਲ ਗੱਲਬਾਤ ਕਰਦੇ ਦਿਖਾਇਆ ਗਿਆ ਸੀ।
ਔਰੰਗਜ਼ੇਬ ਦੇ ‘ਕੱਟੜ’ ਅਤੇ ‘ਨੈਤਿਕਤਾਵਾਦੀ’ ਸ਼ਾਸਨ ਤੋਂ ਬਾਅਦ, ਮੁਹੰਮਦ ਸ਼ਾਹ ਦੇ ਰਾਜ ਵਿੱਚ, ਦਿੱਲੀ ਨੇ ਕਲਾ, ਨਾਚ, ਸੰਗੀਤ ਅਤੇ ਸਾਹਿਤਕ ਲਿਖਤਾਂ ਦਾ ਅਜਿਹਾ ਪ੍ਰਫੁੱਲਤ ਹੋਣਾ ਦੇਖਿਆ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ।

ਤਸਵੀਰ ਸਰੋਤ, Juggernaut
ਖੇਤਰੀ ਸ਼ਾਸਕਾਂ ਦੇ ਹੱਥਾਂ ਵਿੱਚ ਸੱਤਾ
ਪਰ ਮੁਹੰਮਦ ਸ਼ਾਹ ‘ਰੰਗੀਲਾ’ ਲੜਾਈ ਦੇ ਮੈਦਾਨ ਵਿੱਚ ਯੋਧਾ ਬਿਲਕੁਲ ਨਹੀਂ ਸਨ। ਉਹ ਸਿਰਫ਼ ਇਸ ਲਈ ਸੱਤਾ ਵਿੱਚ ਰਹੇ ਕਿਉਂਕਿ ਉਨ੍ਹਾਂ ਨੇ ਵਾਰ-ਵਾਰ ਇਹ ਪ੍ਰਭਾਵ ਪਾਇਆ ਕਿ ਉਨ੍ਹਾਂ ਨੂੰ ਸ਼ਾਸਨ ਕਰਨ ਵਿੱਚ ਕੋਈ ਖ਼ਾਸ ਦਿਲਚਸਪੀ ਨਹੀਂ ਹੈ।
ਵਿਲੀਅਮ ਡੈਲਰਿੰਪਲ ਅਤੇ ਅਨੀਤਾ ਆਨੰਦ ਲਿਖਦੇ ਹਨ, “ਉਨ੍ਹਾਂ ਦੀਆਂ ਸਵੇਰਾਂ ਤਿੱਤਰਾਂ ਅਤੇ ਹਾਥੀਆਂ ਦੀਆਂ ਲੜਾਈਆਂ ਦੇਖਣ ਵਿੱਚ ਬੀਤਦੀਆਂ ਸਨ। ਦੁਪਹਿਰ ਨੂੰ, ਬਾਜ਼ੀਗਰ ਅਤੇ ਲੋਕਾਂ ਦੇ ਸਵਾਂਗ ਰਚਾਉਣ ਵਾਲੇ ਲੋਕ ਉਨ੍ਹਾਂ ਦਾ ਮਨੋਰੰਜਨ ਕਰਦੇ ਸਨ। ਸ਼ਾਸਨ ਦਾ ਜ਼ਿੰਮਾ ਉਨ੍ਹਾਂ ਨੇ ਆਪਣੇ ਸਲਾਹਕਾਰਾਂ ਨੂੰ ਦਿੱਤਾ ਹੋਇਆ ਸੀ।”
ਮੁਹੰਮਦ ਸ਼ਾਹ ‘ਰੰਗੀਲਾ’ ਦੇ ਰਾਜ ਦੌਰਾਨ, ਦਿੱਲੀ ਦੇ ਹੱਥਾਂ ਤੋਂ ਫਿਸਲ ਕੇ ਸੱਤਾ ਰਾਜਪਾਲਾਂ ਕੋਲ ਚਲੀ ਗਈ ਅਤੇ ਉਨ੍ਹਾਂ ਨੇ ਰਾਜਨੀਤੀ, ਆਰਥਿਕਤਾ, ਅੰਦਰੂਨੀ ਸੁਰੱਖਿਆ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਆਪਣੇ ਫ਼ੈਸਲੇ ਖ਼ੁਦ ਲੈਣੇ ਸ਼ੁਰੂ ਕਰ ਦਿੱਤੇ।

ਤਸਵੀਰ ਸਰੋਤ, Getty Images
ਨਾਦਿਰ ਸ਼ਾਹ ਦਾ ਦਿੱਲੀ ʼਤੇ ਹਮਲਾ
ਦੋ ਖੇਤਰੀ ਸ਼ਾਸਕ, ਉੱਤਰ ਵਿੱਚ ਅਵਧ ਦੇ ਨਵਾਬ ਸਆਦਤ ਖ਼ਾਨ ਅਤੇ ਦੱਖਣ ਵਿੱਚ ਨਿਜ਼ਾਮ-ਉਲ-ਮੁਲਕ, ਨੇ ਖ਼ੁਦਮੁਖ਼ਤਿਆਰ ਸ਼ਾਸਕਾਂ ਵਜੋਂ ਆਪਣਾ ਪ੍ਰਭਾਵ ਸਥਾਪਤ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਮੁਹੰਮਦ ਸ਼ਾਹ ‘ਰੰਗੀਲਾ’ ਦੀ ਬਦਕਿਸਮਤੀ ਸੀ ਕਿ ਪੱਛਮ ਵਿੱਚ ਉਨ੍ਹਾਂ ਦੇ ਰਾਜ ਦੀ ਸਰਹੱਦ ਫਾਰਸੀ ਬੋਲਣ ਵਾਲੇ ਹਮਲਾਵਰ ਤੁਰਕ ਨਾਦਿਰ ਸ਼ਾਹ ਨਾਲ ਮਿਲਦੀ ਸੀ।
ਨਾਦਿਰ ਸ਼ਾਹ ਦੇ ਕਿਰਦਾਰ ਦਾ ਵਰਣਨ ਕਰਦੇ ਹੋਏ, ਫਰਾਂਸੀਸੀ ਲੇਖਕ ਪੇਰੇ ਲੂਈਸ ਬਾਜ਼ਨ ਨੇ ਆਪਣੀ ਆਤਮਕਥਾ ਵਿੱਚ ਲਿਖਿਆ ਹੈ, “ਨਾਦਿਰ ਸ਼ਾਹ ਨੇ ਆਪਣੀ ਦਾੜ੍ਹੀ ਨੂੰ ਕਾਲਾ ਰੰਗਿਆ ਸੀ ਜਦਕਿ ਉਨ੍ਹਾਂ ਦੇ ਸਿਰ ਦੇ ਵਾਲ ਪੂਰੀ ਤਰ੍ਹਾਂ ਚਿੱਟੇ ਸਨ।”
“ਉਨ੍ਹਾਂ ਦੀ ਆਵਾਜ਼ ਸਖ਼ਤ ਅਤੇ ਭਾਰੀ ਸੀ ਪਰ ਜਦੋਂ ਉਨ੍ਹਾਂ ਨੂੰ ਮਤਲਬ ਹੁੰਦਾ, ਤਾਂ ਉਹ ਇਸ ਨੂੰ ਨਰਮ ਬਣਾ ਲੈਂਦੇ ਸਨ। ਉਸਦਾ ਕੋਈ ਪੱਕਾ ਟਿਕਾਣਾ ਨਹੀਂ ਸੀ। ਉਨ੍ਹਾਂ ਦਾ ਦਰਬਾਰ ਫੌਜੀ ਕੈਂਪ ਵਿੱਚ ਲੱਗਦਾ ਸੀ। ਉਨ੍ਹਾਂ ਦਾ ਮਹਿਲ ਤੰਬੂਆਂ ਵਿੱਚ ਸੀ।”
ਕੰਧਾਰ ‘ਤੇ ਹਮਲਾ ਕਰਨ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਗਈਆਂ ਸਨ ਕਿ ਨਾਦਿਰ ਸ਼ਾਹ ਗੁਪਤ ਰੂਪ ਵਿੱਚ ਮੁਗ਼ਲ ਖਜ਼ਾਨੇ ਨੂੰ ਲੁੱਟਣ ਲਈ ਦਿੱਲੀ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸੀ। ਉਨ੍ਹਾਂ ਨੇ ਇਸ ਦੇ ਲਈ ਪਹਿਲਾਂ ਹੀ ਦੋ ਬਹਾਨੇ ਲੱਭ ਲਏ ਸਨ।
ਵਿਲੀਅਮ ਡੈਲਰਿੰਪਲ ਅਤੇ ਅਨੀਤਾ ਆਨੰਦ ਲਿਖਦੇ ਹਨ, “ਮੁਗ਼ਲਾਂ ਨੇ ਨਾਦਿਰ ਸ਼ਾਹ ਦਾ ਤਾਨਾਸ਼ਾਹੀ ਤੋਂ ਬਚ ਕੇ ਭੱਜੇ ਕੁਝ ਈਰਾਨੀ ਬਾਗ਼ੀਆਂ ਨੂੰ ਪਨਾਹ ਦਿੱਤੀ ਸੀ। ਇਸ ਤੋਂ ਇਲਾਵਾ ਮੁਗ਼ਲਾਂ ਦੇ ਸਰਹੱਦੀ ਟੈਕਸ ਅਧਿਕਾਰੀਆਂ ਨੇ ਇਰਾਨੀ ਰਾਦੂਤ ਦਾ ਕੁਝ ਸਮਾਨ ਜ਼ਬਤ ਕਰ ਲਿਆ ਸੀ।”
“ਨਾਦਿਰ ਸ਼ਾਹ ਨੇ ਆਪਣੇ ਦੂਤ ਦਿੱਲੀ ਭੇਜ ਕੇ ਸ਼ਿਕਾਇਤ ਕੀਤੀ ਸੀ ਕਿ ਮੁਗ਼ਲ ਮਿੱਤਰਾਂ ਵਾਂਗ ਵਿਹਾਰ ਨਹੀਂ ਕਰ ਰਹੇ ਹਨ ਪਰ ਇਸ ਦਾ ਮੁਹੰਮਦ ਸ਼ਾਹ ਰੰਗੀਲਾ ʼਤੇ ਕੋਈ ਅਸਰ ਨਹੀਂ ਪਿਆ ਸੀ।”
ਤਿੰਨ ਮਹੀਨਿਆਂ ਬਾਅਦ, ਨਾਦਿਰ ਸ਼ਾਹ ਨੇ ਦਿੱਲੀ ਤੋਂ 100 ਮੀਲ ਉੱਤਰ ਵੱਲ ਕਰਨਾਲ ਵਿਖੇ ਤਿੰਨ ਮੁਗ਼ਲ ਫੌਜਾਂ ਨੂੰ ਹਰਾਇਆ। ਇਨ੍ਹਾਂ ਵਿੱਚੋਂ ਇੱਕ ਫੌਜ ਦਿੱਲੀ ਦੀ ਸੀ ਅਤੇ ਬਾਕੀ ਦੋ ਫੌਜਾਂ ਅਵਧ ਅਤੇ ਦੱਖਣ ਦੀਆਂ ਸਨ।

ਤਸਵੀਰ ਸਰੋਤ, Musee Guimet Paris
ਨਾਦਿਰ ਸ਼ਾਹ ਅਤੇ ਮੁਹੰਮਦ ਸ਼ਾਹ ‘ਰੰਗੀਲਾ’ ਵਿਚਕਾਰ ਸਮਝੌਤਾ
ਜਦੋਂ ਮੁਗ਼ਲ ਫੌਜ ਘਿਰ ਗਈ ਅਤੇ ਰਸਦ ਖ਼ਤਮ ਹੋਣ ਲੱਗੀ, ਤਾਂ ਨਾਦਿਰ ਸ਼ਾਹ ਨੇ ਮੁਹੰਮਦ ਸ਼ਾਹ ‘ਰੰਗੀਲਾ’ ਨੂੰ ਸਮਝੌਤਾ ਕਰਨ ਲਈ ਬੁਲਵਾਇਆ।
ਮਾਈਕਲ ਐਕਸਵਰਦੀ ਨੇ ਆਪਣੀ ਕਿਤਾਬ ‘ਸੋਰਡ ਆਫ਼ ਪਰਸੀਆ’ ਵਿੱਚ ਲਿਖਿਆ ਹੈ, “ਨਾਦਿਰ ਸ਼ਾਹ ਨੇ ਰੰਗੀਲਾ ਦੀ ਚੰਗੀ ਖ਼ਾਤਿਰਦਾਰੀ ਕੀਤੀ ਪਰ ਉਨ੍ਹਾਂ ਨੂੰ ਵਾਪਸ ਨਹੀਂ ਜਾਣ ਦਿੱਤਾ। ਉਨ੍ਹਾਂ ਦੇ ਅੰਗ ਰੱਖਿਅਕਾਂ ਦੇ ਹਥਿਆਰ ਖੋਹ ਲਏ ਗਏ ਅਤੇ ਨਾਦਿਰ ਸ਼ਾਹ ਨੇ ਉਨ੍ਹਾਂ ਦੇ ਆਲੇ-ਦੁਆਲੇ ਆਪਣੇ ਸਿਪਾਹੀ ਤੈਨਾਤ ਕਰ ਦਿੱਤੇ।”
“ਅਗਲੇ ਦਿਨ ਨਾਦਿਰ ਸ਼ਾਹ ਦੇ ਸਿਪਾਹੀ ਮੁਗ਼ਲ ਕੈਂਪ ਵਿੱਚ ਗਏ ਅਤੇ ਮੁਹੰਮਦ ਸ਼ਾਹ ਰੰਗੀਲਾ ਦੇ ਪੂਰੇ ਹਰਮ ਅਤੇ ਨੌਕਰਾਂ ਨੂੰ ਲੈ ਆਏ। ਇਸ ਤੋਂ ਬਾਅਦ, ਉਨ੍ਹਾਂ ਦੇ ਦਰਬਾਰੀਆਂ ਨੂੰ ਉਨ੍ਹਾਂ ਦੇ ਕੋਲ ਲਿਆਂਦਾ ਗਿਆ। ਅਗਲੇ ਦਿਨ, ਅਗਵਾਈ ਵਹੂਣੀ ਅਤੇ ਭੁੱਖੀ ਮੁਗ਼ਲ ਫੌਜ ਨੂੰ ਕਿਹਾ ਗਿਆ ਕਿ ਉਹ ਘਰ ਜਾ ਸਕਦੇ ਹਨ।”
ਇਸ ਤਰ੍ਹਾਂ ਮੁਗ਼ਲ ਫੌਜ ਨੇ ਸਾਰੇ ਸਾਧਨ ਨਾਦਿਰ ਸ਼ਾਹ ਦੇ ਕਬਜ਼ੇ ਵਿੱਚ ਆ ਗਏ।
ਮਹਿਦੀ ਅਸ਼ਰਾਬਾਦੀ ਆਪਣੀ ਕਿਤਾਬ ‘ਤਾਰੀਖ਼-ਏ-ਜਹਾਂ ਕੁਸ਼ਾ-ਏ-ਨਦਰੀ’ ਵਿੱਚ ਲਿਖਦੇ ਹਨ, “ਇੱਕ ਹਫ਼ਤੇ ਬਾਅਦ, ਜਦੋਂ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਵਿੱਚ ਦਾਖ਼ਲ ਹੋਏ ਤਾਂ ਪੂਰੇ ਸ਼ਹਿਰ ਵਿੱਚ ਸੰਨਾਟਾ ਛਾ ਗਿਆ।”
“ਅਗਲੇ ਦਿਨ, 20 ਮਾਰਚ ਨੂੰ, ਨਾਦਿਰ ਸ਼ਾਹ 100 ਹਾਥੀਆਂ ਦੇ ਜਲੂਸ ਨਾਲ ਦਿੱਲੀ ਵਿੱਚ ਦਾਖ਼ਲ ਹੋਏ। ਜਿਵੇਂ ਹੀ ਉਹ ਪਹੁੰਚੇ, ਉਨ੍ਹਾਂ ਨੇ ਲਾਲ ਕਿਲ੍ਹੇ ਵਿੱਚ ਦੀਵਾਨ-ਏ-ਖ਼ਾਸ ਦੇ ਨੇੜੇ ਸ਼ਾਹਜਹਾਂ ਦੇ ਸੌਣ ਵਾਲੇ ਕਮਰੇ ਵਿੱਚ ਆਪਣਾ ਡੇਰਾ ਲਗਾ ਲਿਆ, ਜਦੋਂ ਕਿ ਮੁਹੰਮਦ ਸ਼ਾਹ ਅਸਦ ਬੁਰਜ ਦੇ ਨੇੜੇ ਇਮਾਰਤ ਵਿੱਚ ਰਹਿਣ ਲੱਗ ਪਏ।”
ਮੁਹੰਮਦ ਸ਼ਾਹ ਨੇ ਸਾਰਾ ਸ਼ਾਹੀ ਖਜ਼ਾਨਾ ਨਾਦਿਰ ਸ਼ਾਹ ਨੂੰ ਸੌਂਪ ਦਿੱਤਾ, ਜਿਸ ਨੂੰ ਨਾਦਿਰ ਸ਼ਾਹ ਨੇ ਦਿਖਾਵੇ ਵਜੋਂ ਸਵੀਕਾਰ ਕਰ ਲਿਆ।
21 ਮਾਰਚ ਨੂੰ ਬਕਰੀਦ ਵਾਲੇ ਦਿਨ ਦਿੱਲੀ ਦੀਆਂ ਸਾਰੀਆਂ ਮਸਜਿਦਾਂ ਵਿੱਚ ਨਾਦਿਰ ਸ਼ਾਹ ਦੇ ਨਾਮ ਨਾਲ ਖ਼ੁਤਬਾ ਪੜਿਆ ਗਿਆ। ਉਸੇ ਦਿਨ ਦਿੱਲੀ ਟਕਸਾਲ ਵਿੱਚ ਨਾਦਿਰ ਸ਼ਾਹ ਦੇ ਨਾਮ ‘ਤੇ ਸਿੱਕੇ ਬਣਾਏ ਗਏ ਸਨ।

ਤਸਵੀਰ ਸਰੋਤ, B Tauris
ਦਿੱਲੀ ਵਿੱਚ ਨਾਦਿਰ ਸ਼ਾਹ ਨੇ ਕਰਵਾਇਆ ਕਤਲੇਆਮ
ਅਗਲੇ ਦਿਨ ਮੁਗ਼ਲ ਰਾਜਧਾਨੀ ਦੇ ਇਤਿਹਾਸ ਦਾ ਸਭ ਤੋਂ ਦੁਖਦਾਈ ਦਿਨ ਸੀ। ਜਿਵੇਂ ਹੀ ਨਾਦਿਰ ਸ਼ਾਹ ਦੀ ਫੌਜ ਦਿੱਲੀ ਵਿੱਚ ਦਾਖ਼ਲ ਹੋਈ, ਅਨਾਜ ਦੀਆਂ ਕੀਮਤਾਂ ਅਚਾਨਕ ਵੱਧ ਗਈਆਂ।
ਜਦੋਂ ਨਾਦਿਰ ਸ਼ਾਹ ਦੇ ਸਿਪਾਹੀਆਂ ਨੇ ਪਹਾੜਗੰਜ ਦੇ ਵਪਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਦੋਵਾਂ ਧਿਰਾਂ ਵਿਚਕਾਰ ਝੜਪ ਹੋ ਗਈ।
ਵਿਲੀਅਮ ਡੈਲਰਿੰਪਲ ਅਤੇ ਅਨੀਤਾ ਆਨੰਦ ਲਿਖਦੇ ਹਨ, “ਜਲਦੀ ਹੀ ਇੱਕ ਅਫ਼ਵਾਹ ਫੈਲ ਗਈ ਕਿ ਨਾਦਿਰ ਸ਼ਾਹ ਨੂੰ ਕਿਲ੍ਹੇ ਦੇ ਇੱਕ ਗਾਰਡ ਨੇ ਮਾਰ ਦਿੱਤਾ ਹੈ। ਅਚਾਨਕ ਭੀੜ ਨੇ ਜਿੱਥੇ ਵੀ ਮੌਕਾ ਮਿਲਿਆ ਨਾਦਿਰ ਸ਼ਾਹ ਦੇ ਸਿਪਾਹੀਆਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।”
“ਦੁਪਹਿਰ ਤੱਕ, ਨਾਦਿਰ ਸ਼ਾਹ ਦੀ ਫੌਜ ਦੇ 900 ਸਿਪਾਹੀ ਮਾਰੇ ਜਾ ਚੁੱਕੇ ਸਨ। ਨਾਦਿਰ ਸ਼ਾਹ ਨੇ ਇਸ ਦਾ ਜਵਾਬ ਕਤਲੇਆਮ ਦਾ ਹੁਕਮ ਦੇ ਕੇ ਦਿੱਤਾ।”
ਅਗਲੇ ਦਿਨ, ਉਹ ਖ਼ੁਦ ਤੜਕੇ ਇਸ ਕਤਲੇਆਮ ਦੀ ਨਿਗਰਾਨੀ ਕਰਨ ਲਈ ਲਾਲ ਕਿਲ੍ਹੇ ਤੋਂ ਬਾਹਰ ਆਏ ਅਤੇ ਚਾਂਦਨੀ ਚੌਕ ਦੇ ਨੇੜਲੀ ਕੋਤਵਾਲੀ ਚਬੂਤਰੇ ʼਤੇ ਆਪਣਾ ਡੇਰਾ ਲਗਾ ਲਿਆ।
ਕਤਲੇਆਮ ਠੀਕ ਨੌਂ ਵਜੇ ਸ਼ੁਰੂ ਹੋਇਆ। ਜ਼ਿਆਦਾਤਰ ਲੋਕ ਚਾਂਦਨੀ ਚੌਕ, ਦਰੀਬਾ ਅਤੇ ਲਾਲ ਕਿਲ੍ਹੇ ਦੇ ਨੇੜੇ ਅਤੇ ਜਾਮਾ ਮਸਜਿਦ ਦੇ ਨੇੜੇ ਮਾਰੇ ਗਏ ਸਨ।
ਕਈ ਘਰਾਂ ਵਿੱਚ ਅੱਗ ਲਗਾ ਦਿੱਤੀ ਗਈ। ਲੋਕਾਂ ਦੀਆਂ ਲਾਸ਼ਾਂ ਤੋਂ ਉੱਠ ਰਹੀਆਂ ਬਦਬੂ ਨੇ ਪੂਰੇ ਸ਼ਹਿਰ ਨੂੰ ਘੇਰ ਲਿਆ। ਉਸੇ ਦਿਨ ਦਿੱਲੀ ਦੇ ਕਰੀਬ 30 ਹਜ਼ਾਰ ਲੋਕਾਂ ਦਾ ਕਤਲ ਕੀਤਾ ਗਿਆ।

ਤਸਵੀਰ ਸਰੋਤ, Getty Images
ਦਿੱਲੀ ਦੇ ਲੋਕਾਂ ਨਾਲ ਲੁੱਟ
ਵਿਲੇਮ ਫਲੋਰ ਨੇ ਆਪਣੇ ਲੇਖ ‘ਨਿਊ ਫੈਕਟਸ ਆਨ ਨਾਦਿਰਸ਼ਾਹਜ਼ ਇੰਡੀਆ ਕੈਂਪੇਨ’ ਵਿੱਚ ਇੱਕ ਡੱਚ ਚਸ਼ਮਦੀਦ ਮੈਥਿਊਜ਼ ਵੈਨ ਲੈਪਸਾਈ ਦੇ ਹਵਾਲੇ ਨਾਲ ਲਿਖਿਆ, “ਸਆਦਤ ਖ਼ਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।”
“ਨਿਜ਼ਾਮ ਨੇ ਸਿਰ ‘ਤੇ ਕੁਝ ਵੀ ਪਹਿਨੇ ਬਿਨਾਂ, ਆਪਣੇ ਹੱਥ ਨੂੰ ਆਪਣੇ ਸਾਫ਼ੇ ਬੰਨ੍ਹ ਕੇ ਗੋਡਿਆਂ ‘ਤੇ ਬੈਠ ਕੇ ਨਾਦਿਰ ਸ਼ਾਹ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਦੇ ਲੋਕਾਂ ‘ਤੇ ਤਰਸ ਖਾ ਕੇ ਉਨ੍ਹਾਂ ਦੀ ਜਗ੍ਹਾ ਉਸ ਨੂੰ ਸਜ਼ਾ ਦੇਵੇ। ਨਾਦਿਰ ਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਕਤਲੇਆਮ ਰੋਕਣ ਦਾ ਹੁਕਮ ਦਿੱਤਾ ਪਰ ਨਾਲ ਹੀ ਇੱਕ ਸ਼ਰਤ ਰੱਖੀ ਕਿ ਦਿੱਲੀ ਛੱਡਣ ਤੋਂ ਪਹਿਲਾਂ ਉਸ ਨੂੰ 100 ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣ।”
ਦਿੱਲੀ ਦੇ ਲੋਕਾਂ ਨੂੰ ਲੁੱਟਣਾ ਅਤੇ ਉਨ੍ਹਾਂ ਨੂੰ ਤਸੀਹੇ ਦੇਣਾ ਜਾਰੀ ਰਿਹਾ ਪਰ ਕਤਲ ਰੋਕ ਦਿੱਤੇ ਗਏ।
ਅਗਲੇ ਕੁਝ ਦਿਨਾਂ ਲਈ, ਮੁਹੰਮਦ ਸ਼ਾਹ ‘ਰੰਗੀਲਾ’ ਨੇ ਆਪਣੇ ਆਪ ਨੂੰ ਅਜਿਹੀ ਸਥਿਤੀ ਵਿੱਚ ਪਾਇਆ ਜਿੱਥੇ ਉਨ੍ਹਾਂ ਨੂੰ ਆਪਣੀ ਰਾਜਧਾਨੀ ਦੇ ਲੋਕਾਂ ਨੂੰ ਨਾਦਿਰ ਸ਼ਾਹ ਨੂੰ ਵੱਡੀ ਰਕਮ ਦੇਣ ਲਈ ਮਜਬੂਰ ਕਰਨਾ ਪਿਆ।
ਆਨੰਦ ਰਾਮ ਮੁਖ਼ਲਿਸ ਨੇ ‘ਤਜ਼ਕੀਰਾ’ ਵਿੱਚ ਲਿਖਿਆ, “ਪੂਰੀ ਦਿੱਲੀ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਹਿੱਸੇ ਤੋਂ ਵੱਡੀ ਰਕਮ ਦੀ ਮੰਗ ਕੀਤੀ ਗਈ ਸੀ। ਨਾ ਸਿਰਫ਼ ਜ਼ਬਰਦਸਤੀ ਪੈਸੇ ਲਏ ਗਏ ਸਨ ਬਲਕਿ ਪੂਰੇ ਪਰਿਵਾਰ ਬਰਬਾਦ ਹੋ ਗਏ ਸਨ।”
“ਬਹੁਤ ਸਾਰੇ ਲੋਕਾਂ ਨੇ ਜ਼ਹਿਰ ਖਾ ਲਿਆ ਅਤੇ ਕੁਝ ਲੋਕਾਂ ਨੇ ਚਾਕੂਆਂ ਨਾਲ ਆਪਣੀ ਜਾਨ ਲੈ ਲਈ। ਸੰਖੇਪ ਵਿੱਚ, 348 ਸਾਲਾਂ ਤੋਂ ਇਕੱਠੀ ਕੀਤੀ ਗਈ ਦੌਲਤ ਇੱਕ ਝਟਕੇ ਵਿੱਚ ਕਿਸੇ ਹੋਰ ਦੀ ਹੋ ਗਈ।”

ਤਸਵੀਰ ਸਰੋਤ, Getty Images
ਮੁਹੰਮਦ ਸ਼ਾਹ ‘ਰੰਗੀਲਾ’ ਫਿਰ ਬਣੇ ਦਿੱਲੀ ਦੇ ਬਾਦਸ਼ਾਹ
ਜਦੋਂ ਇਹ ਸਭ ਕੁਝ ਚੱਲ ਰਿਹਾ ਸੀ, ਨਾਦਿਰ ਸ਼ਾਹ ਮੁਹੰਮਦ ਸ਼ਾਹ ‘ਰੰਗੀਲਾ’ ਲਈ ਬਾਹਰੀ ਤੌਰ ‘ਤੇ ਦਿਆਲਤਾ ਅਤੇ ਸ਼ਿਸ਼ਟਾਚਾਰ ਦਾ ਪ੍ਰਤੀਕ ਬਣਿਆ ਰਿਹਾ। ਪਰ ਅਸਲੀਅਤ ਵਿੱਚ, ਮੁਹੰਮਦ ਸ਼ਾਹ ਨੂੰ ਨਾਦਿਰ ਸ਼ਾਹ ਦੇ ਕੋਲ ਇਸ ਤਰ੍ਹਾਂ ਖੜ੍ਹਾ ਕੀਤਾ ਗਿਆ ਸੀ ਜਿਵੇਂ ਉਹ ਉਸ ਦਾ ਅਰਦਲੀ ਹੋਵੇ।
ਇੱਕ ਮਹੀਨੇ ਬਾਅਦ, 12 ਮਈ ਨੂੰ, ਨਾਦਿਰ ਸ਼ਾਹ ਨੇ ਦਰਬਾਰ ਬੁਲਾਇਆ ਅਤੇ ਇੱਕ ਵਾਰ ਫਿਰ ਮੁਹੰਮਦ ਸ਼ਾਹ ਰੰਗੀਲਾ ਦੇ ਸਿਰ ‘ਤੇ ਭਾਰਤ ਦਾ ਤਾਜ ਰੱਖਿਆ।
ਮਸ਼ਹੂਰ ਇਤਿਹਾਸਕਾਰ ਆਰਵੀ ਸਮਿਥ ਨੇ ਦਿ ਹਿੰਦੂ ਵਿੱਚ ਪ੍ਰਕਾਸ਼ਿਤ ਆਪਣੇ ਲੇਖ ‘ਆਫ ਨੂਰ ਐਂਡ ਕੋਹਿਨੂਰ’ ਵਿੱਚ ਲਿਖਿਆ, “ਇਹ ਉਹ ਮੌਕਾ ਸੀ ਜਦੋਂ ਨਾਦਿਰ ਸ਼ਾਹ ਨੂੰ ਨਰਤਕੀ ਨੂਰ ਬਾਈ ਤੋਂ ਪਤਾ ਲੱਗਾ ਕਿ ਮੁਹੰਮਦ ਸ਼ਾਹ ਰੰਗੀਲਾ ਨੇ ਆਪਣੀ ਪੱਗ ਵਿੱਚ ਕੋਹਿਨੂਰ ਹੀਰਾ ਛੁਪਾਇਆ ਹੋਇਆ ਹੈ।”
“ਨਾਦਿਰ ਸ਼ਾਹ ਨੇ ਮੁਹੰਮਦ ਸ਼ਾਹ ਨੂੰ ਕਿਹਾ ਕਿ ਅਸੀਂ ਦੋਵੇਂ ਭਰਾਵਾਂ ਵਾਂਗ ਹਾਂ, ਇਸ ਲਈ ਸਾਨੂੰ ਆਪਣੀਆਂ ਪੱਗਾਂ ਬਦਲਣੀਆਂ ਚਾਹੀਦੀਆਂ ਹਨ।”
ਡੈਲਰਿੰਪਲ ਲਿਖਦੇ ਹਨ, “ਇਹ ਕਹਾਣੀ ਲੋਕਾਂ ਨੂੰ ਦਿਲਚਸਪ ਲੱਗ ਸਕਦੀ ਹੈ, ਪਰ ਉਸ ਸਮੇਂ ਦੇ ਕਿਸੇ ਵੀ ਸਰੋਤ ਵਿੱਚ ਇਸ ਦਾ ਜ਼ਿਕਰ ਨਹੀਂ ਮਿਲਦਾ ਹੈ ਅਤੇ ਸਿਰਫ਼ 19ਵੀਂ ਸਦੀ ਤੋਂ ਬਾਅਦ ਹੀ ਇਸ ਦਾ ਜ਼ਿਕਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੋਣਾ ਲੱਗਾ।”
“ਇੱਕ ਮੁਗ਼ਲ ਦਰਬਾਰੀ ਜੁਗਲ ਕਿਸ਼ੋਰ ਨੇ ਜ਼ਰੂਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਨਾਦਿਰ ਨੇ ਆਪਣੀ ਪੱਗ ਮੁਹੰਮਦ ਸ਼ਾਹ ਰੰਗੀਲਾ ਨੂੰ ਦਿੱਤੀ ਸੀ।”

ਤਸਵੀਰ ਸਰੋਤ, Getty Images
ਦਿੱਲੀ ਤੋਂ ਲੁੱਟਿਆ ਤਖ਼ਤ-ਏ-ਤਾਊਸ ਅਤੇ ਕੋਹਿਨੂਰ ਈਰਾਨ ਪਹੁੰਚਿਆਂ
14 ਮਈ ਨੂੰ, ਦਿੱਲੀ ਵਿੱਚ 57 ਦਿਨ ਬਿਤਾਉਣ ਤੋਂ ਬਾਅਦ, ਨਾਦਿਰ ਸ਼ਾਹ ਈਰਾਨ ਵੱਲ ਚੱਲ ਪਿਆ। ਉਹ ਮੁਗ਼ਲਾਂ ਦੀਆਂ ਅੱਠ ਪੀੜ੍ਹੀਆਂ ਜਾ ਜਮ੍ਹਾਂ ਕੀਤਾ ਹੋਇਆ ਸਾਰਾ ਧਨ ਈਰਾਨ ਲੈ ਗਿਆ।
ਈਰਾਨੀ ਇਤਿਹਾਸਕਾਰ ਮੁਹੰਮਦ ਕਾਜ਼ਮ ਮਾਰਵੀ ਆਪਣੀ ਕਿਤਾਬ ‘ਅਲਮਆਰਾ-ਏ ਨਾਦੇਰੀ’ ਵਿੱਚ ਲਿਖਦੇ ਹਨ, “ਨਾਦਿਰ ਸ਼ਾਹ ਦੀ ਲੁੱਟੀ ਗਈ ਦੌਲਤ ਵਿੱਚੋਂ ਸਭ ਤੋਂ ਵੱਡੀ ਚੀਜ਼ ਤਖ਼ਤ-ਏ-ਤਾਊਸ ਸੀ। ਸਾਰੀ ਲੁੱਟ, ਜਿਸ ਵਿੱਚ ਅਨਮੋਲ ਸੋਨਾ, ਚਾਂਦੀ ਅਤੇ ਕੀਮਤੀ ਰਤਨ ਸ਼ਾਮਲ ਸਨ, 700 ਹਾਥੀਆਂ, ਚਾਰ ਹਜ਼ਾਰ ਊਠਾਂ ਅਤੇ 12 ਹਜ਼ਾਰ ਘੋੜਿਆਂ ‘ਤੇ ਈਰਾਨ ਪਹੁੰਚਾਈ ਗਈ ਸੀ।”
ਜਦੋਂ ਨਾਦਿਰ ਸ਼ਾਹ ਦੀਆਂ ਫੌਜਾਂ ਚਨਾਬ ਦਰਿਆ ਦੇ ਪੁਲ਼ ਨੂੰ ਪਾਰ ਕਰ ਗਈਆਂ, ਤਾਂ ਹਰ ਸਿਪਾਹੀ ਦੀ ਤਲਾਸ਼ੀ ਲਈ ਗਈ। ਜ਼ਬਤ ਕੀਤੇ ਜਾਣ ਦੇ ਡਰੋਂ, ਬਹੁਤ ਸਾਰੇ ਸਿਪਾਹੀਆਂ ਨੇ ਲੁੱਟਿਆ ਹੋਇਆ ਸੋਨਾ ਅਤੇ ਕੀਮਤੀ ਰਤਨ ਨਦੀ ਵਿੱਚ ਸੁੱਟ ਦਿੱਤੇ। ਉਨ੍ਹਾਂ ਨੂੰ ਉਮੀਦ ਸੀ ਕਿ ਇੱਕ ਦਿਨ ਉਹ ਵਾਪਸ ਆ ਕੇ ਬੇਸ਼ਕੀਮਤੀ ਪੱਥਰ ਨਦੀ ਦੇ ਤਲ ਵਿੱਚੋਂ ਫਿਰ ਕੱਢ ਲੈਣਗੇ।

ਤਸਵੀਰ ਸਰੋਤ, Getty Images
31 ਸਾਲ ਰਾਜ ਕਰਨ ਤੋਂ ਬਾਅਦ ਮੁਹੰਮਦ ਸ਼ਾਹ ਰੰਗੀਲਾ ਦੀ ਮੌਤ
ਨਾਦਿਰ ਸ਼ਾਹ ਦੀ ਲੁੱਟ ਤੋਂ ਬਾਅਦ ਮੁਹੰਮਦ ਸ਼ਾਹ ਰੰਗੀਲਾ ਨੇ ਨੌਂ ਸਾਲ ਦਿੱਲੀ ‘ਤੇ ਰਾਜ ਕੀਤਾ।
ਆਪਣੇ ਆਖ਼ਰੀ ਦਿਨਾਂ ਵਿੱਚ ਉਨ੍ਹਾਂ ਨੂੰ ਅਧਰੰਗ ਹੋ ਗਿਆ। ਸ਼ੇਖ ਅਹਿਮਦ ਹੁਸੈਨ ਮਜ਼ਾਕ ਨੇ ਆਪਣੀ ਕਿਤਾਬ ‘ਤਾਰੀਖ਼-ਏ-ਅਹਿਮਦੀ’ ਵਿੱਚ ਲਿਖਿਆ ਹੈ, “ਆਪਣੇ ਆਖ਼ਰੀ ਦਿਨਾਂ ਵਿੱਚ, ਵਾਰ-ਵਾਰ ਬੁਖ਼ਾਰ ਚੜ੍ਹਨ ਕਾਰਨ ਮੁਹੰਮਦ ਸ਼ਾਹ ਕਮਜ਼ੋਰ ਹੋ ਗਏ ਸਨ।”
“ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ, ਮੁਹੰਮਦ ਸ਼ਾਹ ਰੰਗੀਲਾ ਨੂੰ ਕਿਲ੍ਹੇ ਦੇ ਅੰਦਰ ਬਣੀ ਮਸਜਿਦ ਵਿੱਚ ਲਿਆਂਦਾ ਗਿਆ। ਉਨ੍ਹਾਂ ਦੇ ਸਾਰੇ ਦਰਬਾਰੀ ਅਤੇ ਸਾਥੀ ਉੱਥੇ ਮੌਜੂਦ ਸਨ। ਅਚਾਨਕ, ਬੋਲਦੇ ਹੋਏ, ਉਹ ਬੇਹੋਸ਼ ਹੋ ਗਏ ਅਤੇ ਦੁਬਾਰਾ ਕਦੇ ਨਹੀਂ ਉੱਠ ਸਕੇ।”
ਅਗਲੀ ਸਵੇਰ 17 ਅਪ੍ਰੈਲ, 1748 ਨੂੰ ਆਪਣੇ ਸ਼ਾਸਨ ਦੇ 31 ਸਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਬਾਅਦ ਵਿੱਚ, ਉਨ੍ਹਾਂ ਦੀ ਇੱਛਾ ਅਨੁਸਾਰ, ਉਨ੍ਹਾਂ ਨੂੰ ਨਿਜ਼ਾਮੁਦੀਨ ਔਲੀਆ ਦੇ ਮਕਬਰੇ ਦੇ ਵਿਹੜੇ ਵਿੱਚ ਦਫ਼ਨਾਇਆ ਗਿਆ।
ਉਨ੍ਹਾਂ ਦੇ ਜੀਵਨੀ ਲੇਖਕ ਜ਼ਹੀਰੂਦੀਨ ਮਲਿਕ ਨੇ ਲਿਖਿਆ, “ਆਪਣੀਆਂ ਸਾਰੀਆਂ ਕਮੀਆਂ ਦੇ ਬਾਵਜੂਦ, ਆਪਣੇ ਦਰਬਾਰ ਵਿੱਚ ਸ਼ਿਸ਼ਟਾਚਾਰ ਅਤੇ ਸਤਿਕਾਰ ਦਾ ਖ਼ਿਆਲ ਰੱਖਿਆ। ਉਨ੍ਹਾਂ ਨੇ ਜਹਾਂਦਾਰ ਸ਼ਾਹ ਵਾਂਗ ਆਪਣੇ ਦਰਬਾਰ ਨੂੰ ਸ਼ਰਾਬ ਅਤੇ ਅਡਲਟਰੀ ਦਾ ਅੱਡਾ ਨਹੀਂ ਬਣਨ ਦਿੱਤਾ।”
“ਮੁਸ਼ਕਲ ਹਾਲਾਤ ਵਿੱਚ ਤੀਹ ਸਾਲਾਂ ਤੋਂ ਵੱਧ ਸਮੇਂ ਤੱਕ ਦਿੱਲੀ ਦੇ ਤਖ਼ਤ ‘ਤੇ ਰਾਜ ਕਰਨਾ ਦਰਸਾਉਂਦਾ ਹੈ ਕਿ ਉਨ੍ਹਾਂ ਵਿੱਚ ਸਿਆਸੀ ਚਤੁਰਾਈ ਅਤੇ ਕੁਸ਼ਲਤਾ ਦੀ ਘਾਟ ਨਹੀਂ ਸੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI