Source :- BBC PUNJABI

ਤਸਵੀਰ ਸਰੋਤ, Getty Images
14 ਮਿੰਟ ਪਹਿਲਾਂ
ਪਹਿਲਗਾਮ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਿੰਦੂਆਂ ਦੇ ਲੰਬੇ ਸਮੇਂ ਦੇ ਵੀਜ਼ਾ (ਐਲਟੀਵੀ) ਨੂੰ ਲੈ ਕੇ ਸਪਸ਼ਟੀਕਰਨ ਜਾਰੀ ਕੀਤਾ ਹੈ।
ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, “ਜਿਹੜੇ ਵੀਜ਼ੇ ਰੱਦ ਕਰਨ ਦੀ ਗੱਲ ਕਹੀ ਗਈ ਹੈ, ਉਹ ਪਾਕਿਸਤਾਨ ਦੇ ਹਿੰਦੂ ਨਾਗਰਿਕਾਂ ਨੂੰ ਪਹਿਲਾਂ ਤੋਂ ਹੀ ਦਿੱਤੇ ਗਏ ਐਲਟੀਵੀ ‘ਤੇ ਲਾਗੂ ਨਹੀਂ ਹੁੰਦਾ ਹੈ। ਇਹ ਵੀਜ਼ੇ ਅਜੇ ਵੀ ਯੋਗ ਹਨ।”
ਇਸ ਤੋਂ ਪਹਿਲਾਂ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ‘ਹੁਣ ਪਾਕਿਸਤਾਨੀ ਨਾਗਰਿਕ ਸਾਰਕ ਵੀਜ਼ਾ ਛੋਟ ਸਕੀਮ (ਐਸਵੀਈਐਸ) ਦੇ ਤਹਿਤ ਜਾਰੀ ਕੀਤੇ ਗਏ ਵੀਜ਼ਿਆਂ ਦੇ ਆਧਾਰ ‘ਤੇ ਭਾਰਤ ਦੀ ਯਾਤਰਾ ਨਹੀਂ ਕਰ ਸਕਣਗੇ।’
ਉਨ੍ਹਾਂ ਕਿਹਾ ਸੀ, “ਐਸਵੀਈਐਸ ਤਹਿਤ ਪਾਕਿਸਤਾਨੀ ਨਾਗਰਿਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਵੀਜ਼ੇ ਰੱਦ ਮੰਨੇ ਜਾਣਗੇ। ਸਾਰੇ ਪਾਕਿਸਤਾਨੀ ਨਾਗਰਿਕ ਜੋ ਐਸਵੀਈਐਸ ਤਹਿਤ ਭਾਰਤ ਵਿੱਚ ਹਨ, ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣਾ ਪਵੇਗਾ।”

ਹੁਣ ਤੱਕ ਦਾ ਘਟਨਾਕ੍ਰਮ
- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 26 ਲੋਕਾਂ ਦੀ ਮੌਤ ਹੋਈ ਸੀ।
- ਪ੍ਰਧਾਨ ਮੰਤਰੀ ਮੋਦੀ ਨੇ ਹਮਲੇ ਦੀ ਕਰੜੀ ਨਿੰਦਾ ਕੀਤੀ ਅਤੇ ਕਿਹਾ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
- ਭਾਰਤ ਸਰਕਾਰ ਨੇ ਸੁਰੱਖਿਆ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਬਾਅਦ ਪਾਕਿਸਤਾਨ ਖਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ।
- ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੋਕਣ, ਅਟਾਰੀ ਪੋਸਟ ਬੰਦ ਕਰਨ, ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਸਹੂਲਤ ਬੰਦ ਕਰਨ ਦਾ ਐਲਾਨ ਕੀਤਾ।
- ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ, ਪਾਕਿਸਤਾਨੀ ਹਿੰਦੂਆਂ ਨੂੰ ਜਾਰੀ ਲੰਬੇ ਸਮੇਂ ਦੇ ਵੀਜ਼ਾ ‘ਤੇ ਇਹ ਬਦਲਾਅ ਲਾਗੂ ਨਹੀਂ ਹੋਵੇਗਾ।
- ਪਾਕਿਸਤਾਨ ਨੂੰ ਭਾਰਤ ‘ਚ ਕੰਮ ਕਰ ਰਹੇ ਆਪਣੇ ਕੁਝ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਗਿਆ ਹੈ।
- ਵੀਰਵਾਰ ਨੂੰ ਸਰਬ-ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਪਾਕਿਸਤਾਨ ਬਾਰੇ ਲਏ ਗਏ ਫ਼ੈਸਲੇ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ।
- ਵਿਰੋਧੀ ਪਾਰਟੀਆਂ ਨੇ ਭਵਿੱਖ ਵਿੱਚ ਅੱਤਵਾਦ ਵਿਰੁੱਧ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਦਾ ਸਮਰਥਨ ਦੇਣ ਲਈ ਕਿਹਾ।
- ਪਾਕਿਸਤਾਨ ਵਿੱਚ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ‘ਚ ਕਈ ਫ਼ੈਸਲੇ ਲਏ ਗਏ।
- ਇਨ੍ਹਾਂ ਵਿੱਚ – ਭਾਰਤ ਨਾਲ ਦੁਵੱਲੇ ਸਮਝੌਤਿਆਂ ਨੂੰ ਰੱਦ ਕਰਨਾ, ਹਵਾਈ ਖੇਤਰ ਅਤੇ ਸਰਹੱਦਾਂ ਨੂੰ ਬੰਦ ਕਰਨਾ ਅਤੇ ਵਪਾਰ ਨੂੰ ਬੰਦ ਕਰਨਾ ਸ਼ਾਮਲ ਹੈ।
- ਪਾਕਿਸਤਾਨ ਨੇ ਵੀ ਰੱਖਿਆ ਸਲਾਹਕਾਰਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ ਅਤੇ ਆਪਣੇ ਕੂਟਨੀਤਕ ਸਟਾਫ਼ ਨੂੰ ਸੀਮਤ ਕਰ ਦਿੱਤਾ ਹੈ।
- ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ, “ਜੇਕਰ ਭਾਰਤ ਪਾਕਿਸਤਾਨ ‘ਤੇ ਕੋਈ ਕਾਰਵਾਈ ਕਰਦਾ ਹੈ ਤਾਂ ਨਤੀਜੇ ਭੁਗਤਣੇ ਪੈਣਗੇ।’

ਤਨਮਨਜੀਤ ਸਿੰਘ ਢੇਸੀ ਨੇ ਕੀਤੀ ਹਮਲੇ ਦੀ ਨਿੰਦਾ

ਤਸਵੀਰ ਸਰੋਤ, Getty Images
ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਯੂਕੇ ਦੀ ਸੰਸਦ ਵਿੱਚ ਕਿਹਾ, ”ਜੰਮੂ-ਕਸ਼ਮੀਰ ਵਿੱਚ ਮਾਸੂਮ ਸੈਲਾਨੀਆਂ ‘ਤੇ ਹੋਏ ਬੇਰਹਿਮ ਕਾਇਰਤਾਪੂਰਨ ਅੱਤਵਾਦੀ ਹਮਲੇ ਨਾਲ ਬਹੁਤ ਦੁੱਖ ਹੋਇਆ। ਸਾਰੇ ਪ੍ਰਭਾਵਿਤ ਲੋਕਾਂ, ਖਾਸਕਰ ਪੀੜਤ ਪਰਿਵਾਰਾਂ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾਵਾਂ ਹਨ।”
ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI