Home ਰਾਸ਼ਟਰੀ ਖ਼ਬਰਾਂ ਪਹਿਲਗਾਮ ਹਮਲਾ : ਪਾਕਿਸਤਾਨ ਦੇ ਲੋਕ ਕੀ ਕਹਿ ਰਹੇ ਹਨ, ਫੌਜ ਮੁਖੀ...

ਪਹਿਲਗਾਮ ਹਮਲਾ : ਪਾਕਿਸਤਾਨ ਦੇ ਲੋਕ ਕੀ ਕਹਿ ਰਹੇ ਹਨ, ਫੌਜ ਮੁਖੀ ਦੇ ਕਿਸ ਬਿਆਨ ਨੇ ਵਧਾਇਆ ਸ਼ੱਕ

3
0

Source :- BBC PUNJABI

ਜਖ਼ਮੀਆਂ ਦੇ ਰਿਸ਼ਤੇਦਾਰ

ਤਸਵੀਰ ਸਰੋਤ, Getty Images

23 ਅਪ੍ਰੈਲ 2025, 11:03 IST

ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਕੱਟੜਪੰਥੀ ਹਮਲੇ ਵਿੱਚ 26 ਜਣੇ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਸੈਲਾਨੀ ਹਨ।

ਅਗਸਤ 2019 ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਸਭ ਤੋਂ ਵੱਡਾ ਘਾਤਕ ਹਮਲਾ ਹੈ।

ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ‘ਤੇ ਸਾਊਦੀ ਅਰਬ ਵਿੱਚ ਸਨ, ਅਮਰੀਕਾ ਦੇ ਰਾਸ਼ਟਰਪਤੀ ਜੇਡੀ ਵੈਂਸ ਚਾਰ ਦਿਨਾਂ ਦੇ ਦੌਰੇ ‘ਤੇ ਭਾਰਤ ਵਿੱਚ ਸਨ।

ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਸਈਦ ਅਸੀਮ ਮੁਨੀਰ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਅੰਤਰ ਸਮਝਾਉਂਦੇ ਹੋਏ ਕਿਹਾ ਸੀ ਕਿ ਦੁਨੀਆ ਦੀ ਕੋਈ ਵੀ ਤਾਕਤ ਕਸ਼ਮੀਰ ਨੂੰ ਪਾਕਿਸਤਾਨ ਤੋਂ ਵੱਖ ਨਹੀਂ ਕਰ ਸਕਦੀ।

ਇਸ ਹਮਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਸਾਊਦੀ ਅਰਬ ਦੌਰਾ ਵਿਚਕਾਰ ਹੀ ਛੱਡਣਾ ਪਿਆ।

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਤੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਭਾਰਤ ਵਿੱਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਐਕਸ ‘ਤੇ ਲਿਖਿਆ: “ਮੈਨੂੰ ਵਿਸ਼ਵਾਸ ਹੈ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਭਾਰਤੀ ਕਾਰਵਾਈ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਪਾਕਿਸਤਾਨ ਦਾ ਜਵਾਬ ਮੂੰਹ ਤੋੜ ਹੋਵੇਗਾ।”

ਪਹਿਲਗਾਮ ਹਮਲਾ

ਪਾਕਿਸਤਾਨ ਦੇ ਫੌਜ ਮੁਖੀ ਦੇ ਭਾਸ਼ਣ ‘ਤੇ ਸ਼ੱਕ ਵਧਿਆ

ਪਾਕਿਸਤਾਨ ਪੀਪਲਜ਼ ਪਾਰਟੀ ਦੀ ਆਗੂ ਅਤੇ ਸੰਸਦ ਮੈਂਬਰ ਸ਼ੈਰੀ ਰਹਿਮਾਨ ਨੇ ਐਕਸ ‘ਤੇ ਲਿਖਿਆ: “ਮੈਂ ਪਹਿਲਗਾਮ ਵਿੱਚ ਹੋਏ ਦੁਖਦਾਈ ਅੱਤਵਾਦੀ ਹਮਲੇ ਦੀ ਨਿੰਦਾ ਕਰਦੀ ਹਾਂ। ਬਦਕਿਸਮਤੀ ਨਾਲ, ਭਾਰਤ ਵੱਲੋਂ ਇਨ੍ਹਾਂ ਹਮਲਿਆਂ ਲਈ ਪਹਿਲਾਂ ਤੋਂ ਹੀ ਪਾਕਿਸਤਾਨ ਵੱਲ ਉਂਗਲੀਆਂ ਚੁੱਕਣਾ ਇੱਕ ਆਮ ਪ੍ਰਤੀਕਿਰਿਆ ਹੈ।”

ਸ਼ੈਰੀ ਰਹਿਮਾਨ ਨੇ ਕਿਹਾ, “ਭਾਰਤ ਆਪਣੀਆਂ ਨਾਕਾਮੀਆਂ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ। ਕੰਟਰੋਲ ਰੇਖਾ (ਐੱਲਓਸੀ) ਦੇ ਨਾਲ ਰਣਨੀਤਕ ਸਥਿਰਤਾ ਅਤੇ ਜ਼ਿੰਮੇਵਾਰ ਸ਼ਮੂਲੀਅਤ ਦੀ ਮੰਗ ਕਰਨ ਵਾਲੀਆਂ ਵਾਜਬ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।”

“ਇਥੋਂ ਤੱਕ ਕਿ ਇਨ੍ਹਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਿਨ੍ਹਾਂ ਕਿਸੇ ਜਾਂਚ ਦੇ, ਭਾਰਤ ਦੀ ਸੱਜੇ ਪੱਖੀ ਧਿਰ ਹੁਣ ਪਾਕਿਸਤਾਨ ਦੀ ਤਬਾਹੀ ਦੀ ਮੰਗ ਕਰੇਗਾ।”

ਪਾਕਿਸਤਾਨ ਦੇ ਇੱਕ ਐਕਸ ਉਪਭੋਗਤਾ ਉਮਰ ਅਜ਼ਹਰ ਨੇ ਜਨਰਲ ਮੁਨੀਰ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਆਪਣੇ ਕਸ਼ਮੀਰੀ ਭਰਾਵਾਂ ਨੂੰ ਇਕੱਲਾ ਨਹੀਂ ਛੱਡ ਸਕਦਾ।

ਪਹਿਲਗਾਮ ਹਮਲਾ

ਇਸ ਵੀਡੀਓ ਕਲਿੱਪ ਨੂੰ ਸਾਂਝਾ ਕਰਦੇ ਹੋਏ ਉਮਰ ਅਜ਼ਹਰ ਨੇ ਲਿਖਿਆ, “ਪੰਜ ਦਿਨ ਪਹਿਲਾਂ, ਜਨਰਲ ਮੁਨੀਰ ਨੇ ਇੱਕ ਕੱਟੜ ਭਾਸ਼ਣ ਦਿੱਤਾ ਸੀ।”

“ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਆਪਣੇ ਕਸ਼ਮੀਰੀ ਭਰਾਵਾਂ ਨੂੰ ਭਾਰਤੀ ਕਬਜ਼ੇ ਵਿਰੁੱਧ ਲੜਾਈ ਵਿੱਚ ਇਕੱਲਾ ਨਹੀਂ ਛੱਡ ਸਕਦਾ। ਹੁਣ ਅਜਿਹਾ ਲੱਗਦਾ ਹੈ ਕਿ ਇਹ ਸ਼ੁਰੂਆਤੀ ਖ਼ਿਆਲ ਨਾਲੋਂ ਵੀ ਜ਼ਿਆਦਾ ਗ਼ਲਤ ਸੀ। ਜਨਰਲ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ।”

ਉਮਰ ਅਜ਼ਹਰ ਦੀ ਇਸ ਪੋਸਟ ਨੂੰ ਦੁਬਾਰਾ ਪੋਸਟ ਕਰਦੇ ਹੋਏ, ਪਾਕਿਸਤਾਨੀ ਰੱਖਿਆ ਵਿਸ਼ਲੇਸ਼ਕ ਆਇਸ਼ਾ ਸਿੱਦੀਕਾ ਨੇ ਲਿਖਿਆ, “ਇਹ ਦੇਖਣਾ ਬਾਕੀ ਹੈ ਕਿ ਭਾਰਤੀ ਕਸ਼ਮੀਰ ਵਿੱਚ ਹਮਲੇ ਤੋਂ ਬਾਅਦ ਹੁਣ ਕੀ ਰੁਖ਼ ਲੈਂਦਾ ਹੈ।”

ਭਾਰਤ ਦੇ ਅੰਗਰੇਜ਼ੀ ਅਖ਼ਬਾਰ ‘ਦਿ ਹਿੰਦੂ’ ਦੇ ਕੂਟਨੀਤਕ ਮਾਮਲਿਆਂ ਦੀ ਸੰਪਾਦਕ ਸੁਹਾਸਿਨੀ ਹੈਦਰ ਨੇ ਜਨਰਲ ਮੁਨੀਰ ਦੇ ਭਾਸ਼ਣ ਬਾਰੇ ਲਿਖਿਆ, “ਪਿਛਲੇ ਹਫ਼ਤੇ ਪਾਕਿਸਤਾਨ ਦੇ ਫ਼ੌਜ ਮੁਖੀ ਦਾ ਭਾਸ਼ਣ ਹੁਣ ਹੋਰ ਵੀ ਖ਼ਬਰਾਂ ਵਿੱਚ ਹੈ।”

“ਇਹ ਸਿਰਫ਼ ਇਸ ਲਈ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਕਸ਼ਮੀਰ ਵਿੱਚ ਹਿੰਸਾ ਦੀ ਧਮਕੀ ਦਿੱਤੀ ਸੀ, ਸਗੋਂ ਇਸ ਲਈ ਵੀ ਸੀ ਕਿਉਂਕਿ ਉਨ੍ਹਾਂ ਦੀ ਭਾਸ਼ਾ ਫ਼ਿਰਕੂ ਅਤੇ ਵੰਡਣ ਵਾਲੀ ਸੀ। ਦੋਵੇਂ ਗੱਲਾਂ ਅੱਜ ਦੇ ਅੱਤਵਾਦੀ ਹਮਲੇ ਦੇ ਟੀਚੇ ਅਤੇ ਬੇਰਹਿਮੀ ਨਾਲ ਸਬੰਧਤ ਲੱਗਦੀਆਂ ਹਨ।”

ਸੁਰੱਖਿਆ ਕਰਮੀ

ਤਸਵੀਰ ਸਰੋਤ, Getty Images

ਹੁਸੈਨ ਹੱਕਾਨੀ ਦਾ ਹਮਾਸ ਹਮਲੇ ਨਾਲ ਸਬੰਧ

ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਐਕਸ ‘ਤੇ ਲਿਖਿਆ, “7 ਅਕਤੂਬਰ, 2023 ਨੂੰ ਇਜ਼ਰਾਈਲ ‘ਤੇ ਹਮਾਸ ਦੇ ਅੱਤਵਾਦੀ ਹਮਲੇ ਤੋਂ ਬਾਅਦ ਗਾਜ਼ਾ ਇੱਕ ਭਿਆਨਕ ਦੁਖਾਂਤ ਵਿੱਚ ਡੁੱਬ ਗਿਆ ਹੈ।”

“22 ਅਪ੍ਰੈਲ, 2025 ਨੂੰ ਜੰਮੂ ਅਤੇ ਕਸ਼ਮੀਰ ਵਿੱਚ ਹੋਇਆ ਅੱਤਵਾਦੀ ਹਮਲਾ ਸੰਭਾਵੀ ਨਤੀਜਿਆਂ ਦੇ ਮਾਮਲੇ ਵਿੱਚ ਵੀ ਓਨਾ ਹੀ ਭਿਆਨਕ ਹੈ। ਇਸ ਅੱਤਵਾਦੀ ਹਮਲੇ ਦੀ ਸਾਰੇ ਸੱਭਿਅਕ ਦੇਸ਼ਾਂ ਅਤੇ ਲੋਕਾਂ ਦੁਆਰਾ ਸਪੱਸ਼ਟ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ।”

ਪਾਕਿਸਤਾਨੀ ਕੌਮਾਂਤਰੀ ਮਾਮਲਿਆਂ ਦੇ ਵਿਸ਼ਲੇਸ਼ਕ ਕਮਰ ਚੀਮਾ ਨੇ ਪਹਿਲਗਾਮ ਵਿੱਚ ਹੋਏ ਹਮਲੇ ਸਬੰਧੀ ਮੁਸਲਿਮਜ਼ ਆਫ਼ ਅਮਰੀਕਾ ਦੇ ਸੰਸਥਾਪਕ ਸਾਜਿਦ ਤਰਾਰ ਨਾਲ ਗੱਲ ਕੀਤੀ ਹੈ। ਸਾਜਿਦ ਤਰਾਰ ਨੇ ਕਿਹਾ ਕਿ ਇਸ ਅੱਤਵਾਦੀ ਹਮਲਾ ਜਿਸ ਸਮੇਂ ਹੋਇਆ ਹੈ, ਉਸ ਹਿਸਾਬ ਨਾਲ ਕਈ ਸੰਦੇਸ਼ ਦਿੰਦਾ ਹੈ।

ਸਾਜਿਦ ਤਰਾਰ ਨੇ ਕਿਹਾ, “ਪਾਕਿਸਤਾਨ ਅਤੇ ਭਾਰਤ ਦੇ ਸਬੰਧ ਹੋਰ ਵਿਗੜਨਗੇ।”

“ਭਾਰਤ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਪਛਾਣ ਬਣਾਈ ਹੈ। ਕਸ਼ਮੀਰ ਵਿੱਚ ਹਾਲਾਤ ਸੁਧਰ ਰਹੇ ਸਨ ਅਤੇ ਸੈਲਾਨੀ ਵੱਡੀ ਗਿਣਤੀ ਵਿੱਚ ਆ ਰਹੇ ਸਨ। ਪਰ ਇੱਕ ਵਾਰ ਫਿਰ ਇਸਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। “

ਪਾਕਿਸਤਾਨੀ ਨਿਊਜ਼ ਚੈਨਲ ਸਮਾ ਟੀਵੀ ਦੇ ਐਂਕਰ ਨੇ ਇਸ ਹਮਲੇ ਬਾਰੇ ਕਿਹਾ, “ਜਦੋਂ ਵੀ ਭਾਰਤ ਵਿੱਚ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਉਂਗਲ ਸਿੱਧੇ ਪਾਕਿਸਤਾਨ ਵੱਲ ਉੱਠਦੀ ਹੈ।”

ਪਾਕਿਸਤਾਨੀ ਪੱਤਰਕਾਰ ਸਿਰਿਲ ਅਲਮੇਡਾ ਨੇ ਐਕਸ ‘ਤੇ ਲਿਖਿਆ: “ਜੇ ਭਾਰਤ ਇਹ ਤੈਅ ਕਰਦਾ ਹੈ ਕਿ ਇਹ ਕਿਸਨੇ ਕੀਤਾ ਹੈ ਅਤੇ ਉਸਨੂੰ ਬਦਲਾ ਲੈਣ ਦੀ ਕਾਰਵਾਈ ਕਰਨ ਦੀ ਲੋੜ ਹੈ… ਕੀ ਕੋਈ ਇਸਨੂੰ ਰੋਕ ਸਕੇਗਾ?”

ਬ੍ਰਿਟਿਸ਼ ਮੈਗਜ਼ੀਨ ‘ਦਿ ਇਕਨਾਮਿਸਟ’ ਦੇ ਰੱਖਿਆ ਸੰਪਾਦਕ ਸ਼ਸ਼ਾਂਕ ਜੋਸ਼ੀ ਨੇ ਲਿਖਿਆ ਹੈ, “ਮੇਰਾ ਮੰਨਣਾ ਹੈ ਕਿ ਭਾਰਤ ਆਉਣ ਵਾਲੇ ਹਫ਼ਤਿਆਂ ਵਿੱਚ ਪਾਕਿਸਤਾਨ ਵਿਰੁੱਧ ਫੌਜੀ ਕਾਰਵਾਈ ਕਰ ਸਕਦਾ ਹੈ।”

ਇੱਕ ਐਕਸ ਯੂਜ਼ਰ ਨੇ ਸ਼ਸ਼ਾਂਕ ਜੋਸ਼ੀ ਨੂੰ ਪੁੱਛਿਆ, ”ਸੰਭਾਵਿਤ ਤਾਰੀਖ ਕੀ ਹੋਵੇਗੀ? ”

”ਇਸ ਦੇ ਜਵਾਬ ਵਿੱਚ, ਜੋਸ਼ੀ ਨੇ ਕਿਹਾ- 60 ਫ਼ੀਸਦ ਸੰਭਾਵਨਾ ਹੈ ਕਿ ਇਹ ਮਈ ਦੇ ਆਖਰੀ ਹਫ਼ਤੇ ਵਿੱਚ ਹੋਵੇਗਾ ਅਤੇ ਮੈਂ ਮਜ਼ਾਕ ਨਹੀਂ ਕਰ ਰਿਹਾ।”

ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਮੁਨੀਰ ਦੇ ਭਾਸ਼ਣ ਬਾਰੇ ਸ਼ਸ਼ਾਂਕ ਜੋਸ਼ੀ ਨੇ ਲਿਖਿਆ ਹੈ, “ਇੱਕ ਹਫ਼ਤਾ ਪਹਿਲਾਂ ਪਾਕਿਸਤਾਨ ਦੇ ਫ਼ੌਜ ਮੁਖੀ ਵੱਲੋਂ ਦਿੱਤੇ ਗਏ ਭਾਸ਼ਣ ਦਾ ਸਮਾਂ ਚੰਗਾ ਨਹੀਂ ਸੀ।”

”ਜਨਰਲ ਮੁਨੀਰ ਨੇ ਕਿਹਾ ਸੀ – ਸਾਡਾ ਸਟੈਂਡ ਬਹੁਤ ਸਪੱਸ਼ਟ ਹੈ, ਕਸ਼ਮੀਰ ਸਾਡੀ ਗਲੇ ਦੀ ਨਸ ਹੈ, ਅਸੀਂ ਇਸਨੂੰ ਨਹੀਂ ਭੁੱਲ ਸਕਦੇ। ਅਸੀਂ ਆਪਣੇ ਕਸ਼ਮੀਰੀ ਭਰਾਵਾਂ ਦੇ ਸੰਘਰਸ਼ ਨੂੰ ਨਹੀਂ ਭੁੱਲ ਸਕਦੇ।”

ਪਾਕਿਸਤਾਨੀ ਫ਼ੌਜ ਮੁਖੀ ਨੇ ਕੀ ਕਿਹਾ ਸੀ?

ਜਨਰਲ ਸਈਦ ਅਸੀਮ ਮੁਨੀਰ

ਤਸਵੀਰ ਸਰੋਤ, Getty Images

ਓਵਰਸੀਜ਼ ਪਾਕਿਸਤਾਨੀ ਕਨਵੈਨਸ਼ਨ 13 ਤੋਂ 16 ਅਪ੍ਰੈਲ ਤੱਕ ਇਸਲਾਮਾਬਾਦ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਆਪਣੀ ਕਿਸਮ ਦਾ ਪਹਿਲਾ ਸਮਾਗਮ ਸੀ।

ਜਨਰਲ ਮੁਨੀਰ ਨੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ‘ਦੋ ਰਾਸ਼ਟਰ ਸਿਧਾਂਤ’ ਬਾਰੇ ਗੱਲ ਕੀਤੀ, ਕਸ਼ਮੀਰ ਨੂੰ ਪਾਕਿਸਤਾਨ ਦੀ ਗਲੇ ਦੀ ਨਸ ਕਿਹਾ ਅਤੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਫ਼ਰਕ ਨੂੰ ਵੀ ਰੇਖਾਂਕਿਤ ਕੀਤਾ।

ਜਨਰਲ ਮੁਨੀਰ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਕਸ਼ਮੀਰ ਨੂੰ ਪਾਕਿਸਤਾਨ ਤੋਂ ਵੱਖ ਨਹੀਂ ਕਰ ਸਕਦੀ।

ਜਨਰਲ ਮੁਨੀਰ ਨੇ ਕਿਹਾ, “ਅਸੀਂ ਇੱਕ ਨਹੀਂ ਸਗੋਂ ਦੋ ਕੌਮਾਂ ਹਾਂ। ਸਾਡੇ ਪੁਰਖਿਆਂ ਦਾ ਮੰਨਣਾ ਸੀ ਕਿ ਅਸੀਂ ਹਰ ਪਹਿਲੂ ਵਿੱਚ ਹਿੰਦੂਆਂ ਤੋਂ ਵੱਖਰੇ ਹਾਂ। ਸਾਡਾ ਧਰਮ, ਰੀਤੀ-ਰਿਵਾਜ, ਪਰੰਪਰਾਵਾਂ, ਵਿਚਾਰ ਅਤੇ ਟੀਚੇ ਸਭ ਵੱਖਰੇ ਹਨ।”

ਜਨਰਲ ਮੁਨੀਰ ਦੇ ਇਨ੍ਹਾਂ ਬਿਆਨਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਫ਼ਰਕ ਦੱਸਣ ਤੋਂ ਬਾਅਦ ਬਹਿਸ ਛਿੜ ਗਈ ਸੀ।

ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਜਨਰਲ ਮੁਨੀਰ ਦੇ ਇਸ ਬਿਆਨ ਨਾਲ ਪਾਕਿਸਤਾਨ ਵਿੱਚ ਹਿੰਦੂਆਂ ਪ੍ਰਤੀ ਨਫ਼ਰਤ ਵਧੇਗੀ। ਹਿੰਦੂ ਪਾਕਿਸਤਾਨ ਵਿੱਚ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ।

ਤਾਹਾ ਸਿੱਦੀਕੀ ਇੱਕ ਜਲਾਵਤਨ ਪਾਕਿਸਤਾਨੀ ਹੈ ਜੋ ਪੈਰਿਸ ਵਿੱਚ ਰਹਿੰਦੇ ਹਨ। ਸਿੱਦੀਕੀ ਇੱਕ ਪੱਤਰਕਾਰ ਹੈ ਅਤੇ ਪੱਛਮੀ ਮੀਡੀਆ ਵਿੱਚ ਲਿਖਦੇ ਹਨ।

 ਹਮਲੇ ਵਿੱਚ ਜ਼ਖਮੀ ਹੋਈ ਇੱਕ ਔਰਤ

ਤਸਵੀਰ ਸਰੋਤ, Getty Images

ਜਨਰਲ ਮੁਨੀਰ ਦੀ ਵੀਡੀਓ ਕਲਿੱਪ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਕਿ ‘ਪਾਕਿਸਤਾਨੀ ਫ਼ੌਜ ਮੁਖੀ ਨੇ ਹਿੰਦੂਆਂ ਵਿਰੁੱਧ ਨਫ਼ਰਤ ਫੈਲਾਉਂਦੇ ਹੋਏ ਦੋ ਰਾਸ਼ਟਰ ਸਿਧਾਂਤ ਦੀ ਵਕਾਲਤ ਕੀਤੀ ਹੈ।’

”1971 ਵਿੱਚ ਬੰਗਲਾਦੇਸ਼ ਦੇ ਗਠਨ ਤੋਂ ਬਾਅਦ ਇਹ ਸਿਧਾਂਤ ਮੂਧੇ ਮੂੰਹ ਡਿੱਗ ਗਿਆ ਸੀ। ਜਨਰਲ ਮੁਨੀਰ ਨੇ ਪਾਕਿਸਤਾਨੀ ਬੱਚਿਆਂ ਨੂੰ ਝੂਠ ਬੋਲਣ ‘ਤੇ ਜ਼ੋਰ ਦਿੱਤਾ। ਜ਼ਾਹਰ ਹੈ ਕਿ ਇਸ ਨਾਲ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨਾ ਸੌਖਾ ਹੋ ਜਾਂਦਾ ਹੈ। ਇਹ ਸ਼ਰਮਨਾਕ ਹੈ।”

ਪਾਕਿਸਤਾਨੀ ਸੂਫ਼ੀ ਵਿਦਵਾਨ ਅਤੇ ਪੱਤਰਕਾਰ ਸਬਾਹਤ ਜ਼ਕਾਰੀਆ ਨੇ ਜਨਰਲ ਮੁਨੀਰ ਦੀ ਵੀਡੀਓ ਕਲਿੱਪ ‘ਤੇ ਕਿਹਾ, “ਪਹਿਲਾ ਸਵਾਲ ਇਹ ਹੈ ਕਿ ਸਾਡਾ ਕੌਣ ਹੈ? ਜੇਕਰ ਅਸੀਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਗੱਲ ਕਰ ਰਹੇ ਹਾਂ, ਤਾਂ ਭਾਰਤ ਵਿੱਚ 20 ਕਰੋੜ ਮੁਸਲਮਾਨ ਰਹਿੰਦੇ ਹਨ।”

”ਜੇਕਰ ਅਸੀਂ ਤੁਹਾਡੀ ਸੋਚ ਅਨੁਸਾਰ ਚੱਲੀਏ ਤਾਂ ਇਹ 20 ਕਰੋੜ ਮੁਸਲਮਾਨ ਵੀ ਬਾਕੀ ਭਾਰਤੀਆਂ ਤੋਂ ਵੱਖਰੇ ਹਨ।”

”ਤਾਂ ਕੀ ਪਾਕਿਸਤਾਨ ਆਪਣੇ 24 ਕਰੋੜ ਮੁਸਲਮਾਨਾਂ ਵਿੱਚ 20 ਕਰੋੜ ਭਾਰਤੀ ਮੁਸਲਮਾਨਾਂ ਨੂੰ ਸ਼ਾਮਲ ਕਰਨ ਲਈ ਤਿਆਰ ਹੈ? ਕੀ ਭਾਰਤੀ ਮੁਸਲਮਾਨ ਵੀ ਪਾਕਿਸਤਾਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ? ਅਤੇ ਉਨ੍ਹਾਂ 10 ਲੱਖ ਅਫ਼ਗਾਨ ਮੁਸਲਮਾਨਾਂ ਬਾਰੇ ਕੀ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ? ”

”ਉਹ ਤਾਂ ਦਹਾਕਿਆਂ ਤੋਂ ਪਾਕਿਸਤਾਨ ਵਿੱਚ ਰਹਿ ਰਿਹਾ ਹੈ। ਕੀ ਦੋ ਰਾਸ਼ਟਰ ਸਿਧਾਂਤ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦਾ?”

ਕੰਟਰੋਲ ਰੂਮ ਐਮਰਜੈਂਸੀ ਨੰਬਰ

ਜੰਮੂ-ਕਸ਼ਮੀਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਐਮਰਜੈਂਸੀ ਕੰਟਰੋਲ ਰੂਮ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ।

ਸ਼੍ਰੀਨਗਰ ਵਿੱਚ ਐਮਰਜੈਂਸੀ ਕੰਟਰੋਲ ਰੂਮ:

0194-2457543

0194-2483651

7006058623 (ਆਦਿਲ ਫਰੀਦ, ਏ.ਡੀ.ਸੀ. ਸ਼੍ਰੀਨਗਰ)

ਅਨੰਤਨਾਗ ਐਮਰਜੈਂਸੀ ਕੰਟਰੋਲ ਰੂਮ:

ਸੈਲਾਨੀਆਂ ਦੀ ਜਾਣਕਾਰੀ ਲਈ ਅਨੰਤਨਾਗ ਵਿੱਚ ਇੱਕ ਵਿਸ਼ੇਸ਼ ਡੈਸਕ ਸਥਾਪਤ ਕੀਤਾ ਗਿਆ ਹੈ। ਤੁਸੀਂ ਹੇਠਾਂ ਦਿੱਤੇ ਸੰਪਰਕ ਨੰਬਰ ‘ਤੇ ਸੰਪਰਕ ਕਰ ਸਕਦੇ ਹੋ।

01932222337

7780885759

9697982527

6006365245

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI