Home ਰਾਸ਼ਟਰੀ ਖ਼ਬਰਾਂ ਫਾਜ਼ਿਲਕਾ ਦੇ ਅਬੋਹਰ ਵਿੱਚ ਗੰਦਲੇ ਤੇ ਬਦਬੂਦਾਰ ਪਾਣੀ ਨੇ ਲੋਕਾਂ ਦਾ ਜੀਣਾ...

ਫਾਜ਼ਿਲਕਾ ਦੇ ਅਬੋਹਰ ਵਿੱਚ ਗੰਦਲੇ ਤੇ ਬਦਬੂਦਾਰ ਪਾਣੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ, ਜਾਣੋ ਲੋਕ ਕਿਹੜੀਆਂ ਦਿੱਕਤਾਂ ਝੱਲ ਰਹੇ

4
0

Source :- BBC PUNJABI

ਗੰਦੇ ਪਾਣੀ ਤੋਂ ਪਰੇਸ਼ਾਨ ਲੋਕ

ਤਸਵੀਰ ਸਰੋਤ, Getty Images

ਨਹਿਰਾਂ ਤੇ ਰਜਬਾਹਿਆਂ ਵਿੱਚ ਆ ਰਹੇ ਗੰਦੇ ਤੇ ਬਦਬੂਦਾਰ ਪਾਣੀ ਨੇ ਮਾਲਵੇ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਅਬੋਹਰ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਹਾਲਤ ਇਹ ਹੈ ਕਿ ਪਾਣੀ ‘ਚੋਂ ਆਉਂਦੀ ਗੰਦੀ ਬਦਬੂ ਕਾਰਨ ਇਨ੍ਹਾਂ ਰਜਬਾਹਿਆਂ ਦੇ ਨੇੜੇ ਜਾਣਾ ਵੀ ਔਖਾ ਹੈ।

ਕਿਸਾਨਾਂ ਨੂੰ ਡਰ ਹੈ ਕਿ ਇਸ ਗੰਦਲੇ ਪਾਣੀ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਅਬਹੋਰ ਦੇ ਪ੍ਰਧਾਨ ਸੁਖਜਿੰਦਰ ਸਿੰਘ (ਰਾਜਨ) ਦਾ ਕਹਿਣਾ ਹੈ ਕਿ ਅਬਹੋਰ ਹਲਕੇ ਦੀਆਂ ਸਾਰੀਆਂ ਨਹਿਰਾਂ ਸਰਹੰਦ ਫੀਡਰ ਤੋਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਦੂਸ਼ਤ ਪਾਣੀ ਆ ਰਿਹਾ ਹੈ। ਪਹਿਲਾਂ ਇਹ ਦੂਸ਼ਤ ਪਾਣੀ ਹਰ ਸਾਲ ਤਿੰਨ ਤੋਂ ਚਾਰ ਦਿਨ ਆਉਂਦਾ ਸੀ ਪਰ ਇਸ ਵਾਰ 15 ਤੋਂ 20 ਦਿਨ ਹੋ ਚੁੱਕੇ ਹਨ, ਪਰ ਇਹ ਗੰਦਾ ਪਾਣੀ ਆਉਣਾ ਬੰਦ ਨਹੀਂ ਹੋ ਰਿਹਾ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਅਬਹੋਰ ਦੇ ਪ੍ਰਧਾਨ ਸੁਖਜਿੰਦਰ ਸਿੰਘ

ਸੁਖਜਿੰਦਰ ਸਿੰਘ ਨੇ ਕਿਹਾ, ”ਇਨ੍ਹਾਂ ਨਹਿਰਾਂ ਵਿੱਚ ਬੁੱਢੇ ਨਾਲੇ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਇਹ ਪਾਣੀ ਹਜ਼ਾਰਾਂ ਏਕੜ ਫਸਲਾਂ ਨੂੰ ਲੱਗਦਾ ਹੈ ਅਤੇ ਲੋਕ ਇਹ ਦੂਸ਼ਤ ਪਾਣੀ ਪੀਣ ਲਈ ਮਜਬੂਰ ਹਨ ਕਿਉਂਕਿ ਨਹਿਰਾਂ ਤੋਂ ਇਲਾਵਾ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਹੈ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ”ਇਸ ਪਾਣੀ ਦੀਆਂ ਬੋਤਲਾਂ ਭਰ ਕੇ ਫਾਜ਼ਿਲਕਾ ਦੇ ਡੀਸੀ ਨੂੰ ਵੀ ਦਿਖਾਇਆ ਗਿਆ ਸੀ ਅਤੇ ਉਨ੍ਹਾਂ ਨੇ ਵੀ ਇਹ ਮੰਨਿਆ ਹੈ ਕਿ ਇਹ ਸਾਫ਼ ਨਹੀਂ ਹੈ।”

ਕਿਸਾਨ ਸੁਖਮਿੰਦਰ ਸਿੰਘ

ਪਿੰਡ ਝਰੜ ਖੇੜਾ ਦੇ ਕਿਸਾਨ ਸੁਖਮਿੰਦਰ ਸਿੰਘ ਕਹਿੰਦੇ ਹਨ, ”ਧਰਤੀ ਹੇਠਲਾ ਪਾਣੀ ਖਾਰਾ ਹੈ, ਇਸ ਲਈ ਸਾਰਾ ਇਲਾਕਾ ਨਹਿਰੀ ਪਾਣੀ ਉੱਪਰ ਨਿਰਭਰ ਹੈ। ਜਦੋਂ ਅਸੀਂ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਫਾਜਿਲਕਾ ਨੂੰ ਮਿਲੇ ਤਾਂ ਉਨ੍ਹਾਂ ਨੇ ਅਸਿੱਧੇ ਤੌਰ ਤੇ ਸਾਨੂੰ ਦੱਸਿਆ ਕਿ ਇਹ ਬਹੁਤ ਵੱਡਾ ਮੁੱਦਾ ਹੈ, ਜਿਸ ਨੂੰ ਸਰਕਾਰ ਹੀ ਹੱਲ ਕਰ ਸਕਦੀ ਹੈ। ਅਸੀਂ ਤਾਂ ਸਿਰਫ਼ ਉੱਚ ਅਧਿਕਾਰੀਆਂ ਨੂੰ ਚਿੱਠੀ ਪੱਤਰ ਹੀ ਲਿਖ ਸਕਦੇ ਹਾਂ।”

”ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਫ਼ਸਲੀ ਭਿੰਨਤਾ ਲਿਆਉਣੀ ਚਾਹੀਦੀ ਹੈ। ਅਸੀਂ ਫ਼ਸਲੀ ਵਭਿੰਨਤਾ ਲਿਆਉਣ ਲਈ ਬਾਗ ਲਗਾਏ ਹਨ। ਪਰ ਹੁਣ ਉਹ ਬਾਗ ਪਾਣੀ ਦੇ ਕਾਰਨ ਪੁੱਟਣੇ ਪੈ ਰਹੇ ਹਨ।”

ਗੰਦੇ ਪਾਣੀ ਤੋਂ ਪਰੇਸ਼ਾਨ ਲੋਕ

ਵਾਟਰ ਵਰਕਸ ਦਾ ਪਾਣੀ ਵੀ ਸਾਫ਼ ਨਹੀਂ

ਅਬੋਹਰ ਵਿੱਚ ਬਣੇ ਵਾਟਰ ਵਰਕਸ ਵਿੱਚ ਨਹਿਰਾਂ ਤੋਂ ਆਇਆ ਪਾਣੀ ਸਾਫ ਕਰਕੇ ਅੱਗੇ ਘਰਾਂ ਵਿੱਚ ਇਸਤੇਮਾਲ ਲਈ ਸਪਲਾਈ ਕੀਤਾ ਜਾਂਦਾ ਹੈ ਪਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਾਣੀ ਵੀ ਗੰਦਲਾ ਹੈ ਜਿਸ ਕਰਕੇ ਦਿੱਕਤਾਂ ਆ ਰਹੀਆਂ ਹਨ।

ਜਮਨਾ ਦੇਵੀ ਬੁਰਜ ਮਹਾਰ ਕਲੋਨੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰਾਂ ਵਿੱਚ ਪਾਣੀ ਬਹੁਤ ਗੰਦਾ ਆ ਰਿਹਾ ਹੈ ।

ਇਸ ਪਾਣੀ ਨਾਲ ਰੋਟੀ ਅਤੇ ਸਬਜ਼ੀ ਬਣਾਉਣ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨਾਲ ਪੇਟ ਖਰਾਬ ਹੋ ਜਾਂਦਾ ਹੈ। ਜਦੋਂ ਅਸੀਂ ਕੱਪੜੇ ਧੋਂਦੇ ਹਾਂ ਤਾਂ ਕੱਪੜਿਆਂ ਵਿੱਚੋਂ ਪੂਰੀ ਮੈਲ ਨਹੀਂ ਨਿਕਲਦੀ ਹੈ।

ਭਾਂਡੇ ਵੀ ਪੂਰੀ ਤਰ੍ਹਾਂ ਸਾਫ ਨਹੀਂ ਹੁੰਦੇ ਹੱਥਾਂ ਉੱਪਰ ਵੀ ਪਾਣੀ ਦੇ ਕਾਰਨ ਖਾਰਸ਼ ਹੁੰਦੀ ਹੈ। ਮਜਬੂਰੀ ਦੇ ਕਾਰਨ ਇਸ ਪਾਣੀ ਨੂੰ ਵਰਤੋਂ ਵਿੱਚ ਵੀ ਲਿਆਉਣਾ ਪੈਂਦਾ ਹੈ। ਪਰ ਹੁਣ ਅਸੀਂ ਪੀਣ ਲਈ ਪਾਣੀ 20 ਰੁਪਏ ਕੈਨੀ ਮੁੱਲ ਲੈ ਕੇ ਪੀਂਦੇ ਹਾਂ।

ਇਹ ਵੀ ਪੜ੍ਹੋ-

ਪਾਣੀ ਟੈਸਟ ਕਰਨ ਵਾਲੇ ਮਾਹਿਰ ਨੇ ਕੀ ਦੱਸਿਆ

ਵਾਟਰ ਸਪਲਾਈ ਅਤੇ ਸੈਨੀਟੇਸ਼ਨ ਲੈਬ

ਵਾਟਰ ਸਪਲਾਈ ਅਤੇ ਸੈਨੀਟੇਸ਼ਨ ਲੈਬ ਕੈਮਿਸਟ ਅਮੀਸ਼ਾ ਦੱਸਦੇ ਹਨ, “ਪਿਛਲੇ ਹਫਤੇ ਕੁਝ ਜੇਈ (ਜੂਨੀਅਰ ਇੰਜੀਨੀਅਰਾਂ) ਨੇ ਸੱਤ ਨਹਿਰਾਂ ਵਿੱਚੋ ਪਾਣੀ ਦੇ ਨਮੂਨੇ ਲੈ ਕੇ ਮੈਨੂੰ ਦਿੱਤੇ ਸਨ। ਉਨ੍ਹਾਂ ਨੇ ਪੰਜਾਵਾ ਮਾਈਨਰ, ਮਲੂਕਾ ਮਾਈਨਰ, ਆਜ਼ਮ ਵਾਲਾ ਮਾਈਨਰ , ਗੋਬਿੰਦਗੜ੍ਹ ਮਾਈਨਰ, ਆਦਿ ਨਹਿਰਾਂ ਦੇ ਸੈਂਪਲ ਦਿੱਤੇ ਸਨ।”

”ਮੈਂ ਉਸ ਸਾਰੇ ਪਾਣੀ ਦੇ ਲੈਵਲ ਪੈਰਾਮੀਟਰ ਚੈੱਕ ਕਰਦੀ ਹਾਂ। ਇਸ ਪਾਣੀ ਵਿੱਚ ਬਦਬੂ ਅਤੇ ਰੰਗ ਦੀ ਦਿੱਕਤ ਆ ਰਹੀ ਹੈ। ਮੈਂ ਜੇਈ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਇਹ ਨਮੂਨੇ ਠੀਕ ਨਹੀਂ ਲੱਗ ਰਹੇ ਹਨ।”

”ਹਾਲਾਂਕਿ ਅਜੇ ਇਸ ਦੀ ਰਿਪੋਰਟ ਆਉਣ ਬਾਕੀ ਹੈ ਕਿ ਇਸ ਪਾਣੀ ‘ਚ ਬੈਕਟੀਰੀਆ ਹਨ ਜਾਂ ਨਹੀਂ। ਅਸੀਂ ਇਨ੍ਹਾਂ ਨਮੂਨਿਆਂ ਨੂੰ ਅੱਗੇ ਮੋਗਾ ਅਤੇ ਚੰਡੀਗੜ੍ਹ ਵੀ ਭੇਜਿਆ ਹੈ।”

ਅਧਿਕਾਰੀ ਕੀ ਦੱਸ ਰਹੇ ਹਨ

ਫਾਜਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ, ਡਾਕਟਰ ਮਨਦੀਪ ਕੌਰ

ਫਾਜਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ, ਡਾਕਟਰ ਮਨਦੀਪ ਕੌਰ ਦਾ ਕਹਿਣਾ ਹੈ ਕਿ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਹੈ, ਉਹ ਪਿੱਛੋਂ ਹੀ ਆ ਰਿਹਾ ਹੈ। ਫਾਜ਼ਿਲਕਾ ਤੋਂ ਕੋਈ ਵੀ ਨਹਿਰ ਦੂਸ਼ਿਤ ਨਹੀਂ ਹੋ ਰਹੀ ਹੈ। ਅਸੀਂ ਲੋਕਾਂ ਨੂੰ ਬੋਰਾਂ ਦਾ ਸਾਫ਼ ਪਾਣੀ ਪੀਣ ਲਈ ਦੇ ਰਹੇ ਹਾਂ।”

ਉਨ੍ਹਾਂ ਕਿਹਾ ਕਿ ”ਅਸੀਂ ਐਕਸੀਅਨ ਵਾਟਰ ਸਪਲਾਈ ਸੈਨੀਟੇਸ਼ਨ ਨੂੰ ਇਸ ਸਬੰਧ ਵਿੱਚ ਸਖਤ ਹਦਾਇਤਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਸਾਰੀ ਸੈਂਪਲਿੰਗ ਕਰਵਾ ਲਈ ਹੈ, ਉਸ ਦੀ ਰਿਪੋਰਟ ਵੀ ਆ ਗਈ ਹੈ।”

”ਸਾਰਾ ਪਾਣੀ (ਗੰਦਾ ਪਾਣੀ) ਪੀਣ ਲਈ ਨਹੀਂ ਦਿੱਤਾ ਜਾ ਰਿਹਾ ਅਤੇ ਕਿਉਂਕਿ ਪਿੱਛੋਂ ਪਾਣੀ ਆ ਨਹੀਂ ਰਿਹਾ ਇਸ ਲਈ ਅਸੀਂ ਬੋਰ ਦਾ ਪਾਣੀ ਲੋਕਾਂ ਨੂੰ ਪੀਣ ਲਈ ਮੁਹੱਈਆ ਕਰਵਾ ਰਹੇ ਹਾਂ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI