Source :- BBC PUNJABI

ਤਸਵੀਰ ਸਰੋਤ, X/Mark Carney
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
-
19 ਅਪ੍ਰੈਲ 2025, 08:26 IST
ਅਪਡੇਟ ਇੱਕ ਘੰਟਾ ਪਹਿਲਾਂ
ਚਾਹੇ ਕੈਨੇਡਾ ਦੇ ਪੀਐੱਮ ਅਤੇ ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਹੋਣ ਜਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ।
ਕੈਨੇਡਾ ਦੇ ਪੀਐੱਮ ਬਣਨ ਦੀ ਦੌੜ ‘ਚ ਸ਼ਾਮਲ ਇਨ੍ਹਾਂ ਆਗੂਆਂ ਵੱਲੋਂ ਪੰਜਾਬੀ ਭਾਈਚਾਰੇ ਦੇ ਸਮਾਗਮਾਂ ਵਿੱਚ ਲਗਾਤਾਰ ਹਿੱਸਾ ਲਿਆ ਜਾ ਰਿਹਾ ਹੈ।
ਚੋਣਾਂ ਚਾਹੇ ਕਿਸੇ ਵੀ ਲੋਕਤੰਤਰ ‘ਚ ਹੋਣ ਵੋਟਰਾਂ ਤੱਕ ਪਹੁੰਚ ਬਣਾਉਣੀ ਉਮੀਦਵਾਰਾਂ ਦੀ ਲੋੜ ਵੀ ਹੁੰਦੀ ਹੈ ਤੇ ਮਜਬੂਰੀ ਵੀ।
ਕੈਨੇਡਾ ਦੀਆਂ ਮੁੱਖ ਪਾਰਟੀਆਂ ਆਪਣੇ ਪੰਜਾਬੀ ਵੋਟਰਾਂ ਤੱਕ ਪਹੁੰਚਣ ਲਈ ਕੀ ਵੱਖਰਾ ਕਰ ਰਹੀਆਂ? ਲਿਬਰਲ ਪੱਖੀ ਮੰਨਿਆ ਜਾਂਦਾ ਪੰਜਾਬੀ ਭਾਈਚਾਰਾ ਕੀ ਹੁਣ ਕੰਜ਼ਰਵੇਟਿਵ ਪਾਰਟੀ ਵੱਲ ਵੀ ਮੁੜ ਰਿਹਾ ਹੈ? ਤੇ ਇਸ ਵਾਰ ਦੀਆਂ ਚੋਣਾਂ ਵਿੱਚ ਹੋਰ ਕੀ ਕੁਝ ਅਹਿਮ ਹੈ।
ਕੰਜ਼ਰਵੇਟਿਵ ਪਾਰਟੀ ਨੇ ਕੀ ਪੈਂਤੜਾ ਅਪਣਾਇਆ?

ਪਹਿਲਾਂ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕੈਨੇਡਾ ‘ਚ ਇੱਕ ਪਾਰਲੀਮੈਂਟਰੀ ਹਲਕੇ ਨੂੰ ‘ਰਾਈਡਿੰਗ’ ਕਿਹਾ ਜਾਂਦਾ ਹੈ।
ਕੈਨੇਡਾ ਰਹਿੰਦੇ ਮਾਹਰਾਂ ਮੁਤਾਬਕ ਬਰੈਂਪਟਨ, ਗ੍ਰੇਟਰ ਟੋਰਾਂਟੋ, ਐਡਮੰਟਨ, ਸਰੀ ਤੇ ਕੈਲਗਰੀ ਸਣੇ ਹੋਰ ਕੁਝ ਅਜਿਹੇ ਖੇਤਰ ਹਨ, ਜਿੱਥੇ ਸੀਟਾਂ ਜਿੱਤਣ ਲਈ ਪੰਜਾਬੀ ਭਾਈਚਾਰੇ ਜਾਂ ਦੱਖਣੀ ਏਸ਼ੀਆਈ ਭਾਈਚਾਰੇ ਦੀ ਵੋਟ ਕਾਫੀ ਅਹਿਮ ਹੈ।
ਇਨ੍ਹਾਂ ਇਲਾਕਿਆਂ ਵਿੱਚ ਵੋਟਾਂ ਹਾਸਲ ਕਰਨ ਲਈ ਕੈਨੇਡਾ ਵਿੱਚ ਘਰ-ਘਰ ਜਾ ਕੇ ਵੋਟਾਂ ਵੀ ਮੰਗੀਆਂ ਜਾ ਰਹੀਆਂ ਹਨ ਉੱਥੇ ਹੀ ਸਟਾਰ ਪ੍ਰਚਾਰਕਾਂ ਦੀ ਹਾਜ਼ਰੀ ਵਾਲੀਆਂ ਸਿਆਸੀ ਰੈਲੀਆਂ ਦਾ ਵੀ ਕਲਚਰ ਹੈ।
ਮਾਹਰ ਦੱਸਦੇ ਹਨ ਕਿ ਇਸ ਵਾਰ ‘ਡਿਜੀਟਲ ਐਡਜ਼’ ‘ਚ ਵੱਡਾ ਉਭਾਰ ਆਇਆ ਹੈ ਜਿਸ ਦੀ ਵਰਤੋਂ ਪੰਜਾਬੀ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਵੀ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਕੈਨੇਡਾ ਵਿੱਚ ਚੋਣ ਰਣਨੀਤੀਕਾਰ ਵਜੋਂ ਕੰਮ ਕਰਦੇ ਹਰਨੀਤ ਸਿੰਘ ਦੱਸਦੇ ਹਨ, “ਕੰਜ਼ਰਵੇਟਿਵ ਪਾਰਟੀ ਵੱਲੋਂ ਪੰਜਾਬੀ ਵਿੱਚ ਐਡਜ਼ ਦੀ ਵਰਤੋਂ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀ ਗਈ, ਜਿਸ ਮਗਰੋਂ ਲਿਬਰਲ ਪਾਰਟੀ ਨੇ ਵੀ ਅਜਿਹਾ ਸ਼ੁਰੂ ਕੀਤਾ।”
ਉਹ ਦੱਸਦੇ ਹਨ ਕਿ ਦੋਵਾਂ ਪਾਰਟੀਆਂ ਦੀਆਂ ਐਡਜ਼ ਵਿੱਚ ਫ਼ਰਕ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਬਾਰੇ ਪੂਰੀ ਤਿਆਰੀ ਨਾਲ ਐਡਜ਼ ਜਾਰੀ ਕੀਤੀਆਂ ਜਾ ਰਹੀਆਂ ਹਨ ਜਦਕਿ ਲਿਬਰਲ ਪਾਰਟੀ ਦੀ ਨੀਤੀ ਅਜਿਹੀ ਨਹੀਂ ਰਹੀ।
ਉਨ੍ਹਾਂ ਦੱਸਿਆ ਕਿ ਕੈਨੇਡਾ ‘ਚ ਚੋਣ ਮੁਹਿੰਮ ਦੇ ਦੌਰਾਨ ‘ਡਿਜੀਟਲ ਮਾਰਕਿਟਿੰਗ’ ਕਾਫੀ ਸੀਮਤ ਹੈ, ਸਿਆਸੀ ਐਡਜ਼ ਸਿਰਫ਼ ਮੈਟਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੈਟਫਾਰਮ ‘ਤੇ ਹੀ ਚਲਦੀਆਂ ਹਨ।
ਉਹ ਦੱਸਦੇ ਹਨ ਕਿ ਅਧਿਕਾਰਤ ਡੇਟਾ ਮੁਤਾਬਕ ਪਾਰਟੀਆਂ ਵੱਲੋਂ ਆਏ ਹਫ਼ਤੇ ਇੱਕ ਮਿਲੀਅਨ ਤੋਂ ਵੀ ਵੱਧ ਡਾਲਰ ਇਸ ਲਈ ਖਰਚੇ ਗਏ ਹਨ। ਬਹੁਤ ਥਾਵਾਂ ‘ਤੇ ਡੌਰ ਨੌਕਿੰਗ ਜਾਂ ਰੈਲੀਆਂ ਉੱਤੇ ਪੈਸੇ ਲਾਉਣ ਦੀ ਥਾਂ ਡਿਜੀਟਲ ਐਡਜ਼ ਲਈ ਵੱਧ ਵਰਤੇ ਜਾ ਰਹੇ ਹਨ।

ਤਸਵੀਰ ਸਰੋਤ, Getty Images
ਕੈਨੇਡਾ ਰਹਿੰਦੇ ਨੌਜਵਾਨ ਵੋਟਰਜ਼ ਨਾਲੋਂ ਵਡੇਰੀ ਉਮਰ ਦੇ ਵੋਟਰ ਵੱਧ ਹਿੱਸਾ ਲੈਂਦੇ ਹਨ, ਇਸ ਲਈ ਪੰਜਾਬੀ ਬੋਲੀ ਵਿੱਚ ਪ੍ਰਚਾਰ ਪਾਰਟੀਆਂ ਲਈ ਵੱਧ ਕਾਰਗਰ ਸਿੱਧ ਹੁੰਦਾ ਹੈ।
ਕੈਨੇਡਾ ਰਹਿੰਦੇ ਵਕੀਲ ਹਰਮਿੰਦਰ ਢਿੱਲੋਂ ਦੱਸਦੇ ਹਨ ਕਿ ਹਾਲਾਂਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਐਡਜ਼ ਵਿੱਚ ਅਪਰਾਧ ਵਧਣ ਦੇ ਮੁੱਦੇ ਦੇ ਨਾਲ-ਨਾਲ ਹੋਰ ਕਈ ਮੁੱਦੇ ਚੁੱਕੇ ਜਾ ਰਹੇ ਹਨ ਪਰ ਇਸ ਲਈ ਵਰਤਿਆ ਜਾ ਰਿਹਾ ਤਰੀਕਾ ਕਿਤੇ ਨਾ ਕਿਤੇ ਵੋਟਰਜ਼ ਵਿੱਚ ਡਰ ਵੀ ਪੈਦਾ ਕਰਨ ਵਾਲਾ ਹੈ।

ਕੰਜ਼ਰਵੇਟਿਵ ਪਾਰਟੀ ਅਤੇ ਪੰਜਾਬੀ ਵੋਟਰ
ਹਾਲਾਂਕਿ ਲਿਬਰਲ ਪਾਰਟੀ ਨੂੰ ਪੰਜਾਬੀ ਭਾਈਚਾਰੇ ਦੀ ਮੁੱਖ ਪਸੰਦ ਮੰਨਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ 15 ਤੋਂ ਵੱਧ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ।
ਹਾਲ ਹੀ ਵਿੱਚ ਕੰਜ਼ਰਵੇਟਿਵ ਆਗੂ ਪੀਏਰ ਪੋਲੀਏਵ ਨੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਬਰੈਂਪਟਨ ਵਿੱਚ ਇੱਕ ਵੱਡੀ ਰੈਲੀ ਕੀਤੀ।
ਪੰਜਾਬੀਆਂ ਦਾ ਸਮਰਥਨ ਵਧਣ ਬਾਰੇ ਹਰਨੀਤ ਦੱਸਦੇ ਹਨ ਕਿ ਪੰਜਾਬੀ ਕੈਨੇਡੀਆਈ ਲੋਕ ਵੀ ਕੈਨੇਡਾ ਦੇ ਵਸਨੀਕ ਹੀ ਹਨ। ਕੈਨੇਡਾ ਵਿੱਚ ਮਹਿੰਗਾਈ, ਅਪਰਾਧ ਅਤੇ ਬੇਰੁਜ਼ਗਾਰੀ ਦੀਆਂ ਦਿੱਕਤਾਂ ਕਰਕੇ ਕੰਜ਼ਰਵੇਟਿਵ ਪਾਰਟੀ ਵੱਲ ਉਨ੍ਹਾਂ ਦਾ ਝੁਕਾਅ ਵਧਿਆ ਹੈ।
ਉੱਥੇ ਹੀ ਕੈਨੇਡਾ ਰਹਿੰਦੇ ਵਕੀਲ ਹਰਮਿੰਦਰ ਢਿੱਲੋਂ ਕਹਿੰਦੇ ਹਨ ਕਿ ਕੈਨੇਡਾ ਰਹਿੰਦੇ ਪੰਜਾਬੀ ਵੋਟਰਾਂ ਦੀ ਡੈਮੋਗ੍ਰੈਫਿਕ ਵਿੱਚ ਵੀ ਬੀਤੇ ਸਾਲਾਂ ਵਿੱਚ ਬਦਲਾਅ ਆਇਆ ਹੈ। ਕਈ ਕੰਜ਼ਰਵੇਟਿਵ ਪੰਜਾਬੀ ਉਮੀਦਵਾਰ ਅਜਿਹੇ ਵੀ ਹਨ ਜੋ ਇਮੀਗ੍ਰੇਸ਼ਨ ਦੇ ਹੀ ਖ਼ਿਲਾਫ਼ ਬਿਆਨ ਦੇ ਰਹੇ ਹਨ।
ਹਰਮਿੰਦਰ ਦੱਸਦੇ ਹਨ ਕਿ ਹਾਲਾਂਕਿ ਕੰਜ਼ਰਵੇਟਿਵ ਪਾਰਟੀ ਨੇ ਜੋ ਉਮੀਦਵਾਰ ਖੜ੍ਹੇ ਕੀਤੇ ਉਨ੍ਹਾਂ ਦਾ ਗ੍ਰਾਊਂਡ ਉੱਤੇ ਲਿਬਰਲ ਪਾਰਟੀ ਜਿੰਨਾ ਅਧਾਰ ਨਹੀਂ ਹੈ ਤੇ ਉਨ੍ਹਾਂ ਵਿੱਚੋਂ ਬਹੁਤੇ ਨਵੇਂ ਹਨ।
ਟਰੰਪ ਨੇ ਪੰਜਾਬੀ ਵੋਟਰਾਂ ਦੇ ਲਈ ਕੀ ਬਦਲਿਆ

ਤਸਵੀਰ ਸਰੋਤ, Getty Images
ਹਰਮਿੰਦਰ ਦੱਸਦੇ ਹਨ ਕਿ ਟਰੰਪ ਦੇ ਟੈਰਿਫ਼ ਦੇ ਐਲਾਨ ਦਾ ਕੈਨੇਡਾ ਵਿੱਚ ਆਟੋ ਬਿਜ਼ਨਸ ਉੱਤੇ ਅਸਰ ਪਿਆ, ਪੂਰੇ ਕੈਨੇਡਾ ਵਿੱਚ ਕੌਸਟ ਆਫ ਲਿਵਿੰਗ ਤੇ ਪਰਵਾਸ ਦਾ ਮੁੱਦਾ ਓਨਾ ਵੱਡਾ ਨਹੀਂ ਰਿਹਾ। ਇਸ ਨੇ ਕੈਨੇਡਾ ਦੇ ਪੰਜਾਬੀ ਵੋਟਰ ਦੀਆਂ ਤਰਜੀਹਾਂ ਵੀ ਬਦਲੀਆਂ ਹਨ।
ਹਰਨੀਤ ਵੀ ਮੰਨਦੇ ਹਨ ਕਿ ਟਰੰਪ ਦੇ ਐਲਾਨ ਤੋਂ ਪਹਿਲਾਂ ਵਿਦੇਸ਼ੀ ਦਖ਼ਲਅੰਦਾਜ਼ੀ ਤੇ ਪਰਵਾਸ ਪੰਜਾਬੀ ਵੋਟਰਾਂ ਲਈ ਵੱਡੇ ਮੁੱਦੇ ਸਨ ਪਰ ਹੁਣ ਅਜਿਹਾ ਨਹੀਂ ਹੈ।
ਕੈਨੇਡਾ ਦੀਆਂ ਚੋਣਾਂ ਵਿੱਚ ਕਿਹੜੇ ਪੰਜਾਬੀ ਤੇ ਭਾਰਤੀ ਮੂਲ ਦੇ ਚਿਹਰਿਆਂ ‘ਤੇ ਹੋਵੇਗੀ ਨਜ਼ਰ?

ਤਸਵੀਰ ਸਰੋਤ, Getty Images
ਜਗਮੀਤ ਸਿੰਘ
ਪੰਜਾਬੀ ਮੂਲ ਦੇ ਸਭ ਤੋਂ ਚਰਚਿਤ ਉਮੀਦਵਾਰ ਜਗਮੀਤ ਸਿੰਘ ਬਰਨਬੀ ਸੈਂਟਰ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਨ।
ਵੱਖ-ਵੱਖ ਪੋਲਜ਼ ਵਿੱਚ ਉਨ੍ਹਾਂ ਨੂੰ ਲਿਬਰਲ ਪਾਰਟੀ ਦੇ ਉਮੀਦਵਾਰ ਤੋਂ ਪਿੱਛੇ ਵਿਖਾਇਆ ਜਾ ਰਿਹਾ ਹੈ।
ਟਿਮ ਉੱਪਲ
ਐਡਮੰਟਨ ਮਿੱਲ ਵੁੱਡਸ ਤੋਂ ਐੱਮਪੀ ਟਿਮ ਉੱਪਲ ਵੀ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਚਰਚਿਤ ਆਗੂਆਂ ਵਿੱਚੋਂ ਇੱਕ ਹਨ।
ਉਹ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਹਨ।
ਉਨ੍ਹਾਂ ਦੀ ਵੈੱਬਸਾਈਟ ਦੇ ਮੁਤਾਬਕ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ‘ਰੈਜ਼ੀਡੈਂਸ਼ੀਅਲ ਮੌਰਟਗੇਜ ਮੈਨੇਜਰ’ ਵਜੋਂ ਕੰਮ ਕਰਦੇ ਸਨ। ਉਹ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸਲਾਹਕਾਰ ਵੀ ਰਹਿ ਚੁੱਕੇ ਹਨ।

ਤਸਵੀਰ ਸਰੋਤ, Getty Images
ਸੁੱਖ ਧਾਲੀਵਾਲ
ਸੁੱਖ ਧਾਲੀਵਾਲ ਬ੍ਰਿਟਿਸ਼ ਕੋਲੰਬੀਆ ਦੀ ਸਰੀ-ਨਿਊਟਨ ਸੀਟ ਤੋਂ ਲਿਬਰਲ ਪਾਰਟੀ ਦੇ ਐੱਮਪੀ ਹਨ।
ਉਹ ਸਾਲ 2015 ਤੋਂ ਐੱਮਪੀ ਦੀ ਚੋਣ ਜਿੱਤਦੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਨਿਊਟਨ-ਨੌਰਥ ਡੈਲਟਾ ਤੋਂ ਸਾਲ 2006 ਤੋਂ 2011 ਤੱਕ ਐੱਮਪੀ ਰਹਿ ਚੁੱਕੇ ਹਨ।
ਕਮਲ ਖਹਿਰਾ
ਬਰੈਂਪਟਨ ਵੈੱਸਟ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਕਮਲ ਖਹਿਰਾ ਨੂੰ ਮਾਰਕ ਕਾਰਨੀ ਵੱਲੋਂ ਸਿਹਤ ਮੰਤਰੀ ਬਣਾਇਆ ਗਿਆ ਹੈ।
ਕਮਲ ਖਹਿਰਾ ਪਹਿਲੀ ਵਾਰ 2015 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ।
ਰਣਦੀਪ ਸਿੰਘ ਸਰਾਏ ਸਰੀ ਸੈਂਟਰ ਹਲਕੇ ਤੋਂ 2015 ਤੋਂ ਐੱਮਪੀ ਹਨ।
ਉਨ੍ਹਾਂ ਦੇ ਪਰਿਵਾਰ ਨੇ ਜਲੰਧਰ ਤੋਂ ਕੈਨੇਡਾ ਪਰਵਾਸ ਕੀਤਾ ਸੀ।
ਰਣਦੀਪ ਸਰਾਏ ਪੇਸ਼ੇ ਵਜੋਂ ਵਕੀਲ ਵੀ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਬੈਚਲਰਜ਼ ਅਤੇ ਕੁਈਨਜ਼ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਡਿਗਰੀ ਕੀਤੀ ਹੈ।
ਇਸ ਤੋਂ ਇਲਾਵਾ ਬਰੈਂਪਟਨ ਸਾਊਥ ਤੋਂ ਉਮੀਦਵਾਰ ਸੋਨੀਆ ਸਿੱਧੂ ਅਤੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਰੂਬੀ ਸਹੋਤਾ ਵੀ ਮੁੱਖ ਪੰਜਾਬੀ ਉਮੀਦਵਾਰਾਂ ਵਿੱਚੋ ਇੱਕ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI