Source :- BBC PUNJABI

ਤਸਵੀਰ ਸਰੋਤ, Reuters
ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਹੋਰ ਕੰਧ ਉਸਾਰ ਦਿੱਤੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਬਾਕੀ ਸਾਰਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
ਅਮਰੀਕਾ ਵਿੱਚ ਆਉਣ ਵਾਲੇ ਲਗਭਗ ਹਰ ਉਤਪਾਦ ‘ਤੇ ਘੱਟੋ-ਘੱਟ 10 ਫੀਸਦ ਦਾ ਭਾਰੀ ਟੈਰਿਫ ਲਗਾਉਣ ਦਾ ਉਨ੍ਹਾਂ ਦਾ ਫ਼ੈਸਲਾ ਅਸਲ ਵਿੱਚ ਇੱਕ ਕੰਧ ਵਾਂਗ ਹੀ ਹੈ, ਜੋ ਕੰਮ ਅਤੇ ਨੌਕਰੀਆਂ ਨੂੰ ਅਮਰੀਕਾ ਦੇ ਅੰਦਰ ਰੱਖਣ ਲਈ ਬਣਾਈ ਗਈ ਹੈ, ਨਾ ਕਿ ਪਰਵਾਸੀਆਂ ਨੂੰ ਬਾਹਰ ਰੱਖਣ ਲਈ।
ਇਸ ਕੰਧ ਦੀ ਉਚਾਈ ਨੂੰ ਇਤਿਹਾਸਕ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਇਹ ਅਮਰੀਕਾ ਨੂੰ ਸੁਰੱਖਿਆਵਾਦ ਦੇ ਸੰਦਰਭ ਵਿੱਚ ਇੱਕ ਸਦੀ ਪਿੱਛੇ ਲੈ ਜਾਂਦਾ ਹੈ।
ਇਹ ਅਮਰੀਕਾ ਨੂੰ ਜੀ-7 ਅਤੇ ਜੀ-20 ਦੇਸ਼ਾਂ ਤੋਂ ਕਿਤੇ ਉੱਪਰ ਚੁੱਕ ਕੇ ਕਸਟਮ ਮਾਲੀਏ ਵਿੱਚ ਸੇਨੇਗਲ, ਮੰਗੋਲੀਆ ਅਤੇ ਕਿਰਗਿਸਤਾਨ ਦੇ ਬਰਾਬਰ ਲਿਆ ਖੜ੍ਹਾ ਕਰਦਾ ਹੈ।
ਇਸ ਹਫ਼ਤੇ ਜੋ ਹੋਇਆ ਉਹ ਸਿਰਫ਼ ਅਮਰੀਕਾ ਵੱਲੋਂ ਵਿਸ਼ਵਵਿਆਪੀ ਵਪਾਰ ਯੁੱਧ ਸ਼ੁਰੂ ਕਰਨਾ ਜਾਂ ਸਟਾਕ ਬਾਜ਼ਾਰਾਂ ਵਿੱਚ ਉਥਲ-ਪੁਥਲ ਪੈਦਾ ਕਰਨਾ ਨਹੀਂ ਸੀ।
ਇਹ ਦੁਨੀਆਂ ਦੀ ਸਭ ਤੋਂ ਵੱਡੀ ਸ਼ਕਤੀ ਹੈ, ਜਿਸ ਨੇ ਵਿਸ਼ਵੀਕਰਨ ਦੀ ਪ੍ਰਕਿਰਿਆ ਤੋਂ ਮੂੰਹ ਮੋੜ ਲਿਆ। ਜਿਸ ਦਾ ਕਦੇ ਉਹ ਸਮਰਥਨ ਕਰਦਾ ਸੀ ਅਤੇ ਜਿਸ ਤੋਂ ਇਸ ਨੇ ਹਾਲ ਹੀ ਦੇ ਦਹਾਕਿਆਂ ਵਿੱਚ ਭਾਰੀ ਮੁਨਾਫ਼ਾ ਵੀ ਕਮਾਇਆ।
ਅਤੇ ਇਸ ਤਰ੍ਹਾਂ ਕਰਦੇ ਹੋਏ, ਰੋਜ਼ ਗਾਰਡਨ ਦੇ ਲਾਅਨ ਵਿੱਚ ਕੀਤੇ ਗਏ ਟੈਰਿਫ਼ ਐਲਾਨ ਪਿਛਲੇ ਸਮੀਕਰਨ ਦੀ ਵਰਤੋਂ ਕਰਦੇ ਹੋਏ, ਵ੍ਹਾਈਟ ਹਾਊਸ ਨੇ ਵੀ ਰਵਾਇਤੀ ਅਰਥ ਸ਼ਾਸਤਰ ਅਤੇ ਕੂਟਨੀਤੀ ਦੋਵਾਂ ਦੇ ਕੁਝ ਬੁਨਿਆਦੀ ਸਿਧਾਂਤਾਂ ਤੋਂ ਵੀ ਮੂੰਹ ਮੋੜ ਲਿਆ।

ਟਰੰਪ ਨੇ ਆਪਣੇ ਐਲਾਨ ਵਿੱਚ 1913 ਬਾਰੇ ਬਹੁਤ ਕੁਝ ਕਿਹਾ। ਇਹ ਇੱਕ ਨਵਾਂ ਮੋੜ ਸੀ ਜਦੋਂ ਅਮਰੀਕਾ ਨੇ ਆਪਣਾ ਸੰਘੀ ਆਮਦਨ ਟੈਕਸ ਬਣਾਇਆ ਅਤੇ ਆਪਣੇ ਟੈਰਿਫ਼ਾਂ ਨੂੰ ਕਾਫ਼ੀ ਘਟਾ ਦਿੱਤਾ ਸੀ।
ਇਸ ਤੋਂ ਪਹਿਲਾਂ, ਆਪਣੀ ਸ਼ੁਰੂਆਤ ਤੋਂ ਹੀ ਅਮਰੀਕੀ ਸਰਕਾਰ ਮੁੱਖ ਤੌਰ ‘ਤੇ ਟੈਰਿਫਾਂ ਦੁਆਰਾ ਫੰਡ ਹਾਸਲ ਕਰਦੀ ਸੀ। ਇਹ ਮੁਲਕ ਦੇ ਪਹਿਲੇ ਖਜ਼ਾਨਾ ਮੰਤਰੀ ਅਲੈਗਜ਼ੈਂਡਰ ਹੈਮਿਲਟਨ ਦੀ ਰਣਨੀਤੀ ਦੇ ਅਧਾਰ ਤੇ ਜ਼ੋਰਦਾਰ ਸੁਰੱਖਿਆਵਾਦੀ ਨੀਤੀ ਹੀ ਸੀ।
ਵ੍ਹਾਈਟ ਹਾਊਸ ਨੇ ਇਸ ਤੋਂ ਜੋ ਮੁੱਢਲਾ ਸਬਕ ਸਿੱਖਿਆ ਹੈ, ਉਹ ਇਹ ਹੈ ਕਿ ਵੱਧ ਟੈਰਿਫਾਂ ਨੇ ਪਹਿਲਾਂ ਅਮਰੀਕਾ ਨੂੰ ʻਮਹਾਨʼ ਬਣਾਇਆ ਸੀ ਅਤੇ ਇਸ ਦਾ ਅਰਥ ਇਹ ਵੀ ਹੈ ਕਿ ਸੰਘੀ ਆਮਦਨ ਟੈਕਸ ਦੀ ਕੋਈ ਲੋੜ ਨਹੀਂ ਸੀ।
ਅਟਲਾਂਟਿਕ ਦੇ ਇਸ ਪਾਸੇ, ਵਿਸ਼ਵੀਕਰਨ ਅਤੇ ਮੁਕਤ ਵਪਾਰ ਦੀਆਂ ਜੜ੍ਹਾਂ 19ਵੀਂ ਸਦੀ ਦੇ ਬ੍ਰਿਟਿਸ਼ ਅਰਥਸ਼ਾਸਤਰੀ ਡੇਵਿਡ ਰਿਕਾਰਡੋ ਦੇ ਸਿਧਾਂਤਾਂ ਵਿੱਚ ਹਨ। ਖ਼ਾਸ ਕਰਕੇ ਤੁਲਨਾਤਮਕ ਲਾਭ ਦਾ 1817 ਦਾ ਸਿਧਾਂਤ।
ਇਸ ਵਿੱਚ ਸਮੀਕਰਨਾਂ ਤਾਂ ਕਾਫ਼ੀ ਹਨ, ਪਰ ਦੋ ਮੂਲ ਗੱਲਾਂ ਸਮਝਣੀਆਂ ਕਾਫ਼ੀ ਆਸਾਨ ਹਨ।
ਵੱਖ-ਵੱਖ ਦੇਸ ਆਪਣੇ ਕੁਦਰਤੀ ਸਰੋਤਾਂ ਅਤੇ ਆਪਣੀ ਅਬਾਦੀ ਦੇ ਹੁਨਰ ਦੇ ਆਧਾਰ ‘ਤੇ ਵੱਖ-ਵੱਖ ਚੀਜ਼ਾਂ ਬਣਾਉਣ ਵਿੱਚ ਮਾਹਰ ਹਨ।
ਮੋਟੇ ਤੌਰ ‘ਤੇ ਕਿਹਾ ਜਾਵੇ ਤਾਂ ਪੂਰੀ ਦੁਨੀਆਂ ਅਤੇ ਇਸ ਅੰਦਰਲੇ ਦੇਸ਼ ਬਿਹਤਰ ਹਾਲਾਤ ਵਿੱਚ ਹੋਣਗੇ, ਜੇਕਰ ਹਰ ਕੋਈ ਉਸ ਵਿੱਚ ਮੁਹਾਰਤ ਹਾਸਲ ਕਰ ਲਵੇ, ਜਿਸ ਵਿੱਚ ਉਹ ਸਭ ਤੋਂ ਵਧੀਆ ਹਨ ਅਤੇ ਫਿਰ ਸੁਤੰਤਰ ਤੌਰ ‘ਤੇ ਵਪਾਰ ਕਰ ਸਕਦੇ ਹਨ।
ਬ੍ਰਿਟੇਨ ਵਿੱਚ ਇਹ ਰਾਜਨੀਤੀ ਅਤੇ ਅਰਥਸ਼ਾਸਤਰ ਦੇ ਵਿਚਕਾਰ ਸਬੰਧ ਦਾ ਅਧਾਰ ਬਣਿਆ ਹੋਇਆ ਹੈ।
ਦੁਨੀਆਂ ਦੇ ਜ਼ਿਆਦਾਤਰ ਲੋਕ ਅਜੇ ਵੀ ਤੁਲਨਾਤਮਕ ਲਾਭ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਵਿਸ਼ਵੀਕਰਨ ਦਾ ਬੌਧਿਕ ਧੁਰਾ ਹੈ।
ਪਰ ਅਮਰੀਕਾ ਉਸ ਸਮੇਂ ਕਦੇ ਵੀ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੋਇਆ। ਅਮਰੀਕਾ ਦੀ ਅੰਦਰੂਨੀ ਝਿਜਕ ਕਦੇ ਵੀ ਦੂਰ ਨਹੀਂ ਹੋਈ।
ਇਸ ਹਫ਼ਤੇ ਇਸਦਾ ਖੁਲਾਸਾ ਅਮਰੀਕੀ ਵਪਾਰ ਪ੍ਰਤੀਨਿਧੀ ਦੁਆਰਾ ਟਰੰਪ ਦੇ ਵੱਡੇ ਬੋਰਡ ‘ਤੇ ਅੰਕੜੇ ਪੈਦਾ ਕਰਨ ਲਈ ਬਣਾਇਆ ਗਿਆ, ਕਾਲਪਨਿਕ ਸਮੀਕਰਨ ਸੀ।

ਤਸਵੀਰ ਸਰੋਤ, Pool/BBC
‘ਪਰਸਪਰ’ ਟੈਰਿਫਾਂ ਪਿੱਛੇ ਤਰਕ
ਇਨ੍ਹਾਂ ਅਖੌਤੀ ʻਪਰਸਪਰʼ ਟੈਰਿਫਾਂ ਦੇ ਪਿੱਛੇ ਤਰਕ ਨੂੰ ਸਮਝਣਾ ਮਹੱਤਵਪੂਰਨ ਹੈ। ਇਹ ਅੰਕੜੇ ਉਨ੍ਹਾਂ ਦੇਸ਼ਾਂ ਵਿੱਚ ਪ੍ਰਕਾਸ਼ਿਤ ਟੈਰਿਫ ਦਰਾਂ ਨਾਲ ਬਹੁਤ ਘੱਟ ਸਮਾਨਤਾ ਰੱਖਦੇ ਹਨ।
ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਬਦਲਾਅ ਲਾਲ ਫੀਤਾਸ਼ਾਹੀ ਅਤੇ ਮੁਦਰਾ ਹੇਰਾਫੇਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਗਏ ਸਨ।
ਪਹਿਲੀ ਨਜ਼ਰੇ ਗੁੰਝਲਦਾਰ ਨਜ਼ਰ ਆਉਣ ਵਾਲੇ ਸਮੀਕਰਨ ʼਤੇ ਨੇੜਿਓਂ ਝਾਤ ਮਾਰਨ ʼਤੇ ਪਤਾ ਲੱਗਾ ਕਿ ਇਹ ਕੇਵਲ ਅਮਰੀਕਾ ਦੇ ਨਾਲ ਉਸ ਦੇਸ ਦੇ ਮਾਲ ਵਪਾਰ ਸਰਪਲੱਸ ਦੇ ਆਕਾਰ ਦਾ ਇੱਕ ਮਾਪ ਸੀ। ਉਨ੍ਹਾਂ ਨੇ ਵਪਾਰ ਘਾਟੇ ਦਾ ਆਕਾਰ ਲਿਆ ਅਤੇ ਇਸ ਨੂੰ ਦਰਾਮਦਾਂ ਨਾਲ ਵੰਡਿਆ।
ਪ੍ਰੈਸ ਕਾਨਫਰੰਸ ਤੋਂ ਇੱਕ ਘੰਟਾ ਪਹਿਲਾਂ, ਵ੍ਹਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਨੂੰ ਕਾਫ਼ੀ ਸਪਸ਼ਟਤਾ ਨਾਲ ਸਮਝਾਇਆ।
ਉਨ੍ਹਾਂ ਦੱਸਿਆ, “ਇਹ ਟੈਰਿਫ ਦੇਸ਼-ਦਰ-ਦੇਸ਼ ਦੇ ਆਧਾਰ ‘ਤੇ ਤੈਅ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਗਣਨਾ ਆਰਥਿਕ ਸਲਾਹਕਾਰਾਂ ਦੀ ਕੌਂਸਲ ਦੁਆਰਾ ਕੀਤੀ ਜਾਂਦੀ ਹੈ… ਜੋ ਮਾਡਲ ਉਹ ਵਰਤਦੇ ਹਨ, ਉਹ ਇਸ ਧਾਰਨਾ ‘ਤੇ ਅਧਾਰਤ ਹੈ ਕਿ ਸਾਡਾ ਵਪਾਰ ਘਾਟਾ ਸਾਰੇ ਅਨੁਚਿਤ ਵਪਾਰਕ ਅਭਿਆਸਾਂ, ਸਾਰੇ ਧੋਖਾਧੜੀ ਦਾ ਜੋੜ ਹੈ।”
ਇਹ ਸੱਚਮੁੱਚ ਮਹੱਤਵਪੂਰਨ ਹੈ। ਵ੍ਹਾਈਟ ਹਾਊਸ ਦੇ ਅਨੁਸਾਰ, ਅਮਰੀਕਾ ਨੂੰ ਉਸ ਤੋਂ ਵੱਧ ਸਮਾਨ ਵੇਚਣਾ ਜੋ ਅਮਰੀਕਾ ਤੁਹਾਨੂੰ ਵੇਚਦਾ ਹੈ, ਪਰਿਭਾਸ਼ਾ ਦੇ ਅਨੁਸਾਰ ʻਧੋਖਾਧੜੀʼ ਹੈ ਅਤੇ ਇਸ ਸੰਤੁਲਨ ਨੂੰ ਠੀਕ ਕਰਨ ਲਈ ਟੈਰਿਫ ਦੀ ਗਣਨਾ ਕੀਤੀ ਜਾਣੀ ਚਾਹੀਦੀ ਹੈ।
ਇਹੀ ਕਾਰਨ ਹੈ ਕਿ ਅਮਰੀਕਾ ਵੱਲੋਂ ਕੇਵਲ ਅਜਿਹੇ ਦੁਰਲਭ ਦੀਪਾਂ ʼਤੇ ਹੀ ਟੈਰਿਫ ਲਗਾਉਣ ਦੀਆਂ ਗ਼ੈਰ-ਯਥਾਰਥਵਾਦੀ ਕਹਾਣੀਆਂ ਮਾਇਨੇ ਰੱਖਦੀਆਂ ਹਨ, ਜਿੱਥੇ ਕੇਵਲ ਪੇਂਗੂਇਨਾਂ ਰਹਿੰਦੇ ਹਨ।
ਲੰਬੇ ਸਮੇਂ ਦਾ ਉਦੇਸ਼ ਅਤੇ ਨੀਤੀਗਤ ਟੀਚਾ 1.2 ਟ੍ਰਿਲੀਅਨ ਅਮਰੀਕੀ ਡਾਲਰ ਦੇ ਵਪਾਰ ਘਾਟੇ ਅਤੇ ਉਸ ਦੇ ਅੰਦਰ ਸਭ ਤੋਂ ਵੱਡੇ ਦੇਸ ਦੇ ਘਾਟੇ ਨੂੰ ਸਿਫ਼ਰ ʼਤੇ ਲਿਆਉਣਾ ਹੈ।

ਤਸਵੀਰ ਸਰੋਤ, Shutterstock
ਇਹ ਸਮੀਕਰਨ ਸਰਲ ਤੌਰ ʼਤੇ ਉਨ੍ਹਾਂ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤਾ ਗਿਆ ਸੀ ਜਿਨ੍ਹਾਂ ਕੋਲ ਸਰਪਲੱਸ ਹੈ, ਨਾ ਕਿ ਉਨ੍ਹਾਂ ਦੇਸ਼ਾਂ ਨੂੰ ਜਿਨ੍ਹਾਂ ਕੋਲ ਪਛਾਣਨਯੋਗ ਮਾਤਰਾਤਮਕ ਵਪਾਰਕ ਰੁਕਾਵਟਾਂ ਹਨ।
ਅਮਰੀਕਾ ਨੇ ਉਸ ਡੇਟਾ ਦੇ ਆਧਾਰ ‘ਤੇ ਗਰੀਬ ਦੇਸ਼ਾਂ, ਉੱਭਰਦੀਆਂ ਅਰਥਵਿਵਸਥਾਵਾਂ ਅਤੇ ਛੋਟੇ ਨਿਜਾਤ ਵਾਲੇ ਟਾਪੂਆਂ ਨੂੰ ਨਿਸ਼ਾਨਾ ਬਣਾਇਆ।
ਭਾਵੇਂ ਇਹ ਦੋ ਵੱਖ-ਵੱਖ ਕਾਰਕ ਇੱਕ ਦੂਜੇ ਨੂੰ ਓਵਰਲੈਪ ਕਰਦੇ ਹਨ, ਪਰ ਇਹ ਇੱਕੋ ਚੀਜ਼ ਨਹੀਂ ਹਨ।
ਕਈ ਕਾਰਨ ਹਨ ਕਿ ਕੁਝ ਦੇਸਾਂ ਕੋਲ ਸਰਪਲੱਸ ਹੈ ਅਤੇ ਕੁਝ ਕੋਲ ਘਾਟਾ ਹੈ। ਅਜਿਹਾ ਕਿਉਂ ਹੈ – ਇਸਦਾ ਕੋਈ ਅੰਦਰੂਨੀ ਕਾਰਨ ਨਹੀਂ ਹੈ।
ਵੱਖ-ਵੱਖ ਦੇਸ ਵੱਖ-ਵੱਖ ਉਤਪਾਦਾਂ ਦਾ ਉਤਪਾਦਨ ਕਰਨ ਵਿੱਚ ਬਿਹਤਰ ਹਨ ਅਤੇ ਉਨ੍ਹਾਂ ਕੋਲ ਵੱਖ-ਵੱਖ ਕੁਦਰਤੀ ਅਤੇ ਮਨੁੱਖੀ ਸਰੋਤ ਹਨ। ਇਹ ਕਾਰੋਬਾਰ ਦੀ ਮੁੱਢਲੀ ਨੀਂਹ ਹੁੰਦੇ ਹਨ।
ਇੰਝ ਲੱਗਦਾ ਹੈ ਕਿ ਅਮਰੀਕਾ ਹੁਣ ਇਸ ‘ਤੇ ਵਿਸ਼ਵਾਸ ਨਹੀਂ ਕਰਦਾ। ਦਰਅਸਲ, ਜੇਕਰ ਇਹੀ ਤਰਕ ਸਿਰਫ਼ ਸੇਵਾਵਾਂ ਦੇ ਵਪਾਰ ‘ਤੇ ਲਾਗੂ ਕੀਤਾ ਜਾਵੇ ਤਾਂ ਅਮਰੀਕਾ ਕੋਲ ਵਿੱਤੀ ਸੇਵਾਵਾਂ ਅਤੇ ਸੋਸ਼ਲ ਮੀਡੀਆ ਤਕਨਾਲੋਜੀ ਵਰਗੇ ਖੇਤਰਾਂ ਵਿੱਚ 280 ਬਿਲੀਅਨ ਡਾਲਰ ਦਾ ਸਰਪਲੱਸ ਹੈ।
ਫਿਰ ਵੀ ਸੇਵਾਵਾਂ ਦੇ ਵਪਾਰ ਨੂੰ ਵ੍ਹਾਈਟ ਹਾਊਸ ਦੀਆਂ ਸਾਰੀਆਂ ਗਣਨਾਵਾਂ ਵਿੱਚੋਂ ਬਾਹਰ ਰੱਖਿਆ ਗਿਆ ਸੀ।

‘ਚੀਨ ਦਾ ਝਟਕਾʼ ਤੇ ਉਸ ਦਾ ਅਸਰ
ਪਰ ਇੱਥੇ ਕੁਝ ਵੱਡਾ ਹੈ। ਜਿਵੇਂ ਕਿ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵਾਂਸ ਨੇ ਪਿਛਲੇ ਮਹੀਨੇ ਇੱਕ ਭਾਸ਼ਣ ਵਿੱਚ ਕਿਹਾ ਸੀ, ਇਸ ਪ੍ਰਸ਼ਾਸਨ ਦੀਆਂ ਨਜ਼ਰਾਂ ਵਿੱਚ ਵਿਸ਼ਵੀਕਰਨ ਅਸਫ਼ਲ ਰਿਹਾ ਹੈ ਕਿਉਂਕਿ ਇਹ ਵਿਚਾਰ ਸੀ ਕਿ “ਅਮੀਰ ਦੇਸ ਮੁੱਲ ਲੜੀ (ਵੈਲਿਊ ਚੇਨ) ਵਿੱਚ ਅੱਗੇ ਵਧਣਗੇ, ਜਦਕਿ ਗਰੀਬ ਦੇਸ ਸਰਲ ਚੀਜ਼ਾਂ ਬਣਾਉਣਗੇ।”
ਪਰ ਅਜਿਹਾ ਨਹੀਂ ਹੋਇਆ ਖ਼ਾਸ ਕਰਕੇ ਚੀਨ ਦੇ ਮਾਮਲੇ ਵਿੱਚ, ਇਸ ਲਈ ਅਮਰੀਕਾ ਇਸ ਦੁਨੀਆਂ ਤੋਂ ਨਿਰਣਾਇਕ ਤੌਰ ‘ਤੇ ਦੂਰ ਜਾ ਰਿਹਾ ਹੈ।
ਅਮਰੀਕਾ ਲਈ, ਡੇਵਿਡ ਰਿਕਾਰਡੋ ਨਹੀਂ ਬਲਕਿ ਡੇਵਿਡ ਆਟੋਰ ਮਹੱਤਵਪੂਰਨ ਹਨ, ਜੋ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਦੇ ਅਰਥਸ਼ਾਸਤਰੀ ਹਨ ਅਤੇ ਜਿਨ੍ਹਾਂ ਨੇ “ਚੀਨ ਦਾ ਝਟਕਾ” ਸ਼ਬਦ ਘੜਿਆ ਸੀ।
2001 ਵਿੱਚ ਜਦੋਂ ਅਜੇ ਦੁਨੀਆਂ 9/11 ਦੇ ਹਮਲੇ ਤੋਂ ਉਭੱਰ ਰਹੀ ਸੀ, ਚੀਨ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਵਿੱਚ ਸ਼ਾਮਲ ਹੋਇਆ, ਜਿਸ ਕੋਲ ਅਮਰੀਕੀ ਬਾਜ਼ਾਰਾਂ ਤੱਕ ਮੁਕਾਬਲਤਨ ਮੁਫ਼ਤ ਪਹੁੰਚ ਸੀ ਅਤੇ ਇਸ ਤਰ੍ਹਾਂ ਵਿਸ਼ਵ ਅਰਥਵਿਵਸਥਾ ਵਿੱਚ ਬਦਲਾਅ ਆਇਆ।
ਅਮਰੀਕਾ ਵਿੱਚ ਜੀਵਨ ਪੱਧਰ, ਵਿਕਾਸ, ਮੁਨਾਫ਼ਾ ਅਤੇ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ ਆਈ ਕਿਉਂਕਿ ਚੀਨ ਦੇ ਕਾਰਜਬਲਾਂ ਨੇ ਅਮਰੀਕੀ ਖਪਤਕਾਰਾਂ ਨੂੰ ਸਸਤੀਆਂ ਵਸਤਾਂ ਬਰਾਮਦ ਕਰਨ ਲਈ ਪੇਂਡੂ ਖੇਤਰਾਂ ਤੋਂ ਤੱਟਵਰਤੀ ਫੈਕਟਰੀਆਂ ਵੱਲ ਕੂਚ ਕੀਤਾ।
ਇਹ “ਤੁਲਨਾਤਮਕ ਲਾਭ” ਦੇ ਕੰਮ ਕਰਨ ਦੀ ਇੱਕ ਸ਼ਾਨਦਾਰ ਉਦਾਹਰਣ ਸੀ। ਚੀਨ ਨੇ ਖਰਬਾਂ ਡਾਲਰ ਕਮਾਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਅਮਰੀਕਾ ਵਿੱਚ ਆਪਣੇ ਸਰਕਾਰੀ ਬਾਂਡਾਂ ਦੇ ਰੂਪ ਵਿੱਚ ਦੁਬਾਰਾ ਨਿਵੇਸ਼ ਕੀਤਾ ਗਿਆ, ਜਿਸ ਨਾਲ ਵਿਆਜ ਦਰਾਂ ਘੱਟ ਰੱਖਣ ਵਿੱਚ ਮਦਦ ਮਿਲੀ।
ਦੇਖਿਆ ਜਾਵੇ ਤੋਂ ਹਰ ਕੋਈ ਜੇਤੂ ਲੱਗਦਾ ਹੈ। ਪਰ ਅਜਿਹਾ ਹੈ ਨਹੀਂ। ਅਸਲ ਵਿੱਚ ਅਮਰੀਕੀ ਖਪਤਕਾਰ ਸਸਤੀਆਂ ਚੀਜ਼ਾਂ ਨਾਲ ਸਮੂਹਿਕ ਤੌਰ ‘ਤੇ ਅਮੀਰ ਤਾਂ ਹੋ ਗਏ, ਪਰ ਇਸਦੇ ਬਦਲੇ ਪੂਰਬੀ ਏਸ਼ੀਆ ਵਿੱਚ ਨਿਰਮਾਣ ਕਾਰਜਾਂ ਨੂੰ ਇੱਕ ਵੱਡਾ ਨੁਕਸਾਨ ਹੋਇਆ।
ਆਟੋਰ ਨੇ ਅੰਦਾਜ਼ਾ ਲਗਾਇਆ ਕਿ 2011 ਤੱਕ, ਇਸ “ਚੀਨ ਦੇ ਝਟਕੇ” ਕਾਰਨ ਅਮਰੀਕਾ ਵਿੱਚ 10 ਲੱਖ ਨਿਰਮਾਣ ਨੌਕਰੀਆਂ ਖ਼ਤਮ ਹੋ ਗਈਆਂ ਸਨ ਅਤੇ ਕੁੱਲ ਮਿਲਾ ਕੇ 2.4 ਮਿਲੀਅਨ ਨੌਕਰੀਆਂ ਖਤਮ ਹੋਈਆਂ ਸਨ। ਇਹ ਝਟਕੇ ਭੂਗੋਲਿਕ ਤੌਰ ‘ਤੇ ਰਸਟ ਬੈਲਟ ਅਤੇ ਦੱਖਣ ਵਿੱਚ ਕੇਂਦ੍ਰਿਤ ਸਨ।
ਇਸ ਵਪਾਰਕ ਝਟਕੇ ਕਾਰਨ ਨੌਕਰੀਆਂ ਅਤੇ ਉਜਰਤਾਂ ਵਿੱਚ ਕਮੀ ਦਾ ਪ੍ਰਭਾਵ ਬਹੁਤ ਹੀ ਸਥਾਈ ਰਿਹਾ।

ਤਸਵੀਰ ਸਰੋਤ, Getty Images
ਆਟੋਰ ਨੇ ਪਿਛਲੇ ਸਾਲ ਆਪਣੇ ਵਿਸ਼ਲੇਸ਼ਣ ਨੂੰ ਅਪਡੇਟ ਕੀਤਾ ਅਤੇ ਦੇਖਿਆ ਕਿ ਹਾਲਾਂਕਿ ਟਰੰਪ ਪ੍ਰਸ਼ਾਸਨ ਦੇ ਪਹਿਲੇ ਕਾਰਜਕਾਲ ਵਿੱਚ ਟੈਰਿਫ ਸੁਰੱਖਿਆ ਯਤਨਾਂ ਦਾ ਬਹੁਤ ਘੱਟ ਸ਼ੁੱਧ ਆਰਥਿਕ ਪ੍ਰਭਾਵ ਪਿਆ ਸੀ, ਇਸ ਨੇ ਪ੍ਰਭਾਵਿਤ ਖੇਤਰਾਂ ਵਿੱਚ ਡੈਮੋਕਰੇਟ ਸਮਰਥਨ ਨੂੰ ਕਮਜ਼ੋਰ ਕੀਤਾ ਅਤੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਲਈ ਸਮਰਥਨ ਵਧਾਇਆ।
ਇਸ ਹਫ਼ਤੇ ਦੀ ਗੱਲ ਕਰੀਏ ਤਾਂ ਯੂਨੀਅਨ ਕਾਰ ਕਰਮਚਾਰੀ ਅਤੇ ਤੇਲ ਅਤੇ ਗੈਸ ਕਰਮਚਾਰੀ ਵ੍ਹਾਈਟ ਹਾਊਸ ਵਿਖੇ ਟੈਰਿਫਾਂ ਦਾ ਜਸ਼ਨ ਮਨਾ ਰਹੇ ਹਨ।
ਤਾਂ ਵਾਅਦਾ ਇਹ ਹੈ ਕਿ ਇਹ ਨੌਕਰੀਆਂ ਵਾਪਸ ਆਉਣਗੀਆਂ, ਅਤੇ ਨਾ ਸਿਰਫ਼ ਰਸਟ ਬੈਲਟ ਵਿੱਚ, ਸਗੋਂ ਪੂਰੇ ਅਮਰੀਕਾ ਵਿੱਚ। ਇਹ ਕੁਝ ਹੱਦ ਤੱਕ ਸੰਭਵ ਵੀ ਹੈ।
ਰਾਸ਼ਟਰਪਤੀ ਦਾ ਵਿਦੇਸ਼ੀ ਕੰਪਨੀਆਂ ਨੂੰ ਸਪੱਸ਼ਟ ਸੰਦੇਸ਼ ਹੈ ਕਿ ਉਹ ਆਪਣੀਆਂ ਫੈਕਟਰੀਆਂ ਨੂੰ (ਅਮਰੀਕਾ ਵਿੱਚ) ਲਗਾ ਕੇ ਟੈਰਿਫ ਤੋਂ ਬਚਣ। ਬਾਈਡਨ ਵੱਲੋਂ ਦਿੱਤੇ ਗਏ ਲਾਲਚ ਅਤੇ ਉਸ ਤੋਂ ਬਾਅਦ ਟਰੰਪ ਵੱਲੋਂ ਲਗਾਈ ਗਈ ਫਟਕਾਰ ਇਸ ਮੁੱਦੇ ‘ਤੇ ਭੌਤਿਕ ਤਰੱਕੀ ਵੱਲ ਲੈ ਜਾ ਸਕਦੀ ਹੈ।
ਪਰ ਰਾਸ਼ਟਰਪਤੀ ਦੁਆਰਾ ਪਿਛਲੀ ਅੱਧੀ ਸਦੀ ਦੇ ਮੁਕਤ ਵਪਾਰ ਨੂੰ ਅਮਰੀਕਾ ਦਾ “ਬਲਾਤਕਾਰ ਅਤੇ ਲੁੱਟ” ਵਜੋਂ ਦਰਸਾਉਣਾ, ਸਪਸ਼ਟ ਤੌਰ ‘ਤੇ ਸਮੁੱਚੀ ਤਸਵੀਰ ਨੂੰ ਨਹੀਂ ਦਰਸਾਉਂਦਾ, ਭਾਵੇਂ ਇਹ ਖ਼ਾਸ ਖੇਤਰਾਂ ਜਾਂ ਜਨਸੰਖਿਆ ਲਈ ਕਾਰਗਰ ਨਾ ਵੀ ਰਿਹਾ ਹੋਵੇ।
ਅਮਰੀਕੀ ਸੇਵਾ ਖੇਤਰ ਵਿੱਚ ਤੇਜ਼ੀ ਆਈ, ਵਾਲ ਸਟਰੀਟ ਅਤੇ ਸਿਲੀਕਾਨ ਵੈਲੀ ਤੋਂ ਲੈ ਕੇ ਦੁਨੀਆਂ ਭਰ ਵਿੱਚ ਇਸ ਦਾ ਦਬਦਬਾ ਰਿਹਾ। ਅਮਰੀਕੀ ਖਪਤਕਾਰ ਬ੍ਰਾਂਡਾਂ ਨੇ ਆਪਣੇ ਅਭਿਲਾਸ਼ੀ ਅਮਰੀਕੀ ਉਤਪਾਦਾਂ ਨੂੰ ਹਰ ਜਗ੍ਹਾ ਵੇਚ ਕੇ, ਚੀਨ ਅਤੇ ਪੂਰਬੀ ਏਸ਼ੀਆ ਤੱਕ ਫੈਲੀਆਂ ਅਤਿ-ਕੁਸ਼ਲ ਸਪਲਾਈ ਚੇਨਾਂ ਦੀ ਵਰਤੋਂ ਕਰ ਕੇ ਸ਼ਾਨਦਾਰ ਮੁਨਾਫ਼ਾ ਕਮਾਇਆ।
ਅਮਰੀਕੀ ਅਰਥਵਿਵਸਥਾ ਨੇ ਸੱਚਮੁੱਚ ਵਧੀਆ ਪ੍ਰਦਰਸ਼ਨ ਕੀਤਾ। ਸਮੱਸਿਆ ਇਹ ਸੀ ਕਿ ਇਹ ਵੱਖ-ਵੱਖ ਖੇਤਰਾਂ ਵਿੱਚ ਬਰਾਬਰ ਵੰਡਿਆ ਨਹੀਂ ਗਿਆ ਸੀ।
ਅਤੇ ਅਮਰੀਕਾ ਕੋਲ ਜਿਸ ਚੀਜ਼ ਦੀ ਘਾਟ ਸੀ – ਉਹ ਸੀ ਦੇਸ਼ ਭਰ ਵਿੱਚ ਉਸ ਦੌਲਤ ਨੂੰ ਫੈਲਾਉਣ ਲਈ ਮੁੜ ਵੰਡ ਅਤੇ ਅਨੁਕੂਲਤਾ ਦਾ ਪੱਧਰ। ਇਹ ਅਮਰੀਕਾ ਦੇ ਰਾਜਨੀਤਿਕ ਬਦਲਾਂ ਨੂੰ ਦਰਸਾਉਂਦਾ ਹੈ।

ਤਸਵੀਰ ਸਰੋਤ, Shutterstock
ਪਹਿਲਾ ਸੋਸ਼ਲ ਮੀਡੀਆ ਵਪਾਰ ਯੁੱਧ
ਹੁਣ, ਜਿਵੇਂ ਕਿ ਅਮਰੀਕਾ ਨੇ ਸੁਰੱਖਿਆਵਾਦ ਦੀ ਅਚਾਨਕ ਲਹਿਰ ਨਾਲ ਆਪਣੇ ਨਿਰਮਾਣ ਨੂੰ ਮੁੜ ਸੁਰਜੀਤ ਕਰਨ ਦਾ ਫ਼ੈਸਲਾ ਲਿਆ ਹੈ, ਦੂਜੇ ਦੇਸ਼ਾਂ ਕੋਲ ਵੀ ਇੱਕ ਬਦਲ ਹੈ ਕਿ ਉਹ ਪੂੰਜੀ ਅਤੇ ਵਪਾਰ ਦੇ ਪ੍ਰਵਾਹ ਦਾ ਸਮਰਥਨ ਕਰਨ ਜਾਂ ਨਾ ਕਰਨ, ਜਿਸ ਨੇ ਅਮਰੀਕਾ ਨੂੰ ਅਮੀਰ ਬਣਾਇਆ ਹੈ।
ਦੁਨੀਆਂ ਭਰ ਦੇ ਖਪਤਕਾਰਾਂ ਕੋਲ ਬਦਲ ਹਨ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਵੱਡੀਆਂ ਬਲੂ-ਚਿੱਪ ਅਮਰੀਕੀ ਕੰਪਨੀਆਂ, ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਕੰਪਨੀਆਂ ਨੇ ਪੂਰਬੀ ਏਸ਼ੀਆਈ ਸਪਲਾਈ ਚੇਨਾਂ ‘ਤੇ ਬਹੁਤ ਕੁਸ਼ਲ ਨਕਦ ਮਸ਼ੀਨਾਂ ਬਣਾ ਲਈਆਂ ਹਨ ਅਤੇ ਇਹ ਸਸਤੇ ਭਾਅ ‘ਤੇ ਉਤਪਾਦਨ ਕਰਦੀਆਂ ਹਨ ਅਤੇ ਫਿਰ ਆਪਣੇ ਅਭਿਲਾਸ਼ੀ ਬ੍ਰਾਂਡਾਂ ਦੇ ਨਾਂ ਹੇਠ ਪੂਰੀ ਦੁਨੀਆਂ ਨੂੰ ਵੇਚਦੀਆਂ ਹਨ।
ਉਨ੍ਹਾਂ ਦੇ ਸਟਾਕ ਦੀਆਂ ਕੀਮਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਕਿਉਂਕਿ ਰਾਸ਼ਟਰਪਤੀ ਨੇ ਨਾ ਸਿਰਫ਼ ਉਨ੍ਹਾਂ ਦੀਆਂ ਸਪਲਾਈ ਚੇਨ ਰਣਨੀਤੀਆਂ ਨੂੰ ਤਬਾਹ ਕਰ ਦਿੱਤਾ ਹੈ, ਸਗੋਂ ਵਿਸ਼ਵਵਿਆਪੀ ਖਪਤਕਾਰਾਂ ਵਿੱਚ ਉਨ੍ਹਾਂ ਦੇ ਬ੍ਰਾਂਡ ਅਕਸ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਹੈ।
ਆਖ਼ਿਰਕਾਰ, ਇਹ ਪਹਿਲਾ ਸੋਸ਼ਲ ਮੀਡੀਆ ਵਪਾਰ ਯੁੱਧ ਹੈ। ਟੇਸਲਾ ਦੀ ਵਿਕਰੀ ਵਿੱਚ ਗਿਰਾਵਟ ਅਤੇ ਅਮਰੀਕੀ ਸਾਮਾਨਾਂ ਵਿਰੁੱਧ ਕੈਨੇਡਾ ਦੇ ਵਿਰੋਧ ਦਾ ਅਨੁਭਵ ਛੂਤਕਾਰੀ ਸਾਬਤ ਹੋ ਸਕਦਾ ਹੈ। ਇਹ ਕਿਸੇ ਵੀ ਵਿਰੋਧੀ ਟੈਰਿਫ ਜਿੰਨਾ ਸ਼ਕਤੀਸ਼ਾਲੀ ਹੋਵੇਗਾ।
ਇਹ ਦੇਸ਼, ਜੋ ਅਮਰੀਕੀ ਖਪਤਕਾਰਾਂ ਲਈ ਵਰਕਸ਼ਾਪ ਬਣਨ ਦਾ ਦਾਅ ਲਗਾਉਂਦੇ ਹਨ, ਵਪਾਰ ਦੇ ਮਾਮਲੇ ਵਿੱਚ ਵੀ ਬਦਲ ਰੱਖਦੇ ਹਨ। ਨਵੇਂ ਗੱਠਜੋੜ ਬਣਨਗੇ ਅਤੇ ਮਜ਼ਬੂਤ ਹੋਣਗੇ, ਜੋ ਇੱਕ ਅਸਥਿਰ ਅਮਰੀਕਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ।
ਇਸ ਪ੍ਰਤੀ ਰਾਸ਼ਟਰਪਤੀ ਦੀ ਸੰਵੇਦਨਸ਼ੀਲਤਾ ਉਦੋਂ ਸਪਸ਼ਟ ਹੋ ਗਈ ਜਦੋਂ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਯੂਰਪੀਅਨ ਯੂਨੀਅਨ ਅਤੇ ਕੈਨੇਡਾ ਜਵਾਬੀ ਕਾਰਵਾਈ ਲਈ ਇਕੱਠੇ ਆਏ ਤਾਂ ਉਹ ਟੈਰਿਫ ਵਧਾ ਦੇਣਗੇ। ਅਤੇ ਇਹ ਕਿਸੇ ਬੁਰੇ ਸੁਪਨੇ ਵਰਗੀ ਸਥਿਤੀ ਹੋਵੇਗੀ।
ਵਪਾਰ ਯੁੱਧਾਂ ਦੇ ਖੇਡ ਸਿਧਾਂਤ ਵਿੱਚ ਭਰੋਸੇਯੋਗਤਾ ਮਾਇਨੇ ਰੱਖਦੀ ਹੈ। ਅਮਰੀਕਾ ਕੋਲ ਬੇਮਿਸਾਲ ਫੌਜੀ ਅਤੇ ਤਕਨੀਕੀ ਸ਼ਕਤੀ ਹੈ, ਜੋ ਮਦਦ ਕਰਦੀ ਹੈ।
ਪਰ ਇੱਕ ਮਨਮਰਜ਼ੀ ਵਾਲੇ ਫਾਰਮੂਲੇ ਦੀ ਵਰਤੋਂ ਕਰ ਕੇ ਵਿਸ਼ਵ ਵਪਾਰ ਪ੍ਰਣਾਲੀ ਨੂੰ ਬਦਲਣਾ, ਜੋ ਬੇਤੁਕੀ ਗੈਰ-ਬਰਾਬਰੀ ਨੂੰ ਵੀ ਸਾਹਮਣੇ ਲਿਆਉਂਦਾ ਹੈ (ਜਿਵੇਂ ਕਿ ਬਿਨਾਂ ਪੇਂਗੂਇਨ ਵਾਲੇ ਟਾਪੂ ‘ਤੇ ਟੈਰਿਫ ਲਗਾਉਣਾ) ਦੂਜੇ ਪੱਖ ਨੂੰ ਵਿਰੋਧ ਕਰਨ ਲਈ ਉਤਸ਼ਾਹਿਤ ਕਰ ਸਕਦਾ ਹੈ।
ਇਹ ਖਾਸ ਤੌਰ ‘ਤੇ ਉਦੋਂ ਹੁੰਦਾ ਹੈ ਜਦੋਂ ਬਾਕੀ ਦੁਨੀਆਂ ਸੋਚਦੀ ਹੈ ਕਿ ਰਾਸ਼ਟਰਪਤੀ ਨੇ ਆਪਣੇ ਹੱਥ ‘ਚ ਜੋ ਭਰੀ ਹੋਈ ਬੰਦੂਕ ਫੜ੍ਹੀ ਹੈ, ਉਸ ਦਾ ਨਿਸ਼ਾਨਾ ਉਨ੍ਹਾਂ ਦੇ ਆਪਣੇ ਪੈਰਾਂ ਵੱਲ ਹੀ ਹੈ। ਸਟਾਕ ਮਾਰਕੀਟ ਵਿੱਚ ਸਭ ਤੋਂ ਵੱਡੀ ਗਿਰਾਵਟ ਅਮਰੀਕਾ ਵਿੱਚ ਆਈ ਹੈ। ਮਹਿੰਗਾਈ ਸਭ ਤੋਂ ਵੱਧ ਅਮਰੀਕਾ ਵਿੱਚ ਵਧੇਗੀ। ਵਾਲ ਸਟਰੀਟ ਹੁਣ ਅਮਰੀਕਾ ਵਿੱਚ ਮੰਦੀ ਦੀ ਸੰਭਾਵਨਾ ਨੂੰ ਬਰਾਬਰ ਤੋਂ ਵੀ ਵੱਧ ਮੰਨ ਰਿਹਾ ਹੈ।
ਸ਼ਾਇਦ ਇਸ ਸਿਧਾਂਤ ਵਿੱਚ ਕੁਝ ਤਾਂ ਤੱਤ ਹੈ ਕਿ ਇੱਥੇ ਅਸਲ ਉਦੇਸ਼ ਡਾਲਰ ਨੂੰ ਕਮਜ਼ੋਰ ਕਰਨਾ ਅਤੇ ਅਮਰੀਕੀ ਉਧਾਰ ਦੀ ਲਾਗਤ ਨੂੰ ਘਟਾਉਣਾ ਹੈ।
ਇਸ ਵੇਲੇ, ਅਮਰੀਕਾ ਆਪਣੀ ਬਣਾਈ ਵਿਸ਼ਵ ਵਪਾਰ ਪ੍ਰਣਾਲੀ ਤੋਂ ਬਾਹਰ ਆ ਰਿਹਾ ਹੈ। ਉਹ ਇਸ ਤੋਂ ਬਿਨਾਂ ਵੀ ਕੰਮ ਕਰਨਾ ਜਾਰੀ ਰੱਖ ਸਕਦਾ ਹੈ। ਪਰ ਇਹ ਤਬਦੀਲੀ ਸੱਚਮੁੱਚ ਬਹੁਤ ਗੜਬੜ ਵਾਲੀ ਹੋਣ ਵਾਲੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI