Home ਰਾਸ਼ਟਰੀ ਖ਼ਬਰਾਂ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਕੇਸ ’ਚ 14 ਸਾਲ ਦੀ ਜੇਲ੍ਹ ਦੀ...

ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਕੇਸ ’ਚ 14 ਸਾਲ ਦੀ ਜੇਲ੍ਹ ਦੀ ਸਜ਼ਾ, ਪਤਨੀ ਬੁਸ਼ਰਾ ਨੂੰ 7 ਸਾਲ ਦੀ ਸਜ਼ਾ, ਜਾਣੋ ਕੀ ਸੀ ਮਾਮਲਾ

1
0

Source :- BBC PUNJABI

ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ

ਤਸਵੀਰ ਸਰੋਤ, Getty Images

5 ਘੰਟੇ ਪਹਿਲਾਂ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਅਲ-ਕਾਦਿਰ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 14 ਸਾਲ ਦੀ ਸਜ਼ਾ ਸੁਣਾਈ ਹੈ।

ਸਜ਼ਾ ਦੇ ਨਾਲ ਹੀ ਉਨ੍ਹਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਮਰਾਨ ਖ਼ਾਨ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਹਨ।

ਅਕਾਉਂਟੀਬਿਲਟੀ ਕੋਰਟ ਨੇ ਇਸੇ ਮਾਮਲੇ ਵਿੱਚ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਅਲ-ਕਾਦਿਰ ਟਰੱਸਟ ਨੂੰ ਆਪਣੇ ਕੰਟਰੋਲ ਵਿੱਚ ਲਵੇ।

ਜਦੋਂ ਅਦਾਲਤ ਨੇ ਇਹ ਸਜ਼ਾ ਸੁਣਾਈ ਤਾਂ ਇਮਰਾਨ ਖਾਨ, ਉਨ੍ਹਾਂ ਦੀ ਪਤਨੀ ਅਤੇ ਪੀਟੀਆਈ ਦੇ ਕਈ ਹੋਰ ਸੀਨੀਅਰ ਆਗੂ ਅਦਾਲਤ ਵਿੱਚ ਮੌਜੂਦ ਸਨ।

ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਖ਼ਿਲਾਫ਼ 19 ਕਰੋੜ ਪੌਂਡ ਅਤੇ ਅਲ-ਕਾਦਿਰ ਟਰੱਸਟ ਦਾ ਮਾਮਲਾ 450 ਕਨਾਲ (56 ਏਕੜ) ਤੋਂ ਵੱਧ ਜ਼ਮੀਨ ਦੇ ਦਾਨ ਨਾਲ ਸਬੰਧਤ ਹੈ।

ਇਹ ਜ਼ਮੀਨ ਇੱਕ ਨਿੱਜੀ ਹਾਊਸਿੰਗ ਸੁਸਾਇਟੀ ਬਹਰਿਆ ਟਾਊਨ ਵੱਲੋਂ ਅਲ-ਕਾਦਿਰ ਯੂਨੀਵਰਸਿਟੀ ਨੂੰ ਦਿੱਤੀ ਗਈ ਸੀ।

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਅਲ-ਕਾਦਿਰ ਯੂਨੀਵਰਸਿਟੀ ਦੇ ਟਰੱਸਟੀਆਂ ਵਿੱਚੋਂ ਹਨ।

ਬੀਬੀਸੀ ਪੰਜਾਬੀ

ਅਲ ਕਾਦਿਰ ਟਰੱਸ ਮਾਮਲਾ ਕੀ ਹੈ

ਇਹ ਮਾਮਲਾ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਅਹੁਦੇ ‘ਤੇ ਹੋਣ ਵਾਲੇ ਸਮੇਂ ਦਾ ਹੈ।

ਉਸ ਵੇਲੇ ਉਨ੍ਹਾਂ ਨੇ ਅਧਿਆਤਮ ਅਤੇ ਸੂਫੀਵਾਦ ‘ਤੇ ਕੰਮ ਕਰਨ ਲਈ ਪੰਜਾਬ (ਪਾਕਿਸਤਾਨ) ਵਿੱਚ ਅਲ ਕਾਦਿਰ ਯੁਨੀਵਰਸਿਟੀ ਬਣਾਉਣ ਦੀ ਇਜਾਜ਼ਤ ਦਿੱਤੀ ਸੀ।

ਅਲ ਕਾਦਿਰ ਯੂਨੀਵਰਸਿਟੀ ਪ੍ਰੋਜੈਕਟ ਲਈ 26 ਦਸੰਬਰ 2019 ਨੂੰ ਅਲ ਕਾਦਿਰ ਟਰੱਸਟ ਰਜਿਸਟਰ ਕੀਤਾ ਸੀ। ਇਸ ਟਰੱਸਟ ਦੇ ਸਿਰਫ਼ ਦੋ ਹੀ ਟਰੱਸਟੀ ਹਨ। ਇੱਕ ਇਮਰਾਨ ਖ਼ਾਨ ਅਤੇ ਦੂਜੀ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ।

ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਦੇ ਸੱਤਾ ‘ਚ ਆਉਣ ਤੋਂ ਬਾਅਦ ਜੂਨ, 2022 ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ‘ਤੇ ਇਲਜ਼ਾਮ ਲੱਗਣ ਲੱਗੇ ਸਨ ਕਿ ਉਨ੍ਹਾਂ ਨੇ ਟਰੱਸਟੀ ਹੁੰਦੇ ਹੋਏ ਗਬਨ ਕੀਤੇ ਹਨ।

ਇਲਜ਼ਾਮ ਲਾਇਆ ਗਿਆ ਕਿ ਦੋਵਾਂ ਨੇ ਇੱਕ ਰੀਅਲ ਅਸਟੇਟ ਕੰਪਨੀ ਤੋਂ ਲਏ 50 ਅਰਬ ਰੁਪਏ ਦੇ ਕਾਲੇ ਧਨ ਨੂੰ ਕਾਨੂੰਨੀ ਦਰਜਾ ਦਿੱਤਾ ਅਤੇ ਬਦਲੇ ਵਿੱਚ ਅਰਬਾਂ ਰੁਪਏ ਦੀ ਜ਼ਮੀਨ ਆਪਣੇ ਟਰੱਸਟ ਲਈ ਦਾਨ ਵਜੋਂ ਹਾਸਲ ਕੀਤੀ।

ਸ਼ਹਿਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਵਿੱਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹੇ ਰਾਣਾ ਸਨਾਉੱਲਾ ਨੇ ਇਲਜ਼ਾਮ ਲਾਇਆ ਸੀ ਕਿ ਇਮਰਾਨ ਦੇ ਕਾਰਜਕਾਲ ਦੌਰਾਨ ਬਰਤਾਨੀਆਂ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਮਨੀ ਲਾਂਡਰਿੰਗ ਮਾਮਲੇਂ ਦੀ ਜਾਂਚ ਤੋਂ ਬਾਅਦ ਪ੍ਰਾਪਰਟੀ ਟਾਈਕੂਨ ਮਲਿਕ ਰਿਆਜ਼ ਦਾ ਪੈਸਾ ਵਾਪਸ ਕਰ ਦਿੱਤਾ ਸੀ।

ਮੁਜ਼ਾਹਰਾ

ਤਸਵੀਰ ਸਰੋਤ, Getty Images

ਇਮਰਾਨ ਖ਼ਾਨ ਨੇ 3 ਦਸੰਬਰ 2019 ਨੂੰ ਕੈਬਨਿਟ ਦੀ ਬੈਠਕ ਤੋਂ ਬਾਅਦ ਬਰਤਾਨੀਆਂ ਤੋਂ ਪ੍ਰਾਪਰਟੀ ਟਾਈਕੂਨ ਨੂੰ ਪ੍ਰਾਪਤ ਹੋਏ ਪੈਸੇ ਨੂੰ ਵਾਪਸ ਕਰਨ ਲਈ ਮਨਜ਼ੂਰੀ ਦਿੱਤੀ ਸੀ।

ਇਸ ਸਬੰਧ ਵਿੱਚ ਸਰਕਾਰ ਵੱਲੋਂ ਇਹ ਵੀ ਇਲਜ਼ਾਮ ਲਾਇਆ ਗਿਆ ਸੀ ਕਿ ਪ੍ਰਾਪਰਟੀ ਕਾਰੋਬਾਰੀ ਨੇ ਆਪਣੇ ਕਈ ਗ਼ੈਰ-ਕਾਨੂੰਨੀ ਮਾਮਲਿਆਂ ‘ਤੇ ਪਰਦਾ ਪਾਉਣ ਲਈ ਅਲ ਕਾਦਿਰ ਯੂਨੀਵਰਸਿਟੀ ਟਰੱਸਟ ਦੀ ਜ਼ਮੀਨ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਦਿੱਤੀ ਸੀ।

ਇਸ ਮਾਮਲੇ ਵਿੱਚ ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ ਐੱਨਏਬੀ ਦਾ ਮੰਨਣਾ ਸੀ ਕਿ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਨੇ ਇਸ ਜ਼ਮੀਨ ਨੂੰ ਖਰੀਦਣ ਵਿੱਚ ਗਬਨ ਕੀਤਾ ਹੈ।

ਬਿਊਰੋ ਦਾ ਕਹਿਣਾ ਸੀ ਕਿ ਜ਼ਮੀਨ ਗ਼ੈਰ-ਕਾਨੂੰਨੀ ਢੰਗ ਨਾਲ ਖਰੀਦੀ ਗਈ ਹੈ ਜਿਸ ਨਾਲ ਸਰਕਾਰ ਨੂੰ ਨੁਕਸਾਨ ਹੋਇਆ।

ਇਸੇ ਆਧਾਰ ‘ਤੇ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਚਲਾਇਆ ਗਿਆ।

ਅੱਜ ਇਸਲਾਮਾਬਾਦ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਜ਼ਾ ਸੁਣਾਈ ਹੈ।

ਬੁਸ਼ਰਾ ਬੀਬੀ ਹਾਲ ਹੀ ਵਿੱਚ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਕਰਦੇ ਇੱਕ ਕਾਫ਼ਲੇ ਦੀ ਅਗਵਾਈ ਕਰਦੇ ਦੇਖੇ ਗਏ ਸਨ।

ਇਹ ਕਾਫ਼ਲਾ ਇਸਲਾਮਾਬਾਦ ਦੇ ਡੀ-ਚੌਕ ਤੱਕ ਪਹੁੰਚਣਾ ਦਾ ਇਰਾਦਾ ਰੱਖਦਾ ਸੀ, ਪਰ ਪੁਲਿਸ ਅਤੇ ਫ਼ੋਰਸ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਵਿੱਚ ਕਾਮਯਾਬ ਰਹੀ ਸੀ।

ਕੌਣ ਹਨ ਬੁਸ਼ਰਾ ਬੀਬੀ

ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ

ਤਸਵੀਰ ਸਰੋਤ, Getty Images

ਬੁਸ਼ਰਾ ਬੀਬੀ ਨੂੰ ਇਮਰਾਨ ਖ਼ਾਨ ਦੇ ‘ਅਧਿਆਤਮਕ ਸਲਾਹਕਾਰ’ ਵੀ ਕਿਹਾ ਜਾਂਦਾ ਹੈ।

ਬੁਸ਼ਰਾ ਬੀਬੀ ਨਾਲ ਵਿਆਹ ਤੋਂ ਪਹਿਲਾਂ ਇਮਰਾਨ ਖ਼ਾਨ ਦੋ ਵਾਰ ਵਿਆਹ ਕਰਵਾ ਚੁੱਕੇ ਸਨ।

ਉਨ੍ਹਾਂ ਦੀਆਂ ਪਹਿਲੀਆਂ ਪਤਨੀਆਂ ਬਰਤਾਨਵੀ ਮਹਿਲਾ ਜੋਮਿਮਾ ਗੋਲਡਸਮਿਥ ਅਤੇ ਪੱਤਰਕਾਰ ਰੇਹਮ ਖ਼ਾਨ ਅਕਸਰ ਟੈਲੀਵਿਜ਼ਨ ਸਕਰੀਨ ‘ਤੇ ਨਜ਼ਰ ਆਉਣ ਵਾਲੀਆਂ ਸਨ।

ਪਰ ਤੀਜੀ ਪਤਨੀ ਬੁਸ਼ਰਾ ਬੀਬੀ ਇਨ੍ਹਾਂ ਦੋਵਾਂ ਦੇ ਉੱਲਟ ਘੁੰਡ ਪਿੱਛੇ ਲੁਕੀ ਹੋਈ ਹੀ ਨਜ਼ਰ ਆਈ। ਇੱਥੋਂ ਤੱਕ ਕਿ 2018 ਵਿੱਚ ਮੇਲ ਆਨ ਸੰਡੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਬਹੁਤ ਮਾਣ ਨਾਲ ਦੱਸਿਆ ਸੀ ਕਿ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਪਤਨੀ ਦੇ ਚਿਹਰੇ ਦੀ ਝਲਕ ਵਿਆਹ ਤੋਂ ਬਾਅਦ ਦੇਖੀ ਸੀ।

ਉਨ੍ਹਾਂ ਕਿਹਾ ਸੀ ਕਿ ਬੁਸ਼ਰਾ ਦੀ ਸਮਝ ਅਤੇ ਚਰਿੱਤਰ ਨੇ ਉਨ੍ਹਾਂ ਨੂੰ ਆਕਰਸ਼ਿਤ ਕੀਤਾ।

ਇਹ ਵੀ ਪੜ੍ਹੋ-

ਬੁਸ਼ਰਾ ਬਾਰੇ ਇੱਕ ਦਿਲਚਸਪ ਤੱਥ ਇਹ ਹੈ ਕਿ ਉਨ੍ਹਾਂ ਕੋਲ ਕੁਝ ਰਹੱਸਮਈ ਸ਼ਕਤੀਆਂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਜੋ ਲੋਕਾਂ ਦੀ ਉਨ੍ਹਾਂ ਵੱਲ ਖਿੱਚ ਦਾ ਕਾਰਨ ਬਣੀਆਂ ਹਨ।

ਬੁਸ਼ਰਾ ਬੀਬੀ ਦੇ ਨਾਮ ਨਾਲ ਜਾਣੀ ਇਸ ਔਰਤ ਨੂੰ ਆਸਥਾ ਦੀ ਮੂਰਤ ਤੇ ਅਧਿਆਤਮਿਕ ਸਲਾਹਕਾਰ ਵਜੋਂ ਸਤਿਕਾਰਿਆ ਜਾਂਦਾ ਸੀ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਬੁਸ਼ਰਾ ਬੀਬੀ ਸੂਫੀ ਰਵਾਇਤ ਨਾਲ ਜੁੜੇ ਹੋਏ ਹਨ, ਪਰ ਕੁਝ ਲੋਕ ਇਸ ਨਾਲ ਅਸਹਿਮਤ ਹਨ।

ਅਕਸਰ ਇਸਲਾਮੀ ਰਹੱਸਵਾਦ ਨੂੰ ਸੂਫ਼ੀਵਾਦ ਵਜੋਂ ਦਰਸਾਇਆ ਗਿਆ ਹੈ। ਇਸ ਬਾਰੇ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਉਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਵਿੱਚ ਦਿਲਚਸਪੀ ਰੱਖਦੇ ਹਨ।

ਇਹ ਵਰਤਾਰਾ ਅਸਲ ਵਿੱਚ ਪ੍ਰਮਾਤਮਾ ਦੀ ਅੰਦਰੂਨੀ ਖੋਜ ਅਤੇ ਦੁਨਿਆਵੀ ਮਾਮਲਿਆਂ ਦੇ ਤਿਆਗ ‘ਤੇ ਜ਼ੋਰ ਦਿੰਦਾ ਹੈ।

ਇਮਰਾਨ ਖ਼ਾਨ ਮੁਤਾਬਕ ਇਹ ਉਨ੍ਹਾਂ ਦੇ ਕ੍ਰਿਕਟ ਦੇ ਦਿਨਾਂ ਤੋਂ ਬਹੁਤ ਅਲੱਗ ਮਸਲਾ ਹੈ। ਜਦੋਂ ਉਹ ਖ਼ੁਦ ਬਹੁਤ ਚਰਚਿਤ ਸਨ ਅਤੇ ਉਨ੍ਹਾਂ ਨੇ ਹਾਈ-ਪ੍ਰੋਫ਼ਾਈਲ ਵਿਆਹ ਕਰਵਾਇਆ ਜੋ ਕਦੇ ਵੀ ਲਾਈਮਲਾਈਟ ਤੋਂ ਦੂਰ ਨਹੀਂ ਹੋਇਆ।

ਇਮਰਾਨ ਤੇ ਬੁਸ਼ਰਾ ਦਾ ਵਿਆਹ

ਬੁਸ਼ਰਾ ਬੀਬੀ ਤੇ ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਦੋ ਗਲੈਮਰ ਭਰੇ ਵਿਆਹਾਂ ਤੋਂ ਬਾਅਦ 2018 ਵਿੱਚ ਇਮਰਾਨ ਖ਼ਾਨ ਦਾ ਬੁਸ਼ਰਾ ਬੀਬੀ ਨਾਲ ਵਿਆਹ ਇੱਕ ਸਾਦਾ ਸਮਾਗਮ ਸੀ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਜੋੜੀ ਇਸਲਾਮ ਪ੍ਰਤੀ ਉਨ੍ਹਾਂ ਦੀ ਸ਼ਰਧਾ ਨਾਲ ਜੁੜੀ ਹੋਈ ਸੀ।

ਕਿਹਾ ਜਾਂਦਾ ਹੈ ਕਿ ਇਮਰਾਨ ਖ਼ਾਨ ਅਤੇ ਬੁਸ਼ਰਾ 13ਵੀਂ ਸਦੀ ਦੇ ਕਿਸੇ ਸੂਫ਼ੀ ਦੀ ਦਰਗਾਹ ‘ਤੇ ਮਿਲੇ ਸਨ। ਇਸ ਤੋਂ ਬਾਅਦ ਇਮਰਾਨ ਨੇ ਕਿਸੇ ਮਸਲੇ ਉੱਤੇ ਸਲਾਹ ਲਈ ਪੰਜ ਬੱਚਿਆਂ ਦੀ ਮਾਂ ਬੁਸ਼ਰਾ ਨਾਲ ਸੰਪਰਕ ਕੀਤਾ ਸੀ।

ਉਸ ਸਮੇਂ ਉਹ ਅਜੇ ਵੀ ਆਪਣੇ ਪਹਿਲੇ ਪਤੀ ਦੇ ਨਾਲ ਨਿਕਾਹ ਵਿੱਚ ਸਨ।

ਇਹ ਵੀ ਗੱਲ ਉਠੀ ਸੀ ਕਿ ਬੁਸ਼ਰਾ ਬੀਬੀ ਨੇ ਸੁਪਨੇ ਵਿੱਚ ਦੇਖਿਆ ਸੀ ਕਿ ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਦਾ ਇੱਕੋ ਇੱਕ ਰਸਤਾ ਹੈ ਜੇਕਰ ਉਹ ਵਿਆਹ ਕਰ ਲੈਣ।

ਇਸ ਤਰ੍ਹਾਂ, ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਤੋਂ ਛੇ ਮਹੀਨੇ ਬਾਅਦ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ।

ਬੁਸ਼ਰਾ ਬੀਬੀ, ਜੋ ਹੁਣ ਆਪਣੇ 40ਵਿਆਂ ਵਿੱਚ ਹਨ ਨੇ ਅਕਤੂਬਰ 2018 ਵਿੱਚ ਆਪਣੀ ਇੱਕਲੌਤੀ ਟੈਲੀਵਿਜ਼ਨ ਇੰਟਰਵਿਊ ਵਿੱਚ ਇਸ ਕਹਾਣੀ ਨੂੰ ਤੱਥਹੀਣ ਕਰਾਰ ਦਿੱਤਾ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI