Source :- BBC PUNJABI
ਮੁੱਲਾ ਉਮਰ ਨੇ ਆਪਣੇ ਮੁਲਕ ਅਫ਼ਗਾਨਿਸਤਾਨ ‘ਚ ਓਸਾਮਾ ਬਿਨ ਲਾਦੇਨ ਨੂੰ ਸ਼ਰਨ ਦਿੱਤੀ ਸੀ, ਉਹ ਵੀ ਉਸ ਸਮੇਂ ਜਦੋਂ ਉਨ੍ਹਾਂ ਲਈ ਪੂਰੀ ਦੁਨੀਆ ‘ਚ ਲੁਕਣ ਲਈ ਕੋਈ ਥਾਂ ਨਹੀਂ ਬਚੀ ਸੀ।
ਅਫ਼ਗਾਨਿਸਤਾਨ ‘ਚ ਰਹਿੰਦਿਆਂ ਓਸਾਮਾ ਨੇ ਵਰਲਡ ਟਰੇਡ ਸੈਂਟਰ ਨੂੰ ਢਹਿ-ਢੇਰੀ ਕਰਨ ਦੀ ਸਾਜਿਸ਼ ਰਚੀ ਸੀ, ਜਿਸ ਹਾਦਸੇ ‘ਚ ਤਕਰੀਬਨ 3000 ਲੋਕ ਮਾਰੇ ਗਏ ਸਨ।
ਮੁੱਲਾ ਉਮਰ ਦੀ ਜੀਵਨੀ ‘ਲੁਕਿੰਗ ਫਾਰ ਦਿ ਐਨੀਮੀ, ਮੁੱਲਾ ਉਮਰ ਐਂਡ ਦਿ ਅਨਨੌਨ ਤਾਲਿਬਾਨ’ ‘ਚ ਇੱਕ ਡੱਚ ਪੱਤਰਕਾਰ ਬੈਟੀ ਡੈਮ ਲਿਖਦੇ ਹਨ, “ਮੁੱਲਾ ਉਮਰ ਦੀ ਸਿਰਫ ਇੱਕ ਤਸਵੀਰ ਹੀ ਹਰ ਜਗ੍ਹਾ ਵਿਖਾਈ ਦਿੰਦੀ ਹੈ।”
“ਉਸ ਦੇ ਵੀ ਪ੍ਰਮਾਣਿਕ ਹੋਣ ‘ਤੇ ਲੋਕਾਂ ਦੀ ਕੋਈ ਸਹਿਮਤੀ ਨਹੀਂ ਹੈ। ਕਿਸੇ ਨੂੰ ਵੀ ਇਸ ਸਬੰਧ ‘ਚ ਯਕੀਨ ਨਹੀਂ ਹੈ ਕਿ ਉਹ ਫੋਟੋ ਅਸਲ ‘ਚ ਮੁੱਲਾ ਉਮਰ ਦੀ ਹੀ ਹੈ।”
2 ਕਰੋੜ ਡਾਲਰ ਦਾ ਇਨਾਮ
ਸਾਲ 2001 ਤੋਂ ਬਾਅਦ ਮੁੱਲਾ ਉਮਰ ਕਿੱਥੇ ਗਏ ਇਸ ਦੇ ਬਾਰੇ ‘ਚ ਹੁਣ ਤੱਕ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ।
ਅਫ਼ਗਾਨ ਹਕੂਮਤ, ਅਮਰੀਕੀ ਸਰਕਾਰ ਅਤੇ ਅਮਰੀਕੀ ਮੀਡੀਆ ਦਾ ਮੰਨਣਾ ਹੈ ਸੀ ਕਿ ਉਹ ਪਾਕਿਸਤਾਨ ‘ਚ ਰਹਿ ਰਹੇ ਸਨ, ਜਦਕਿ ਤਾਲਿਬਾਨ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਉਹ ਅਫ਼ਗਾਨਿਸਤਾਨ ‘ਚ ਹੀ ਸਨ।
2001 ਤੋਂ ਲਗਾਤਾਰ ਮੁੱਲਾ ਉਮਰ ਦੀ ਮੌਤ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ। ਸਾਲ 2012 ‘ਚ ਅਮਰੀਕੀ ਸਰਕਾਰ ਨੇ ਮੁੱਲਾ ਉਮਰ ਦੇ ਬਾਰੇ ‘ਚ ਜਾਣਕਾਰੀ ਦੇਣ ‘ਤੇ 2 ਕਰੋੜ ਡਾਲਰ ਦਾ ਇਨਾਮ ਰੱਖਿਆ ਸੀ।
ਅਮਰੀਕੀ ਵਿਦੇਸ਼ ਵਿਭਾਗ ਦੀ ਮੋਸਟ ਵਾਂਟੇਡ ਸੂਚੀ ‘ਚ ਉਮਰ ਦਾ ਵਰਣਨ ਕੁਝ ਇਸ ਤਰ੍ਹਾਂ ਕੀਤਾ ਗਿਆ ਸੀ-
ਵਾਲ- ਕਾਲੇ
ਕੱਦ- ਲੰਬਾ
ਕੌਮੀਅਤ- ਅਫ਼ਗਾਨ
ਖ਼ਾਸ ਨਿਸ਼ਾਨ- ਸੱਜੀ ਅੱਖ ‘ਤੇ ਸੱਟ
ਸੋਵੀਅਤ ਫੌਜ ਦੇ ਖ਼ਿਲਾਫ਼ ਲੜੀ ਜੰਗ
ਅਜਿਹਾ ਨਹੀਂ ਸੀ ਕਿ ਉਮਰ ਸ਼ੁਰੂ ਤੋਂ ਹੀ ਅਮਰੀਕਾ ਦੇ ਦੁਸ਼ਮਣ ਸਨ, ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਮਰੀਕੀ ਉਨ੍ਹਾਂ ਨੂੰ ਕੰਮ ਦਾ ਬੰਦਾ ਸਮਝਦੇ ਸਨ ਕਿਉਂਕਿ ਉਹ ਸੋਵੀਅਤ ਫੌਜ ਦੇ ਖ਼ਿਲਾਫ਼ ਲੜਨ ਵਾਲਿਆਂ ‘ਚ ਸ਼ਾਮਲ ਸਨ।
ਮੁੱਲਾ ਉਮਰ ਦਾ ਜਨਮ ਅਫ਼ਗਾਨਿਸਤਾਨ ‘ਚ ਕੰਧਾਰ ਦੇ ਇੱਕ ਪਿੰਡ ‘ਚ ਹੋਇਆ ਸੀ।
ਮੁੱਲਾ ਉਮਰ ਦੀ ਉਮਰ ਉਸ ਸਮੇਂ ਸਿਰਫ਼ 2 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਜਦੋਂ ਉਹ 22-23 ਸਾਲਾਂ ਦੇ ਸਨ, ਉਦੋਂ ਉਨ੍ਹਾਂ ਨੇ ਸੋਵੀਅਤ ਫੌਜ ਦੇ ਵਿਰੁੱਧ ਮੁਹਿੰਮ ‘ਚ ਹਿੱਸਾ ਲੈਣ ਸ਼ੁਰੂ ਕਰ ਦਿੱਤਾ ਸੀ।
ਡੱਚ ਲੇਖਿਕਾ ਬੈਟੀ ਡੈਮ ਲਿਖਦੇ ਹਨ, “ਲੜਾਈ ਦੇ ਦੌਰਾਨ ਉਨ੍ਹਾਂ ਨੂੰ ‘ਰਾਕੇਟੀ’ ਨਾਮ ਨਾਲ ਬੁਲਾਇਆ ਜਾਂਦਾ ਸੀ, ਕਿਉਂਕਿ ਰਾਕੇਟ ਤੋਂ ਉਨ੍ਹਾਂ ਦਾ ਨਿਸ਼ਾਨਾ ਪੂਰਾ ਸਟੀਕ ਸੀ। ਸ਼ੁਰੂ-ਸ਼ੁਰੂ ‘ਚ ਅਫ਼ਗਾਨ ਲੜਾਕਿਆਂ ਦਾ ਨਿਸ਼ਾਨਾ ਇੰਨਾ ਵਧੀਆ ਨਹੀਂ ਸੀ, ਜਿਸ ਦੇ ਕਾਰਨ ਕਈ ਨਿਰਦੋਸ਼ ਨਾਗਰਿਕਾਂ ਦੀ ਮੌਤ ਹੋ ਜਾਂਦੀ ਸੀ।”
ਤਾਲਿਬਾਨ ਦੇ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਵਕੀਲ ਅਹਿਮਦ ਮੁਤਵੱਕਿਲ ਨੇ ਡੈਮੀ ਨੂੰ ਦੱਸਿਆ ਸੀ, “ਉਮਰ ਸੋਵੀਅਤ ਸੈਨਿਕਾਂ ਦੀ ਨਜ਼ਰ ‘ਚ ਆ ਗਏ ਸਨ। ਇੱਕ ਵਾਰ ਉਨ੍ਹਾਂ ਨੇ ਰੇਡੀਓ ‘ਤੇ ਐਲਾਨ ਵੀ ਕਰ ਦਿੱਤਾ ਸੀ ਕਿ ਲੰਮਾ ਵਿਅਕਤੀ ਮਾਰਿਆ ਗਿਆ ਹੈ, ਪਰ ਇਹ ਇੱਕ ਖ਼ਿਆਲੀ ਵਿਚਾਰ ਸੀ, ਕਿਉਂਕਿ ਲੰਬਾ ਵਿਅਕਤੀ (ਮੁੱਲਾ ਉਮਰ) ਬਚ ਗਿਆ ਸੀ।”
ਬੈਟੀ ਲਿਖਦੇ ਹਨ, “ਬਚਪਨ ‘ਚ ਉਮਰ ਇੱਕ ਸ਼ਰਾਰਤੀ ਬੱਚੇ ਸਨ, ਪਰ ਬਾਅਦ ‘ਚ ਉਹ ਅੰਤਰਮੁਖੀ ਅਤੇ ਸ਼ਰਮੀਲੇ ਸੁਭਾਅ ਦੇ ਹੋ ਗਏ ਸਨ, ਵਿਸ਼ੇਸ਼ ਤੌਰ ‘ਤੇ ਬਾਹਰੀ ਲੋਕਾਂ ਦੇ ਸਾਹਮਣੇ। ਪਰ ਜਦੋਂ ਵੀ ਉਹ ਆਪਣੇ ਦੋਸਤ-ਮਿੱਤਰਾਂ ਦਰਮਿਆਨ ਹੁੰਦੇ, ਉਨ੍ਹਾਂ ਨੂੰ ਦੂਜਿਆਂ ਦੀ ਨਕਲ ਉਤਾਰਨ ਦਾ ਬਹੁਤ ਮਜ਼ਾ ਆਉਂਦਾ ਸੀ।”
ਅੱਖ ‘ਤੇ ਗੰਭੀਰ ਸੱਟ
1980 ਦੇ ਦਹਾਕੇ ਦੇ ਅੰਤ ‘ਚ ਸੋਵੀਅਤ ਫੌਜ ਨਾਲ ਲੜਾਈ ਦੌਰਾਨ ਉਨ੍ਹਾਂ ਦੀ ਇੱਕ ਅੱਖ ‘ਤੇ ਗੰਭੀਰ ਸੱਟ ਲੱਗ ਗਈ ਸੀ।
ਬੈਟੀ ਡੈਮ ਲਿਖਦੇ ਹਨ ਕਿ ਇੱਕ ਦਿਨ ਮੁੱਲਾ ਉਮਰ ਅਤੇ ਉਨ੍ਹਾਂ ਦੇ ਸਾਥੀ ਲੁਕੇ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕੀ ਸੋਵੀਅਤ ਸੈਨਿਕ ਉਨ੍ਹਾਂ ‘ਤੇ ਹਵਾਈ ਹਮਲਾ ਕਰਨਗੇ।
ਜਿਵੇਂ ਹੀ ਉਨ੍ਹਾਂ ਨੇ ਅਸਮਾਨ ਵੱਲ ਵੇਖਿਆ, ਸੋਵੀਅਤ ਹਵਾਈ ਫੌਜ ਨੇ ਇੱਕ ਬੰਬ ਸੁੱਟਿਆ ਅਤੇ ਉਸ ਬੰਬ ਕਾਰਨ ਹੋਏ ਧਮਾਕੇ ‘ਚ ਨਜ਼ਦੀਕ ਦੀ ਇੱਕ ਮਸਜਿਦ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈ। ਉਸ ਦਾ ਮਲਬਾ ਜਦੋਂ ਹਵਾ ‘ਚ ਉੱਡਿਆ ਤਾਂ ਮਲਬੇ ਦਾ ਇੱਕ ਟੁੱਕੜਾ ਉਮਰ ਦੀ ਸੱਜੀ ਅੱਖ ‘ਚ ਆ ਕੇ ਵੱਜਿਆ।
ਪੂਰੇ ਇੱਕ ਦਿਨ ਬਾਅਦ ਡਾਕਟਰੀ ਸਹੂਲਤ ਉਨ੍ਹਾਂ ਕੋਲ ਪਹੁੰਚੀ। ਸਥਾਨਕ ਡਾਕਟਰ ਨੇ ਉਦੋਂ ਤੱਕ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ। ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਉਮਰ ਦੀ ਪਿੱਠ ‘ਚੋਂ ਗੋਲੀ ਕੱਢ ਚੁੱਕੇ ਸਨ।
ਬੈਟੀ ਲਿਖਦੇ ਹਨ, “ਸੀਆਈਏ ਭਾਵੇਂ ਤਾਲਿਬਾਨ ਦੀ ਮਦਦ ਕਰ ਰਿਹਾ ਸੀ, ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਸੀ, ਪਰ ਮੈਡੀਕਲ ਸਹਾਇਤਾ ਦਾ ਕੋਈ ਬੰਦੋਬਸਤ ਨਹੀਂ ਸੀ।”
“ਜਦੋਂ ਤੱਕ ਡਾਕਟਰ ਮੁੱਲਾ ਉਮਰ ਦੇ ਕੋਲ ਪਹੁੰਚੇ, ਉਦੋਂ ਤੱਕ ਉਮਰ ਨੇ ਆਪਣੀ ਅੱਖ ‘ਚ ਫਸਿਆ ਧਾਤੂ ਦਾ ਟੁੱਕੜਾ ਆਪਣੇ ਹੱਥੀਂ ਹੀ ਬਾਹਰ ਕੱਢ ਦਿੱਤਾ ਸੀ ਅਤੇ ਆਪਣੇ ਪਰਨੇ ਨਾਲ ਅੱਖ ‘ਚੋਂ ਵਗ ਰਹੇ ਖੂਨ ਨੂੰ ਰੋਕਣ ਦਾ ਯਤਨ ਕਰ ਰਹੇ ਸਨ। ਡਾਕਟਰ ਵੱਲੋਂ ਮੁਢਲੀ ਮਦਦ ਦੇਣ ਤੋਂ ਬਾਅਦ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਪਾਕਿਸਤਾਨੀ ਸ਼ਹਿਰ ਕਵੇਟਾ ਲੈ ਗਏ ਸਨ।”
ਬਲਾਤਕਾਰੀ ਕਮਾਂਡਰ ਨੂੰ ਫਾਂਸੀ ‘ਤੇ ਲਟਕਾਇਆ
ਮੁੱਲਾ ਉਮਰ ਦੇ ਬਾਰੇ ‘ਚ ਇੱਕ ਕਹਾਣੀ ਮਸ਼ਹੂਰ ਹੈ ਕਿ 1994 ਦੇ ਸ਼ੁਰੂ ‘ਚ ਇੱਕ ਸਥਾਨਕ ਕਮਾਂਡਰ ਨੇ 2 ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ।
ਸੈਂਡੀ ਗਾਲ ਨੇ ‘ਦਿ ਗਾਰਡੀਅਨ’ ਦੇ 30 ਜੁਲਾਈ, 2015 ਦੇ ਅੰਕ ‘ਚ ਲਿਖਿਆ ਸੀ, “ਮੁੱਲਾ ਉਮਰ ਨੇ 30 ਨੌਜਵਾਨ ਵਿਦਿਆਰਥੀਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਹਥਿਆਰ ਦਿੱਤੇ ਅਤੇ ਕਮਾਂਡਰ ਦੇ ਠਿਕਾਣੇ ‘ਤੇ ਹਮਲਾ ਕਰ ਦਿੱਤਾ।
“ਉਨ੍ਹਾਂ ਨੇ ਨਾ ਸਿਰਫ਼ ਕੁੜੀਆਂ ਨੂੰ ਰਿਹਾਅ ਕਰਵਾਇਆ ਬਲਕਿ ਕਮਾਂਡਰ ਨੂੰ ਟੈਂਕ ਦੀ ਬੈਰਲ ‘ਤੇ ਫਾਹਾ ਲਗਾ ਦਿੱਤਾ। ਬਾਅਦ ‘ਚ ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਮੁਸਲਮਾਨਾਂ ਦੇ ਖ਼ਿਲਾਫ਼ ਵੀ ਲੜ ਰਹੇ ਹਾਂ ਜੋ ਆਪਣਾ ਰਸਤਾ ਭਟਕ ਗਏ ਹਨ।”
ਸੋਵੀਅਤ ਸੰਘ ਦੇ ਖ਼ਿਲਾਫ਼ ਲੜਾਈ ‘ਚ ਅਫ਼ਗਾਨਿਸਤਾਨ ਦੇ 75 ਤੋਂ 90 ਹਜ਼ਾਰ ਦਰਮਿਆਨ ਲੋਕ ਮਾਰੇ ਗਏ ਸਨ ਜਦਕਿ ਸੋਵੀਅਤ ਸੰਘ ਦੇ ਕਰੀਬ 15 ਹਜ਼ਾਰ ਸੈਨਿਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ।
ਇਸ ਤੋਂ ਇਲਾਵਾ 10 ਸਾਲਾਂ ਦੇ ਦੌਰਾਨ ਲਗਭਗ 15 ਲੱਖ ਅਫ਼ਗਾਨ ਨਾਗਰਿਕਾਂ ਦੀ ਮੌਤ ਹੋਈ ਅਤੇ ਤਕਰੀਬਨ 30 ਲੱਖ ਲੋਕ ਜ਼ਖਮੀ ਹੋਏ ਸਨ।
ਉਨ੍ਹਾਂ ‘ਚੋਂ ਕਈ ਲੋਕ ਅਜਿਹੇ ਸਨ ਜਿਹੜੇ ਹਮੇਸ਼ਾ ਲਈ ਬਾਹਾਂ ਅਤੇ ਲੱਤਾਂ ਤੋਂ ਅਪਾਹਜ ਹੋ ਗਏ ਸਨ।
ਬੀਬੀਸੀ ਦੇ ਰਿਪੋਰਟਰ ਨਾਲ ਮੁਲਾਕਾਤ
ਇੱਕ ਵਾਰ ਜਦੋਂ ਬੀਬੀਸੀ ਪੱਤਰਕਾਰ ਰਹੀਮਉੱਲ੍ਹਾ ਯੂਸਫ਼ਜ਼ਈ ਮੁੱਲਾ ਉਮਰ ਨੂੰ ਮਿਲਣ ਲਈ ਕੰਧਾਰ ਦੇ ਗਵਰਨਰ ਦੇ ਬੰਗਲੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਉਮਰ ਘਾਹ ‘ਤੇ ਲੇਟੇ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਸਿਰ ਦਾ ਪਰਨਾ ਚਾਦਰ ਵਾਂਗ ਲਿਆ ਹੋਇਆ ਸੀ ਤੇ ਦੁਪਹਿਰ ਦੀ ਨੀਂਦ ਦਾ ਆਨੰਦ ਮਾਣ ਰਹੇ ਸਨ।
ਦਿਲਚਸਪ ਗੱਲ ਇਹ ਸੀ ਕਿ ਜਿਸ ਆਲੀਸ਼ਾਨ ਇਮਾਰਤ ‘ਚ ਕਈ ਸ਼ਾਨਦਾਰ ਕਮਰੇ ਅਤੇ ਬਾਲਰੂਮ ਤੱਕ ਸਨ, ਉਸ ‘ਚ ਉਮਰ ਨੇ ਪੌੜੀਆਂ ਦੇ ਹੇਠਾਂ ਇੱਕ ਬਿਨ੍ਹਾਂ ਖਿੜਕੀ ਵਾਲੇ ਕਮਰੇ ‘ਚ ਰਹਿਣਾ ਪਸੰਦ ਕੀਤਾ ਸੀ।
ਆਈਐੱਸਆਈ ਦੇ ਇੱਕ ਖੁਫ਼ੀਆ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬੈਟੀ ਡੈਮ ਨੂੰ ਦੱਸਿਆ ਸੀ, “ਉੱਥੇ ਸਾਰੇ ਤਾਲਿਬਾਨੀ ਆਗੂ ਇੱਕ ਗਲੀਚੇ ‘ਤੇ ਬੈਠ ਕੇ ਚਾਹ ਪੀਂਦੇ ਸਨ। ਉਨ੍ਹਾ ਦੇ ਕੋਲ ਇੱਕ ਲੋਹੇ ਦਾ ਡੱਬਾ ਪਿਆ ਹੁੰਦਾ ਸੀ, ਜਿਸ ‘ਚ ਉਨ੍ਹਾਂ ਦੇ ਸ਼ਾਸਨ ਦੀ ਸਾਰੀ ਦੌਲਤ ਹੁੰਦੀ ਸੀ।”
“ਕੁਝ ਲੋਕ ਤਾਂ ਇੱਥੋਂ ਤੱਕ ਕਹਿੰਦੇ ਸਨ ਕਿ ਮੁੱਲਾ ਉਮਰ ਸ਼ਾਇਦ ਹੀ ਕਦੇ ਆਣੇ ਕੱਪੜੇ ਬਦਲਦੇ ਸਨ, ਕਿਉਂਕਿ ਉਹ ਹਮੇਸ਼ਾ ਇੱਕੋ ਜਿਹੀ ਸਲਵਾਰ-ਕਮੀਜ਼ ‘ਚ ਨਜ਼ਰ ਆਉਂਦੇ ਸਨ। ਉਨ੍ਹਾਂ ਦਾ ਖਾਣ-ਪਾਣ ਵੀ ਬਹੁਤ ਹੀ ਸਾਦਾ ਸੀ। ਸੂਪ ਅਤੇ ਕੁਝ ਉਬਲੇ ਹੋਏ ਆਲੂ, ਜਿਨ੍ਹਾਂ ਨੂੰ ਉਹ ਓਨੀ ਤੇਜ਼ੀ ਨਾਲ ਖਾਂਦੇ ਸਨ, ਜਿਵੇਂ ਕਿ ਉਹ ਬਹੁਤ ਸਮੇਂ ਤੋਂ ਭੁੱਖੇ ਹੋਣ।”
ਇੰਟਰਵਿਊ ਦੇਣ ਤੋਂ ਝਿਜਕ
ਮੁੱਲਾ ਉਮਰ ਵਧੀਆ ਬੁਲਾਰੇ ਨਹੀਂ ਸਨ। ਉਨ੍ਹਾਂ ਦੀ ਆਵਾਜ਼ ਇੱਕ ਬਜ਼ੁਰਗ ਅਨਪੜ੍ਹ ਵਿਅਕਤੀ ਵਰਗੀ ਸੀ। ਉਨ੍ਹਾਂ ਨੂੰ ਇੱਕ ਸ਼ਬਦ ਕਈ ਵਾਰ ਬੋਲਣ ਦੀ ਆਦਤ ਸੀ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਬੋਲਣ ਸਮੇਂ ਹਕਲਾਉਂਦੇ ਸਨ।
1995 ‘ਚ ਬੀਬੀਸੀ ਦੇ ਲਈ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ਰਹੀਮਉੱਲਾ ਯੂਸਫ਼ਜ਼ਈ ਨੂੰ ਮੁੱਲਾ ਉਮਰ ਦੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਸੀ। ਰਹੀਮਉੱਲ੍ਹਾ ਦੁਨੀਆ ਦੇ ਉਨ੍ਹਾਂ ਕੁਝ ਪੱਤਰਕਾਰਾਂ ‘ਚੋਂ ਸਨ ਜਿਨ੍ਹਾਂ ਨੇ ਮੁੱਲਾ ਉਮਰ ਨੂੰ ਨੇੜਿਓਂ ਵੇਖਿਆ ਸੀ।
ਬੈਟੀ ਡੈਮ ਲਿਖਦੇ ਹਨ, “ਮੁੱਲਾ ਉਮਰ ਨੇ ਯੂਸਫ਼ਜ਼ਈ ਦਾ ਬਾਖ਼ੂਬੀ ਸਵਾਗਤ ਕੀਤਾ। ਉਹ ਬੀਬੀਸੀ ਦੀ ਪਸ਼ਤੋ ਸੇਵਾ ‘ਤੇ ਅਕਸਰ ਹੀ ਉਨ੍ਹਾਂ ਨੂੰ ਸੁਣਦੇ ਰਹਿੰਦੇ ਸਨ, ਪਰ ਉਨ੍ਹਾਂ ਨੇ ਇੰਟਰਵਿਊ ਦੇਣ ‘ਚ ਅਸਮਰੱਥਾ ਜ਼ਾਹਰ ਕੀਤੀ।”
“ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਮਾਈਕ੍ਰੋਫੋਨ ਦੇ ਸਾਹਮਣੇ ਨਹੀਂ ਬੋਲਿਆ ਜਾਂਦਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਇੱਕ ਵੀ ਇੰਟਰਵਿਊ ਨਹੀਂ ਦਿੱਤਾ ਸੀ।”
ਕਾਫੀ ਯਤਨ ਤੋਂ ਬਾਅਦ ਮੁੱਲਾ ਉਮਰ ਨੇ ਕਿਹਾ ਕਿ ਉਹ ਆਪਣਾ ਟੇਪ ਰਿਕਾਰਡ ਅਤੇ ਸਵਾਲ ਉਨ੍ਹਾਂ ਦੇ ਪ੍ਰੈਸ ਸਲਾਹਕਾਰ ਅਬਦੁੱਲ ਰਹਿਮਾਨ ਹੋਤਾਕੀ ਦੇ ਕੋਲ ਛੱਡ ਦੇਣ। ਅਗਲੇ ਦਿਨ ਮੁੱਲਾ ਉਮਰ ਨੇ ਆਪਣੇ ਸਾਰੇ ਜਵਾਬ ਰਿਕਾਰਡ ਕਰਵਾ ਦਿੱਤੇ ਸਨ।
ਉਨ੍ਹਾਂ ਦੇ ਜਵਾਬਾਂ ਤੋਂ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਜਵਾਬ ਦੇਣ ‘ਚ ਖ਼ਾਸੀ ਮੁਸ਼ਕਲ ਦਾ ਸਾਹਮਣਾ ਕਰਨ ਪੈ ਰਿਹਾ ਸੀ। ਹੋਤਾਕੀ ਨੇ ਬੈਟੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੁਝ ਜਵਾਬ ਵਾਰ-ਵਾਰ ਰਿਕਾਰਡ ਕਰਨੇ ਪਏ ਸਨ।
ਹੋਤਾਕੀ ਨੇ ਸਵਾਲਾਂ ਦੇ ਜਵਾਬ ਇੱਕਕਾਗਜ਼ ‘ਤੇ ਲਿਖ ਕੇ ਦਿੱਤੇ ਸਨ ਪਰ ਮੁੱਲਾ ਉਮਰ ਨੂੰ ਉਨ੍ਹਾਂ ਨੂੰ ਪੜ੍ਹਨ ‘ਚ ਵੀ ਮੁਸ਼ਕਲ ਹੋ ਰਹੀ ਸੀ।
ਬੈਟੀ ਦੱਸਦੇ ਹਨ ਕਿ ਉਹ ਟੇਪ ਬਾਅਦ ‘ਚ ਲਾਪਤਾ ਹੋ ਗਈ ਸੀ ਅਤੇ ਕਿਸੇ ਆਰਕਾਈਵ ‘ਚ ਉਸ ਨੂੰ ਲੱਭਿਆ ਜਾ ਸਕਦਾ।
ਡਰਾਈਵਿੰਗ ਦੇ ਸ਼ੌਕੀਨ
ਮੁੱਲਾ ਉਮਰ ਨੂੰ ਡਰਾਈਵਿੰਗ ਦਾ ਬਹੁਤ ਸ਼ੌਕ ਸੀ। ਉਹ ਹਮੇਸ਼ਾ ਆਪਣੀ ਸੀਟ ਨੂੰ ਉੱਚਾ ਕਰ ਕੇ ਸਟੀਅਰਿੰਗ ਵਹੀਲ ਦੇ ਕੋਲ ਲੈ ਜਾਂਦੇ ਸਨ। ਪਰ ਉਨ੍ਹਾਂ ਦੇ ਕੋਲ ਡਰਾਈਵਿੰਗ ਲਾਈਸੈਂਸ ਨਹੀਂ ਸੀ।
ਉਨ੍ਹਾਂ ਦੇ ਕਈ ਐਕਸੀਡੈਂਟ ਵੀ ਹੋਏ ਸਨ। ਉਨ੍ਹਾਂ ਦੇ ਕਰੀਬੀ ਸਾਥੀ ਮੁਤਾਸਿਮ ਆਗ਼ਾ ਜਾਨ ਦਾ ਕਹਿਣਾ ਸੀ, “ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਗੱਡੀ ਚਲਾਉਣ, ਪਰ ਉਹ ਇੰਨੇ ਜ਼ਿੱਦੀ ਸਨ ਕਿ ਉਹ ਡਰਾਈਵਰ ਨੂੰ ਇੱਕ ਪਾਸੇ ਬਿਠਾ ਕੇ ਆਪ ਗੱਡੀ ਚਲਾਉਣਾ ਚਾਹੁੰਦੇ ਸਨ।”
“ਕਈ ਵਾਰ ਉਹ ਹਾਦਸਾ ਹੋਣ ਤੋਂ ਬਾਅਦ ਗੈਰੇਜ ‘ਚ ਗੱਡੀ ਠੀਕ ਹੋਣ ਦੀ ਉਡੀਕ ਕਰਦੇ ਸਨ ਤਾਂ ਜੋ ਉਹ ਉਸ ਨੂੰ ਮੁੜ ਚਲਾ ਸਕਣ।”
ਜਦੋਂ ਲੜਾਈ ‘ਚ ਕੋਈ ਖੜੋਤ ਆ ਜਾਂਦੀ ਸੀ ਤਾਂ ਉਮਰ ਬਾਕੀ ਤਾਲਿਬਾਨ ਲੜਾਕਿਆਂ ਦੀ ਤਰ੍ਹਾਂ ਖੁਦ ਜੰਗ ‘ਚ ਸ਼ਮਾਲ ਹੋ ਜਾਂਦੇ ਸਨ।
ਮਸ਼ਹੂਰ ਲੇਖਕ ਅਹਿਮਦ ਰਸ਼ੀਦ ਆਪਣੀ ਕਿਤਾਬ ‘ਦਿ ਸਟੋਰੀ ਆਫ਼ ਅਫ਼ਗਾਨ ਵਾਰਲਾਰਡਜ਼’ ‘ਚ ਲਿਖਦੇ ਹਨ, “ਮੁੱਲਾ ਉਮਰ ਦਾ ਜੇ ਵਸ ਚੱਲਦਾ ਤਾਂ ਉਹ ਤਾਲਿਬਾਨ ਲੜਾਕਿਆਂ ਦੇ ਨਾਲ ਹਮੇਸ਼ਾ ਬੰਕਰ ‘ਚ ਲੜਾਈ ਲਈ ਨਾਲ ਖੜਦੇ।”
“ਪਰ ਉਨ੍ਹਾਂ ਦੇ ਕਮਾਂਡਰ ਨਹੀਂ ਚਾਹੁੰਦੇ ਸਨ ਕਿ ਉਹ ਅਜਿਹਾ ਕਰਨ। ਉਹ ਉਮਰ ਨੂੰ ਕਹਿੰਦੇ ਸਨ, ਸਾਨੂੰ ਇੱਕ ਆਗੂ ਵਜੋਂ ਤੁਹਾਡੀ ਬਹੁਤ ਲੋੜ ਹੈ, ਸੈਨਿਕ ਵਜੋਂ ਨਹੀਂ।”
ਆਧੁਨਿਕ ਜੀਵਨ ਨਾਲ ਕੋਈ ਵਾਹ-ਵਾਸਤਾ ਨਹੀਂ
ਜਦੋਂ ਤਾਲਿਬਾਨ ਨੇ ਪਹਿਲੀ ਵਾਰ ਕਾਬੁਲ ‘ਚ ਦਾਖਲਾ ਕੀਤਾ ਤਾਂ ਮੁੱਲਾ ਉਮਰ ਕਾਬੁਲ ਨਾ ਜਾ ਕੇ ਕੰਧਾਰ ‘ਚ ਹੀ ਰਹੇ। ਉਨ੍ਹਾਂ ਨੇ ਕਾਬੁਲ ‘ਚ ਰੋਜ਼ਾਨਾ ਸ਼ਾਸਨ ਦੀਆਂ ਜ਼ਿੰਮੇਵਾਰੀਆਂ ਮੁੱਲਾ ਰੱਬਾਨੀ ਨੂੰ ਦੇ ਦਿੱਤੀਆਂ ਸਨ।
ਮੁੱਲਾ ਰੱਬਾਨੀ ਉਸ ਰਾਸ਼ਟਰਪਤੀ ਭਵਨ ‘ਚ ਜਾ ਕੇ ਰਹਿਣ ਲੱਗੇ ਜਿਸ ਨੂੰ ਉਨ੍ਹਾਂ ਦੇ ਹਮਨਾਮ ਬੁਰਹਾਨੁਦੀਨ ਰੱਬਾਨੀ ਨੇ ਛੱਡਿਆ ਸੀ।
ਤਾਲਿਬਾਨ ਨੂੰ ਪ੍ਰਸ਼ਾਸਨ ਚਲਾਉਣ ਦਾ ਕੋਈ ਤਜ਼ਰਬਾ ਨਹੀਂ ਸੀ ਅਤੇ ਇਨ੍ਹਾਂ ‘ਚੋਂ ਕਈ ਤਾਂ ਬਹੁਤ ਨੌਜਵਾਨ ਸਨ।
ਮੁੱਲਾ ਜ਼ਈਫ਼ ਆਪਣੀ ਕਿਤਾਬ ‘ਮਾਈ ਲਾਈਫ਼ ਵਿਦ ਦਿ ਤਾਲਿਬਾਨ’ ‘ਚ ਲਿਖਦੇ ਹਨ, “ਉਨ੍ਹਾਂ ‘ਚੋਂ ਬਹੁਤ ਸਾਰੇ ਲੋਕ ਸਿਰਫ਼ ਕੁਰਾਨ ਪੜ੍ਹਨਾ ਅਤੇ ਖਾਈਆਂ ‘ਚ ਰਹਿ ਕੇ ਲੜ੍ਹਨਾ ਜਾਣਦੇ ਸਨ। ਉਹ ਬਹੁਤ ਹੀ ਮੁਸ਼ਕਲ ਨਾਲ ਆਪਣੇ ਦਸਤਖ਼ਤ ਕਰ ਪਾਉਂਦੇ ਸਨ।”
“ਅਧਿਕਾਰੀਆਂ ਨੂੰ ਇਹ ਵੇਖ ਕੇ ਬਹੁਤ ਹੀ ਹੈਰਾਨੀ ਹੋਈ ਕਿ ਉਨ੍ਹਾਂ ਨੇ ਕਮਰੇ ‘ਚ ਪਈਆਂ ਕੁਰਸੀਆਂ ਇੱਕ ਪਾਸੇ ਕਰ ਦਿੱਤੀਆਂ ਅਤੇ ਮੰਤਰੀਆਂ ਦੀ ਬੈਠਕ ਜ਼ਮੀਨ ‘ਤੇ ਵਿਛੇ ਗੱਦਿਆਂ ‘ਤੇ ਹੋਣ ਲੱਗੀ।”
ਤਾਲਿਬਾਨ ਦੇ ਵੱਡੇ ਆਗੂ ਕਾਬੁਲ ਸ਼ਹਿਰ ‘ਚ ਕਾਰ ਰਾਹੀਂ ਜਾਣ ਦੀ ਬਜਾਏ ਪੈਦਲ ਤੁਰਨਾ ਹੀ ਪਸੰਦ ਕਰਦੇ ਸਨ। ਸ਼ਾਇਦ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸ ਸਮੇਂ ਕਾਬੁਲ ‘ਚ ਬਹੁਤ ਘੱਟ ਕਾਰਾਂ ਸਨ ਅਤੇ ਪੈਟਰੋਲ ਦੀਆ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ।
ਦੇਸ਼ ਭਰ ‘ਚ ਫੋਟੋਆ ਖਿੱਚਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਿਰਫ਼ ਪਾਸਪੋਰਟ ਫੋਟੋਆਂ ਖਿੱਚਣ ਦੀ ਹੀ ਇਜਾਜ਼ਤ ਸੀ। ਸੰਗੀਤ ਸੁਣਨ ਅਤੇ ਵਜਾਉਣ ਦੀ ਵੀ ਸਖ਼ਤ ਮਨਾਹੀ ਸੀ।
ਕਈ ਕਾਰਾਂ ਨੂੰ ਰੋਕ ਕੇ ਉਨ੍ਹਾਂ ਦੇ ਕੈਸੇਟ ਪਲੇਅਰ ‘ਚੋਂ ਕੈਸਟ ਕੱਢ ਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਸੀ।
ਕੌਮੀ ਖੇਡ ‘ਬੁਜ਼ਕੁਸ਼ੀ’ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ, ਲੋਕਾਂ ਨੂੰ ਸ਼ਤਰੰਜ ਖੇਡਣ ਦੀ ਵੀ ਇਜਾਜ਼ਤ ਨਹੀਂ ਸੀ ਅਤੇ ਫੁੱਟਬਾਲ ਖੇਡਣ ਵੇਲੇ ਹਾਫ਼ ਪੈਂਟ ਦੀ ਥਾਂ ਪੂਰੀ ਪੈਂਟ ਪਾਉਣ ਦੀ ਹਦਾਇਤ ਸੀ।
ਉਮਰ ਅਤੇ ਓਸਾਮਾ ਦੀ ਦੋਸਤੀ
ਜਦੋਂ 1996 ‘ਚ ਸੂਡਾਨ ਨੇ ਅਮਰੀਕਾ ਦੇ ਦਬਾਅ ਹੇਠ ਆ ਕੇ ਓਸਾਮਾ ਬਿਨ ਲਾਦੇਨ ਨੂੰ ਆਪਣਾ ਮੁਲਕ ਛੱਡਣ ਲਈ ਕਿਹਾ ਤਾਂ ਉਨ੍ਹਾਂ ਕੋਲ ਅਫ਼ਗਾਨਿਸਤਾਨ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।
ਓਸਾਮਾ ਬਿਨ ਲਾਦੇਨ ਦੇ ਪੁੱਤਰ ਓਮਰ ਬਿਨ ਲਦੇਨ ਆਪਣੀ ਕਿਤਾਬ ‘ਗਰੋਇੰਗ ਅੱਪ ਬਿਨ ਲਾਦੇਨ’ ‘ਚ ਲਿਖਦੇ ਹਨ, “ਅਫ਼ਗਾਨਿਸਤਾਨ ਆਉਂਦੇ ਸਮੇਂ ਜਦੋਂ ਉਨ੍ਹਾਂ ਦਾ ਜਹਾਜ਼ ਸਾਊਦੀ ਅਰਬ ਦੇ ਉੱਪਰ ਉੱਡ ਰਿਹਾ ਸੀ ਤਾਂ ਉਨ੍ਹਾਂ ਦੇ ਪਿਤਾ ਜੀ ਦੇ ਮੱਥੇ ‘ਤੇ ਡਰ ਦੇ ਕਾਰਨ ਪਸੀਨੇ ਦੀਆਂ ਬੂੰਦਾਂ ਆ ਗਈਆਂ ਸਨ ਕਿ ਕਿਤੇ ਉਨ੍ਹਾਂ ਦੇ ਜਹਾਜ਼ ਨੂੰ ਰਾਕੇਟ ਨਾਲ ਨਿਸ਼ਾਨੇ ‘ਤੇ ਲੈ ਲਿਆ ਜਾਵੇ।”
1996 ‘ਚ ਜਦੋਂ ਓਸਾਮਾ ਦਾ ਜਹਾਜ਼ ਜਲਾਲਾਬਾਦ ‘ਚ ਉਤਰਿਆ ਤਾਂ ਮੁੱਲਾ ਉਮਰ ਉਨ੍ਹਾਂ ਦੇ ਸਵਾਗਤ ‘ਚ ਉੱਥੇ ਮੌਜੂਦ ਨਹੀਂ ਸਨ।
ਓਮਰ ਬਿਨ ਲਾਦੇਨ ਲਿਖਦੇ ਹਨ, “ਇਹ ਬਹੁਤ ਹੀ ਵੱਡੀ ਗਲਤਫਹਿਮੀ ਹੈ ਕਿ ਓਸਾਮਾ ਮੁੱਲਾ ਉਮਰ ਦੇ ਸੱਦੇ ‘ਤੇ ਅਫ਼ਗਾਨਿਸਤਾਨ ਆਏ ਸਨ। ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਗੁਲਬੁਦੀਨ ਹਿਕਮਤਿਆਰ ਦੇ ਲੋਕ ਮੌਜੂਦ ਸਨ।”
“ਸ਼ੁਰੂ ‘ਚ ਉਨ੍ਹਾਂ ਨੂੰ ਅਫ਼ਗਾਨ ਬਾਦਸ਼ਾਹ ਜ਼ਾਹਿਰ ਸ਼ਾਹ ਦੇ ਇੱਕ ਮਹਿਲ ‘ਚ ਠਹਿਰਾਇਆ ਗਿਆ ਸੀ, ਪਰ ਕੁਝ ਦਿਨਾਂ ਓਸਾਮਾ ਤੋਰਾ-ਬੋਰਾ ਦੀਆਂ ਪਹਾੜੀਆਂ ਦੀ ਗੁਫਾ ‘ਚ ਰਹਿਣ ਲਈ ਚਲੇ ਗਏ ਸਨ। ਇਸ ਕਥਿਤ ਦੋਸਤੀ ਦੀ ਮੇਰੇ ਦਿਮਾਗ਼ ‘ਚ ਕੋਈ ਯਾਦ ਮੌਜੂਦ ਨਹੀਂ ਹੈ।”
ਉਮਰ ਨੇ ਓਸਾਮਾ ਨੂੰ ਮੁਲਕ ਛੱਡਣ ਲਈ ਕਿਹਾ
ਓਸਾਮਾ ਦੇ ਬੇਟੇ ਓਮਰ ਬਿਨ ਲਾਦੇਨ ਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ, ਜਦੋਂ ਮੁੱਲਾ ਉਮਰ ਨੇ 2001 ‘ਚ ਵਰਲਡ ਟਰੇਡ ਸੈਂਟਰ ਦੇ ਹਮਲੇ ਤੋਂ ਬਾਅਦ ਓਸਾਮਾ ਬਿਨ ਲਾਦੇਨ ਨੂੰ ਅਫ਼ਗਾਨਿਸਤਾਨ ਛੱਡਣ ਲਈ ਕਿਹਾ ਸੀ।
ਓਮਰ ਨੇ ਲੇਖਿਕਾ ਬੈਟੀ ਡੈਮ ਨੂੰ ਦੱਸਿਆ ਸੀ, “ਮੁੱਲਾ ਉਮਰ ਮੇਰੇ ਪਿਤਾ ਜੀ ਤੋਂ ਵੀ ਲੰਮੇ ਸਨ। ਜਦੋਂ ਉਹ ਮੇਰੇ ਪਿਤਾ ਜੀ ਨੂੰ ਮਿਲਣ ਲਈ ਆਏ ਸਨ ਤਾਂ ਉਨ੍ਹਾਂ ਨੇ ਮੁੱਲਾ ਉਮਰ ਦੇ ਲਈ ਇੱਕ ਦਾਅਵਤ ਦਾ ਪ੍ਰਬੰਧ ਕੀਤਾ ਸੀ, ਪਰ ਉਹ ਓਸਾਮਾ ਤੋਂ ਕੁਝ ਦੂਰੀ ‘ਤੇ ਬੈਠੇ।”
“ਉਨ੍ਹਾਂ ਨੇ ਆਪਣੇ ਲਈ ਇੱਕ ਕੁਰਸੀ ਦੀ ਮੰਗ ਕੀਤੀ, ਜੋ ਕਿ ਥੋੜ੍ਹੀ ਅਜੀਬ ਸੀ ਕਿਉਂਕਿ ਬਾਕੀ ਸਾਰੇ ਲੋਕ ਜ਼ਮੀਨ ‘ਤੇ ਬੈਠੇ ਹੋਏ ਸਨ। ਉਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਸਾਫ਼ ਸ਼ਬਦਾਂ ‘ਚ ਕਿਹਾ, “ਚੀਜ਼ਾਂ ਕੰਮ ਨਹੀਂ ਕਰ ਰਹੀਆਂ ਹਨ। ਤੁਹਾਨੂੰ ਇੱਥੋਂ ਜਾਣਾ ਪਵੇਗਾ।”
ਮੁੱਲਾ ਉਮਰ ਨੇ ਓਸਾਮਾ ਨੂੰ ਕਿਹਾ ਕਿ ‘ਉਹ ਲੋਕ (ਅਮਰੀਕੀ) ਨਸ਼ੀਲੀਆਂ ਦਵਾਈਆਂ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਪਹਿਲਾਂ ਹੀ ਬਹੁਤ ਵੱਡਾ ਮੁੱਦਾ ਬਣਾ ਰਹੇ ਹਨ। ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਹਵਾਲਗੀ ਇਸ ਤੋਂ ਵੀ ਵੱਡਾ ਮੁੱਦਾ ਬਣ ਜਾਵੇ’।
ਓਮਰ ਨੇ ਬੈਟੀ ਨੂੰ ਦੱਸਿਆ ਕਿ ਮੁੱਲਾ ਉਮਰ ਨੇ ਕਿਹਾ, “ਇਸਲਾਮਿਕ ਕਾਨੂੰਨ ਦੇ ਤਹਿਤ ਮੈਂ ਤੁਹਾਨੂੰ ਦੂਜਿਆਂ ਦੇ ਹਵਾਲੇ ਨਹੀਂ ਕਰ ਸਕਦਾ ਹਾਂ, ਪਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਹੀ ਇੱਥੋਂ ਚਲੇ ਜਾਵੋਗੇ।”
“ਜਦੋਂ ਮੇਰੇ ਪਿਤਾ ਜੀ ਨੇ ਉਮਰ ਨੂੰ ਕਿਹਾ ਕਿ ਸੂਡਾਨ ਨੇ ਉਨ੍ਹਾਂ ਨੂੰ 5 ਸਾਲ ਤੱਕ ਆਪਣੇ ਮੁਲਕ ‘ਚ ਰਹਿਣ ਦਿੱਤਾ ਸੀ ਜਦਕਿ ਅਫ਼ਗਾਨਿਸਤਾਨ ‘ਚ ਤਾਂ ਉਨ੍ਹਾਂ ਨੂੰ ਸਿਰਫ਼ 3 ਸਾਲ ਹੀ ਹੋਏ ਹਨ ਤਾਂ ਉਮਰ ਆਪਣੀ ਥਾਂ ਤੋਂ ਖੜ੍ਹੇ ਹੋ ਕੇ ਬਾਹਰ ਨਿਕਲਣ ਲਈ ਤਿਆਰ ਹੋ ਗਏ। ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਨਾਲ ਹੱਥ ਵੀ ਨਹੀਂ ਮਿਲਾਇਆ।”
ਦਰਅਸਲ 9/11 ਹਮਲੇ ਤੋਂ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਨੂੰ ਕਿਹਾ ਸੀ ਕਿ ਉਹ ਓਸਾਮਾ ਬਿਨ ਲਾਦੇਨ ਨੂੰ ਉਨ੍ਹਾਂ ਨੂੰ ਸੌਂਪ ਦੇਣ, ਪਰ ਇਸ ‘ਤੇ ਮੁੱਲਾ ਉਮਰ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ। ਜਿਸ ਤੋਂ ਬਾਅਦ ਅਮਰੀਕਾ ਨੇ ਤੋਰਾ-ਬੋਰਾ ਦੀਆਂ ਪਹਾੜੀਆਂ ‘ਤੇ ਬੰਬਾਰੀ ਸ਼ੁਰੂ ਕਰ ਦਿੱਤੀ ਸੀ।
ਬਾਮੀਆਨ ਨਾਲ ਹੋਈ ਭਾਰੀ ਬਦਨਾਮੀ
ਫਰਵਰੀ 2001 ਦੇ ਅਖੀਰ ‘ਚ ਮੁੱਲਾ ਉਮਰ ਨੇ ਬਾਮੀਆਨ ‘ਚ ਬੁੱਧ ਦੀਆਂ 2 ਇਤਿਹਾਸਿਕ ਮੂਰਤੀਆਂ ਨੂੰ ਨਸ਼ਟ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ।
ਇਹ ਮੂਰਤੀਆਂ 174 ਅਤੇ 115 ਫੁੱਟ ਉੱਚੀਆਂ ਸਨ ਅਤੇ ਉਨ੍ਹਾਂ ਨੂੰ 1500 ਸਾਲ ਪਹਿਲਾਂ ਚੱਟਾਨਾਂ ਨੂੰ ਕੱਟ ਕੇ ਬਣਾਇਆ ਗਿਆ ਸੀ। ਯੂਨੇਸਕੋ ਨੇ ਇਨ੍ਹਾਂ ਮੂਰਤੀਆਂ ਨੂੰ ਆਪਣੀ ਵਿਸ਼ਵ ਵਿਰਾਸਤ ਸੂਚੀ ‘ਚ ਸ਼ਾਮਲ ਕੀਤਾ ਸੀ।
ਪੂਰੀ ਦੁਨੀਆ ‘ਚ ਇਸ ਐਲਾਨ ਕਾਰਨ ਹਲਚਲ ਮਚ ਗਈ, ਪਰ ਉਮਰ ਨੇ ਆਪਣਾ ਫ਼ੈਸਲਾ ਨਹੀਂ ਬਦਲਿਆ। 2 ਮਾਰਚ, 2001 ਨੂੰ ਇਨ੍ਹਾਂ ਮੂਰਤੀਆਂ ‘ਚ ਵਿਸਫੋਟ ਕਰ ਕੇ ਤਬਾਹ ਕਰ ਦਿੱਤਾ ਗਿਆ।
ਮੁੱਲਾ ਉਮਰ ਨੂੰ ਮਾਰਨ ਦੀ ਕੋਸ਼ਿਸ਼
6 ਅਕਤੂਬਰ, 2001 ਦੀ ਰਾਤ ਨੂੰ ਅਮਰੀਕਾ ਦੇ ਇੱਕ ਮਾਨਵ ਰਹਿਤ ਪ੍ਰੀਡੇਟਰ 3034 ਡਰੋਨ ਨੂੰ ਕੰਧਾਰ ‘ਚ ਮੁੱਲਾ ਉਮਰ ਦੇ ਦਫ਼ਤਰ ਦੇ ਉੱਪਰ ਉਨ੍ਹਾਂ ਨੂੰ ਮਾਰਨ ਲਈ ਭੇਜਿਆ ਗਿਆ ਸੀ।
ਕ੍ਰਿਸ ਵੁੱਡ ਨੇ ‘ਦ ਐਟਲਾਂਟਿਕ’ ਮੈਗਜ਼ੀਨ ਦੇ 30 ਮਈ, 2015 ਦੇ ਅੰਕ ‘ਚ ‘ਦਿ ਸਟੋਰੀ ਆਫ਼ ਅਮਰੀਕਾਜ਼ ਵੇਰੀ ਫਸਟ ਡਰੋਨ ਸਟ੍ਰਾਈਕ’ ਸਿਰਲੇਖ ਹੇਠ ਲਿਖਿਆ ਸੀ, “ਹਜ਼ਾਰਾਂ ਮੀਲ ਦੂਰ ਲੇਂਗਲੀ ‘ਚ ਸੀਆਈਏ ਦੇ ਦਫ਼ਤਰ ‘ਚ ਸੀਨੀਅਰ ਸੀਆਈਏ ਅਧਿਕਾਰੀ ਡਰੋਨ ਰਾਹੀਂ ਲਈਆਂ ਗਈਆਂ ਤਸਵੀਰਾਂ ਨੂੰ ਵੇਖ ਰਹੇ ਸਨ।”
“ਉਨ੍ਹਾਂ ਨੂੰ ਡਰ ਸੀ ਕਿ ਦਫ਼ਤਰ ‘ਤੇ ਸੁੱਟਿਆ ਗਿਆ ਬੰਬ ਕਈ ਨਿਰਦੋਸ਼ ਲੋਕਾਂ ਦੀ ਜਾਨ ਲੈ ਸਕਦਾ ਸੀ, ਇਸ ਲਈ ਉਹ ਮੁੱਲਾ ਉਮਰ ਦੇ ਬਾਹਰ ਨਿਕਲਣ ਦੀ ਉਡੀਕ ਕਰ ਰਹੇ ਸਨ।”
“ਜਦੋਂ ਉਸ ਇਮਾਰਤ ‘ਚੋ ਹਥਿਆਰਬੰਦ ਲੋਕਾਂ ਨਾਲ ਭਰੀਆਂ 3 ਲੈਂਡ ਕਰੂਜ਼ਰ ਗੱਡੀਆਂ ਬਾਹਰ ਆਈਆਂ ਤਾਂ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਇਨ੍ਹਾਂ ‘ਚੋਂ ਕਿਸੇ ਇੱਕ ‘ਚ ਮੁੱਲਾ ਉਮਰ ਸਵਾਰ ਹਨ।”
“ਪਰ ਹਮਲੇ ਦੀ ਟਾਈਮਿੰਗ ਨੂੰ ਲੈ ਕੇ ਦੋ ਜਨਰਲਾਂ ਦਰਮਿਆਨ ਮਤਭੇਦ ਦੇ ਕਾਰਨ ਹੇਲਫਾਇਰ ਰਾਕੇਟ ਦਾਗੇ ਨਹੀਂ ਗਏ ਸਨ। ਤਿੰਨੇ ਲੈਂਡ ਕਰੂਜ਼ਰ ਗੱਡੀਆਂ ਭੀੜ ਭੜਕੇ ਵਾਲੀਆਂ ਸੜਕਾਂ ‘ਤੇ ਚੱਲਦੇ ਹੋਏ ਭੀੜ ‘ਚ ਹੀ ਗੁਆਚ ਗਈਆਂ ਸਨ।”
ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ
ਮੁੱਲਾ ਉਮਰ ਵਾਰੇ ਰਹੱਸ ਲੰਮੇ ਸਮੇਂ ਤੱਕ ਕਾਇਮ ਰਿਹਾ ਅਤੇ ਅੱਜ ਵੀ ਉਨ੍ਹਾਂ ਦੀ ਮੌਤ ਬਾਰੇ ਕਈ ਤਰ੍ਹਾਂ ਦੀਆ ਗੱਲਾਂ ਕਹੀਆਂ ਜਾਂਦੀਆ ਹਨ।
ਜੁਲਾਈ, 2015 ‘ਚ ਅਫ਼ਗਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਮੁੱਲਾ ਉਮਰ ਦਾ ਦੇਹਾਂਤ ਹੋ ਗਿਆ ਹੈ, ਪਰ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ ਉਸ ਤੋਂ 2 ਸਾਲ ਪਹਿਲਾਂ 23 ਅਪ੍ਰੈਲ, 2013 ਨੂੰ ਹੀ ਹੋ ਗਈ ਸੀ।
ਬੈਟੀ ਡੈਮ ਲਿਖਦੇ ਹਨ, “ਮੁੱਲਾ ਉਮਰ ਦੇ ਸਹਿਯੋਗੀ ਅਬਦੁੱਲ ਜੱਬਾਰ ਓਮਾਰੀ ਨੇ ਮੈਨੂੰ ਦੱਸਿਆ ਸੀ ਕਿ ਉਸ ਦਿਨ ਪੂਰੇ ਕੰਧਾਰ ‘ਚ ਬਹੁਤ ਗੜੇ ਪਏ ਸਨ। ਮੁੱਲਾ ਉਮਰ ਪਿਛਲੇ 3 ਮਹੀਨਿਆਂ ਤੋਂ ਖੰਘ ਰਹੇ ਸਨ ਅਤੇ ਉਨ੍ਹਾਂ ਨੂੰ ਉਲਟੀਆਂ ਵੀ ਆ ਰਹੀਆਂ ਸਨ।”
“ਓਮਾਰੀ ਨੇ ਬਹੁਤ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ, ਪਰ ਮੁੱਲਾ ਉਮਰ ਨੇ ਉਨ੍ਹਾਂ ਦੀ ਇੱਕ ਨਾ ਸੁਣੀ।”
ਓਮਾਰੀ ਨੇ ਬੈਟੀ ਨੂੰ ਦੱਸਿਆ, “ਬਹੁਤ ਹੀ ਮੁਸ਼ਕਲ ਨਾਲ ਉਹ ਇੱਕ ਸਥਾਨਕ ਦੁਕਾਨ ਤੋਂ ਖਰੀਦਿਆ ਇੱਕ ਇੰਜੈਕਸ਼ਨ ਲਗਾਉਣ ਲਈ ਤਿਆਰ ਹੋਏ ਸਨ। ਉਹ ਬੇਹੋਸ਼ ਹੋ ਗਏ ਸਨ। ਉਨ੍ਹਾਂ ਦਾ ਚਿਹਰਾ ਪੀਲਾ ਪੈ ਗਿਆ ਸੀ। ਜਦੋਂ ਉਨ੍ਹਾਂ ਨੂੰ ਹੱਥ ਲਗਾਇਆ ਤਾਂ ਉਹ ਹੇਠਾਂ ਵੱਲ ਡਿੱਗ ਗਏ ਅਤੇ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI