Home ਰਾਸ਼ਟਰੀ ਖ਼ਬਰਾਂ 45 ਸਾਲ ਪਹਿਲਾਂ 100 ਰੁਪਏ ਦੀ ਕਣਕ ਚੋਰੀ ਦੀ ਐੱਫਆਈਆਰ, ਹੁਣ ਹੋਈ...

45 ਸਾਲ ਪਹਿਲਾਂ 100 ਰੁਪਏ ਦੀ ਕਣਕ ਚੋਰੀ ਦੀ ਐੱਫਆਈਆਰ, ਹੁਣ ਹੋਈ ਗ੍ਰਿਫ਼ਤਾਰੀ, ਜਾਣੋ ਕੀ ਸੀ ਪੂਰੀ ਕਹਾਣੀ

7
0

Source :- BBC PUNJABI

ਸਲੀਮ ਨੂੰ 45 ਸਾਲ ਪਹਿਲਾਂ ਕਣਕ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਸਵੀਰ ਸਰੋਤ, Saleem’s family

“ਸਾਬ੍ਹ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਬਚਪਨ ਵਿੱਚ ਕੀ ਸ਼ਰਾਰਤ ਕੀਤੀ ਸੀ। ਜੇਕਰ ਮੈਨੂੰ ਕੋਈ ਜਾਣਕਾਰੀ ਹੁੰਦੀ ਕਿ 45 ਸਾਲ ਪਹਿਲਾਂ ਮੇਰੇ ਵਿਰੁੱਧ 100 ਰੁਪਏ ਦੀ ਕਣਕ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ, ਤਾਂ ਮੈਂ ਖੁਦ ਪੁਲਿਸ ਕੋਲ ਜਾਂਦਾ।”

ਫ਼ੋਨ ‘ਤੇ ਗੱਲ ਕਰਦੇ ਹੋਏ ਸਲੀਮ ਮੇਵਾਤੀ ਨੇ ਦੱਸਿਆ ਕਿ ਸ਼ਨੀਵਾਰ 7 ਫਰਵਰੀ ਨੂੰ, ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੀ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਸੀ। ਇਹ ਮਾਮਲਾ 45 ਸਾਲ ਪਹਿਲਾਂ ਜ਼ਿਲ੍ਹੇ ਦੇ ਬਲਕਵਾੜਾ ਥਾਣਾ ਖੇਤਰ ਵਿੱਚ ਸਥਿਤ ਬਾਲਸਮੁੰਡ ਕਾਕੜ ਵਿੱਚ 100 ਰੁਪਏ ਦੀ ਕਣਕ ਚੋਰੀ ਕਰਨ ਦਾ ਸੀ।

65 ਸਾਲਾ ਸਲੀਮ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਦਸੰਬਰ 1980 ਵਿੱਚ ਆਪਣੇ ਛੇ ਹੋਰ ਦੋਸਤਾਂ ਦੇ ਨਾਲ ਮਿਲ ਕੇ ਦੋ ਵੱਖ-ਵੱਖ ਖੇਤਾਂ ਤੋਂ ਇਹ ਚੋਰੀ ਕੀਤੀ ਸੀ। ਇਸ ਮਾਮਲੇ ਵਿੱਚ ਮਾਣਿਕਚੰਦ ਪਟੇਲ ਅਤੇ ਲਾਲਚੰਦ ਪਟੇਲ ਨੇ 1980 ਵਿੱਚ ਰਿਪੋਰਟ ਦਰਜ ਕਰਵਾਈ ਸੀ।

ਖਰਗੋਨ ਜ਼ਿਲ੍ਹੇ ਵਿੱਚ ਤਾਇਨਾਤ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ (ਮੰਡਲੇਸ਼ਵਰ) ਸ਼ਵੇਤਾ ਸ਼ੁਕਲਾ ਨੇ ਪੁਸ਼ਟੀ ਕੀਤੀ ਕਿ ਸਲੀਮ ਵਿਰੁੱਧ ਮਾਮਲਾ 100 ਰੁਪਏ ਦੀ ਕਣਕ ਚੋਰੀ ਕਰਨ ਦਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਫ਼ੋਨ ‘ਤੇ ਦੱਸਿਆ, “ਸਾਡੇ ਕੋਲ ਜੋ ਰਿਪੋਰਟਾਂ ਹਨ, ਉਨ੍ਹਾਂ ਅਨੁਸਾਰ 1980 ਵਿੱਚ ਸਲੀਮ ਅਤੇ ਛੇ ਹੋਰ 19-20 ਸਾਲ ਦੇ ਸਨ। ਉਨ੍ਹਾਂ ਨੇ ਬਾਲਸਮੰਦ ਕਾਕੜ ਇਲਾਕੇ ਦੇ ਖੇਤਾਂ ਵਿੱਚੋਂ ਕਣਕ ਚੋਰੀ ਕੀਤੀ ਸੀ। ਇਸ ਮਾਮਲੇ ਵਿੱਚ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ। ਦੋ ਖੇਤਾਂ ਤੋਂ ਚੋਰੀ ਦਾ ਮਾਮਲਾ ਸੀ।”

ਪੁਲਿਸ ਰਿਕਾਰਡ ਅਨੁਸਾਰ ਘਟਨਾ ਦੇ ਸਮੇਂ ਸਲੀਮ ਦੀ ਉਮਰ 19-20 ਸਾਲ ਦੱਸੀ ਗਈ ਹੈ, ਜਦਕਿ ਪਰਿਵਾਰ ਦਾ ਦਾਅਵਾ ਹੈ ਕਿ ਸਲੀਮ ਦਾ ਜਨਮ 1967 ਵਿੱਚ ਹੋਇਆ ਸੀ ਅਤੇ ਘਟਨਾ ਸਮੇਂ ਉਹ ਕਿਸ਼ੋਰ ਅਵਸਥਾ ਵਿੱਚ ਸੀ।

45 ਸਾਲ ਬਾਅਦ ਪੁਲਿਸ ਕਿਵੇਂ ਸਲੀਮ ਤੱਕ ਪਹੁੰਚੀ?

ਮੱਧ ਪ੍ਰਦੇਸ਼

ਤਸਵੀਰ ਸਰੋਤ, Ashif Khan

ਮੱਧ ਪ੍ਰਦੇਸ਼ ਵਿੱਚ ਕੁਝ ਸਾਲ ਪਹਿਲਾਂ ਪੁਰਾਣੇ ਮਾਮਲਿਆਂ ਦਾ ਡਿਜੀਟਲੀਕਰਨ ਕੀਤਾ ਗਿਆ। ਇਹ ਮਾਮਲਾ ਵੀ ਉਨ੍ਹਾਂ ਵਿੱਚੋਂ ਇੱਕ ਸੀ।

ਖਲਟਕਾ ਚੌਕੀ ਦੇ ਇੰਚਾਰਜ ਮਿਥੁਨ ਚੌਹਾਨ ਨੇ ਅਦਾਲਤ ਦੇ ਹੁਕਮਾਂ ‘ਤੇ ਇਸ ਮਾਮਲੇ ਦੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਸੀ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਤਫ਼ਾਕ ਨਾਲ ਇਸੇ ਮਾਮਲੇ ਦੇ ਇੱਕ ਹੋਰ ਮੁਲਜ਼ਮ ਦੇ ਪਰਿਵਾਰ ਤੋਂ ਸਲੀਮ ਬਾਰੇ ਪਤਾ ਲੱਗਾ।

ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਸੱਤ ਮੁਲਜ਼ਮ ਸਨ। ਉਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ, ਚਾਰ ਜ਼ਮਾਨਤ ‘ਤੇ ਹਨ ਅਤੇ ਸਲੀਮ ਆਖਰੀ ਮੁਲਜ਼ਮ ਸੀ।

ਮਿਥੁਨ ਚੌਹਾਨ ਨੇ ਦੱਸਿਆ, “ਅਸੀਂ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੇ ਸੀ, ਜਿਨ੍ਹਾਂ ਵਿਰੁੱਧ ਇਸ ਮਾਮਲੇ ਵਿੱਚ ਸਥਾਈ ਵਾਰੰਟ ਜਾਰੀ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੇ ਘਰ ਦਾ ਪਤਾ ਚੱਲਿਆ ਦੇਵਾਸ ਜ਼ਿਲ੍ਹੇ ਵਿੱਚ। ਘਰ ਪਹੁੰਚਣ ‘ਤੇ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਗੱਲਬਾਤ ਦੌਰਾਨ ਹੀ ਸਲੀਮ ਮੇਵਾਤੀ ਬਾਰੇ ਪਤਾ ਲੱਗਾ। ਉਥੋਂ ਸੰਪਰਕ ਲੈ ਕੇ ਅਸੀਂ ਸਲੀਮ ਦੇ ਘਰ ਪਹੁੰਚੇ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।”

ਸਲੀਮ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਸੀ।

ਸਲੀਮ ਮੇਵਾਤੀ ਦੀ ਨੂੰਹ ਆਇਸ਼ਾ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਲੋਕ ਤਾਂ ਸਦਮੇ ਵਿੱਚ ਸੀ। ਸਾਨੂੰ ਸਮਝ ਨਹੀਂ ਆਇਆ, ਪੁਲਿਸ ਆਈ ਅਤੇ ਮੇਰੇ ਸਹੁਰਾ ਜੀ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ। ਸਾਨੂੰ ਦੱਸਿਆ ਗਿਆ ਕਿ 45 ਸਾਲ ਪਹਿਲਾਂ ਉਨ੍ਹਾਂ ਨੇ 100 ਰੁਪਏ ਦੀ ਕਣਕ ਚੋਰੀ ਕੀਤੀ ਸੀ।”

ਸਲੀਮ ਦੀ ਪਤਨੀ, ਤਸਲੀਮ, ਜੋ ਪਿਛਲੇ ਤਿੰਨ ਦਿਨਾਂ ਤੋਂ ਸਲੀਮ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਦੀ ਕਾਗਜ਼ੀ ਕਾਰਵਾਈ ਵਿੱਚ ਲੱਗੇ ਹੋਏ ਸਨ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਉਨ੍ਹਾਂ ਦੇ ਲਈ ਇੱਕ ਹੈਰਾਨੀਜਨਕ ਘਟਨਾ ਸੀ।

ਤਸਲੀਮ ਕਹਿੰਦੇ ਹਨ, “ਅਚਾਨਕ ਪੁਲਿਸ ਪਹੁੰਚਦੀ ਹੈ ਅਤੇ ਤਿੰਨ ਧੀਆਂ, ਇੱਕ ਪੁੱਤਰ ਦੇ ਪਿਤਾ ਅਤੇ ਪੋਤੇ-ਪੋਤੀਆਂ ਦੇ ਦਾਦਾ ਨੂੰ ਚੋਰ ਕਹਿ ਕੇ ਗੱਡੀ ਵਿੱਚ ਬਿਠਾ ਕੇ ਲੈ ਜਾਂਦੀ ਹੈ। ਅਸੀਂ ਲੋਕ ਤਾਂ ਕੁਝ ਸਮਝ ਹੀ ਨਹੀਂ ਪਾ ਰਹੇ ਸੀ। ਪਿੱਛੇ-ਪਿੱਛੇ ਅਸੀਂ ਵੀ ਪੁਲਿਸ ਸਟੇਸ਼ਨ ਪਹੁੰਚੇ।”

ਤਸਲੀਮ ਨੇ ਦੱਸਿਆ, “ਪੁਲਿਸ ਸਟੇਸ਼ਨ ‘ਚ ਸਾਨੂੰ ਪਤਾ ਲੱਗਾ ਕਿ ਮੇਰੇ ਵਿਆਹ ਤੋਂ ਪਹਿਲਾਂ ਦੀ ਕੋਈ ਘਟਨਾ ਹੈ। ਜਦੋਂ ਉਹ ਖੁਦ ਬੱਚੇ ਸਨ।”

‘ਸਮਾਜਿਕ ਸਾਖ ਨੂੰ ਠੇਸ ਪਹੁੰਚੀ’

ਪੁਲਿਸ ਹਿਰਾਸਤ ਵਿੱਚ ਸਲੀਮ

ਤਸਵੀਰ ਸਰੋਤ, Khargone police

ਸਲੀਮ ਮੂਲ ਰੂਪ ਵਿੱਚ ਖਰਗੋਨ ਜ਼ਿਲ੍ਹੇ ਦੇ ਬਲਸਮੁੰਡ ਕਾਂਕੜ ਨਾਮ ਦੇ ਪਿੰਡ ਦੇ ਰਹਿਣ ਵਾਲੇ ਹਨ। ਵਿਆਹ ਤੋਂ ਬਾਅਦ ਉਹ ਧਾਰ ਜ਼ਿਲ੍ਹੇ ਦੇ ਬਾਘ ਪਿੰਡ ਚਲਾ ਗਏ, ਜੋ ਕਿ ਉਨ੍ਹਾਂ ਦੇ ਸਹੁਰੇ ਘਰ ਤੋਂ ਲਗਭਗ 70-80 ਕਿਲੋਮੀਟਰ ਦੂਰ ਹੈ। ਹਾਲਾਂਕਿ, ਸਲੀਮ ਦੇ ਹੋਰ ਰਿਸ਼ਤੇਦਾਰ ਅਜੇ ਵੀ ਬਲਸਮੁੰਡ ਕਾਂਕੜ ਵਿੱਚ ਹੀ ਰਹਿੰਦੇ ਹਨ।

ਤਸਲੀਮ, ਜੋ ਆਪਣੇ ਪਤੀ ਸਲੀਮ ਨਾਲ ਬਾਲਸਾਮੁੰਡ ਕਨਕੜ ਪਿੰਡ ਆ ਰਹੀ ਸੀ, ਨੇ ਕਿਹਾ ਕਿ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਇੰਨੇ ਸਾਲਾਂ ਤੋਂ ਕੀ ਕਰ ਰਿਹਾ ਸੀ।

ਤਸਲੀਮ ਨੇ ਕਿਹਾ, “ਦੇਖੋ, ਮੰਨ ਲਓ ਕਿ ਬਲਸਮੁੰਡ ਕਾਂਕੜ ਵਿੱਚ ਇਨ੍ਹਾਂ ਲੋਕਾਂ ਨੇ ਬਚਪਨ ‘ਚ ਕੋਈ ਸ਼ਰਾਰਤ ਕੀਤੀ ਹੋਵੇਗੀ। ਅਸੀਂ ਵਿਆਹ ਤੋਂ ਬਾਅਦ ਉਸ ਪਿੰਡ ਤੋਂ ਸਿਰਫ਼ 70-80 ਕਿਲੋਮੀਟਰ ਦੂਰ ਰਹਿ ਰਹੇ ਹਾਂ। ਸਲੀਮ ਜੀ ਦਾ ਪੂਰਾ ਪਰਿਵਾਰ ਅਜੇ ਵੀ ਬਲਸਮੁੰਡ ਵਿੱਚ ਰਹਿੰਦਾ ਹੈ। ਜੇਕਰ ਪੁਲਿਸ ਨੇ ਸਹੀ ਢੰਗ ਨਾਲ ਕਾਰਵਾਈ ਕੀਤੀ ਹੁੰਦੀ, ਤਾਂ ਸਾਡੇ ਪਰਿਵਾਰ ਨੂੰ ਜਾਂ ਤਾਂ ਸੰਮਨ ਮਿਲਦੇ ਜਾਂ ਸਾਡੇ ਪਰਿਵਾਰਕ ਮੈਂਬਰ, ਜੋ ਅਜੇ ਵੀ ਬਲਸਮੁੰਡ ਵਿੱਚ ਰਹਿੰਦੇ ਹਨ, ਸਾਨੂੰ ਸੂਚਿਤ ਕਰਦੇ।”

ਸਲੀਮ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਥਾਨਕ ਮੀਡੀਆ ਨੇ ਇਸ ਮਾਮਲੇ ਵਿੱਚ ਸਲੀਮ ਨੂੰ ਭਗੌੜਾ ਅਤੇ ਕਾਨੂੰਨ ਤੋਂ ਲੁਕਿਆ ਹੋਇਆ ਦਿਖਾਇਆ ਹੈ, ਉਹ ਗਲਤ ਹੈ ਅਤੇ ਇਸ ਨੇ ਪਰਿਵਾਰ ਦੀ ਸਮਾਜਿਕ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ।

ਤਸਲੀਮ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਕਿਤੇ ਵੀ ਲੁਕੇ ਨਹੀਂ ਰਹੇ ਸੀ। ਮੇਰੇ ਪਤੀ ਨੇ ਬਚਪਨ ਵਿੱਚ ਜੋ ਕੀਤਾ, ਉਹ ਹੁਣ ਯਾਦ ਵੀ ਨਹੀਂ। ਉਸ ਸਮੇਂ ਉਹ 13 ਜਾਂ 14 ਸਾਲ ਦੇ ਹੋਣਗੇ। ਪਰ ਪੁਲਿਸ ਦੀ ਕਾਰਵਾਈ ਅਤੇ ਉਸ ਤੋਂ ਬਾਅਦ ਜਿਵੇਂ ਮੀਡੀਆ ਵਿੱਚ ਇਸ ਕੇਸ ਨੂੰ ਦਿਖਾਇਆ, ਉਸ ਤੋਂ ਇਹੀ ਲੱਗਦਾ ਹੈ ਕਿ ਮੇਰੇ ਪਤੀ ਸਲੀਮ ਕੋਈ ਬਦਨਾਮ ਅਪਰਾਧੀ ਹਨ। ਜਦਕਿ ਉਹ ਇੱਕ ਆਮ ਆਦਮੀ ਹਨ, ਜੋ ਆਪਣੇ ਪਰਿਵਾਰ ਨਾਲ ਆਪਣੀ ਜ਼ਿੰਦਗੀ ਜੀ ਰਹੇ ਸਨ।”

ਰਾਜ਼ੀਨਾਮਾ

ਖਰਗੋਨ ਜ਼ਿਲ੍ਹੇ ਵਿੱਚ ਤਾਇਨਾਤ ਐੱਸਡੀਓਪੀ ਸ਼ਵੇਤਾ ਸ਼ੁਕਲਾ

ਤਸਵੀਰ ਸਰੋਤ, Ashif Khan

ਸਲੀਮ ਨੂੰ 7 ਫਰਵਰੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਉਨ੍ਹਾਂ ‘ਤੇ ਪਹਿਲਾਂ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 379 ਤਹਿਤ ਮਾਮਲਾ ਦਰਜ ਸੀ।

ਸਲੀਮ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੇ ਅਤੇ ਇਲਜ਼ਾਮ ਲਗਾਉਣ ਵਾਲੀ ਧਿਰ ਨਾਲ ਸਮਝੌਤਾ ਹੋ ਗਿਆ ਹੈ।

“ਦੇਖੋ, ਸਾਬ੍ਹ, ਮੈਂ ਵੀ ਬੁੱਢਾ ਹੋ ਗਿਆ ਹਾਂ। ਮੈਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ। ਮੇਰੇ ਪੋਤੇ-ਪੋਤੀਆਂ ਹੁਣ ਵੱਡੇ ਹੋ ਗਏ ਹਨ। ਜਿਸ ਵਿਅਕਤੀ ਨੇ ਕੇਸ ਦਾਇਰ ਕੀਤਾ ਸੀ ਉਹ ਵੀ ਬਜ਼ੁਰਗ ਹਨ। ਇਹ ਬਹੁਤ ਪੁਰਾਣਾ ਮਾਮਲਾ ਸੀ ਅਤੇ ਕਿਸੇ ਵੀ ਧਿਰ ਵਿੱਚ ਇਸ ਨਾਲ ਲੜਨ ਦੀ ਹਿੰਮਤ ਨਹੀਂ ਸੀ। ਇਸ ਲਈ ਅਸੀਂ ਸਮਝੌਤਾ ਕਰ ਲਿਆ।”

ਕਾਨੂੰਨੀ ਮਾਹਿਰਾਂ ਦੇ ਅਨੁਸਾਰ ਚੋਰੀ ਵਰਗੇ ਮਾਮਲਿਆਂ ਵਿੱਚ ਅਦਾਲਤ ਦੀ ਇਜਾਜ਼ਤ ਨਾਲ ਧਿਰਾਂ ਵਿਚਕਾਰ ਸਮਝੌਤੇ ਦੇ ਆਧਾਰ ‘ਤੇ ਕਾਰਵਾਈ ਖਤਮ ਕੀਤੀ ਜਾ ਸਕਦੀ ਹੈ।

ਜਦੋਂ ਅਸੀਂ ਇਸ ਮਾਮਲੇ ਦੇ ਸ਼ਿਕਾਇਤਕਰਤਾਵਾਂ ਵਿੱਚੋਂ ਇੱਕ ਮਾਨਿਕਚੰਦ ਪਟੇਲ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਸਮਝੌਤੇ ਦੀ ਪੁਸ਼ਟੀ ਕੀਤੀ।

ਮਾਣਿਕਚੰਦ ਪਟੇਲ ਦੇ ਪੁੱਤਰ, ਰਾਜੇਂਦਰ ਪਟੇਲ ਨੇ ਫ਼ੋਨ ‘ਤੇ ਕਿਹਾ, “ਮੇਰੇ ਪਿਤਾ ਜੀ ਦੀ ਉਮਰ ਵੀ ਲਗਭਗ 80 ਸਾਲ ਹੋ ਗਈ ਹੈ। ਇਹ ਮਾਮਲਾ 45 ਸਾਲ ਪੁਰਾਣਾ ਹੈ। ਉਸ ਸਮੇਂ ਬੇਸ਼ੱਕ ਇਹ ਰਕਮ ਵੱਡੀ ਰਹੀ ਹੋਵੇ ਪਰ ਅੱਜ ਇਹ ਇੱਕ ਛੋਟੀ ਜਿਹੀ ਗੱਲ ਹੈ। ਦੋਵੇਂ ਧਿਰਾਂ ਬਜ਼ੁਰਗ ਹਨ, ਇਸ ਲਈ ਦੋਵਾਂ ਨੇ ਆਪਸ ਵਿੱਚ ਗੱਲ ਕਰਕੇ ਸਮਝੌਤਾ ਕਰ ਲਿਆ ਅਤੇ ਕੇਸ ਨੂੰ ਖਤਮ ਕਰ ਲਿਆ।”

45 ਸਾਲ ਪੁਰਾਣੀ ਘਟਨਾ ਅਤੇ ਸਲੀਮ ਦੀ ਗ੍ਰਿਫਤਾਰੀ ਨੇ ਇਹ ਬਹਿਸ ਵੀ ਮੁੜ ਤੇਜ਼ ਕਰ ਦਿੱਤੀ ਹੈ ਕਿ ਸਾਲਾਂ ਪੁਰਾਣੇ ਮਾਮਲਿਆਂ ਵਿੱਚ ਪੁਲਿਸ ਦੀ ਜ਼ਿੰਮੇਵਾਰੀ ਸਿਰਫ਼ ਕਾਰਵਾਈ ਤੱਕ ਸੀਮਤ ਹੁੰਦੀ ਹੈ ਜਾਂ ਸਮੇਂ ‘ਤੇ ਸੂਚਨਾ ਦੇਣਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI