Home ਰਾਸ਼ਟਰੀ ਖ਼ਬਰਾਂ ਹੋਰਮੁਜ਼ ਸਟ੍ਰੇਟ ਪਾਰ ਕਰਕੇ ਕਿਹੜੇ ਦੋ ਜਹਾਜ਼ ਭਾਰਤ ਆ ਰਹੇ ਹਨ, ਐੱਲਪੀਜੀ-ਪੀਐੱਨਜੀ...

ਹੋਰਮੁਜ਼ ਸਟ੍ਰੇਟ ਪਾਰ ਕਰਕੇ ਕਿਹੜੇ ਦੋ ਜਹਾਜ਼ ਭਾਰਤ ਆ ਰਹੇ ਹਨ, ਐੱਲਪੀਜੀ-ਪੀਐੱਨਜੀ ਕਨੈਕਸ਼ਨ ‘ਤੇ ਸਰਕਾਰ ਦਾ ਅਹਿਮ ਐਲਾਨ

5
0

Source :- BBC PUNJABI

ਸਮੁੰਦਰੀ ਜਹਾਜ਼

ਤਸਵੀਰ ਸਰੋਤ, Getty Images

15 ਮਾਰਚ 2026, 10:34 IST

ਪੜ੍ਹਨ ਦਾ ਸਮਾਂ: 7 ਮਿੰਟ

ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਮੱਧ ਪੂਰਬ ਵਿੱਚ ਜਾਰੀ ਸੰਘਰਸ਼ ਦੇ ਦਰਮਿਆਨ ਭਾਰਤ ਦੇ ਦੋ ਜਹਾਜ਼ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਿੱਚ ਕਾਮਯਾਬ ਰਹੇ ਹਨ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਰਣਧੀਰ ਜੈਸਵਾਲ ਨੇ ਕਿਹਾ, “ਭਾਰਤ ਆਉਣ ਵਾਲੇ ਕੁਝ ਜਹਾਜ਼ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਿੱਚ ਕਾਮਯਾਬ ਰਹੇ ਹਨ। ਦੋ ਭਾਰਤੀ ਜਹਾਜ਼, ਸ਼ਿਵਾਲਿਕ ਅਤੇ ਨੰਦਾ ਦੇਵੀ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰ ਚੁੱਕੇ ਹਨ ਅਤੇ ਹੁਣ ਭਾਰਤ ਦੀਆਂ ਬੰਦਰਗਾਹਾਂ ਵੱਲ ਵਧ ਰਹੇ ਹਨ।”

ਉਨ੍ਹਾਂ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਵਿੱਚੋਂ ਹਰੇਕ ਵਿੱਚ 46 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਐਲਪੀਜੀ ਲੱਦੀ ਹੋਈ ਹੈ। ਮਤਲਬ ਇਨ੍ਹਾਂ ਵਿੱਚ ਕੁੱਲ ਲਗਭਗ 93 ਹਜ਼ਾਰ ਮੀਟ੍ਰਿਕ ਟਨ ਐਲਪੀਜੀ ਹੈ।

ਰਣਧੀਰ ਜੈਸਵਾਲ ਨੇ ਇਹ ਜਾਣਕਾਰੀ ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤਾਂ ‘ਤੇ ਇੰਟਰ-ਮਿਨਿਸਟ੍ਰੀਅਲ ਪ੍ਰੈੱਸ ਬ੍ਰੀਫਿੰਗ ਦੌਰਾਨ ਦਿੱਤੀ, ਜਿਸ ਵਿੱਚ ਵਿਦੇਸ਼ ਮੰਤਰਾਲੇ, ਪੈਟ੍ਰੋਲੀਅਮ ਮੰਤਰਾਲੇ ਅਤੇ ਸ਼ਿਪਿੰਗ ਮੰਤਰਾਲੇ ਦੇ ਅਧਿਕਾਰੀ ਮੌਜੂਦ ਸਨ।

ਵਿਦੇਸ਼ ਮੰਤਰਾਲੇ ਦੇ ਐਡੀਸ਼ਨਲ ਸਕੱਤਰ (ਗਲਫ) ਅਸੀਮ ਮਹਾਜਨ ਨੇ ਦੱਸਿਆ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਰਕੇ ਭਾਰਤ ਦੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇੱਕ ਭਾਰਤੀ ਜ਼ਖ਼ਮੀ ਵੀ ਹੋਇਆ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਇਲਾਕੇ ਵਿੱਚ ਮੌਜੂਦ ਭਾਰਤੀ ਮਿਸ਼ਨ ਦਿਨ-ਰਾਤ ਕਈ ਘੰਟੇ ਕੰਮ ਕਰ ਰਿਹਾ ਹੈ ਅਤੇ ਹਾਲਾਤਾਂ ‘ਤੇ ਨਜ਼ਰ ਬਣਾ ਕੇ ਰੱਖ ਰਿਹਾ ਹੈ।

ਉਨ੍ਹਾਂ ਕਿਹਾ, “ਪਹਿਲਾਂ ਦੀਆਂ ਘਟਨਾਵਾਂ ਵਿੱਚ ਪੰਜ ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਲਾਪਤਾ ਹੈ। ਓਮਾਨ, ਇਰਾਕ, ਯੂਏਈ ਅਤੇ ਬਹਿਰੀਨ ਵਿੱਚ ਸਾਡਾ ਮਿਸ਼ਨ ਇੱਕ ਲਾਪਤਾ ਭਾਰਤੀ ਦੀ ਤਲਾਸ਼ ਅਤੇ ਹੋਰ ਮ੍ਰਿਤਕਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਲਈ ਲਗਾਤਾਰ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।”

ਭਾਰਤ ਦੇ ਕਿੰਨੇ ਜਹਾਜ਼ ਖਾੜੀ ਖੇਤਰ ਵਿੱਚ ਫਸੇ ਹੋਏ ਹਨ?

ਰਣਧੀਰ ਜੈਸਵਾਲ - ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ

ਰਣਧੀਰ ਜੈਸਵਾਲ ਨੇ ਦੱਸਿਆ ਕਿ ਭਾਰਤ ਦੇ ਕਈ ਜਹਾਜ਼ ਖਾੜੀ ਖੇਤਰ ਵਿੱਚ ਸਟੈਂਡਬਾਇ ‘ਤੇ ਹਨ ਅਤੇ ਭਾਰਤ ਆਪਣੀ ਊਰਜਾ ਸੁਰੱਖਿਆ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ।

ਉਨ੍ਹਾਂ ਮੁਤਾਬਕ, ਇਨ੍ਹਾਂ ਜਹਾਜ਼ਾਂ ਦੇ ਸੁਰੱਖਿਅਤ ਅਤੇ ਬਿਨ੍ਹਾਂ ਕਿਸੇ ਰੁਕਾਵਟ ਦੇ ਲੰਘਣ ਨੂੰ ਯਕੀਨੀ ਬਣਾਉਣ ਲਈ ਭਾਰਤ ਸਾਰੇ ਸਬੰਧਤ ਦੇਸ਼ਾਂ ਨਾਲ ਲਗਾਤਾਰ ਸੰਪਰਕ ਅਤੇ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਕਿਹਾ, “ਸੰਘਰਸ਼ ਕਾਰਨ ਉਡਾਣਾਂ ਵਿੱਚ ਵੱਡੇ ਪੱਧਰ ‘ਤੇ ਹੋਈਆਂ ਰੁਕਾਵਟਾਂ ਕਾਰਨ ਕਈ ਈਰਾਨੀ ਨਾਗਰਿਕ ਭਾਰਤ ਵਿੱਚ ਫਸ ਗਏ ਸਨ। ਈਰਾਨੀ ਅਧਿਕਾਰੀਆਂ ਨੇ ਇਨ੍ਹਾਂ ਫਸੇ ਹੋਏ ਨਾਗਰਿਕਾਂ ਨੂੰ ਵਾਪਸ ਲੈਕੇ ਜਾਣ ਲਈ ਇੱਕ ਚਾਰਟਰਡ ਜਹਾਜ਼ ਦਾ ਇੰਤਜ਼ਾਮ ਕੀਤਾ। ਇਨ੍ਹਾਂ ਵਿੱਚ ਉਹ ਈਰਾਨੀ ਨਾਗਰਿਕ ਵੀ ਸ਼ਾਮਲ ਸਨ ਜੋ ਸੈਲਾਨੀ ਵਜੋਂ ਭਾਰਤ ਆਏ ਸਨ ਜਾਂ ਇੱਥੇ ਡਿਪਲੋਮੈਟ ਵਜੋਂ ਤਾਇਨਾਤ ਸਨ।”

“ਇਹ ਉਡਾਣ ਕੱਲ੍ਹ ਰਾਤ ਕੋਚੀ ਤੋਂ ਰਵਾਨਾ ਹੋਈ। ਇਨ੍ਹਾਂ ਯਾਤਰੀਆਂ ਵਿੱਚ ਆਈਆਰਆਈਐਸ ਲਾਵਨ (ਈਰਾਨੀ ਜੰਗੀ ਬੇੜਾ) ਦੇ ਉਹ ਕਰੂ ਮੈਂਬਰ ਵੀ ਸ਼ਾਮਲ ਸਨ, ਜਿਨ੍ਹਾਂ ਦਾ ਜਹਾਜ਼ ‘ਤੇ ਮੌਜੂਦ ਰਹਿਣਾ ਜ਼ਰੂਰੀ ਨਹੀਂ ਸੀ। ਇਹ ਸਮੁੰਦਰੀ ਜਹਾਜ਼ ਅਜੇ ਵੀ ਕੋਚੀ ਵਿੱਚ ਹੀ ਖੜ੍ਹਾ ਹੈ।”

ਮੱਧ-ਪੂਰਬ ਸੰਕਟ ਵਿਚਕਾਰ ਭਾਰਤੀ ਝੰਡਾ ਲਗੇ 22 ਜਹਾਜ਼ ਫ਼ਾਰਸ ਦੀ ਖਾੜੀ ਵਿੱਚ ਹਨ।

ਇਨ੍ਹਾਂ ਬਾਰੇ ਸ਼ਿਪਿੰਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨ੍ਹਾ ਨੇ ਦੱਸਿਆ ਹੈ ਕਿ ਇਨ੍ਹਾਂ ਵਿੱਚ 6 ਐਲਪੀਜੀ ਟੈਂਕਰ, ਇੱਕ ਐਲਐਨਜੀ ਟੈਂਕਰ, ਚਾਰ ਕੱਚੇ ਤੇਲ ਦੇ ਟੈਂਕਰ, ਇੱਕ ਵਿੱਚ ਕੈਮੀਕਲ ਪ੍ਰੋਡਕਟ, ਤਿੰਨ ਕੰਟੇਨਰ ਸ਼ਿਪ, ਦੋ ਬਲਕ ਕੈਰੀਅਰ ਅਤੇ ਇੱਕ ਡ੍ਰੈਜ਼ਰ ਸ਼ਾਮਲ ਹਨ।

ਉਨ੍ਹਾਂ ਕਿਹਾ, “ਇਸ ਤੋਂ ਇਲਾਵਾ, ਇੱਕ ਜਹਾਜ਼ ਖਾਲੀ ਬੈਲਾਸਟ ‘ਤੇ ਹੈ ਅਤੇ ਤਿੰਨ ਡਰਾਈ ਡਾਕ ਵਿੱਚ ਹਨ। ਖਾਲੀ ਬੈਲਾਸਟ ਦਾ ਮਤਲਬ ਹੈ ਕਿ ਉਹ ਕੋਈ ਮਾਲ (ਕਾਰਗੋ) ਨਹੀਂ ਲੈ ਜਾ ਰਹੇ ਹਨ, ਅਤੇ ਡਰਾਈ ਡਾਕ ਦਾ ਮਤਲਬ ਹੈ ਕਿ ਉਨ੍ਹਾਂ ਦੀ ਨਿਯਮਿਤ ਮੁਰੰਮਤ ਦਾ ਕੰਮ ਚੱਲ ਰਿਹਾ ਹੈ।”

ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਐਲਪੀਜੀ ਲਈ ਲੰਬੀਆਂ ਕਤਾਰਾਂ

ਤਸਵੀਰ ਸਰੋਤ, Getty Images

ਘਰੇਲੂ ਗੈਸ ਦੀ ਕਮੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਕਈ ਤਰ੍ਹਾਂ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸਦੇ ਤਹਿਤ ਸ਼ਨੀਵਾਰ ਨੂੰ ਜ਼ਰੂਰੀ ਵਸਤੂਆਂ ਐਕਟ, 1955 ਦੀ ਵਿਵਸਥਾ ਅਨੁਸਾਰ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸਰਕਾਰ ਨੇ ਇਹ ਨਵਾਂ ਹੁਕਮ ਜਾਰੀ ਕੀਤਾ ਹੈ।

ਇਸ ਦੇ ਤਹਿਤ ਜਿਨ੍ਹਾਂ ਉਪਭੋਗਤਾਵਾਂ ਕੋਲ ਗੈਸ ਪਾਈਪਲਾਈਨ ਅਤੇ ਐਲਪੀਜੀ ਦੋਵੇਂ ਹੀ ਕਨੈਕਸ਼ਨ ਹੋਣਗੇ, ਉਹ ਐਲਪੀਜੀ ਕਨੈਕਸ਼ਨ ਨਹੀਂ ਰੱਖ ਸਕਣਗੇ। ਅਜਿਹੇ ਲੋਕ ਕਿਸੇ ਵੀ ਸਰਕਾਰੀ ਕੰਪਨੀ ਦੇ ਡਿਸਟ੍ਰਿਬਿਊਟਰ ਦੇ ਜ਼ਰੀਏ ਘਰੇਲੂ ਐਲਪੀਜੀ ਸਿਲਿੰਡਰ ਰੀਫ਼ਿਲ ਨਹੀਂ ਕਰਵਾ ਸਕਣਗੇ।

ਸਰਕਾਰ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਅਜਿਹੇ ਲੋਕ ਤੁਰੰਤ ਆਪਣਾ ਐਲਪੀਜੀ ਕਨੈਕਸ਼ਨ ਸਰੈਂਡਰ ਕਰ ਦੇਣ।

ਹੁਕਮ ਵਿੱਚ ਕਿਹਾ ਗਿਆ ਹੈ ਕਿ ਜਿਸ ਉਪਭੋਗਤਾ ਕੋਲ ਪਾਈਪਡ ਗੈਸ ਦਾ ਕਨੈਕਸ਼ਨ ਹੋਵੇਗਾ, ਉਨ੍ਹਾਂ ਨੂੰ ਐਲਪੀਜੀ ਕਨੈਕਸ਼ਨ ਨਹੀਂ ਦਿੱਤਾ ਜਾਵੇਗਾ।

ਸ਼ਨੀਵਾਰ ਨੂੰ ਹੀ ਇਨ੍ਹਾਂ ਹੁਕਮਾਂ ਬਾਰੇ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਇਹ ਲਾਗੂ ਹੋ ਗਏ ਹਨ।

ਜ਼ਾਹਿਰ ਤੌਰ ‘ਤੇ ਇਹ ਹੁਕਮ ਕੇਵਲ ਉਨ੍ਹਾਂ ਇਲਾਕਿਆਂ ਦੇ ਉਪਭੋਗਤਾਵਾਂ ‘ਤੇ ਲਾਗੂ ਹੋਵੇਗਾ ਜਿੱਥੇ ਪਾਈਪਲਾਈਨ ਵਾਲੀ ਗੈਸ ਉਪਲੱਭਧ ਹੈ।

ਤੇਲ ਅਤੇ ਗੈਸ ਦੇ ਭੰਡਾਰ ਦੀ ਕੀ ਹੈ ਸਥਿਤੀ?

ਪੈਟ੍ਰੋਲੀਅਮ ਮੰਤਰਾਲੇ ਦੇ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ

ਤਸਵੀਰ ਸਰੋਤ, PIB

ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਜਾਰੀ ਜੰਗ ਦੀ ਕਾਰਨ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ‘ਤੇ ਅਸਰ ਪਿਆ ਹੈ ਅਤੇ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਭਾਰਤ ਵਿੱਚ ਇਸ ਦਾ ਵੱਧ ਅਸਰ ਘਰੇਲੂ ਗੈਸ ਦੀ ਸਪਲਾਈ ‘ਤੇ ਨਜ਼ਰ ਆ ਰਿਹਾ ਹੈ। ਕਈ ਸ਼ਹਿਰਾਂ ਵਿੱਚ ਐਲਪੀਜੀ ਲਈ ਲੰਬੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ ਅਤੇ ਖਾਸ ਕਰਕੇ ਵਪਾਰਕ ਉਪਭੋਗਤਾ ਵੱਧ ਪਰੇਸ਼ਾਨ ਨਜ਼ਰ ਆ ਰਹੇ ਹਨ।

ਸ਼ਨੀਵਾਰ ਦੀ ਬ੍ਰੀਫ਼ਿੰਗ ਵਿੱਚ ਪੈਟ੍ਰੋਲੀਅਮ ਮੰਤਰਾਲੇ ਦੇ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ, “ਸਾਡੇ ਕੋਲ ਕੱਚੇ ਤੇਲ ਦੀ ਲੋੜੀਂਦੀ ਸਪਲਾਈ ਹੈ ਅਤੇ ਸਾਡੀਆਂ ਰਿਫ਼ਾਈਨਰੀਆਂ ਵੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ।ਖੁਦਰਾ ਵਿੱਕਰੀ ਕੇਂਦਰਾਂ ‘ਤੇ ਕੋਈ ਡ੍ਰਾਈ ਆਉਟ (ਸਟਾਕ ਖ਼ਤਮ ਹੋਣ ਦੀ) ਰਿਪੋਰਟ ਨਹੀਂ ਹਨ।”

“ਸਾਡੇ ਕੋਲ ਲੋੜੀਂਦੀ ਮਾਤਰਾ ਵਿੱਚ ਡੀਜ਼ਲ ਅਤੇ ਪੈਟਰੋਲ ਉਪਲੱਬਧ ਹਨ। ਅਸੀਂ ਆਪਣੀ ਲੋੜ ਅਨੁਸਾਰ ਲੋੜੀਂਦੀ ਮਾਤਰਾ ਵਿੱਚ ਡੀਜ਼ਲ ਅਤੇ ਪੈਟਰੋਲ ਉਤਪਾਦਨ ਕਰਦੇ ਹਾਂ, ਇਸ ਲਈ ਸਾਨੂੰ ਦਰਾਮਦ ਦੀ ਕੋਈ ਲੋੜ ਨਹੀਂ ਹੈ।”

“ਜਿੱਥੋਂ ਤੱਕ ਨੇਚੁਰਲ ਗੈਸ ਦਾ ਸਵਾਲ ਹੈ ਤਾਂ ਸਰਕਾਰ ਚਾਹੁੰਦੀ ਹੈ ਕਿ ਜਿੱਥੇ-ਜਿੱਥੇ ਵਪਾਰਕ ਉਪਭੋਗਤਾ ਐਲਪੀਜੀ ਦੀ ਸਪਲਾਈ ਤੋਂ ਪ੍ਰਭਾਵਿਤ ਹੋਏ ਹਨ, ਉੱਥੇ ਉਨ੍ਹਾਂ ਨੂੰ ਪੀਐਨਜੀ ਕਨੈਕਸ਼ਨ ਵੱਲ ਮੋੜਿਆ ਜਾਵੇ। ਇਸੇ ਦਿਸ਼ਾ ਵਿੱਚ ਗੈਸ ਅਥਾਰਟੀ ਆਫ਼ ਇੰਡੀਆ ਲਿਮਿਟੇਡ ਨੇ ਕਈ ਓਪਰੇਟਰਾਂ ਨਾਲ ਮੀਟਿੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਿਨ੍ਹਾਂ ਵਪਾਰਕ ਉਪਭੋਗਤਿਆਂ ਨੂੰ ਪੀਐਨਜੀ ਕਨੈਕਸ਼ਨ ਦੇ ਸਕਦੇ ਹਨ, ਉਨ੍ਹਾਂ ਨੂੰ ਤੁਰੰਤ ਕਨੈਕਸ਼ਨ ਦੇਣ।”

“ਐਲਪੀਜੀ ਸਪਲਾਈ ਬਾਰੇ ਮੇਰਾ ਕਹਿਣਾ ਹੈ ਕਿ ਜਿਓ-ਪੋਲਿਟਿਕਲ ਹਾਲਾਤਾਂ ਨੂੰ ਦੇਖਦੇ ਹੋਏ ਇਹ ਅਜੇ ਵੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਲੋਕ ਘਬਰਾ ਕੇ ਗੈਸ ਬੁੱਕ ਕਰ ਰਹੇ ਹਨ। ਕੱਲ੍ਹ 75 ਲੱਖ ਬੁਕਿੰਗ ਹੋਈ ਸੀ ਜੋ ਅੱਜ 88 ਲੱਖ ਹੋ ਗਈ, ਇਹ ਕੁਝ ਹੋਰ ਨਹੀਂ ਸਗੋਂ ਪੈਨਿਕ ਬੁਕਿੰਗ ਹੈ।”

“ਮੇਰੀ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਕਿ ਪੈਨਿਕ ਬੁਕਿੰਗ ਤੋਂ ਬਚੋ ਅਤੇ ਜਦੋਂ ਲੋੜ ਹੋਵੇ ਓਦੋਂ ਹੀ ਬੁਕਿੰਗ ਕਰੋ। ਇਹ ਸਭ ਲਈ ਚੰਗਾ ਹੈ।”

ਕੀ ਖਾਦਾਂ ‘ਤੇ ਵੀ ਪੈ ਸਕਦਾ ਹੈ ਅਸਰ?

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ

ਤਸਵੀਰ ਸਰੋਤ, www.mea.gov.in

ਮੱਧ ਪੂਰਬ ਸੰਘਰਸ਼ ਕਾਰਨ ਭਾਰਤ ਵਿੱਚ ਇੱਕ ਹੋਰ ਚਿੰਤਾ ਖਾਦਾਂ ਦੀ ਸਪਲਾਈ ਨੂੰ ਲੈ ਕੇ ਵੀ ਜਤਾਈ ਜਾ ਰਹੀ ਹੈ, ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਭਾਰਤ ਕੋਲ ਮੌਜੂਦਾ ਸਟਾਕ ਜ਼ਰੂਰਤ ਤੋਂ ਕਾਫ਼ੀ ਵੱਧ ਹੈ।

ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਖ਼ਾਸ ਕਰਕੇ ਇਸ ਸਾਲ ਦੀ ਖਰੀਫ਼ ਦੀ ਫ਼ਸਲ ਦੇ ਲਿਹਾਜ਼ ਨਾਲ ਇਸ ਸਮੇਂ ਭਾਰਤ ਕੋਲ ਖਾਦਾਂ ਦਾ ਲੋੜ ਤੋਂ ਵੀ ਵੱਧ ਸਟਾਕ ਮੌਜੂਦ ਹੈ।

ਉਨ੍ਹਾਂ ਕਿਹਾ, “ਸਾਡੇ ਯੂਰੀਆ ਦਾ ਸਟਾਕ, ਪਿਛਲੇ ਸਾਲ ਇਸੇ ਸਮੇਂ ਦੇ ਸਟਾਕ ਤੋਂ ਕਾਫ਼ੀ ਵੱਧ ਹੈ। ਸਾਡਾ ਡੀਏਪੀ ਸਟਾਕ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਹੈ। ਇਸੇ ਤਰ੍ਹਾਂ, ਸਾਡਾ ਐਨਪੀਕੇ ਸਟਾਕ ਵੀ ਪਿਛਲੇ ਸਾਲ ਦੀਦੇ ਮੁਕਾਬਲੇ ਕਾਫ਼ੀ ਵੱਧ ਹੈ।”

“ਜਿੱਥੋਂ ਤੱਕ ਯੂਰੀਆ ਦੇ ਸਾਡੇ ਘਰੇਲੂ ਉਤਪਾਦਨ ਦੀ ਗੱਲ ਹੈ, ਤਾਂ ਸਾਡਾ ਮੌਜੂਦਾ ਉਤਪਾਦਨ ਸਾਡੀ ਆਮ ਖਪਤ ਤੋਂ ਵੱਧ ਹੋਵੇਗਾ, ਖ਼ਾਸ ਕਰਕੇ ਇਸ ਲਈ ਕਿਉਂਕਿ ਰਬੀ ਦਾ ਮੌਸਮ ਹੁਣ ਖ਼ਤਮ ਹੋਣ ਵਾਲਾ ਹੈ। ਇਸ ਤੋਂ ਇਲਾਵਾ, ਅਸੀਂ ਆਪਣੇ ਕੁਝ ਪਲਾਂਟਾਂ ਦੀ ਤੈਅ ਸਾਲਾਨਾ ਮੈਂਟੇਨੈਂਸ ਪਹਿਲਾਂ ਹੀ ਪੂਰੀ ਕਰ ਲਈ ਹੈ, ਜਿਸਦਾ ਮਤਲਬ ਹੈ ਕਿ ਅਸੀਂ ਉਪਲੱਬਧ ਗੈਸ ਦਾ ਇਸਤੇਮਾਲ ਕਰਕੇ ਉਤਪਾਦਨ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾ ਸਕਦੇ ਹਾਂ।”

ਉਨ੍ਹਾਂ ਦੱਸਿਆ, “ਖਾਦ ਵਿਭਾਗ ਨੇ ਮੌਜੂਦਾ ਹਾਲਾਤਾਂ ਦਾ ਅੰਦਾਜ਼ਾ ਲਗਾਉਂਦੇ ਹੋਏ ਕਾਫ਼ੀ ਪਹਿਲਾਂ ਹੀ ਗਲੋਬਲ ਟੈਂਡਰ ਵੀ ਜਾਰੀ ਕਰ ਦਿੱਤੇ ਸਨ। ਖਾਦ ਵਿਭਾਗ ਨੇ ਮੁਕਾਬਲੇ ਦੇ ਆਧਾਰ ‘ਤੇ ‘ਸਪਾਟ ਗੈਸ’ ਖਰੀਦਣ ਦਾ ਵੀ ਫ਼ੈਸਲਾ ਕੀਤਾ ਹੈ ਅਤੇ ਪਹਿਲੇ ਗੇੜ ਦੀ ਖਰੀਦ ਮੰਗਲਵਾਰ ਤੱਕ ਪੂਰੀ ਹੋ ਜਾਵੇਗੀ।”

“ਸਾਡੇ ਸਾਰੇ ਅੰਤਰਰਾਸ਼ਟਰੀ ਭਾਈਵਾਲ ਬਿਨ੍ਹਾਂ ਕਿਸੇ ਰੁਕਾਵਟ ਦੇ ਸਪਲਾਈ ਕਰ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ 15 ਮਈ ਤੱਕ, ਜਦੋਂ ਖਰੀਫ਼ ਮੌਸਮ ਵਿੱਚ ਖਾਦਾਂ ਦੀ ਮੰਗ ਆਪਣੇ ਚਰਮ ‘ਤੇ ਹੋਵੇਗੀ, ਉਦੋਂ ਤੱਕ ਸਾਡੇ ਕੋਲ ਖਾਦਾਂ ਦਾ ਲੋੜੀਂਦਾ ਅਤੇ ਸੁਰੱਖਿਅਤ ਸਟਾਕ ਮੌਜੂਦ ਰਹੇਗਾ।”

ਰਣਧੀਰ ਜੈਸਵਾਲ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਟਿੱਪਣੀ ਕਰਨ ਵਾਲਿਆਂ ਨੂੰ ਤੱਥਾਂ ਦੇ ਆਧਾਰ ‘ਤੇ ਕੁਝ ਬੋਲਣਾ ਚਾਹੀਦਾ ਹੈ ਅਤੇ ਬਿਨ੍ਹਾਂ ਪੂਰੀ ਜਾਣਕਾਰੀ ਦੇ ਅਟਕਲਾਂ ਲਗਾ ਕੇ ਲੋਕਾਂ ਵਿੱਚ ਘਬਰਾਹਟ ਫੈਲਾਉਣ ਤੋਂ ਬਚਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI