Source :- BBC PUNJABI
ਤਸਵੀਰ ਸਰੋਤ, sardarbalkaursidhu/buntybains/instagram
5 ਘੰਟੇ ਪਹਿਲਾਂ
ਪੜ੍ਹਨ ਦਾ ਸਮਾਂ: 6 ਮਿੰਟ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਮਸ਼ਹੂਰ ਗੀਤਕਾਰ-ਨਿਰਮਾਤਾ ਬੰਟੀ ਬੈਂਸ ਦਰਮਿਆਨ ਸੋਸ਼ਲ ਮੀਡੀਆ ਉੱਤੇ ਇੱਕ ਵਿੱਤੀ ਵਿਵਾਦ ਨੂੰ ਲੈ ਕੇ ਸ਼ਬਦੀ ਜੰਗ ਹੋਈ ਹੈ।
ਸਿੱਧ ਮੂਸੇਵਾਲਾ ਦੇ ਪਰਿਵਾਰ ਵੱਲੋਂ ਇੱਕ ਨਿੱਜੀ ਫ਼ਰਮ ਅਤੇ ਉਸ ਨਾਲ ਜੁੜੇ ਲੋਕਾਂ ਵੱਲੋਂ ਕਥਿਤ ਤੌਰ ‘ਤੇ ਕਰੋੜਾਂ ਰੁਪਏ ਦਾ ਬਕਾਇਆ ਜਾਰੀ ਨਾ ਕਰਨ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਸਿੱਧੂ ਪਰਿਵਾਰ ਵੱਲੋਂ ਇਸ ਵਿਵਾਦ ਵਿੱਚ ਬੰਟੀ ਬੈਂਸ ਦਾ ਨਾਮ ਵੀ ਲਿਆ ਗਿਆ ਸੀ। ਮਾਨਸਾ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਉਤੇ ਇੱਕ ਕੇਸ ਦਰਜ ਕੀਤਾ ਹੈ ਪਰ ਇਸ ਕੇਸ ਵਿੱਚ ਬੰਟੀ ਬੈਂਸ ਦਾ ਨਾਮ ਸ਼ਾਮਲ ਨਹੀਂ ਹੈ।
ਬੰਟੀ ਬੈਂਸ ਦਾ ਕਹਿਣਾ ਹੈ ਕਿ ਵਿੱਤੀ ਲੈਣ-ਦੇਣ ਦਾ ਮਾਮਲਾ ਗੁਰਪ੍ਰੀਤ ਸਿੰਘ ਉਰਫ਼ ਭਸੀਨ, ਸ਼ਬੀਰ ਮੋਇਨ ਅਤੇ ਵੰਨ ਡਿਜੀਟਲ ਫ਼ਰਮ ਦਰਮਿਆਨ ਹੈ। ਉਸ ਦਾ ਪੈਸਿਆਂ ਦੇ ਲੈਣ-ਦੇਣ ਨਾਲ ਕੋਈ ਸਬੰਧ ਨਹੀਂ ਹੈ।
ਉੱਧਰ ਪੁਲਿਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਇਲਜ਼ਾਮਾਂ ਤਹਿਤ ਨਿੱਜੀ ਫ਼ਰਮ ਅਤੇ ਉਸ ਨਾਲ ਜੁੜੇ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪਰਿਵਾਰ ਨੇ ਕਥਿਤ ਮੁਲਜ਼ਮਾਂ ਖ਼ਿਲਾਫ਼ ਲਗਭਗ ਛੇ ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਸੀ।
ਪਰਿਵਾਰ ਦਾ ਇਲਜ਼ਾਮ ਸੀ ਕਿ ਫ਼ਰਮ ਅਤੇ ਇਸ ਨਾਲ ਜੁੜੇ ਲੋਕਾਂ ਵੱਲ ਕਰੋੜਾਂ ਰੁਪਏ ਦੀ ਰਾਸ਼ੀ ਬਕਾਇਆ ਹੈ ਅਤੇ ਕਥਿਤ ਤੌਰ ਉੱਤੇ ਇਹ ਰਕਮ ਉਨ੍ਹਾਂ ਨੂੰ ਜਾਰੀ ਨਹੀਂ ਕੀਤੀ ਜਾ ਰਹੀ।
ਇਹ ਕੇਸ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਬੰਧਤ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਸ ਵਿਵਾਦ ਵਿੱਚ ਗੀਤਕਾਰ ਬੰਟੀ ਬੈਂਸ ਦਾ ਨਾਮ ਵੀ ਸਾਹਮਣੇ ਆਇਆ ਸੀ। ਪਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਪੋਸਟਾਂ ਪਾ ਕੇ ਖੁਦ ਨੂੰ ਬੇਕਸੂਰ ਦੱਸਿਆ ਹੈ।
ਉਨ੍ਹਾਂ ਕਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਖੜ੍ਹੇ ਹਨ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ।
ਸੋਸ਼ਲ ਮੀਡੀਆ ‘ਤੇ ਬੰਟੀ ਬੈਂਸ ਅਤੇ ਪਰਿਵਾਰ ਦੀ ਸ਼ਬਦੀ ਜੰਗ
ਤਸਵੀਰ ਸਰੋਤ, buntybains/charan_kaur5911/instagram
ਇਸ ਦੌਰਾਨ ਬੰਟੀ ਬੈਂਸ ਅਤੇ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਪੋਸਟਾਂ ਪਾ ਕੇ ਬਿਆਨਬਾਜ਼ੀ ਵੀ ਕੀਤੀ ਗਈ ਹੈ।
ਬੰਟੀ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਪੋਸਟਾਂ ਪਾ ਕੇ ਆਪਣਾ ਪੱਖ ਰੱਖਿਆ ਸੀ।
ਇਨ੍ਹਾਂ ਪੋਸਟਾਂ ਰਾਹੀਂ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਮਾਤਾ ਦੀ ਇੱਕ ਕਥਿਤ ਆਡੀਓ ਵੀ ਸਾਂਝੀ ਕੀਤੀ ਸੀ।
ਇਸ ਆਡੀਓ ਦੇ ਜਾਰੀ ਹੋਣ ਮਗਰੋਂ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਪੋਸਟ ਜਾਰੀ ਕਰਕੇ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਆਖਿਆ ਸੀ ਕਿ ਇਸ ਆਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਪਰਿਵਾਰ ਨੇ ਇਹ ਇਲਜ਼ਾਮ ਵੀ ਲਾਇਆ ਸੀ ਕਿ ਸਾਲ 2022 ਵਿੱਚ ਸਿੱਧੂ ਦੀ ਮੌਤ ਤੋਂ 4 ਦਿਨ ਬਾਅਦ ਬੰਟੀ ਬੈਂਸ ਉਨ੍ਹਾਂ ਦੇ ਘਰ ਆਇਆ ਸੀ ਅਤੇ ਪਿਛਲੀ ਤਾਰੀਖ਼ ਵਿੱਚ ਕੰਟਰੈਕਟ ਉੱਤੇ ਦਸਤਖ਼ਤ ਕਰਵਾਏ ਗਏ ਸਨ।
ਪਰਿਵਾਰ ਨੇ ਇਹ ਵੀ ਇਲਜ਼ਾਮ ਲਾਏ ਕਿ ਗੁਰਪ੍ਰੀਤ ਸਿੰਘ ਉਰਫ਼ ਭਸੀਨ ਅਤੇ ਸ਼ਬੀਰ ਮੋਮਿਨ ਨਾਲ ਬੰਟੀ ਬੈਂਸ ਨੇ ਸੰਪਰਕ ਕਰਵਾਇਆ ਸੀ।
ਉਧਰ ਬੰਟੀ ਬੈਂਸ ਮੰਨਦੇ ਹਨ ਕਿ ਸਿੱਧੂ ਦੇ ਪਰਿਵਾਰ ਦਾ ਗੁਰਪ੍ਰੀਤ ਸਿੰਘ ਉਰਫ਼ ਭਸੀਨ ਅਤੇ ਸ਼ਬੀਰ ਮੋਇਨ ਨਾਲ ਉਨ੍ਹਾਂ ਰਾਹੀਂ ਸੰਪਰਕ ਹੋਇਆ ਸੀ ਪਰ ਉਸਦਾ ਪੈਸਿਆਂ ਦੇ ਲੈਣ-ਦੇਣ ਨਾਲ ਕੋਈ ਸਬੰਧ ਨਹੀਂ ਹੈ।
ਸੋਸ਼ਲ ਮੀਡੀਆ ਉੱਤੇ ਸ਼ਬਦੀ ਜੰਗ ਬਾਰੇ ਬੰਟੀ ਬੈਂਸ ਨੇ ਕਿਹਾ, “ਮੈਂ ਕੋਈ ਵੀ ਸੋਸ਼ਲ ਮੀਡੀਆ ਪੋਸਟ ਨਹੀਂ ਪਾਉਣਾ ਚਾਹੁੰਦਾ। ਪਰ ਜੇਕਰ ਸਿੱਧੂ ਦਾ ਪਰਿਵਾਰ ਮੇਰੇ ਉੱਤੇ ਲੱਗਾ ਦਾਗ ਨਹੀਂ ਧੋਂਦੇ ਤਾਂ ਮੈਂਨੂੰ ਖੁਦ ਧੋਣਾ ਪਵੇਗਾ।”
ਐੱਸਐੱਸਪੀ ਦਫ਼ਤਰ ਬਾਹਰ ਵਿਰੋਧ ਪ੍ਰਦਰਸ਼ਨ
ਤਸਵੀਰ ਸਰੋਤ, sardarbalkaursidhu/instagram
ਇਸ ਮਾਮਲੇ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਬੀਤੇ ਦਿਨੀਂ ਮਾਨਸਾ ਵਿੱਚ ਐੱਸਐੱਸਪੀ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ।
ਪਰਿਵਾਰ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੀ ਸ਼ਿਕਾਇਤ ਉੱਤੇ ਕਾਰਵਾਈ ਨਹੀਂ ਹੋ ਰਹੀ ਅਤੇ ਉਨ੍ਹਾਂ ਨੂੰ ਨਿਆਂ ਨਹੀਂ ਮਿਲ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਧਰਨੇ ਦਾ ਰਾਹ ਅਖਤਿਆਰ ਕਰਨਾ ਪਿਆ ਸੀ।
ਪਰਿਵਾਰ ਵੱਲੋਂ ਇਹ ਧਰਨਾ 11 ਫ਼ਰਵਰੀ ਨੂੰ ਲਗਾਇਆ ਗਿਆ ਸੀ।
ਪੁਲਿਸ ਨੇ ਕੀ ਕਾਰਵਾਈ ਕੀਤੀ
ਪੁਲਿਸ ਨੇ ਚਰਨ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਗੁਰਪ੍ਰੀਤ ਸਿੰਘ ਉਰਫ਼ ਭਸੀਨ, ਸ਼ਬੀਰ ਮੋਇਨ ਅਤੇ ਵਨ ਡਿਜੀਟਲ ਐਂਟਰਟੇਨਮੈਂਟ ਨਾਮ ਦੀ ਫ਼ਰਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ ਉਰਫ਼ ਭਸੀਨ ਅਤੇ ਸ਼ਬੀਰ ਮੋਇਨ ਇਸੇ ਫ਼ਰਮ ਨਾਲ ਜੁੜੇ ਹੋਏ ਹਨ।
ਮਾਨਸਾ ਪੁਲਿਸ ਮੁਤਾਬਕ ਬੀਐੱਨਐੱਸ ਐਕਟ ਦੀ ਧਾਰਾ 316 (2), 336(2), 336(3), 338, 340(2), 344, 66, 318 (4) ਅਤੇ 61(2) ਤਹਿਤ ਸਦਰ ਮਾਨਸਾ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਬੀਬੀਸੀ ਪੰਜਾਬੀ ਵੱਲੋਂ ਮਾਨਸਾ ਜ਼ਿਲ੍ਹੇ ਦੇ ਐੱਸਐੱਸਪੀ ਬੀਐੱਸ ਮੀਨਾ ਨਾਲ ਵੀ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਦੌਰਾਨ ਸਾਰੀਆਂ ਧਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਤੱਥਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਤਸਵੀਰ ਸਰੋਤ, buntybains/instagram
‘ਮੈਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਹਨ’
ਬੀਬੀਸੀ ਸਹਿਯੋਗੀ ਨਵਜੋਤ ਕੌਰ ਨਾਲ ਗੱਲਬਾਤ ਕਰਦਿਆਂ ਗੀਤਕਾਰ ਬੰਟੀ ਬੈਂਸ ਨੇ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਆਪਣਾ ਪੱਖ ਰੱਖ ਚੁੱਕੇ ਹਨ।
“ਉਨ੍ਹਾਂ (ਸਿੱਧੂ ਮੂਸੇਵਾਲਾ ਦਾ ਪਰਿਵਾਰ) ਦਾ ਪੈਸਿਆਂ ਦਾ ਲੈਣ-ਦੇਣ ਸ਼ਬੀਰ ਮੋਇਨ ਅਤੇ ਉਨ੍ਹਾਂ ਦੀ ਕੰਪਨੀ ਵੰਨ ਡਿਜੀਟਲ ਨਾਲ ਹੈ। ਇਸ ਫ਼ਰਮ ਨਾਲ ਹੀ ਕੰਟਰੈਕਟ ਹੈ। ਹੁਣ ਤੱਕ ਜਿਹੜੇ 70-80 ਕਰੋੜ ਰੁਪਏ ਆਏ ਹਨ, ਉਹ ਉਥੋਂ ਹੀ ਆਏ ਹਨ ਅਤੇ ਉੱਥੋਂ ਹੀ ਬਕਾਇਆ ਹਨ।”
“ਮੈਂ ਇਸ ਮਸਲੇ ਉੱਤੇ ਸਿੱਧੂ ਪਰਿਵਾਰ ਨਾਲ ਹਾਂ। ਉਹ ਇਸ ਮਸਲੇ ਉੱਤੇ ਜਿਸ ਤਰ੍ਹਾਂ ਦੀਆਂ ਵੀ ਕੋਸ਼ਿਸ਼ਾਂ ਕਰਨਾ ਚਾਹੁੰਦੇ ਹਨ, ਮੈਂ ਉਨ੍ਹਾਂ ਨਾਲ ਹਾਂ।”
“ਇਹ ਪੈਸਿਆਂ ਦਾ ਲੈਣ-ਦੇਣ ਮੇਰੇ ਨਾਲ ਨਹੀਂ ਹੈ। ਉਹ ਮੇਰੇ ਰਾਹੀਂ ਸ਼ਬੀਰ ਮੋਇਨ ਅਤੇ ਵੰਨ ਡਿਜੀਟਲ ਨੂੰ ਮਿਲੇ ਸੀ। ਮੈਂ ਪਰਿਵਾਰ ਦਾ ਹਰ ਤਰ੍ਹਾਂ ਨਾਲ ਸਾਥ ਦੇਣ ਲਈ ਤਿਆਰ ਹਾਂ। ਮੈਂ ਉਨ੍ਹਾਂ ਨੂੰ ਵਾਰ-ਵਾਰ ਕਾਲ ਵੀ ਕਰ ਰਿਹਾ ਹਾਂ। ਪਰ ਉਹ ਜਵਾਬ ਨਹੀਂ ਦੇ ਰਹੇ।”
ਬੰਟੀ ਬੈਂਸ ਨੇ ਕਿਹਾ, “ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਲੋਕਾਂ ਉੱਤੇ ਬਹੁਤ ਪ੍ਰਭਾਵ ਹੈ। ਉਨ੍ਹਾਂ ਵੱਲੋਂ ਮੇਰਾ ਨਾਮ ਲੈਣ ਕਰਕੇ ਮੇਰੇ ਕਰੀਅਰ ਅਤੇ ਮੇਰੇ ਪਰਿਵਾਰ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਮੈਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



